ਅਨੰਦਪੁਰ ਦੇ ਕਿਲ੍ਹੇ ਵਾਲ਼ੀ ਬਿਪਰਾਂ ਦੀ ਸਹੁੰ”
ਗੁਰੂ ਗੋਬਿੰਦ ਸਿੰਘ ਸਾਹਿਬ ਖਿਲਾਫ ਹਰ ਵਕਤ ਔਰੰਗਜੇਬ ਦੇ ਕੰਨ ਭਰਦੇ , ਚੂਲ਼ਾਂ ਲਾਉਂਦੇ , ਪੱਟੀ ਪੜ੍ਹਉਂਦੇ , ਉਸਦਾ ਬ੍ਰੇਨ ਵਾਸ਼ ਕਰਦੇ , ਪੁੱਠੀਆਂ ਸਿੱਧੀਆਂ ਮੱਤਾਂ ਦਿੰਦੇ , ਚੁਆਤੀ ਲਾਉਂਦੇ ਹਿੰਦੂ ਰਾਜੇ , ਜਿੰਨਾਂ ਨੂੰ ਇਕੱਲਾ ਪਹਾੜੀ ਰਾਜੇ ਕਹਿਕੇ ਛੁਟਿਆਇਆ ਨਹੀਂ ਜਾ ਸਕਦਾ । ਇਨਾਂ ਨੇ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ , ਜਿਸਦੇ ਅੰਦਰ ਸਮੁੱਚੀ ਮਾਨਵਤਾ ਦਾ ਜਾਂਬਾਜ ਰਹਿਬਰ ਜਿਸਦੀ ਛੋਹ ਦਾ ਗੈਬੀ ਅਤੇ ਵਿਸਮਾਦੀ ਕੰਪਨ ਦੀ ਜਾਹਰਾ ਜਹੂਰ ਵਰਤਦੀ ਕਲ੍ਹਾ ਦੇ ਅਨੂਠੇ ਕ੍ਰਿਸ਼ਮਿਆਂ ਦੇ ਅਲੌਕਿਕ ਵਰਤਾਰੇ ਦੀ ਅਜੀਮ ਅਤੇ ਅਣਦਿੱਸਦੀ ਖੇਡ ਵਿੱਚ ਜੁੜੇ ਰਹਿਣ ਵਾਲੇ ਪੈਗੰਬਰ ਅਤੇ ਉਸਦੀ ਉਮੱਤ ਸਮੇਤ ਨਿੱਜੀ ਪਰਿਵਾਰ ਨੂੰ 8 ਮਹੀਨੇ ਘੇਰਾ ਪੁਆਈ ਰੱਖਿਆ ਤਾਂ ਕਿ ਗੁਰੂ ਸਾਹਿਬ ਨੂੰ ਫੜ੍ਹਕੇ ਔਰੰਗਜੇਬ ਹਵਾਲੇ ਕਰਕੇ ਪੰਥ ਨੂੰ ਖਤਮ ਕਰਨ ਦੀ ਘਟੀਆ ਚਾਲ ਨੂੰ ਅੰਜਾਮ ਦਿੱਤਾ ਜਾ ਸਕੇ ।
ਇਹ ਅੱਜ ਦੇ ਚਾਣਕਿਆਵਾਦ ਦੇ ਉਹ ਵੱਡ ਵਡੇਰੇ ਸਨ ਜਿੰਨਾਂ ਨੂੰ ਸਿੱਖ ਮੱਤ ਕੋਲੋਂ ਹਰ ਵਕਤ ਡਰ ਅਤੇ ਭੈਅ ਸਤਾਉਂਦਾ ਸੀ ਕਿਉਂਕਿ ਗੁਰੂ ਨਾਨਕ ਦਾ ਘਰ ਦੂਸਰਿਆਂ ਨੂੰ ਲੁੱਟਕੇ ਤਜੌਰੀਆਂ ਭਰਨ ਦੀ ਇਜਾਜਤ ਨਹੀਂ ਦਿੰਦਾ ਅਤੇ ਨਾਂ ਹੀ ਕਿਸੇ ਵਿਅਕਤੀ ਨੂੰ ਊਚ ਨੀਚ ਦੇ ਭਰਮ ਛਲ਼ਾਵੇ ਵਿੱਚ ਪੈਣ ਦਿੰਦਾ ਸੀ । ਲੋਕਾਂ ਦੇ ਟੈਕਸਾਂ ਨਾਲ ਭਰੇ ਖਜਾਨਿਆਂ ਨੂੰ ਹੜੱਪਣ ਵਾਲਾ ਦੈਂਤ ਬਨਾਮ ਹਿੰਦੂਤਵਾ ਜਿਸਨੇ ਕਦੀ ਵੀ ਇਤਿਹਾਸ ਵਿੱਚ ਕੋਈ ਮਨੁੱਖਤਾਵਾਦੀ ਕਰਮ ਜਾਂ ਵਿਚਾਰਧਾਰਾ ਨੂੰ ਨਾਂ ਪੈਦਾ ਕੀਤਾ ਅਤੇ ਨਾਂ ਇਸ ਤਰਾਂ ਦੀ ਕਿਸੇ ਹੋਰ ਦੀ ਵਿਚਾਰਧਾਰਾ ਨੂੰ ਫੈਲਣ ਦਿੱਤਾ । ਇਸੇ ਵਲ਼ਧਾਰੀ ਨਾਗ ਨੇ ਆਪਣੇ ਸ਼ਿਕੰਜੇ ਵਿੱਚ ਜੈਨ ਮੱਤ ਅਤੇ ਬੁੱਧ ਮੱਤ ਨੂੰ ਘੁੱਟਕੇ ਮਾਰ ਦਿੱਤਾ ਸੀ । ਇਸਦਾ ਉਹੀ ਸੁਭਾਅ ਸੀ ਕਿ ਅਨੰਦਪੁਰ ਦੇ ਕਿਲ੍ਹੇ ਨੂੰ ਵਲ਼ ਪਾਈ ਰੱਖੋ , ਆਪੇ ਰਾਂਸ਼ਣ ਪਾਣੀ ਖਤਮ ਹੋਣ ‘ਤੇ ਇਹ ਆਪੇ ਬਾਹਾਂ ਖੜ੍ਹੀਆਂ ਕਰਕੇ ਬਾਹਰ ਆ ਜਾਣਗੇ ਪਰ ਐਸਾ ਨਾਂ ਹੋਇਆ ।
ਸਾਵਣ ਮਹੀਨੇ ਦੀ ਬਰਸਾਤੀ ਰੁੱਤ ਆਈ ਤਾਂ ਫੌਜ ਵਿੱਚ ਹੈਜੇ ਦੀ ਬੀਮਾਰੀ ਫੈਲਣ ਕਰਕੇ ਬਹੁਤ ਸਾਰੇ ਫੋਜ ਦੇ ਜਵਾਨ ਮਾਰੇ ਗਏ ਜਿਸ ਨਾਲ ਫੌਜ ਅਤੇ ਸਰਕਾਰ ਵਿੱਚ ਬੇਚੈਨੀ ਵਧੀ । ਕਿਲ੍ਹੇ ਅੰਦਰ ਘਿਰੇ ਹੋਏ ਸਿੰਘ ਲੰਬੇ ਘੇਰੇ ਦੀ ਵਜਾ ਕਰਕੇ ਰਸਦ ਮੁੱਕਣ ਕਾਰਨ ਭੁੱਖਣ ਭਾਣੇ ਸੁੱਕਕੇ ਲੱਕੜਾਂ ਵਰਗੇ ਹੋਣ ਲੱਗ ਪਏ । ਮੇਰੇ ਵਰਗੀਆਂ ਕਮਜੋਰ ਰੂਹਾਂ ਗੁਰੂ ਸਾਹਿਬ ਨੂੰ ਸਲਾਹਾਂ ਦਿੰਦੀਆਂ , ਪਾਤਸ਼ਾਹ ਜੀ !ਕਿਲ੍ਹਾ ਛੱਡ ਦੇਈਏ ! ਗੁਰੂ ਸਾਹਿਬ ਹਲਕਾ ਜਿਹਾ ਮੁਸਕਰਾਕੇ ਅੱਖਾਂ ਬੰਦ ਕਰ ਲੈਂਦੇ ਅਤੇ ਅਕਾਲ ਪੁਰਖ ਸਾਹਿਬ ਤੋਂ ਹੁਕਮ ਲਈ ਜੁੜਦੇ ਅਤੇ ਅੱਖਾਂ ਖੋਹਲ ਅਕਾਲੀ ਹੁਕਮ ਦੇ ਅਲੌਕਿਕ ਅਤੇ ਰਹੱਸਮਈ ਭੇਦ ਦੀ ਭਿਣਕ ਦਿੰਦੇ ਆਖਦੇ ,” ਸਿੰਘੋ ਅਜੇ ਥੋੜੇ ਦਿਨ ਹੋਰ ਰੁਕੋ ।”
ਸਿੰਘ ਇੱਕ ਦੂਸਰੇ ਵੱਲ ਦੇਖਦੇ ਹੋਏ ਸੁੱਕੇ ਬੁੱਲਾਂ ਉੱਤੇ ਜਬਾਨ ਫੇਰਦੇ ਪਰ ਕਹਿਣ ਦਾ ਹੀਆ ਨਾਂ ਜੁਟਾ ਪਾਉਂਦੇ ਫਿਰ ਬਹਿਕੇ ਭੁੱਖੇ ਪੇਟ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਜਾਂਦੇ ।
ਦੋ ਤਿੰਨ ਦਿਨ ਤੋਂ ਹਿੰਦੂ ਰਾਜੇ ਵੀ ਬੜੇ ਪ੍ਰੇਸ਼ਾਨ ਸਨ ਕਿਉਂਕਿ ਔਰੰਗਜੇਬ ਵਲੋਂ ਉਨਾਂ ਨਾਲ ਸਖਤੀ ਹੋਣ ਲੱਗੀ ਕਿ ਗਿਣਤੀ ਦੇ ਬੰਦੇ ਤੁਸੀਂ ਕਾਬੂ ਨਹੀਂ ਕਰ ਪਾ ਰਹੇ। ਸਰਕਾਰ ਨੇ ਨਵੀਂ ਰਣਨੀਤੀ ਅਪਣਾਈ ਅਤੇ ਸਰਕਾਰੀ ਮੁਨਾਦੀ ਅਨੰਦਪੁਰ ਵਿੱਚ ਕਿਲ੍ਹੇ ਨੇੜੇ ਕਰਵਾ ਦਿੱਤੀ ਕਿ ਜੋ ਗੁਰੂ ਦਾ ਸਾਥ ਛੱਡਕੇ ਘਰ ਜਾਣਾ ਚਾਹੁੰਦੇ ਹਨ ਸਰਕਾਰ ਉਨਾਂ ਨੂੰ ਰਾਹ ਦੇ ਦੇਵੇਗੀ ਅਤੇ ਗ੍ਰਿਫਤਾਰ ਨਹੀਂ ਕੀਤਾ ਜਾਵੇਗਾ ।
ਇਧਰ ਕੁੱਝ ਸਿੰਘਾਂ ਵਿੱਚ ਭੁੱਖ ਦੀ ਅੱਗ...
ਭਾਂਬੜ ਬਣਕੇ ਸਰੀਰਾਂ ਨੂੰ ਪਲ ਪਲ ਸਾੜ ਰਹੀ ਸੀ । ਇਨਾਂ ਸਿੰਘਾਂ ਦੀ ਸ਼ਹਿਣ ਸ਼ਕਤੀ ਦਾ ਕਿਲ੍ਹਾ ਰੇਤ ਵਾਂਗ ਕਿਰਨ ਲੱਗਾ । ਉਹ ਆਖਦੇ , “ ਪਾਤਸ਼ਾਹ ਜੀ ! ਮੈਦਾਨਿ ਜੰਗ ਵਿੱਚ ਸ਼ਹੀਦ ਹੋਣ ਲਈ ਤਾਂ ਤਿਆਰ ਹਾਂ ਪਰ ਭੁੱਖ ਨਾਲ ਨਹੀਂ ਮਰਨਾ ਚਾਹੁੰਦੇ । ਗੁਰੂ ਜੀ ਕਹਿੰਦੇ , “ ਮਹਾਂ ਸਿੰਘਾ ਸਿਰਫ ਇੱਕ ਦਿਨ ਹੋਰ ਰੁਕ ਜਾਓ । ਭੁੱਖ ਦੀ ਲਾਚਾਰਗੀ ਵਿੱਚ ਮਹਾਂ ਸਿੰਘ ਬੋਲਿਆ , “ ਮਹਾਰਾਜ ਹੁਣ ਸਾਡੀ ਕੋਈ ਵਾਹ ਨਹੀਂ ਸਿਵਾਇ ਕਿ ਹੁਣ ਅਸੀਂ ਘਰਾਂ ਨੂੰ ਮੁੜ ਹੀ ਜਾਈਏ ।”
