More Gurudwara Wiki  Posts
ਅਨੰਦਪੁਰ ਸਾਹਿਬ ਦਾ ਕਿਲ੍ਹਾ ਤੇ ਚਮਕੌਰ ਦੀ ਅਸਾਵੀਂ ਜੰਗ (ਭਾਗ ਤੀਜਾ)


ਅਨੰਦਪੁਰ ਸਾਹਿਬ ਦਾ ਕਿਲ੍ਹਾ ਤੇ ਚਮਕੌਰ ਦੀ ਅਸਾਵੀਂ ਜੰਗ (ਭਾਗ ਤੀਜਾ)
ਆਸਾ ਦੀ ਵਾਰ ਦੇ ਕੀਰਤਨ ਅਤੇ ਨਿੱਤਨੇਮ ਪਿੱਛੋਂ ਦਿਨ ਦਾ ਚੜਾਅ ਸ਼ੁਰੂ ਹੋ ਗਿਆ ਸਰਸਾ ਨਦੀ ਪਾਰ ਕਰਦਿਆਂ ਸਿੰਘਾਂ ਦੇ ਫੋਜੀ ਜਥਿਆਂ ਵਿੱਚੋਂ ਬਚ ਗਏ ਸਿੰਘਾਂ ਦੇ ਜਥੇ ਆਪਸ ਵਿੱਚ ਹੀ ਵਿੱਛੜ ਚੁੱਕੇ ਸਨ। ਭਾਈ ਮਨੀ ਸਿੰਘ ਦੇ ਜਥੇ ਨਾਲ ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਤੇ ਪੰਜ ਹੋਰ ਸਿੰਘਾਂ ਦੀ ਦਿਸ਼ਾ ਦਿੱਲੀ ਵਾਲੇ ਪਾਸੇ ਹੋ ਗਈ । ਬਹੁਤ ਸਾਰਾ ਸਮਾਨ ਜਿਸ ਵਿਚ ਸਾਲਾਂ ਦੀ ਕੀਤੀ ਮਿਹਨਤ ਦੇ ਨਾਲ ਰਚਿਆ ਸਾਹਿਤਕ ਖਜਾਨਾ ਵੀ ਰੁੜ ਗਿਆ। …ਗੁਰੂ ਸਾਹਿਬ ਦੋਵੇਂ ਸਾਹਿਬਜ਼ਾਦਿਆਂ ਤੇ ਗਿਣਤੀ ਦੇ ਕੁਝ ਸਿੰਘਾਂ ਨਾਲ ਵਰ੍ਹਦੇ ਮੀਂਹ ਵਿੱਚ ਭਿੱਜੇ ਹੋਏ ਬਸਤਰ ਅਤੇ ਥੱਕੇ ਟੁੱਟੇ ਅਤੇ ਉਨੀਂਦਰੇ ਜਿਸਮ , ਭੁੱਖੇ ਢਿੱਡੀਂ ਰੋਪੜ ਪਹੁੰਚੇ ਜਿਥੇ ਉਨਾਂ ਦਾ ਟਾਕਰਾ ਇੱਕ ਪਠਾਣਾਂ ਦੀ ਫੌਜੀ ਟੁੱਕੜੀ ਨਾਲ ਹੋ ਗਿਆ ਸਿੰਘਾਂ ਨੇ ਉਨਾਂ ਨੂੰ ਚੰਗੀ ਤਰਾਂ ਦਿਨ ਦੇ ਚਾਨਣ ਵਿੱਚ ਤੇਗਾਂ ਦੇ ਖੁੱਲੇ ਗੱਫੇ ਵਰਤਾਏ । ਕਿਸੇ ਦੀ ਬਾਂਹ , ਕਿਸੇ ਦੀ ਲੱਤ , ਕਿਸੇ ਦੀ ਗਰਦਣ , ਕਿਸੇ ਦਾ ਮੋਢਾ ਚੀਰਕੇ ਐਸਾ ਵਢਾਂਗਾ ਸਿੰਘ ਸੂਰਮਿਆਂ ਪਾਇਆ ਕਿ ਲਾਸਾਂ ਤੱਕ ਬੇਪਛਾਣ ਕਰ ਦਿੱਤੀਆਂ । ਸਿੰਘਾਂ ਦੇ ਇਸ ਭਿਆਨਕ ਅਤੇ ਦਹਿਲ ਪਾਉਣ ਵਾਲੇ ਹੱਲੇ ਵਿੱਚੋਂ ਭੱਜਕੇ ਗਏ ਪਠਾਣਾ ਨੇ ਰੁੱਖਾਂ ਦੀਆਂ ਝਿੜੀਆਂ ਅਤੇ ਫਸਲਾਂ ਵਿੱਚ ਸਾਹ ਰੋਕਕੇ ਛੁੱਪਕੇ ਜਾਨਾਂ ਬਚਾਈਆਂ। ਸਤਿਗੁਰਾਂ ਨੇ ਸਿੰਘਾਂ ਨੂੰ ਕਿਸੇ ਪ੍ਰਕਾਰ ਦੇ ਜੈਕਾਰੇ ਲਾਉਣ ਤੋਂ ਪਹਿਲਾਂ ਹੀ ਜੰਗੀ ਨੀਤੀ ਅਨੁਸਾਰ ਵਰਜਿਆ ਹੋਇਆ ਸੀ ਤਾਂਕਿ ਪਿੱਛਾ ਕਰ ਰਿਹਾ ਦੁਸ਼ਮਣ ਅਵਾਜ ਤੋਂ ਦਿਸ਼ਾ ਅਤੇ ਫਾਸਲੇ ਦਾ ਅੰਦਾਜਾ ਨਾਂ ਲਾ ਸਕੇ । ਮੰਜਿਲਾਂ ਮਾਰਦਾ ਖਾਲਸਾ ਚਮਕੌਰ ਦੀ ਜੂਹ ਵਿੱਚ ਦਾਖਲ ਹੋਇਆ ਅਤੇ ਕੱਚੀ ਹਵੇਲੀ ਵਿੱਚ ਪਹੁੰਚਕੇ ਡੇਰੇ ਲਾ ਲਏ । ਗੁਰੂ ਸਾਹਿਬ ਜੀ ਨੂੰ ਸੰਸਾਰ ਦੀਆਂ ਨਜਰਾਂ ਅਤੇ ਪੈਮਾਨਿਆਂ ਵਿੱਚ ਪੂਰੇ ਪਰਿਵਾਰ ਦੇ ਪੈ ਚੁੱਕੇ ਵਿਛੋੜੇ ਦਾ ਅਹਿਸਾਸ ਹੋ ਚੁੱਕਾ ਸੀ ਅਤੇ ਉਨਾਂ ਨੂੰ ਪਰਿਵਾਰ ਬਾਰੇ ਕੋਈ ਖਬਰ ਨਹੀਂ ਸੀ ਕਿ ਮਾਤਾ ਗੁਜਰੀ ਜੀ ਸੁਪਤਨੀ ਸੁੰਦਰ ਕੌਰ ਅਤੇ ਖਾਲਸੇ ਦੀ ਮਾਤਾ ਸਾਹਿਬ ਕੌਰ ਅਤੇ ਦੋ ਮਾਸੂਮ ਛੋਟੇ ਸਾਹਿਬਜਾਦੇ ਕਿੱਥੇ ਹਨ , ਫਿਰ ਵੀ ਉਹ ਅਤੇ ਉਨ੍ਹਾ ਦੇ ਵੱਡੇ ਲਖਤੇ-ਜਿਗਰ ਸਾਹਿਬਜ਼ਾਦੇ ਤੇ ਬਾਕੀ ਸਿੰਘ ਪੂਰੀ ਤਰਾਂ ਚੜਦੀ ਕਲਾ ਦੇ ਜਲੌਅ ਅਤੇ ਨਿਰਭਉਤਾ ਦੀ ਉੱਚ ਮੰਡਲ਼ੀ ਦੇ ਆਵੇਸ਼ ਵਿੱਚ ਵਿਚਰਦੇ ਕਿਸੇ ਅਗਿਆਤ ਘੜੀਆਂ ਦੇ ਟਾਕਰੇ ਦੀ ਭਿਅੰਕਰਤਾ ਨੂੰ ਆਪਣੇ ਹਿੱਕ ਦੇ ਜੋਰ ਨਾਲ਼ ਕੂੜ ਕੁਸੱਤ ਦੀ ਨਿਰਦਈ ਅਤੇ ਅਨਿਆਂਕਾਰੀ ਵੰਗਾਰ ਨੂੰ ਰੇਤ ਦੇ ਕਿਲ੍ਹੇ ਵਾਂਗ ਢਹਿਢੇਰੀ ਕਰਨ ਦੇ ਇਰਾਦਿਆਂ ਨੂੰ ਆਪਣੇ ਚੇਤੇ ਵਿੱਚ ਲਲਕਾਰ ਰਹੇ ਸਨ ।
ਇਸ ਖਬਰ ਦੀ ਭਿਣਕ ਸਰਹੰਦ ਤਕ ਨਵਾਬ ਵਜੀਦ ਖਾਨ ਦੇ ਕੰਨੀਂ ਵੀ ਜਾ ਪਈ ਸੀ ਜਿਸਨੇ ਤੁਰੰਤ ਆਪਣੀ ਸੈਨਾ ਚਮਕੌਰ ਵੱਲ ਭੇਜਣ ਦਾ ਹੁਕਮ ਚਾਅੜ੍ਹ ਦਿੱਤਾ ਤਾਂਕਿ ਰਾਤੋ ਰਾਤ ਸਿੱਖਾਂ ਦੇ ਗੁਰੂ ਨੂੰ ਘੇਰ ਕੇ ਫੜ੍ਹ ਲਿਆ ਜਾਏ ਅਤੇ ਰਸਤੇ ਵਿਚੋਂ ਪਿੰਡਾ ਦੇ ਕਈ ਕਾਫਰ ਮੁਲਖਈਆਂ ਨੂੰ ਤਾਕਤ ਵਧਾਉਣ ਲਈ ਜਗੀਰਾਂ ਤੇ ਹੋਰ ਇਨਾਮਾਂ ਦਾ ਲਾਲਚ ਦੇਕੇ ਭਰਮਾ ਲਿਆ ਅਤੇ ਗੁਰੂ ਸਾਹਿਬ ਖਿਲਾਫ ਮੁਹਿੰਮ ਵਿੱਚ ਸ਼ਾਮਿਲ ਕਰ ਲਏ ਅਤੇ ਗੁਰੂ ਜੀ ਨੂੰ ਝੱਟ ਫੜ੍ਹਕੇ ਔਰੰਗਜੇਬ ਹਵਾਲੇ ਕਰਕੇ ਆਪਣੇ ਅਹੁਦੇ ਦੀ ਤਰੱਕੀ ਲਈ ਸੁਪਨੇ ਸਜਾਉਣ ਲੱਗਾ ।
ਇਧਰ ਗੁਰੂ ਜੀ ਨੇ ਸਿੰਘਾਂ ਅਤੇ ਪਤਵੰਤੇ ਸੰਗਤੀ ਸ਼ਰਧਾਲੂਆਂ ਦੁਆਰਾ ਲੰਗਰ ਪਾਣੀ ਦਾ ਪ੍ਰਬੰਧ ਕਰਵਾ ਲਿਆ । ਸਿੰਘਾਂ ਨੇ ਹਲਕਾ ਫੁੱਲਕਾ ਭੋਜਨ ਛਕਦਿਆਂ ਸਾਰ ਅਰਾਮ ਦੀ ਮੁਦਰਾ ਵਿੱਚ ਜਮੀਨ ਤੇ ਹੀ ਕੰਬਲ ਚਾਦਰਾਂ ਸੁੱਟਕੇ ਸਰੀਰਾਂ ਨੂੰ ਅਰਾਮ ਦੇਣ ਲਈ 4-4 ਜਣੇ ਵਾਰੀ ਵਾਰੀ ਨੀਂਦ ਪੂਰੀ ਕਰਨ ਲੱਗੇ ।
ਪਰ ਗੁਰੂ ਜੀ ਨੇ ਹੋਣ ਵਾਲੇ ਅਚਨਚੇਤ ਹਮਲੇ ਦੇ ਮੁਕਾਬਲੇ ਲਈ ਜਿਤਨਾ ਕੁਝ ਇੰਤਜ਼ਾਮ ਹੋ ਸਕਦਾ ਸੀ ਕਰ ਲਿਆ। ਸਿਖਾਂ ਦੇ ਛੋਟੇ ਛੋਟੇ ਜਥੇ ਗੜ੍ਹੀ ਦੇ ਚਾਰੇ ਪਾਸੇ ਭਾਈ ਆਲਮ ਸਿੰਘ ਤੇ ਭਾਈ ਮਾਨ ਸਿੰਘ ਦੀ ਨਿਗਰਾਨੀ ਹੇਠ ਪਹਿਰਾ ਦੇਣ ਲਈ ਖੜੇ ਕਰ ਦਿੱਤੇ । ਗੁਰੂ ਸਾਹਿਬ , ਦੋਵੇਂ ਵੱਡੇ ਸਾਹਿਬਜ਼ਾਦੇ ਅਤੇ ਭਾਈ ਦਇਆ ਸਿੰਘ ਤੇ ਭਾਈ ਸੰਗਤ ਸਿੰਘ ਜੀ ਨੇ ਉਪਰਲੀ ਮੰਜਿਲ ਤੇ ਮੋਰਚੇ ਸੰਭਾਲ ਲਏ। ਕੁੱਲ ਮਿਲ਼ਾਕੇ 40 ਸਿੰਘ ਸਨ । ਉਧਰ ਸ਼ਾਹੀ ਮੁਗਲ ਫੌਜਾਂ ,ਸੂਬਾ ਸਰਹੰਦ ਦੀ ਫੌਜ , ਸੂਬਾ ਲਾਹੌਰ ਦੀ ਫੌਜ 22 ਧਾਰ ਦੇ ਹਿੰਦੂ ਕਮੀਨੇ …ਗੁਰੂ ਤੇਗ ਬਹਾਦਰ ਸਾਹਿਬ ਦੇ ਵਾਰੇ ਸਿਰ ਦੇ ਬੋਝ ਹੇਠ ਦੱਬੇ …ਮੀਣਿਆਂ ਰਾਜਿਆਂ ਦੀਆਂ ਫੌਜਾਂ ,ਤੇ ਵੱਖ ਵੱਖ ਜਰਨੈਲਾਂ ਦੀ ਕਮਾਨ ਹੇਠ ਫੌਜਾਂ ਦੀ ਗਿਣਤੀ ਤਕਰੀਬਨ 6.25 (ਸਵਾ ਛੇ ਲੱਖ ) ਦੀ ਸੀ ਜਿਸ ਨਾਲ਼ ਇਨਾਂ ਚਾਲ਼ੀ ਬ੍ਰਹਿਮੰਡੀ ਅਕਾਲੀ ਖਾਲਸਾਈ ਫੋਜਾਂ ਦਾ ਟਾਕਰਾ ਹੋਣਾ ਅਕਾਲ ਪੁਰਖ ਸਾਹਿਬ ਜੀ ਨੇ ਤਹਿ ਕੀਤਾ ਹੋਇਆ ਸੀ ।
