More Gurudwara Wiki  Posts
ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਭਾਗ 2


ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਰਬੱਤ ਸੰਗਤਾਂ ਨੂੰ ਦਾਸ ਜੋਰਾਵਰ ਸਿੰਘ ਤਰਸਿੱਕਾ ਵਲੋ ਲੱਖ ਲੱਖ ਮੁਬਾਰਕਾਂ ਹੋਵਣ ਜੀ ਆਉ ਸੰਖੇਪ ਝਾਤ ਮਾਰੀਏ ਇਤਿਹਾਸ ਦੇ ਭਾਗ ਦੂਸਰੇ ਤੇ ਜੀ ।
ਭਾਗ 2
ਚਾਰ ਵੇਦ ਬ੍ਰਹਮਾ ਜੀ ਦਾ ਗਿਆਨ ਜਾਂ ਚਾਰ ਰਿਸ਼ੀਆਂ ਦਾ ਅਨੁਵਾਦ ਹਨ । ਕੁਰਾਨ ਮੁਹੰਮਦ ਉਤੇ , ਅੰਜੀਲ ਈਸਾ ਅਤੇ ਤੌਰੇਤ ਮੂਸਾ ਤੇ ਨਾਜ਼ਲ ਹੋਈ ਮੰਨੀ ਜਾਂਦੀ ਹੈ।ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰਾਂ ਤੇ ਕਈ ਭਗਤਾਂ ਦਾ ਆਤਮਿਕ ਗਿਆਨ ਤੇ ਅਨੁਭਵ ਹੈ । ਗਿਆਨ ਵਾਹਿਗੁਰੂ ਦਾ ਹੈ , ਪਰ ਪ੍ਰਕਾਸ਼ ਕਈ ਹਿਰਦਿਆਂ ‘ ਚੋਂ ਹੋਇਆ ਹੈ । ਜਿਨ੍ਹਾਂ ਭਗਤਾਂ ਨੂੰ ਨੀਵੀਂ ਜ਼ਾਤ ਦਾ ਸਮਝਿਆ ਜਾਂਦਾ ਸੀ , ਉਨ੍ਹਾਂ ਦੀ ਬਾਣੀ ਦਰਜ ਕਰਕੇ ਇਸ ਗੱਲ ਦਾ ਸਬੂਤ ਦਿਤਾ ਹੈ ਕਿ ਆਤਮਿਕ ਗਿਆਨ ਸਾਰੇ ਹਿਰਦਿਆਂ ਵਿਚ ਪ੍ਰਕਾਸ਼ ਕਰ ਸਕਦਾ ਹੈ । ਜ਼ਾਤ ਪਾਤ ਤੇ ਊਚ ਨੀਚ ਦੀ ਬੀਮਾਰੀ ਨੂੰ ਜੜੋਂ ਕਟਿਆ ਹੈ । ਹਿੰਦੂ ਤੇ ਮੁਸਲਮਾਨਾਂ ਦਾ ਭੇਦ ਮਿਟਾਇਆ ਹੈ । ਆਤਮਿਕ ਗੁਣਾਂ ਦੀ ਜੋ ਧਾਰਾ ਹਿੰਦੁਸਤਾਨ ਦੇ ਭਿੰਨ ਭਿੰਨ ਹਿੱਸਿਆਂ ਵਿਚ ਚਲ ਰਹੀ ਸੀ , ਉਸ ਦਾ ਸੰਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਬਣਾਇਆ ਹੈ । ਭਗਤਾਂ ਦੀ ਬਾਣੀ ਨਿਰੋਲ ਭਗਤੀ ਭਾਵ ਨੂੰ ਮੁਖ ਰਖ ਕੇ ਦਰਜ ਕੀਤਾ ਹੈ । ਇਸ ਗਲ ਨੂੰ ਨਹੀਂ ਵੇਖਿਆ ਕਿ ਕਿਸੇ ਦੀ ਮੱਤ ਕੀ ਹੈ ? ਇਸ ਗੱਲ ਦੀ ਪ੍ਰਵਾਹ ਵੀ ਨਹੀਂ ਕੀਤੀ ਕਿ ਧੰਨੇ ਭਗਤ ਨੇ ਪੱਥਰ ਪੂਜਦਾ ਹੈ , ਕਬੀਰ ਵੈਸ਼ਨਵ ਹੈ ਜਾਂ ‘ ਨਿਤ ਉਠਿ ਕੋਰੀ ਗਾਗਰ ਆਨੈ ਲੀਪਤ ਜੀਉ ਗਇਓ ‘ ਦੇ ਕਰਮ ਕਰਦਾ ਹੈ । ਕੋਈ ਭਗਤ ਅਵਤਾਰ ਪੂਜਾ ਕਰਦਾ ਹੈ ਜਾਂ ਆਵਾਗਉਨ ਮੰਨਦਾ ਹੈ । ਇਹ ਨਹੀਂ ਵੇਖਿਆ ਕਿ ਫਰੀਦ ਪੰਜ ਨਿਮਾਜ਼ਾਂ ਪੁਲਸਰਾਤ , ਕਿਆਮਤ ਤੇ ‘ ਗੋਰਾਂ ਸੇ ਨਿਮਾਣੀਆਂ ਬਹਿਸਨ ਰੂਹਾਂ ਮਲ ‘ ਪਰ ਯਕੀਨ ਰਖਦਾ ਹੈ । ਕੇਵਲ ਇਹ ਗੱਲ ਸਾਹਮਣੇ ਰਖੀ ਹੈ ਕਿ ਪ੍ਰੇਮ ਭਗਤੀ ਕਰਕੇ ਕੋਈ ਭਗਤ ਕਿਸ ਮੰਜ਼ਲ ਤਕ ਪਹੁੰਚਿਆ ਹੈ । ਰਸਤੇ ਦੀ ਬਹਿਸ ਨਹੀਂ ਕੀਤੀ – ‘ ਟਿਕਾਣੇ ਪਹੁੰਚਣ ਨੂੰ ਲਿਆ ਹੈ । ਗੁਰੂ ਜੀ ਨੇ ਭਗਤਾਂ ਨਾਲ ਕਈ ਗੱਲਾਂ ਵਿਚ ਮਤ – ਭੇਦ ਪਰਗਟ ਕੀਤਾ ਹੈ।ਜਿਥੇ ਲੋੜ ਪਈ ਉਥੇ ਆਪਣਾ ਸਿਧਾਂਤ ਸਪਸ਼ਟ ਕਰਨ ਲਈ ਭਗਤ ਬਾਣੀ ਦੇ ਨਾਲ ਆਪਣੇ ਵਲੋਂ ਟੀਕਾ ਟਿਪਣੀ ਲਿਖੀ ਹੈ । ਭਗਤ ਬਾਣੀ ਨੂੰ ਦਰਜ ਕਰ ਕੇ ਧਾਰਮਿਕ ਸਾਹਿਤਯ ਵਿਚ ਇਕ ਅਸਚਰਜ ਉਦਾਹਰਨ ਪੇਸ਼ ਕੀਤੀ ਅਤੇ ਮਜਬ ਦੇ ਇਤਿਹਾਸ ਵਿਚ ਇਕ ਇਨਕਲਾਬ ਪੈਦਾ ਕੀਤਾ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ੫੮੯੪ ਸ਼ਬਦ ਹਨ । ਜਿਨ੍ਹਾਂ ਵਿਚੋਂ ੯੩੭ ਭਗਤਾਂ ਦੇ ਹਨ । ਪੰਚਮ ਪਾਤਸ਼ਾਹ ਨੇ ਗੁਰਬਾਣੀ ਵਿਚ ਜੋ ਵਾਰਾਂ ਦਰਜ ਕੀਤੀਆਂ ਹਨ , ਉਨ੍ਹਾਂ ਵਿਚੋਂ ਨੌਂ ਵਾਰਾਂ ਤੇ ਧੁਨਾਂ ਭੀ ਚੜਾਈਆਂ ਹਨ । ਇਹ ਸੂਰਬੀਰ ਤੇ ਉਪਕਾਰੀ ਪੁਰਸ਼ਾਂ ਦੇ ਨਾਮ ਪਰ ਢਾਢੀ ਗਾਉਂਦੇ ਸਨ । ਪਿਛੋਂ ਇਹ ਧੁਨਾਂ ਢਾਢੀਆਂ ਪਾਸੋਂ ਛੇਵੇਂ ਪਾਤਸ਼ਾਹ ਨੇ ਗਵਾਈਆਂ ਹਨ । ਵਿਚੋਂ ਜਿਸ ਵਕਤ ਗ੍ਰੰਥ ਸਾਹਿਬ ਤਿਆਰ ਹੋ ਰਿਹਾ ਸੀ , ਪੰਜਾਬ ਦੇ ਭਗਤਾਂ ਛਜੂ , ਕਾਹਨਾ , ਪੀਲੂ ਤੇ ਸ਼ਾਹ ਹੁਸੈਨ ਆਪਣੀ ਬਾਣੀ ਚੜਾਉਣ ਦੇ ਖਿਆਲ ਨਾਲ ਲਿਆਏ।ਗੁਰੂ ਜੀ ਨੇ ਇਨ੍ਹਾਂ ਨੂੰ ਕਿਹਾ – ‘ ਸੁਣਾਓ । ਸਭ ਤੋਂ ਪਹਿਲੇ ਕਾਹਨੇ ਨੇ ਉਚਾਰਨ ਕੀਤਾ
ਓਹੀ ਰੇ ਮੈਂ ਓਹੀ ਜਾਕਉ ਵੇਦ ਪੁਰਾਨ ਜਸੁ ਗਾਵੈ ਖੋਜ ਦੇਖਉ ਮਤ ਕੋਈ ਰੇ ।
ਇਹ ਸੁਣ ਕੇ ਗੁਰੂ ਜੀ ਨੇ ਫੁਰਮਾਇਆ – ‘ ਕਾਹਨਾ ਜੀ , ਆਪ ਨੇ ਬਾਣੀ ਵਿਚ ਵੇਦਾਂਤ ਕਥਨ ਕੀਤਾ ਹੈ । ਇਸ ਵਿਚ ਹਉਮੈ ਪਾਈ ਜਾਂਦੀ ਹੈ । ਅਸੀਂ ‘ ਮੈਂ ’ ਵਿਚ ਨਹੀਂ ‘ ਤੂੰ’ਵਿਚ ਲੀਨ ਹੋਣਾ ਹੈ।ਇਸ ਲਈ ਆਪ ਦੀ ਬਾਣੀ ਪਰਵਾਨ ਨਹੀਂ ਕੀਤੀ ਜਾ ਸਕਦੀ । ਫਿਰ ਪੀਲੂ ਨੂੰ ਕਿਹਾ – ਤੁਸੀਂ ਕੁਝ ਉਚਾਰਨ ਕਰੋ । ਪੀਲੂ ਨੇ ਕਿਹਾ—
ਅਸਾਂ ਨਾਲੋਂ ਸੇ ਭਲੇ ਜੰਮਦਿਆਂ ਮਰ ਗਏ । ਚਿਕੜੁ ਪੈਰੁ ਨ ਬੋੜਿਆ ਨ ਆਲੂਦ ਭਏ ।
ਇਹ ਬਚਨ ਸੁਣ ਕੇ ਗੁਰਦੇਵ ਨੇ ਕਿਹਾ – ‘ ਪੀਲੂ ਜੀ , ਆਪ ਦੀ ਬਾਣੀ ਵਿਚ ਮਨੁਖ – ਜੀਵਨ ਤੋਂ ਬਹੁਤ ਨਿਰਾਸਤਾ ਪਾਈ ਜਾਂਦੀ ਹੈ । ਸਿਖ ਧਰਮ ਆਸਾ – ਵਾਦੀ ਹੈ । ਇਸ ਵਿਚ ਜੀਵਨ ਤੋਂ ਨਿਰਾਸ ਹੋਣਾ ਨਹੀਂ ਸਿਖਾਇਆ ਗਿਆ । ਜੀਵਨ ਨੂੰ ਸੁਖੀ ਅਤੇ ਸਫਲ ਬਨਾਣਾ ਹੈ । ਇਸ ਲਈ ਤੁਹਾਡੀ ਬਾਣੀ ਕਿਵੇਂ ਚੜ੍ਹਾ ਸਕਦੇ ਹਾਂ ? ਛੱਜੂ ਜੀ ਦੀ ਵਾਰੀ ਆਈ । ਆਪ ਨੇ ਉਚਾਰਿਆ
ਕਾਗਦ ਸੰਦੀ ਪੁਤਰੀ ਤਊ ਨ ਤ੍ਰਿਆ ਨਿਹਾਰ ।
