More Gurudwara Wiki  Posts
5 ਜੁਲਾਈ ਸ਼ਹੀਦੀ ਦਿਹਾੜਾ ਭਾਈ ਸਾਹਿਬ ਭਾਈ ਮਹਾਰਾਜ ਸਿੰਘ ਜੀ ਨੌਰੰਗਾਬਾਦ


5 ਜੁਲਾਈ ਸ਼ਹੀਦੀ ਦਿਹਾੜਾ ਭਾਈ ਸਾਹਿਬ ਭਾਈ ਮਹਾਰਾਜ ਸਿੰਘ ਜੀ ਨੌਰੰਗਾਬਾਦ ਦਾ ਆਉ ਝਾਤ ਮਾਰੀਏ ਭਾਈ ਸਾਹਿਬ ਦੇ ਜੀਵਨ ਕਾਲ ਤੇ ਜੀ ।
ਸਿੱਖ ਕੌਮ ਨੂੰ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਦਿਤੀਆਂ 85 % ਕੁਰਬਾਨੀਆਂ ਦਾ ਮਾਣ ਹਾਸਲ ਹੈ ਜਦ ਕਿ ਸਿਖ ਕੌਮ ਦੀ ਗਿਣਤੀ ਭਾਰਤ ਵਿਚ ਸਿਰਫ 2% ਦੇ ਲਗਪਗ ਹੈ । ਮੁਗਲਾਂ ਨੂੰ ਕੱਢਣ ਵਾਸਤੇ ਗੁਰੂ ਸਾਹਿਬਾਨ ਤੇ ਅਨੇਕਾਂ ਸਿੰਘ ਇਸ ਦੇਸ਼ ਤੇ ਪੰਜਾਬ ਦੀ ਰੱਖਿਆ ਲਈ ਕੁਰਬਾਨ ਹੋਏ । ਅੰਗਰੇਜ਼ਾਂ ਨੂੰ ਦੇਸ਼ ’ਚੋਂ ਕੱਢਣ ਲਈ ਸਭ ਤੋ ਪਹਿਲੀ ਲੜਾਈ ਸ਼ੁਰੂ ਕਰਨ ਦਾ ਮਾਣ ਸ਼ਹੀਦ ਭਾਈ ਮਹਾਰਾਜ ਸਿੰਘ ਨੌਰੰਗਾਬਾਦ ਵਾਲਿਆਂ ਨੂੰ ਜਾਂਦਾ ਹੈ। ਉਹ ਅੰਗਰੇਜ਼ਾ ਦੇ ਖਿਲਾਫ਼ ਪਹਿਲੀ ਜਦੋ-ਜਹਿਦ ਤੇ ਐਂਗਲੋ-ਸਿੱਖ ਜੰਗ ਤੋਂ ਬਾਅਦ ਅੰਗਰੇਜ਼ਾਂ ਦੇ ਖ਼ਿਲਾਫ਼ ਲੜਨ ਦੀ ਪਹਿਲੀ ਲਹਿਰ ਦੇ ਮੋਹਰੀ ਸਨ।
ਉਹਨਾਂ ਦਾ ਜਨਮ 13 ਜਨਵਰੀ 1780 ਲੋਹੜੀ ਵਾਲੇ ਦਿਨ, ਸਾਂਝੇ ਪੰਜਾਬ ਦੇ ਪਿੰਡ ਰੱਬੋਂ ਨੀਚੀ , ਜਿਲਾ ਜਲੰਧਰ. ਵਿਖੇ ਹੋਇਆ। ਉਨ੍ਹਾ ਦਾ ਨਾਂ ਨਿਹਾਲ ਸਿੰਘ ਰਖਿਆ ਗਿਆ । ਬਚਪਨ ਉਨ੍ਹਾ ਦਾ ਨਿਰਮਲੇ ਸੰਤਾ ਦੇ ਡੇਰੇ ਤੇ ਬੀਤਿਆ ਸੀ ਜਿਸ ਕਰਕੇ ਸ਼ੁਰੂ ਤੋ ਹੀ ਉਨ੍ਹਾ ਦੀ ਬਿਰਤੀ ਸੰਤ-ਸੁਭਾ ਵਾਲੀ ਸੀ । ਥੋੜੇ ਵਡੇ ਹੋਏ ਤੇ ਨੌਰੰਗਾਬਾਦ ਦੇ ਬਾਬਾ ਬੀਰ ਸਿੰਘ ਦੀ ਮਹਿਮਾ ਸੁਣੀ ਤਾਂ ਉਹ ਵੀ ਉਹਨਾਂ ਦੇ ਡੇਰੇ ਵਿਚ ਆਕੇ ਲੰਗਰ-ਖ਼ਾਨੇ ਵਿੱਚ ਸੇਵਾ ਕਰਨ ਲੱਗ ਪਏ । ਆਈ ਹੋਈ ਸੰਗਤ ਦੀ ਪ੍ਰੇਮ ਭਾਵ ਨਾਲ ਸੇਵਾ ਕਰਦੇ ਅਤੇ ਅੰਨ-ਜਲ ਦੇਣ ਸਮੇਂ ‘ਲਓ ਮਹਾਰਾਜ ਜੀ , ਲਓ ਮਹਾਰਾਜ ਜੀ ‘ ਬੋਲਦੇ ਬੋਲਦੇ ਉਹਨਾਂ ਦਾ ਨਾਂਅ ਮਹਾਰਾਜ ਸਿੰਘ ਪ੍ਰਸਿੱਧ ਹੋ ਗਿਆ ।
ਬਾਬਾ ਬੀਰ ਸਿੰਘ ਜੀ ਦੀ ਸ਼ਹੀਦੀ ਉੱਪਰੰਤ ਸੰਗਤ ਨੇ ਉਹਨਾਂ ਨੂੰ ਨੌਰੰਗਾਬਾਦ ਦੇ ਡੇਰੇ ਦਾ ਮੁੱਖੀ ਥਾਪ ਦਿੱਤਾ। ਜਦ ਸਿਖਾਂ ਤੇ ਭੀੜਾ ਬਣੀ ਤਾਂ ਇਹ ਗਦੀ ਆਪਣੇ ਮੁਰੀਦ ਭਾਈ ਵੀਰ ਸਿੰਘ ਨੂੰ ਦੇਕੇ ਨੋਰੰਗਾਬਾਦ ਛਡ ਕੇ ਅਮ੍ਰਿਤਸਰ ਆ ਗਏ । ਇਥੇ ਸੰਧੂ ਕਾ ਤਲਾਬ ਆਪਣਾ ਹੇਡਕੁਆਟਰ ਬਣਾਇਆ ਤੇ ਪੰਜਾਬ ਤੇ ਸਿਖਾਂ ਨੂੰ ਬਚਾਉਣ ਲਈ ਸਰਗਰਮੀਆਂ ਸ਼ੁਰੂ ਕਰ ਦਿਤੀਆਂ । ਪਿੰਡਾਂ ਦੇ ਦੋਰੇ ਸ਼ੁਰੂ ਕੀਤੇ , ਲੋਕ ਜੋ ਉਨ੍ਹਾ ਦੀ ਸੋਚ ਨਾਲ ਮੇਲ ਖਾਂਦੇ ਸੀ ਤੇ ਅੰਗ੍ਰੇਜ਼ੀ ਰਾਜ ਦੇ ਖਿਲਾਫ਼ ਸੀ , ਚਾਹੇ ਉਹ ਹਿੰਦੂ , ਮੁਸਲਮਾਨ ਸਿਖ ਜਾਂ ਫਿਰ ਕਿਸੇ ਮਜਹਬ ਦੇ ਹੋਣ, ਇੱਕਠਿਆਂ ਕੀਤਾ ।