ਗੁਰੁ ਸਾਹਿਬ , ਸਤਿਗੁਰੂ ਸ਼ਹਿਨਸ਼ਾਹ , ਉੱਚ ਦੁਮਾਲੜੇ ਦਾ ਪੀਰ , 7 ਫੁੱਟ ਦਾ ਕੱਦ , ਦਸਮ ਨਾਨਕ ਤਖਤ ਦਾ ਵਾਰਸ , ਗੋਰਾ ਰੰਗ , ਸ਼ਰਬਤੀ ਨੈਣ , ਸੁਡੌਲ ਸਰੀਰ , ਦੁਮਾਲੇ ‘ਤੇ ਫਰਲਾ , ਮਸਤਕ ਦੇ ਉਪਰਲੇ ਹਿੱਸੇ ਉੱਤੇ ਹੀਰਿਆਂ ਜੜੀ ਕਲਗੀ , ਡੂੰਘਾ ਨੀਲਧਾਰੀ ਚੋਲ਼ਾ , ਲੱਕ ਉਦਾਲ਼ੇ ਚਮੜੇ ਦੀ ਪੇਟੀ , ਉਸ ਉੱਪਰ ਕਮਰਕੱਸਾ , ਕਮਰਕੱਸੇ ਵਿੱਚ ਸਫਾਜੰਗ , ਮੋਢੇ ਤੇ ਤੀਰਾਂ ਦਾ ਭੱਥਾ , ਗਲ਼ ਵਿੱਚ ਸਾਢੇ ਚਾਰ ਫੁੱਟ ਲੰਬੀ ਤੇਗ , ਕਿਸੇ ਗਹਿਰ ਗੰਭੀਰ ਅਤੇ ਸਹਿਜ ਦੇ ਨੈਣ ਅਲੋਇੜੇ , ਘੁੰਮਦੇ ਨੈਣਾਂ ਦੇ ਇਸ਼ਾਰੇ ਤੇ ਫੜਫੜਾਉਂਦਾ ਉੱਡਦਾ ਚੀਂਅੰ…ਚੀਅੰ…ਕਰਦਾ ਬੇਚੈਨ ਬਾਜ , ਕਿਸੇ ਖਬਰ ਦੀ ਪੁਸ਼ਟੀ ਕਰਦਾ ਆਪਣੇ ਦਸਮ ਮਾਲਕ ਦੀ ਖਿਦਮਤ ਵਿੱਚ ਬਹਿੰਦਾ ਉੱਡਦਾ ਹਾਜਰੀ ਭਰਦਾ ।
ਕੱਚੀ ਗੜ੍ਹੀ ਦੀਆਂ ਕੱਚੀਆਂ ਕੰਧਾਂ ਨੂੰ ਗੁਰੂ ਜੀ ਤੀਰ ਦੀਆਂ ਚੋਭਾਂ ਮਾਰ ਮਾਰ ਟੋਂਹ੍ਹਦੇ , ਗੜ੍ਹੀ ਦੀ ਉਪਰਲੀ ਛੱਤ ਉੱਤੇ ਚੜ੍ਹਕੇ ਢਲ਼ਦੇ ਸੂਰਜ ਦੀਆਂ ਕਿਰਨਾਂ ਤੋਂ ਹੱਥ ਨਾਲ ਅੱਖਾਂ ਉਪਰ ਛਾਂ ਕਰਕੇ ਦੂਰ ਦੂਰ ਤੱਕ ਦੇਖਦੇ , ਸਮੁੱਚੇ ਬ੍ਰਹਿਮੰਡ ਦੀਆਂ ਗਤੀਆਂ ਨੂੰ ਦਿਸ਼ਾ ਨਿਰਦੇਸ਼ ਦੇਣ ਵਾਲੇ ਮਾਲਕ ਮੈਦਾਨੀ ਇਲਾਕੇ ਦੀ ਅਤੇ ਹਵੇਲੀ ਦੁਆਲ਼ੇ ਦੇ ਵਸੇਬੇ ਦੀਆਂ ਜੰਗੀ ਤਰਕੀਬਾਂ ਦਾ ਮੁਲਾਕਣ ਕਰਦੇ ਸ਼ਾਂਤ ਚਿਹਰੇ ਦੀ ਨਿਰਭਉਤਾ ਦਾ
ਨਿਰਵੈਰ ਨਿਰੀਖਣ ਕਰਦੇ , ਨਾਲ਼ ਨਾਲ਼ ਭਾਈ ਦਾਇਆ ਸਿੰਘ ਜੀ ਹਜੂਰ ਦੇ ਸਨਮੁੱਖ ਅਚਾਨਕ ਖੜ੍ਹਕੇ ਪ੍ਰਸ਼ਨ ਕਰਦੇ ਹਨ , “ ਪਾਤਸ਼ਾਹ ਜੀ !
