More Gurudwara Wiki  Posts
ਗੁਰੂ ਰਾਮਦਾਸ ਜੀ ਦਾ ਉਹ ਇਤਿਹਾਸ ਜੋ ਬਹੁਤ ਘੱਟ ਸੰਗਤਾਂ ਨੂੰ ਪਤਾ ਹੈ – ਜਰੂਰ ਪੜ੍ਹੋ


ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਪੁਰਬ 11 ਅਕਤੂਬਰ ਨੂੰ ਸੰਸਾਰ ਭਰ ਦੀਆਂ ਨਾਨਕ ਨਾਮ ਲੇਵਾ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਮਨਾਂ ਰਹੀਆਂ ਹਨ । ਆਉ ਆਪਾ ਵੀ ਗੁਰੂ ਸਾਹਿਬ ਜੀ ਦੇ ਜੀਵਨ ਦੀਆਂ ਵੀਚਾਰਾ ਰਾਹੀ ਗੁਰੂ ਚਰਨਾਂ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰੀਏ ਜੀ ।
ਗੁਰੂ ਰਾਮਦਾਸ ਸਾਹਿਬ ਦੇ ਵੱਡੇ ਬਜ਼ੁਰਗਾਂ ਤੋ ਗੱਲ ਸ਼ੁਰੂ ਕਰਦੇ ਹਾ ਬਾਬਾ ਮੋਤਾ ਰਾਏ ਸੋਢੀ ਜੀ ਨੇ ਕਦੇ ਖਿਆਲ ਵਿੱਚ ਵੀ ਨਹੀ ਸੋਚਿਆ ਹੋਵੇਗਾ ਕਿ ਉਹਨਾਂ ਦੀ ਕੁਲ ਵਿੱਚ ਆਪ ਪ੍ਰਮੇਸ਼ਰ ਗੁਰੂ ਰਾਮਦਾਸ ਸਾਹਿਬ ਜੀ ਦੇ ਰੂਪ ਵਿੱਚ ਪੈਦਾ ਹੋਵਣਗੇ । ਬਾਬਾ ਮੋਤਾ ਰਾਏ ਸੋਢੀ ਜੀ ਦੇ ਘਰ ਅਨੰਤ ਰਾਏ ਸੋਢੀ ਜੀ ਪੈਦਾ ਹੋਏ ਅੱਗੇ ਬਾਬਾ ਅਨੰਤ ਰਾਏ ਸੋਢੀ ਜੀ ਦੇ ਘਰ ਚਿਤਰਭੁਜ ਸੋਢੀ ਜੀ ਪੈਦਾ ਹੋਏ ਸਾਰੇ ਹੱਕ ਦੀ ਕਮਾਈ ਵਿੱਚ ਵਿਸ਼ਵਾਸ ਰੱਖਦੇ ਤੇ ਲੋਕ ਭਲਾਈ ਲਈ ਤਤਪਰ ਰਹਿਣ ਵਾਲੇ ਸਨ । ਚਿਤਰਭੁਜ ਸੋਢੀ ਦੇ ਘਰ ਕ੍ਰਿਸ਼ਨ ਕੁਵਰ ਸੋਢੀ ਜੀ ਪੈਦਾ ਹੋਏ ਅੱਗੇ ਕ੍ਰਿਸ਼ਨ ਕੁਵਰ ਜੀ ਦੇ ਘਰ ਹਰੀ ਰਾਮ ਸੋਢੀ ਜੀ ਪੈਦਾ ਹੋਏ ਸਨ ਆਪ ਜੀ ਸਾਧੂ ਸੁਭਾਅ ਦੇ ਮਾਲਿਕ ਸਨ ਤੇ ਪ੍ਰਮੇਸ਼ਰ ਦੀ ਭਗਤੀ ਵਿੱਚ ਲੀਨ ਰਹਿੰਦੇ ਸਨ । ਹਰੀ ਰਾਮ ਸੋਢੀ ਜੀ ਦੇ ਘਰ ਠਾਕੁਰ ਦਾਸ ਜੀ ਪੈਦਾ ਹੋਏ ਜੋ ਸਤਿਗੁਰੂ ਰਾਮਦਾਸ ਸਾਹਿਬ ਜੀ ਦੇ ਦਾਦਾ ਜੀ ਸਨ । ਠਾਕੁਰ ਦਾਸ ਸੋਢੀ ਜੀ ਦੇ ਘਰ ਸੰਨ 1500 ਨੂੰ ਪੁੱਤਰ ਨੇ ਜਨਮ ਲਿਆ ਜਿਸ ਨਾਮ ਹਰਿਦਾਸ ਜੀ ਰੱਖਿਆ ਗਿਆ ਜਦੋ ਬਾਬਾ ਹਰਿਦਾਸ ਜੀ ਜਵਾਨ ਹੋਏ ਉਹਨਾ ਦਾ ਵਿਆਹ ਕਰ ਦਿੱਤਾ ਗਿਆ।