ਉਸ ਵੇਲੇ ਇਹ ਕਾਫੀ ਉਮਰ ਦੇ ਹੋ ਚੁਕੇ ਸਨ ਸਿਖ ਰਾਜ ਦਾ ਅੰਤ ਹੋ ਚੁਕਾ ਸੀ ਜਿਸ ਨੂੰ ਬਚਾਉਣ ਲਈ ਉਨ੍ਹਾ ਨੇ ਜੀ-ਤੋੜ ਕੋਸ਼ਿਸ਼ਾਂ ਕੀਤੀਆਂ – ਪਰ ਗਦਾਰਾਂ ਦੀਆਂ ਗਦਾਰੀਆਂ ਕਰਕੇ ਕਾਮਯਾਬ ਨਾ ਹੋ ਗਏ। ਰਾਮਨਗਰ ਅਤੇ ਚਿੱਲੀਆਂ ਵਾਲਾ ਦੀਆਂ ਲੜਾਈਆਂ ਵਿੱਚ ਸਿੱਖ ਫੌਜਾਂ ਦੀ ਡਟ ਕੇ ਹਰ ਪੱਖੋਂ ਸਹਾਇਤਾ ਕੀਤੀ ਜਿਸ ਵਿਚ ਇਨ੍ਹਾ ਨਾਲ ਵਡੀਆਂ ਵਡੀਆਂ ਹਸਤੀਆਂ ਵੀ ਸਨ , ਬਿਕਰਮ ਸਿੰਘ ਬੇਦੀ , ਸ਼ੇਰ ਸਿੰਘ, ਰਛਪਾਲ ਸਿੰਘ ਆਦਿ ।
ਇਕ ਸਾਲ ਤੋਂ ਮਹਾਰਾਜਾ ਦਲੀਪ ਸਿੰਘ ਲਾਹੌਰ ਦੇ ਕਿਲੇ ਵਿਚ ਨਜ਼ਰਬੰਦ ਸੀ ਮਹਾਰਾਜਾ ਦਲੀਪ ਸਿੰਘ ਨੂੰ ਕਿਲੇ ਤੋਂ ਕਢ ਕੇ ਉਨ੍ਹਾ ਦੇ ਬਚ-ਬਚਾਵ ਲਈ ਕਿਸੇ ਹੋਰ ਥਾਂ ਤੇ ਲਿਜਾਣ ਲਈ ਪ੍ਰੇਮਾ ਪਲਾਟ ਰਚਿਆ । ਇਹ ਪਲਾਟ ਲਾਹੌਰ ਵਿਖੇ ਬਰਤਾਨਵੀ ਰੈਜ਼ੀਡੈਂਟ ਹੈਨਰੀ ਲਾਰੈਂਸ ਅਤੇ ਅੰਗਰੇਜ਼ ਸਰਕਾਰ ਨਾਲ਼ ਮਿਲੇ ਦਰਬਾਰੀਆਂ ਅਤੇ ਅਧਿਕਾਰੀਆਂ ਨੂੰ ਕਤਲ ਕਰਨ ਦੀ ਯੋਜਨਾ ਨਾਲ ਵੀ ਸਬੰਧਤ ਸੀ । ਮਹਾਰਾਨੀ ਜਿੰਦਾ ਜੋ ਉਸ ਵਕਤ ਅੰਗਰੇਜਾਂ ਦੀ ਕੈਦ ਵਿਚ ਸੀ ਜਦ ਉਸ ਨੂੰ ਪਤਾ ਚਲਿਆ ਤਾਂ ਮਹਾਰਾਨੀ ਨੇ ਇਨ੍ਹਾ ਤਕ ਪਹੁੰਚ ਕੀਤੀ । ਮਹਾਰਾਨੀ ਤਾਂ ਇਸ ਗਲ ਦੀ ਬੜੀ ਬੇਸਬਰੀ ਨਾਲ ਉਡੀਕ ਰਹੀ ਸੀ ਕਦ ਕੋਈ ਐਸਾ ਮੌਕਾ ਆਏ ਉਹ ਆਪਣੇ ਵਿਛੜੇ ਪੁਤ ਨੂੰ ਮਿਲੇ ਤੇ ਉਸਦਾ ਖੁਸਿਆ ਰਾਜ ਭਾਗ ਵੀ ਮੁੜ ਵਾਪਸ ਮਿਲ ਜਾਏ ਮਹਾਰਾਨੀ ਨੇ ਮੂਲ ਰਾਜ ਨਾਲ ਗਲ ਬਾਤ ਕੀਤੀ ।
