(ਆਂਦਰਾਂ ਦਾ ਸੇਕ)
ਰਾਤ ਦੇ 9:30 ਵਜੇ ਦੇ ਕਰੀਬ ਮੇਰੇ ਪਤੀ ਨੂੰ ਫ਼ੋਨ ਕਾਲ ਆਈ। ਮੈਂ ਅਜੇ ਕੰਮ-ਕਾਰ ਕਰਕੇ ਵਿਹਲੀ ਹੀ ਹੋਈ ਸੀ। ਮੈਨੂੰ ਕਹਿੰਦੇ ਤਿਆਰ ਹੋ ਜਾ ਜ਼ਰਾ ਕੁ ਬਾਹਰ ਜਾਣਾ ਹੈ। ਮੇਰੇ ਪੁੱਛਣ ਤੇ ਵੀ ਕੋਈ ਜਵਾਬ ਨਾ ਦਿੱਤਾ। ਮੈਨੂੰ ਅੰਦਰੋਂ ਚਿੰਤਾ ਹੋ ਰਹੀ ਸੀ, ਪਰ ਮੈਂ ਜਾਣਾ ਬੇਹਤਰ ਸਮਝਿਆ ਅਤੇ ਸੋਚਿਆ ਰਸਤੇ ਵਿੱਚ ਪੁੱਛ ਲਵਾਂਗੀ।
ਬੱਚੇ ਛੋਟੇ ਸਨ ਘਰੋਂ ਬਾਹਰ ਜਾਣ ਸਮੇਂ ਉਹਨਾਂ ਨੂੰ ਇਹ ਹਦਾਇਤ ਦਿੱਤੀ ਹੁੰਦੀ ਸੀ ਕਿ ਕੁੰਡੀ ਲਗਾ ਕੇ ਰੱਖਣਾ। ਸਿਰਫ਼ ਉਦੋਂ ਹੀ ਦਰਵਾਜ਼ਾ ਖੋਲ੍ਹਣਾ ਜਦੋਂ ਸਾਡੇ ਦੋਹਾਂ ਵਿੱਚੋਂ ਕੋਈ ਆਵੇ, ਪਰ ਜਾਂਦੇ ਸਮੇਂ ਮੇਰੇ ਪਤੀ ਨੇ ਬੇਟੀ ਨੂੰ ਅੰਦਰੋਂ ਤਾਲਾ ਲਾਉਣ ਲਈ ਕਿਹਾ ਤਾਂ ਮੇਰੀ ਘਬਰਾਹਟ ਵਿੱਚ ਵਾਧਾ ਹੋ ਗਿਆ।
ਮੇਰੇ ਪੁੱਛਣ ਤੇ ਦੱਸਿਆ ਕਿ ਤੇਰੇ ਡੈਡੀ ਠੀਕ ਨਹੀਂ ਹਨ। ਉਹਨਾਂ ਨੂੰ ਥੋੜ੍ਹੀ ਦਿਲ ‘ਚ ਦਰਦ ਹੋ ਰਹੀ ਹੈ। ਡਾਕਟਰ ਨੂੰ ਵਿਖਾਉਣਾ ਹੈ। ਤੇਰੇ ਵੀਰ ਦਾ ਫ਼ੋਨ ਆਇਆ ਸੀ ਕਿ ਸਾਡੇ ਪਹੁੰਚਣ ਤੋਂ ਪਹਿਲਾਂ ਜਾ ਕੇ ਡਾਕਟਰ ਨਾਲ਼ ਗੱਲ ਕਰੋ ਅਤੇ ਦੇਖੋ ਕਿ ਡਾਕਟਰ ਮਿਲ ਜਾਵੇਗਾ।
ਇਹ ਸੁਣਦਿਆਂ ਹੀ ਇੱਕ ਅਜੀਬ ਜਿਹੀ ਕਿਸਮ ਦੀ ਪੀੜ੍ਹ ਉੱਠੀ ਅਤੇ ਮੈਨੂੰ ਆਪਣਾ ਹਾਲ ਬੁਰਾ ਲੱਗਣ ਲੱਗ ਪਿਆ। ਇਸ ਤਰ੍ਹਾਂ ਦੀ ਤਕਲੀਫ਼ ਮੈਂ ਪਹਿਲੀ ਵਾਰ ਮਹਿਸੂਸ ਕਰ ਰਹੀ ਸੀ। ਸ਼ਾਇਦ ਇਸੇ ਨੂੰ ਹੀ ‘ਆਦਰਾਂ ਦਾ ਸੇਕ’ ਕਹਿੰਦੇ ਹਨ।
ਅਜੇ ਅਸੀਂ ਹਸਪਤਾਲ ਪਹੁੰਚੇ ਹੀ ਸੀ ਕਿ ਡੈਡੀ ਜੀ ਨੂੰ ਲੈ ਕੇ ਆ ਗਏ। ਡੈਡੀ ਜੀ ਦੀ ਹਾਲਤ ਕਾਫ਼ੀ ਨਾਜ਼ੁਕ ਲੱਗ ਰਹੀ ਸੀ। ਉਧਰੋਂ ਵੀਰੇ ਦੀ ਹਾਲਤ ਵੀ ਮੈਨੂੰ ਮਾੜੀ ਦਿਸ ਰਹੀ ਸੀ, ਇਸੇ ਕਰਕੇ ਗੱਡੀ ਉਹ ਆਪ ਨਹੀਂ ਸੀ ਚਲਾ ਰਿਹਾ। ਉਸ ਦਾ ਦੋਸਤ ਚਲਾ ਰਿਹਾ ਸੀ।
ਡਾਕਟਰ ਨੇ ਗੱਡੀ ਵਿੱਚੋਂ ਉਤਰਨ ਨਹੀਂ ਦਿੱਤਾ। ਇੱਕ-ਦੋ ਟੀਕੇ ਲਗਾ ਕੇ ਕਿਹਾ ਕਿ ਜੇ ਰਿਸਕ ਲੈਣਾ ਚਾਹੁੰਦੇ ਹੋ, ਤਾਂ ਅੰਦਰ ਲੈ ਆਉ ਅਤੇ ਜੇ ਪੈਸੇ ਲਗਾ ਸਕਦੇ ਹੋ ਤਾਂ ਕਿਤੇ ਹੋਰ ਸ਼ਹਿਰ ਲੈ ਜਾਉ। ਇਹ ਸੁਣਦਿਆ ਹੀ ਸਭ ਦੀ ਹਾਲਤ ਹੋਰ ਪਤਲੀ ਹੋ ਗਈ।
ਦੋ-ਤਿੰਨ ਮਿੰਟ ਦੀ ਗੱਲ ਤੋਂ ਬਾਅਦ ਫ਼ੈਸਲਾ ਹੋਇਆ ਕਿ ਜਲੰਧਰ ਜਾਣ ਵਿੱਚ ਸਮਾਂ ਵੱਧ ਲੱਗ ਸਕਦਾ ਹੈ, ਇਸ ਕਰਕੇ ਅੰਮ੍ਰਿਤਸਰ ਜਾਣਾ ਚਾਹੀਦਾ ਹੈ। ਵੀਰੇ ਦੇ ਦੋਸਤ ਨੇ ਛੇਤੀ ਨਾਲ ਗੱਡੀ ਘੁੰਮਾਈ ਅਤੇ ਪੂਰੀ ਸਪੀਡ ਨਾਲ ਲੈ ਤੁਰਿਆ। ਸਾਡੀ ਗੱਡੀ ਪਿੱਛੇ ਰਹਿ ਗਈ। ਉਦੋਂ ਅਜੇ ਹਾਈਵੇ ਸ਼ੁਰੂ ਹੀ ਹੋਇਆ ਸੀ। ਦੂਜਾ ਰਾਤ ਦਾ ਸਮਾਂ ਸੀ। ਅਸੀਂ ਬੜ੍ਹੀ ਮੁਸ਼ਕਲ ਨਾਲ ਗੱਡੀ ਦਾ ਪਿੱਛਾ ਕਰਦੇ ਗਏ, ਕਿਉਂਕਿ ਵੱਖਰੇ ਹੋਣ ਕਰਕੇ ਇਹ ਪਤਾ ਨਹੀਂ ਸੀ ਕਿ ਲਿਜਾਣਾ ਕਿਸ ਹਸਪਤਾਲ ਵਿੱਚ ਹੈ ?
ਥੋੜੀ ਬਹੁਤ ਵਾਕਫ਼ੀ ਹੋਣ ਕਾਰਨ ਉਹਨਾਂ ਫੋਨ ‘ਤੇ ਰਸਤੇ ਵਿੱਚ ਹੀ ਕੱਕੜ ਹਸਪਤਾਲ ਗੱਲ ਕਰ ਲਈ ਸੀ ਕਿ ਸੀਰੀਅਸ ਮਰੀਜ਼ ਲਿਆ ਰਹੇ ਹਾਂ ਅਤੇ ਇਸ ਦਾ ਇਲਾਜ ਤੁਰੰਤ ਕਰਨਾ ਹੈ। ਚੰਗੀ ਕਿਸਮਤ ਅਤੇ ਰੱਬ ਦੀ ਮਿਹਰ ਸਦਕਾ ਮੁੱਖ ਡਾਕਟਰ ਅਜੇ ਹਸਪਤਾਲ ਵਿੱਚ ਹੀ ਸੀ।
ਰਾਤ ਦੇ 11:35 ਦੇ ਕਰੀਬ ਹਸਪਤਾਲ ਪਹੁੰਚੇ ਅਸੀਂ ਵੀਹ ਕੁ ਮਿੰਟ ਲੇਟ ਹੋ ਗਏ। ਸਾਡੇ ਪਹੁੰਚਣ ਤੱਕ ਡੈਡੀ ਜੀ ਨੂੰ ਅੰਦਰ ਲਿਜਾ...
ਚੁੱਕੇ ਸਨ। ਮੰਮੀ ਵੀਰੇ ਨੂੰ ਸੰਭਾਲ ਰਹੀ ਸੀ। ਡੈਡੀ ਜੀ ਦੀ ਹਾਲਤ ਦੇਖ ਕੇ ਉਸ ਦਾ ਬੁਰਾ ਹਾਲ ਹੋ ਗਿਆ ਸੀ। ਸਮਝ ਨਹੀਂ ਸੀ ਆ ਰਹੀ ਕਿ ਕਿਸ ਵੱਲ ਜਾਈਏ। ਵੀਰੇ ਦੀ ਜੁਬਾਨ ਥਥਲਾ ਰਹੀ ਸੀ। ਉਸ ਨੂੰ ਵੀ ਛੇਤੀ ਨਾਲ ਨਰਸ ਕੋਲੋਂ ਲਿਜਾਇਆ ਗਿਆ।
ਡੈਡੀ ਜੀ ਦੀ ਹਾਲਤ ਬਹੁਤ ਚਿੰਤਾ ਵਾਲੀ ਬਣੀ ਹੋਈ ਸੀ, ਪਤਾ ਨਹੀਂ ਸੀ ਲੱਗ ਰਿਹਾ ਕਿ ਕਿਸ ਵੇਲੇ ਡਾਕਟਰਾਂ ਨੇ ਕੀ ਕਹਿ ਦੇਣਾ ਹੈ। ਇੱਕ ਵਾਰ ਤਾਂ ਸਾਰੇ ਹਿੰਮਤ ਛੱਡ ਗਏ ਸਨ।
ਡਾਕਟਰ ਨੇ ਸਾਨੂੰ ਦੋਹਾਂ ਨੂੰ ਬੁਲਾ ਕੇ ਕਿਹਾ ਕਿ ਹੁਣੇ ਹੀ ਸਟੰਟ ਪਾਉਣਾ ਪਵੇਗਾ। ਸਾਡੇ ਸਾਹਮਣੇ ਲੱਖਾਂ ਰੁਪਿਆ ਦਾ ਬਿਲ ਰੱਖ ਦਿੱਤਾ ਗਿਆ, ਪਰ ਸਾਡੇ ਕੋਲ਼ ਉਸ ਵੇਲੇ ਸਿਰਫ਼ ਸੱਤਰ ਕੁ ਹਜ਼ਾਰ ਦੇ ਕਰੀਬ ਸੀ। ਅਸੀਂ ਕਿਹਾ ਪੈਸਿਆ ਦੀ ਚਿੰਤਾ ਨਾ ਕਰੋ। ਹੁਣ ਸਾਡਾ ਮਰੀਜ਼ ਠੀਕ ਕਰੋ। ਅਸੀਂ ਤੁਹਾਡੇ ਸਾਰੇ ਪੈਸੇ ਸਵੇਰੇ ਦੇ ਦੇਵਾਂਗੇ। ਡਾਕਟਰਾਂ ਕਰੀਬ ਸਵਾ ਬਾਰਾਂ ਵਜੇ ਡੈਡੀ ਜੀ ਨੂੰ ਸਟੰਟ ਪਾਉਣ ਲਈ ਲੈ ਗਏ।
