23 ਅਪ੍ਰੈਲ ਪ੍ਰਕਾਸ਼ ਪੁਰਬ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ । ਆਉ ਸੰਖੇਪ ਝਾਤ ਮਾਰੀਏ ਗੁਰੂ ਸਾਹਿਬ ਜੀ ਦੇ ਇਤਿਹਾਸ ਤੇ ਜੀ ।
ਗੁਰੂ ਅਰਜਨ ਸਾਹਿਬ ਜੀ ਦਾ ਨਾਮ ਲੈਣ ਨਾਲ ਨਾ ਕੋਈ ਮੁਸੀਬਤ ਆਉਦੀ ਹੈ ਤੇ ਜਨਮ ਮਰਨ ਦਾ ਗੇੜ ਖ਼ਤਮ ਹੋ ਜਾਦਾ ਹੈ । ਗੁਰੂ ਅਰਜਨ ਸਾਹਿਬ ਜੀ ਦੇ ਕਈ ਰੂਪ ਹਨ ਕਦੇ ਤੇ ਉਹ ਆਗਿਆਕਾਰੀ ਪੁੱਤਰ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ । ਕਦੀ ਚੰਗੇ ਪਿਤਾ ਦੇ ਰੂਪ ਵਿੱਚ ਨਜ਼ਰ ਆਉਦੇ ਹਨ , ਕਦੀ ਚੰਗੇ ਸਿੱਖ ਦੇ ਰੂਪ ਵਿੱਚ ਨਜ਼ਰ ਆਉਦੇ ਹਨ ਅਤੇ ਕਦੀ ਅਕਾਲ ਪੁਰਖ ਦੇ ਤਖ਼ਤ ਤੇ ਬਿਰਾਜਮਾਨ ਸਤਿਗੁਰੂ ਜੀ ਦੇ ਰੂਪ ਵਿੱਚ ਨਜਰ ਆਉਦੇ ਹਨ । ਕਦੀ ਗੁਰੂ ਜੀ ਮਹਾਨ ਵਿਦਵਾਨ ਦੇ ਰੂਪ ਵਿੱਚ ਨਜ਼ਰ ਆਉਦੇ ਹਨ ਤੇ ਕਦੀ ਉਚ ਕੋਟੀ ਦੇ ਕੀਰਤਨੀਏ ਦੇ ਰੂਪ ਵਿੱਚ ਨਜ਼ਰ ਆਉਦੇ ਹਨ । ਕਦੀ ਸਤਿਗੁਰੂ ਜੀ ਮਹਾਨ ਕਾਰਜ ਸਰੋਵਰ ਤੇ ਗੁਰੂ ਅਸਥਾਨ ਬਣਾਉਦੇ ਨਜ਼ਰ ਆਉਦੇ ਹਨ ਤੇ ਕਦੀ ਦੂਰੋ ਆਈ ਸੰਗਤ ਦੀ ਸੇਵਾ ਕਰਦੇ ਨਜ਼ਰ ਆਉਦੇ ਹਨ । ਕਦੀ ਸਤਿਗੁਰੂ ਜੀ ਆਪਣੇ ਮੁਖਾਰਬਿੰਦ ਤੋ ਬਚਨ ਕਰਕੇ ਠੰਡ ਵਰਤਾਉਦੇ ਨਜ਼ਰ ਆਉਦੇ ਹਨ ਤੇ ਕਦੀ ਤੱਤੀ ਤਵੀ ਤੇ ਬੈਠੇ ਸੀਸ ਵਿੱਚ ਗਰਮ ਰੇਤ ਪਵਾਉਦੇ ਨਜਰ ਆਉਦੇ ਹਨ । ਭੱਟ ਸਹਿਬਾਨ ਆਪਣੇ ਗਿਆਨ ਰਾਹੀ ਦਸਦੇ ਹਨ
ਜਬ ਲਉ ਨਹੀ ਭਾਗ ਲਿਲਾਰ ਉਦੈ ਤਬ ਲਉ ਭ੍ਰਮਤੇ ਫਿਰਤੇ ਬਹੁ ਧਾਯਉ ॥ ਕਲਿ ਘੋਰ ਸਮੁਦ੍ਰ ਮੈ ਬੂਡਤ ਥੇ ਕਬਹੂ ਮਿਟਿ ਹੈ ਨਹੀ ਰੇ ਪਛੁਤਾਯਉ ॥ ਤਤੁ ਬਿਚਾਰੁ ਯਹੈ ਮਥੁਰਾ ਜਗ ਤਾਰਨ ਕਉ ਅਵਤਾਰੁ ਬਨਾਯਉ ॥ ਜਪ੍ਯਉ ਜਿਨ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ ॥੬॥ {ਪੰਨਾ 1409}
ਸਰਬ ਸ਼ਕਤੀਮਾਨ ਅਕਾਲ ਪੁਰਖ ਹੀ ਆਦਿ , ਮੱਧ ਤੇ ਅੰਤ ਤਿੰਨਾਂ ਹਾਲਤਾਂ ਵਿਚ ਸੰਪੂਰਨ ਹੈ । ਉਹ ਸਦਾ ਇਕ ਰਸ ਰਹਿਣ ਵਾਲੀ ਹਸਤੀ ਹੈ । ਉਸ ਦੀ ਕਲਾ ਤੇ ਜੋਤ ਨੇ ਦਸਾਂ ਸਤਿਗੁਰਾਂ ਵਿਚ ਪ੍ਰਕਾਸ਼ ਕੀਤਾ ਜਿਸ ਲਈ ‘ ਗੁਰਤਾ ’ ਦਾ ਆਦਿ ਮੱਧ ਤੇ ਅੰਤ ਤਿੰਨੇ ਸੰਪੂਰਨ ਹਨ । ਸਿੱਖੀ ਦਾ ਆਦਿ ਸ੍ਰੀ ਗੁਰੂ ਨਾਨਕ ਦੇਵ ਜੀ ਮੱਧ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸੰਪੂਰਨ ਰੂਪ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਨ । ਗੁਰੂ ਸਾਹਿਬ ਜੀ ਤੇ ਭਗਤ ਸਹਿਬਾਨਾ ਦਾ ਸੰਪੂਰਨ ਗਿਆਨ ਸਬਦ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਹੈ‘ ਗੁਰਤਾ’ਦੀ ਇਸ ਲੜੀ ਨੂੰ ਸੂਖਮ ਦ੍ਰਿਸ਼ਟੀ ਨਾਲ ਵੇਖਿਆ ਜਾਵੇ ਤਾਂ ਦਸਾਂ ਸਤਿਗੁਰਾਂ ਵਿਚ ਇਕੋ ਰੂਪ , ਇਕੋ ਆਦਰਸ਼ ਤੇ ਅਮਲ ਦੀ ਏਕਤਾ ਪਾਈ ਜਾਂਦੀ ਹੈ । ਜਗਤ ਦੀ ਕਲਿਆਨ ਲਈ ਸਮੇਂ ਦੀ ਲੋੜ ਅਨੁਸਾਰ ‘ ਗੁਰੂ – ਅਵਤਾਰ ‘ ਹੋਏ । ਜਿਸ ਆਦਰਸ਼ ਦੀ ਪੂਰਨਤਾ ਦੀ ਲੋੜ ਪਈ ਹੈ , ਅਕਾਲ ਪੁਰਖ ਨੇ ਓਹੋ ਜੇਹੀ ਸ਼ਖਸੀਅਤ ਨੂੰ ‘ ਗੁਰੂ – ਰੂਪ ’ ਵਿਚ ਮੂਰਤੀਮਾਨ ਕੀਤਾ । ਇਹ ਇਕ ਸਚਾਈ ਹੈ ਕਿ ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ । ‘ ( ਵਾਰ ਰਾਮਕਲੀ ਸ : ਬ : ਕੀ ) ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪਵਿਤ੍ਰ ਜੀਵਨ ਕੀ ਹੈ ? ਪ੍ਰੇਮ ਭਗਤੀ ਤੇ ਨਿਸ਼ਕਾਮ ਸੇਵਾ ਦਾ ਪੁੰਜ , ਬ੍ਰਹਮ ਗਿਆਨ ਤੇ ਆਤਮਿਕ ਗੁਣਾਂ ਦਾ ਭੰਡਾਰ , ਕੌਮੀ ਉਸਾਰੀ ਲਈ ਬਹੁਤ ਨਿੱਗਰ ਕੰਮ ਕਰਨ ਵਾਲਾ , ਉਸ ਦੀ ਰਜ਼ਾ ਵਿਚ ਰਾਜ਼ੀ ਰਹਿਣ ਵਾਲਾ , ਅਦੁੱਤੀ ਕੁਰਬਾਨੀ ਤੇ ਪਵਿਤ੍ਰ ਸ਼ਹੀਦੀ ਦਾ ਇਕ ਅਸਚਰਜ ਨਮੂਨਾ ਹੈ ।
