More Gurudwara Wiki  Posts
ਇਤਿਹਾਸ – 21 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਛੱਡਿਆ


21 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਨੂੰ ਛੱਡ ਕੇ ਚੱਲੇ ਗਏ ਆਉ ਸੰਖੇਪ ਝਾਤ ਮਾਰੀਏ ਇਤਿਹਾਸ ਜੀ ।

ਇੱਕ ਸਮਾਂ ਇਹੋ ਜਿਹਾ ਆਇਆ ਜਿਸ ਵਕਤ ਮੁਗਲਾਂ ਤੇ ਪਹਾੜੀ ਰਾਜਿਆਂ ਨੇ ਮਿਲ ਕੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ।ਦੁਸ਼ਮਨਾਂ ਦਾ ਮਕਸਦ ਸੀ ਗੁਰੂ ਜੀ ਤੇ ਸਿੱਖ ਕੌਮ ਨੂੰ ਖਤਮ ਕਰਨਾ ਤੇ ਉਹਨਾਂ ਦੇ ਧਾਰਮਿਕ ਸਥਾਨਾਂ ਤੇ ਕਬਜਾ ਕਰਨਾ।
8 ਮਹੀਨਿਆਂ ਤੋਂ ਵੀ ਜਿਆਦਾ ਸਮਾਂ ਮੁਗਲ ਅਪਣੀ 10 ਲੱਖ ਫੌਜ ਨਾਲ ਅਨੰਦਪੁਰ ਸਾਹਿਬ ਨੂੰ ਘੇਰਾ ਪਾਏ ਖੜੇ ਸੀ।ਅਨੰਦਪੁਰ ਸਾਹਿਬ ਦੇ ਕਿਲ੍ਹੇ ਵਿੱਚ ਕੇਵਲ 10,000 ਸਿੱਖ ਸੀ।ਮੁਗਲਾਂ ਨੇ ਬਾਹਰ ਜਾਣ ਦਾ ਕੋਈ ਰਸਤਾ ਨਹੀਂ ਛੱਡਿਆ।ਇਸ ਸਮੇਂ ਦੌਰਾਨ ਮੁਗਲਾਂ ਨੇ ਚਾਲ ਖੇਡੀ ਤੇ ਗੁਰੂ ਜੀ ਨੂੰ ਇੱਕ ਸੰਦੇਸ਼ ਭੇਜਿਆ ਤੇ ਕਿਹਾ ਕਿ ਗੁਰੂ ਜੀ ਤੁਸੀ ਆਪਣੇ ਪਰਿਵਾਰ ਨਾਲ ਕਿਲ੍ਹਾ ਛੱਡਕੇ ਜਾ ਸਕਦੇ ਹੋ।ਅਸੀਂ ਤੁਹਾਡੇ ਪਰਿਵਾਰ ਤੇ ਸਾਥੀਆਂ ਨੂੰ ਕੁੱਝ ਨਹੀਂ ਕਹਾਂਗੇ। ਮੁਗਲਾਂ ਵੱਲੋਂ ਕੁਰਾਨ ਤੇ ਹੱਥ ਰੱਖ ਕੇ ਕਸਮਾਂ ਵੀ ਖਾਦੀਆਂ ਗਈਆਂ। ਹਿੰਦੂ ਰਾਜਿਆਂ ਨੇ ਆਟੇ ਦੀ ਗਊ ਬਣਾ ਕੇ ਸੌਂਹ ਖਾਧੀ ਗੁਰੂ ਸਾਹਿਬ ਨੂੰ ਪਤਾ ਸੀ ਕਿ ਇਹ ਕਸਮਾਂ ਵਾਧੇ ਸਾਰੇ ਝੂਠੇ ਹਨ।
ਪਰ ਸਿੱਖਾਂ ਤੇ ਮਾਤਾ ਗੁਜਰ ਕੌਰ ਜੀ ਦੇ ਕਹਿਣ ਤੇ ਗੁਰੂ ਜੀ ਨੇ ਅਨੰਦਪੁਰ ਸਾਹਿਬ ਛੱਡਣ ਦੀ ਤਿਆਰੀ ਕਰ ਲਈ ।
ਮਾਤਾ ਸੁੰਦਰ ਕੌਰ ਜੀ ਨੇ ਮਾਤਾ ਗੁਜਰੀ ਕੋਲੋਂ ਗੁਰੂ ਜੀ ਦੇ ਬਚਪਨ ਦੀਆਂ ਕਹਾਣੀਆਂ ਸੁਣੀਆਂ ਸਨ। ਸਤਲੁਜ ਦੇ ਪਾਣੀਆਂ ਦੀ ਕਲ-ਕਲ ਸੁਣੀ ਸੀ। ਗੁਰੂ ਜੀ ਦੇ ਸਾਥ ਵਿਚ ਹਰਿਆਲੀਆਂ ਥਾਂਵਾਂ ‘ਤੇ ਘੁੰਮਦਿਆਂ ਅਨੰਦ ਮਾਣਿਆ ਸੀ। ਇਥੇ ਹੀ ਮਾਤਾ ਸੁੰਦਰੀ ਨੇ ਸਿੱਖਾਂ ਨੂੰ ਹਥਿਆਰਾਂ ਦਾ ਅਭਿਆਸ ਕਰਦਿਆਂ ਤੇ ਸਾਹਿਬਜ਼ਾਦਿਆਂ ਨੂੰ ਹੱਸਦਿਆਂ-ਖੇਡਦਿਆਂ ਤੇ ਕਿਲਕਾਰੀਆਂ ਮਾਰਦਿਆਂ ਦੇਖਿਆ। ਮਾਤਾ ਜੀ ਨੇ ਅਜੀਤ ਸਿੰਘ ਨੂੰ ਜਵਾਨੀ ਦੀਆਂ ਪੌੜੀਆਂ ਚੜ੍ਹਦਿਆਂ ਦੇਖਿਆ। ਮਾਤਾਵਾਂ ਨੇ ਸਾਹਿਬਜ਼ਾਦਿਆਂ ਨੂੰ ਯੁੱਧ ਕਲਾ ਵਿਚ ਨਿਪੁੰਨ ਹੁੰਦੇ ਵੇਖਿਆ। ਗੱਲ ਕੀ, ਜ਼ਿੰਦਗੀ ਦਾ ਪਲ-ਪਲ ਯਾਦਾਂ ਦੇ ਹੀਰਿਆਂ ਨਾਲ ਜੜਿਆ ਹੋਇਆ ਸੀ। ਅੱਜ ਇਸ ਥਾਂ ਨਾਲੋਂ ਵਿਛੜਦਿਆਂ ਹਿਰਦਾ ਕੰਬ ਰਿਹਾ ਸੀ, ਅੱਖਾਂ ਭਰ-ਭਰ ਆਉਂਦੀਆਂ ਸਨ। ਮਨ ਵਿਚ ਵਾਰ-ਵਾਰ ਆਉਂਦਾ ਕਿ ਕਦੀ ਫਿਰ ਵੀ ਇਸ ਥਾਂ ਆਵਾਂਗੇ? ਅੱਗੇ ਜਾ ਕੇ ਕੀ ਹੋਣਾ ਹੈ? ਅਗਲਾ ਟਿਕਾਣਾ ਕਿਥੇ ਹੋਵੇਗਾ? ਕੋਈ ਨਹੀਂ ਸੀ ਜਾਣਦਾ!
ਗੁਰੂ ਜੀ ਨੇ ਡੇਢ ਪਹਿਰ ਰਾਤ ਪਈ ਤੋਂ ਅੱਧਾ ਵਹੀਰ ਤੋਰ ਦਿੱਤਾ। ਗੁਰੂ ਜੀ ਦੇ ਅਨੰਦਪੁਰ ਛੱਡਣ ਦੀ ਮਿਤੀ 20 ਅਤੇ 21 ਦਸੰਬਰ 1704 ਈਸਵੀ ਦੀ ਵਿਚਕਾਰਲੀ ਰਾਤ ਮੰਨੀ ਜਾਂਦੀ ਹੈ। ਇਸ ਅਨੁਸਾਰ ਚਮਕੌਰ ਸਾਹਿਬ ਦਾ ਯੁੱਧ 23 ਦਸੰਬਰ 1704 ਈਸਵੀ ਅਤੇ ਛੋਟੇ ਸਾਹਿਬਜ਼ਾਦੀਆਂ ਦੀ ਸ਼ਹੀਦੀ 27 ਦਸੰਬਰ 1704 ਨੂੰ ਮੰਨਿਆ ਗਿਆ ਹੈ। ‘ਗੁਰਬਿਲਾਸ ਪਾਤਸ਼ਾਹੀ 10’ ਵਿਚ ਭਾਈ ਸੁੱਖਾ ਸਿੰਘ ਲਿਖਦੇ ਹਨ:
ਡੇਢ ਕੁ ਜਾਮ ਜੁ ਰਾਤ ਗਈ
ਤਬ ਤੋ ਕਰੁਨਾਨਿਧ ਕੂਚ ਕਰਾਯੋ।
ਆਦਿ ਵਹੀਰ ਸੁ ਤੋਰ ਦਯੋ
ਪੁਨ ਕੈ ਅਰੁ ਅੱਧ ਕੁ ਆਪ ਸਿਧਾਯੋ।
ਗੁਰੂ ਜੀ ਨੇ ਅਨੰਦਪੁਰ ਸਾਹਿਬ ਵਿਚ ਵੱਸਣ ਵਾਲੇ ਗ੍ਰਹਿਸਥੀ ਪਰਿਵਾਰਾਂ ਨੂੰ ਅਨੰਦਪੁਰ ਸਾਹਿਬ ਤੋਂ ਚਲੇ ਜਾਣ ਲਈ ਕਿਹਾ। ਉਨ੍ਹਾਂ ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ ਨੂੰ ਵਹੀਰ ਨਾਲ ਤੋਰ ਦਿੱਤਾ। ਮਾਤਾ ਗੁਜਰ ਕੌਰ ਉਨ੍ਹਾਂ ਦੇ ਨਾਲ ਜਾਣ ਲਈ ਨਹੀਂ ਮੰਨੇ। ‘ਬੰਸਾਵਲੀਨਾਮਾ’ ਵਿਚ ਭਾਈ ਕੇਸਰ ਸਿੰਘ ਛਿੱਬਰ ਲਿਖਦੇ ਹਨ:
ਤਬ ਸਾਹਿਬ ਆਪਣੀ ਮਾਤਾ ਗੁਜਰੀ ਨੂੰ ਐਸੇ ਕਹਿਆ,
“ਮਾਤਾ ਜੀ! ਤੁਸੀਂ ਨਿੱਕੇ ਨੀਂਗਰ ਨਾਲ ਲੈ ਚਾਹੀਐ ਗਇਆ।
ਵੱਡੇ ਦੋਨੋਂ ਭਾਈ ਰਹਿਨ ਅਸਾਡੇ ਨਾਲ।
ਤੁਸੀਂ ਪਹਿਲੇ ਟੂਰੋ ਪਾਓ ਚਾਲ। (581)
ਮਾਤਾ ਨ ਮੰਨੀ ਸਾਹਿਬ ਦੀ ਏਹੁ ਗੱਲ।
ਕਹਿਆ, ਚਾਰੇ ਨੀਂਗਰ ਨਾਲ ਮੇਰੇ ਘੱਲ।
ਸਾਹਿਬ ਬਹੁਤ ਮਾਤਾ ਜੀ ਨੂੰ ਆਖ ਰਹੇ।
ਮਾਤਾ ਜੀ ਨਾ ਲੱਗੇ ਸਾਹਿਬ ਦੇ ਕਹੇ। (542)
ਫੇਰ ਸਾਹਿਬ ਕਹਿਆ ਚਉਪਾ ਸਿੰਘ,
ਸਾਹਿਬ ਸਿੰਘ ਸਾਲੇ ਜੋਗੁ।
(ਨੋਟ: ਸਾਹਿਬ ਸਿੰਘ ਮਾਤਾ ਸਾਹਿਬ ਦੇਵਾਂ ਦਾ ਭਰਾ ਸੀ)
ਤੁਸੀਂ ਲੈ ਟੁਰੋ ਜਨਾਨੇ ਨਾਲ ਲੋਗ।
ਸਭ ਤਿਆਰ ਕਰ ਦਿੱਤੇ ਟੋਰ।
ਮਾਤਾ ਸੁੰਦਰੀ, ਮਾਤਾ ਸਾਹਿਬ ਦੇਈ, ਨਾਲੇ ਕੁਝ ਲੋਕ ਹਰੋ। (543)
ਨਾਲਿ ਦਿੱਤੇ ਊਠ ਸੰਦੂਕਾਂ ਵਾਲੇ।
ਜਿਨ੍ਹਾਂ ਦੇ ਵਿਚਿ ਛਿੱਤਰ ਪੱਥਰ ਆਹੇ ਡਾਲੇ।
ਬਚਨ ਕੀਤਾ, ਤੁਸਾਂ ਟੁਰ ਜਾਣਾ ਜਨਾਨੇ ਲੋਕ ਲੈ ਕੇ ਅੱਗੇ।
ਅਤੇ ਊਠ ਅਉਸਨ ਹਉਲੀ ਹਉਲੀ ਪਿਛੇ ਲੱਗੇ। (544)
ਚਉਪਾ ਸਿੰਘ ਨੂੰ ਸਭ ਹਕੀਕਤ ਛੱਡੀ ਸੀ ਸਮਝਾਇ।

/> ਤੁਸਾਂ ਪਿਛੇ ਨਹੀਂ ਰਹਿਣਾ ਅਟਕਾਇ, ਜੇ ਕੋਈ ਫਉਜ ਪਈ ਆਇ।
ਤੁਸਾਂ ਛੱਡ ਕੇ ਊਠ, ਅੱਗੇ ਜਾਣਾ ਧਾਇ। (545)

ਜਦੋਂ ਕੋਸ ਦੁਇ ਤ੍ਰੈ ਟੁਰਿ ਕੇ ਗਏ।
ਤਦਿ ਰਾਜੇ ਲੈਉਂ ਫਉਜਾਂ ਪਿਛੇ ਪਏ। (546)
ਪੋਹ ਮਹੀਨੇ ਅੱਧੀ ਨਿਸਾ ਕੂਚ ਕੀਤਾ।
ਲੋਕ ਆਪਣਾ ਸਭ ਇਕੱਠਾ ਕਰ ਲੀਤਾ।
ਜਿਸ ਕਾਲੀ ਰਥ ਮਾਤਾ ਦਾ ਭੁੱਲ ਗਿਆ।
ਸਹੇੜੀ ਗਿਰਾਉਂ ਰੰਘੜਾਂ ਦਾ,
ਤਿਤ ਮਾਰਗ ਪਿਆ। (556)
‘ਗੁਰੂ ਸੋਭਾ’ ਦਾ ਲੇਖਕ ਗੁਰੂ ਗੋਬਿੰਦ ਸਿੰਘ ਦਾ ਦਰਬਾਰੀ ਕਵੀ ਸੈਨਾਪਤੀ ਲਿਖਦਾ ਗੁਰੂ ਜੀ ਵਲੋਂ ਉਦੈ ਸਿੰਘ ਨੂੰ ਸ਼ਾਹੀ ਟਿੱਬੀ ‘ਤੇ ਤੁਰਕ ਤੇ ਹਿੰਦੂ ਫੌਜਾਂ ਨੂੰ ਰੋਕਣ ਲਈ ਛੱਡ ਕੇ ਆਪ ਚਮਕੌਰ ਸਾਹਿਬ ਚਲੇ ਜਾਣ ਬਾਰੇ ਲਿਖਿਆ ਹੈ। ਅਜੀਤ ਸਿੰਘ ਜੋ ਪਿਛੇ ਆ ਰਿਹਾ ਸੀ, ਨੂੰ ਅੱਗੇ ਭੇਜ ਦੇਣ ਲਈ ਕਹਿ ਗਏ। ਉਦੈ ਸਿੰਘ ਨੇ ਫੌਜਾਂ ਨੂੰ ਰੋਕੀ ਰੱਖਿਆ ਅਤੇ ਵਹੀਰ ਉਥੋਂ ਬਚ ਕੇ ਅੱਗੇ ਨਿਕਲ ਗਿਆ।
ਭਾਈ ਦੁਲਾ ਸਿੰਘ ਹੰਡੂਰੀਆ ਦੀ ਰਚਨਾ ‘ਕਥਾ ਗੁਰੂ ਕੇ ਸੁਤਨ ਕੀ’ ਵਿਚ ਸਰਹਿੰਦ ਵਿਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਵਰਣਨ ਬਹੁਤ ਦਰਦੀਲੇ ਸ਼ਬਦਾਂ ਵਿਚ ਕੀਤਾ ਹੈ। ਮਾਤਾ ਗੁਜਰੀ ਨਾਲ ਜੋ ਬੀਤਦੀ ਹੈ ਅਤੇ ਉਨ੍ਹਾਂ ਦੇ ਹਿਰਦੇ ਵਿਚ ਜੋ ਵਿਚਾਰ ਆਉਂਦੇ ਹਨ, ਉਨ੍ਹਾਂ ਦਾ ਵਰਣਨ ਬਹੁਤ ਭਾਵਕ ਸ਼ਬਦਾਂ ਵਿਚ ਕੀਤਾ ਹੈ:
ਸਿੱਖ ਟੋਡਰ ਮੱਲ ਤੇਹ,
ਮਾਤਾ ਕੋ ਐਸੇ ਕਹਯੇ।
ਕਾਰਣ ਭਯੋ ਸੁ ਏਹੁ,
ਸੀਸੇ ਉਤਾਰੇ ਤੁਮ ਸੁਤਨ।
ਤਬ ਮਾਤਾ ਬਿਲਖੀ
ਭਈ ਐਸੀ ਸੁਨੀ ਜੁ ਬਾਤ।
ਦੇਖੇ ਸੀਸ ਜੁ ਲਟਕਤੇ,
ਹਿੱਕ ਮਰੋਰੀ ਪਾਤ।
ਹੇ ਪੁੱਤਰ! ਐਸੀ ਤੁਮ ਕਰੀ।
ਹੌਂ ਜੀਵਤ ਤੁਮ ਸੀਸ ਉਤਰੀ।
ਐਸੇ ਭਾਖਿ ਮੂਰਛਾ ਪਾਈ।
ਘਰੀ ਚਾਰ ਸੁਧ ਫਿਰ ਨਹਿੰ ਆਈ।
ਮਿਰਜ਼ਾ ਮੁਹੰਮਦ ਅਬਦਲ ਗਨੀ ਨੇ ‘ਜੌਹਰਾ-ਏ-ਤੇਗ’ ਵਿਚ ਅਤੇ ਹਕੀਮ ਅੱਲ੍ਹਾ ਯਾਰ ਖਾਂ ਨੇ ‘ਗੰਜ-ਏ-ਸ਼ਹੀਦਾਂ’ ਵਿਚ ਚਮਕੌਰ ਸਾਹਿਬ ਅਤੇ ‘ਸ਼ਹੀਦਾਨਿ-ਵਫਾ’ ਵਿਚ ਸਾਕਾ ਸਰਹਿੰਦ ਦਾ ਵਰਣਨ ਜੋਸ਼ੀਲੇ ਤੇ ਸ਼ਰਧਾ ਭਰਪੂਰ ਸ਼ਬਦਾਂ ਵਿਚ ਕੀਤਾ ਹੈ। ਦੋਵਾਂ ਥਾਂਵਾਂ ਬਾਰੇ ਪੜ੍ਹਦਿਆਂ ਅੱਖਾਂ ਸੇਜਲ ਹੋ ਜਾਂਦੀਆਂ ਹਨ। ਅੱਲ੍ਹਾ ਯਾਰ ਖਾਂ ਜਦੋਂ ਸਰਹਿੰਦ ਸ਼ਹੀਦੀ ਦਿਵਸ ‘ਤੇ ਆਇਆ, ਆਪਣੀਆਂ ਕਵਿਤਾਵਾਂ ਪੜ੍ਹ ਕੇ ਸਰੋਤਿਆਂ ਨੂੰ ਰੁਆ ਕੇ ਗਿਆ।
ਹੁਣ ਅਸੀਂ ਇਸ ਸਿੱਟੇ ‘ਤੇ ਪਹੁੰਚ ਗਏ ਹਾਂ ਕਿ ਮਾਤਾ ਸੁੰਦਰ ਕੌਰ ਮਾਤਾ ਸਾਹਿਬ ਕੌਰ , ਪਹਿਲੇ ਵਹੀਰ ਨਾਲ ਚਲੇ ਗਏ ਸਨ। ਉਨ੍ਹਾਂ ਨਾਲ ਗਰਜਾ ਸਿੰਘ, ਜਵਾਹਰ ਸਿੰਘ, ਦਰਬਾਰਾ ਸਿੰਘ, ਸਹਿਜ ਸਿੰਘ, ਮਾਤਾ ਸਾਹਿਬ ਕੌਰ ਦਾ ਭਰਾ ਸਾਹਿਬ ਸਿੰਘ ਸਨ। ਇਹ ਚਲਦੇ-ਚਲਦੇ ਗੁਰੂ ਗੋਬਿੰਦ ਸਿੰਘ ਦੇ ਮਾਮੇ ਮਿਹਰ ਚੰਦ ਦੇ ਘਰ ਲਖਨੌਰ ਪੁੱਜ ਗਏ ਅਤੇ ਫਿਰ ਦਿੱਲੀ ਚਲੇ ਗਏ। ਉਨ੍ਹੀਵੀਂ ਤੇ ਵੀਹਵੀਂ ਸਦੀ ਦੇ ਬਹੁਤ ਸਾਰੇ ਇਤਿਹਾਸਕਾਰਾਂ ਅਨੁਸਾਰ ਭਾਈ ਮਨੀ ਸਿੰਘ ਮਾਤਾਵਾਂ ਨਾਲ ਦਿੱਲੀ ਗਏ।
ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਰੱਥ ਵਿਚ ਸਵਾਰ ਹੋ ਕੇ ਉਦੈ ਸਿੰਘ ਦੀ ਨਿਗਰਾਨੀ ਵਿਚ ਦੂਜੇ ਵਹੀਰ ਨਾਲ ਤੋਰ ਦਿੱਤੇ ਸਨ। ਸਾਹਿਬਜ਼ਾਦੇ ਅਜੀਤ ਸਿੰਘ ਤੇ ਜੁਝਾਰ ਸਿੰਘ, ਗੁਰੂ ਜੀ ਦੇ ਨਾਲ ਸਨ। ਜਦੋਂ ਇਹ ਵਹੀਰ ਸ਼ਾਹੀ ਟਿੱਬੀ ਪਹੁੰਚਿਆ ਤਾਂ ਗੁਰੂ ਜੀ ਵੀ ਕੀਰਤਪੁਰ ਤੋਂ ਲੜਦੇ ਹੋਏ ਸ਼ਾਹੀ ਟਿੱਬੀ ਪਹੁੰਚ ਗਏ। ਗੁਰੂ ਜੀ ਪੰਜਾਹ ਸਿੰਘ ਉਦੈ ਸਿੰਘ ਨਾਲ ਛੱਡ ਕੇ ਫੌਜਾਂ ਨੂੰ ਰੋਕੀ ਰੱਖਣ ਅਤੇ ਸ਼ਹੀਦੀਆਂ ਪਾਉਣ ਤੱਕ ਲੜਦੇ ਰਹਿਣ ਲਈ ਕਹਿ ਕੇ ਅਤੇ ਪਿਛੇ ਆ ਰਹੇ ਅਜੀਤ ਸਿੰਘ ਨੂੰ ਅੱਗੇ ਤੋਰਨ ਲਈ ਕਹਿ ਕੇ ਅੱਗੇ ਨਿਕਲ ਗਏ। ਅੱਗੇ ਪਹੁੰਚ ਕੇ ਭਾਈ ਬਚਿੱਤਰ ਸਿੰਘ ਨੂੰ ਸੌ ਕੁ ਸਿੰਘਾਂ ਨਾਲ ਰੋਪੜ ਵਲੋਂ ਆ ਰਹੀ ਸਰਹਿੰਦੀ ਫੌਜ ਨੂੰ ਰੋਕਣ ਲਈ ਭੇਜਿਆ ਤਾਂ ਕਿ ਵਹੀਰ ਬਚ ਕੇ ਨਿਕਲ ਜਾਵੇ। ਭਾਈ ਬਚਿੱਤਰ ਸਿੰਘ ਸਖ਼ਤ ਜ਼ਖ਼ਮੀ ਹੋ ਗਿਆ। ਅਜੀਤ ਸਿੰਘ ਉਸ ਨੂੰ ਲੈ ਕੇ ਕੋਟਲਾ ਨਿਹੰਗ ਖਾਂ ਵਿਚ ਨਿਹੰਗ ਖਾਂ ਦੇ ਘਰ ਲੈ ਗਿਆ। ਗੁਰੂ ਜੀ ਪਹਿਲਾਂ ਹੀ ਉਥੇ ਪੁੱਜੇ ਹੋਏ ਸਨ। ਭਾਈ ਬਚਿੱਤਰ ਸਿੰਘ ਇਥੇ ਹੀ ਪਰਲੋਕ ਸਿਧਾਰ ਗਿਆ। ਗੁਰੂ ਜੀ ਵੱਡੇ ਸਾਹਿਬਜ਼ਾਦਿਆਂ ਨਾਲ ਨਿਹੰਗ ਖਾਂ ਦੇ ਪੁੱਤਰ ਆਲਮ ਜੋ ਰਾਏਕੋਟ ਵਾਲੇ ਰਾਏ ਕੱਲ੍ਹ ਦਾ ਜਵਾਈ ਸੀ, ਦੀ ਸਹਾਇਤਾ ਨਾਲ ਰਾਤ ਨੂੰ ਚਮਕੌਰ ਸਾਹਿਬ ਪਹੁੰਚ ਗਏ।
ਜੋਰਾਵਰ ਸਿੰਘ ਤਰਸਿੱਕਾ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)