ਉਹਨਾਂ ਦੀ ਘਰਵਾਲੀ ਦਾ ਨਾਮ ਬੀਬੀ ਅਨੂਪੀ ਸੀ । ਉਹਨਾਂ ਨੂੰ ਹੀ ਦਯਾ ਕੌਰ ਕਰ ਕੇ ਜਾਣਿਆ ਜਾਂਦਾ ਸੀ । ਬਾਬਾ ਹਰਿਦਾਸ ਜੀ ਨਿਰੇ ਨਾਂ ਦੇ ਹੀ ਹਰਿਦਾਸ ਨਹੀਂ ਸਨ , ਸੱਚਮੁੱਚ ਹੀ ਪ੍ਰਭੂ ਦੇ ਦਾਸ ਸਨ । ਬੜਾ ਨਿੱਘਾ ਸੁਭਾਅ ਸੀ । ਦੇਵੀ ਦੇਵਤੇ ਨਹੀਂ ਸਨ ਮਨਾਂਦੇ ਇਕ ਪ੍ਰਮੇਸ਼ਰ ਤੇ ਵਿਸ਼ਵਾਸ ਰੱਖਦੇ ਸਨ । ਸੰਤੋਖੀ ਸੁਭਾਅ ਸੀ ਕਿਰਤ ਵਿਚ ਹੀ ਸੰਤੁਸ਼ਟ ਸਨ । ਹਰ ਆਏ ਗਏ ਦੀ ਸੇਵਾ ਕਰ ਕੇ ਅਨੰਦ ਲੈਂਦੇ । ਅੰਮ੍ਰਿਤ ਵੇਲੇ ਉੱਠਦੇ , ਪ੍ਰਭੂ ਭਗਤੀ ਵਿਚ ਜੁੜ ਜਾਂਦੇ । ਉਹਨਾਂ ਦੀ ਇਹ ਹੀ ਅਰਦਾਸ ਸੀ ਕਿ ਘਰ ਅਜਿਹਾ ਬੇਟਾ ਪੈਦਾ ਹੋਵੇ ਜੋ ਕੁਲ ਦਾ ਨਾਂ ਰੌਸ਼ਨ ਕਰੇ । ਪ੍ਰਭੂ ਦਾ ਪਿਆਰਾ ਹੋਵੇ ਗੁਰ – ਪ੍ਰਣਾਲੀ ਦੇ ਲਿਖੇ ਅਨੁਸਾਰ ਰਾਵੀ ਦੇ ਕਿਨਾਰੇ ਲਾਹੌਰ ਇਕ ਬਹੁਤ ਹੀ ਸੁੰਦਰ ਸ਼ਹਿਰ ਬਣ ਗਿਆ ਸੀ ਇਸ ਸ਼ਹਿਰ ਵਿਖੇ ਥਾਂ – ਥਾਂ , ਬਾਜ਼ਾਰ , ਗਲੀਆਂ ਵਿੱਚ ਲੋਕ ਬੈਠੇ ਸਨ ਜੋ ਸ਼ਾਹੂਕਾਰਾ ਕਰਦੇ ਸਨ । ਉਥੇ ਹੀ ਸੋਢੀ ਕੁਲ ਵਿਚੋਂ ਇਕ ਉੱਚੇ ਮੁਰਾਤਬੇ ਵਾਲੇ ਭਾਈ ਹਰਿਦਾਸ ਜੀ ਵਸੇਬਾ ਕਰਦੇ ਸਨ । ਬਾਬਾ ਹਰਿਦਾਸ ਜੀ ਦੇ ਵਿਆਹ ਤੋਂ ਬਾਰਾਂ ਸਾਲ ਪਿਛੋਂ ਦਾਤਾਰ ਪ੍ਰਭੂ ਨੇ ਅਰਦਾਸ ਸੁਣੀ ਤੇ ੧੫੩੪ ਨੂੰ ਇਸ ਰੱਬੀ ਜੋੜੇ ਘਰ ( ਗੁਰੂ ) ਰਾਮਦਾਸ ਜੀ ਦਾ ਪ੍ਰਕਾਸ਼ ਹੋਇਆ | ਐਸਾ ਨੂਰ ਹੋਇਆ ਚਾਰੇ ਪਾਸੇ ਕਿ ਚਾਂਦਨੀ ਜਹੀ ਹੋ ਗਈ । – ਬਾਲਕ ਦਾ ਨਾਮ ਜੇਠਾ ਰਖਿਆ ਗਿਆ ਕਿਉਂਕਿ ਬਾਬਾ ਹਰਿਦਾਸ ਜੀ ਘਰ ਜਨਮੇ ਉਹ ਪਹਿਲੇ ਬਾਲਕ ਸਨ । ਫਿਰ ਦੋ ਸਾਲ ਪਿਛੋਂ ਦੂਜੇ ਪੁੱਤਰ ਭਾਈ ਹਰਿਦਿਆਲ ਦਾ ਜਨਮ ਹੋਇਆ ਤੇ ਫਿਰ ਇਕ ਭੈਣ ਜਿਸ ਨੂੰ ‘ ਰਮਦਾਸੀ ‘ ਕਿਹਾ ਜਾਂਦਾ ਸੀ , ਦਾ ਜਨਮ ਹੋਇਆ ।
ਰਾਮਦਾਸ ਹਰਦਿਆਲ ਸੋਢੀ ਦੁਇ ਭਾਈ