ਭਾਈ ਮਹਾਰਾਜ ਜੀ ਵੀ ਆਪਣੇ 400 ਸ਼ਸ਼ਤ੍ਰਧਾਰੀ ਫੌਜ਼ ਲੈਕੇ ਮੂਲ ਰਾਜ ਨਾਲ ਮਿਲਣ ਵਾਸਤੇ ਗਏ । ਜਦ ਝੰਗ ਪਹੁੰਚੇ ਤੇ ਉਨ੍ਹਾ ਦਾ ਬਹੁਤ ਨਿਘਾ ਸਵਾਗਤ ਹੋਇਆ ਦੂਰੋਂ ਦੂਰੋਂ ਸੰਗਰਾਂ ਡੇਰੇ ਦੇ ਮੁਖੀ ਭਾਈ ਮਹਾਰਾਜ ਨੂੰ ਮਿਲਣ ਵਾਸਤੇ ਆਈਆਂ । ਝਨਾਬ ਦਰਿਆ ਪਾਰ ਕਰਕੇ ਜਦ ਮੂਲ ਰਾਜ ਨੂੰ ਮਿਲੇ , ਗਲ-ਬਾਤ ਕੀਤੀ ਜਿਸਤੇ ਉਨ੍ਹਾ ਦਾ ਮੱਤ -ਭੇਦ ਹੋ ਗਿਆ । ਇਨ੍ਹਾ ਨੂੰ ਸਮਝ ਆ ਗਈ ਕੀ ਮੂਲ ਰਾਜ ਸਿਰਫ ਆਪਣੇ ਮੁਲਤਾਨ ਬਾਰੇ ਸੋਚ ਰਿਹਾ ਹੈ । ਪੰਜਾਬ ਦਾ ਉਸ ਨੂੰ ਕੋਈ ਫਿਕਰ ਨਹੀਂ ਜਦ ਕੀ ਇਨ੍ਹਾ ਦੀ ਸੋਚ ਬਹੁਤ ਵਡੇਰੀ ਸੀ, ਪੰਜਾਬ ਤੇ ਪੰਜਾਬੀਅਤ ਨੂੰ ਬਚਾਣ ਤੇ ਸਿਖ ਕੋਮ ਦਾ ਰਾਜ ਮੁੜ ਸਥਾਪਤ ਕਰਨਾ ਸੀ ਉਥੋਂ ਉਹ ਚੁਪ ਚਾਪ ਮੂਲ ਚੰਦ ਤੋਂ ਵਿਦਾ ਲੈਕੇ ਅੱਲਗ ਹੋ ਗਏ ।
ਜਦ ਅੰਗਰੇਜ਼ਾ ਨੂੰ ਪਤਾ ਲਗਾ ਕਿ ਪ੍ਰੇਮਾ ਪਲਾਟ ਨੂੰ ਰਚਣ ਵਾਲਾ ਮੋਹਰੀ ਮਹਾਰਾਜ ਸਿੰਘ ਹਨ ਤਾਂ ਇਨ੍ਹਾ ਨੂੰ ਰਿਜ਼ੇਨ੍ਸੀ ਕੋਂਸਿਲ ਵਿਚ ਪੇਸ਼ ਹੋਣ ਲਈ ਹੁਕਮ ਦਿਤਾ ਗਿਆ ਪਰ ਮਹਾਰਾਜ ਸਿੰਘ ਨੇ ਪੇਸ਼ ਹੋਣੋ ਇਨਕਾਰ ਕਰ ਦਿਤਾ । ਅੰਗਰੇਜਾਂ ਨੇ ਇਨ੍ਹਾ ਉਤੇ...

ਨੌਰੰਗਾਬਾਦ ਤੋਂ ਬਾਹਰ ਜਾਣ ਤੇ ਪਾਬੰਦੀ ਲਗਾ ਦਿੱਤੀ ਤੇ ਇਨ੍ਹਾ ਦੀ ਜਾਇਦਾਤ ਜਬਤ ਕਰ ਲਈ । ਇਸ ਘਟਨਾ ਨਾਲ ਮਹਾਰਾਜ ਸਿੰਘ ਦਾ ਕ੍ਰਾਂਤੀਕਾਰੀ ਸਫ਼ਰ ਸ਼ੁਰੂ ਹੋਇਆ ।
ਉਨ੍ਹਾ ਨੇ ਰੂਪੋਸ਼ ਹੋ ਕੇ ਅੰਗਰੇਜ਼ਾਂ ਵਿਰੁੱਧ ਬਗ਼ਾਵਤ ਕਰਨ ਵਾਲ਼ਿਆਂ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ।1849 ਵਿਚ ਜਦ ਸਿੱਖ ਫ਼ੌਜਾਂ ਗੁਜਰਾਤ ਵਿਚ ਆਤਮ ਸਮਰਪਣ ਕਰਨ ਲੱਗੀਆਂ ਤਾਂ ਉਸੇ ਸਮੇਂ ਉਹ ਗੁਜਰਾਤ ਪਹੁੰਚ ਗਏ ਤੇ ਪ੍ਰਭਾਵਸ਼ਾਲੀ ਭਾਸ਼ਣ ਦੁਆਰਾ ਆਤਮ ਸਮਰਪਣ ਕਰਨ ਦੀ ਵਿਰੋਧਤਾ ਕੀਤੀ। ਇਹ ਇਕ ਲੜਾਈ ਅੰਗਰੇਜਾਂ ਨਾਲ ਹੋਰ ਲੜਨਾ ਚਾਹੁੰਦੇ ਸੀ ਪਰ ਕਿਓਂਕਿ ਬਹੁਤੇ ਲੀਡਰ ਗਦਾਰਾਂ ਦੇ ਹਿਮਾਇਤੀ ਸਨ, ਸੋ ਹਥਿਆਰ ਸੁਟਣ ਦਾ ਫੈਸਲਾ ਕਰ ਦਿਤਾ ਗਿਆ । ਫੌਜ਼ ਨੂੰ ਬੜੇ ਬੇ-ਮਨੇ ,ਦੁਖੀ ਹੋਕੇ, ਅਖਾਂ ਵਿਚ ਅਥਰੂ ਲੈਕੇ ਹਥਿਆਰ ਸੁਟਣੇ ਪਏ ਉਸ ਵਕਤ ਉਨ੍ਹਾ ਦੇ ਬੋਲ ਸਨ .” ਅਜ ਰਣਜੀਤ ਸਿੰਘ ਮਰ ਗਿਆ ਹੈ “ ਉਨ੍ਹਾ ਭਾਣੇ ਉਸ ਦਿਨ ਮਹਾਰਾਜੇ ਦੀ ਮੋਤ ਹੋਈ ਸੀ ।
ਸਿੱਖ ਰਾਜ ਦੀ ਸਮਾਪਤੀ ਤੋਂ ਬਾਅਦ ਉਨ੍ਹਾ ਨੇ ਇਕੱਲਿਆਂ ਹੀ ਅੰਗਰੇਜ਼ਾਂ ਵਿਰੁੱਧ ਬਗਾਵਤ ਦੀ ਕਾਰਵਾਈ ਜਾਰੀ ਰੱਖਣ ਲਈ ਜੰਮੂ ਦੇ ਨੇੜੇ, ਦੇਵ ਬਟਾਲਾ ਦੇ ਜਸੋਵਾਲ ਪਿੰਡ ਦੇ ਖੇਤਾਂ ਵਿਚ ਆਪਣਾ ਗੁਪਤ ਟਿਕਾਣਾ ਬਣਾ ਲਿਆ । ਭਾਈ ਮਹਾਰਾਜ ਸਿੰਘ ਨੇ ਅੰਗਰੇਜ਼ਾਂ ਵਿਰੁੱਧ ਬਗਾਵਤ ਕਰਨ ਅਤੇ ਗਦਰ ਮਚਾਉਣ ਲਈ 1850 ਦਾ 3 ਜਨਵਰੀ ਦਿਨ ਨਿਸ਼ਚਿਤ ਕੀਤਾ। ਇਸ ਮੁਤਾਬਕ ਜਲੰਧਰ ਤੇ ਹੁਸ਼ਿਆਰਪੁਰ ਦੀਆਂ ਛਾਉਣੀਆਂ ਤੋ ਵਿਦਰੋਹ ਸ਼ੁਰੂ ਹੋਣਾ ਸੀ। ਤਿਆਰੀ ਮੁਕੰਮਲ ਹੋ ਚੁੱਕੀ ਸੀ। । ਕਿਸੇ ਵੀ ਜੰਗ ਲੜਨ ਲਈ ਤਿੰਨ ਚੀਜ਼ਾਂ ਦੀ ਲੋੜ ਹੁੰਦੀ ਹੈ , ਫੌਜ਼ , ਸ਼ਸ਼ਤਰ ਤੇ ਪੈਸਾ ਜਵਾਨ ਤਾਂ ਉਨ੍ਹਾ ਦਾ ਸਿਖ ਕੌਮ ਨਾਲ ਜਜ੍ਬਾ ਦੇਖ ਕੇ ਆਪਣੇ ਆਪ ਹੀ ਆ ਰਹੇ ਸਨ । ਦੂਸਰਾ ਸ਼ਸ਼ਤਰ ਤੇ ਪੈਸੇ ਲਈ ਅੰਗਰੇਜਾਂ ਦੇ ਖਜ਼ਾਨੇ ਤੇ ਛਾਵਨੀਆਂ ਲੁਟਣੀਆਂ ਸਨ ।
ਛੇ ਦਿਨ ਪਹਿਲਾਂ 28 ਦਸੰਬਰ 1849 ਨੂੰ ਇੱਕ ਜਾਸੂਸ ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ ਸੂਚਨਾ ਦੇ ਕੇ ਆਦਮਪੁਰ ਦੀ ਝਿੜੀ ’ਚੋਂ ਬਾਬਾ ਮਹਾਰਾਜ ਸਿੰਘ ਨੂੰ ਗ੍ਰਿਫਤਾਰ ਕਰਵਾ ਦਿੱਤਾ। ਅੰਗਰੇਜਾਂ ਨੇ ਕੁਝ ਦਿਨ ਉਨ੍ਹਾ ਨੂੰ ਜਲੰਧਰ ਦੀ ਜੇਲ ਵਿਚ ਰਖਿਆ ਜਿਥੇ ਸੰਗਤਾਂ ਦਾ ਹੜ ਉਨ੍ਹਾ ਨੂੰ ਹਰ ਰੋਜ਼ ਮੱਥਾ ਟੇਕਣ ਲਈ ਆਉਂਦਾ ਤੇ ਜੇਲ ਦੀ ਚਾਰਦੀਵਾਰੀ ਨੂੰ ਮੱਥਾ ਟੇਕ ਕੇ ਵਾਪਸ ਮੁੜ ਜਾਂਦਾ । ਇਸ ਡਰ ਤੋਂ ਕੀ ਕਦੀ ਕੋਈ ਬਗਾਵਤ ਨਾ ਹੋ ਜਾਏ ਉਨ੍ਹਾ ਨੂੰ ਕੁਝ ਚਿਰ ਕਲਕੱਤੇ ਦੇ ਵਿਲੀਅਮ ਫੋਰਟ ਕਿਲ੍ਹੇ ਵਿਚ ਕੈਦ ਰੱਖਣ ਮਗਰੋਂ ਹਾਰਬਰ ਪੋਇੰਟ ਸਿੰਘਾਪੁਰ ਭ੍ਹੇਜ ਦਿਤਾ । ਜੇਲ੍ਹ ਦੀ ਅਜਿਹੀ ਕਾਲ ਕੋਠੜੀ ਵਿਚ ਰੱਖਿਆ ਗਿਆ ਜਿਥੇ ਦੋ ਖਿੜਕੀਆਂ ਸਨ ਜੋ ਇਟਾਂ ਤੇ ਗਾਰਾ ਲਗਵਾਕੇ ਬੰਦ ਕਰਵਾ ਦਿਤੀਆਂ ਗਈਆਂ । ਰੌਸ਼ਨੀ ਦਾ ਬਿਲਕੁਲ ਨਾਮੋ-ਨਿਸ਼ਾਨ ਨਹੀਂ ਸੀ। ਬਹੁਤ ਹੀ ਮਾੜੀਆਂ ਹਾਲਤਾਂ ਤੇ ਕਸ਼ਟਾਂ ਨਾਲ ਨਾਮ ਸਿਮਰਨ ਦੇ ਆਸਰੇ ਉਨ੍ਹਾਂ ਨੇ 6 ਸਾਲ ਇਸ ਕਾਲ ਕੋਠੜੀ ਵਿਚ ਕੱਟੇ। ਇਥੇ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਅਤੇ ਕੈਂਸਰ ਵਰਗੀ ਭੈੜੀ ਬੀਮਾਰੀ ਦਾ ਸ਼ਿਕਾਰ ਹੋ ਗਏ। ਉਹ ਆਪਣੇ ਮਕਸਦ ਨਾਲੋਂ ਟੁਟੇ, ਆਪਣੇ ਦੇਸ਼, ਆਪਣੀ ਧਰਤੀ ਨਾਲੋ ਟੁਟੇ, ਆਪਣੇ ਦੇਸ਼ ਦੀ ਹਵਾ -ਪਾਣੀ ਨਾਲੋਂ ਟੁਟੇ ,ਇਤਨੇ ਕਸ਼ਟ ਸਹਿੰਦਿਆਂ ਵੀ ਉਨ੍ਹਾਂ ਨੇ ਅੰਗਰੇਜ਼ਾਂ ਦੀ ਈਨ ਨਹੀਂ ਮੰਨੀ । ਅੰਤ 5 ਜੁਲਾਈ 1856 ਨੂੰ ਸਿੰਘਾਪੁਰ ਦੀ ਜੇਲ੍ਹ ਵਿਚ ਹੀ ਸ਼ਹੀਦ ਹੋ ਗਏ। ਅੰਗਰੇਜ਼ ਇਤਿਹਾਸਕਾਰ ਆਰ-ਨੌਲਡ ਨੇ ਲਿਖਿਆ, ‘‘ਜੇ 28 ਦਸੰਬਰ ਨੂੰ ਭਾਈ ਮਹਾਰਾਜ ਸਿੰਘ ਨਾ ਫੜਿਆ ਜਾਦਾ ਤਾਂ ਪੰਜਾਬ ਸਾਡੇ ਹੱਥੋ ਨਿਕਲ ਜਾਣਾ ਸੀ।’’
ਸਿੰਘਾਪੁਰ ’ਚ ਬਣੀ ਯਾਦਗਾਰ
