ਸਰਹਿੰਦ ਕਿਵੇਂ ਫਤਹਿ ਕੀਤਾ ਗਿਆ (ਸਰਹਿੰਦ ਫਤਹਿ ਦਿਵਸ ‘ਤੇ ਵਿਸ਼ੇਸ਼)
ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਨਾਂਦੇੜ (ਮਹਾਰਾਸ਼ਟਰਾ) ਵਿਖੇ ਮਾਧੋਦਾਸ ਦਾ ਡੇਰਾ ਜਾ ਮੱਲਿਆ ਤਾਂ ਉਸ ਦੇ ਚੇਲੇ ਸਿੰਘਾਂ ਤੋਂ ਡਰ ਕੇ ਉਸ ਕੋਲ ਭੱਜ ਕੇ ਗਏ। ਜਾ ਕੇ ਦੱਸਿਆ ਕਿ ਸਾਡੇ ਡੇਰੇ ਉੱਤੇ ਘੋੜਿਆਂ ਤੇ ਚੜ੍ਹ ਕੇ ਆਏ ਕੁਝ ਬੰਦਿਆਂ ਨੇ ਕਬਜ਼ਾ ਕਰ ਲਿਆ ਹੈ। ਮਾਧੋਦਾਸ ਨੇ ਪਹਿਲਾਂ ਤਾਂ ਪੂਰਾ ਜ਼ੋਰ ਲਾਇਆ ਸਿੰਘਾਂ ਨੂੰ ਡੇਰੇ ਵਿੱਚੋਂ ਬਾਹਰ ਕੱਢਣ ਦਾ ਪਰ ਜਦੋਂ ਪੇਸ਼ ਨਾ ਗਈ ਤਾਂ ਆਣ ਕੇ ਪੁੱਛਿਆ ਕਿ ਤੁਸੀਂ ਕੌਣ ਹੋ। ਜਦੋਂ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਜੀ ਹਨ ਤਾਂ ਚਰਨੀਂ ਢਹਿ ਪਿਆ। ਗੁਰੂ ਸਾਹਿਬ ਜੀ ਨੇ ਉਸ ਨੂੰ ਮਜ਼ਲੂਮਾਂ ਉੱਤੇ ਹੁੰਦੇ ਜ਼ੁਲਮ ਬਾਰੇ ਦੱਸਿਆ ਅਤੇ ਉਸ ਨੂੰ ਇਸ ਜ਼ੁਲਮ ਦਾ ਖਾਤਮਾ ਕਰਨ ਲਈ ਸ਼ਸਤਰਧਾਰੀ ਹੋ ਕੇ ਜੰਗ ਦੇ ਮੈਦਾਨ ਵਿੱਚ ਕੁੱਦਣ ਲਈ ਕਿਹਾ। ਮਾਧੋਦਾਸ ਨੇ ਗੁਰੂ ਸਾਹਿਬ ਜੀ ਦੇ ਹੁਕਮ ਨੂੰ ਸਵੀਕਾਰ ਕੀਤਾ।
ਗੁਰੂ ਸਾਹਿਬ ਜੀ ਨੇ ਮਾਧੋਦਾਸ ਨੂੰ ਬੰਦਾ ਸਿੰਘ ਦਾ ਨਾਮ ਦਿੱਤਾ ਅਤੇ ਆਪਣੇ ਤੀਰਾਂ ਵਾਲੇ ਭੱਥੇ ਵਿਚੋਂ 5 ਤੀਰ ਤੇ ਆਪਣੇ ਗਾਤਰੇ ਦੀ ਕਿਰਪਾਨ ਉਸ ਨੂੰ ਬਖਸ਼ਿਸ਼ ਕੀਤੇ। ਇਸ ਦੇ ਨਾਲ ਗੁਰੂ ਸਾਹਿਬ ਜੀ ਨੇ ਆਪਣੇ 5 ਮੁੱਖ ਸਿੰਘ ਭਾਈ ਬਾਜ ਸਿੰਘ, ਭਾਈ ਬਿਨੋਦ ਸਿੰਘ, ਭਾਈ ਕਾਨ੍ਹ ਸਿੰਘ, ਭਾਈ ਦਿਆ ਸਿੰਘ ਅਤੇ ਭਾਈ ਰਣ ਸਿੰਘ ਬੰਦਾ ਸਿੰਘ ਨੂੰ ਦਿੱਤੇ ਜੋ ਉਸ ਨਾਲ ਪੰਥਕ ਮਸ਼ਵਰੇ ਕਰਨ ਅਤੇ ਲੋੜ ਪੈਣ ਤੇ ਉਸ ਨੂੰ ਸਲਾਹ ਦੇਣ ਲਈ ਸਨ। ਇਸ ਦੇ ਨਾਲ ਗੁਰੂ ਸਾਹਿਬ ਨੇ 20 ਸ਼ਸਤਰਧਾਰੀ ਸਿੰਘ ਲੜਾਈ ਵਿੱਚ ਉਸ ਦਾ ਸਾਥ ਦੇਣ ਲਈ ਦਿੱਤੇ। ਇਸ ਤੋਂ ਇਲਾਵਾ ਗੁਰੂ ਸਾਹਿਬ ਜੀ ਨੇ ਨਿਸ਼ਾਨ ਸਾਹਿਬ ਬਖਸ਼ਿਸ਼ ਕੀਤਾ ਜੋ ਆਪਣੀ ਸਲਤਨਤ ਦਾ ਪ੍ਰਤੀਕ ਹੁੰਦਾ ਹੈ ਅਤੇ ਨਗਾਰਾ ਦਿੱਤਾ ਹੋ ਅਜ਼ਾਦੀ ਦਾ ਪ੍ਰਤੀਕ ਹੁੰਦਾ ਹੈ। ਅਸਲ ਵਿੱਚ ਗੁਰੂ ਸਾਹਿਬ ਜੀ ਨੇ ਪੰਜਾਬ ਵਿੱਚ ਖਾਲਸਾ ਰਾਜ ਲਿਆਉਣ ਦਾ ਪੂਰਾ ਢਾਂਚਾ ਪਹਿਲਾਂ ਹੀ ਤਿਆਰ ਕਰ ਦਿੱਤਾ ਸੀ। ਕਈ ਵਾਰ ਸਾਨੂੰ ਦੱਸਿਆ ਜਾਂਦਾ ਹੈ ਕਿ ਬੰਦਾ ਸਿੰਘ ਸਾਹਿਬਜ਼ਾਦਿਆਂ ਦਾ ਬਦਲਾ ਲੈਣ ਲਈ ਤੁਰਿਆ। ਸੰਗਤ ਜੀ ਬਦਲਾ ਲੈਣ ਦੀ ਭਾਵਨਾ ਰੱਖਣਾ ਸਿੱਖੀ ਦਾ ਅਸੂਲ ਨਹੀਂ। ਗੁਰੂ ਸਾਹਿਬ ਜੀ ਦਾ ਮਕਸਦ ਜ਼ੁਲਮ ਨੂੰ ਖਤਮ ਕਰਨਾ ਸੀ। ਜੇ ਸਾਹਿਬਜ਼ਾਦੇ ਸ਼ਹੀਦ ਨਾ ਵੀ ਹੋਏ ਹੁੰਦੇ ਤਾਂ ਵੀ ਗੁਰੂ ਸਾਹਿਬ ਜੁਲਮ ਦਾ ਖਾਤਮਾ ਜਰੂਰ ਕਰਦੇ।
ਬੰਦਾ ਸਿੰਘ ਗੁਰੂ ਸਾਹਿਬ ਕੋਲੋਂ ਆਗਿਆ ਲੈ ਕੇ ਤੁਰਦਾ ਹੈ ਅਤੇ ਦਿੱਲੀ ਪਹੁੰਚਦਾ ਹੈ। ਏਥੇ ਉਸ ਕੋਲ ਪੈਸੇ ਖਤਮ ਹੋਣ ‘ਤੇ ਵਣਜਾਰੇ/ਲੁਬਾਣੇ ਸਿੱਖਾਂ ਨੂੰ ਜਦੋਂ ਪਤਾ ਲਗਦਾ ਹੈ ਕਿ ਉਸ ਨੂੰ ਗੁਰੂ ਸਾਹਿਬ ਜੀ ਨੇ ਪੰਜਾਬ ਵੱਲ ਜੁਲਮ ਦਾ ਖਾਤਮਾ ਕਰਨ ਲਈ ਭੇਜਿਆ ਹੈ ਤਾਂ ਉਹ ਬੰਦਾ ਸਿੰਘ ਨੂੰ ਆਪਣਾ ਸਾਰਾ ਪੈਸਾ ਦੇ ਦਿੰਦੇ ਹਨ। ਏਥੋਂ ਬੰਦਾ ਸਿੰਘ ਜੀ ਹਰਿਆਣੇ ਦੇ ਰੋਹਤਕ ਨੇੜੇ ਖੰਡੇ...