ਇਕ ਬੀਬੀ ਰਮਦਾਸੀ ਸਕੀ ਭੈਣ ਕਹਾਈ ।
ਗਿਆਨੀ ਗਿਆਨ ਸਿੰਘ ਨੇ ਤਵਾਰੀਖ਼ ਗੁਰ ਖ਼ਾਲਸਾ ਵਿਚ ਆਪ ਜੀ ਦੀ ਨੁਹਾਰ ਬਾਰੇ ਲਿਖਿਆ ਹੈ ਕਿ ਗੋਰਾ ਬਦਨ , ਅਤਿ ਸੁੰਦਰ , ਮੋਟੇ ਨਕਸ਼ ਤੇ ਚੌੜੇ ਮੱਥੇ ਵਾਲੇ ਸਨ | ਮੈਕਾਲਫ਼ ਨੇ ਸੋਹਣੇ , ਸੁਣੱਖੇ , ਮੁਸਕਰਾਂਦੇ ਤੇ ਕਦੇ ਕਿਸੇ ਨੂੰ ਰੋਂਦੇ ਨਾ ਦੇਖਣ ਦਾ ਜ਼ਿਕਰ ਖ਼ਾਸ ਕਰ ਕੇ ਕੀਤਾ ਹੈ । ਰੱਬੀ ਭੱਟਾਂ ਨੇ ਗੁਰੂ ਗ੍ਰੰਥ ਸਾਹਿਬ ਵਿਚ ਉਚੇਚੇ ਤੌਰ ‘ ਤੇ ਲਿਖਿਆ ਹੈ ਕਿ ਠਾਕੁਰ ਹਰਿਦਾਸ ਜੀ ਦੇ ਪੁੱਤਰ ਨੂੰ ਜਸੋਧਾ ਮਾਂ ਵਾਂਗ ਮਾਪਿਆਂ ਬਹੁਤ ਲਾਡ ਲਡਾਏ | ਕੰਵਲ ਨੈਨ ਹਨ , ਅਤਿ ਸੁਹਣੇ ਹਨ ਅਤੇ ਜਦ ਤੋਤਲੀ ਜ਼ਬਾਨ ਵਿਚ ਗੱਲਾਂ ਕਰਦੇ ਹਨ ਤਾਂ ਬਹੁਤ ਹੀ ਮਿੱਠੇ ਲੱਗਦੇ ਹਨ । ਮੱਥਾ ਚੌੜਾ ਤੇ ਦੰਦ ਚਿੱਟੇ ਹਨ । ਉੱਚੀ ਚੰਗੀ ਮਤਿ ਤੇ ਸੰਤੋਖੀ ਵਾਤਾਵਰਨ ਵਿਚ ਪਲੇ ਹਨ । ਸੁਭਾਅ ਕਰਮ ਸਵੱਛ ਵਾਤਾਵਰਣ ਵਿਚ ਪਲਣ ਕਾਰਨ ਮਤਿ ਅਤਿ ਡੂੰਘੀ ਸੀ । ਪ੍ਰਭੂ ਨਾਲ ਨਿੱਕਿਆਂ ਹੁੰਦਿਆਂ ਤੋਂ ਪਿਆਰ ਸੀ । ਅਡੋਲ ਚਿੱਤ , ਧੀਰਜਵਾਨ ਧਰਮ ਸਰੂਪ ਸਨ । ਦੇਣ ਅਤੇ ਵੰਡਣ ਦੀ ਰੁਚੀ ਬਾਲਪਣ ਤੋਂ ਹੀ ਸੀ । ਆਇਆ ਗਿਆ ਸਾਧੂ ਸੰਤ ਮਹਾਤਮਾ ਜਾਂ ਫ਼ਕੀਰ ਜੋ ਵੀ ਦੇਖਦੇ ਤੱਕਦੇ ਘਰ ਲੈ ਆਉਂਦੇ ਜਾਂ ਉਸ ਦੀ ਲੋੜ ਪੂਰੀ ਕਰਨ ਲਈ ਪਿਤਾ ਨੂੰ ਕਹਿੰਦੇ । ਪੰਥ ਪ੍ਰਕਾਸ਼ ਵਿਚ ‘ ਬਾਲ ਉਮਰ ਬ੍ਰਿਧਨ ਸੀ ਚਾਲੇ ‘ ਦੇ ਸ਼ਬਦ ਲਿਖੇ ਹਨ । – ਜਦ ਬੱਚਿਆਂ ਨਾਲ ਖੇਡਦੇ ਤਾਂ ਵੀ ਭਗਤੀ ਭਾਵ ਦੀਆਂ ਗੱਲਾਂ ਕਰਦੇ ਤੇ ਪ੍ਰਭੂ ਨਾਲ ਚਿੱਤ ਲਗਾਉਣ ਲਈ ਪ੍ਰੇਰਦੇ :
ਖੇਲਨ ਬੀਚ ਬਾਲਕਨ ਤਾਈ | ਉਪਦੇਸ਼ ਭਗਤੀ ਜਗ ਸਾਈਂ ।