ਸਿੰਘਾਪੁਰ ਦੀ ਜੇਲ੍ਹ ਵਿਚ ਸ਼ਹੀਦੀ ਪਾਉਣ ਵਾਲੇ ਭਾਈ ਮਹਾਰਾਜ ਸਿੰਘ ਦੀ ਯਾਦ ਵਿਚ ਸਿੰਘਾਪੁਰ ਦੀ ਸਿਲਟ ਰੋਡ ’ਤੇ ਗੁਰਦੁਆਰਾ ਬਣਿਆ ਹੋਇਆ ਹੈ। ਗੁਰਦੁਆਰੇ ਦੇ ਨਾਲ ਸ਼ਹੀਦ ਭਾਈ ਮਹਾਰਾਜ ਸਿੰਘ ਦੀ ਯਾਦਗਾਰ ਬਣੀ ਹੋਈ ਹੈ। ਇਸ ਅਸਥਾਨ ’ਤੇ ਪੰਜਾਬੀਆਂ ਤੋਂ ਇਲਾਵਾ ਹੋਰ ਵਰਗਾਂ ਦੇ ਲੋਕ ਚੀਨੀ, ਤਾਮਿਲ, ਸ੍ਰੀ ਲੰਕਾ, ਮਦਰਾਸੀ ਤੇ ਮਲੇਸ਼ੀਆਂ ਦੇ ਲੋਕ ਵੀ ਨਮਸਤਕ ਹੁੰਦੇ ਹਨ। ਇਹ ਅਸਥਾਨ ਸੈਂਟਰਲ ਸਿੱਖ ਗੁਰਦੁਆਰਾ ਬੋਰਡ ਦੇ ਅਧੀਨ ਹੈ, ਜਿਥੇ ਬਾਬਾ ਜੀ ਦੀ ਯਾਦ ਵਿਚ ਲਾਇਬਰੇਰੀ, ਗੁਰਮਤਿ ਸੰਗੀਤ ਅਕੈਡਮੀ ਤੇ ਸਿੱਖੀ ਦੇ ਪ੍ਰਚਾਰ ਲਈ ਅਕੈਡਮੀ ਚੱਲ ਰਹੀ ਹੈ। ਗੁਰਦੁਆਰਾ ਸਿਲਟ ਰੋਡ ’ਤੇ ਉੱਨਤੀ ਪ੍ਰੋਜੈਕਟ ਦਾ ਨੀਂਹ ਪੱਥਰ 13 ਅਪਰੈਲ 1992 ਨੂੰ ਉਸ ਵੇਲੇ ਦੇ ਕਾਨੂੰਨ ਅਤੇ ਗ੍ਰਹਿ ਮੰਤਰੀ ਪ੍ਰੋਫੈਸਰ ਜਯਾ ਕੁਮਾਰ ਨੇ ਰੱਖਿਆ ਸੀ।
ਸ਼ਹੀਦ ਮਹਾਰਾਜ ਸਿੰਘ ਦੀ ਯਾਦ ਵਿਚ ਉਨ੍ਹਾਂ ਦੇ ਜੱਦੀ ਪਿੰਡ ਰੱਬੋ ਵਿਚ ਤਪ-ਅਸਥਾਨ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਅਤੇ ਅੰਤਿਮ ਸਮੇ ਤੱਕ ਨਾਲ ਰਹੇ ਬਾਬਾ ਖੜਕ ਸਿੰਘ ਦੀ ਯਾਦਗਾਰ ਬਣੀ ਹੋਈ ਹੈ। ਇਥੇ ਹਰ ਸਾਲ 13 ਜਨਵਰੀ ਨੂੰ ਜਨਮ ਦਿਵਸ ਅਤੇ 5 ਜੁਲਾਈ ਨੂੰ ਸ਼ਹੀਦੀ ਦਿਹਾੜਾ ਮਨਾਇਆ ਜਾਦਾ ਹੈ।
ਜੋਰਾਵਰ ਸਿੰਘ ਤਰਸਿੱਕਾ
ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ ।

...
...Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)