ਇਹ ਸੁਣ ਕੇ ਹਜ਼ੂਰ ਨੇ ਬਚਨ ਕੀਤਾ — ‘ ਮਨੁਖਤਾ ਇਸਤਰੀ ਤੇ ਪੁਰਸ਼ ਤੋਂ ਬਿਨਾਂ ਸੰਪੂਰਨ ਨਹੀਂ ਹੁੰਦੀ । ਇਨ੍ਹਾਂ ਵਿਚਾਰਾਂ ਨਾਲ ਸਮਾਜ ਨਸ਼ਟ ਹੋ ਜਾਏਗਾ । ਸਿਖ ਧਰਮ ਗ੍ਰਿਹਸਤ ਤੇ ਕਰਮ ਯੋਗ ਦਾ ਮਾਰਗ ਹੈ । ਇਸੇ ਉਪਦੇਸ਼ ਨੂੰ ਭਾਈ ਸੰਤੋਖ ਸਿੰਘ ਜੀ ਨੇ ਇਉਂ ਲਿਖਿਆ ਹੈ
ਛੱਜੂ ਭਗਤ ਸੁਨਹੁ ਮਤ ਹਮਰੋਂ ਪੰਥ ਰਚਿਓ ਕਰਬੇ ਸਤਸੰਗ।ਸਿਮਰਹਿ ਮਿਲ ਕਰ ਸ੍ਰੀ ਪ੍ਰਮੇਸੁਰ ਗ੍ਰਿਹ ਸਤ ਵਿਖੇ ਲਿਵ ਲਾਇ ਅਭੰਗ ।
ਇਨ੍ਹਾਂ ਭਗਤਾਂ ਦੀ ਬਾਣੀ ਪਰ ਗੁਰੂ ਜੀ ਵਲੋਂ ਗੰਭੀਰ ਅਤੇ ਭਾਵ ਪੂਰਤ ਕੀਤੀ ਗਈ ਟੀਕਾ ਟਿਪਣੀ ਸੁਣ ਕੇ ਸ਼ਾਹ ਹੁਸੈਨ ਨੇ ਕਿਹਾ
ਚੁਪ ਵੇ ਅੜਿਆ , ਚੁਪ ਵੇ ਅੜਿਆ । ਬੋਲਣ ਦੀ ਨਹੀਂ ਜਾ ਵੇ ਅੜਿਆ । ਸੱਜਣਾ ਅੰਦਰ ਕਿਸ ਇਕ ਦੂਜਾ ਕਹੈ ਬੋਲਣ ਦੀ ਨਹੀਂ ਜਾ । ਬਾਹਿਰ ਹਿਕਾ ‘ ਸਾਈਂ । ਨੂੰ ਆਖ ਸੁਣਾਈਂ । ਦਿਲਬਰ ਸਭ ਘਟ ਰਵਿਆ , ਨਾਹੀਂ ਕਿਟਾਈਂ । ਹੁਸੈਨ ਫਕੀਰ ਸਤਿਗੁਰ ਤੋਂ ਬਲ ਬਲ ਨਿਮਾਣਾ , ਜਾਈਂ ।
ਇਸ ਤਰ੍ਹਾਂ ਗੁਰੂ ਜੀ ਨੇ ਬੜੀ ਖੋਜ ਪੜਤਾਲ ਤੇ ਛਾਨ ਬੀਨ ਨਾਲ ਗੁਰੂਆਂ ਅਤੇ ਭਗਤਾਂ ਦੀ ਬਾਣੀ ਨੂੰ ਦਰਜ ਕੀਤਾ । ਜਿਨ੍ਹਾਂ ਦੀ ਬਾਣੀ ਯੋਗ ਨਹੀਂ ਸਮਝੀ , ਨਹੀਂ ਚੜ੍ਹਾਈ । ਕਈ ਥਾਈਂ ਭਾਈ ਗੁਰਦਾਸ ਨੂੰ ਕਿਹਾ — ‘ ਸੁਧ ਕੀਚੈ ‘ । ਭਗਤਾਂ ਤੋਂ ਬਿਨਾਂ ੧੧ ਭੱਟਾਂ ਦੀ ਬਾਣੀ ਭੀ ਦਰਜ ਕੀਤੀ ਹੈ , ਜੋ ‘ ਗੁਰ – ਜੋਤੀ ਦੀ ਉਸਤਤਿ ਹੈ । ਹੁਣ ਅਸੀਂ ਪੰਚਮ ਪਾਤਸ਼ਾਹ ਦੀ ਆਪਣੀ ਬਾਣੀ ਸਬੰਧੀ ਕੁਝ ਦਸਣਾ ਚਾਹੁੰਦੇ ਹਾਂ । ਸ੍ਰੀ ਗੁਰੂ ਗਰੰਥ ਸਾਹਿਬ...

ਵਿਚ ਆਪ ਦੀ ਬਾਣੀ ਸਾਰੇ ਸਤਿਗੁਰੂਆਂ ਤੇ ਭਗਤਾਂ ਨਾਲੋਂ ਵਧੀਕ ਹੈ । ਲਗ ਪਗ ੨੩੫੬ ਸ਼ਬਦ ਹਨ।ਇਹ ਬਾਣੀ ਡਾਢੀ ਮਿਠੀ , ਭਾਵ ਪੂਰਤ , ਫਿਲਾਸਫਾਨਾ , ਬੋਲੀ ਤੇ ਬੰਦਸ਼ ਦੇ ਲਿਹਾਜ਼ ਨਾਲ ਅਤਿ ਸੁੰਦਰ ਹੈ । ਮਹਾਰਾਜ ਦੀਆਂ ਖਾਸ ਬਾਣੀਆਂ ਇਹ ਹਨ – ਬਾਰਾਂ ਮਾਹ , ਬਾਵਨ ਅਖਰੀ , ਗਉੜੀ ਥਿਤੀ , ਸੁਖਮਨੀ ਸਾਹਿਬ ਤੇ ਗਾਥਾ । ਬਾਰਾ ਮਾਹ ਵਿਚ ਵਾਹਿਗੁਰੂ ਦਾ ਵਿਛੋੜਾ – ਕਿਰਤ ਕਰਮ ਕੇ ਵੀਛੁੜੇ ‘ ਵਸਲ ( ਮਿਲਾਪ ) ਤੇ ਵਸੀਲਾ ਕਥਨ ਕੀਤਾ ਹੈ । ਸੁਖਮਨੀ ਸਾਹਿਬ ਆਪ ਦੀ ਮਨ ਨੂੰ ਸੁੱਖ ਦੇਣ ਵਾਲੀ ਬਾਣੀ ਹੈ । ਇਹ ਇਕ ਅਲੌਕਿਕ ਰਚਨਾ ਹੈ । ਇਸ ਦੀਆਂ ੨੪ ਅਸਟਪਦੀਆਂ ਹਨ , ਜਿਨ੍ਹਾਂ ਵਿਚ ਵਖੋ ਵਖ ਸਿੱਧਾਂਤ ਕਥਨ ਕੀਤੇ ਹਨ।ਅਸਟਪਦੀ ਵਿਚ ਜਿਸ ਸਿੱਧਾਂਤ ਨੂੰ ਬਿਆਨ ਕੀਤਾ ਹੈ , ਉਸ ਦਾ ਸਾਰੰਸ ਪਹਿਲੇ ਦੋਹਰੇ ਵਿਚ ਦੱਸਿਆ ਹੈ । ਸ੍ਰੀ ਯੁਤ ਟੀ . ਐਲ . ਵਿਸਵਾਨੀ ਲਿਖਦੇ ਹਨ – ‘ ਰਿਸ਼ੀਆਂ ਨੇ ਕੁਦਰਤ ਦੀ ਗੋਦ ਵਿਚ ਬੈਠ ਕੇ ਉਪਨਿਸ਼ਦਾਂ ਉਚਾਰੀਆਂ ਸਨ , ਇਸੇ ਤਰ੍ਹਾਂ ਪੰਜਵੇਂ ਗੁਰੂ ਜੀ ਨੇ ਇਕਾਂਤ ਅਸਥਾਨ ( ਰਾਮਸਰ ) ਤੇ ਬੈਠ ਕੇ ਇਸ ਬਾਣੀ ਦਾ ਉਚਾਰਨ ਕੀਤਾ ਹੈ । ਇਹ ਗੁਰੂ ਸਾਹਿਬ ਦੀ ਆਤਮਾਂ ਦੇ ਆਪਣੇ ਡੂੰਘੇ ਅਨੁਭਵ ਹਨ , ਜੋ ਆਪ ਦੇ ਅੰਦਰੋਂ ਸੁਤੇ ਸਿਧ ਫੁਟ ਨਿਕਲੇ ਹਨ । ਮਹਾਰਾਜ ਨੇ ਸੁਖਮਨੀ ਸਾਹਿਬ ਵਿਚ ਫੁਰਮਾਇਆ ਹੈ— ਸੁਖਮਨੀ ਸੁਖ ਅੰਮ੍ਰਿਤ ਨਾਮੁ ॥ ਭਗਤ ਜਨਾ ਕੈ ਮਨਿ ਬਿਸ੍ਰਾਮ ॥ ਅਰਥਾਤ ਜਿਸ ਸੁਖਮਨੀ ਸਾਹਿਬ ਵਿਚ ਪ੍ਰਭੂ ਦੇ ਅੰਮ੍ਰਿਤ ਨਾਂਮ ਦਾ ਵਰਣਨ ਕੀਤਾ ਗਿਆ ਹੈ , ਉਸ ਦਾ ਨਿਵਾਸ ਅਸਥਾਨ ਭਗਤ ਜਨਾ ਦਾ ਹਿਰਦਾ ਹੈ । ਸੁਖਮਨੀ ਦਾ ਮਤਲਬ ਮਨ ਦਾ ਸੁਖ ਜਾਂ ਅਨੰਦ ਹੈ । ‘ ਸੁਖਮਨੀ ਦੀ ਪਹਿਲੀ ਵਿਸ਼ੇਸ਼ਤਾ ਇਹ ਹੈ ਕਿ ਇਹ ਸ਼ਰਾ – ਸ਼ਰੀਅਤ ਤੇ ਵਾਲ ਦੀ ਖੱਲ ਉਦੇੜਨ ਵਾਲੀ ਨਿਰੀ ਪੁਰੀ ਫੋਕੀ ਧਰਮ ਚਰਚਾ ਤੋਂ ਰਹਿਤ ਹੈ । ਇਹ ਜੀਵਨ ਬੁਝਾਰਤਾ ਦਾ ਇਕ ਅਮਲੀ ਹੱਲ ਪੇਸ਼ ਕਰਦੀ ਹੈ । ਇਸ ਦੀ ਦੂਜੀ ਖਾਸੀਅਤ ਹੈ ਜੀਵਨ ਆਦਰਸ਼ ਵਲ ਅਤੁਟ ਭਗਤੀ । ਇਸ ਦੀ ਤੀਜੀ ਸਿਫਤ ਜਿਥੋਂ ਤੀਕ ਮੈਂ ਅਨੁਭਵ ਕਰ ਸਕਿਆ ਹਾਂ , ਇਹ ਹੈ ਕਿ ਇਹ ਗੁਰੂ ਨਾਨਕ ਜੋਤ ਨਾਲ ਇਕ ਸੁਰ ਹੋਣ ਲਈ ਅਸਚਰਜ ਵਾਯੂ ਮੰਡਲ ਪੈਦਾ ਕਰਦੀ ਹੈ । ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਏਹੋ ਜੇਹੀ ਅਸਚਰਜ ਬਾਣੀ ਲਿਖੀ ਹੈ । ਇਸਤੋਂ ਬਿਨਾਂ ਸਤਿਗੁਰੂਆਂ ਤੇ ਭਗਤਾਂ ਦੀ ਬਾਣੀ ਇਕਤਰ ਕਰ ਕੇ ਸ੍ਰੀ ਗੁਰੂ ਗਰੰਥ ਸਾਹਿਬ ਦਾ ਸਰੂਪ ਤਿਆਰ ਕੀਤਾ।ਸਮਾਪਤੀ ਪਰ ਮੁੰਦਾਵਣੀ , ਲਿਖੀ ਅਤੇ ਫੁਰਮਾਇਆ – ‘ ਏਹ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਧਾਰੋ । , ਅਰਥਾਤ ‘ ਗੁਰਬਾਣੀ ’ ਦੀ ਇਹ ਵਸਤੂ ਜੋ ਸੰਸਾਰ ਨੂੰ ਦੇ ਰਹੇ ਹਾਂ , ਇਹ ਛਡੀ ਨਹੀਂ ਜਾ ਸਕਦੀ , ਹਿਰਦੇ ਵਿਚ ਧਾਰਨ ਵਾਲੀ ਹੈ । ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਦਾ ਅਰੰਭ ‘ ੴ ’ ਤੋਂ ਕੀਤਾ ਗਿਆ । ਇਸ ਵਿਚ ‘ ਨਾਮ ‘ ਨਾਮੀ ਤੇ ਨਾਮ ਜਪਣ ਵਾਲੇ ਕਿਸੇ ਮਹਾਂ ਪੁਰਖ ਦੀ ਕਿਸੇ ਜੀਵਨ ਘਟਨਾ ਦਾ ਵਰਨਣ ਕੀਤਾ ਗਿਆ ਹੈ । ਇਹ ਇਤਿਹਾਸ ਨਹੀਂ । ਸਾਇੰਸ ਦੀ ਕੋਈ ਪੁਸਤਕ ਨਹੀਂ , ਜਿਸ ਵਿਚ ਕੋਈ ਫਾਰ ਮੂਲਾ ਹੋਵੇ।