ਜਦੋ ਆਪ ਜੀ 7 ਕੁ ਸਾਲ ਦੀ ਉਮਰ ਤੱਕ ਆਏ ਸਾਰੇ ਪਰਿਵਾਰ ਦੇ ਜੀਅ ਆਪ ਜੀ ਨੂੰ ਛੱਡ ਕੇ ਅਕਾਲ ਪੁਰਖ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ । ਏਨੇ ਸੰਸਾਰ ਵਿੱਚ ਹੁੰਦਿਆ ਹੋਇਆ ਆਪ ਜੀ ਇਕੱਲੇ ਰਹਿ ਗਏ ਸਾਰੇ ਸਰੀਕੇ ਤੇ ਪਿੰਡ ਵਾਲੇ ਆਪ ਜੀ ਨੂੰ ਹੀਣ ਭਾਵਨਾ ਨਾਲ ਵੇਖਣ ਲੱਗੇ ।
ਆਂਢ ਗੁਆਢ ਤੇ ਰਿਸਤੇਦਾਰ ਜੇਠਾ ਜੀ ਤੋ ਨਫਰਤ ਕਰਨ ਲੱਗ ਪਏ ਆਪਣੇ ਬੱਚਿਆ ਤੇ ਵੀ ਰਾਮਦਾਸ ਸਾਹਿਬ ਜੀ ਦਾ ਪਰਿਸ਼ਾਵਾ ਤੱਕ ਨਾ ਪੈਣ ਦੇਂਦੇ । ਪਰ ਅੱਜ ਉਸ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਦੇ ਦਰਸ਼ਨਾਂ ਲਈ ਸੰਗਤ ਤਰਸਦੀਆਂ ਫਿਰਦੀਆਂ ਹਨ । ਜਿਸ ਰਾਮਦਾਸ ਸਾਹਿਬ ਜੀ ਨੂੰ ਕੋਈ ਆਸਰਾ ਤਕ ਨਹੀ ਸੀ ਦੇਂਦਾ ਅੱਜ ਉਹ ਗੁਰੂ ਰਾਮਦਾਸ ਸਾਹਿਬ ਜੀ ਨਿਆਸਰਿਆਂ ਦੇ ਆਸਰਾ ਹਨ । ਜਿਸ ਗੁਰੂ ਰਾਮਦਾਸ ਸਾਹਿਬ ਨੂੰ ਕੋਈ ਖਾਣ ਲਈ ਰੋਟੀ ਨਹੀ ਸੀ ਦੇਂਦਾ ਅੱਜ ਉਸ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੋ ਹਰ ਰੋਜ ਲੱਖਾਂ ਸੰਗਤਾਂ ਪ੍ਰਸ਼ਾਦਾ ਛੱਕਦੀਆਂ ਹਨ । ਜਿਸ ਰਾਮਦਾਸ ਨੂੰ ਕੋਈ ਪੈਸਾਂ ਤੱਕ ਨਹੀ ਸੀ ਦੇਣ ਨੂੰ ਤਿਆਰ ਅੱਜ ਉਸ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਹਰ ਰੋਜ ਲੱਖਾਂ ਕਰੋੜਾਂ ਰੁਪਏ ਚੜਦੇ ਹਨ । ਜਿਸ ਰਾਮਦਾਸ ਦਾ ਨਾਮ ਆਢ ਗੁਆਢ ਜਾ ਰਿਸਤੇਦਾਰ ਆਪਣੇ ਬੱਚਿਆ ਨੂੰ ਨਹੀ ਸਨ ਲੈਣ ਦੇਂਦੇ ਅੱਜ ਉਸ ਰਾਮਦਾਸ ਸਾਹਿਬ ਜੀ ਦਾ ਨਾਮ ਲੈ ਕੇ ਸੰਗਤਾਂ ਮੁਕਤੀ ਪ੍ਰਾਪਤ ਕਰ ਦੀਆਂ ਹਨ । ਜਿਸ ਰਾਮਦਾਸ ਸਾਹਿਬ ਜੀ ਨੂੰ ਇਹ ਆਖ ਕੇ ਛੱਡ ਦਿਤਾਂ ਸੀ ਕਿ ਇਸ ਦੇ ਜਨਮ ਲੈਣ ਕਰਕੇ ਇਸ ਦੇ ਮਾ ਪਿਉ ਭੈਣ ਭਰਾ ਮਰ ਗਏ ਹਨ । ਅੱਜ ਉਸ ਗੁਰੂ ਰਾਮਦਾਸ ਸਾਹਿਬ ਜੀ ਦਾ ਨਾਮ ਲੈਣ ਕਰਕੇ ਮਰਦੇ ਲੋਕ ਵੀ ਤੰਦਰੁਸਤ ਹੋ ਰਹੇ ਹਨ । ਜਿਸ ਗੁਰੂ ਰਾਮਦਾਸ ਸਾਹਿਬ ਜੀ ਨੂੰ ਆਢ ਗੁਆਢ ਤੇ ਰਿਸਤੇਦਾਰ ਆਪਣੇ ਘਰਾਂ ਵਿੱਚ ਰਹਿਣ ਨਹੀ...