ਪਿੰਡ ਵਿੱਚ ਪੜਾਅ ਕਰਦੇ ਹਨ। ਏਥੋਂ ਹੀ ਬੰਦਾ ਸਿੰਘ ਪੂਰੇ ਪੰਜਾਬ ਦੇ ਸਿੱਖਾਂ ਨੂੰ ਹੁਕਮਨਾਮੇ ਭੇਜਦੇ ਹਨ। ਭਾਈ ਭਗਤੂ ਕਿਆਂ, ਫੂਲ ਕਿਆਂ, ਰੂਪੇ ਕਿਆਂ, ਮਝੈਲਾਂ ਆਦਿ ਸਭ ਸਿੱਖਾਂ ਨੂੰ ਹੁਕਮਨਾਮਾ ਪਹੁੰਚਦਾ ਹੈ ਜਿਸ ਵਿੱਚ ਬੰਦਾ ਸਿੰਘ ਲਿਖਦਾ ਹੈ ਕਿ ਮੈਂ ਪੰਜਾਬ ਆ ਰਿਹਾ ਹਾਂ। ਆਓ ਮੇਰਾ ਸਾਥ ਦਿਓ ਸਾਨੂੰ ਸਰਹਿੰਦ ਦੀਆਂ ਨੀਹਾਂ ਅਤੇ ਚਮਕੌਰ ਦਾ ਖੂਨ ਅਵਾਜਾਂ ਮਾਰ ਰਿਹਾ ਹੈ। ਤੁਸੀਂ ਮੇਰਾ ਸਾਥ ਦਿਓ ਮੈਂ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਵਾਂਗਾ।
500 ਸਿੱਖਾਂ ਨਾਲ ਪਹਿਲਾ ਹਮਲਾ ਸੋਨੀਪਤ ਉੱਤੇ ਕਰਕੇ ਸੋਨੀਪਤ ਜਿੱਤਿਆ ਜਾਂਦਾ ਹੈ। ਏਨੇ ਨੂੰ ਮਾਲਵੇ ਦੇ ਸਿੱਖ ਨਾਲ ਆਣ ਮਿਲਦੇ ਹਨ ਅਤੇ ਸਮਾਣੇ ਵਿੱਚ ਬੜਾ ਘਾਤਕ ਯੁੱਧ ਹੁੰਦਾ ਹੈ ਜਿਸ ਵਿੱਚ 10000 ਬੰਦਾ ਮਾਰਿਆ ਜਾਂਦਾ ਹੈ। ਸਮਾਣੇ ਉੱਤੇ ਇਸ ਲਈ ਹਮਲਾ ਕੀਤਾ ਕਿਉਂਕਿ ਏਥੇ ਤਿੰਨ ਜੱਲਾਦ ਰਹਿੰਦੇ ਸਨ। ਜਲਾਲੂਦੀਨ ਜਿਸ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਸੀ ਅਤੇ ਸਾਸ਼ਲਬੇਗ ਅਤੇ ਵਾਸ਼ਲਬੇਗ ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ। ਸਮਾਣੇ ਨੂੰ ਸਿੰਘਾਂ ਵੱਲੋਂ ਗਰਕ ਕਰ ਦਿੱਤਾ ਜਾਂਦਾ ਹੈ। ਓਥੋਂ ਦਾ ਫ਼ੌਜਦਾਰ ਸਰਦਾਰ ਫਤਹਿ ਸਿੰਘ ਨੂੰ ਥਾਪਿਆ ਜਾਂਦਾ ਹੈ। ਇਸ ਤੋਂ ਬਾਅਦ ਥਨੇਸਰ, ਅੰਬਾਲੇ ਤੇ ਕਬਜਾ ਕੀਤਾ ਜਾਂਦਾ ਹੈ ਅਤੇ ਫਿਰ ਸੰਢੌਰੇ ਨੂੰ ਘੇਰਿਆ ਜਾਂਦਾ ਹੈ। ਜਿਸ ਅਸਮਾਨ ਖਾਂ ਨੇ ਪੀਰ ਬੁੱਧੂ ਸ਼ਾਹ ਨੂੰ ਸ਼ਹੀਦ ਕੀਤਾ ਸੀ ਉਹ ਸੰਢੌਰੇ ਰਹਿੰਦਾ ਸੀ। ਉਸ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ। ਏਨੇ ਨੂੰ ਬੰਦਾ ਸਿੰਘ ਨੂੰ ਪਤਾ ਚਲਦਾ ਹੈ ਕਿ ਦੁਆਬੇ ਅਤੇ ਮਾਝੇ ਦੇ ਸਿੰਘ ਚੱਪੜ ਚਿੜੀ ਆ ਚੁੱਕੇ ਹਨ (ਨੋਟ: ਹੁਣ ਤੱਕ ਸਿਰਫ ਮਾਲਵੇ ਦੇ ਸਿੰਘ ਹੀ ਸਾਥ ਦੇ ਰਹੇ ਸਨ)। ਓਧਰ ਸੂਬਾ ਸਰਹੰਦ ਵਜ਼ੀਰ ਖਾਂ ਨੂੰ ਬੰਦਾ ਸਿੰਘ ਦੇ ਆਉਣ ਦਾ ਪਤਾ ਲਗਦਾ ਹੈ ਤਾਂ ਉਹ ਆਪਣੀ ਤਿਆਰੀ ਪੂਰੀ ਰੱਖਦਾ ਹੈ। ਚੱਪੜ ਚਿੜੀ ਦੇ ਮੈਦਾਨ ਵਿੱਚ ਸਿੰਘਾਂ ਦੀ ਮੁਗਲਾਂ ਨਾਲ ਬਹੁਤ ਭਾਰੀ ਲੜਾਈ ਹੁੰਦੀ ਹੈ। ਅੰਤ ਵਜ਼ੀਰ ਖਾਂ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਅਤੇ ਸਰਹਿੰਦ ਨੂੰ ਫਤਹਿ ਕਰ ਲਿਆ ਜਾਂਦਾ ਹੈ।
ਬੰਦਾ ਸਿੰਘ ਜਦੋਂ ਵਜੀਰ ਖਾਂ ਦੇ ਦੋ ਬੰਦਿਆਂ ਕੋਲੋਂ ਪੁੱਛਦਾ ਹੈ ਕਿ ਸਾਹਿਬਜ਼ਾਦਿਆਂ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਤਾਂ ਉਹ ਬੰਦਾ ਸਿੰਘ ਨੂੰ ਓਥੇ ਲੈ ਜਾਂਦੇ ਹਨ। ਬੰਦਾ ਸਿੰਘ ਓਸ ਜਗਾ ‘ਤੇ ਬੜੇ ਬੈਰਾਗ ਵਿਚ ਆ ਕੇ ਸਿਰ ਰੱਖ ਕੇ ਹੰਝੂ ਕੇਰਦਾ ਹੈ। ਫਿਰ ਇਸ ਜਗ੍ਹਾ ਤੇ ਨਿਸ਼ਾਨ ਸਾਹਿਬ ਗੱਡ ਕੇ ਇਸ ਜਗ੍ਹਾ ਨੂੰ ਫ਼ਤਹਿਗੜ੍ਹ ਸਾਹਿਬ ਦਾ ਨਾਮ ਦਿੱਤਾ ਜਾਂਦਾ ਹੈ ਅਤੇ ਖਾਲਸਾ ਰਾਜ ਦਾ ਮੁੱਢ ਬੰਨ੍ਹਿਆ ਜਾਂਦਾ ਹੈ।
(ਰਣਜੀਤ ਸਿੰਘ ਮੋਹਲੇਕੇ)