More Gurudwara Wiki  Posts
ਤਿੰਨ ਪੁੱਤਰਾਂ ਤੇ ਸਿਰ ਦੇ ਸਾਂਈ ਦੀ ਦਾਨਣ ਬੀਬੀ ਨਸੀਰਾਂ ਜੀ


ਤਿੰਨ ਪੁੱਤਰਾਂ ਤੇ ਸਿਰ ਦੇ ਸਾਂਈ ਦੀ ਦਾਨਣ ਬੀਬੀ ਨਸੀਰਾਂ ਜੀ ।
ਬੀਬੀ ਨਸੀਰਾਂ ਜੀ ਬੜੇ ਧਾਰਮਿਕ ਵਿਚਾਰਾਂ ਦੇ ਧਾਰਨੀ ਸਨ । ਬੜੀ ਸੁਲਝੀ ਹੋਈ ਦਲੇਰ ਤੇ ਖੁਦਾ – ਪ੍ਰਸਤ ਇਸਤਰੀ ਸੀ ।
ਪੰਦਰਾਂ ਸਾਲ ਦੀ ਉਮਰ ਸੰਨ 1662 ਵਿਚ ਆਪ ਦਾ ਵਿਆਹ ਪੀਰ ਬੁਧੂ ਸ਼ਾਹ ਨਾਲ ਹੋਇਆ । ਪੀਰ ਜੀ ਵੀ ਬੜੇ ਧਾਰਮਿਕ ਤੇ ਸੂਫੀ ਖਿਆਲਾਂ ਦੇ ਸਨ । ਸੰਸਾਰ ਦੇ ਵਿਹਾਰਾਂ ਤੋਂ ਬੜੇ ਬੇਪਰਵਾਹ ਤੇ ਹਰ ਸਮਾਂ ਰੱਬ ਦੀ ਬੰਦਗੀ ਵਿਚ ਜੁਟੇ ਰਹਿੰਦੇ ਸਨ । ਲੋਕ ਆਪ ਦਾ ਬੜਾ ਸਤਿਕਾਰ ਕਰਦੇ ਸਨ । ਆਪ ਦਾ ਨਾਮ ਤਾਂ ਬਦਰਦੀਨ ਸੀ ਜਿਸ ਕਰਕੇ ਲੋਕੀਂ ਸਤਿਕਾਰ ਤੇ ਸ਼ਰਧਾ ਨਾਲ ਪੀਰ ਬੁੱਧੂ ਸ਼ਾਹ ਕਹਿਣ ਲੱਗ ਪਏ । ਆਪ ਪਰਉਪਕਾਰੀ ਜੀਵਨ ਬਿਤਾ ਕੇ ਖੁਸ਼ ਹੁੰਦੇ ਤੇ ਮਜ਼ਬੋ ਮਿਲਤ ਤੇ ਜ਼ਾਤ – ਪਾਤ ਤੋਂ ਉਪਰ ਸੋਚਣ ਵਾਲੇ ਸਨ । ਆਪ ਦੀ ਜੀਅ ਜੰਤੂਆਂ ਨਾਲ ਖੁਦਾ ਦੀ ਖਲਕਤ ਹੋਣ ਕਰਕੇ ਪਿਆਰ ਤੇ ਹਮਦਰਦੀ ਦੀ ਇੱਕ ਉਦਾਹਰਣ ਇਉਂ ਹੈ : – ਪੀਰ ਜੀ ਨੇ ਆਪਣੀ ਜਗੀਰ ਜਿਹੜੀ ਮੁਗਲਾਂ ਵਲੋਂ ਮਿਲੀ ਹੋਈ ਸੀ ਆਪਣੇ ਕਿਸੇ ਰਿਸ਼ਤੇਦਾਰ ਨੂੰ ਵਾਹੁਣ ਵਾਸਤੇ ਦਿੱਤੀ ਹੋਈ ਸੀ । ਉਹ ਬੜੇ ਕਰੜੇ ਤੇ ਸਖਤ ਸੁਭਾ ਦਾ ਸੀ । ਇਸ ਦੀ ਪੈਲੀ ਵਿੱਚ ਕਿਸੇ ਦਾ ਡੰਗਰ ਕੋਈ ਖੇਤੀ ਖਾ ਜਾਂਦਾ ਤਾਂ ਇਹ ਉਸ ਨੂੰ ਕੁੱਟਦਾ ਮਾਰਦਾ । ਇੱਕ ਵਾਰੀ ਇਸ ਨੇ ਇਕ ਪਸ਼ੂ ਨੂੰ ਏਨਾ ਕੁਟਿਆ ਕਿ ਬੇਹੋਸ਼ ਹੋ ਗਿਆ ਤੇ ਨਾਲ ਹੀ ਉਸ ਦੇ ਮਾਲਕ ਦੀ ਅਬਾ ਤਬਾ ਕੀਤੀ । ਜਦੋਂ ਇਸ ਘਟਨਾ ਦਾ ਪੀਰ ਜੀ ਨੂੰ ਪਤਾ ਲੱਗਾ ਤਾਂ ਉਸ ਰਿਸ਼ਤੇ ਦਾਰ ਨੂੰ ਘਰ ਸੱਦ ਕੇ ਕਿਹਾ ਕਿ ਮੈਂ ਆਪਣਾ ਹਿੱਸਾ ਛੱਡਿਆ ਤੂੰ ਡੰਗਰਾਂ ਪਸ਼ੂਆਂ ਨੂੰ ਨਾ ਮਾਰਿਆ ਕਰ , ਨਾ ਰੋਕਿਆ ਕਰ । ਉਸ ਨੇ ਖਿਮਾ ਮੰਗੀ । ਹੁਣ ਉਸ ਨੇ ਪਸ਼ੂਆਂ ਨੂੰ ਰੋਕਣਾ ਬੰਦ ਕਰ ਦਿੱਤਾ ਖੁਦਾ ਦੀ ਕਰਨੀ ਜਿਸ ਪੈਲੀ ਵਿਚੋਂ ਡੰਗਰ ਖਾ ਜਾਂਦੇ ਉਹ ਸਗੋਂ ਹੋਰ ਸੰਘਣੀ ਹੋ ਜਾਦੀ। ਬੁੱਧੂ ਸ਼ਾਹ , ਪੀਰ ਭੀਖਨ ਸ਼ਾਹ ਜੋ ਬਾਲਕ ਗੁਰੂ ਜੀ ਦੇ ਦਰਸ਼ਨ ਕਰਨ ਗਿਆ ਸੀ , ਉਹਨਾਂ ਦੇ ਦਰਸ਼ਨ ਕਰਨ ਘੁੜਾਮ ਕਈ ਵਾਰ ਗਿਆ । ਸੈਫਾਬਾਦ ( ਪਟਿਆਲੇ ) ਇੱਕ ਵਾਰ ਪੀਰ ਫਕੀਰ ਸੈਫੁਲ ਦੀਨ ਨੂੰ ਮਿਲਣ ਗਿਆ ਤਾਂ ਉਥੇ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕਰਕੇ ਨਿਹਾਲ ਹੋਇਆ । ਬਾਲਕ ਗੁਰੂ ਜਦੋਂ ਪਟਨੇ ਤੋਂ ਅਨੰਦਪੁਰ ਸਾਹਿਬ ਆਉਂਦਿਆਂ ਲਖਨਊ ਮਾਤਾ ਗੁਜਰੀ ਜੀ ਦੇ ਜੱਦੀ ਪੇਕੇ ਪਿੰਡ ਭੀਖਨ ਸ਼ਾਹ ਤੇ ਪੀਰ ਬੁੱਧੂ ਸ਼ਾਹ ਦੋਹਾਂ ਨੇ ਉਹਨਾਂ ਦੇ ਦਰਸ਼ਨ ਕੀਤੇ ਸਨ । ਜਦੋਂ ਭੀਖਨ ਸ਼ਾਹ ਨੇ ਪੀਰ ਬੁੱਧੂ ਸ਼ਾਹ ਨੂੰ ਕੁੱਜੀਆਂ ਵਾਲੀ ਪਰਖ ਦੀ ਕਹਾਣੀ ਸੁਣਾਈ ਤਾਂ ਇਹ ਗੁਰੂ ਜੀ ਦਾ ਪੂਰਾ ਸ਼ਰਧਾਲੂ ਬਣ ਗਿਆ । ਉਹਨਾਂ ਲਈ ਪੂਰਾ ਸਤਿਕਾਰ ਮਨ ਵਿੱਚ ਬਣਾ ਲਿਆ । ਪੀਰ ਬੁੱਧੂ ਸ਼ਾਹ ਕੁਝ ਚਿਰ ਲਈ ਘਰ ਬਾਰ ਛੱਡ ਕੇ ਦਿੱਲੀ ਆ ਗਿਆ ਤੇ ਉਥੇ ਵਾਸਾ ਕਰ ਲਿਆ । ਉਥੇ ਕਾਫੀ ਤਪੱਸਿਆ ਕੀਤੀ ਪਰ ਉਥੇ ਦਿਲ ਨਾ ਲੱਗਾ । ਜਦੋਂ ਗੁਰੂ ਜੀ ਦਾ ਪਾਉਂਟੇ ਆਉਣਾ ਸੁਣਿਆ ਤਾਂ ਪੀਰ ਬੁੱਧੂ ਸ਼ਾਹ ਗੁਰੂ ਜੀ ਦੇ ਦਰਸ਼ਨਾਂ ਨੂੰ ਉਥੇ ਪੁੱਜਿਆ । ਗੁਰੂ ਜੀ ਨੂੰ ਮਿਲਦਿਆਂ ਹੀ ਕਹਿਣ ਲੱਗਾ , “ ਮਹਾਰਾਜ ਮੇਰੀ ਤ੍ਰਿਪਤ ਬੁਝਾਉ । ‘ ‘ ਗੁਰੂ ਜੀ ਨੇ ਬਚਨ ਕੀਤਾ , “ ਭਟਕਣਾ ਛੱਡ ਕੇ ਟਿਕ ਕੇ ਬੈਠ ਜਾਉ । ‘ ‘ ਫਿਰ ਪੁਛਿਆ “ ਸੱਚੇ ਪਾਤਸ਼ਾਹ ਖੁਦਾ ਨੂੰ ਕਿਵੇਂ ਪਾਈਏ ? ” ਗੁਰੂ ਜੀ ਦੇ ਬਚਨ ਸਨ : “ ਖੁਦਾ ਦੀ ਪ੍ਰਾਪਤੀ ਲਈ ਅਗਿਆਨਤਾ ਤੇ ਤੰਗ – ਦਿਲੀ ਹੀ ਰੋੜੇ ਦਾ ਕੰਮ ਕਰਦੇ ਹਨ । ਅਗਿਆਨਤਾ ਕਰਕੇ ਸੰਸਾਰੀ ਪਦਾਰਥ ਤੇ ਧੀਆਂ ਪੁੱਤਰ , ਮਹਿਲ ਮਾੜੀਆਂ ਆਪਣੀਆਂ ਦਿਸਦੀਆਂ ਹਨ । ਮਨੁੱਖ ਤੰਗ ਦਾਇਰੇ ਵਿੱਚ ਫਸ ਜਾਂਦਾ ਹੈ । ਇਹਨਾਂ ਸੰਸਾਰਕ ਬੰਧਨਾਂ ਤੋਂ ਛੁਟਕਾਰਾ ਪਾ ਕੇ ਹੀ ਖੁਦਾ ਦੇ ਦਰਸ਼ਨ ਹੋ ਸਕਦੇ ਹਨ । ਜਦੋਂ ਪ੍ਰਭਾਤ ਆਉਂਦੀ ਹੈ ਤਾਂ ਰਾਤ ਪਿਛੇ ਰਹਿ ਜਾਂਦੀ ਹੈ । ਖੁਦਾ ਨੂੰ ਮਿਲਣਾ ਇਵੇਂ ਹੈ ਜਿਵੇਂ ਰਾਤ ਦਿਨ ਨੂੰ ਮਿਲਦੀ ਹੈ । ਜਦੋਂ ਸਚਾਈ ਦਾ ਗਿਆਨ ਹੋ ਜਾਂਦਾ ਹੈ ਤਾਂ ਆਪਾ ਮਿਟ ਜਾਂਦਾ ਹੈ । ਜਦੋਂ ਪੀਰ ਜੀ ਨੇ ਪੁਛਿਆ ਕਿ “ ਖੁਦਾ ਨਾਲ ਮਿਲਾਪ ਹੋਇਆ ਤਾਂ ਕਿਵੇਂ ਅਨੁਭਵ ਕਰੀਏ ਤਾਂ ਗੁਰੂ ਜੀ ਨੇ ਬਚਨ ਕੀਤਾ ਕਿ ” ਨੂਰਾਨੀ ਉਜਾਲਾ ਹੁੰਦਿਆਂ ਆਪੇ ਹੀ ਹਉਮੈ ਖਤਮ ਹੋ ਜਾਂਦੀ ਹੈ ਆਪਣੀ ਹੋਂਦ ਦਾ ਖਿਆਲ ਹੀ ਮਿਟ ਜਾਂਦਾ ਹੈ । ਸਚਾਈ ਸਾਹਮਣੇ ਆ ਜਾਂਦੀ ਹੈ । ਤ੍ਰਿਸ਼ਨਾ , ਭੇਖ , ਪਾਖੰਡ ਖ਼ਤਮ ਹੋ ਜਾਂਦੇ ਹਨ ਤੇ ਸਾਰਾ ਮੁਲੰਮਾ ਉਤਰ ਜਾਂਦਾ ਹੈ । ਫਿਰ ਗੁਰੂ ਜੀ ਨੇ ਪੀਰ ਜੀ ਨੂੰ ਮੁਖਾਤਬ ਕਰਦਿਆਂ ਬਚਨ ਕੀਤਾ “ ਮਨ ਨੂੰ ਕਾਬੂ ਕਰਨ ਲਈ ਤੁਸੀਂ ਤਪੱਸਿਆ ਕੀਤੀ ਤੁਸੀਂ ਸਫਲ ਨਹੀਂ ਹੋਏ । ਤਪ ਹੀ ਹਉਮੈ ਦੀ ਖੁਰਾਕ ਬਣ ਜਾਂਦੀ ਹੈ । ਉਸ ਪਾਸ ਪੁੱਜਣ ਦਾ ਰਸਤਾ ਕੇਵਲ ਉਸ ਦੀ ਰਜ਼ਾ ਵਿਚ ਰਹਿਣਾ ਹੀ ਹੈ । ਇਹ ਬਚਨ ਸੁਣ ਕੇ ਪੀਰ ਜੀ ਨੂੰ ਜੀਵਨ ਦਾ ਭੇਦ ਮਿਲ ਗਿਆ । ਸੂਰਜ ਪ੍ਰਕਾਸ਼ ਗ੍ਰੰਥ ਦੇ ਕਰਤਾ ਨੇ ਵੀ ਪੀਰ ਬੁੱਧੂ ਸ਼ਾਹ ਦੇ ਗੁਰੂ ਜੀ ਨਾਲ ਹੋਏ । ਮਿਲਾਪ ਦਾ ਵਰਨਣ ਕੀਤਾ ਹੈ । ਉਸ ਨੇ ਲਿਖਿਆ ਹੈ ਗੁਰੂ ਜੀ ਨੇ ਜਦ ਪੁਛਿਆ “ ਕਿਸ ਕਾਰਜ ਤੇ ਆਵਨ ਇਹਾ ? ‘ ਅੱਗੋਂ ਬੁੱਧੂ ਸ਼ਾਹ ਬੋਲਿਆ , ਮਨ ਨਹੀਂ ਸੀ ਟਿਕਦਾ ਤੁਹਾਡੇ ਦੀਦਾਰ ਨੂੰ ਆਇਆ ਸੀ , ਪਰ ਆਪ ਦੇ ਮੁਖੋਂ ਕੁਝ ਬੋਲ ਤੇ ਤੇਰੇ ਦੀਦਾਰ ਪਾ ਕੇ ਮਨ ਦਾ ਦੇਣਾ ਹੋ ਗਿਆ । ਸਭ ਭਟਕਣਾਂ ਮੁੱਕ ਗਈਆਂ ਹਨ । ਮਨ ਉਡਾਰੀਆਂ ਲਾਉਣੋਂ ਹੱਟ ਗਿਆ ਹੈ । “ ਐਸੀ ਮਿਲਣੀ ਅਬਿ ਮਲਿ ਗਾਯੋ ॥ ਲੈ ਦਰਸ਼ਨ ਮਨ ਦੇ ਦਿਯੋ ॥ ਅਸ ਬਿਵਹਾਰ ਬਿਨ ਮੁੱਖ ਬੋਲੇ । ਹੋਇ ਚੁਕਯੋ ਤੁਰਨ ਬਿਨ ਤੋਲੇ ॥੧੭ ॥ ਜਿਸ ਤੇ ਫੇਰ ਨਾ ਫਿਰਨਾ ਹੋਏ ॥ ਬਹੁਤ ਦਿਨ ਕੇ ਦਾਰਿਦ ਦੁਖ ਖੋਇ ॥ ‘ ਗੁਰੂ ਜੀ ਦੇ ਬਚਨ ਸੁਣ ਕੇ ਪੀਰ ਜੀ ਨਿਹਾਲ ਮੁਗਧ ਹੋ ਗਏ । ਉਧਰ ਗੁਰੂ ਜੀ ਨੇ ਬਹੁਤ ਆਦਰ ਮਾਣ ਦਿੱਤਾ ਤੇ ਸਿੱਖਾਂ ਨੂੰ ਆਦੇਸ਼ ਦਿੱਤਾ ਕਿ ਪੀਰ ਜੀ ਨੂੰ ਬੜੇ ਸਨਮਾਨ ਨਾਲ ਰੱਖਿਆ ਜਾਵੇ । ਪੀਰ ਜੀ ਬਹੁਤ ਦੇਰ ਪਾਉਂਟਾ ਸਾਹਿਬ ਟਿਕੇ ਰਹੇ , ਖੁਦਾ ਦਾ ਰਾਹ ਮਿਲ ਗਿਆ । ਜਾਣ ਲੱਗਿਆਂ ਪੀਰ ਜੀ ਨੂੰ ਬੜੇ ਸਤਿਕਾਰ ਨਾਲ ਵਿਦਾਇਗੀ ਦਿੱਤੀ ਤੇ ਸਿਰੋਪਾ ਬਖਸ਼ਿਆ । ਉਧਰ ਪੀਰ ਜੀ ਨੇ ਆਪਣੀ ਉਮਰ ਦੀ ਪਰਵਾਹ ਨਾ ਕਰਦੇ ਨਿਮਰਤਾ ਦਿਖਾਉਂਦਿਆਂ ਸਿਰੋਪਾ ਗੁਰੂ ਜੀ ਦੇ ਚਰਨਾਂ ਨੂੰ ਛੁਹਾ ਕੇ ਆਪਣੇ ਸਿਰ ਤੇ ਰੱਖ ਲਿਆ । “ ਸਿਰੋ ਪਾਓ ਤਓ ਪ੍ਰਭੂ ਦਿਵਾਸੇ ॥ ਪਗ ਛੁਹਾ ਲੈ ਸੀਸ ਚੱਢਾਯੋ ॥ ਇਸ ਪਿਛੋਂ ਕਈ ਵਾਰ ਪੀਰ ਜੀ ਪਾਉਂਟਾ ਸਾਹਿਬ ਆ ਗੁਰੂ ਜੀ ਦੀ ਸੰਗਤ ਕਰਦੇ ਰਹੇ । ਜਦੋਂ ਕੁਝ ਪਠਾਣਾਂ ਨੂੰ ਔਰੰਗਜ਼ੇਬ ਨੇ ਫੌਜ ਵਿਚੋਂ ਕੱਢ ਦਿੱਤਾ ਤਾਂ ਪੀਰ ਜੀ ਨੇ ਇਹਨਾਂ ਨੂੰ ਨਾਲ ਲੈ ਕੇ ਗੁਰੂ ਜੀ ਪਾਸ ਭਰਤੀ ਕਰਾ ਦਿੱਤਾ । ਜਦੋਂ ਯੁੱਧ ਦੇ ਨਗਾਰੇ ਖੜਕੇ ਤਾਂ ਇਹਨਾਂ ਪਠਾਣਾਂ ‘ ਚੋਂ ਚਾਰ ਸੌ ਪਠਾਣ ਭਗੌੜੇ ਹੋ ਗਏ । ਪੈਸੇ ਦੇ ਲਾਲਚ ਵਿੱਚ ਆਂ ਗਏ ਕੇਵਲ ਕਾਲੇ ਖਾਨ ਹੀ ਗੁਰੂ ਜੀ ਨਾਲ ਰਹਿ ਗਿਆ ਜਿਸ ਪਾਸ ਸੌ ਕੁ ਪਠਾਣ ਸਨ । ਜਦੋਂ ਪੀਰ ਬੁੱਧੂ ਸ਼ਾਹ ਨੂੰ ਇਹਨਾਂ ਪਠਾਣਾਂ ਦੇ ਭੱਜਣ ਦਾ ਪਤਾ ਲੱਗਾ ਤਾਂ ਝੱਟ ਆਪਣੇ ਚਾਰ ਪੁੱਤਰਾਂ , ਦੋ ਭਰਾਵਾਂ ਅਤੇ ਸੱਤ ਸੌ ਮੁਰੀਦਾਂ ਨਾਲ ਗੁਰੂ ਜੀ ਦੀ ਸਹਾਇਤਾ ਲਈ ਯੁੱਧ ਵਿੱਚ ਪੁੱਜ ਗਿਆ । ਘੋਰ ਯੁੱਧ ਵਿੱਚ ਜੂਝ ਪਿਆ । ਜਦ ਸਤਿਗੁਰੂ ਜੀ ਨੂੰ ਪੀਰ ਜੀ ਦੇ ਪੁੱਤਰ ਸ਼ਹੀਦ ਹੋਣ ਦੀ ਸੂਚਨਾ ਮਿਲੀ ਤਾਂ ਸ਼ਾਯਦ ਅਸ਼ਰਫ ਦੀ ਸੂਰਮਤਾਈ ਦੀ ਬੜੀ ਸਿਫਤ ਕੀਤੀ ਤੇ ਬੁੱਧੂ ਸ਼ਾਹ ਜੀ ਨੂੰ ਕਿਹਾ , ਉਸ ਨੇ ਆਪਣੀ ਲਾਜ ਰੱਖ ਵਖਾਲੀ ਹੈ : “ ਸਾਧ ਸਾਧ ਬੁੱਧੂ ਸਭਟ ਜਿਨ ਰਾਖੀ ਨਿਜ ਆਨਿ । ਪਹਿਲੇ ਪੁੱਤਰ ਸ਼ਹੀਦ ਹੋਣ ਕਰਕੇ ਪੀਰ ਜੀ ਨੇ ਹੌਸਲਾ ਨਾ ਛੱਡਿਆ ਸਗੋਂ ਆਪ ਦੇ ਪੁੱਤਰਾਂ ਤੇ ਭਰਾਵਾਂ ਨਾਲ ਸੰਗੋ ਸ਼ਾਹ ਦੀ ਸਹਾਇਤਾ ਲਈ ਅੱਗੇ ਵਧਿਆ । ਚੰਦੋਲ ਦਾ ਰਾਜਾ ਮੁਧਕਰ ਪਹਾੜੀਆਂ ਦੀ ਸਹਾਇਤਾ ਨਾਲ ਅੱਗੇ ਵਧਿਆ ਅਤੇ ਤੀਰਾਂ ਦਾ ਮੀਂਹ ਵਰਸਾਉਣ ਲੱਗਾ । ਇਸ ਦੇ ਇਕ ਤੀਰ ਨਾਲ ਪੀਰ ਜੀ ਦਾ ਦੂਜਾ ਪੁੱਤਰ ਸਯਦ ਮੁਹੰਮਦ ਸ਼ਾਹ ਵੀ ਵੀਰ ਗਤੀ ਪਾ ਗਿਆ । ਹਲਵਾਈ ਲਾਲ ਚੰਦ ਹੱਥੋਂ ਮੀਰ ਖਾਂ ਤੋਂ ਮਹੰਤ ਕਿਰਪਾਲ ਦਾਸ ਨੇ ਹਯਾਤ ਖਾਨ ਦਾ ਸਿਰ ਗੰਢੇ ਵਾਂਗ ਫੇਹ ਦਿੱਤਾ । ਉਧਰ ਹਰੀ ਖਾਂ ਦੀ ਮੌਤ ਨੇ ਯੁੱਧ ਜਿੱਤ ਵਿੱਚ ਬਦਲ ਦਿੱਤਾ । ਜਿੱਤ ਪ੍ਰਾਪਤੀ ਉਪਰੰਤ ਜਦੋਂ ਸਾਰੇ ਪਾਉਂਟਾ ਸਾਹਿਬ ਆਏ ਤਾਂ ਆਪਣੀ ਆਪਣੀ ਵਿਥਿਆ ਦੱਸਣ ਲੱਗੇ । ਪੀਰ ਜੀ ਨੂੰ ਸਭ ਤੋਂ ਪਿਛੇ ਬੈਠਿਆਂ ਨੂੰ ਗੁਰੂ ਜੀ ਨੇ ਲਾਗੇ ਸੱਦਿਆ ਤੇ ਬਚਨ ਕੀਤਾ ਕਿ ਤੁਸੀਂ ਸੱਚੇ ਪੀਰ ਹੋ । ” ਤਾਂ ਅੱਗੋਂ ਪੀਰ ਜੀ ਦਾ ਬੜਾ ਹੌਸਲਾ ਸੀ । ਉਤਰ ਸੀ “ ਮਰਨਾ ਸਭ ਨੇ ਹੈ ਪਰ ਉਹ ਧੰਨ ਹੈ ਜਿਸ ਦੇ ਪੁੱਤਰ ਸੁੱਭ ਕਾਰਜ ਲਈ ਯੁੱਧ ਵਿੱਚ ਸ਼ਹੀਦ ਹੋਏ ਹਨ । ਇਸ ਗੱਲ ਦਾ ਮੈਨੂੰ ਰਤਾ ਵੀ ਅਫਸੋਸ ਨਹੀਂ ਹੈ । ਗੁਰੂ ਜੀ ਨੇ ਸਿਰੋਪਾ ਤੇ ਪੀਰ ਜੀ ਦੀ ਮੰਗ ਤੇ ਕੇਸਾਂ ਸਮੇਤ ਕੰਘਾ ਬਖਸ਼ਿਸ਼ ਕੀਤਾ । ਇਹ ਦੋਵੇਂ ਵਸਤੂਆਂ ਲੈ ਕੇ ਘਰ ਆਇਆ ਤਾਂ ਬੀਬੀ ਨਸੀਰਾਂ ਨੇ ਪੀਰ ਜੀ ਨੂੰ ਆਪਣੇ ਦੋ ਬੱਚਿਆਂ ਤੇ ਉਸ ਦੇ ( ਪੀਰ ) ਦੇ ਭਰਾਵਾਂ ਦੇ ਘਰ ਨਾ ਪਰਤਨ ਬਾਰੇ ਪੁੱਛਿਆ ਤਾਂ ਪੀਰ ਜੀ ਨੇ ਕਿਹਾ “ ਨਸੀਰਾਂ ਨੂੰ ਧਾਰਮਿਕ ਰੁਚੀ ਰਖਦੀ ਹੈ ਇਹ ਚਾਰੇ ਹੀ ਧਰਮ ਤੇ ਸੱਚ ਤੇ ਪਹਿਰਾ ਦੇਂਦਿਆਂ ਸ਼ਹੀਦ ਹੋਏ ਹਨ ਜਿਵੇਂ ਆਪਣੇ ਵਡਿਕੇ ਕਰਬਲਾ ਦੇ ਥਾਂ ਤੇ ਆਪਣੇ ਧਰਮ ਤੋਂ ਕੁਰਬਾਨ ਹੋਏ ਸਨ । ਬੀਬੀ ਲਗੀ ਰੋਣ ਕੁਰਲਾਉਣ । ਕੁਝ ਚਿਰ ਬਾਅਦ ਰੋ ਕੇ ਹਾਰ ਕੇ ਦਿਲ ਹੌਲਾ ਕਰ ਲਿਆ । ਹੁਣ ਪੀਰ ਜੀ ਨੇ ਹੌਸਲਾ ਤੇ ਧੀਰਜ ਦੇਦਿਆਂ ਕਿਹਾ , “ ਨਸੀਰਾਂ । ਸਿੱਖਾਂ ਦਾ ਪੀਰ ਗੁਰੂ ਗੋਬਿੰਦ ਸਿੰਘ ਇਕ ਖੁਦਾ ਹੀ ਧਰਤੀ ਤੇ ਆਇਆ ਹੈ । ਤੈਨੂੰ ਪਤਾ ਨਹੀਂ ਹੈ ਕਿ ਜਦੋਂ ਇਨ੍ਹਾਂ ਦਾ ਪਟਨੇ ਪ੍ਰਕਾਸ਼ ਹੋਇਆ...