ਪਟਨਾ ਸਾਹਿਬ ਅਤੇ ਅਨੰਦਪੁਰ ਸਾਹਿਬ ਨਾਲੋਂ ਵੀ ਜਿਆਦਾ ਲਗਾਵ ਇਸ ਕੱਚੀ ਗੜ੍ਹੀ ਨਾਲ਼ ਕਿਉਂ ?’’
ਗੁਰੂ ਸਾਹਿਬ ਜੀ ਨੇ ਕਿਹਾ , “ ਦਾਇਆ ਸਿੰਘ ਜੀ ! ਪਟਨਾ ਸਿੱਖੀ...

ਦਾ ਪੰਘੂੜਾ ਸੀ , ਆਨੰਦਪੁਰ ਸਿੱਖੀ ਦਾ ਸਕੂਲ ਸੀ ਪਰ ਇਹ ਗੜ੍ਹੀ ਸਿੱਖੀ ਦਾ ਵਿਸ਼ਵ ਵਿਦਿਆਲਾ (University) ਬਣਨ ਜਾ ਰਿਹਾ ਹੈ , ਕਲ ਇਥੇ ਸਿੱਖੀ ਦਾ ਇਮਤਿਹਾਨ ਹੋਵੇਗਾ , ਸੰਸਾਰ ਇਸ ਇਮਤਿਹਾਨ ਦੀਆਂ ਬਾਤਾਂ ਪਵੇਗਾ ਕਿ ਕੋਈ ਚਮਕੌਰ ਸਾਹਿਬ ਵੀ ਹੈ ।’’ ਸ਼ਾਮ ਪੈ ਗਈ ਗੜ੍ਹੀ ਦੁਆਲ਼ੇ ਵਿਨਾਸ਼ਕਾਰੀ ਤਾਕਤਾਂ ਘੇਰਾ ਤੰਗ ਕਰਨ ਲੱਗੀਆਂ ।
ਰਹਿਰਾਸ ਹੋਈ ਅਕਾਲਪੁਰਖ ਸਾਹਿਬ ਦੀ ਖਿਦਮਤ ਵਿੱਚ ਸਾਰੇ ਸੂਰਮੇ ਇਕਾਗਰ ਹੋਕੇ ਜੁੜੇ ਅਰਦਾਸ ਤੋਂ ਬਾਦ ਗੁਰੂ ਜੀ ਸਿੰਘਾਂ ਨੂੰ ਮੁਖਾਤਬ ਹੋਏ , “ ਮੇਰੇ ਪਿਆਰੇ ਖਾਲਸਾ ਜੀ , ਦੁਸ਼ਮਣ ਅਕਾਲ ਪੁਰਖ ਸਾਹਿਬ ਵਲੋਂ ਦਿੱਤੀਆਂ ਨਿਆਮਤਾਂ ਅਤੇ ਤਾਕਤਾਂ ਦੇ ਗਰੂਰ ਵਿੱਚ ਅੰਨਾਂ ਹੋਇਆ ਪਿਆ ਹੈ ਪਰ ਸਾਡੀ ਇਨਾਂ ਨਾਲ਼ ਕੋਈ ਦੁਸ਼ਮਣੀ ਨਹੀਂ । ਇਨਾਂ ਨੇ ਝੂਠੀਆਂ ਸਹੁੰਆਂ ਖਾਕੇ ਉਸ ਅਕਾਲ ਦਾ ਨਿਰਾਦਰ ਕੀਤਾ ਹੈ ਅਤੇ ਸਾਨੂੰ ਨਿਰਵੈਰ ਹੋਣ ਦੇ ਬਾਵਜੂਦ ਇਹ ਤੰਗ ਪ੍ਰੇਸ਼ਾਨ ਕਰਨ ਲਈ ਉਤਾਵਲੇ ਹਨ ਪਰ ਅਸੀਂ ਉਸ ਅਕਾਲ ਪੁਰਖ ਸਾਹਿਬ ਦੀ ਰਜਾ ਵਿੱਚ ਕੈਦ ਹਾਂ ।
ਕਲ੍ਹ ਇਨਾਂ ਨੂੰ ਸਬਕ ਸਿਖਾਉਣ ਦਾ ਵਕਤ ਹੈ ਅਤੇ ਖਾਲਸੇ ਦਾ ਇਮਤਿਹਾਨ ਹੈ । ਮੇਰੇ ਸੂਰਬੀਰ ਪੁੱਤਰੋ ! ਕਲ੍ਹ ਰਣ ਵਿੱਚ ਸੂਰਬੀਰਾਂ ਵਾਂਗ ਪ੍ਰਾਣ ਅਰਪਤ ਕਰਿਓ , ਗੁਰੂ ਨਾਨਕ ਦੇ ਦਰ ਦੇ ਦਰਵਾਜੇ ਤੁਹਾਡੇ ਵਾਸਤੇ ਖੁੱਲ ਜਾਣਗੇ।’’
ਇਹ ਸੁਣਦਿਆਂ ਸਾਰ ਸਿੰਘਾਂ ਨੇ ਅਕਾਸ਼ ਗੁੰਜਾਊ ਨਾਹਰਿਆਂ ਅਤੇ ਜੈਕਾਰਿਆਂ ਨਾਲ ਐਸਾ ਜੋਸ਼ ਪ੍ਰਚੰਡ ਕੀਤਾ ਕਿ ਦੁਸ਼ਮਣ ਅੰਦਾਜਾ ਲਾਉਣ ਵਿੱਚ ਟਪਲੇ ਖਾਣ ਲੱਗਾ ਕਿ ਅਸੀਂ ਤਾਂ ਥੋੜੇ ਜਿਹੇ ਹੀ ਸਮਝੇ ਸੀ ?
ਸਰਕਾਰ ਨੇ ਗੜ੍ਹੀ ਨੇੜੇ ਮੁਨਾਦੀ ਕਰਵਾਈ ਕਿ ਜੇ ਗੁਰੂ ਆਪਣੇ ਆਪ ਨੂੰ ਗੜ੍ਹੀ ਵਿੱਚੋ ਸਾਥੀਆਂ ਸਮੇਤ ਫੌਜ ਅੱਗੇ ਸਮਰਪਣ ਕਰ ਦੇਵੇ ਤਾ ਉਨ੍ਹਾ ਦੀ ਜਾਨ ਬਖਸ਼ ਦਿਤੀ ਜਾਵੇਗੀ । ਗੁਰੂ ਸਾਹਿਬ ਨੇ ਕੋਈ ਜਵਾਬ ਨਾਂ ਦਿੱਤਾ ਤਾਂ ਅੱਧੇ ਕੁ ਘੰਟੇ ਮਗਰੋਂ ਮੁਗਲ ਅਤੇ ਹਿੰਦੂ ਫੋਜਾਂ ਦੇ ਸਾਂਝੇ ਗੱਠਜੋੜ ਨੇ ਗੜੀ ਉੱਤੇ ਤੀਰ ਚਲਾਏ ।
ਗੁਰੂ ਸਾਹਿਬ ਜੀ ਨੇ ਦੋਵੇਂ ਹੱਥ ਜੋੜੇ , ਅੱਖਾਂ ਬੰਦ ਕਰ ਲਈਆਂ ਅਤੇ ਅਕਾਲ ਪੁਰਖ ਦੇ ਚਰਨਾਂ ਵਿੱਚੋਂ ਹੁਕਮ ਲਿਆ । ਅੱਖਾਂ ਹੌਲੀ ਹੌਲੀ ਖੋਹਲੀਆਂ , ਚਿਹਰੇ ਉੱਤੇ ਅਲੌਕਿਕ ਪ੍ਰਕਾਸ਼ ਦੇ ਜਲਵਾਗਰ ਛਿਣ ਆਏ ਮਸਤਕ ਅਤੇ ਨੈਣਾਂ ਵਿੱਚ ਬੀਰ ਰਸ ਦੀ ਲਹਿਰ ਉੱਠੀ ਗੁਰੂ ਸਾਹਿਬ ਨੇ ਫੁਰਤੀ ਨਾਲ ਭੱਥੇ ਵਿੱਚੋਂ ਤੀਰ ਕੱਢਿਆ ਅਤੇ ਦੁਸ਼ਮਣ ਫੋਜਾਂ ਉੱਤੇ ਸੁੱਟਿਆ ਜਿਸ ਨਾਲ ਇੱਕ ਜਰਨੈਲ ਫੁੰਡਿਆ ਗਿਆ।
ਓਧਰੋਂ ਵੀ ਤੀਰਾਂ ਤੇ ਗੋਲੀਆਂ ਦੀ ਬੁਛਾੜ ਸ਼ੁਰੂ ਹੋ ਗਈ ਤੇ ਇਧਰੋਂ ਵੀ ਗੋਲੀਆਂ ਅਤੇ ਤੀਰਾਂ ਨੇ ਪ੍ਰਸ਼ਾਦ ਵੰਡਣਾਂ ਸ਼ੁਰੂ ਕਰ ਦਿੱਤਾ ਜਿਸ ਨਾਲ ਦੁਸ਼ਮਣ ਫੌਜ ਦੇ ਕਈ ਸਿਪਾਹੀ ਮਾਰੇ ਗਏ । ਦੁਸ਼ਮਣ ਫੌਜ ਤੁਰੰਤ ਪਿੱਛੇ ਹਟੀ ਅਤੇ ਪੈਂਤੜਾ ਲਿਆ ਕਿ ਪੌੜੀ ਲਾਕੇ ਗੜ੍ਹੀ ਦੀ ਛੱਤ ਉਤੇ ਚੜ੍ਹਿਆ ਜਾਵੇ ਪਰ ਕਿਸੇ ਦਾ ਹੀਆ ਨੇੜੇ ਆਉਣ ਦਾ ਨਹੀਂ ਪਿਆ ਰਿਹਾ ਸੀ । ਅਖੀਰ ਦੁਸ਼ਮਣ ਫੌਜਾਂ ਦੇ ਇੱਕ ਜਰਨੈਲ ਨਾਹਰ ਕਾਨ ਨੇ ਕਿਹਾ ਕਿ ਮੈਂ ਪੌੜੀ ਲਾਕੇ ਚੜਾਂਗਾ । ਜਦੋਂ ਉਹ ਲੁਕ ਲੁਕਕੇ ਨੇੜੇ ਗਿਆ ਕੰਬਦੇ ਹੱਥਾਂ ਨਾਲ ਪੌੜੀ ਲਾਈ ਅਤੇ ਚੜ੍ਹ ਗਿਆ , ਜਦੋਂ ਹੀ ਉਸਨੇ ਸਿਰ ਉਪਰ ਕਰਕੇ ਛੱਤ ਨੂੰ ਦੇਖਣ ਲੱਗਾ ਤਾਂ ਸਾਹਮਣੇ ਗੁਰੂ ਸਾਹਿਬ ਪਹਿਲਾਂ ਹੀ ਬੀਰ ਆਸਣ ਵਿੱਚ ਤੀਰ ਚਿਲ੍ਹੇ ਚਾਅੜੀ ਬੈਠੇ ਸਨ । ਉਨਾਂ ਤੁਰੰਤ ਤੀਰ ਛੱਡਿਆ ਤਾਂ ਨਾਹਰ ਖਾਨ ਦੇ ਮੱਥੇ ਉੱਤੇ ਵੱਜਾ ਤੇ ਪੌੜੀ ਤੋਂ ਪੇਲਦਾ ਹੋਇਆ ਡਿੱਗਾ ਅਤੇ ਪ੍ਰਾਣ ਛੱਡ ਗਿਆ ।
ਫਿਰ ਦੁਸਰਾ ਜਰਨੈਲ ਗੈਰਤ ਖਾਨ ਚੜ੍ਹਿਆ ਉਸਦਾ ਵੀ ਨਾਹਰ ਖਾਨ ਵਾਲਾ ਹਸ਼ਰ ਹੋਇਆ । ਦੁਸ਼ਮਣ ਫੌਜ ਵਿੱਚ ਭਗਦੜ ਮੱਚ ਗਈ ਕਿ ਬਿਨਾਂ ਕਿਸੇ ਵੱਡੇ ਮੁਕਾਬਲੇ ਕੁੱਝ ਮਿੰਟਾਂ ਵਿੱਚ ਦੋ ਜਰਨੈਲਾਂ ਦਾ ਮਾਰਿਆ ਜਾਣਾ , ਫੌਜ ਡਾ ਬਹੁਤ ਵੱਡਾ ਨੁਜਸਾਨ ਅਤੇ ਸ਼ਰਮਿਮਦਗਿ ਭਰਿਆ ਆਲਮ ਸੀ । ਦੂਸਰੇ ਜਰਨੈਲ ਆਪਸ ਵਿੱਚ ਬਹਿਸਣ ਲੱਗੇ ਅਤੇ ਮਰਨ ਵਾਲਿਆਂ ਵਿੱਚ ਗਲਤੀਆਂ ਕੱਢਣ ਲੱਗੇ । ਫੌਜ ਦੀ ਹਾਰੀਕਮਾਂਡ ਨੂੰ ਔਰੰਗਜੇਬ ਹੱਥੋਂ ਬੇਇਜਤੀ ਦਾ ਡਰ ਸਤਾਉਣ ਲੱਗਾ । ਮੀਟਿੰਗਾਂ ਦਾ ਐਮਰਜੈਂਸੀ ਸਿਲਸਿਲਾ ਸ਼ੁਰੂ ਹੋ ਗਿਆ ਕਿ ਹੁਣ ਕੀ ਕੀਤਾ ਜਾਵੇ ਕਿਉਂਕਿ ਫੌਜ ਗੜ੍ਹੀ ਨਾਲੋਂ ਨੀਂਵੇ ਥਾਂ ‘ਤੇ ਹੋਣ ਕਰਕੇ ਖਾਲਸਾ ਫੌਜ ਦੇ ਮੋਰਚਿਆਂ ਦੀ ਮਾਰ ਹੇਠ ਸੀ ਜੋ ਕਿ ਅਜੇ ਕਾਹਲੀ ਕਾਹਲ਼ੀ ਵਿੱਚ ਹੀ ਗੁਰੂ ਸਾਹਿਬ ਵਲੋਂ ਤਿਆਰ ਕਰਵਾਏ ਸਨ ।
