More Gurudwara Wiki  Posts
ਬੀਬੀ ਸੰਤੀ ਬੁਤਾਲਾ – ਜਾਣੋ ਇਤਿਹਾਸ


ਬੀਬੀ ਸੰਤੀ ਬੁਤਾਲਾ ,
ਬੀਬੀ ਸੰਤੀ ਜੀ ਉਹ ਨਿਰਭੈ ਤੇ ਗੁਰੂ ਘਰ ਤੇ ਸ਼ਰਧਾ ਰੱਖਣ ਦੀ ਮਿਸਾਲ ਹੈ ਜਿਸ ਨੇ ਸਖੀ ਸਰਵਰੀਆਂ ਦੇ ਘਰ ਆ ਕੇ ਸੌਹਰੇ ਪ੍ਰਵਾਰ ਤੇ ਪਿੰਡ ਦੇ ਭਾਈਚਾਰੇ ਦੇ ਬਾਈਕਾਟ ਹੋਣ ਦੇ ਬਾਵਜੂਦ ਗੁਰੂ ਘਰ ਦੀ ਸ਼ਰਧਾ ਨਹੀਂ ਛੱਡੀ ਭਾਵੇਂ ਏਨੀਆਂ ਔਕੜਾਂ ਕਸ਼ਟ ਉਸ ਦੇ ਸੌਹਰਿਆਂ ਨੇ ਦਿੱਤੇ ਆਪਣੇ ਦ੍ਰਿੜ ਵਿਸ਼ਵਾਸ਼ ਤੇ ਅੜੀ ਰਹੀ ਆਪਣੇ ਇਕੋ ਇਕ ਪੁੱਤਰ ਭਾਈ ਪੱਲੇ ਨੂੰ ਨੇਕ ਸਿਖਿਆ ਦੇ ਕੇ ਪਿੰਡ ਦੇ ਸਖੀ ਸਰਵਰ ਵਾਤਾਵਰਨ ਤੋਂ ਨਿਰਲੇਪ ਰੱਖ ਆਪਣੀ ਸਿਆਣਪ ਤੇ ਗੁਰੂ ਸ਼ਰਧਾ ਦੁਆਰਾ ਉਸ ਨੂੰ ਗੁਰੂ ਘਰ ਨਾਲ ਜੋੜੀ ਰੱਖਿਆ । ਇਨ੍ਹਾਂ ਦੇ ਪ੍ਰੇਮ ਤੇ ਵਿਸ਼ਵਾਸ਼ ਦੇ ਖਿੱਚੇ ਮੀਰੀ – ਪੀਰੀ ਦੇ ਮਾਲਕ ਨੇ ਇਨ੍ਹਾਂ ਪਿੰਡ ਦੇ ਭਾਈਚਾਰੇ ਤੋਂ ਦੁਰਕਾਰੇ ) ਗਰੀਬਾਂ ਦੇ ਘਰ ਚਰਨ ਪਾ ਘਰ ਪਵਿੱਤਰ ਕਰ ਸਾਰੇ ਪਿੰਡ ਨੂੰ ਸਿੱਖ ਧਰਮ ਵਿਚ ਲੈ ਆਂਦਾ ।
ਬੀਬੀ ਸੰਤੀ ਸੁਲਤਾਨ ਵਿੰਡ ਦੀ ਰਹਿਣ ਵਾਲੀ । ਇਸ ਦੇ ਮਾਪੇ ਬੜੇ ਗੁਰਸਿੱਖ , ਧਾਰਮਿਕ ਵਿਚਾਰਾਂ ਵਾਲੇ ਤੇ ਗੁਰੂ ਘਰ ਦੇ ਸ਼ਰਧਾਲੂ ਸਨ । ਇਸ ਦੇ ਪਿਤਾ ਅੰਮ੍ਰਿਤਸਰ ਦੇ ਲਾਗੇ ਹੋਣ ਕਰਕੇ ਰੋਜ਼ਾਨਾ ਆਪਣੀ ਕਿਰਤ ਵਿਰਤ ਕਰ ਰੋਜ਼ਾਨਾ ਗੁਰੂ ਜੀ ਦੇ ਦਰਸ਼ਨ ਕਰਨ ਜਾਂਦੇ ਤੇ ਸੇਵਾ ਆਦਿ ਕਰ ਘਰ ਮੁੜਦੇ।ਬੀਬੀ ਸੰਤੀ ਵੀ ਬੜੇ ਕੱਟੜ ਸਿੱਖ ਵਿਚਾਰ ਰੱਖਦੀ ਸੀ । ਰਬ ਦੀ ਕਰਨੀ ਉਸ ਦਾ ਵਿਆਹ ਬੁਤਾਲੇ ਮਨਮਤੀਆਂ ਦੇ ਘਰ ਹੋ ਗਿਆ । ਇਹ ਸੰਜੋਗ ਦੀ ਗੱਲ ਹੁੰਦੀ ਹੈ । ਇਹ ਸਾਰਾ ਪਿੰਡ ਹੀ ਸਖੀਸਰਵਰਾਂ ਦਾ ਸੀ । ਘਰ ਘਰ ਜਠੇਰੇ ਬਣਾਏ ਹੋਏ । ਹੁਕੀਆਂ ਪੀਦੇ ਸਨ ਗੁਰਮਤਿ ਦੇ ਉਲਟ ਮਨ ਮਤਿ ਪਿਛੇ ਲੱਗ ਆਪਣਾ ਜੀਵਨ ਬੇਅਰਥ ਗਵਾ ਰਹੇ ਸਨ । ਬੀਬੀ ਸੰਤੀ ਨੇ ਪੇਕਿਆਂ ਦੀ ਸਿੱਖਿਆ ਅਨੁਸਾਰ ਅੰਮ੍ਰਿਤ ਵੇਲੇ ਉਠ ਦੁੱਧ ਰਿੜਕਦਿਆਂ ਕੰਮ ਕਰਦਿਆਂ ਪਾਠ ਕਰਦੀ । ਅੰਦਰ ਖਾਤੇ ਮਨੋ ਦੁਖੀ ਸਨ ਪਰ ਉਭਾਸ਼ਰ ਨਹੀਂ ਸੀ ਸਕਦੀ । ਸੱਸ ਸੌਹਰੇ ਨੇ ਬਥੇਰਾ ਦਬਕਾਇਆ ਧਮਕਾਇਆ ਤੇ ਪ੍ਰੇਰਿਆ ਵੀ ਪਰ ਉਸ ਨੇ ਆਪਣੇ ਘਰ ਬਣੀ ਕਬਰ ਤੇ ਮੱਥਾ ਨਾ ਟੇਕਿਆ । ਜਿਨ੍ਹਾਂ ਤੇ ਗੁਰੂ ਜੀ ਦੇ ਮਿਹਰ ਤੇ ਸ਼ਰਧਾ ਹੋਵੇ ਉਹ ਇਹੋ ਜਿਹੀਆਂ ਮੜੀਆਂ ਗੋਰਾਂ ਨੂੰ ਕਾਹਨੂੰ ਪੂਜਦੇ ਹਨ । ਸੰਤੀ ਦਾ ਗੁਰੂ ਘਰ ਤੇ ਵਿਸ਼ਵਾਸ ਪੱਕਾ ਤੇ ਦਿੜ੍ਹ ਸੀ ਕਦੀ ਵੀ ਗੁਰੂ ਘਰ ਨੂੰ ਨਾ ਭੁਲੀ।ਲਗਣ ਨਾਲ ਸਵੇਰੇ ਉਠ ਸਾਰਾ ਕੰਮ ਕਾਰ ਵੀ ਭੱਜ ਭੱਜ ਕਰਨਾ ਤੇ ਨਾਮ ਅਭਿਆਸ ਵੀ ਕਰਨਾ । ਸਾਰਾ ਪ੍ਰਵਾਰ ਇਸ ਤਰ੍ਹਾਂ ਪਾਠ ਕਰਨ ਤੋਂ ਇਸ ਨਾਲ ਘਿਰਨਾ ਕਰਦਾ । ਜਦੋਂ ਸੰਤੀ ਇਨ੍ਹਾਂ ਦੇ ਕਹੇ ਨਾ ਲੱਗੀ ਤਾਂ ਸੱਸ ਸੌਹਰੇ ਨੇ ਇਕ ਕੱਚਾ ਕੋਠਾ ਦੇ ਕੇ ਅੱਡ ਕਰ ਦਿੱਤਾ । ਮਾੜੇ ਮੋਟੇ ਕਪੜੇ ਤੇ ਕੁੱਝ ਭਾਂਡੇ ਦੇ ਦਿੱਤੇ । ਅੱਡ ਹੋ ਕੇ ਸੁਖ ਦਾ ਸਾਹ ਮਿਲਿਆ ਇਕ ਤਾਂ ਹੂਕੀ ਤੇ ਅੱਗ ਨਾ ਰਖਣੀ ਪਈ ਦੂਜੇ ਉਨ੍ਹਾਂ ਦੀਆਂ ਝਿੜਕਾਂ ਤੇ ਘਿਰਨਾ ਤੋਂ ਬਚੀ । ਸੰਤੀ ਨੇ ਆਪਣੇ ਪਤੀ ਨੂੰ ਅੰਮ੍ਰਿਤਸਰ ਲਿਜਾ ਗੁਰੂ ਜੀ ਦੇ ਦਰਸ਼ਨ ਕਰਾ , ਹਰਿਮੰਦਰ ਸਾਹਿਬ ਮੱਥਾ ਟਿਕਾਇਆ । ਉਸ ਨੂੰ ਵੀ ਗੁਰ ਸਿੱਖ ਬਣਾਇਆ । ਦੋਵੇਂ ਜੀ ਗੁਰਮਤਿ ਅਨੁਸਾਰ ਆਪਣਾ ਜੀਵਨ ਬਤੀਤ ਕਰਨ ਲੱਗੇ । ‘ ਆਪਦੇ ਪਤੀ ਨੂੰ ਸਮਝਾਇਆ ਕਿ ਗੁਰੂ ਤੋਂ ਬਿਨਾ ਕਿਸੇ ਨੂੰ ਮੱਥਾ ਨਹੀਂ ਟੇਕਣਾ । ਗੁਰੂ ਦੀ ਭਗਤੀ ਤੇ ਸਾਧ ਸੰਗਤ ਦੀ ਸੰਗਤ ਕਰਨੀ ਹੈ । ਇਸ ਮਨੁਸ਼ਾ ਜਨਮ ਦਾ ਏਹੋ ਹੀ ਲਾਹਾ ਹੈ ਕਿ ਆਪਾਂ ਅਕਾਲ ਪੁਰਖ ਨਾਲ ਇਕ ਮਿੱਕ ਹੋ ਸਕਦੇ ਹਾਂ ।