ਸਨ ਦੇਂਦੇ , ਅੱਜ ਉਸ ਗੁਰੂ ਰਾਮਦਾਸ ਸਾਹਿਬ ਜੀ ਦਾ ਘਰ ਸੋਨੇ ਹੀਰਿਆਂ ਨਾਲ ਜੜਿਆ ਹੈ ਜਿਸ ਦੇ ਦਰਸ਼ਨਾਂ ਵਾਸਤੇ ਸਾਰੀ ਦੁਨੀਆ ਤੋ ਸੰਗਤਾ ਆਉਦੀਆਂ ਹਨ । ਜਿਸ ਰਾਮਦਾਸ ਸਾਹਿਬ ਜੀ ਦੇ ਤਨ ਢੱਕਣ ਨੂੰ ਕੋਈ ਰਿਸਤੇਦਾਰ ਕਪੜਾ ਨਹੀ ਸੀ ਦੇਂਦਾ ਅੱਜ ਉਸ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੇ ਲੱਖਾ ਦੇ ਰੁਮਾਲਿਆ ਦੀ ਕਈ ਕਈ ਸਾਲ ਵਾਰੀ ਨਹੀ ਆਉਦੀ । ਇਹ ਹਨ ਬਰਕਤਾਂ ਮੇਰੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀਆਂ । ਗੁਰੂ ਰਾਮਦਾਸ ਸਾਹਿਬ ਨੇ ਜਦੋ ਅਵਤਾਰ ਧਾਰਿਆ ਸੀ ਉਸ ਸਮੇ ਇਸ ਧਰਤੀ ਤੇ ਵੱਡੇ ਤਿੰਨ ਗੁਰੂ ਸਹਿਬਾਨ ਸਰੀਰ ਕਰਕੇ ਵਿਚਰ ਰਹੇ ਸਨ ਤੇ ਚੌਥੇ ਗੁਰੂ ਸਹਿਬਾਨ ਵੀ ਇਸ ਧਰਤੀ ਤੇ ਸਰੀਰ ਕਰਕੇ ਆ ਗਏ ਸਨ। ਕਿਨਾ ਕਰਮਾ ਵਾਲਾ ਉਹ ਸਮਾਂ ਹੋਵੇਗਾ ਜਦੋ ਆਪ ਅਕਾਲ ਪੁਰਖ ਜੀ ਚਾਰ ਸਰੀਰ ਧਾਰ ਕੇ ਇਸ ਮਾਤਲੋਕ ਤੇ ਵਿਚਰ ਰਹੇ ਹੋਣਗੇ ਧਰਤੀ ਦੇ ਕਿਨੇ ਵੱਡੇ ਭਾਗ ਹੋਣਗੇ । ਗੁਰੂ ਰਾਮਦਾਸ ਸਾਹਿਬ ਜੀ ਦਾ ਅਵਤਾਰ ਧਾਰਨ ਨਾਲ ਉਹ ਲਾਹੌਰ ਦੀ ਸ਼ਰਾਪੀ ਧਰਤੀ ਸਿਫਤੀ ਦਾ ਘਰ ਬਣ ਗਈ। ਬਹੁਤ ਸੋਚਣ ਵਾਲੀ ਗੱਲ ਹੈ ਜਿਵੇ ਮਗਹਰ ਦੀ ਧਰਤੀ ਜਿਥੇ ਲੋਕ ਮਰਨ ਤੋ ਡਰਦੇ ਸਨ ਕਿ ਏਥੇ ਮਰਿਆ ਖੋਤੇ ਦੀ ਜੂੰਨ ਮਿਲਦੀ ਹੈ । ਪਰ ਭਗਤ ਕਬੀਰ ਸਾਹਿਬ ਜੀ ਦੇ ਉਸ ਮਗਹਰ ਦੀ ਧਰਤੀ ਤੇ ਸਰੀਰ ਛੱਡਣ ਨਾਲ ਉਹ ਸ਼ਰਾਪੀ ਧਰਤੀ ਪੂਜਨ ਯੋਗ ਹੋ ਗਈ । ਇਸੇ ਤਰਾਂ ਕਿਸੇ ਸਮੇ ਗੁਰੂ ਨਾਨਕ ਸਾਹਿਬ ਜੀ ਜੀਵਾਂ ਤੇ ਅਤਿਆਚਾਰ ਹੁੰਦਾ ਵੇਖ ਕੇ ਕਹਿ ਦਿੰਦੇ ਹਨ ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ । ਜਦੋ ਗੁਰੂ ਰਾਮਦਾਸ ਸਾਹਿਬ ਜੀ ਨੇ ਲਾਹੌਰ ਦੀ ਧਰਤੀ ਚੂਨਾ ਮੰਡੀ ਵਿੱਚ ਅਵਤਾਰ ਧਾਰਨ ਕੀਤਾਂ ਤਾ ਗੁਰੂ ਅਮਰਦਾਸ ਸਾਹਿਬ ਜੀ ਨੇ ਕਹਿ ਦਿੱਤਾ ਮਹਲਾ ੩ ॥ ਲਾਹੌਰ ਸਹਰੁ ਅੰਮ੍ਰਿਤ ਸਰੁ ਸਿਫਤੀ ਦਾ ਘਰੁ ।।