ਗੁਰੂ ਸਾਹਿਬ ਕੜਕਕੇ ਬੋਲੇ , “ ਮਹਾਂ ਸਿੰਘਾਂ !! ਤੁਸੀਂ ਹੁਕਮ ਤੋਂ ਆਕੀ ਹੋ ਤਾਂ ਆਹ ਲੈ ਕਲਮ ਅਤੇ ਇਸ ਕਾਗਜ ਉੱਤੇ ਲਿਖਕੇ ਦਿਓ ਕਿ ਤੁਸੀਂ ਸਾਡੇ ਗੁਰੂ ਨਹੀਂ , ਅਸੀਂ ਤੁਹਾਡੇ ਸਿੱਖ ਨਹੀਂ !! ਅਤੇ ਦਸਤਖਤ ਕਰ ਦਿਓ। ………ਮਹਾਂ ਸਿੰਘ ਨੇ ਨੀਂਵੀ ਪਾਈ ਸਿੱਲੀਆਂ ਅੱਖਾਂ ਅਤੇ ਕੰਬਦੇ ਹੱਥਾਂ ਨਾਲ਼ ਲਿਖਕੇ ਦੇ ਦਿੱਤਾ ਅਤੇ 39 ਹੋਰ ਸਿੰਘ ਰਾਤ ਦੇ ਹਨੇਰੇ ਵਿੱਚ ਕਿਲ੍ਹਾ ਛੱਡ ਅਲੋਪ ਹੋ ਗਏ।
ਦੁਸ਼ਮਣ ਬੜਾ ਖੁਸ਼ ਹੋਇਆ ਕਿ ਕਿਲ੍ਹੇ ਅੰਦਰ ਖਾੜਕੂਆਂ ਦੀ ਗਿੱਣਤੀ ਘਟ ਗਈ ਏ । ਹੁਣ ਉਨਾਂ ਦੂਸਰਾ ਪੈਂਤੜਾ ਵਰਤਿਆ ਅਤੇ ਹਿੰਦੂ ਰਾਜਿਆਂ ਦੇ ਨੁਮਾਂਇੰਦਿਆਂ ਦਾ ਇੱਕ ਵਫਦ ਗੁਰੂ ਸਾਹਿਬ ਵੱਲ ਭੇਜਿਆ ਭੇਜਿਆ ਅਤੇ ਕਿਲ੍ਹਾ ਛੱਡਣ ਲਈ ਆਟੇ ਦੀ ਗਾਂ ਬਣਾਕੇ ਉਸਦੀ ਸਹੁੰ ਚੁੱਕਕੇ ਕਹਿੰਦੇ , ਗੁਰੂ ਜੀ ਤੁਸੀਂ ਕਿਲ੍ਹਾ ਛੱਡ ਦਿਓ ਅਸੀਂ ਹਮਲਾ ਬਿਲਕੁਲ ਨਹੀਂ ਕਰਾਂਗੇ । ਬਸ ਦਿੱਲੀ ਵਲੋਂ ਸਖਤੀ ਹੋ ਰਹੀ ਏ ਅਸੀਂ ਸਿਰਫ ਕਾਗਜੀ ਕਾਰਵਾਈ ਕਰਨੀ ਏਂ ਕਿ ਕਿਲ੍ਹਾ ਖਾਲੀ ਕਰਵਾ ਦਿੱਤਾ ਹੈ । ਮਾਤਾ ਗੁਜਰ ਕੌਰ ਜੀ ਪਹਿਲਾਂ ਬੋਲ ਪਏ ਕਿ ਅਸੀਂ ਕਿਲ੍ਹਾ ਖਾਲੀ ਨਹੀਂ ਕਰਾਂਗੇ । ਗੁਰੂ ਸਾਹਿਬ ਜੀ ਮਾਤਾ ਜੀ ਨੂੰ ਉਸ ਵਫਦ ਤੋਂ ਥੋੜਾ ਦੂਰ ਕਰਕੇ , ਹੱਥ ਜੋੜਕੇ ਬੇਨਤੀ ਕਰਨ ਲੱਗੇ , “ ਮਾਤਾ ਜੀ , ਤੁਹਾਨੂੰ ਵੀ ਪਤਾ ਹੈ ਅਤੇ ਮੈਨੂੰ ਵੀ ਕਿ ਇਹ ਝੂਠ ਬੋਲ ਰਹੇ ਹਨ ਪਰ ਇਹ ਆਪਣੇ ਇਸ਼ਟ ਦੀ ਝੂਠੀ ਸਹੁੰ ਖਾ ਰਹੇ ਹਨ ਜੇ ਅਸੀਂ ਭਰੋਸਾ ਨਹੀਂ ਕਰਦੇ ਤਾਂ ਇਸਦਾ ਅਰਥ ਇਹ ਹੋਵੇਗਾ ਕਿ ਅਸੀਂ ਵੀ ਅਕਾਲਪੁਰਖ ਉੱਤੇ ਭਰੋਸਾ ਨਹੀਂ ਕਰਦੇ । ਮਾਤਾ ਜੀ ਨੇ ਪੁੱਤਰ ਗੁਰੂ ਜੀ ਦੀ ਗੈਬੀ ਰਮਜ ਜਾਣਦਿਆਂ ਪਿੱਠ ਥਾਪੜਦਿਆਂ ਆਖਿਆ , “ ਗੁਰੂ ਨਾਨਕ ਸਾਹਿਬ ਭਲਾ ਕਰਨਗੇ ਅਤੇ ਸਹਿਮਤੀ ਦੇ ਦਿੱਤੀ। ਅਗਲੀ ਰਾਤ ਗੁਰੂ ਸਾਹਿਬ ਜੀ ਨੇ ਕਿਲ੍ਹਾ ਖਾਲੀ ਕਰ ਦਿੱਤਾ ਅਤੇ ਝੂਠੀਆਂ ਕਸਮਾਂ ਖਾਣ ਵਾਲਿਆਂ ਦੇ ਕਿਰਦਾਰ ਦੀ ਮਿੱਟੀ ਉੱਡੀ । ਉਂਗਲ਼ਾਂ ‘ਤੇ ਗਿਣੇ ਜਾਣ ਜੋਗੇ ਖਾਲਸਿਆਂ ਨੇ ਫੋਲਾਦੀ ਤੇਗਾਂ ਅਤੇ ਖੰਡਿਆਂ ਦੀ ਭਰਪੂਰ ਨਿੱਗਰਤਾ ਨਾਲ ਜੌਹਰੀ ਹੱਥ ਦਿਖਾਏ ਅਤੇ ਗਿੱਦੜਾਂ ਦੀ ਫੌਜ ਦੇ ਪੈਰ ਨਾਂ ਲੱਗਣ ਦਿੱਤੇ ……ਚਲਦਾ >>>>>
———————————————-
ਝੂਠੀ ਸਹੁੰ ਖਾਣ ਵਾਲਿਆਂ ਦਾ ਇਤਿਹਾਸ ਵਿੱਚ ਨਾਮੋਨਿਸ਼ਾਨ ਮਿਟਿਆ ਅਤੇ ਅਗਾਂਹ ਵੀ ਮਿਟਦਾ ਰਹੇਗਾ । ਉਹ ਸਹੁੰ ਭਾਵੇਂ ਨਹਿਰੂ ਖਾਵੇ ਜਾਂ ਪਟੇਲ ਤੇ ਭਾਵੇਂ ਗਾਂਧੀ ਅਤੇ ਭਾਵੇਂ ਅਮਰਿੰਦਰ ਫੌਜੀ । ਅਜਿਹੇ ਮੁਕਰ ਜਾਣ ਵਾਲੇ ਬਾਦਲਾਂ ਅਤੇ ਭਾਰਤ ਦਾ ਹਸ਼ਰ ਝੂਠੀਆਂ ਸਹੁੰਆਂ ਕਰਕੇ ਉਜੜਨ ਦੇ ਕੰਢੇ ‘ਤੇ ਹੈ ।
ਅਨੰਦਪੁਰ ਸਾਹਿਬ ਵਿੱਚ ਖਾਧੀਆਂ ਸਹੁੰਆਂ ਤੋਂ ਲੈਕੇ ਅੱਜ ਤੱਕ ਸੈਂਕੜੇ ਦਗੇ ਪੰਥ ਨਾਲ ਕਰਨ ਵਾਲਿਆਂ ਦਾ ਹਸ਼ਰ ਸੰਸਾਰ ਦੇਖੇਗਾ ਕਿ ਕਿਵੇਂ ਉਜੜੇ ਅਤੇ ਭਾਰਤੀ ਮਨੁੱਖਤਾ ਉੱਚੀ ਉੱਚੀ ਗਾ ਉੱਠੇਗੀ , “ ਰਾਜ ਕਰੇਗਾ ਖਾਲਸਾ ।”
ਪ੍ਰਵੀਨ ਕੌਰ।