ਹੁਣ ਅਕਾਲ ਪੁਰਖ ਇਨ੍ਹਾਂ ਦੇ ਇਕ ਪੁੱਤਰ ਬਖਸ਼ਿਆ । ਇਸ ਦਾ ਨਾਂ “ ਪੱਲਾ ” ਰਖਿਆ । ਇਹ ਅਜੇ ਬਾਲਕ ਹੀ ਸੀ ਕਿ ਇਸ ਦਾ ਪਿਤਾ ਰਬ ਨੂੰ ਪਿਆਰਾ ਹੋ ਗਿਆ । ਹੁਣ ਸੰਤੀ ਵਿਧਵਾ ਹੋ ਗਈ ਬਿਪਤਾਵਾਂ ਦੇ ਪਹਾੜ ਡਿਗ ਪਏ । ਮਨਮਤੀਆਂ ਵਿੱਚ ਦਿਨ ਕਟਣੇ ਮੁਸ਼ਕਲ ਹੋ ਗਏ । ਪਰ ਦ੍ਰਿੜ੍ਹ ਹੌਸਲੇ ਨੇ ਦਿਲ ਨਹੀਂ ਛਡਿਆ ਹਿਮਤ ਨਹੀਂ ਹਾਰੀ । ਗਰੀਬੀ ਵਿੱਚ ਰਹਿ ਕੇ ਸ਼ੀਹਣੀ ਵਾਂਗ ਡੱਟ ਕੇ ਆਪਣੇ ਪੁੱਤਰ ਪੱਲੇ ਨੂੰ ਚੰਗੀ ਸਿਖਿਆ ਦੇਂਦੀ ਰਹੀ । ਹੁਣ ਇਸ ਦੀ ਸੱਸ ਚਾਹੁੰਦੀ ਸੀ ਕਿ ਆਪਣੇ ਦਿਉਰ ਨਾਲ ਸੰਤੀ ਵਿਆਹ ਕਰ ਲਵੇ । ਸ਼ੇਰ ਦਿਲ ਸੰਤੀ ਨੇ ਇਸ ਗਲੋਂ ਇਨਕਾਰ ਕਰ ਦਿੱਤਾ ਕਿਉਂਕਿ ਉਸ ਦਾ ਦੇਵਰ ਬਹੁਤ ਮੂਰਖ , ਉਜੱਡ ਤੇ ਹੱਕਾ ਪੀਦਾ ਸੀ । ਕਸ਼ਟਾਂ ਤੇ ਦੁੱਖਾਂ ਦੇ ਦਿਨ ਸ਼ੁਰੂ ਹੋ ਗਏ । ਸੰਤੀ ਦੇ ਦਿਉਰ ਤੇ ਘਰਦਿਆਂ ਨੇ ਇਸ ਨੂੰ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ । ਜ਼ਮੀਨ ਵੀ ਬਹੁਤ ਥੋੜੀ ਦਿੱਤੀ । ਜਿਹੜੀ ਅਗੇ ਹਿੱਸੇ ਤੇ ਦਿੱਤੀ ਦਾ ਅੱਧ ਇਸ ਨੂੰ ਮਿਲਦਾ ।
ਹੌਲੀ ਹੌਲੀ ਪੱਲਾ ਗਭਰੂ ਹੋ ਗਿਆ । ਉਸ ਨੇ ਆਪ ਖੇਤੀ ਸ਼ੁਰੂ ਕਰ ਦਿੱਤੀ । ਮਾਂ ਵੀ ਖੇਤਾਂ ਵਿਚ ਪੁੱਤਰ ਦੀ ਸਹਾਇਤਾ ਕਰਦੀ । ਧਰਮ ਕਿਰਤ ਕਰਦਾ । ਸੰਤੀ ਉਸ ਨੂੰ ਨਾਨਕੇ ਪਿੰਡ ਜਾਣ ਤੋਂ ਪਿਛੋਂ ਅੰਮ੍ਰਿਤਸਰ ਗੁਰੂ ਘਰ ਵੀ ਲੈ ਜਾਂਦੀ । ਉਥੇ ਕਈ ਦਿਨ ਰਹਿਣ ਦੇਂਦੀ । ਆਪ ਵੀ ਚੰਗੀ ਸੁਚੱਜੀ ਸਿੱਖਿਆ ਦੇਂਦੀ ਕਿਸੇ ਭੈੜੇ ਪੁਰਸ਼ ਲਾਗੇ ਨਾ ਬੈਠਣ ਦੇਂਦੀ ਸਗੋਂ ਕੰਮ ਵਿਚ ਮਗਣ ਰਹਿੰਦਾ । ਸਾਰਾ ਪਿੰਡ ਹੀ ਮਾਂ ਪੁੱਤ ਨਾਲ ਨਾ ਬੋਲਦਾ ਸਗੋਂ ਘਿਰਨਾ ਕਰਦਾ । ਖੇਤਾਂ ਚੋ ਆ ਮਾਂ ਲਾਗੇ ਬੈਠ ਜਾਂਦਾ । ਮਾਂ ਗੁਰੂ ਘਰ ਦੀਆਂ ਸਾਖੀਆਂ ਦੱਸ ਗੁਰੂ ਜੀ ਦੇ ਉਪਕਾਰਾਂ ਦੇ ਬਰਕਤਾਂ ਬਾਰੇ ਦਸਦੀ ਰਹਿੰਦੀ । ਇਕ ਦਿਨ ਪੱਲੇ ਪੁਛਿਆ ਕਿ “ ਮਾਤਾ ਜਿਸ ਗੁਰੂ ਨੂੰ ਆਪਾਂ ਯਾਦ ਕਰਦੇ ਹਾਂ ਉਹ ਕਦੀ ਸਾਡੇ ਘਰ ਕਿਓ ਨਹੀਂ ਆਉਂਦੇ ? ਅੱਜ ਹੀ ਇਕ ਸਰਵਰੀਆਂ ਦਾ ਸੰਗ “ ਮੋਕਲ ਜਾਣ ਲਈ ਲੰਘਿਆ ਹੈ । ਆਪਾਂ ਵੀ ਆਪਣੇ ਗੁਰੂ ਨੂੰ ਇਨ੍ਹਾਂ ਵਾਂਗ ਮਿਲਣ ਜਾਈਏ ।
ਦਇਆ ਤੇ ਮਿਹਰ ਹੋਵੇਗੀ । ਆਪਾਂ ਵੀ ਤਾਂ ਗਰੀਬ ਹਾਂ । ਸਾਰਾ ਪਿੰਡ ਸਾਡੇ ਨਾਲ ਜੁਦਾ ਤੇ ਘਿਰਨਾ ਕਰਦਾ ਹੈ ਤੇ ਬੋਲਦਾ ਨਹੀਂ ਹੈ । ਅਸੀਂ ਉਸ ਗੁਰੂ ਨੂੰ ਮੰਨਦੇ ਹਾਂ ਕੀ ਉਹ ਸੱਚ ਮੁੱਚ ਹੀ ਮੈਨੂੰ ਦਰਸ਼ਨ ਦੇਣਗੇ । ਸੱਚੀ ਬੋਲੀ ” ਹਾਂ ਪੁੱਤਰ । ਉਹ ਜਾਣੀ ਜਾਣ ਗੁਰੂ ਜੀ ਜਰੂਰ ਦਇਆ ਕਰਨ ਤੇ ਦਰਸ਼ਨ ਦੇਣਗੇ । ਹਰਿ ਗੋਬਿੰਦਪੁਰ ਦਾ ਯੁੱਧ ਚਲ ਰਿਹਾ ਹੈ । ਉਹ ਯੁੱਧ ਜਿੱਤ ਕੇ ਆਉਣਗੇ । ਪਰ ਉਸਦੇ ਦਰਸ਼ਨਾਂ ਲਈ ਤਿਆਰੀ ਰੱਖੀ । ਪੱਲੇ ਕਿਹਾ ਕਿ “ ਉਹ ਕਿਹੋ ਜਿਹੀ ਤਿਆਰੀ ਕਰਨੀ ਹੈ ? ਤੇ ਮੈਂ ਕਿਸ ਤਰ੍ਹਾਂ ਤਿਆਰ ਹਾਂ ? ‘ ‘ ਸੰਤੀ ਕਿਹਾ ” ਪੁੱਤ ਪਰਨੇ ਦੇ ਇਕ ਪਲੇ ਗੁੜ ਦੀ ਰੋੜੀ ਤੇ ਇਕ ਕਨੀ ਰੁਪਇਆ ਬੰਨ ਕੇ ਰੱਖੀ । ਜਦੋਂ ਉਹ ਆਏ ਉਹ ਛੇਤੀ ਚਲੇ ਜਾਂਦੇ ਹਨ । ਖਾਲੀ ਹੱਥੀ ਉਨ੍ਹਾਂ ਦੇ ਦਰਸ਼ਨ ਕਰਨੇ ਚੰਗੇ ਨਹੀਂ ਹਨ । ਕੁਝ ਨਾ ਕੁਝ ਜਰੂਰ ਪੱਲੇ ਹੋਣਾ ਚਾਹੀਦਾ ਹੈ । ਹੁਣ ਪੱਲੇ ਨੇ ਮਾਂ ਦੇ ਆਖੇ...

ਲਗ ਇਕ ਸਾਫੇ ਦੇ ਪਲੇ ਗੁੜ ਤੋਂ ਰੁਪਿਆ ਬੰਨ ਲਿਆ ਤੇ ਲੱਕ ਦੁਆਲੇ ਲਪੇਟ ਲਿਆ । ਜਦੋਂ ਹਲ ਚਲਾਉਂਦਾ ਤਾਂ ਜੂਲੇ ਨਾਲ ਬੰਨ ਲੈਂਦਾ ਪਠੇ ਵਡਣ ਲਗਾ ਲੱਕ ਦੁਆਲੇ ਬੰਨ ਲੈਂਦਾ । ਆਪਣੀ ਮਾਂ ਦੇ ਕਹੇ ਅਨੁਸਾਰ ਹਰ ਵੇਲੇ ਗੁਰੂ ਜੀ ਨੂੰ ਯਾਦ ਕਰਦਾ । ਕਈ ਹੱਥ ਜੋੜ ਬੇਨਤੀਆਂ ਕਰਦਾ ਕਹਿੰਦਾ । ਗੁਰੂ ਜੀ ਕਦੋਂ ਦਰਸ਼ਨ ਦੇਵੋਗੇ । ਮਾਤਾ ਤਾਂ ਕਹਿੰਦੀ ਸੀ ਕਿ ਜਦੋਂ ਉਨ੍ਹਾਂ ਨੂੰ ਸੱਚੇ ਦਿਲੋਂ ਯਾਦ ਕਰੀਏ ਤਾਂ ਉਹ ਆ ਜਾਂਦੇ ਹਨ । ਇਸ ਤਰ੍ਹਾਂ ਯਾਦ ਕਰ ਰਿਹਾ ਸੀ ਤੇ ਪੱਠੇ ਵੱਢ ਰਿਹਾ ਸੀ । ਗੁਰੂ ਜੀ ਘੋੜੇ ਤੇ ਸਵਾਰ ਪੰਝੀ ਤੀਹ ਸਵਾਰਾਂ ਨਾਲ ਕਰਤਾਰਪੁਰ ਵਲੋਂ ਆ ਗਏ ਤਾਂ ਪੱਲੇ ਲਾਗੇ ਜਾ ਕੇ ਕਿਹਾ ” ਪਲਿੱਆ ਭਾਈ ! ਤੂੰ ਯਾਦ ਕਰਦਾ ਸੀ ਅਸੀਂ ਆ ਗਏ ਹਾਂ । ਇਹ ਲੱਕ ਦੁਆਲੇ ਕੀ ਬੰਨਿਆ ਹੋਇਆ ਹੈ ? ‘ ‘ ਉਠਿਆ ਭਜ ਕੇ ਗੁਰੂ ਜੀ ਦੇ ਰਕਾਬ ਵਿਚ ਚਰਨਾਂ ਨੂੰ ਫੜ ਕੇ ਮੱਥਾ ਟੇਕਿਆ । ਮੱਥਾ ਟੇਕਣ ਦੀ ਦੇਰ ਸੀ ਕਿ ਅੰਤਰ ਆਤਮਾ ਸ਼ਾਂਤ ਹੋ ਗਈ । ਚੌਰਾਸੀ ਦਾ ਗੇੜ ਮੁਕ ਗਿਆ । ਹੁਣ ਪੱਲਾ ਕਿਸੇ ਦੇ ਪੱਲੇ ਪੈ ਗਿਆ । ਜਿਸ ਜਗਤ ਰਖਿਅਕ ਦੇ ਪੱਲੇ ਪਿਆ ਹੈ , ਉਹ ਜਰੂਰ ਭਵ – ਸਾਗਰ ਤੋਂ ਪਾਰ ਉਤਾਰਾ ਕਰੇਗਾ । ਪਲੇ ਦੇ ਨੈਣਾਂ ਚੋਂ ਜਲ ਚਲ ਤੁਰਿਆ । ਵੈਰਾਗ ਦਾ ਜਲ ਜਿਸ ਨਾਲ ਜਨਮ ਜਨਮਾਤਰਾਂ ਦੀ ਮੈਲ ਧੋਤੀ ਗਈ । ਹਿਰਦਾ ਸ਼ੁੱਧ ਹੋ ਗਿਆ । ਗੁਰੂ ਜੀ ਦੀ ਮਿਹਰ ਹੋ ਗਈ । ਪਲੇ ਦੇ ਸੀਸ ਨੂੰ ਉਪਰ ਚੁੱਕ ਬਚਨ ਕੀਤਾ । ਸਿੱਖਾ ਨਿਹਾਲ ਨਿਹਾਲ ॥ ! ਹੁਣ ਪੱਲੇ ਨੇ ਗੁੜ ਦੀ ਰੋੜੀ ਤੇ ਰੁਪਿਆ ਕਨੀਓ ਖੋਹਲ ਕੇ ਗੁਰੂ ਜੀ ਅਗੇ ਰੱਖ ਮੱਥਾ ਟੇਕਿਆ । ਗੁਰੂ ਜੀ ਬਚਨ ਕੀਤਾ ਪਲਿਆ ਸਿੱਖ ਭੂਖੇ ਹਨ ਘਰ ਚਲ ਕੇ ਪ੍ਰਸਾਦਿ ਪਾਣੀ ਤਿਆਰ ਕਰ । ‘ ‘ ਗੁਰੂ ਜੀ ਦਾ ਬਚਨ ਸੁਣ ਪੱਲਾ ਖੁਸ਼ ਹੋ ਕੇ ਬੋਲਿਆ ਕਿ “ ਧੰਨ ਭਾਗ ! ਸਾਨੂੰ ਗੁਰੂ ਜੀ ਤੇ ਸਿੱਖਾਂ ਦੀ ਸੇਵਾ ਕਰਨ ਦਾ ਅਵਸਰ ਮਿਲਿਆ ਹੈ । ਮਾਤਾ ਵੀ ਬੜੀ ਪ੍ਰਸੰਨ ਹੋਵੇਗੀ । ‘ ‘ ਚਲੋ ਮਹਾਰਾਜ ਘਰ ਸਾਡੇ । ਆਪਨੇ ਜੋ ਕੁਝ ਬਖ਼ਸ਼ਿਆ ਹੈ , ਉਹ ਹਾਜਰ ਕਰਾਂਗਾ । ਇਹ ਕਹਿ ਪੱਲਾ ਗੁਰੂ ਜੀ ਅੱਗੇ ਅੱਗੇ ਭੱਜ ਉਠਿਆ ਤੇ ਗੁਰੂ ਜੀ ਤੇ ਸਿੱਖ ਪਿੱਛੋਂ ਘੋੜੇ ਲਾ ਲਏ । ਭਜ ਕੇ ਘਰ ਪੁੱਜ ਕਾਹਲੀ ਨਾਲ ਕਹਿਣ ਲੱਗਾ “ ਉਹ ਮਾਤਾ ! ਉਹ ਮੇਰੀ ਚੰਗੀ ਮਾਤਾ । ਉਹ ਆਪਣੇ ਗੁਰੂ ਜੀ ਆਏ ਹਨ । ਰਜ ਕੇ ਦਰਸ਼ਨ ਕਰ ਲੈ । ਨਾਲੇ ਗੁਰੂ ਜੀ ਕਹਿੰਦੇ ਹਨ ਪ੍ਰਸ਼ਾਦ ਛਕਣਾ ਹੈ । ਛੇਤੀ ਰੋਟੀਆਂ ਪਕਾ ਦੇਹ । ਮਾਤਾ ਅੱਜ ਸਾਡੇ ਭਾਗ ਖੁਲ੍ਹ ਗਏ ਹਨ । ਮਾਂ ਦੇ ਗਲ ਲਗ ਗਿਆ । ਖੁਸ਼ੀ ਨਾਲ ਜਿਵੇਂ ਪਾਗਲ ਹੋ ਗਿਆ ਹੋਵੇ । ਉਹਦੀ ਮਾਤਾ ਵੀ ਸੁਣ ਕੇ ਖੁਸ਼ ਹੋ ਗਈ । ਉਸ ਵੇਲੇ ਦਰਵਾਜ਼ੇ ਵਲ ਭੱਜੀ ਜਾ ਗੁਰੂ ਜੀ ਦੇ ਚਰਨ ਫੜੇ ।
ਗੁਰੂ ਜੀ ਦੇ ਚਰਨਾ ਤੇ ਮੱਥਾ ਟੇਕ ਏਨੀ ਬਹਿਬਲ ਹੋ ਗਈ ਕਿ ਉਸਨੂੰ ਪਤਾ ਹੀ ਨਾ ਲੱਗਾ ਕਿ ਗੁਰੂ ਜੀ ਨਾਲ ਕਿੰਨੇ ਸਿੱਖ ਹਨ । ਅੰਦਰ ਜਿੰਨਾ ਕੁ ਆਟਾ ਸੀ , ਛੋਟੀ ਜਿਹੀ ਪ੍ਰਾਤ ਵਿਚ ਪਾ ਕੇ ਗੁਨਣ ਲੱਗੀ । ਉਧਰ ਤੋੜੀ ਵਿੱਚ ਦਾਲ ਧਰ ਦਿੱਤੀ । ਪੱਲੇ ਨੇ ਗੁਰੂ ਜੀ ਨੂੰ ਮੰਜੇ ਤੇ ਚਾਦਰ ਵਿਛਾ ਕੇ ਬਿਠਾ ਦਿੱਤਾ । ਸਿੱਖਾ ਲਈ ਵੀ ਖੇਸ ਚਾਦਰਾਂ ਵਿਛਾ ਦਿੱਤੀਆਂ । ਪੱਲਾ ਗੁਰੂ ਜੀ ਨੂੰ ਪੱਖਾ ਕਰਨ ਲੱਗਾ ਤੇ ਸੰਤੀ ਲੰਗਰ ਤਿਆਰ ਕਰਨ ਲੱਗੀ । ਉਧਰ ਸਰਵਰੀਏ ਪੱਲੇ ਗਰੀਬ ਦੇ ਘਰ ਏਨੀ ਸੰਗਤ ਆਈ ਵੇਖ ਕੋਠਿਆਂ ਤੇ ਚੜ ਵੇਖਣ ਲੱਗੇ । ਤੇ ਹਸਣ ਤੇ ਮਖੌਲ ਉਡਾਨ ਲੱਗੇ ਕਿ “ ਵੇਖੀਏ ਸੰਤੀ ਇਨ੍ਹਾਂ ਨੂੰ ਰੋਟੀ ਕਿਵੇਂ ਖਵਾਏਗੀ । ‘ ‘ ਸਾਰਿਆਂ ਸਲਾਹ ਕਰ ਲਈ ਕਿ ਜੇ ਕਿਸੇ ਦੇ ਘਰੋਂ ਆਟਾ ਜਾਂ ਹੋਰ ਕੋਈ ਵਸਤੂ ਹੁਦਾਰ ਮੰਗੀ ਤਾਂ ਕਿਸੇ ਨਹੀਂ ਦੇਣੀ । ਵੇਖਦੇ ਹਾਂ ਕਿ ਇਸ ਦਾ ਗੁਰੂ ਇਸ ਦੀ ਕਿਸ ਤਰ੍ਹਾਂ ਮਦਦ ਕਰਦਾ ਹੈ । ਇਸ ਪਾਸ ਗੁਰੂ ਜੀ ਦੇ ਖਲਾਉਣ ਜੋਗਾ ਆਟਾ ਨਹੀਂ ਹੋਣਾ ਦੂਜਿਆਂ ਨੂੰ ਕਿਥੋਂ ਖਲਾਵੇਗੀ ” ਮੂਰਖਾਂ ਨੂੰ ਇਹ ਪਤਾ ਨਹੀਂ ਕਿ ਸਭਣਾ ਦਾ ਦਾਤਾ ਤਾਂ ਉਸ ਦੇ ਘਰ ਬੈਠਾ । ਇਨ੍ਹਾਂ ਅਭਾਗਣਿਆਂ ਦੀ ਸਹਾਇਤਾ ਦੀ ਤਾਂ ਉਨ੍ਹਾਂ ਨੇ ਉਸ ਨੂੰ ਲੋੜ ਹੀ ਨਹੀਂ ਪੈਣ ਦੇਣੀ ।
ਸੰਤੀ ਰੋਟੀਆਂ ਪਕਾਈ ਗਈ ਆਟਾ ਮੁੱਕੇ ਹੀ ਨਾ ਰੋਟੀਆਂ ਦਾ ਢੇਰ ਲੱਗਾ ਗਿਆ । ਅੰਦਰ ਗਈ ਤਾਂ ਮਟਕਾ ਫਿਰ ਆਟੇ ਨਾਲ ਭਰਿਆ ਪਿਆ ਹੈ । ਸੰਤੀ ਦੇ ਮੂੰਹੋਂ ਨਿਕਲਿਆ “ ਧੰਨ ਗੁਰੂ ! ਤੂੰ ਸੱਭ ਦੀ ਪਤ ਤੇ ਪੈਜ ਰੱਖਣ ਵਾਲਾ ਦਿਆਲੂ ਤੇਰਾ ਸ਼ੁਕਰ ਤੇਰੇ ਸ਼ੁਕਰ । ” ਰੋਟੀਆਂ ਪਕਾਈ ਗਈ । ਪੱਲੇ ਨੇ ਪਹਿਲਾਂ ਥਾਲ ਪਰੋਸ ਗੁਰੂ ਜੀ ਅੱਗੇ ਰਖਿਆ ਤਾਂ ਉਨ੍ਹਾਂ ਬਚਨ ਕੀਤਾ ਕਿ “ ਪੱਲਿਆ ! ਪਹਿਲਾਂ ਸਿੱਖ ਸੰਗਤ ਨੂੰ ਲੰਗਰ ਛਕਾਓ ” ਉਨ੍ਹਾਂ ਵੀ ਛਕ ਲਿਆ ਤਾਂ ਗੁਰੂ ਜੀ ਨੇ ਕਿਹਾ ਕਿ ‘ ਕੋਠਿਆਂ ਤੇ ਚੜਿਆ ਨੂੰ ਛਕਾਓ ” ਉਨ੍ਹਾਂ ਵੀ ਛਕ ਲਿਆ ਤਾਂ ਸਾਰੇ ਪਿੰਡ ਨੂੰ ਨਿਓਦਰਾ ਦੇ ਦਿੱਤਾ । ਸਾਰੇ ਅਨਮਤੀਆਂ ਨੇ ਲੰਗਰ ਛਕਿਆ ਤਾਂ ਲੰਗਰ ਫਿਰ ਵੀ ਵੱਧ ਰਿਹਾ । ਸੱਭ ਤੋਂ ਪਿਛੋਂ ਗੁਰੂ ਜੀ ਹੋਰਾਂ ਲੰਗਰ ਛਕਿਆ । ਲੰਗਰ ਛੱਕ ਕੇ ਗੁਰੂ ਜੀ ਅਰਦਾਸ ਕੀਤੀ | ਅਰਦਾਸ ਨਾਲ ਮਾਤਾ ਸੰਤੀ ਦੇ ਭਾਗ ਜਾਗ ਪਏ । ਪੱਲੇ ਨੇ ਮਾਤਾ ਸੰਤੀ ਦੀ ਸਿੱਖਿਆ ਦੁਆਰਾ ਚਾਰ ਜੁਗਾਂ ਲਈ ਆਪਣਾ ਨਾਮ ਕਾਇਮ ਕਰ ਲਿਆ ਹੈ ।
ਉਪਰ ਦੱਸੀ ਗੁਰੂ ਦੀ ਮਿਹਰ ਨੂੰ ਵੇਖ ਕੇ ਸਖੀ ਸਰਵਰੀਆਂ ਦਾ ਹੰਕਾਰ ਟੁੱਟ ਗਿਆ । ਗੁਰੂ ਜੀ ਦੇ ਚਰਨੀ ਵਾਰੀ ਵਾਰੀ ਆ ਢੱਠੇ । ਜਿਸ ਸੰਤੀ ਨੂੰ ਸਾਰੇ ਪਿੰਡ ਨੇ ਦੁਰਕਾਰਿਆ ਤੇ ਬਰਾਦਰੀ ਤੋਂ ਛੇਕਿਆ ਸੀ ਦੀ ਬਦੌਲਤ ਸਾਰਾ ਪਿੰਡ ਗੁਰੂ ਵਾਲਾ ਬਣ ਗਿਆ । ਹੁਕੀਆਂ ਆਦਿ ਪੀਣੀਆਂ ਛੱਡ ਦਿੱਤੀਆਂ ਗੁਰੂ ਘਰ ਦੇ ਪੱਕੇ ਸ਼ਰਧਾਲੂ ਬਣ ਗਏ । ਸਿਦਕੀ ਮਾਤਾ ਆਪਣੀ ਤੇ ਆਪਣੇ ਪੁੱਤਰ ਪੱਲੇ ਨੂੰ ਸਾਰੇ ਪਿੰਡ ਨੂੰ ਤਾਰਨ ਵਿਚ ਸਹਾਈ ਹੋਈ । ਗੁਰੂ ਹਰਿ ਗੋਬਿੰਦ ਸਾਹਿਬ ਭਾਈ ਪੱਲੇ ਨੂੰ ਸਿੱਖੀ ਪ੍ਰਚਾਰ ਦੀ ਮੰਜੀ ਸੌਂਪ ਕੇ ਸਿੱਖੀ ਪ੍ਰਚਾਰ ਵੱਲ ਤੋਰ ਦਿੱਤਾ । ਬੜਾ ਤਕੜਾ ਪ੍ਰਚਾਰਕ ਬਣਿਆ । ਮਾਤਾ ਸੰਤੀ ਵੀ ਸੱਚਖੰਡ ਜਾ ਪਧਾਰੀ । ਬਾਬੇ ਪੱਲੇ ਜੀ ਦੀ ਯਾਦ ਵਿਚ ਬਤਾਲੇ ਬਾਬਾ ਉਤਮ ਸਿੰਘ ਖਡੂਰ ਸਾਹਿਬ ਵਾਲਿਆਂ ਇਕ ਬੜਾ ਸੁੰਦਰ ਗੁਰਦੁਆਰਾ ਬਣਾਇਆ ਹੋਇਆ ਹੈ ।
ਜੋਰਾਵਰ ਸਿੰਘ ਤਰਸਿੱਕਾ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)