ਸੰਸਾਰ ਵਿਚ ਜਿਤਨੇ ਉਨਰ ਹਨ , ਉਨ੍ਹਾਂ ਵਿਚੋਂ ਰਾਗ , ਕਾਵਿ ਤੇ ਚਿਤ੍ਰਕਾਰੀ , ਤਿੰਨੇ ਕੋਮਲ ਉਨਰ ਮੰਨੇ ਗਏ ਹਨ । ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤਿੰਨਾਂ ਵਿਚ ਕਮਾਲ ਕੀਤਾ ਹੈ । ਆਪ ਰੱਬੀ ਕੀਰਤਨ ਕਰਨ ਵਾਲੇ ਗੰਧਰਬ ਤੇ ਕੀਰਤਨ ਦੇ ਡਾਢੇ ਚੰਗੇ ਰਸੀਏ ਸਨ । ਸ੍ਰੀ ਗੁਰੂ ਗ੍ਰੰਥ ਸਾਹਿਬ ਜੈਸੀ ਮਹਾਨ ਅਤੇ ਅਲੌਕਿਕ ਆਤਮਿਕ ਰਚਨਾ ਦੇ ਸੰਗ੍ਰਹਿ ਕਰਤਾ ਤੇ ਸੰਪਾਦਿਕ ਆਪ ਹੀ ਸਨ । ਸੁਖਮਨੀ ਸਾਹਿਬ ਜੈਸੀ ਕੋਮਲ , ਮਧੁਰ , ਭਾਵ ਪੂਰਤ ਤੇ ਮਨੁੱਖੀ ਆਤਮਾ ਦੀਆਂ ਡੂੰਘਾਈਆਂ ਵਿਚ ਅਸਰ ਪਾਣ ਵਾਲੀ ਬਾਣੀ ਦੇ ਉਚਾਰਨ ਵਾਲੇ ਸਨ । ਸ੍ਰੀ ਹਰਿਮੰਦਰ ਸਾਹਿਬ ਜੀ ਦਾ ਅਨੂਪਮ ਨਕਸ਼ਾ ਆਪ ਦੇ ਦਿਲ ਦਿਮਾਗ ਨੇ ਚਿਤਰਿਆ । ਸਿਖ ਪੰਥ ਦੀ ਉਸਾਰੀ ਤੇ ਜਥੇਬੰਦੀ ਲਈ ਆਪ ਨੇ ਬੇਮਿਸਾਲ ਕੰਮ ਕੀਤਾ ਹੈ । ਆਪ ਦਾ ਜੀਵਨ ਹਰ ਪਹਿਲੂ ਤੋਂ ਮੁਕੰਮਲ ਹੈ । ਜੀਵਨ ਬਾਣੀ ਤੇ ਕੁਰਬਾਨੀ ਸਾਰੀ ਮਨੁੱਖ – ਜਾਤੀ ਲਈ ਆਦਰਸ਼ ਹਨ । ਸ੍ਰੀ ਗੁਰੂ ਅਰਜਨ ਦੇਵ ਜੀ ਦਾ ਅਵਤਾਰ 23 ਅਪ੍ਰੈਲ 1563 ਨੂੰ ਚੌਥੀ ਪਾਤਸ਼ਾਹੀ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਮਾਤਾ ਭਾਨੀ ਜੀ ਪਵਿੱਤਰ ਕੁੱਖ ਤੋਂ ਗੋਇੰਦਵਾਲ ਵਿਚ ਹੋਇਆ । ਆਪ ਬਚਪਨ ਤੋਂ ਸੰਤ ਸਰੂਪ , ਹੋਣਹਾਰ , ਡਾਢੇ ਸੁੰਦਰ ਤੇ ਸਡੌਲ ਸਨ । ਨਾਨੇ ਸ੍ਰੀ ਗੁਰੂ ਅਮਰਦਾਸ ਜੀ ਦਾ ਪਿਆਰ , ਅਸ਼ੀਰਵਾਦ ਤੇ ਮਾਤਾ ਪਿਤਾ ਦੇ ਆਤਮਿਕ ਗੁਣ ਆਪ ਨੂੰ ਪ੍ਰਾਪਤ ਹੋਏ । ਛੋਟੀ ਉਮਰ ਵਿਚ ਆਪ ਨੂੰ ਦੀਖਿਆ , ਸਿਖਿਆ ਤੇ ਵਿਦਿਆ ਬਹੁਤ ਚੰਗੀ ਤਰ੍ਹਾਂ ਦਿਤੀ ਗਈ । ਆਪ ਦੀ ਬਾਣੀ ਦੀ ਰਚਨਾ ਦਸਦੀ ਹੈ ਕਿ ਹਜ਼ੂਰ ਉੱਚ ਕੋਟੀ ਦੇ ਵਿਦਵਾਨ ਸਨ । ਬਚਪਨ ਦੇ ਇਤਿਹਾਸ ਵਿਚ ਲਿਖਿਆ ਹੈ ਕਿ ਮਹਾਰਾਜ ਛੋਟੀ ਅਵਸਥਾ ਦੇ ਸਨ ਕਿ ਇਕ ਦਿਨ ਰਿੜਦੇ ਹੋਏ ਸ੍ਰੀ ਗੁਰੂ ਅਮਰਦਾਸ ਜੀ ਦੇ ਨਿਵਾਸ ਅਸਥਾਨ ਵਲ ਚਲੇ ਗਏ । ਜਿਸ ਪਲੰਘ ਉਤੇ ਸਤਿ ਗੁਰੂ ਬਿਰਾਜਦੇ ਸਨ , ਉਸ ਦੀ ਬਾਹੀ ਪਕੜ ਕੇ ਖਲੋ ਗਏ।ਇਉਂ ਜਾਪਦਾ ਸੀ ਕਿ ਚੁੰਬਲੀ ਮਾਰਕੇ ਪਲੰਘ ਤੇ ਚੜਨਾ ਚਾਹੁੰਦੇ ਹਨ । ਏਨੇ ਨੂੰ ਮਾਤਾ ਭਾਨੀ ਜੀ ਨੇ ਆਪ ਨੂੰ ਦੇਖ ਲਿਆ । ਸਾਡੇ ਦੇਸ਼ ਵਿਚ ਕਿਸੇ ਸਤਿਕਾਰ ਯੋਗ ਬਜ਼ੁਰਗ ਦੇ ਆਸਣ ਤੇ ਬੈਠਣਾ ਠੀਕ ਨਹੀਂ ਸਮਝਿਆ ਜਾਂਦਾ । ਇਸ ਲਈ ਮਾਤਾ ਜੀ ਨੇ ਦੌੜ ਕੇ ਫੜਨਾ ਚਾਹਿਆ । ਅਚਾਨਕ ਬਾਹਰੋਂ ਤੀਸਰੀ ਪਾਤਸ਼ਾਹੀ ਆ ਗਏ । ਉਨ੍ਹਾਂ ਨੇ ਦੇਖ ਕੇ ਪਿਆਰ ਨਾਲ ਫੁਰਮਾਇਆ – ‘ ਬੇਟਾ ! ਤੂੰ ਹੁਣੇ ਹੀ ਸਾਡੇ ਆਸਣ ਤੇ ਬੈਠਣਾ ਚਾਹੁੰਦਾ ਹੈਂ ? ਉਤਾਵਲਾ ਨਾ ਹੋ ਇਹ ਚੀਜ਼ ਵੇਲੇ ਸਿਰ ਹੀ ਮਿਲਣ ਵਾਲੀ ਹੈ । ‘ ਇਹ ਕਹਿ ਕੇ ਪਿਆਰ ਨਾਲ ਚੁਕ ਲਿਆ ਤੇ ਗੋਦ ਵਿਚ ਲੈ ਕੇ ਬਚਨ ਕੀਤਾ — ‘ ‘ ਦੋਹਿਤਾ , ਬਾਣੀ ਕਾ ਬੋਹਿਥਾ । ਜਿਸ ਵਕਤ ਮਹਾਰਾਜ ਜਵਾਨ ਹੋਏ , ਆਪ ਦੀ ਪਹਿਲੀ ਸ਼ਾਦੀ ਪਿੰਡ ਮੌੜ ਵਿਚ ਚੰਦਨ ਦਾਸ ਖੱਤਰੀ ਦੀ ਬੇਟੀ ਰਾਮ ਦੇਵੀ ਜੀ ਨਾਲ ਹੋਈ , ਪਰ ਉਹ ਬਿਨਾ ਸੰਤਾਨ ਹੀ ਚਲਾਣਾ ਕਰ ਗਏ । ਇਸ ਲਈ ਗੁਰੂ ਜੀ ਦੀ ਦੂਜੀ ਸ਼ਾਦੀ ਪਿੰਡ ਮਊ , ਪਰਗਣਾ ਫਲੌਰ ਵਿਚ ਕਿਸ਼ਨ ਚੰਦ ਖੱਤਰੀ ਦੀ ਬੇਟੀ ਸ੍ਰੀ ਮਾਤਾ ਗੰਗਾ ਜੀ ਨਾਲ ਹੋਈ , ਜਿਨ੍ਹਾਂ ਤੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਪ੍ਰਗਟ ਹੋਏ । ਪਿੰਡ ਮਊ ਵਿਚ ਪੰਚਮ ਪਾਤਸ਼ਾਹ ਦੀ ਯਾਦਗਾਰ ਵਿਚ ਗੁਰਦੁਵਾਰਾ ਹੈ । ਸ਼ਾਦੀ ਸਮੇਂ ਗੁਰੂ ਜੀ ਨੇ ਜੋ ਬਸਤਰ ਪਹਿਨੇ ਸਨ , ਉਨ੍ਹਾਂ ਵਿਚੋਂ ਇਕ ਕੁੜਤਾ , ਪਜਾਮਾ ਤੇ ਇਕ ਪਰਨਾ ਮੌਜੂਦ ਹੈ । ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਤੇ ਅਸੀਂ ਦੋ ਪਹਿਲੂਆਂ...
