More Gurudwara Wiki  Posts
ਫੂਲਕੀਆ ਮਿਸਲ ਬਾਰੇ ਜਾਣਕਾਰੀ


ਸਿੱਖਾਂ ਦੀਆਂ 12 ਮਿਸਲਾਂ ਵਿੱਚੋਂ ਅੱਜ ਗਿਆਰਵੇਂ ਦਿਨ ਫੂਲਕੀਆ ਮਿਸਲ ਬਾਰੇ ਜਾਣਕਾਰੀ ਪੜੋ ਜੀ।
੧੧ ਵੀਂ ਫੂਲਕੀਆਂ ਮਿਸਲ * * ਫੂਲਕੀਆਂ ਮਿਸਲ ਦਾ ਮਾਲਵੇ ਦੇ ਇਤਹਾਸ ਨਾਲ ਬਹੁਤ ਗੂਹੜਾ ਸਬੰਧ ਹੈ ਕਿਉਂਕਿ ਇਹ ਮਿਸਲ ਮਾਲਵੇ ਵਿਚ ਕਾਇਮ ਹੋਈ , ਇਸਨੇ ਪੰਥ ਦੀ ਬੜੀ ਸ਼ਾਨਦਾਰ ਤੇ ਸੁਨਹਿਰੀ ਅੱਖਰਾਂ ਵਿਚ ਲਿਖ ਜਾਣ ਯੋਗ ਸੇਵਾ ਕੀਤੀ । ਇਸ ਮਿਸਲ ਦੀ ਯਾਦਗਾਰ ਪਟਿਆਲਾ , ਨਾਭਾ ਤੇ ਜੀਦ ਦੀਆਂ ਪ੍ਰਸਿਧ ਰਿਆਸਤਾਂ ਹਨ । ਇਸ ਮਿਸਲ ਦਾ ਬਾਨੀ ਚੌਧਰੀ ਫੂਲ ਸਿੱਧੂ ਜਟ ਹੋਇਆ ਹੈ ਜਿਸਨੂੰ ਸਤਿਗੁਰੂ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਨੇ ਇਹ ਵਰਦਾਨ ਦਿਤਾ ਸੀ ਕਿ ਇਸਦੀ ਸੰਤਾਨ ਰਾਜ ਕਰੇਗੀ । ਇਸ ਖਾਨਦਾਨ ਦਾ ਨਿਕਾਸ ਜੈਸਲਮੇਰ ਤੋਂ ਮੰਨਿਆ ਜਾਂਦਾ ਹੈ ਅਤੇ ਇਨ੍ਹਾਂ ਦੀ ਬੰਸਾਵਲ ਸ੍ਰੀ ਰਾਮ ਚੰਦਰ ਜੀ ਨਾਲ ਜਾ ਮਿਲਦੀ ਹੈ । ਇਤਿਹਾਸਕ ਪੁਸਤਕਾਂ ਦੀ ਖੋਜ ਤੋਂ ਪਤਾ ਚਲਦਾ ਹੈ ਕਿ ਰਾਜਾ ਜੈ ਮਲ ਦਾ ਬੇਟਾ ਭੀਮ ਰਾਓ ਆਪਣੇ ਭਰਾ ਨਾਲ ਜੋ ਗਦੀ ਪਰ ਬੈਠਾ ਸੀ ਲੜ ਕੇ ਪੰਜਾਬ ਵਲ ਚਲਾ ਆਇਆ । ਜਦ ਮੁਹੰਮਦ ਗੌਰੀ ਨੇ ਦਿਲੀ ਪਰ ਹਮਲਾ ਕੀਤਾ ਤਾਂ ਭੀਮ ਰਾਓ ਨੇ ਉਸਨੂੰ ਕਾਫੀ ਸਹਾਇਤਾ ਦਿੱਤੀ ਜਿਸ ਕਰਕੇ ਮੁਹੰਮਦ ਗੌਰੀ ਨੇ ਆਪ ਨੂੰ ਹਿਸਾਰ , ਸਰਸਾ ਤੇ ਭਟਨੇਰ ਦਾ ਇਲਾਕਾ ਦੇ ਦਿਤਾ । ਸੰਮਤ ੧੨੫੩ ਨੂੰ ਉਨ੍ਹਾਂ ਨੇ ਹਿਸਾਰ ਵਿਚ ਬੜਾ ਮਜ਼ਬੂਤ ਕਿਲਾ ਬਣਵਾਇਆ । ਭੀਮ ਰਾਓ ਦੇ ਗੁਜ਼ਰ ਜਾਣ ਪਿਛੋਂ ਇਸ ਦਾ ਲੜਕਾ ਜੋਧ ਰਾਓ ਗੱਦੀ ਪਰ ਬੈਠਾ । ਇਸਦੇ ੨੧ ਪੁਤ ਹੋਏ ਜਿਨਾਂ ਤੋਂ ਵਖ ਵਖ ਗੋਤ ਪਰਚਲਤ ਹੋਏ । ਇਸਨੂੰ ਜੁੰਧਰ ਭੀ ਕਹਿੰਦੇ ਸਨ । ਇਨ੍ਹਾਂ ਤੋਂ ਪਿਛੋਂ ਮੰਗਲ ਰਾਓ , ਆਨੰਦ ਰਾਓ ਅਤੇ ਖੀਵਾ ਰਾਓ ਵਾਰੀ ਵਾਰੀ ਗੱਦੀ ਪਰ ਬੇਠੇ । ਖੀਵਾ ਰਾਓ ਦੀਆਂ ਰਾਜਪੂਤ ਪਤਨੀਆਂ ਵਿਚੋਂ ਕੋਈ ਸੰਤਾਨ ਨਾ ਹੋਈ । ਇਸ ਕਰਕੇ ਇਸਨੇ ਚੌਧਰੀ ਬਸੇਰਾ ਜੱਟ ਸਰਾਂ ਦਾ ਪਿੰਡ ਲਦੂ ਕੋਟ ਦੀ ਲੜਕੀ ਨਾਲ ਵਿਆਹ ਕਰ ਲਿਆ । ਇਸ ਅਪ੍ਰਾਧ ਵਿਚ ਰਾਜਪੂਤਾਂ ਨੇ ਉਸਨੂੰ ਬਰਾਦਰੀ ਵਿਚੋਂ ਅੱਡ ਕਰ ਦਿਤਾ ਅਤੇ ਇਨ੍ਹਾਂ ਦੇ ਰਿਸ਼ਤੇ ਨਾਤੇ ਜੱਟਾਂ ਵਿਚ ਹੋਣ ਲਗ ਪਏ । ਖੀਵੇ ਦੇ ਘਰ ਨਵੀਂ ਵਿਆਹਤਾ ਪਤਨੀ ਦੇ ਪੇਟੋ ਪੁਤਰ ਉਤਪਨ ਹੋਇਆ ਜਿਸਦਾ ਨਾਮ ਉਨ੍ਹਾਂ ਨੇ ਸਿੱਧੂ ਰਖਿਆ । ਇਸ ਨਾਮ ਤੋਂ ਸਿੱਧੂ ਗੋਤ ਪ੍ਰਚਲਤ ਹੋ ਗਿਆ । ਇਸ ਖਾਨਦਾਨ ਦਾ ਚੌਧਰੀ ਸੀ ਪਰ ਕਾਫੀ ਫੌਜ ਨਾਲ ਲੈਕੇ ਬਾਬਰ ਨੂੰ ਲਾਹੌਰ ਜਾ ਮਿਲਿਆ ਤੇ ਉਸਦੀ ਦਿਲੀ ਫਤਹਿ ਕਰਨ ਵਿਚ ਸਹਾਇਤਾ ਕੀਤੀ । ਇਸ ਸੇਵਾ ਦੇ ਬਦਲੇ ਬਾਬਰ ਨੇ ਉਸਦੇ ਪੁਤਰ ਬੀਰਮ ਨੂੰ ਮੁਲਕ ਮਾਲਵੇ ਦਾ ਚੌਧਰੀ ਬਣਾ ਦਿਤਾ ਤੇ ਪਟਾ ਲਿਖ ਦਿੱਤਾ । ਅਗੇ ਚਲ ਕੇ ਇਸ ਖਾਨਦਾਨ ਦਾ ਚੌਧਰੀ ਮੋਹਣ ਹੋਇਆ । ਭਟੀਆਂ ਨਾਲ ਇਸ ਖਾਨਦਨ ਦੀਆਂ ਨਿਤ ਲੜਾਈਆਂ ਹੁੰਦੀਆਂ ਰਹਿੰਦੀਆਂ ਕਿਉਂਕਿ ਭਟੀ ਨਵੇਂ ਮੁਸਲਮਾਨ ਹੋਏ ਕਰਕੇ ਮੁਸਲਮਾਨ ਬਾਦਸ਼ਾਹਾਂ ਦੀ ਸ਼ਹਿ ਨਾਲ ਹਿੰਦੂ ਜੰਤਾ ਪਰ ਬੜੇ ਅਤਿਆਚਾਰ ਕਰਿਆ ਕਰਦੇ ਸਨ । ਭਟੀਆਂ ਦਾ ਜ਼ੋਰ ਵਧ ਜਾਣ ਕਰਕੇ ਚੌਧਰੀ ਮੋਹਣ ਆਪਣਾ ਇਲਾਕਾ ਛਡਕੇ ਬੀਦੋਵਾਲ ਤੋਂ ਨਥਾਣੇ ਵਲ ਚਲਾ ਆਇਆ |
ਦੇਵਨੇਤ ਨਾਲ ਇਸ ਸਮੇਂ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਾਲਵੇ ਦੇ ਇਲਾਕੇ ਨੂੰ ਤਾਰ ਰਹੇ ਸਨ ਅਤੇ ਜੱਟਾਂ ਦੀਆਂ ਸਾਰੀਆਂ ਮੂੰਹੀਆਂ ਆਪਦੀਆਂ ਸ਼ਰਧਾਲੂ ਬਣ ਚੁਕੀਆਂ ਸਨ । ਚੌਧਰੀ ਮੋਹਣ ਨੇ ਸ੍ਰੀ ਗੁਰੂ ਜੀ ਪਾਸ ਬੇਨਤੀ ਕੀਤੀ ਕਿ ਮਾਨ ਭੁਲਰ ਤੇ ਕੌੜੇ ਸਾਨੂੰ ਆਪਣੀਆਂ ਹੱਦਾਂ ਵਿਚ ਬਹਿਣ ਨਹੀਂ ਦੇਂਦੇ ਅਤੇ ਆਪਣੇ ਖੂਹਾਂ ਤੋਂ ਪਾਣੀ ਨਹੀਂ ਭਰਨ ਦਿੰਦੇ ਇਸ ਕਰਕੇ ਆਪ ਇਨ੍ਹਾਂ ਨੂੰ ਕਹਿਕੇ ਸਾਨੂੰ ਇਕ ਪਿੰਡ ਵਸਾਉਣ ਜੋਗੀ ਜ਼ਮੀਨ ਲੈ ਦਿਉ ਤੇ ਇਨ੍ਹਾਂ ਨੂੰ ਸਾਡੇ ਨਾਲ ਰਿਸ਼ਤੇ ਨਾਤੇ ਕਰਨ ਦੀ ਭੀ ਪਰੇਰਣਾ ਕਰੋ । ਗੁਰੂ ਮਹਾਰਾਜ ਨੇ ਅਗਲੇ ਦਿਨ ਚੌਧਰੀ ਜੋਧ ਰਾਓ ਤੇ ਲਾਲਾ ਨੂੰ ਕਿਹਾ ਕਿ ਇਨ੍ਹਾਂ ਨੂੰ ਇਕ ਪਿੰਡ ਦੀ ਜ਼ਮੀਨ ਦੇ ਦਿਉ । ਉਨ੍ਹਾਂ ਨੇ ਅਗੋਂ ਉਤਰ ਦਿਤਾ ਕਿ ਹੋਰ ਜੋ ਸੇਵਾ ਆਪ ਕਹੋ ਅਸੀਂ ਕਰਨ ਲਈ ਤਿਆਰ ਹਾਂ ਪੰਤੂ ਇਨ੍ਹਾਂ ਨੂੰ ਜ਼ਮੀਨ ਨਹੀਂ ਦੇਣੀ। ਬਾਕੀ ਰਿਹਾ ਇਨ੍ਹਾਂ ਨਾਲ ਰਿਸ਼ਤੇ ਨਾਤੇ ਕਰਨ ਦਾ ਸਵਾਲ ਉਹ ਤਾਂ ਹੋ ਹੀ ਨਹੀਂ ਸਕਦੇ ਕਿਉਂਕਿ ਇਨ੍ਹਾਂ ਦਾ ਘਰ ਦਰ ਕੋਈ ਨਹੀਂ । ਹਰ ਜੀਓ ਹੰਕਾਰ ਨਾ ਭਾਵਈ ’ ਦੇ ਗੁਰਵਾਕ ਅਨੁਸਾਰ ਗੁਰੂ ਜੀ ਨੇ ਇਨ੍ਹਾਂ ਚੌਧਰੀਆਂ ਦੀਆਂ ਹੰਕਾਰ ਭਰੀਆਂ ਗਲਾਂ ਸੁਣ ਕੇ ਫੁਰਮਾਇਆ ਅੱਜ ਤੁਸੀਂ ਇਨ੍ਹਾਂ ਨੂੰ ਇਕ ਪਿੰਡ ਦੀ ਜ਼ਮੀਨ ਨਹੀਂ ਦਿੰਦੇ ਪਰ ਕਿਸੇ ਦਿਨ ਨੂੰ ਇਹ ਇਸ ਇਲਾਕੇ ਦੇ ਰਾਜੇ ਹੋਣਗੇ ਅਤੇ ਤੁਸੀਂ ਇਨ੍ਹਾਂ ਨਾਲ ਰਿਸ਼ਤੇ ਨਾਤੇ ਕਰਨ ਲਈ ਤਰਲੇ ਲੈਦੇ ਫਿਰਿਆ ਕਰੋਗੇ । ਸਤਿਗੁਰੂ ਜੀ ਦੇ ਵਾਕ ਅਟੱਲ ਸਨ ਭਾਵੇਂ ਉਸ ਸਮੇਂ ਹੰਕਾਰ ਵਿਚ ਮਤੇ ਚੌਧਰੀਆਂ ਨੇ ਇਸ ਪਾਸੇ ਧਿਆਨ ਨਾ ਦਿਤਾ ਤੇ ਸਤਿਗੁਰੂ ਜਾਣੀ ਜਾਣ ਸਨ । ਉਨਾਂ ਨੇ ਵੇਖ ਲਿਆ ਸੀ ਕਿ ਭਾਈ ਮੋਹਣ ਦੇ ਖਾਨਦਾਨ ਦਾ ਸਤਾਰਾ ਚਮਕਣ ਵਾਲਾ ਹੈ । ਇਸ ਦਿਨ ਤੋਂ ਚੌਧਰੀ ਮੋਹਣ ਦਾ ਖਾਨਦਾਨ ਗੁਰੂ ਜੀ ਦਾ ਸੇਵਕ ਬਣ ਗਿਆ । ਮੋਹਣ ਨੇ ਬੇਨਤੀ ਕੀਤੀ ਮਹਾਰਾਜ ਜੇ ਆਪਦੀ ਆਗਿਆ ਹੋਵੇ ਤਾਂ ਅਸੀਂ ਕਿਸੇ ਗੈਰ ਆਬਾਦ ਥਾਂ ਵਿਚ ਮੋਹੜੀ ਗਡ ਕੇ ਪਿੰਡ ਬੰਨ੍ਹ ਲਈਏ । ਗੁਰੂ ਜੀ ਨੇ ਹੁਕਮ ਕੀਤਾ ਜਾਉ ਜਿਥੇ ਦਿਨ ਛੁਪ ਜਾਵੇ ਉਥੇ ਮੋਹੜੀ ਗਡ ਲੈਣੀ । ਚੌਧਰੀ ਮੋਹਨ ਤੇ ਉਨਾ ਦਾ ਪ੍ਰਵਾਰ ਇਹ ਸੁਣਕੇ ਬਹੁਤ ਖੁਸ਼ ਹੋਇ ਤੇ ਉਨਾਂ ਨੇ ਤਿੰਨ ਕੁ ਮੀਲ ਜਾਕੇ ਜਿਥੇ ਪਿੰਡ ਮਹਾਰਾਜ ( ਪੁਰਾਣ ) ਢਾਬ ਦੇ ਕਿਨਾਰੇ ਮੋਹੜੀ ਗੱਡ ਦਿਤੀ । ਜਦ ਮਾਨਾਂ ਤੇ ਭੁਲਰਾ ਨੂੰ ਪਤਾ ਲਗਿਆ ਤਾਂ ਉਨਾਂ ਨੇ ਅਗਲੇ ਭਲਕ ਮੋਹੜੀ ਪੁਟਕੇ ਛਪੜ ਦੇ ਇਕ ਡੂੰਘੇ ਟੋਏ ਵਿੱਚ ਸੁਟ ਦਿੱਤੀ ਅਤੇ ਇੰਨਾ ਨੂੰ ਇਥੇ ਉਠਾ ਦਿਤਾ । ਚੋਧਰੀ ਮੋਹਨ ਫਿਰ ਗੁਰੂ ਜੀ ਪਾਸ ਆਕੇ ਫਰਿਆਦੀ ਹੋਇਆ ਤਾਂ ਗੁਰੂ ਜੀ ਨੇ ਮੁਸਕਰਾਂਦੇ ਹੋਏ ਫਰਮਾਇਆਂ ਫਿਕਰ ਨਾ ਕਰੋਂ ਤੁਹਾਡੀਆਂ ਜੜਾਂ ਹੋਰ ਗਹਿਹੀਆਂ ਲਗ ਗਈਆਂ ਹਨ । ਜਾਉ ਉਥੇ ਜਾਕੇ ਪਿੰਡ ਵਸਾ ਲਉ । ਇੰਨਾ ਨੇ ਫਿਰ ਪਿੰਡ ਵਸਾ ਲਿਆ ਹੁਣ ਗੁਰੂ ਜੀ ਦੀ ਸਹਾਇਤਾ ਪ੍ਰਾਪਤ ਸੀ ਇਸ ਲਈ ਇਨ੍ਹਾਂ ਨੂੰ ਕੋਈ ਉਠਾ ਨਾ ਸਕਿਆ । ਮਾਨ ਤੇ ਭੁਲਰਾਂ ਨੇ ਚੌਧਰੀ ਜੈਦ ਪੁਰਾਣੇ ਨੂੰ ਜੋ ਗੋਤ ਦਾ ਸਿੱਧੂ ਤੇ ਉਨਾ ਦਾ ਰਿਸ਼ਤੇਦਾਰ ਸੀ ਮਹਿਰਾਝ ਪਰ ਚੜਾਇਆ । ਇਹ ਬਹੁਤ ਬਲਵਾਨ ਆਦਮੀ ਸੀ । ਸਾਰੇ ਇਲਾਕੇ ਵਿਚ ਇਸ ਦੀ ਧਾਕ ਬੈਠੀ ਹੋਈ ਸੀ ਇਸ ਕਰਕੇ ਮੋਹਨ ਬੜਾ ਘਬਰਾਇਆ ਅਤੇ ਫਿਰ ਗੁਰੂ ਜੀ ਪਾਸ ਆਕੇ ਫਰਿਆਦ ਕੀਤੀ । ਗੁਰੂ ਜੀ ਨੇ ਮੋਹਨ ਦੇ ਪੁਤਰ ਕਾਲੇ ਨੂੰ ਥਾਪੜਾ ਦੇਕੇ ਕਿਹਾ ਜਾਉ ਤੁਸੀ ਜਿੱਤ ਪ੍ਰਾਪਤ ਕਰਕੇ ਆਉਗੇ । ਵਾਹਿਗੁਰੂ ਦਾ ਭਾਣਾ ਐਸਾ ਹੋਇਆ ਕਿ ਜੈਦ ਪਰਾਣਾ ਸਚਮੁਚ ਹੀ ਕਾਲੇ ਦੇ ਹਥੋਂ ਮਾਰਿਆ ਗਿਆ ਤੇ ਜਿੱਤ ਮਹਾਰਾਜਕਿਆਂ ਦੀ ਹੋਈ । ਇਸ ਤੋਂ ਉਪ੍ਰੰਤ ਮਾਨ ਤੇ ਭੁਲਰਾ ਨੂੰ ਇੰਨਾ । ਵਿਰੁਧ ਕਦੇ ਭੀ ਲੜਨ ਦਾ ਹੌਸਲਾ ਨਾ ਹੋਇਆ | ਸੰਮਤ ੧੬੮੭ ਬਿ . ਨੂੰ ਚੌਧਰੀ ਮੋਹਣ ਨੇ ਆਪਣੀ ਬਰਾਦਰੀ ਦੇ ਲੋਕਾਂ ਨੂੰ ਇਕੱਠੇ ਕਰਕੇ ਆਪਣਾ ਪੁਰਾਣਾ ਪਿੰਡ ਬੀਦੋਵਾਲੀ ਲੈਣ ਲਈ ਭੱਟੀਆ ਤੇ ਹਮਲਾ ਕੀਤਾ । ਇਸ ਲੜਾਈ ਵਿਚ ਚੋਧਰੀ ਮੋਹਣ ਤੇ ਉਸਦੇ ਪੁਤ ਕੁਲਚੰਦ ਤੇ ਰੂਪ ਚੰਦ ਮਾਰੇ ਗਏ । ਮਹਿਰਾਝ ਦੀ ਚੌਧਰਾਇਤ ਫੂਲ ਦੇ ਸਪੁਰਦ ਸੀ ਤੇ ਉਨ੍ਹਾਂ ਦਾ ਸਰਪ੍ਰਸਤ ਚੌਧਰੀ ਕਾਲਾ ਸੀ । ਜਦ ਸ੍ਰੀ ਗੁਰੂ ਹਰਿਰਾਇ ਸਾਹਿਬ ਮਾਲਵੇ ਨੂੰ ਭਾਗ ਲਾਊਦੇ ਤੇ ਲਖਾਂ ਪ੍ਰਾਣੀਆਂ ਦਾ ਨਾਮ ਬਾਣੀ ਦਵਾਰਾ ਉਧਾਰ ਕਰਦੇ ਹੋਇ ਮਹਿਰਾਜ ਦੇ ਨੇੜੇ ਪੂਜੇ ਤਾਂ...

ਚੌਧਰੀ ਕਾਲਾ ਨੇ ਆਪ ਦੀ ਬੜੇ ਪ੍ਰੇਮ ਨਾਲ ਸੇਵਾ ਕੀਤੀ । ਗੁਰੂ ਜੀ ਨੂੰ ਇਕ ਦਿਨ ਆਪਣੀ ਸੇਵਾ ਪਰ ਬਹੁਤ ਪ੍ਰਸੰਨ ਵੇਖਕੇ ਚੌਧਰੀ ਕਾਲਾ ਨੇ ਆਪਣੇ ਭਤੀਜੇ ਫੂਲ ਤੇ ਸੰਦਲੀ ਨੂੰ ਜੋ ਛੋਟੀ ਉਮਰ ਵਿੱਚ ਸਨ ਗੁਰੂ ਜੀ ਦੇ ਹਜੂਰ ਲੈ ਆਂਦਾ ਅਤੇ ਉਨਾਂ ਨੂੰ ਢਿੱਡ ਵਜਾਉਣ ਲਈ ਆਖਿਆ ਜਦ ਗੁਰੂ ਜੀ ਨੇ ਇਸਦਾ ਕਾਰਣ ਪੁਛਿਆ ਤਾਂ ਚੌਧਰ ਕਾਲਾ ਨੇ ਬੜੀ ਨਿੰਮਤਾ ਨਾਲ ਕਿਹਾ ਕਿ ਇਹ ਭੁਖੇ ਹਨ ਗੁਰੂ ਜੀ ਦੇ ਲੰਗਰ ਵਿਚ ਪ੍ਰਸ਼ਾਦ ਮੰਗਦੇ ਹਨ । ਗੁਰੂ ਜੀ ਨੇ ਫਰਮਾਇਆ ਇਹ ਭੁਖੇ ਨਹੀਂ ਇਹ ਤਾਂ ਇਸ ਦੇਸ਼ ਦੇ ਰਾਜੇ ਹੋਣਗੇ । ਇੰਨਾਂ ਦੇ ਲੰਗਰ ਚਲਣਗੇ ਤੇ ਘੋੜੇ ਜ਼ਮਨਾ ਵਿੱਚ ਪਾਣੀ ਪੀਆ ਕਰਨਗੇ । ਗੁਰੂ ਜੀ ਦੇ ਇਸ ਵਰਦਾਨ ਦਾ ਸਦਕਾ ਚੌਧਰੀ ਫੂਲ ਦਾ ਸਤਾਰਾ ਖੂਬ ਚਮਕਿਆ । ਆਪ ਨੇ ਫੂਲਕੀਆਂ ਮਿਸਲ ਦਾ ਮੁੱਢ ਬੰਨਿਆ | ਚੌਧਰੀ ਫੂਲ ਨੇ ਨਵਾਂ ਨਗਰ ਫੂਲ ਵਸਾਇਆ । ਫੂਲ ਦੇ ਪੁਤ ਰਾਮਾ ਤੇ ਤ੍ਲੋਕਾ ਨੇ ਪਹਾੜੀ ਰਾਜਿਆਂ ਨਾਲ ਲੜਾਈਆਂ ਹੋਣ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਾਫੀ ਸਹਾਇਤਾ ਦਿੱਤੀ ਜਿਸ ਕਰਕੇ ਗੁਰੂ ਜੀ ਨੂੰ ਇੰਨਾ ਨੂੰ ਸਿਰੋਪਾਉ ਤੇ ਹੁਕਮਨਾਮਾ ਬਖਸਿਆ ਜਿਸ ਵਿਚ “ ਤੇਰਾ ਘਰ ਸੋ ਮੇਰਾ ਅਸੈ ’ ’ ਦਾ ਵਰਦਾਨ ਸੀ । ਜਿਸ ਸਮੇਂ ਸੀ ਦਸ਼ਮੇਸ਼ ਜੀ ਸ੍ਰੀ ਦਮਦਮੇ ਸਾਹਿਬ ਪੁਜੇ ਤਾ ਰਾਮਾ ਅਤੇ ਤ੍ਲੋਕਾ ਬਹੁਤ ਸਾਰਾ ਨਜ਼ਰਾਨਾਂ ਤੇ ਦਸਵੰਧ ਲੈਕੇ ਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਹੋਇ ਅਤੇ ਕਲਗੀਧਰ ਪਾਸੋਂ ਖੰਡੇ ਦਾ ਅੰਮ੍ਰਿਤਪਾਨ ਕਰਕੇ ਖਾਲਸਾ ਪੰਥ ਵਿੱਚ ਸ਼ਾਮਲ ਹੋ ਗਏ । ਇੰਨਾ ਦੋਹਾ ਭਰਾਵਾਂ ਨੇ ਸ੍ਰੀ ਚਮਕੋਰ ਦੀ ਰਣਭੂਮੀ ਵਿਚ ਪੁਜਕੇ ਵਡੇ ਸਾਹਿਬ ਜਾਦਿਆ ਦਾ ਅਤੇ ਸ਼ਹੀਦ ਹੋਇ ਹੋਰ ਸਿੰਘਾਂ ਦਾ ਅੰਤਮ ਸਸਕਾਰ ਕੀਤਾ ਸੀ ਅਤੇ ਦਸਆ ਸੀ ਕਿ ਜਿਸ ਵੇਲੇ ਅਸੀ ਉਥੇ ਪੂਜੇ ਤਾਂ ਇਕ ਅਧਸੜਿਆ ਅੰਗੀਠਾ ਅਤੇ ਇਕ ਬੀਬੀ ਦੀ ਲਾਸ਼ ਪਾਸ ਪਈ ਸੀ । ਇਹ ਬੀਬੀ ਹਰ ਸਰਨ ਕੌਰ ਸੀ । ਸ : ਰਾਮ ਸਿੰਘ ਤੇ ਤਰਲੋਕ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨਿੰਨ ਸਿੱਖ ਸਨ । ਇੰਨਾ ਨੇ ਗੁਰੂ ਜੀ ਦੇ ਹੁਕਮ ਨੂੰ ਸਿਰਮਥੇ ਪਰ ਮੰਨਦੇ ਹੋਇ ਬੰਦਾ ਸਿੰਘ ਬਹਾਦਰ ਦੀਆਂ ਲੜਾਈਆਂ ਵਿੱਚ ਪੰਥ ਦੀ ਬੜੀ ਸਹਾਇਤਾ ਕੀਤੀ ਅਤੇ ਹਰ ਔਖੇ ਸਮੇਂ ਪੰਥ ਦੇ ਹੁਕਮ ਪਰ ਫੁਲ ਚੜਾਉਦੇ ਰਹੇ । ਸ : ਰਾਮ ਸਿੰਘ ਤੇ ਰਿਆਸਤ ਪਟਿਆਲਾ ਦਾ ਮੁੱਢ ਬੱਝਿਆ ਅਤੇ ਤਰਲੋਕ ਸਿੰਘ ਤੋਂ ਨਾਭਾ ਤੇ ਜੀਂਦ ਦਾ | ਭਾਵੇ ਤਰਲੋਕ ਸਿੰਘ ਵਡਾ ਭਰਾ ਸੀ ਪ੍ਰੰਤੂ ਸ : ਰਾਮ ਸਿੰਘ ਦਾ ਪੁਤ ਮਹਾਰਾਜਾ ਆਲਾ ਸਿੰਘ ਬੜਾ ਪ੍ਰਤਾਪੀ ਅਤੇ ਬਹਾਦੁਰ ਹੋਇਆ ਇਸ ਕਰਕੇ ਵਿਸਥਾਰ ਦੇ ਲਿਹਾਜ਼ ਨਾਲ ਰਿਆਸਤ ਪਟਿਆਲਾ ਵੱਡੀ ਹੋ ਗਈ ਅਤੇ ਅੱਗੇ ਚਲਕੇ ਉਸ ਨੂੰ ਹੀ ਪਹਿਲਾ ਦਰਜਾ ਪ੍ਰਾਪਤ ਹੋਇਆ । ਇਸ ਗਲ ਤੋਂ ਕਿ ਨਾਭੇ ਦਾ ਰਾਜ ਘਰਾਣਾ ਵਡੇ ਭਾਈ ਦੀ ਸੰਤਾਨ ਵਿਚੋਂ ਹੈ ਇਸ ਕਰ ਕੇ ਉਹ ਵਡੇ ਹਨ ਨਾਭਾ ਤੇ ਪਟਿਆਲਾ ਦੇ ਖਾਨਦਾਨ ਵਿਚ ਕਾਫੀ ਕਸ਼ਮਕਸ਼ ਰਹੀ ਹੈ । ਜਿਸਦਾ ਵਿਸਥਾਰ ਕਰਨ ਤੋਂ ਸੰਕੋਚ ਕਰਨਾ ਹੀ ਉਚਤ ਸਮਝਆ ਗਿਆ ਹੈ | ਭਾਵੇ ਇੰਨਾ ਤਿੰਨਾ ਰਿਆਸਤਾਂ ਵਿੱਚ ਕਈ ਰਾਜੇ ਮਹਾਰਾਜੇ ਐਸੇ ਹੋਇ ਜਿੰਨਾਂ ਨੇ ਆਪਣੇ ਆਪਣੇ ਸਮੇਂ ਦੇ ਹਾਲਾਤ ਅਨੁਸਾਰ ਪੰਥ ਦੀ ਨਿਗਰ ਸੇਵਾ ਕੀਤੀ ਪ੍ਰੰਤੂ ਪੰਥ ਦੀ ਉਨਤੀ ਵਿਚ ਮਹਾਰਾਜਾ ਆਲਾ ਸਿੰਘ ਨੇ ਬਹੁਤ ਹਿੱਸਾ ਪਾਇਆ । ਆਪ ਨੇ ਠੀਕਰੀ ਵਾਲਾ ਦੇ ਮੁਕਾਮ ਪਰ ਨਵਾਬ ਕਪੂਰ ਸਿੰਘ ਪਾਸੋਂ ਅੰਮ੍ਰਿਤ ਪਾਨ ਕੀਤਾ ਅਤੇ ਹਰ ਔਕੜ ਸਮੇਂ ਪੰਥ ਦਾ ਸਾਥ ਦਿੱਤਾ । ਜਿਸ ਬਹਾਦਰੀ ਨਾਲ ਮਾਲਵੇ ਵਿਚ ਮਹਾਰਾਜਾਂ ਆਲਾ ਸਿੰਘ ਨੇ ਮੁਸਲਮਾਨ ਰਈਸਾਂ ਦੇ ਫੈਲੇ ਹੋਇ ਜਾਲ ਨੂੰ ਤਾਰ ਤਾਰ ਕੀਤਾ ਅਤੇ ਭਟੀਆ ਦਾ ਜ਼ੋਰ ਖਤਮ ਕਰਕੇ ਇਸ ਇਲਾਕੇ ਵਿਚ ਸਿਖਾਂ ਦਾ ਬੋਲ ਬਾਲਾ ਕੀਤਾ ਉਹ ਸੁਨਹਿਰੀ ਅੱਖਰਾਂ ਵਿਚ ਲਿਖਣ ਯੋਗ ਹੈ । ਮਹਾਰਾਜਾ ਆਲਾ ਸਿੰਘ ਬਹੁਤ ਸਿਆਣਾ ਰਾਜਸੀ ਜੀਵਨ ਇਤਨਾ ਸਾਦਾ ਸੀ ਕਿ ਤੇੜ ਕਛਹਿਰਾ , ਮੋਟਾ ਖਦਰ ਦਾ ਕੁੜਤਾ , ਦਸਤਕਾਰ ਤੇ ਕੰਬਲ ਅਪਣੇ ਪਾਸ ਰਖਦਾ ਸੀ । ਉਸ ਸਮੇਂ ਹਰ ਇਕ ਸਿੱਖ ਸਰਦਾਰ ਆਪਣੇ ਪਾਸ ਕੰਬਲ ਰਖਿਆ ਕਰਦੇ ਸਨ ਜੋ ਉਨ੍ਹਾਂ ਨੂੰ ਹੇਠ ਵਛਾਉਣ ਉਤੇ ਲੈਣ ਤੇ ਸਰਦੀ ਤੋਂ ਬਚਾਉ ਕਰਨ ਵਿਚ ਬੜੀ ਮਦਦ ਦਿੰਦਾ ਸੀ । ਇਸ ਕਰਕੇ ਜਦ ਸਿੱਖਾਂ ਦੇ ਹੱਥ ਵਿਚ ਸਾਰੇ ਪੰਜਾਬ ਦਾ ਰਾਜ ਆ ਗਿਆ ਤਾਂ ਫਕੀਰ ਬੁਲੇਸ਼ਾਹ ਨੇ ਕਿਹਾ ਸੀ , ਭੂਆਂ ਵਾਲੇ ਰਾਜੇ ਕੀਤੇ ਮੁਗਲਾਂ ਜ਼ਹਿਰ ਪਿਆਲੇ ਪੀਤੇ । ’ ’ ਫੂਲਕੀਆ ਮਿਸਲ ਦਾ ਇਤਹਾਸ ਬਹੁਤ ਵਿਸਥਾਰ ਵਿਚ ਹੈ ਤੇ ਉਸ ਸਬੰਧੀ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ ਜਾ ਚੁੱਕੀਆਂ ਸਨ ਇਸ ਲਈ ਅਸੀਂ ਇਥੇ ਬਹੁਤ ਸੰਖੇਪ ਕਰਕੇ ਲਿਖਿਆ ਹੈ । ਇਥੇ ਇਹ ਪ੍ਰਗਟ ਕਰਨਾ ਅਤਿਅੰਤ ਜ਼ਰੂਰੀ ਹੈ ਕਿ ਸਿੱਧੂ ਬੈਗੜ ਖਾਨਦਾਨ ਨੂੰ ਮਾਲਵੇ ਦੇ ਇਤਹਾਸ ਵਿਚ ਜੋ ਇਤ ਅਹਿਮੀਅਤ ਮਿਲੀ ਹੈ ਇਸ ਦੇ ਦੋ ਵੱਡੇ ਕਾਰਨ ਸਨ । ਇਕ ਇਸ ਖਾਨਦਾਨ ਦਾ ਸਿਖ ਧਰਮ ਨਾਲ ਪਿਆਰ ਅਤੇ ਦੂਜਾ ਮਾਲਵੇ ਵਿਚ ਸਿਖ ਰਿਆਸਤਾਂ ਕਾਇਮ ਹੋਣੀਆਂ । ਫੁਟ ਦਾ ਸ਼ਿਕਾਰ ਹੋਣ ਕਰਕੇ ਖਲਸਾ ਪੰਥ ਨੇ ਆਪਣਾ ਵਿਸ਼ਾਲ ਸਿਖ ਰਾਜ ਹਥੋਂ ਗਵਾ ਲਿਆ ਤੇ ਸਿਖਾਂ ਦੇ ਮਨ ਇਤਨੇ ਡੋਲ ਗਏ ਕਿ ਸਿਖੀ ਨੂੰ ਸਖਤ ਖਤਰਾ ਭਾਸਣ ਲਗ ਪਿਆ । ਇਹੋ ਜਿਹੇ ਸਮੇਂ ਵਿਚ ਸਿੱਖ ਰਿਆਸਤਾਂ ਹੀ ਰੌਸ਼ਨ ਦੀਆਂ ਉਹ ਕਿਰਨਾਂ ਸਾਬਤ ਹੋਈਆਂ ਜਿਨ੍ਹਾਂ ਦੇ ਆਸਰੇ ਖਾਲਸਾ ਪੰਥ ਨੂੰ ਆਪਣਾ ਭਵਿਖਤ ਰੋਸ਼ਨ ਦਿਸਦਾ ਰਿਹਾ । ਮਾਲਵੇ ਦੀਆਂ ਸਿਖ ਰਿਆਸਤਾਂ ਦੇ ਵਾਲੀ ਬੜੇ ਨੀਤੀ ਨਿਪੁੰਨ ਸਨ । ਉਹਨਾਂ ਨੇ ਜਿਥੇ ਵਡੀਆਂ ਤਾਕਤਾਂ ਪਾਸੋਂ ਆਪਣੀ ਹੋਂਦ ਨੂੰ ਬਚਾਇਆ ਉਥੇ ਕਈ ਤਰੀਕਿਆਂ ਨਾਲ ਪੰਥ ਦੀ ਉਹ ਨਿਰੰਤਰ ਸੇਵਾ ਕੀਤੀ ਜਿਸ ਦੀ ਇਤਹਾਸ ਦੇ ਪਾਠਕ ਪ੍ਰਸ਼ੰਸਾ ਕੀਤੇ ਤੋਂ ਬਿਨਾ ਨਹੀਂ ਰਹਿ ਸਕਦੇ । ਗੁਰਦਵਾਰਿਆਂ ਦੀਆਂ ਇਮਾਰਤਾਂ ਬਣਾਉਣਾ , ਉਹਨਾਂ ਦੇ ਨਾਮ ਜਾਗੀਰਾਂ ਤੇ ਜ਼ਮੀਨਾਂ ਲਾਉਣੀਆਂ , ਵਿਦਿਅਕ ਸੰਸਥਾਵਾਂ ਖੋਲ੍ਹ ਕੇ ਵਿਦਆ ਦਾ ਪਰਚਾਰ ਕਰਨਾ ਆਦਿ ਕਈ ਪਹਿਲੂਆਂ ਤੋਂ ਸਿਖ ਰਿਆਸਤਾਂ ਨੇ ਪੰਥਕ ਉਨਤੀ ਵਿਚ ਸ਼ਲਾਘਾ ਯੋਗ ਹਿਸਾ ਪਾਇਆ । ਇਸ ਪਰਕਾਰ ਗੁਰੂ ਘਰ ਤੋਂ ਵਰਸਾਇ ਹੋਏ ਬਾਬਾ ਫੂਲ ਨੇ ਜਿਸ ਮਿਸਲ ਦੀ ਬੁਨਿਆਦ ਰਖੀ ਸੀ ਉਹ ਪੰਥ ਨੂੰ ਚੜਦੀਆਂ ਕਲਾਂ ਵਿਚ ਲੈ ਜਾਣ ਲਈ ਸਭ ਤੋਂ ਵਧ ਹਿਸਾ ਪਾਉਂਦੀ ਰਹੀ । ਸਮਾਂ ਪਲਟਿਆ ਅੰਗਰੇਜ਼ੀ ਸਰਕਾਰ ਦੀ ਕੁਟਲ ਨੀਤੀ ਨੇ ਸਿਖ ਰਿਆਸਤਾਂ ਨੂੰ ਕਈ ਤਰਾਂ ਨਾਲ ਜਰਜਰਾ ਕੀਤਾ , ਐਸੇ ਹਾਲਾਤ ਪੈਦਾ ਕੀਤੇ ਜਾਂਦੇ ਰਹੇ ਕਿ ਸਿਖ ਰਿਆਸਤਾਂ ਸਿੱਖ ਮਰਯਾਦਾ ਵਲੋਂ ਢਿਲੀਆਂ ਹੁੰਦੀਆਂ ਗਈਆਂ ਤੇ ਕਾਜ ਸਾਜ ਦਾ ਕੰਮ ਵੀ ਕਈ ਪੇਚੀਦਗੀਆਂ ਨਾਲ ਅਲਿਹਦਾ ਰਹਿਣ ਲਗਾ । ਓੜਕ ਅੰਗਰੇਜ਼ ਦੇ ਜਾਣ ਪਿਛੋਂ ਗੰਦੀ ਰਾਜ ਨੀਤੀ ਨੇ ਇਨ੍ਹਾਂ ਰਿਆਸਤਾਂ ਨੂੰ ਉਕਾ ਹੀ ਮਲੀਆ ਮੇਟ ਕਰ ਦਿੱਤਾ । ਇਉਂ ਏਹ ਸਿਖ ਪੰਥ ਤੇ ਗੁਰੂ ਕੀਆਂ ਬਖਸ਼ਿਸ਼ਾਂ ਦੀ ਨਿਸ਼ਾਨੀ ਦੁਨੀਆਂ ਤੋਂ ਮਿਟ ਗਈ | ਅਗੇ ਦੇਖੋ ਕਰਤਾਰ ਦੇ ਰੰਗ , ਗੁਰੂ ਕੇ ਬਚਨ ਤਾਂ ਅਟਲ ਰਹਿੰਦੇ ਹਨ , ਪਰ ਕੁਝ ਨੇਮਾਂ ਤੇ ਸ਼ਰਤਾਂ ਅਨੁਸਾਰ | ਪਤਾ ਨਹੀਂ } ਅਗੇ ਨੂੰ ਕੀ ਤਬਦੀਲੀ ਆਵੇ ਤੇ ਗੁਰੂ ਦੀ ਕਲਾ ਕੀ ਚਮਤਕਾਰ ਵਿਖਾਵੇ । ਖਾਲਸਾ ਇਕ ਵਾਰ ਫੇਰ ਚਮਕੇਗਾ । ਦੇਖੋ ਜੇਹੜੀ ਕਰੇ ਗੁਰੂ ਗੋਬਿੰਦ ਸਿੰਘ ਜੀ ।
ਦਾਸ ਜੋਰਾਵਰ ਸਿੰਘ ਤਰਸਿੱਕਾ । ਭੁੱਲ ਚੁੱਕ ਦੀ ਮੁਆਫੀ।

...
...



Related Posts

Leave a Reply

Your email address will not be published. Required fields are marked *

One Comment on “ਫੂਲਕੀਆ ਮਿਸਲ ਬਾਰੇ ਜਾਣਕਾਰੀ”

  • ਸਿੰਘ ਸਾਹਿਬ ਜੀ ਮੈਂ ਲਿਖਾਰੀ ਹਾਂ ਮੈਨੂੰ ਸਿੱਖ ਇਤਹਾਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ ਯੁਧ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਾਰੇ ਯੁਧ ,ਬਾਬਾ ਦੀਪ ਸਿੰਘ ਜੀ, ਹਰੀ ਸਿੰਘ ਨਲੂਆ ,ਪੂਾ ਇਤਿਹਾਸ ਚਾਹੀਦਾ ਹੈ। ਧੰਨਵਾਦ ਜੀ

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)