ਫੌਜ ਦੇ ਬਾਕੀ ਜਰਨੈਲ ਆਪਸ ਵਿੱਚ ਬਹਿਸਣ ਲੱਗੇ । ਸਵਾਲ ਫੌਜ ਦੇ ਵਕਾਰ ਨੂੰ ਲੱਗੀ ਢਾਹ ਦਾ ਸੀ । ਕਈ ਜਰਨੈਲ ਇਹ ਕਹਿਣ ਲੱਗੇ ਕਿ ਸਿੱਖਾਂ ਦੇ ਗੁਰੂ ਕੋਲ਼ ਕੋਈ ਕਰਾਮਾਤ ਏ ਜਿਸ ਨਾਲ ਸਾਡਾ ਵੱਡਾ ਨੁਕਸਾਨ ਹੋ ਜਾਂਦਾ ਏ ਕਿਉਂਕਿ ਅਨੰਦਪੁਰ ਸਾਹਿਬ ਦੇ ਕਿਲ੍ਹੇ ਦੀ ਘੇਰਾ ਬੰਦੀ ਦੋਰਾਨ ਤਿੰਨ ਵਾਰ ਮੁਗਲ ਅਤੇ ਹਿੰਦੂ ਫੌਜ ਹਾਰ ਚੁੱਕੀ ਸੀ ਅਤੇ ੳੇਸ ਵਕਤ ਵੀ ਕਰਾਮਾਤ ਵਾਲੀ ਗੱਲ ਦੀ ਚਰਚਾ ਫੌਜ ਵਿੱਚ ਛਿੜਦੀ ਸੀ ।
ਮੁੱਕਦੀ ਗੱਲ ਵਕਾਰ ਨੂੰ ਲੱਗਦੀ ਢਾਹ ਠੱਲਣ ਲਈ ਤੀਸਰਾ ਜਰਨੈਲ ਖਵਾਜਾ ਮਿਰਜਾ ਮਹਿਮੂਦ ਪੌੜੀ ਚੜ੍ਹਨ ਲਈ ਰਾਜੀ ਹੋ ਗਿਆ । ਲੁਕਦਾ ਲੁਕਾਉਂਦਾ ਮਸੀਂ ਪੌੜੀ ਕੋਲ ਪਹੁੰਚਿਆ ਅਤੇ ਹੌਲੀ ਹੌਲੀ ਚੜ੍ਹਨ ਲੱਗਾ ਜਦ ਉਸਨੇ ਸਿਰ ਛੱਤ ਉੱਤੇ ਕੀਤਾ ਤਾਂ ਉਸਦੀ ਨਿਗਾਹ ਗੁਰੂ ਸਾਹਿਬ ਦੇ ਚਿਹਰੇ ‘ਤੇ ਪਈ ਤਾਂ ਉਸੇ ਵੇਲੇ ਘਬਰਾਕੇ ਪੌੜੀ ਤੋਂ ਬਿਨਾਂ ਤੀਰ ਖਾਧੇ ਹੀ ਡਿਗ ਪਿਆ ਅਤੇ ਜਮੀਨ ਤੇ ਰੀਂਘਦਾ ਹੋਇਆ ਜਾਨ ਬਚਾ ਨਿੱਕਲ਼ ਗਿਆ । ਗੁਰੂ ਜੀ ਨੇ ਉਸਦਾ ਨਾਮ ਮਹਿਮੂਦ ਦੀ ਥਾਂ ਮਿਰਜਾ ਮਰਦੂਦ (ਕਾਇਰ-ਡਰਪੋਕ) ਕਰ ਦਿੱਤਾ ।
ਰਾਤ ਪੈ ਗਈ ,ਪੋਹ ਦੀ ਕੜਾਕੇਦਾਰ ਠੰਢ , ਘੁੱਪ ਹਨੇਰਾ , ਦਿਨ ਵੇਲੇ ਦੇ ਸਿੱਲੇ ਅਤੇ ਠਰੇ ਕੱਪੜੇ , ਥੱਕੇ ਹੋਏ ਸਰੀਰ । ਇਹ ਸਾਰਾ ਕੁੱਝ ਹੋਣ ਦੇ ਬਾਵਜੂਦ ਸਿੰਘ ਘੋੜਿਆਂ ਦੀਆਂ ਕਾਠੀਆਂ ਅਤੇ ਦਰੀਆਂ ਥੱਲੇ ਸੁੱਟਕੇ ਸੌਂ ਗਏ । ਗੁਰੂ ਸਾਹਿਬ ਜਮੀਨ ਉਪਰ ਪਏ ਸਾਹਿਬਜਾਦੇ ਅਤੇ ਹੋਰ ਸਾਰੇ ਸਿੰਘਾਂ ਦੇ ਕਦੀ ਸਿਰਹਾਣੇ ਕਦੀ ਪੈਰਾਂ ਵੱਲ ਬੈਠਕੇ ਸਾਰੀ ਰਾਤ ਬੰਦਗੀ ਕਰਦੇ ਰਹੇ ।
ਚਲਦਾ >>>>>>>>>>>

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)