ਗੁਰਬਾਣੀ ਵਿੱਚ ਬਹੁਤ ਵਾਰ ਗਜ [ ਹਾਥੀ ] ਦਾ ਜਿਕਰ ਆਉਂਦਾ ਹੈ ਪੜੋ ਸੰਖੇਪ ਸਾਖੀ ।
ਜਿਉ ਕੁੰਚਰੁ ਤਦੂਐ ਪਕਰਿ ਚਲਾਇਓ ਕਰਿ ਊਪਰੁ ਕਢਿ ਨਿਸਤਾਰੇ ॥ ( ਨਟ ਮ : ੪ , ਪੰਨਾ -੯੮੨ ) ਗਜ ਕੀ ਤ੍ਰਾਸ ਮਿਟੀ ਛਿਨਹੂ ਮਹਿ ਜਬ ਹੀ ਰਾਮੁ ਬਖਾਨੋ ॥ ( ਬਿਲਾਵਲੁ ਮਃ ੯ , ਪੰਨਾ -੮੩੦ ) ਤੰਦੂਆ ਪਿਛਲੇ ਜਨਮ ਵਿੱਚ ਇੱਕ ਰਾਜਾ ਸੀ । ਉਹ ਆਪਣੀਆਂ ਰਾਣੀਆਂ ਸਮੇਤ ਇੱਕ ਸਰੋਵਰ ਤੇ ਇਸ਼ਨਾਨ ਕਰਨ ਲਈ ਆਇਆ । ਉਸ ਸਰੋਵਰ ਵਿੱਚ ਤਿਆਗੀ ਸਾਧੂ ਨਹਾ ਰਹੇ ਸਨ । ਰਾਜਾ ਸਾਧੂ ਮਹਾਤਮਾ ਦੀ ਮਹਿਮਾ ਨਹੀਂ ਸਮਝਦਾ ਸੀ । ਰਾਜੇ ਦੇ ਮਨ ਵਿੱਚ ਚੰਚਲਤਾ ਭਰਪੂਰ ਖ਼ਿਆਲ ਉਠੇ ਅਤੇ ਰਾਣੀਆਂ ਨੂੰ ਖੁਸ਼ ਕਰਨ ਲਈ ਉਸ ਨੇ ਇੱਕ ਪੁੱਠੀ ਯੋਜਨਾ ਤਿਆਰ ਕੀਤੀ ਅਤੇ ਰਾਣੀਆਂ ਨੂੰ ਕਿਹਾ , “ ਮੈਂ ਤੁਹਾਨੂੰ ਇੱਕ ਤਮਾਸ਼ਾ ਦਿਖਾਉਂਦਾ ਹਾਂ । ਇਹ ਕਹਿ ਕੇ ਰਾਜੇ ਨੇ ਸਰੋਵਰ ਵਿੱਚ ਚੁੱਭੀ ਮਾਰੀ ਤੇ ਪਾਣੀ ਵਿੱਚ ਥਲਿਉਂ ਦੀ ਹੋ ਕੇ ਨਹਾ ਰਹੇ ਸਾਧੂ ਦਾ ਪੈਰ ਫੜ ਕੇ ਖਿੱਚ ਲਿਆ । ਇਸ ਪ੍ਰਕਾਰ ਮਹਾਤਮਾ ਨੂੰ ਪਾਣੀ ਵਿੱਚ ਗੋਤੇ ਖਾਣੇ ਪਏ । ਚੰਚਲ ਸੁਭਾਅ ਵਾਲੇ ਰਾਜੇ ਤੇ ਰਾਣੀਆਂ ਨੇ ਮਹਾਤਮਾ ਨੂੰ ਗੋਤੇ ਖਾਂਦਿਆਂ ਦੇਖਿਆ ਤੇ ਮਖੌਲ ਵਜੋਂ ਹੱਸਣ ਲੱਗੇ । ਇਸ ਪੁਰ ਮਹਾਤਮਾ ਜੀ ਗੁੱਸੇ ਵਿੱਚ ਆ ਗਏ ਤੇ ਰਾਜੇ ਨੂੰ ਸਰਾਪ ਦੇ ਦਿੱਤਾ ਤੇ ਕਿਹਾ ਕਿ ਤੂੰ ਮੇਰੇ ਪੈਰ ਤੰਦੂਏ ਵਾਂਗ ਖਿੱਚੇ ਹਨ ਅਤੇ ਮੈਨੂੰ ਗੋਤੇ ਦਿੱਤੇ ਹਨ । ਇਸ ਲਈ ਤੈਨੂੰ ਤੰਦੂਏ ਦੀ ਜੂਨ ਵਿੱਚ ਪੈਣਾ ਪਵੇਗਾ । ਹੇ ਮੇਰੀ ਆਤਮਾ ! ਜਦੋਂ ਰਾਜੇ ਨੇ ਮਹਾਤਮਾ ਦੇ ਸਰਾਪ ਭਰੇ ਸ਼ਬਦ ਸੁਣੇ ਤਾਂ ਡਰ ਗਿਆ , ਜਿਵੇਂ ਪੈਰਾਂ ਹੇਠੋਂ ਮਿੱਟੀ ਨਿਕਲ ਗਈ ਹੋਵੇ । ਆਪਣੀ ਗਲਤੀ ਨੂੰ ਅਨੁਭਵ ਕੀਤਾ ਅਤੇ ਮਹਾਤਮਾ ਪਾਸੋਂ ਕੀਤੀ ਹੋਈ ਭੁੱਲ ਦੀ ਮੁਆਫ਼ੀ ਮੰਗੀ ਅਤੇ ਮੁਕਤੀ ਦੀ ਪ੍ਰਾਪਤੀ ਲਈ ਮਹਾਤਮਾ ਨੂੰ ਬੇਨਤੀ ਕੀਤੀ । ਮਹਾਤਮਾ ਨੇ ਕ੍ਰਿਪਾ ਦ੍ਰਿਸ਼ਟੀ ਤਾਂ ਜ਼ਰੂਰ ਕੀਤੀ ਪ੍ਰੰਤੂ ਅੱਗੋਂ ਕਿਹਾ ਕਿ ਤੈਨੂੰ ਤੰਦੂਏ ਦਾ ਜਨਮ ਤਾਂ ਜ਼ਰੂਰ ਧਾਰਨਾ ਪਵੇਗਾ ਅਤੇ ਜਦੋਂ ਤੂੰ ਤੰਦੂਏ ਦੀ ਜੂਨ ਧਾਰਨ ਕਰ ਲਵੇਗਾ ਤਾਂ ਤੂੰ ਗਜਇੰਦਰ ( ਹਾਥੀਆਂ ਦੇ ਰਾਜੇ ) ਦਾ ਪੈਰ ਖਿੱਚੇਗਾ ਅਤੇ ਭਗਵਾਨ ਜੀ ਆਪ ਪ੍ਰਗਟ ਹੋ ਕੇ ਉਸ ਹਾਥੀ ਦੀ ਰਖਿਆ ਲਈ ਆਉਣਗੇ ਅਤੇ ਤੇਰਾ ਉਧਾਰ ਕਰਨਗੇ । ਜਿਸ ਝੀਲ ਵਿੱਚ ਰਾਜਾ ਤੰਦੂਏ ਦੇ ਜਨਮ ਵਿੱਚ ਰਹਿੰਦਾ ਸੀ , ਉਸੇ ਝੀਲ ਵਾਲੇ ਜੰਗਲ ਵਿੱਚ ਹਾਥੀਆਂ ਦਾ ਰਾਜਾ ਰਹਿੰਦਾ ਸੀ । ਹਾਥੀਆਂ ਦੇ ਰਾਜੇ ਅਤੇ ਸਵਰਗ ਦੇ ਐਰਾਵਤ ਹਾਥੀ ਨੂੰ ਗਜਇੰਦਰ ਕਿਹਾ ਜਾਂਦਾ ਹੈ । ਇਸੇ ਨਾਂ ਦਾ ਇਕ ਗੰਧਰਵ ਵੀ ਸੀ ਜੋ ਦੋਵਲ ਰਿਖੀ ਦੇ ਸਰਾਪ ਨਾਲ ਹਾਥੀ ਬਣਿਆ ਸੀ ।
ਇਹ ਹਾਥੀਆਂ ਦਾ ਰਾਜਾ ਤੰਦੂਏ ਵਾਂਗ ਇੱਕ ਰਿਸ਼ੀ ਤੋਂ ਸਰਾਪ ਲੈ ਕੇ ਇਸ ਝੀਲ ਲਾਗੇ ਜੰਗਲ ਵਿੱਚ ਰਹਿੰਦਾ ਸੀ । ਇਹ ਹਾਥੀਆਂ ਦਾ ਰਾਜਾ ਪਿਛਲੇ ਜਨਮ ਵਿੱਚ ਕਾਫੀ ਤਪ ਕਰ ਚੁੱਕਾ ਸੀ । ਪ੍ਰੰਤੂ...