ਬਿਰਧ ਨਾਨੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਨਾਲ ਬਾਸਰਕੇ ਪਿੰਡ ਲੈ ਆਈ ਤੇ ਫੇਰ ਗੋਇੰਦਵਾਲ ਸਾਹਿਬ ਵਿਖੇ ਲੈ ਗਈ ।ਬਿਰਧ ਨਾਨੀ ਰਾਤ ਨੂੰ ਹੀ ਕਣਕ ਭਿਉ ਰਖਦੀ ਸਵੇਰੇ ਹੀ ਜੇਠਾ ਜੀ ਗੁਰੂ ਦਰਬਾਰ ਵਿਚ ਜਿਥੇ ਕਾਰ -ਸੇਵਾ ਹੁੰਦੀ ਮਿਠੀ ਤੇ ਸੁਰੀਲੀ ਅਵਾਜ਼ ਵਿਚ ਘੁੰਗਨੀਆਂ ਵੇਚਦੇ ,ਸੰਗਤਾਂ ਨੂੰ ਠੰਡਾ ਜਲ ਛਕਾਂਦੇ ਤੇ ਨਾਲ ਨਾਲ ਤੰਤੀ ਵਜਾ ਕੇ ਗੁਰਬਾਣੀ ਵੀ ਸੁਣਾਉਂਦੇ ਰਹਿੰਦੇ ਸੰਗਤਾਂ ਉਨ੍ਹਾ ਦੀ ਸੋਹਣੀ ਸੂਰਤ , ਮਿਠੀ ਅਵਾਜ਼ ਤੇ ਗੁਣੀ ਸੁਭਾਵ ਕਰਕੇ ਬਦੋ -ਬਦੀ ਖਿਚੀਆਂ ਆਉਦੀਆਂ ਘੁੰਗਨੀਆਂ ਵੇਚਣ ਤੋ ਬਾਦ ਜੇਠਾ ਜੀ ਗੁਰੂ ਦਰਬਾਰ ਵਿਚ ਹਾਜਰੀ ਭਰਦੇ , ਬੜੇ ਪਿਆਰ ਨਾਲ ਸੇਵਾ ਦੇ ਨਾਲ ਨਾਲ ਸਿਮਰਨ ਵੀ ਕਰਦੇ ਰਹਿੰਦੇ ਤੇ ਕਦੀ ਕਦੀ ਤੰਤੀ ਵਜਾਕੇ ਕੀਰਤਨ ਵੀ ਕਰਦੇ ਇਸ ਬੱਚੇ ਦੀ ਇਸ ਛੋਟੀ ਜਹੀ ਉਮਰ ਵਿਚ ਇਤਨੀ ਲਗਨ , ਪ੍ਰੇਮ ਸਾਦਗੀ ,ਤੇ ਨਿਮਰਤਾ ਦੇਖ ਕੇ ਗੁਰੂ ਸਹਿਬ ਮਨ ਹੀ ਮਨ ਵਿਚ ਬਹੁਤ ਖੁਸ਼ ਹੁੰਦੇ ਤੇ ਉਸਨੂੰ ਆਸ਼ੀਰਵਾਦ ਦਿੰਦੇ ।
ਗੁਰੂ ਅਮਰ ਦਾਸ ਦੀਆ ਦੋ ਸਪੁਤਰੀਆਂ ਸਨ ਵਡੀ ਪੁਤਰੀ ਦਾਨੀ ਦਾ ਵਿਆਹ ਭਾਈ ਰਾਮਾ ਜੀ ਨਾਲ ਹੋ ਗਿਆ ਸੀ । ਛੋਟੀ ਪੁਤਰੀ ਬੀਬੀ ਭਾਨੀ ਦੇ ਵਿਆਹ ਦਾ ਜਿਕਰ ਆਪਣੀ ਪਤਨੀ ਮਨਸਾ ਦੇਵੀ ਨਾਲ ਕਰਦਿਆਂ ਕਰਦਿਆਂ ਇਕ ਦਿਨ ਅਚਾਨਕ ਪੁਛ ਲਿਆ ਕਿ ਬੀਬੀ ਭਾਨੀ ਲਈ ਤੁਹਾਨੂੰ ਕਿਹੋ ਜਿਹਾ ਵਰ ਚਾਹੀਦਾ ਹੈ ? ਸਾਹਮਣੇ ਭਾਈ ਜੇਠਾ ਜੀ ਸੇਵਾ ਕਰ ਰਹੇ ਸਨ , ਕਹਿਣ ਲਗੇ ਇਹੋ ਜਿਹਾ , ਤਾਂ ਗੁਰੂ ਸਾਹਿਬ ਨੇ ਕਿਹਾ ਕਿ ਇਹੋ ਜਿਹਾ ਤਾ ਸਿਰਫ ਇਹੀ ਹੋ ਸਕਦਾ ਹੈ ? ਬਸ ਫੈਸਲਾ ਕਰ ਲਿਆ ਨਾਨੀ ਨੂੰ ਬੁਲਾ ਕੇ ਬੀਬੀ ਭਾਨੀ ਦਾ ਰਿਸ਼ਤਾ ਪੱਕਾ ਕਰ ਦਿਤਾ ਅਗਲੇ ਸਾਲ ਜੇਠਾ ਜੀ ਨੂੰ ਸਭ ਗੁਣ ਸੰਪੂਰਨ ਦੇਖਕੇ, ਬੀਬੀ ਭਾਨੀ ਦਾ ਵਿਆਹ ਜੇਠਾ ਜੀ ਨਾਲ ਕਰਵਾ ਦਿਤਾ ।
ਗੁਰੂ ਅਮਰ ਦਾਸ ਜੇਠਾ ਜੀ ਦੀ ਸਖਸ਼ੀਅਤ ਤੋ ਕਾਫੀ ਪ੍ਰਭਾਵਿਤ ਸਨ । ਉਨ੍ਹਾ ਦੀ ਅਦੁਤੀ ਸੇਵਾ, ਨਿਮਰਤਾ ਮਿਠਾ ਬੋਲਣਾ, ਤੇ ਚੇਹਰੇ ਤੇ ਅਲਾਹੀ ਨੂਰ ਸੀ । ਵਿਆਹ ਤੋ ਬਾਅਦ ਵੀ ਓਹ ਗੁਰੂ ਅਮਰਦਾਸ ਦੀ ਤਨ-ਮਨ ਨਾਲ ਸੇਵਾ ਕਰਦੇ ਗੋਇੰਦਵਾਲ ਦੀ ਬਾਓਲੀ ਸੇਵਾ ਦੀ ਤਿਆਰੀ ਕੀਤੀ, ਜਿਸਦਾ ਸਾਰਾ ਕਾਰਜ ਰਾਮਦਾਸ ਜੀ ਨੇ ਸੰਭਾਲ ਲਿਆ । ਸੇਵਾ ਕਰਦੇ ਕਰਦੇ ਓਹ ਖੁਦ ਵੀ ਟੋਕਰੀਆਂ ਢੋਂਦੇ ਸਾਰਾ ਸਾਰਾ ਦਿਨ ਗੁਰੂ ਘਰ ਦੀ ਸੇਵਾ, ਕਾਰ ਸੇਵਾ ਤੇ ਲੰਗਰ ਦੀ ਸੇਵਾ ਵਿਚ ਲਗੇ ਰਹਿੰਦੇ ਉਨਾ ਦੀ ਹਲੀਮੀ, ਬਾਣੀ ਦੀ ਮਿਠਾਸ , ਤੇ ਤੰਤੀ ਸਾਜ ਵਜਾਕੇ ਕੀਰਤਨ ਕਰਨ ਨਾਲ ਸੰਗਤਾਂ ਨਿਹਾਲ ਹੋ ਜਾਂਦੀਆ ਸਨ ।
ਇਕ ਦਿਨ ਰਾਮ ਦਾਸ ਜੀ ਨੇ ਬਾਓਲੀ ਦੀ ਸੇਵਾ ,ਕਰਦੇ ਸਿਰ ਤੇ ਟੋਕਰੀ ਚੁਕੀ ਹੋਈ ਸੀ । ਕਪੜੇ ਸਾਰੇ ਮਿਟੀ ਤੇ ਗਾਰੇ ਨਾਲ ਲਿਬੜੇ ਹੋਏ ਸੀ ਓਨ੍ਹਾ ਦੇ ਰਿਸ਼ਤੇਦਾਰ ਤੇ ਗੁਆਂਢੀ ,ਜੋ ਲਾਹੌਰ ਦੀਆਂ ਸੰਗਤਾ ਨਾਲ ਗੁਰੂ ਸਾਹਿਬ ਦੇ ਦਰਸ਼ਨਾ ਲਈ ਆਏ ਹੋਏ ਸਨ ,ਜਦ ਜੇਠਾ ਜੀ ਨੂੰ ਦੇਖਿਆ ਤੇ ਬੁਰਾ ਭਲਾ ਕਿਹਾ ” ਤੂੰ ਪੇਟ ਦੀ ਖਾਤਿਰ ਸਹੁਰਿਆਂ ਦੀ ਟੋਕਰੀ ਢੋਂਦਾ ਹੈ , ਤੂੰ ਤਾਂ ਸਾਡੇ ਪਿੰਡ ਦਾ ਨੱਕ ਵਢਾ ਦਿਤਾ ਹੈ । ਗੁਰੂ ਸਾਹਿਬ ਨੂੰ ਵੀ ਓਲਾਹਬਾ ਦਿਤਾ ਕਿ ਤੁਸੀਂ ਜਵਾਈ ਕੋਲੋਂ ਮਜਦੂਰੀ ਕਰਾ ਰਹੇ ਹੋ ਜਦੋਂ ਭਾਈ ਜੇਠਾ ਜੀ ਨੂੰ ਪਤਾ ਲਗਾ ਤਾਂ ਬਹੁਤ ਦੁਖੀ ਹੋਏ । ਗੁਰੂ ਸਾਹਿਬ ਦੇ ਚਰਨਾ ਵਿਚ ਡਿਗ ਪਏ ਤੇ ਕਹਿਣ ਲਗੇ ਮਹਾਰਾਜ ਜੀ ਇਹ ਭੁਲਣਹਾਰ ਹਨ ਇਹਨਾਂ ਦੀ ਭੁਲ ਬਖਸ ਦੇਣੀ ।
ਗੁਰੂ ਅਮਰਦਾਸ ਮਹਾਰਾਜ ਜੀ ਨੇ ਅਖੀਰ ਗੁਰੂ ਨਾਨਕ ਸਾਹਿਬ ਜੀ ਦੀ ਗੁਰਗੱਦੀ ਦਾ ਵਾਰਿਸ ਗੁਰੂ ਰਾਮਦਾਸ ਸਾਹਿਬ ਜੀ ਨੂੰ ਬਣਾ ਦਿੱਤਾ ।
ਗੁਰੂ ਰਾਮਦਾਸ ਸਾਹਿਬ ਦੀ ਸਿਫਤ ਜੇ ਮੈ ਕਈ ਜਨਮ ਲੈ ਕੇ ਵੀ ਲਿਖਦਾ ਰਹਾ ਤਾ ਵੀ ਨਹੀ ਲਿਖ ਸਕਦਾ , ਲੇਖ ਬਹੁਤ ਲੰਮਾ ਹੋ ਜਾਵੇਗਾ ਅਖੀਰ ਵਿਚ ਗੁਰੂ ਜੀ ਸਾਨੂੰ ਸਮਝਾਉਦੇ ਹੋਏ ਆਖਦੇ ਹਨ ।
ਵਿਣੁ ਨਾਵੈ ਹੋਰ ਸਲਾਹਣਾ ਸਭੁ ਬੋਲਣ ਫਿਕਾ ਸਾਦੁ ।।
ਨਾਮ ਜਪਣਾ, ਵੰਡ ਛਕਣਾ, ਕਿਰਤ ਕਰਨੀ ਗੁਰੂ ਨਾਨਕ ਸਾਹਿਬ ਦੇ ਅਸੂਲਾਂ ਦੇ ਨਾਲ ਨਾਲ ਆਪਣੇ ਪਰਿਵਾਰਕ ਜਿਮੇਦਾਰੀਆਂ ਲਈ ਤੇ ਸਮਾਜਿਕ ਵਿਕਾਸ ਲਈ ਸੇਵਾ ਨੂੰ ਉਤਮ ਮੰਨਿਆ, ਜਿਸ ਲਈ ਕਾਮ, ਕ੍ਰੋਧ, ਲੋਭ ,ਮੋਹ, ਹੰਕਾਰ,ਕਪਟ ਝੂਠ ਨਿੰਦਾ , ਦੁਬਿਧਾ, ਤੇ ਈਰਖਾ ਨੂੰ ਤਿਆਗਣਾ ਬਹੁਤ ਜਰੂਰੀ ਹੈ । ਮਾਇਆ ਦਾ ਮਾਨ ਕੂੜਾ ਹੈ ਮਾਇਆ ਪਰਛਾਵੈ ਦੀ ਨਿਆਈ ਹੈ ਜੋ ਕਦੇ ਚੜਦੇ ਤੇ ਕਦੀ ਲਹਿੰਦੇ ਪਾਸੇ ਹੋ ਜਾਂਦੀ ਹੈ ਘੁਮਿਆਰ ਦੇ ਚਕ ਵਾਂਗ ਘੁੰਮਦੀ ਫਿਰਦੀ ਰਹਿੰਦੀ ਹੈ । ਗੁਰਮਤਿ ਸਿਧਾਂਤਾਂ ਦਾ ਪਾਲਣ ਕਰਨ ਵਾਲਾ ਹੀ ਗੁਰਸਿੱਖ ਅਖਵਾਣ ਦਾ ਅਧਿਕਾਰੀ ਹੈ ।
ਭੁੱਲ ਚੁੱਕ ਦੀ ਮੁਆਫ਼ੀ ਗੁਰੂ ਸਾਹਿਬ ਤੇ ਸੰਗਤ ਬਖਸ਼ਣਯੋਗ ਹੈ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ।
ਜੋਰਾਵਰ ਸਿੰਘ ਤਰਸਿੱਕਾ ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)