More Gurudwara Wiki  Posts
28 ਨਵੰਬਰ ਦਾ ਇਤਿਹਾਸ – ਭਾਈ ਮਰਦਾਨਾ ਜੀ ਦਾ ਸੱਚਖੰਡ ਗਮਨ ਭਾਗ 2


ਭਾਈ ਮਰਦਾਨਾ ਸਾਹਿਬ ਜੀ ਦਾ 28 ਨਵੰਬਰ ਨੂੰ ਸੱਚਖੰਡ ਗਮਨ ਦਿਵਸ ਆ ਰਿਹਾ ਹੈ ਆਉ ਅੱਜ ਇਤਿਹਾਸ ਦਾ ਦੂਸਰਾ ਭਾਗ ਪੜੀਏ ਜੀ ।
ਭਾਗ 2
ਭਾਈ ਗੁਰਦਾਸ ਜੀ ਨੇ ਲਿਖਿਆ, ਬਾਬਿਆਂ ਨੇ ਧਰਤੀ ਸੋਧਣ ਹਿਤ ਚੜ੍ਹਾਈ ਕੀਤੀ। ਉਨ੍ਹਾਂ ਦੀ ਇੱਛਾ ਸੀ ਕਿ ਧਰਤੀ ਤੇ ਪਾਪ ਦੇ ਟੋਏ ਟਿੱਬੇ ਪੱਧਰ ਕਰਕੇ ਇਸ ਨੂੰ ਸੋਹਣੀ ਸਮਤਲ ਬਣਾਈਏ। ਇਸ ਮਕਸਦ ਲਈ ਹਲ ਸੁਹਾਗੇ ਦੀ ਥਾਂ ਬਾਣੀ ਅਤੇ ਰਬਾਬ ਦੀ ਵਰਤੋਂ ਕੀਤੀ। ਭਾਈ ਮਰਦਾਨਾ ਜੀ ਬਾਰੇ ਲਿਖਣ ਲਈ ਸਾਰੀਆਂ ਜਨਮ-ਸਾਖੀਆਂ ਦਾ ਦੁਬਾਰਾ ਅਧਿਐਨ ਕੀਤਾ। ਜਨਮ-ਸਾਖੀਕਾਰਾਂ ਨੇ ਵੱਖ-ਵੱਖ ਤਰੀਕਿਆਂ ਨਾਲ ਇਸ ਫ਼ਕੀਰ ਦੇ ਅੰਦਰ ਦੀ ਝਾਤ ਪੁਆਈ ਹੈ। ਗੁਰੂ ਜੀ ਨਾਲ ਪ੍ਰੀਤ ਅਤੇ ਦੋਹਾਂ ਦੀ ਲੋਕਾਂ ਨਾਲ ਪ੍ਰੀਤ ਦੇ ਭੇਦ, ਸਾਖੀਕਾਰ ਬਿਨਾਂ ਕਿਸੇ ਖਾਸ ਤਰੱਦਦ ਦੇ ਸਹਿਜ ਸੁਭਾਅ ਖੋਲ੍ਹਦਾ ਜਾਂਦਾ ਹੈ।
ਗੁਰੂ ਬਾਬਾ ਜੀ ਜਦੋਂ ਕਦੀ ਬੰਦਗੀ ਕਰਦਿਆਂ ਸਮਾਧੀ ਵਿਚ ਲੀਨ ਹੋ ਜਾਂਦੇ ਤਾਂ ਭਾਈ ਮਰਦਾਨਾ ਪੰਜ ਕਰਮਾਂ ਦੂਰ ਖਲੋ ਕੇ ਲਗਾਤਾਰ ਪਹਿਰਾ ਦਿੰਦੇ ਕਿ ਸਮਾਧੀ ਵਿਚ ਕੋਈ ਵਿਘਨ ਨਾ ਪਵੇ। ਕਿਸੇ ਨੂੰ ਨੇੜੇ ਨਾ ਜਾਣ ਦਿੰਦੇ। ਪਰ ਜਦੋਂ ਬਾਬਾ ਜੀ ਗਾਉਣ ਲਗਦੇ ਤਾਂ ਰਬਾਬ ਲੈ ਕੇ ਇੰਨਾਂ ਨੇੜੇ ਬੈਠਦੇ ਕਿ ਗੋਡੇ ਨਾਲ ਗੋਡਾ ਖਹਿੰਦਾ। ਕੁਦਰਤ ਉਨ੍ਹਾਂ ਦੇ ਸੁਰਾਂ ਨਾਲ ਰਲਕੇ ਗਾਉਣ ਲਗਦੀ। ਨਾਥਾਂ, ਜੋਗੀਆਂ, ਬ੍ਰਾਹਮਣਾਂ, ਕਾਜ਼ੀਆਂ, ਮੌਲਵੀਆਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਜਦੋਂ ਗਿਆਨ ਦੀ ਹਨੇਰੀ ਵਗਦੀ ਤਾਂ ਬਾਬਾ ਜੀ ਆਖਦੇ, ”ਮਰਦਾਨਿਆ ਰਬਾਬ ਉਠਾਇ। ਬਾਣੀ ਆਈ ਹੈ।” ਕੀਰਤਨ ਦੀ ਬਾਰਸ਼ ਹੁੰਦੀ ਤਾਂ ਸਾਰੀ ਗਰਦ ਗ਼ੁਬਾਰ ਧੁਲ ਜਾਂਦੀ ਤੇ ਆਕਾਸ਼ ਨਿਰਮਲ ਹੋ ਜਾਂਦਾ। ਹਿੰਦੂ ਆਖਦੇ, ”ਇਨ੍ਹਾਂ ਵਿਚ ੨੦ ਬ੍ਰਹਮ ਦਾ ਸੰਪੂਰਣ ਪ੍ਰਕਾਸ਼ ਹੈ। ਪ੍ਰਤੱਖ ਦਿਸ ਰਹਿਆ ਹੈ।” ਕਾਮਲ ਫ਼ਕੀਰਾਂ ਨਾਲ ਮੇਲ ਹੁੰਦਾ ਤਾਂ ਉਹ ਕਹਿੰਦੇ, ” ਨਾਨਕ ਸ਼ਾਹ ਫ਼ਕੀਰ, ਸਾਹਿਬ ਦੇ ਰਸੀਦ। ਤੂੰ ਵੱਡਾ ਬਜ਼ੁਰਗਵਾਰ ਹਾਈ। ਅਸਾਂ ਕੂ ਦੁਆ ਦੇਹ ਕਿ ਸਾਡੀ ਭੀ ਸਾਹਿਬ ਨਾਲ ਉਵੇਂ ਬਣ ਆਏ ਜਿਵੇਂ ਤੈਂਡੇ ਨਾਲ ਬਣ ਆਈ ਹੈ।” ਕੋਈ ਹੋਰ ਆਉਂਦਾ ਤਾਂ ਆਖਦਾ, ”ਮਰਦ ਹਨ ਪੂਰੇ। ਭਲੇ ਹਨ ਕੋਈ। ਖੁਦਾਇ ਦੇ ਸਾਦਿਕ ਹੈਨ ਵੱਡੇ।”
ਭਾਈ ਮਰਦਾਨਾ ਜੀ ਮਹਾਰਾਜ ਤੋਂ ਦਸ ਸਾਲ ਵੱਡੇ ਸਨ। ਬਚਪਨ ਵਿਚ ਦੋਵਾਂ ਨੂੰ ਅਕਸਰ ਇਕੱਠਿਆਂ ਦੇਖਿਆ ਜਾਂਦਾ। ਪਿਤਾ, ਮਾਤਾ ਜਾਂ ਭੈਣ ਨਾਨਕੀ ਨੇ ਜਦੋਂ ਗੁਰੂ ਜੀ ਨੂੰ ਦੁਨੀਆਂਦਾਰੀ ਦੀ ਕੋਈ ਗੱਲ ਸਮਝਾਉਣੀ ਹੁੰਦੀ ਤਾਂ ਉਹ ਭਾਈ ਮਰਦਾਨਾ ਜੀ ਨੂੰ ਬੁਲਾ ਕੇ ਆਖਦੇ ਕਿ ਉਨ੍ਹਾਂ ਨੂੰ ਮਨਾਉ। ਭਾਈ ਜੀ ਚਲੇ ਤਾਂ ਜਾਂਦੇ ਪਰ ਉਨ੍ਹਾਂ ਨੂੰ ਸਮਝਾਉਣ ਦੀ ਥਾਂ ਸਮਝ ਕੇ ਆ ਜਾਂਦੇ। ਇਹ ਗੱਲਾਂ ਪੜ੍ਹਦਿਆਂ ਮੈਂ ਸੋਚਦਾ ਕਿ ਭਾਈ ਮਰਦਾਨਾ ਜੀ ਦੀ ਗੱਲ ਜਦੋਂ ਮਹਾਰਾਜ ਮੰਨਦੇ ਨਹੀਂ ਸਨ, ਫਿਰ ਵੀ ਪਰਿਵਾਰ ਦੇ ਜੀਅ ਉਨ੍ਹਾਂ ਨੂੰ ਹੀ ਕਿਉਂ ਦੁਬਾਰਾ ਭੇਜਦੇ? ਪਤਾ ਲੱਗਿਆ ਕਿ ਬਾਬਾ ਜੀ, ਭਾਈ ਦੀ ਗੱਲ ਸੁਣ ਤਾਂ ਲੈਂਦੇ ਸਨ, ਹੋਰਾਂ ਦੀਆਂ ਨਸੀਹਤਾਂ ਉਹ ਕਈ ਵਾਰ ਸੁਣਨ ਲਈ ਵੀ ਤਿਆਰ ਨਹੀਂ ਸਨ।
ਬਾਬਾ ਜੀ ਤਲਵੰਡੀ ਤੋਂ ਸੁਲਤਾਨਪੁਰ ਲੋਧੀ ਨੌਕਰੀ ਕਰਨ ਚਲੇ ਗਏ। ਮਹੀਨੇ ਲੰਘ ਗਏ ਤਾਂ ਮਾਪਿਆਂ ਨੇ ਭਾਈ ਮਰਦਾਨਾ ਨੂੰ ਉਨ੍ਹਾਂ ਦੀ ਖ਼ਬਰ ਸਾਰ ਲੈਣ ਲਈ ਭੇਜਦਿਆਂ ਕਿਹਾ- ਇਕ ਵਾਰ ਆ ਕੇ ਮਿਲ ਜਾਣ। ਭਾਈ ਜੀ ਤੁਰ ਪਏ। ਸੁਲਤਾਨਪੁਰ ਪੁੱਜੇ। ਖ਼ੈਰ ਸੁੱਖ ਪੁੱਛੀ, ਦੱਸੀ ਤੇ ਕਿਹਾ, ”ਮਾਂ ਤੇ ਪਿਤਾ ਯਾਦ ਕਰਦੇ ਹਨ। ਪਰਿਵਾਰ ਨੂੰ ਮਿਲ ਆਓ।” ਬਾਬੇ ਨੇ ਕਿਹਾ, ਚੰਗਾ ਹੋਇਆ ਭਾਈ ਤੁਸੀਂ ਆ ਗਏ। ਆਪਣਾ ਪਰਿਵਾਰ ਬੜਾ ਵੱਡਾ ਹੈ। ਦੂਰ ਦੂਰ ਆਪਣੇ ਜੀਆਂ ਨੂੰ ਮਿਲਣ ਜਾਣਾ ਹੈ। ਤੁਸੀਂ ਨਾਲ ਚਲੋ। ਇਕੱਠੇ ਚੱਲਾਂਗੇ ਤਾਂ ਖਰੀ ਖੁਸ਼ੀ ਮਿਲੇਗੀ।
ਭਾਈ ਜੀ ਨੇ ਕਿਹਾ- ਪਰ ਖਾਵਾਂਗੇ ਕੀ? ਖਰਚਾਂਗੇ ਕੀ?
ਬਾਬੇ ਨੇ ਕਿਹਾ- ਜੋ ਤੁਸਾਂ ਪਾਸ...

ਹੈ, ਉਹ ਦੌਲਤ ਹੋਰ ਕਿਸੇ ਪਾਸ ਨਹੀਂ। ਤੁਸਾਡੇ ਸਦਕਾ ਕਈਆਂ ਹੋਰਨਾਂ ਨੂੰ ਰਿਜ਼ਕ ਮਿਲੇਗਾ। ਭਾਈ ਚੁੱਪ ਰਹੇ। ਫਿਰ ਇਕ ਦਿਨ ਬਾਬੇ ਨੇ ਕਿਹਾ, ”ਮਰਦਾਨਿਆ ਰਬਾਬ ਖਰੀਦ”। ਭਾਈ ਜੀ ਨੇ ਕਿਹਾ- ਠੀਕ ਹੈ ਜੀ। ਦਿਉ ਪੈਸੇ।
ਬਾਬਿਆਂ ਕਿਹਾ- ਆਪਣੇ ਪਾਸ ਪੈਸੇ ਨਹੀਂ। ਭਾਈ ਜੀ ਬੋਲੇ- ਜੀ ਆਪਾਂ ਨੂੰ ਹੁਦਾਰ ਕੋਈ ਨੀਂ ਦੇਂਵਦਾ। ਫਿਰ ਬਾਬਾ ਜੀ ਨੇ ਕਿਹਾ, ਬੇਬੇ ਨਾਨਕੀ ਜੀ ਪਾਸ ਜਾਹ। ਸਵਾਲੀ ਬਣਨਾ ਚੰਗਾ ਤਾਂ ਨਹੀਂ ਪਰ ਕੀ ਕਰੀਏ। ਗਰਜ ਕਾਰੇ ਕਰਾਂਵਦੀ ਹੈ। ਭਾਈ ਮਰਦਾਨਾ ਜੀ ਬੀਬੀ ਪਾਸ ਗਏ ਤੇ ਕਿਹਾ, ”ਬੇਬੇ ਇਕ ਅਰਜ਼ ਗੁਜ਼ਾਰਨੀ ਹੈ। ਸਾਨੂੰ ਰਬਾਬ ਲੈ ਦਿਉ।” ਬੀਬੀ ਨੇ ਕਿਹਾ, ”ਇਕ ਕਿਉਂ ਭਾਈ। ਸੌ ਰਬਾਬਾਂ ਤੁਸਾਂ ਤੋਂ ਵਾਰਾਂ। ਪਰ ਨਾਨਕ ਨੂੰ ਕਹੋ ਇਕ ਵਾਰ ਮੂੰਹ ਤਾਂ ਦਿਖਾਏ ਆ ਕੇ। ਕਿੰਨੀ ਕਿੰਨੀ ਦੇਰ ਆਂਵਦਾ ਹੀ ਨਹੀਂ।”
ਇਹ ਗੱਲ ਭਾਈ ਸਾਹਿਬ ਨੇ ਬਾਬੇ ਨੂੰ ਦੱਸੀ ਤਾਂ ਬਾਬਾ ਜੀ ਬੋਲੇ- ਕੀ ਕਰੀਏ ਭਾਈ ਜੀ। ਅਸਾਥੋਂ ਬੇਬੇ ਨਾਨਕੀ ਦਾ ਆਖਾ ਫ਼ੇਰਿਆ (ਮੋੜਿਆ) ਨਹੀਂ ਜਾਂਦਾ। ਉਹ ਕਈਆਂ ਜਨਮਾਂ ਤੋਂ ਸਾਡੀ ਭੈਣ ਆਹੀ। ਚੱਲੋ ਚਲੀਏ। ਘਰ ਪੁੱਜੇ। ਬੀਬੀ ਖੁਸ਼ ਹੋ ਕੇ ਬੋਲੀ- ਭਾਈ ਫ਼ੁਰਮਾਇਸ਼ਾਂ ਕਰੋ। ਸੋ ਨਿਸੰਗ ਕਰੋ। ਪਰ ਸਾਡੇ ਪਾਸ ਰਹਵੋ। ਬਾਬੇ ਨੇ ਕਿਹਾ- ਤੁਸਾਂ ਦੇ ਪਾਸ ਆਹੇ। ਜਿਤ ਵੇਲੇ ਯਾਦ ਕਰੋ ਤਿਤੈ ਹਾਜਰ ਆਹੇ। ਬੀਬੀ ਨੇ ਭਾਈ ਮਰਦਾਨਾ ਜੀ ਨੂੰ ਪੈਸੇ ਫੜਾਉਂਦਿਆਂ ਕਿਹਾ- ਭਾਈ, ਸਰਫ਼ਾ ਨਹੀਂ ਕਰਨਾ। ਜੇਹੀ ਖੁਸੀ ਆਵੈ ਤੇਹੀ ਰਬਾਬ ਲੈਣੀ। ਭਾਈ ਮਰਦਾਨਾ ਜੀ ਕਈ ਦਿਨ ਰਬਾਬ ਦੀ ਤਲਾਸ਼ ਕਰਦੇ ਇਧਰ ਉਧਰ ਫਿਰਦੇ ਰਹੇ ਪਰ ਉਨ੍ਹਾਂ ਨੂੰ ਆਪਣੀ ਪਸੰਦ ਦੀ ਰਬਾਬ ਨਹੀਂ ਮਿਲੀ। ਬਾਬੇ ਪਾਸ ਆਏ ਤਾਂ ਗੁਰੂ ਜੀ ਨੇ ਕਿਹਾ- ਭਾਈ ਦੁੰਹ ਨਦੀਆਂ ਦੇ ਵਿਚਕਾਰ ਜੱਟਾਂ ਦਾ ਇਕ ਪਿੰਡ ਹੈ ਤਿਸਦਾ ਨਾਮ ਹੈ ਆਸਕਪੁਰ। ਉਸ ਪਿੰਡ ਵਿਚ ਇਕ ਰਬਾਬੀ ਰਹਿੰਦਾ ਹੈ। ਫਿਰੰਦਾ ਹੈ ਤਿਸ ਦਾ ਨਾਮ। ਫੇਰੂ ਭੀ ਕਹਿੰਦੇ ਹਨ। ਹਿੰਦੂ ਹੈ, ਉਥੈ ਜਾਇਕੈ ਸਾਡਾ ਨਾਮ ਲਵੀਂ।
ਭਾਈ ਮਰਦਾਨਾ ਜੀ ਨੇ ਆਸ਼ਕਪੁਰ ਪਿੰਡ ਲੱਭ ਲਿਆ ਤੇ ਫਿਰੰਦੇ ਨੂੰ ਘਰ ਜਾ ਮਿਲਿਆ। ਰਬਾਬ ਦਾ ਸਵਾਲ ਪਾਇਆ ਤਾਂ ਫਿਰੰਦਾ ਬੋਲਿਆ- ਅਜੇ ਤਿਆਰ ਨਹੀਂ। ਭਾਈ ਮਰਦਾਨਾ ਜੀ ਨੇ ਇਸ਼ਾਰਾ ਕਰਕੇ ਕਿਹਾ- ਅਹੁ ਪਈ ਤਾਂ ਹੈ ਭਾਈ ਜੀ।” ਫਿਰੰਦਾ ਬੋਲਿਆ, ”ਉਹ ਨਹੀਂ ਦੇ ਸਕਦਾ। ਉਹ ਤੁਸਾਂ ਦੇ ਕੰਮ ਦੀ ਨਾਹੀਂ। ਭਾਈ ਮਰਦਾਨਾ ਬੋਲੇ- ਕੀ ਨੁਕਸ ਹੈ ਇਸ ਵਿਚ? ਭਾਈ ਫਿਰੰਦੇ ਨੇ ਕਿਹਾ- ਇਕ ਫ਼ਕੀਰ ਦਾ ਨਾਮ ਹੈ ਨਾਨਕ। ਸੁਣਿਆ ਹੈ ਇਹ ਨਾਮ ਕਦੀ? ਬੜੀ ਮਸੱਕਤ ਨਾਲ ਇਹ ਰਬਾਬ ਤਿਨ੍ਹਾਂ ਲਈ ਬਣਾਈ ਹੈ? ਭਾਈ ਮਰਦਾਨਾ ਜੀ ਬੋਲੇ- ਕਿੰਨੇ ਕੁ ਦੀ ਹੋਵੇਗੀ ਇਹ ਰਬਾਬ ਭਾਈ? ਭਾਈ ਫਿਰੰਦਾ ਨੇ ਕਿਹਾ- ਦੀਦਾਰ। ਇਸ ਦੀ ਕੀਮਤ ਤਿਨ੍ਹਾਂ ਦੇ ਦੀਦਾਰ ਜਿੰਨੀ ਹੈ। ਕਦੇ ਮੇਲ ਨਸੀਬ ਹੋਵੇ, ਹਜ਼ੂਰ ਦੇ ਚਰਨਾ ਵਿਚ ਰੱਖਾਂ। ਭਾਈ ਮਰਦਾਨਾ ਜੀ ਨੇ ਪੁੱਛਿਆ- ਜੀ ਇਕ ਵਾਰ ਵਜਾ ਕੇ ਬੀ ਦੇਖਾਂ? ਭਾਈ ਫਿਰੰਦੇ ਕਹਿਆ- ਨਾਂਹ ਭਾਈ। ਛੁਹਣੀ ਭੀ ਨਹੀਂ। ਕਿਸੇ ਹੋਰ ਅਗੈ ਨਹੀਂ ਵਜਾਉਣੀ ਇਹ। ਠਾਣ ਰੱਖੀ ਹੈ ਦਿਲ ਵਿਚ ਅਸਾਂ। ਹੋਵਗੁ ਮੇਲਾ ਕਦੀ ਸਾਡਾ ਭੀ। ਤਦ ਭਾਈ ਮਰਦਾਨਾ ਜੀ ਨੇ ਆਪਣੇ ਬਾਬਤ ਦੱਸਿਆ। ਫਿਰੰਦਾ ਖੁਸ਼ ਹੋ ਕੇ ਕਹਿਣ ਲੱਗਾ- ਫਿਰ ਬੈਠਣਾ ਕਾਸ ਲਈ? ਸਾਨੂੰ ਝਬਦੇ ਤਿਨ੍ਹਾਂ ਪਾਸ ਲੈ ਚੱਲ। ਜਦ ਫਰੰਦੇ ਨੇ ਬਾਬੇ ਦੇ ਦਰਸ਼ਨ ਕੀਤੇ ਨਿਹਾਲ ਹੋ ਗਿਆ ਰਬਾਬ ਕਦਮਾਂ ਵਿਚ ਰੱਖ ਕੇ ਮੱਥਾ ਜਾ ਟੇਕਿਆ।
( ਚਲਦਾ )

...
...Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)