ਸਰਾਪ ਲੈ ਲੈਣ ਕਾਰਨ ਇਸ ਨੂੰ ਹਾਥੀ ਦੀ ਜੂਨ ਵਿੱਚ ਪੈ ਕੇ ਇਸੇ ਝੀਲ ਵਾਲੇ ਜੰਗਲ ਵਿੱਚ ਰਹਿਣਾ ਪਿਆ । ਹਾਥੀ ਨੇ ਜਦੋਂ ਝੀਲ ਵਿੱਚ ਪ੍ਰਵੇਸ਼ ਕਰਕੇ ਪਾਣੀ ਪੀਣਾ ਸ਼ੁਰੂ ਕੀਤਾ ਤਾਂ ਤੰਦੂਏ ਨੇ ਆਪਣੇ ਤੰਦ ਜਾਲ ਵਿੱਚ ਹਾਥੀ ਦਾ ਪੈਰ ਫਸਾ ਲਿਆ । ਗਜਇੰਦਰ ਨੇ ਬਹੁਤ ਯਤਨ ਕੀਤੇ ਕਿ ਤੰਦੂਏ ਦੇ ਜਾਲ ਵਿੱਚੋਂ ਪੈਰ ਕੱਢ ਸਕੇ , ਪ੍ਰੰਤੂ ਤੰਦੂਏ ਨੇ ਗਜਇੰਦਰ ਦਾ ਪੈਰ ਨ ਛੱਡਿਆ ਅਤੇ ਗਜਇੰਦਰ ਉਸ ਤੋਂ ਛੁਟਕਾਰਾ ਨਾ ਪਾ ਸਕਿਆ । ਹੋ ਮੇਰੀ ਆਤਮਾ ! ਜਦੋਂ ਗਜਇੰਦਰ ਆਪਣਾ ਬਲ ਹਾਰ ਗਿਆ ਤਾਂ ਗਜਇੰਦਰ ਸ੍ਰੀ ਈਸ਼ਵਰ ਜੀ ਦੇ ਚਰਨ ਕੰਵਲਾਂ ਦਾ ਧਿਆਨ ਕੀਤਾ ਅਤੇ ਉਸਨੇ ਆਪਣੇ ਆਪ ਨੂੰ ਕਿਹਾ । ਇਸ ਸਮੇਂ ਭਗਵਾਨ ਤੋਂ ਬਿਨਾਂ ਹੋਰ ਕੋਈ ਤੰਦੂਏ ਤੋਂ ਉਸ ਦਾ ਛੁਟਕਾਰਾ ਨਹੀਂ ਕਰਾ ਸਕਦਾ । ਜਿਉਂ ਜਿਉਂ ਤੰਦੂਆ ਹਾਥੀ ਨੂੰ ਡੂੰਘੇ ਪਾਣੀ ਵੱਲ ਖਿੱਚੀ ਜਾ ਰਿਹਾ ਸੀ , ਤਿਉਂ ਤਿਉਂ ਗਜਇੰਦਰ ਈਸ਼ਵਰ ਜੀ ਦੇ ਚਰਨਾਂ ਦਾ ਧਿਆਨ ਜ਼ਿਆਦਾ ਧਰਦਾ ਅਤੇ ਪ੍ਰਭੂ ਜੀ ਦੇ ਗੁਣਾਂ ਦੀ ਇੱਕਾਗਰ ਚਿੱਤ ਹੋ ਕੇ ਅਰਾਧਨਾ ਕਰਦਾ ਅਤੇ ਸਨਿਮਰ ਹੋ ਕੇ ਬੇਨਤੀ ਕਰਦਾ ਕਿ ਹੇ ਪ੍ਰਭੂ ਜੀ ! ਮੇਰੀ ਰੱਖਿਆ ਕਰੋ । ਗਜਇੰਦਰ ਦੀਆਂ ਸਨਿਮਰ ਤੇ ਇੱਕਾਗਰ ਚਿੱਤ ਹੋ ਕੇ ਕੀਤੀਆ ਅਰਦਾਸਾਂ ਸੁਣ ਪ੍ਰਭੂ ਜੀ ਗਜਇੰਦਰ ਅਤੇ ਤੰਦੂਏ ਦੋਨਾਂ ਦੇ ਉਧਾਰ ਲਈ ਆ ਪ੍ਰਗਟ ਹੋਏ ਅਤੇ ਆਪਣੇ ਚੱਕਰ ਨਾਲ ਤੰਦੂਏ ਦੇ ਸਾਰੇ ਜਾਲ ਦੀਆਂ ਤੰਦਾਂ ਕੱਟ ਦਿੱਤੀਆਂ । ਗਜਇੰਦਰ ਦੀ ਖਲਾਸੀ ਹੋਈ ਅਤੇ ਤੰਦੂਏ ਨੇ ਪ੍ਰਾਣ ਤਿਆਗ ਦਿੱਤੇ ਅਤੇ ਮੁਕਤ ਹੋ ਬੈਕੁੰਠ ਧਾਮ ਨੂੰ ਚਲਾ ਗਿਆ । ਇਨ੍ਹਾਂ ਸਾਖੀਆਂ ਤੋਂ ਤੈਨੂੰ ਦੋ ਸਿੱਖਿਆਵਾਂ ਮਿਲਦੀਆਂ ਹਨ । ਪਹਿਲੀ ਸਿੱਖਿਆ ਤਾਂ ਇਹ ਹੈ ਕਿ ਹੱਸ ਕੇ ਕਦਾਚਿਤ ਵੀ ਪਰਮਾਤਮਾ ਦੇ ਭਗਤਾਂ ਨੂੰ ਤੇ ਕਿਸੇ ਗਰੀਬ ਲਾਚਾਰ ਨੂੰ ਕਦੇ ਮਖੌਲ ਨ ਕਰ । ਭਗਤ ਪ੍ਰਭੂ ਜੀ ਨੂੰ ਬਹੁਤ ਪਿਆਰੇ ਹਨ । ਭਗਤਾਂ ਦਾ ਕਿਹਾ , ਪ੍ਰਭ ਜੀ ਨੂੰ ਪੂਰਾ ਕਰਨਾ ਪੈਂਦਾ ਹੈ । ਤੂੰ ਆਪਣੀ ਰਸਨਾਂ ਤੋਂ ਭਗਤਾਂ ਨੂੰ ਕੋਈ ਮਖੌਲ ਭਰਿਆ ਸ਼ਬਦ ਨ ਕੱਢ , ਮਤਾ ਉਨ੍ਹਾਂ ਦੀ ਰਸਨਾ ਤੋਂ ਸਹਿਜ ਸੁਭਾਅ ਨਿਕਲਿਆ ਸ਼ਬਦ ਤੇਰੇ ਲਈ ਦੁਖਦਾਈ ਸਿੱਧ ਹੋਵੇ ਜਿਵੇਂ ਰਾਜੇ ਨੂੰ ਤੱਦੂਏ ਦੀ ਜੂਨ ਵਿੱਚ ਪੈਣਾ ਪਿਆ । ਦੂਜੀ ਸਿੱਖਿਆ ਤੂੰ ਇਹ ਲੈ ਕਿ ਜੇ ਕਰ ਤੂੰ ਪ੍ਰਭੂ ਨੂੰ ਇੱਕ ਮਨ ਇੱਕ ਚਿੱਤ ਹੋ ਅਰਾਧੇਗਾ ਅਤੇ ਸਭ ਝੂਠੇ ਸੰਸਾਰੀ ਆਸਰੇ ਛੱਡ ਦੇਵੇਂਗਾ ਤਾਂ ਗਜਇੰਦਰ ਵਾਂਗ ਤੂੰ ਵੀ ਮੁਕਤ ਹੋ ਕੇ ਬੈਕੁੰਠ ਨੂੰ ਜਾਵੇਂਗਾ । ਜਿਸ ਅਸਥਾਨ ‘ ਤੇ ਹਾਥੀ ਦੀ ਬੰਦ – ਖਲਾਸੀ ਪ੍ਰਭੂ ਕਿਰਪਾ ਨਾਲ ਹੋਈ ਸੀ , ਉਹ ਅਸਥਾਨ ਪਟਨਾ ਸ਼ਹਿਰ ਹੈ ਜਿਥੇ ਹਰ ਸਾਲ ਮੇਲਾ ਲਗਦਾ ਹੈ ।
ਦਾਸ ਜੋਰਾਵਰ ਸਿੰਘ ਤਰਸਿੱਕਾ ।
ਕੁਲਦੀਪ ਸਿੰਘ
ਵਾਹਿਗੁਰੂ ਜੀ 🙏🙏🙏🙏🙏