ਤੋਂ ਵਿਚਾਰ ਕਰਦੇ ਹਾਂ : -੧ . ਸ਼ਖਸੀ ਜੀਵਨ । ੨.ਲੋਕ ਸੇਵਾ ਦਾ ਜੀਵਨ।ਆਪ ਦੇ ਸ਼ਖਸੀ ਜੀਵਨ ਤੇ ਆਤਮਿਕ ਗੁਣਾਂ ਵਿਚੋਂ ਪਹਿਲਾ ਗੁਣ ਖਿਮਾ ਤੇ ਸ਼ਹਿਨ ਸ਼ੀਲਤਾ ਸੀ । ਦੇਸ ਦੇ ਰਵਾਜ ਅਨੁਸਾਰ ਪਿਤਾ ਦੀ ਜਾਇਦਾਦ ਦਾ ਵਾਰਸ ਤੇ ਗੱਦੀ ਦਾ ਹੱਕਦਾਰ ਵੱਡਾ ਪੁੱਤਰ ਪ੍ਰਿਥੀ ਚੰਦ ਸੀ , ਪਰ ਸ੍ਰੀ ਗੁਰੂ ਰਾਮ ਦਾਸ ਜੀ ਨੇ ਗੁਰ ਗੱਦੀ ਆਪ ਨੂੰ ਬਖਸ਼ੀ ਸੀ । ਇਸ ਲਈ ਵਡੇ ਭਰਾ ਨੇ ਸਖਤ ਵਿਰੋਧਤਾ ਕੀਤੀ । ਪ੍ਰਿਥੀਏ ਨੇ ਸਾਰੇ ਮਸੰਦਾਂ ਨੂੰ ਕਾਬੂ ਕੀਤਾ । ਹਕੂਮਤ ਨਾਲ ਗੰਢ ਲਈ । ਉਸ ਦਾ ਖਿਆਲ ਸੀ ਕਿ ਗੁਰੂ ਅਰਜਨ ਦੇਵ ਜੀ ਨੂੰ ਗੁਰ – ਗੱਦੀ ਦੇਣੀ ਕਾਨੂੰਨ ਦੇ ਵਿਰੁਧ ਹੈ । ਪ੍ਰਿਥੀ ਚੰਦ ਨੇ ਅੰਮ੍ਰਿਤਸਰ ਦੀ ਸਾਰੀ ਆਮਦਨ ਬਾਹਰੋਂ ਖੂਹਾਂ ਤੇ ਜ਼ਮੀਨ ਦੀ ਪੈਦਾਵਾਰ , ਸੰਗਤ ਦੀ ਕਾਰ – ਭੇਟ ਤੇ ਲੰਗਰ ਦੇ ਨਾਮ ਪਰ ਆਈ ਮਾਇਆ ਸਭ ਲੈ ਲਈ । ਪੰਚਮ ਸਤਿਗੁਰੂ ਨੇ ਕੋਈ ਰੰਜ ਨਾ ਕੀਤਾ ।ਆਪ ਜੀ ਨੇ ਹੋਰ ਸਭ ਕੁਝ ਦੇ ਦਿਤਾ ਪਰ ਗੁਰੂ ਕੇ ਲੰਗਰ ਨੂੰ ਮਨੁਖ ਮਾਤਰਾ ਦੀ ਸੇਵਾ ਲਈ ਇਕ ਸੰਸਥਾ ਸਮਝ ਕੇ ਲੈ ਲਿਆ । ਆਪ ਇਸ ਨੂੰ ਦੁਖ ਭੁਖ ਤੇ ਕਈ ਪਰਕਾਰ ਦੇ ਕਸ਼ਟ ਸਹਿ ਕੇ ਭੀ ਚਲਾਂਦੇ ਰਹੇ । ਪ੍ਰਿਥੀਏ ਨੇ ਇਹ ਚਾਲ ਫੜੀ ਕਿ ਲੰਗਰ ਲਈ ਆਈ ਰਸਦ ਤੇ ਮਾਇਆ ਸੰਭਾਲ ਲੈਣੀ ਤੇ ਜੇਹੜੇ ਪਰਾਹੁਣੇ ਜਾਂ ਸੰਗਤਾਂ ਆਉਣ , ਉਨ੍ਹਾਂ ਨੂੰ ਗੁਰੂ ਕੇ ਲੰਗਰ ਵਿਚ ਭੇਜ ਦੇਣਾ । ਗੁਰੂ ਜੀ ਪਾਸ ਜੋ ਕੁਝ ਸੀ ਉਹ ਆਪ ਨੇ ਸੰਗਤਾਂ ਦੀ ਸੇਵਾ ਖਰਚ ਕਰ ਦਿਤਾ ਅਖੀਰ ਨੂੰ ਆਪ ਦਾ ਹਥ ਤੰਗ ਹੋ ਗਿਆ ।ਇਥੋਂ ਤੀਕ ਕਿ ਹਜੂਰ ਨੂੰ ਆਪ ਰੁਖੀ ਮਿੱਸੀ ਰੋਟੀ ਮਿਲਣ ਲਗੀ । ਆਮਦਨ ਕੋਈ ਨਹੀਂ ਸੀ ਤੇ ਲੰਗਰ ਦਾ ਖਰਚ ਜਾਰੀ ਸੀ ਜੋ ਅੰਨ ਪਕਦਾ ਉਹ ਸੰਗਤਾ ਨੂੰ ਛਕਾ ਦਿੰਦੇ ਸਨ ਕਈ ਵੇਰ ਆਪ ਤੇ ਮਾਤਾ ਗੰਗਾ ਜੀ ਭੁਖੇ ਹੀ ਸੌਂ ਰਹਿੰਦੇ । ਜਿਸ ਤਰਾਂ ਕੋਈ ਬਿਰਛ ਧੁੱਪ , ਛਾਂ , ਗੜੇ ਮਾਰ ਤੇ ਹਨੇਰੀਆਂ ਸਹਿ ਕੇ ਤਪਦੇ ਸੰਸਾਰ ਨੂੰ ਠੰਡੀ ਛਾਂ ਤੇ ਮਿਠੇ ਫਲ ਦਿੰਦਾ ਹੈ , ਇਸ
ਤਰ੍ਹਾਂ ਹੀ ਖਿਮਾਂ ਤੇ ਸਹਿਨ – ਸ਼ੀਲਤਾ ਦੇ ਪੁੰਜ , ਗੁਰੂ ਅਰਜਨ ਦੇਵ ਜੀ ਨੇ ਪ੍ਰਿਥੀਏ ਨਾਲ ਕੋਈ ਵਰਤਾ ਨਾ ਕੀਤੀ।ਆਪ ਨੂੰ ਕ੍ਰੋਧ ਨਹੀਂ ਆਇਆ ਮੂੰਹੋ ਕੋਈ ਕੌੜਾ ਬਚਨ ਨਹੀਂ ਕੀਤਾ।ਸਗੋਂ ਸਬਰ ਤੇ ਸ਼ੁਕਰ ਨਾਲ ਪ੍ਰਿਥੀ ਚੰਦ ਦੀਆਂ ਸਾਰੀਆਂ ਗੱਲਾਂ ਬਰਦਾਸ਼ਤ ਕੀਤੀਆਂ , ਫਿਰ ਉਸ ਨਾਲ ਪ੍ਰੇਮ ਕੀਤਾ।ਉਸ ਦੇ ਪੁੱਤਰ ਮਿਹਰਵਾਨ ਨੂੰ ਵੀ ਪੁੱਤ ਵਾਂਗੂ ਪਾਲਦੇ ਰਹੇ । ਭਾਈ ਗੁਰਦਾਸ ਜੀ ਆਗਰੇ ਤੋਂ ਵਾਪਸ ਆਏ । ਆਪ ਨੂੰ ਲੰਗਰ ਦੀ ਹਾਲਤ ਵੇਖ ਕੇ ਬਹੁਤ ਦੁਖ ਹੋਇਆ । ਆਪ ਨੇ ਬਾਬਾ ਬੁੱਢਾ ਜੀ , ਭਾਈ ਸਾਲੋਂ ਜੀ , ਜੇਠਾ ਜੀ , ਪੈੜਾ ਜੀ ਅਤੇ ਗੁਰੀਏ ਜੀ ਨਾਲ ਸਲਾਹ ਕੀਤੀ । ਭਾਈ ਸਾਹਿਬ ਜਿਥੇ ਹੁਣ ਗੁਰਦਵਾਰਾ ਪਿਪਲੀ ਸਾਹਿਬ ਹੈ , ਇਥੇ ਬੈਠ ਗਏ । ਆਪ ਨੇ ਸੰਗਤਾਂ ਨੂੰ ਅਸਲੀਅਤ ਸਮਝਾਈ ॥ ਲੰਗਰ ਦੀ ਸੇਵਾ ਲਈ ਪ੍ਰੇਰਨਾ ਕੀਤੀ । ਜਦੋਂ ਸੰਗਤਾਂ ਨੂੰ ਪ੍ਰਿਥੀ ਚੰਦ ਦੀ ਕੁਟਲ ਨੀਤੀ ਦਾ ਪਤਾ ਲਗਾ , ਉਸ ਦੇ ਵਿਰੁੱਧ ਨਫਰਤ ਫੈਲਦੀ ਗਈ । ਇਥੋਂ ਤੀਕ ਕਿ ਉਸ ਦਾ ਨਾਂ ‘ ਮੀਣਾ ’ ਪੈ ਗਿਆ । ਝੂਠਾ ਆਦਮੀ ਕੁਝ ਦਿਨਾਂ ਲਈ ਕੁਝ ਆਦਮੀਆਂ ਨੂੰ ਧੋਖਾ ਦੇ ਸਕਦਾ ਹੈ , ਪਰ ਸਦਾ ਲਈ ਨਹੀਂ । ਕੁਟਲ ਨੀਤੀ , ਮਸੰਦਾਂ ਦੇ ਬਲ ਅਤੇ ਹਕੂਮਤ ਦੀ ਸਹਾਇਤਾ ਦੇ ਬਾਵਜੂਦ ਉਸ ਨੂੰ ਕੋਈ ਸਫਲਤਾ ਨਾ ਹੋਈ । ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪਰਤਾਪ ਦਿਨੋਂ ਦਿਨ ਵਧਦਾ ਹੀ ਗਿਆ । ਸ੍ਰੀ ਗੁਰੂ ਜੀ ਅੰਮ੍ਰਿਤਸਰ ਛੱਡ ਕੇ ਵਡਾਲੀ ਚਲੇ ਗਏ । ਇਥੇ ਆਪ ਨੇ ਤਿੰਨ ਸਾਲ ਨਿਵਾਸ ਕੀਤਾ । ਵਡਾਲੀ ਵਿਚ ਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਅਵਤਾਰ ਹੋਇਆ । ਪ੍ਰਿਥੀ ਚੰਦ ਉਸ ਦੀ ਵਹੁਟੀ ਕਰਮੋ ਨੂੰ ਇਸ ਦਾ ਬੜਾ ਦੁਖ ਹੋਇਆ । ਉਸ ਨੇ ਸਾਜ਼ਿਸ਼ ਕਰ ਕੇ ਇਕ ਦਾਈ ਅਤੇ ਖਿਡਾਵੀ ਪਾਸੋਂ ਸਾਹਿਬਜ਼ਾਦੇ ਨੂੰ ਜ਼ਹਿਰ ਦੁਆਈ । ਜਿਸ ਨੂੰ ਵਾਹਿਗੁਰੂ ਰਖੇ ਉਸ ਨੂੰ ਕੌਣ ਮਾਰ ਸਕਦਾ ਹੈ ? ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਬਚ ਗਏ । ਇਕ ਸਪੇਰੇ ਪਾਸੋਂ ਉਨਾਂ ਨੂੰ ਸੱਪ ਲੜਾਉਣਾ ਚਾਹਿਆ , ਤਦ ਭੀ ਪੇਸ਼ ਨਾ ਗਈ । ਇਕ ਬ੍ਰਹਮ ਗਿਆਨੀ ਵਾਂਗ ਗੁਰੂ ਜੀ ਨੇ ਸਭ ਬਰਦਾਸ਼ਤ ਕੀਤਾ । ਅਖ਼ੀਰ ਪ੍ਰਿਥੀਏ ਨੇ ਦਿੱਲੀ ਜਾ ਦਾਹਵਾ ਕੀਤਾ ਕਿ ਗੁਰੂ ਗੱਦੀ ਦਾ ਹੱਕਦਾਰ ਮੈਂ ਹਾਂ । ਅਕਬਰ ਬਾਦਸ਼ਾਹ ਨੇ ਅਰਜ਼ੀ ਸੁਣੀ । ਵਜ਼ੀਰ ਖਾਂ ਵਰਗੇ ਨੇਕ ਬੰਦਿਆਂ ਨੇ ਬਾਦਸ਼ਾਹ ਨੂੰ ਮਸ਼ਵਰਾ ਦਿਤਾ — ‘ ‘ ਗੁਰ ਗੱਦੀ ਵਿਸਾਰਤ ਨਹੀਂ ਜੋ ਵਡੇ ਪੁੱਤਰ ਨੂੰ ਮਿਲੇ , ਇਹ ਗੁਣਾਂ ਦੀ ਬਨਿਆਦ ਤੇ ਦਿਤੀ ਗਈ ਦਾਤ ਹੈ । ਇਹ ਸੁਣ ਕੇ ਬਾਦਸ਼ਾਹ ਨੇ ਪ੍ਰਿਥੀਏ ਦੀ ਅਰਜ਼ੀ ਖਾਰਜ ਕਰ ਦਿਤੀ । ਪ੍ਰਿਥੀ ਚੰਦ ਨੇ ਹਰ ਗਲ ਵਿਚ ਗੁਰੂ ਜੀ ਦਾ ਸ਼ਰੀਕਾ ਕੀਤਾ ਪਰ ਕਿਸੇ ਗਲ ਵਿਚ ਉਸਨੂੰ ਸਫਲਤਾ ਨਹੀਂ ਹੋਈ । ਪੰਚਮ ਪਾਤ ਸ਼ਾਹ ਨੇ ਕੁਸ਼ਟੀਆਂ ‘ ਤੇ ਦੁਖੀਆਂ ਦੀ ਸੇਵਾ ਲਈ ਤਰਨ ਤਾਰਨ ਬਣਾਇਆ , ਮੁਕਾਬਲੇ ਤੇ ਪ੍ਰਿਥੀ ਚੰਦ ਨੇ ਤਰਨ ਤਾਰਨੋਂ ਉਰੇ ਦੂਖ ਨਿਵਾਰਨ ਰਚਿਆ , ਪਰ ਕਿਸੇ ਦਾ ਦੁਖ ਦੂਰ ਨਾ ਕਰ ਸਕਿਆ । ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਵਿਚ ਸ੍ਰੀ ਹਰਿਮੰਦਰ ਸਾਹਿਬ ਬਣਾਇਆ । ਪ੍ਰਿਥੀ ਚੰਦ ਨੇ ਇਸ ਦੇ ਮੁਕਾਬਲੇ ਤੇ ਲਾਹੌਰ ਤੋਂ 15-16 ਮੀਲ ਦੀ ਵਿਥ ਤੇ ਪਿੰਡ ਹੇਅਰ ਵਿਚ ਇਕ ਦਰਬਾਰ ਤੇ ਤਲਾ ਬਣਵਾਇਆ । ਪਰ ਉਹ ਸਿਖ ਸੰਗਤਾਂ ਨੂੰ ਆਪਣੇ ਵਲ ਨਾ ਕਰ ਸਕਿਆ । ਕਾਗਜ਼ਾਂ ਦੇ ਫੁਲਾਂ ਵਿਚੋਂ ਸੁਗੰਧੀ ਕਿਵੇਂ ਆ ਸਕਦੀ ਸੀ ? ਇਸ ਦਰਬਾਰ ਦੇ ਨਾਂ 700 ਕਿਲੇ ਜ਼ਮੀਨ ਸੀ । ਇਸ ਤੋਂ ਬਿਨਾ ਹਕੁਮਤ ਨੇ ਮਾਲਵੇ ਵਿਚ ਪ੍ਰਿਥੀ ਚੰਦ ਨੂੰ ਕੋਠਾ ਪਿੰਡ ਜਗੀਰ ਵਿਚ ਦਿਤਾ । ਪਰ ਪ੍ਰਿਥੀ ਚੰਦ ਗੁਰੂ ਨਾਨਕ ਦੇਵ ਜੀ ਦੇ ਘਰ ਬਰਾਬਰੀ ਨਹੀਂ ਕਰ ਸਕਿਆ । ਗੁਰੂ ਅਰਜਨ ਸਾਹਿਬ ਜੀ ਨੇ ਬਹੁਤ ਸਰੋਵਰ ਤੇ ਗੁਰਦੁਵਾਰਾ ਸਾਹਿਬਾ ਦਾ ਨਿਰਮਾਣ ਕਰਵਾਇਆ । ਗੁਰੂ ਜੀ ਨੇ ਸੰਸਾਰ ਦੇ ਭਲੇ ਲਈ ਆਦਿ ਗ੍ਰੰਥ ਸਾਹਿਬ ਜੀ ਦੀ ਰਚਨਾਂ ਕੀਤੀ । ਗੁਰੂ ਅਰਜਨ ਸਾਹਿਬ ਜੀ ਨੇ ਤੱਤੀ ਤਵੀ ਤੇ ਬੈਠ ਕੇ ਸੀਸ ਉਤੇ ਗਰਮ ਰੇਤਾ ਪਵਾ ਕੇ ਮਹਾਨ ਸ਼ਹਾਦਤ ਦੇ ਕੇ ਸ਼ਹੀਦੀ ਦਾ ਉਹ ਬੂਟਾ ਲਾਇਆ ਜਿਸ ਤੋ ਬਾਅਦ ਕਰੋੜਾ ਸ਼ਹਾਦਤਾਂ ਹੋਈਆਂ ਤੇ ਅੱਜ ਵੀ ਇਹ ਸ਼ਹਾਦਤ ਦਾ ਇਹ ਬੂਟਾ ਵੱਧ ਫੁੱਲ ਰਿਹਾ ਹੈ ਤੇ ਰਹਿੰਦੀ ਦੁਨੀਆ ਤੱਕ ਧਰਮ ਤੋ ਕੁਰਬਾਨ ਹੋਣ ਵਾਲੇ ਇਸ ਬੂਟੇ ਨੂੰ ਆਪਣੇ ਖੂਨ ਨਾਲ ਸਿੰਜਦੇ ਰਹਿਣਗੇ । ਐਸੇ ਦੀਨ ਦੁਨੀਆ ਦੇ ਮਾਲਿਕ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ ।
ਦਾਸ ਜੋਰਾਵਰ ਸਿੰਘ ਤਰਸਿੱਕਾ ।