ਇਹ ਦਿਮਾਗੀ ਮੁਸ਼ੱਰਤ ਦੀ ਚੀਜ਼ ਨਹੀਂ । ਦਿਲ ਨਾਲ ਸਬੰਧ ਰਖਣ ਵਾਲੀ ਬਹੁਤ ਮਿਠੀ ਤੇ ਪਿਆਰੀ ਆਤਮਿਕ ਵਸਤੂ ਹੈ । ਜਗਤ ਦੀ ਕਲਿਆਨ ਲਈ ਇਤਨਾ ਕਾਰਜ ਕਰਨ ਬਾਅਦ , ਪੰਚਮ ਪਾਤਸ਼ਾਹ ਨੇ ਸਰਬ ਸ਼ਕਤੀਮਾਨ ਅਗੇ ਬੇਨਤੀ ਕੀਤੀ
ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀ ਤੋਈ ॥ ਜੋ ਬਾਣੀ ‘ ੴ ’ ਤੋਂ ਸ਼ੁਰੂ ਹੋਈ ਸੀ — ਅਠਾਰਹ ਦਸ ਬੀਸ ’ ਤੇ ਉਸ ਨੂੰ ਸਮਾਪਤ ਕੀਤਾ ਗਿਆ । ਜਿਲਦ ਬਣਵਾ ਕੇ ਭਾਦਰੋਂ ਸੁਦੀ ੧ ਸੰਮਤ ੧੬੬੧ ਨੂੰ ਪਹਿਲੀ ਵੇਰ ਸ੍ਰੀ ਦਰਬਾਰ ਸਾਹਿਬ ਜੀ ਵਿਚ ਸ੍ਰੀ ਗੁਰੂ ਗਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਅਤੇ ਬਾਬਾ ਬੁੱਢਾ ਜੀ ਨੂੰ ਗਰੰਥੀ ਥਾਪਿਆ ਗਿਆ । ਏਥੇ ਇਕ ਗਲ ਦਾ ਨਿਰਣਾ ਕਰਨਾ ਜ਼ਰੂਰੀ ਜਾਪਦਾ ਹੈ।ਉਹ ਇਹ ਹੈ ਕਿ ਗ੍ਰੰਥ ਸਾਹਿਬ ਤਿਆਰ ਕਰਨ ਸਮੇਂ ਜਿਥੇ ਕੋਈ ਪੁਰਾਣਾਂ ਮਜ਼੍ਹਬੀ ਅਸਰ ਕਬੂਲ ਨਹੀਂ ਕੀਤਾ ਗਿਆ , ਉਥੇ ਰਾਜਨੀਤਕ ਪ੍ਰਭਾਵ ਵੀ ਕਬੂਲ ਨਹੀਂ ਕੀਤਾ । ਵਿਚਾਰਾਂ ਦੀ ਸੁਤੰਤ੍ਰਤਾ ਨੂੰ ਕਾਇਮ ਰਖਿਆ ਗਿਆ ਹੈ , ਜਿਸ ਤਰ੍ਹਾਂ ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਵਿਰੋਧੀਆਂ ਵਲੋਂ ਲਾਹੌਰ ਦੇ ਹਾਕਮਾਂ ਪਾਸ ਤੇ ਬਾਅਦ ਅਕਬਰ ਪਾਸ ਲੰਗਰ ਦੀ ਦਿੱਲੀ ਵਿਚ ਸ਼ਿਕਾਇਤ ਕੀਤੀ ਗਈ ਸੀ , ਇਸ ਤਰਾਂ ਗ੍ਰੰਥ ਸਾਹਿਬ ਤਿਆਰ ਕਰਨ ਸਮੇਂ ਚਰਚਾ ਭੀ ਹੋਈ ਜਾਪਦੀ ਹੈ । ਤਵਾਰੀਖ ਗੁਰੂ ਖਾਲਸਾ ਦੇ ਪੰਨਾ ੭੪੫ ਤੇ ਲਿਖਿਆ ਹੈ ਵੈਸਾਖ ਸੰਮਤ ੧੬੬੨ ਬਾਦਸ਼ਾਹ ਲਾਹੌਰ ਨੂੰ ਜਾਂਦਾ ਹੋਇਆ ਕਸਬੇ ਵਟਾਲੇ ‘ ਚਉਤਰਿਆ ਪ੍ਰਿਥੀ ਚੰਦ ਦੀ ਚੁਕ ਨਾਲ ਦੋ ਚਾਰ ਕਾਜ਼ੀਆ ਨੇ ਬਾਦਸ਼ਾਹ ਪਾਸ ਚੁਗਲੀ ਕੀਤੀ ਕਿ ਗੁਰੂ ਅਰਜਨ ਦੇਵ ਨੇ ਜੋ ਪੁਸਤਕ ਬਣਾਈ ਹੈ ਉਸ ਵਿਚ ਦੀਨ ਇਸਲਾਮ ਤੇ ਪੈਗੰਬਰਾਂ ਦੀ ਨਿਖੇਧੀ ਲਿਖੀ ਹੈ । ਪ੍ਰਿਥੀਏ ਤੇ ਚੰਦੂ ਨੇ ਐਸੇ ਢੰਗ ਨਾਲ ਗਵਾਹੀ ਦਿਤੀ , ਜਿਸ ਪਰ ਬਾਦਸ਼ਾਹ ਨੇ ਗੁਰੂ ਜੀ ਨੂੰ ਗੁਰੂ ਗ੍ਰੰਥ ਸਾਹਿਬ ਸਮੇਤ ਵਟਾਲੇ ਤਲਬ ਕੀਤਾ । ਆਪ ਤਾਂ ਗੁਰੂ ਜੀ ਨਾ ਗਏ , ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੂੰ ਭੇਜਿਆ । ਸ਼ਬਦ ਸੁਣ ਕੇ ਬਾਦਸ਼ਾਹ ਨੂੰ ਨਿਸਚਾ ਹੋ ਗਿਆ ਕਿ ਏਸ ਗਰੰਥ ਵਿਚ ਸਵਾਏ ਪ੍ਰਮੇਸ਼ਰ ਦੀ ਮਹਿਮਾ ਤੇ ਸਚੇ ਉਪਦੇਸ਼ ਦੇ ਹੋਰ ਕਿਸੇ ਦੀ ਨਿੰਦਾ ਨਹੀਂ । ਤਵਾਰੀਖ ਖਾਲਸਾ ਦੀ ਇਸ ਲਿਖਤ ਤੋਂ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਕੀ ਅਕਬਰ ੧੬੬੨ ਵਿਚ ਵਟਾਲੇ ਆਇਆ । ਸਾਲ ਸੰਮਤ ੧੬੬੧ ਵਿਚ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਚ ਹੋਇਆ , ਪਰ ਇਸਦੀ ਤਿਆਰੀ ਲਈ ਕਈ ਸਾਲ ਲੱਗੇ ਹਨ । ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨੌਵੇਂ ਪਾਤਸ਼ਾਹ ਦੀ ਬਾਣੀ ਦਸਮ ਪਾਤਸ਼ਾਹ ਨੇ ਚੜ੍ਹਾਈ ਹੈ ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)