ਸੀ ਤਾਂ ਪੀਰ ਭੀਖਣ ਸ਼ਾਹ ਪੁੱਜੇ ਹੋਇਆਂ ਨੇ , ਪੰਜਾਬ ਤੋਂ ਪਟਨੇ ਜਾ ਕੇ ਬਾਲਕ ਦੇ ਦਰਸ਼ਨ ਕੀਤੇ ਸਨ ਤੇ ਕਿਹਾ ਸੀ “ ਖੁਦਾ ਧਰਤੀ ਤੇ ਆਇਆ ਹੈ । ‘ ‘ ਇਸੇ ਤਰ੍ਹਾਂ ਦਰਜਨਾਂ ਮੁਸਲਮਾਨ ਪੀਰ ਫਕੀਰ ਇਸ ਦਾ ਇੱਜ਼ਤ ਤੇ ਮਾਨ ਕਰਦੇ ਹਨ । ਤੁਸੀਂ ਸਮਝੋ ਕਿ ਇਹ ਚਾਰੇ ਖੁਦਾ ਦੇ ਹਵਾਲੇ ਕੀਤੇ ਹਨ । ‘ ‘ ਫਿਰ ਬੀਬੀ ਨੇ ਪੁਛਿਆ ਕਿ “ ਇਹ ਖੁਦਾ ਕਿਸ ਤਰ੍ਹਾਂ ਹੋਇਆ ? ਖੁਦਾ ਤਾਂ ਆਪਣਾ ਮੁਹੰਮਦ ਸਾਹਿਬ ਵੀ ਨਾ ਬਣ ਸਕਿਆ । ਹੁਣ ਪੀਰ ਜੀ ਨੇ ਬੀਬੀ ਨੂੰ ਪ੍ਰੇਮ ਨਾਲ “ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨ ਲਈ ਕਿਹਾ । ਪ੍ਰਮਾਤਮਾ ਦੀ ਮਿਹਰ ਹੋ ਗਈ ਹੁਣ ਨਸੀਰਾਂ ਹੌਸਲਾ ਧਾਰ ਕੇ ਅੱਖਾਂ ਮੀਟ ਕੇ ਵਾਹਿਗੁਰੂ ਦਾ ਜਾਪ ਕਰਨ ਲੱਗੀ । ਉਸ ਦੀ ਸੁਰਤ ਉਪਰ ਉਠੀ , ਕੀ ਵੇਖਦੀ ਹੈ ਕਿ ਇਸ ਦੇ ਪੁੱਤਰ ਤੇ ਦੇਵਰ ਸੱਚਖੰਡ ਵਿਚ ਬਿਰਾਜੇ ਹਨ । ਹੁਣ ਜਦੋਂ ਸੁਰਤ ਹੇਠਾਂ ਆਈ ਤੇ ਪੀਰ ਜੀ ਨੂੰ ਕਹਿਣ ਲੱਗੀ “ ਪੀਰ ਜੀ । ਆਪਾਂ ਬੜੇ ਖੁਸ਼ਕਿਸਮਤ ਹਾਂ ਕਿ ਆਪਣੇ ਪੁੱਤਰ ਧਰਮ ਦੇ ਯੁੱਧ ਵਿਚ ਸ਼ਹੀਦ ਹੋਏ ਹਨ । ਕਿਉਂ ਨਾ ਆਪਣੇ ਦੂਜੇ ਪੁੱਤਰ ਵੀ ਇਸੇ ਧਰਮ ਯੁੱਧ ਵਿਚ ਕੁਰਬਾਨ ਹੋ ਗਏ ਹੁੰਦੇ ਤਾਂ ਆਪ ਸੁਰਖਰੂ ਹੋ ਜਾਂਦੇ । ‘ ‘ ਉਪਰੋਕਤ ਚੀਜ਼ਾਂ ਪੀਰ ਜੀ ਨੇ ਸੰਭਾਲ ਕੇ ਇਕ ਸੰਦੂਕੜੀ ਵਿੱਚ ਰੱਖ ਲਈਆਂ ਤੇ ਸਾਰੀ ਉਮਰ ਉਨ੍ਹਾਂ ਦੇ ਦਰਸ਼ਨ ਕਰਕੇ ਨਿਹਾਲ ਹੁੰਦਾ ਰਿਹਾ । ਇਹ ਵਸਤੂਆਂ ਖਾਲਸਾ ਰਾਜ ਸਮੇਂ ਉਸ ਦੇ ਡੇਰਿਓਂ ਮਿਲੀਆਂ ਸਨ । ਗੁਰੂ ਜੀ ਨੇ ਮੁਰੀਦਾਂ ਨੂੰ ਪੰਜ ਹਜ਼ਾਰ ਰੁਪਏ ਤੇ ਸਿਰੋਪੇ ਬਖਸ਼ੇ । ਪੀਰ ਜੀ ਆਪਣੇ ਡੇਰੇ ਸਢੌਰੇ ਪਰਤ ਆਏ । ਫਿਰ ਵੀ ਅਨੰਦਪੁਰ ਸਾਹਿਬ ਗੁਰੂ ਜੀ ਦੇ ਦਰਸ਼ਨਾਂ ਨੂੰ ਆਉਂਦੇ ਰਹੇ ਤੇ ਪਿਆਰ ਭਰੀਆਂ ਗੋਸ਼ਟੀਆਂ ਹੁੰਦੀਆਂ ਰਹੀਆਂ । ਗੁਰੂ ਜੀ ਦੇ ਅਨੰਦਪੁਰ ਸਾਹਿਬ ਪੁੱਜਣ ਤੇ ਪਹਾੜੀ ਰਾਜਿਆਂ ਵਲੋਂ ਔਰੰਗਜ਼ੇਬ ਕੋਲ ਗੁਰੂ ਜੀ ਵਿਰੁੱਧ ਲਾਈਆਂ ਸ਼ਿਕਾਇਤਾਂ ਕਾਰਨ ਉਸ ਨੇ ਸੈਦ ਖਾਨ ਨੂੰ ਗੁਰੂ ਜੀ ਵਿਰੁੱਧ ਭੇਜਿਆ । ਉਹ ਆਉਂਦਿਆਂ ਪਹਿਲਾਂ ਆਪਣੀ ਭੈਣ ਨਸੀਰਾਂ ਤੇ ਭਣਵਈਏ ਪੀਰ ਬੁੱਧੂ ਸ਼ਾਹ ਕੋਲ ਸਢੌਰੇ ਪੁੱਜਾ । ਦੋਵਾਂ ਜੀਆਂ ਨੇ ਵਾਰੀ ਵਾਰੀ ਸੈਦ ਖਾਨ ਨੂੰ ਸਮਝਾਇਆ । ਭੈਣ ਨੇ ਵੀਰ ਨੂੰ ਸਮਝਾਉਂਦਿਆਂ ਕਿਹਾ “ ਵੀਰਾ ! ਸਿੱਖਾਂ ਦਾ ਪੀਰ ਜਿਸ ਦੇ ਵਿਰੁੱਧ ਤੂੰ ਏਨਾ ਲਾਓ ਲਸ਼ਕਰ ਇਕੱਠਾ ਕਰਕੇ ਲਿਆਇਆ ਹੈਂ ਉਹ ਇਨਸਾਨ ਨਹੀਂ ਸਗੋਂ ਖੁਦਾ ਆਪ ਧਰਤੀ ਤੇ ਆਇਆ ਹੋਇਆ ਹੈ । ਇਨ੍ਹਾਂ ਦੇ ਜਨਮ ਤੇ ਇਨ੍ਹਾਂ ਦੇ ਦਰਸ਼ਨਾਂ ਲਈ ਇਕ ਪੁਜਿਆ ਹੋਇਆ ਫਕੀਰ ਭੀਖਣ ਸ਼ਾਹ ਪੰਜਾਬ ਤੋਂ ਪਟਨੇ ਤੱਕ ਤੁਰ ਕੇ ਗਿਆ । ਹੋਰ ਕਈ ਮੁਸਲਮਾਨ ਫਕੀਰ ਗੁਰੂ ਜੀ ਦੇ ਮਿੱਤਰ ਤੇ ਸ਼ਰਧਾਲੂ ਹਨ । ਸਿੱਖਾਂ ਦਾ ਪੀਰ ਕੋਈ ਜੰਗ ਨਹੀਂ ਲੜਦਾ ਸਗੋਂ ਹਿੰਦੂ ਰਾਜੇ ਤੇ ਮੁਸਲਮਾਨ ਉਨ੍ਹਾਂ ਨੂੰ ਟਿਕਣ ਨਹੀਂ ਦੇਂਦੇ । ਹਾਰ ਕੇ ਇਨ੍ਹਾਂ ਦਾ ਟਾਕਰਾ ਕਰਨਾ ਪੈਂਦਾ ਹੈ । ਇਹ ਸੈਂਕੜਿਆਂ ਦੀ ਗਿਣਤੀ ਨਾਲ ਲੱਖਾਂ ਦਾ ਟਾਕਰਾ ਕਰਦੇ ਹਨ । ਇਹ ਖੁਦਾ ਹੈ ਜਿਹੜਾ ਕਿਸੇ ਦੀ ਪਰਵਾਹ ਨਹੀਂ ਕਰਦਾ ਹਰ ਇਕ ਨੂੰ ਮੂੰਹ ਦੀ ਖਾਣੀ ਪੈਂਦੀ ਹੈ । ਇਹ ਸੱਚ ਤੇ ਪਹਿਰਾ ਦੇਂਦੇ ਧਰਮ ਦਾ ਯੁੱਧ ਲੜਦੇ ਹਨ । ਤੇਰੇ ਭਾਣਜੇ ਇਸ ਧਰਮ ਯੁੱਧ ਵਿਚ ਸ਼ਹੀਦ ਹੋਏ ਹਨ ਦੋ ਤੇਰੇ ਭਣਵਈਏ ਦੇ ਭਰਾ ਸ਼ਹੀਦ ਹੋਏ ਹਨ , ਤੂੰ ਚੁੱਪ ਕਰਕੇ ਵਾਪਸ ਮੁੜ ਜਾ ਰੱਬ ਨਾਲ ਟੱਕਰ ਨਾ ਲੈ । ‘ ‘ ਫਿਰ ਭਣਵਈਏ ਨੇ ਸਮਝਾਉਂਦਿਆਂ ਕਿਹਾ “ ਸੈਦੇ । ਨਾਮੀ ਲੜਾਕੂ ਮੁਸਲਮਾਨ ਸਿੱਖਾਂ ਦੇ ਹਥੋਂ ਮਰਦੇ ਮੈਂ ਆਪ ਵੇਖੇ ਹਨ । ਸਿੱਖਾਂ ਦੇ ਅਗੇ ਇੰਝ ਭਜੋ ਫਿਰਦੇ ਵੇਖੇ ਹਨ ਜਿਵੇਂ ਭੇਡਾਂ ਸ਼ੇਰਾਂ ਅਗੇ ਭੱਜਦੀਆਂ ਹਨ । ਸੈਦ ਖਾਨ ਨੇ ਪੁਛਿਆ “ ਤੁਸੀਂ ਉਨ੍ਹਾਂ ਵਿਚ ਕੀ ਵੇਖਿਆ ਹੈ ? ਭੈਣ ਕਹਿੰਦੀ ਹੈ ਕਿ ” ਵੀਰਾ ਉਨ੍ਹਾਂ ਨੂੰ ਵੇਖੇਗਾ ਤਾਂ ਪਤਾ ਲਗੂ ਉਨ੍ਹਾਂ ਵਿਚ ਕਿਹੋ ਜਿਹੀ ਕਸ਼ਿਸ਼ ਹੈ । ਇਸ ਤਰ੍ਹਾਂ ਗੱਲਾਂ ਸੁਣਦਿਆਂ ਰੁਕਿਆ ਨਹੀਂ ਅਨੰਦਪੁਰ ਵਲ ਚਲ ਪਿਆ । ਰਾਹ ਵਿਚ ਸੋਚਦਾ ਗਿਆ ਕਿ ਭੈਣ ਤੇ ਭਣਵਈਆ ਗਲਤ ਨਹੀਂ ਹੋ ਸਕਦੇ ਜਿਨ੍ਹਾਂ ਨੇ ਘਰ ਦੇ ਚਾਰ ਜੀਅ ਕੁਰਬਾਨ ਕਰਾ ਦਿੱਤੇ ਫਿਰ ਮੁਸਲਮਾਨ ਫਕੀਰਾਂ ਜਿਹੜੇ ਗੁਰੂ ਜੀ ਦੇ ਮਿਤਰ ਹਨ ਬਾਰੇ ਸੋਚਣ ਲਗਾ । ਉਧਰ ਭੈਣ ਨੂੰ ਵੀ ਨੀਂਦ ਨਾ ਪਈ ਸਾਰੀ ਰਾਤ ਅਰਜ਼ੋਈ ਕਰਦੀ ਰਹੀ ਹੈ ਕਿ ਹੇ ਸੱਚੇ ਪਾਤਸ਼ਾਹ । ਮੇਰੇ ਵੀਰ ਨੂੰ ਜ਼ਾਲਮਾਂ ਨੇ ਤੁਹਾਡੇ ਉਪਰ ਹਮਲਾ ਕਰਨ ਲਈ ਭੇਜ ਦਿੱਤਾ ਹੈ । ਆਪ ਨੇ ਮੇਰੇ ਵੀਰ ਨੂੰ ਤੀਰਾਂ ਨਾਲ ਨਹੀਂ ਮਾਰਨਾ ਸਗੋਂ ਨੈਣਾਂ ਦੇ ਤੀਰ ਮਾਰ ਕੇ ਜਿਤਣਾ ਹੈ । ਇਸ ਨੂੰ ਮਾਫ ਕਰਨਾ ਹੈ । ਸੈਦ ਖਾਨ ਅਨੰਦਪੁਰ ਪੁਜ ਕੇ ਆਪਣੇ ਦਿਲ ਵਿਚ ਕਹਿਣ ਲਗਾ ਕਿ ਜੇ ਉਹ ਦਿਲਾਂ ਦੇ ਜਾਨੀ ਹਨ ਤਾਂ ਸਾਹਮਣੇ ਆਉਣ । ਉਹ ਪਤਾ ਨਹੀਂ ਇੰਝ ਸੋਚਦਾ ਹੈ । ਪੰਥ ਪ੍ਰਕਾਸ਼ ਅਨੁਸਾਰ ਅੰਤਰਜਾਮੀ ਇਹ ਪੀਰ ॥ ਉਹੀ ਲਹਿ ਪ੍ਰੇਮ ਕੀ ਧੀਰ ॥ ਤੇ ਅਬ ਤੇਜ ਤਰੰਗ ਕੁਦਾਵਹਿ ॥ ਕਲਗੀ ਝੂਲਤ ਰੂਪ ਦਿਖਾਵਹਿ ॥ ਅਬ ਊਤ ਕੰਠਾ ਲਖ ਚਿਤ ਮੇਰੀ ॥ ਏਕ ਵਾਰ ਇਤਿ ਵਾਵਹਿ ਫੇਰੀ ॥ ਮਹਾਰਾਜ ਨੂੰ ਉਸ ਦੇ ਹਿਰਦੇ ਦੀਆਂ ਤਾਰਾਂ ਟੁਣਕਦੀਆਂ ਸੁਣੀਆਂ । ਉਸ ਪਾਸ ਘੋੜੇ ‘ ਤੇ ਸਵਾਰ ਹੋ ਜਾ ਦਰਸ਼ਨ ਦਿੱਤੇ : ਧਨੁਖ ਬਾਣ ਨਿਜ ਪਾਨ ਸੰਭਾਰਾ ॥ ਕੁਏ ਤਰੰਗਮ ਪੁਰ ਅਸਵਾਰਾ ॥ ਕਰਤ ਸ਼ੀਘਰਤਾ ਚਯ ਚਪ ਲਾਏ ॥ ਤਤ ਛਿਨ ਖਾਨ ਖਾਨ ਕੋ ਆਏ ॥ ਦੀਦਾਰ ਕਰਦਿਆਂ ਨਿਹਾਲ ਹੋ ਕੇ ਪੁਕਾਰ ਕੀਤੀ – ਖੁਦਾ ਆਇਦ ਖੁਦਾ ਆਇਦ ॥ ਮੈਂ ਆਇਦ ਖੁਦਾ ਬੰਦਾ ॥ ਹਕੀਕਤ ਦਰ ਮਿਜਾਜ ਆਇਜ ॥ ਭੀ ਮਰਦ ਰਾ ਰੰਦ ਜਿੰਦਾ । ਗੁਰੂ ਜੀ ਨੇ ਜਾ ਕੇ ਕਿਹਾ , ” ਖ਼ਾਨ , ਵਾਰ ਕਰ । ‘ ਖ਼ਾਨ ਘੋੜੇ ਤੋਂ ਥੱਲੇ ਉਤਰ ਆਇਆ ਤੇ ਗੁਰੂ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਕੁਝ ਨਾ ਬੋਲਿਆ । ਗੁਰੂ ਜੀ ਨੇ ਦਇਆ ਦਿਰਸ਼ਟੀ ਦਾ ਹੱਥ ਸਿਰ ਤੇ ਰੱਖਿਆ । ਸੈਦ ਖਾਂ ਸੈਨਾ ਨੂੰ ਛੱਡ ਕੇ ਉਥੇ ਹੀ ਕਿਸੇ ਪਾਸੇ ਇਬਾਦਤ ਕਰਨ ਨਿਕਲ ਤੁਰਿਆ । ਸੈਨਾ ਉਸਦਾ ਪਿੱਛਾ ਵਿਹੰਦੀ ਰਹਿ ਗਈ । ਕ੍ਰਿਪਾ ਦ੍ਰਿਸ਼ਟ ਕੇ ਪਰਿ ਸਿਰ ਹਾਥਾ ॥ ਤੁਤ ਛਿਨ ਸੇਵ ਕੀਨੀ ਸਨਾਥਾ | ਜਦੋਂ ਸੈਦ ਖਾਨ ਦੇ ਇਸ ਤਰ੍ਹਾਂ ਹੋ ਜਾਣ ਦੀ ਔਰੰਗਜ਼ੇਬ ਨੇ ਖਬਰ ਸੁਣੀ ਤਾਂ ਅੱਗ ਬਬੂਲਾ ਹੋ ਗਿਆ ਤੇ ਗੁਰੂ ਜੀ ਨੂੰ ਲਿਖ ਕੇ ਭੇਜਿਆ ਕਿ ਜਾਂ ਤਾਂ ਆਰਾਮ ਨਾਲ ਬੈਠ ਜਾਓ ਨਹੀਂ ਤਾਂ ਆਤਮ ਸਮਰਪਣ ਕਰ ਦਿਉ । ਇਕ ਵਾਰੀ ਗੁਰੂ ਜੀ ਪੀਰ ਜੀ ਨੂੰ ਮਿਲਣ ਸਢੌਰੇ ਆਏ ਤਾਂ ਉਥੇ ਦੇ ਹਾਕਮ ਉਸਮਾਨ ਖਾਨ ਨੂੰ ਗੁਰੂ ਜੀ ਦੇ ਉਥੇ ਆਉਣ ਦਾ ਪਤਾ ਲੱਗਾ ਤਾਂ ਉਸ ਨੇ ਪੀਰ ਜੀ ਨੂੰ ਕਿਹਾ ਕਿ ਗੁਰੂ ਜੀ ਨੂੰ ਉਸ ਦੇ ਹਵਾਲੇ ਕਰ ਦੇਵੋ । ਪੀਰ ਜੀ ਨੇ ਇਸ ਤੋਂ ਸਾਫ ਇਨਕਾਰ ਕਰ ਦਿੱਤਾ । ਪਰ ਹਾਕਮ ਉਸਮਾਨ ਖਾਨ ਨੂੰ ਇਸ ਗੱਲ ਤੇ ਮਨਾਇਆ ਕਿ ਜੇ ਗੁਰੂ ਜੀ ਦੇ ਖੂਨ ਦਾ ਕਟੋਰਾ ਭਰ ਕੇ ਤੈਨੂੰ ਦੇ ਦਿੱਤਾ ਜਾਵੇ ਤਾਂ ਤੂੰ ਉਹ ਦਿੱਲੀ ਬਾਦਸ਼ਾਹ ਪਾਸ ਭੇਜ ਕੇ ਉਸ ਦੀ ਤਸੱਲੀ ਕਰਾ ਸਕਦਾ ਹੈ । ਇਸ ਤਰ੍ਹਾਂ ਪੀਰ ਜੀ ਨੇ ਗੁਰੂ ਜੀ ਨੂੰ ਉਥੋਂ ਸੁਰੱਖਿਅਤ ਕਢਵਾ ਦਿੱਤਾ । ਪੀਰ ਜੀ ਦੇ ਪੁੱਤਰ ਸਯਦ ਮੁਹੰਮਦ ਨੇ ਵਿਉਂਤ ਦੱਸੀ ਕਿ ਗੁਰੂ ਜੀ ਦੇ ਖੂਨ ਦੇ ਬਦਲੇ ਉਸ ਦਾ ਸਿਰ ਕੱਟ ਕੇ ਖੂਨ ਦਾ ਕਟੋਰਾ ਦਿੱਲੀ ਭੇਜ ਦਿੱਤਾ ਜਾਵੇ । ਇਸ ਤਰ੍ਹਾਂ ਪੀਰ ਜੀ ਨੇ ਆਪਣੇ ਪੁੱਤਰ ਦੇ ਖੂਨ ਦਾ ਕਟੋਰਾ ਭਰ ਕੇ ਦਿੱਲੀ ਭੇਜ ਦਿੱਤਾ ਤੇ ਸਯਦ ਦੀ ਲਾਸ਼ ਡੂੰਘੀ ਕਰਕੇ ਡੇਰੇ ਵਿੱਚ ਹੀ ਦਫਨਾ ਦਿੱਤੀ । ਜਦੋਂ ਖੂਨ ਦਿੱਲੀ ਪਹੁੰਚਾ ਤਾਂ ਸ਼ਾਹੀ ਹਕੀਮ ਨੇ ਖੂਨ ਸੁੰਘ ਕੇ ਕਹਿ ਦਿੱਤਾ ਕਿ ਇਹ ਗੁਰੂ ਜੀ ਦਾ ਖੂਨ ਨਹੀਂ । ਉਸਮਾਨ ਖਾਨ ਨੇ ਬਾਦਸ਼ਾਹ ਸਾਹਮਣੇ ਹੀ ਪੀਰ ਬੁੱਧੂ ਸ਼ਾਹ ਦਾ ਘਾਣ ਬੱਚਾ ਕਰਨ ਦੀ ਕਸਮ ਖਾ ਲਈ । ਇਧਰ ਪੀਰ ਜੀ ਨੂੰ ਵੀ ਖਬਰਾਂ ਪੁੱਜ ਗਈਆਂ । ਇਕ ਬੇਟਾ ਖੂਨ ਦੇਣ ਕਾਰਨ ਸ਼ਹੀਦ ਹੋ ਗਿਆ ਸੀ । ਬਾਕੀ ਇੱਕ ਪੁੱਤਰ ਤੇ ਪੋਤਰੇ ਅਤੇ ਆਪਣੀ ਪਤਨੀ ਸਮੇਤ ਸਾਰਾ ਪਰਿਵਾਰ ਰਾਜਾ ਮੇਦਨੀ ਪ੍ਰਕਾਸ਼ ਪਾਸ ਸੁਰੱਖਿਆ ਲਈ ਭੇਜ ਦਿੱਤਾ । ਉਸਮਾਨ ਖਾਨ ਨੇ ਉਥੇ ਪੁੱਜਦਿਆਂ ਪੀਰ ਦੀ ਹਵੇਲੀ ਨੂੰ ਅੱਗ ਲਵਾ ਦਿੱਤੀ ਤੇ ਉਸ ਨੂੰ ਜੰਗਲ ਵਿੱਚ ਲਿਜਾ ਕੇ ਸਰੀਰ ਦਾ ਪੁਰਜਾ ਪੁਰਜਾ ਕਰਕੇ ਇੱਲਾਂ ਕਾਵਾਂ ਤੇ ਜੰਗਲੀ ਜਾਨਵਰਾਂ ਦੇ ਖਾਣ ਲਈ ਸੁੱਟ ਦਿੱਤਾ । ਇਸ ਤਰ੍ਹਾਂ ਗੁਰੂ ਘਰ ਦਾ ਪ੍ਰੇਮੀ ਪੀਰ ਬੁੱਧੂ ਸ਼ਾਹ ਆਪਣਾ ਸਰਬੰਸ ਵਾਰ ਕੇ ਆਪ ਵੀ ਸ਼ਹੀਦ ਹੋ ਗਿਆ । ਜਦੋਂ ਉਸਮਾਨ ਖਾਨ ਨੂੰ ਪਤਾ ਲੱਗਾ ਕਿ ਪੀਰ ਜੀ ਦਾ ਪਰਿਵਾਰ ਰਾਜੇ ਮੇਦਨੀ ਪਾਸ ਪੁੱਜ ਗਿਆ ਹੈ ਤਾਂ ਉਹ ਹੋਰ ਸੈਨਾ ਲੈ ਕੇ ਨਾਹਨ ਤੇ ਹਮਲਾ ਕਰਨ ਦੀਆਂ ਤਿਆਰੀਆਂ ਵਿੱਚ ਹੀ ਸੀ ਤਾਂ ਉਸ ਨੂੰ ਪਤਾ ਲੱਗਾ ਕਿ ਪਰਿਵਾਰ ਉਥੋਂ ਅਗੇ ਨਿਕਲ ਗਿਆ ਹੈ । ਨਸੀਰਾਂ ਇਕ ਲੜਕੇ ਤੇ ਪੋਤਰਿਆਂ ਨੂੰ ਲੈ ਕੇ ਸਮਾਨਾ ਪੁੱਜ ਗਈ । ਬੀਬੀ ਨਸੀਰਾਂ ਦੇ ਸਿਖਿਆ ਭਰੇ ਉਪਦੇਸ਼ ਦੁਆਰਾ ਇਸ ਦਾ ਵੀਰ ਸੈਦ ਖਾਨ ਗੁਰੂ ਜੀ ਦਾ ਸ਼ਰਧਾਲੂ ਬਣ ਗਿਆ । ਫਿਰ ਗੁਰੂ ਜੀ ਦੀ ਜਾਨ ਬਚਾਉਣ ਲਈ ਆਪਣੇ ਤੀਜੇ ਪੁੱਤਰ ਦਾ ਕਤਲ ਹੁੰਦਾ ਆਪਣੀ ਅੱਖੀਂ ਡਿੱਠਾ । ਕਿੰਨਾ ਜੇਰਾ ਸਿਦਕ ਤੇ ਹੌਸਲਾ ਹੋਵੇਗਾ ਦੋਹਾਂ ਜੀਆਂ ਦਾ । ਸਗੋਂ ਕਹਿਣ ਲੱਗੀ , “ ਧੰਨ ਭਾਗ ਹੈ ਕਿ ਮੇਰੀ ਕੁੱਖ ਸਫਲ ਹੋਈ ਹੈ । ਤੇ ਗੁਰੂ ਜੀ ਦੀ ਬਚਾਉਣ ਦੇ ਕੰਮ ਆਇਆ ਮੇਰਾ ਪੁੱਤਰ । ‘ ਫਿਰ ਇਸ ਦਾ ਘਰ ਬਾਰ ਸਾੜ ਸੁਟਿਆ । ਸਿਰ ਦਾ ਸਾਈਂ ਕਤਲ ਕਰ ਦਿੱਤਾ । ਕਿਸ ਤਰ੍ਹਾਂ ਆਪਣੇ ਚੌਥੇ ਪੁੱਤਰ ਪੋਤਰਿਆਂ ਨੂੰ ਬਚਾਇਆ ਕਿੰਨੀ ਗਰੀਬੀ ਤੇ ਕਸ਼ਟ ਝੱਲੇ ਹੋਣਗੇ ? ਸਾਰਾ ਸਿੱਖ ਜਗਤ ਇਸ ਮਾਤਾ ਦਾ ਰਿਣੀ ਹੈ । ਦਾਸ ਮਾਤਾ ਜੀ ਦੀ ਰੂਹ ਅਗੇ ਸਿਰ ਝੁਕਾਉਂਦਿਆਂ ਹੋਇਆਂ ਪ੍ਰਣਾਮ ਕਰਦਾ ਹੈ ਅਤੇ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ ।
ਜੋਰਾਵਰ ਸਿੰਘ ਤਰਸਿੱਕਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)