ਦੂਸਰੇ ਪਾਸੇ ਵੀਰੇ ਨੂੰ ਵੀ ਨੀਂਦ ਦਾ ਟੀਕਾ ਲਾ ਦਿੱਤਾ ਗਿਆ ਸੀ ਤੇ ਉਹ ਵੀ ਹੁਣ ਸ਼ਾਤ ਸੀ, ਪਰ ਅੰਦਰੋਂ ਤੂਫ਼ਾਨ ਅਜੇ ਥੰਮੇ ਨਹੀਂ ਸਨ ਦੋਹਾਂ ਦੀ ਚਿੰਤਾ ਬਰਕਰਾਰ ਸੀ। ਮੰਮੀ ਜੀ ਵੀਰੇ ਦੇ ਸਰਾਹਣੇ ਤੇ ਬਾਕੀ ਸਾਰੇ ਡੈਡੀ ਜੀ ਵੱਲ ਸਨ।
ਰਾਤ ਨੂੰ ਕਰੀਬ ਢਾਈ ਕੁ ਵਜੇ ਇੱਕ ਡਾਕਟਰ ਬਾਹਰ ਆਏ ਅਤੇ ਉਹਨਾਂ ਨੇ ਦੱਸਿਆ ਕਿ ਹੁਣ ਡੈਡੀ ਜੀ ਖ਼ਤਰੇ ਤੋਂ ਬਾਹਰ ਹਨ। ਸਭ ਨੇ ਸੁੱਖ ਦਾ ਸਾਹ ਲਿਆ। ਵੀਰੇ ਨੂੰ ਵੀ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਦੱਸਿਆ ਕਿ ਹੁਣ ਡੈਡੀ ਜੀ ਠੀਕ ਹਨ।
ਹੁਣ ਜ਼ਰਾ ਕੁ ਬੱਚਿਆਂ ਦਾ ਖ਼ਿਆਲ ਆਇਆ ਕਿ ਉਹਨਾਂ ਵਿਚਾਰਿਆਂ ਨੇ ਰਾਤ ਕਿਵੇਂ ਕੱਢੀ ਹੋਵੇਗੀ ? ਉਦੋਂ ਫ਼ੋਨ ਵੀ ਸਿਰਫ਼ ਇੱਕ ਹੀ ਸੀ ਤੇ ਉਹ ਵੀ ਸਾਡੇ ਕੋਲ਼ ਹੀ ਸੀ। ਮਨ ਜੋ ਹੁਣ ਤੱਕ ਮਜ਼ਬੂਤ ਕੀਤਾ ਸੀ ਭਰ ਹੀ ਆਇਆ। ਰੱਬ ਦਾ ਸ਼ੁੱਕਰ ਕੀਤਾ ਕਿ ਸਭ ਠੀਕ-ਠਾਕ ਹਨ। ਦੁੱਖ ਭਰੀ ਰਾਤ ਤੋਂ ਬਾਅਦ ਵਾਹਿਗੁਰੂ ਜੀ ਦੀ ਕ੍ਰਿਪਾ ਹੋਈ ਸੀ।
ਡੈਡੀ ਜੀ ਅਕਸਰ ਜਦੋਂ ਕਿਤੇ ਸ਼ਹਿਰ ਆਉਂਦੇ, ਤਾਂ ਮਿਲ ਕੇ ਜਰੂਰ ਜਾਂਦੇ ਹਨ। ਪਤਾ ਨਹੀਂ ਕਿਉ … ਅੱਜ ਕਿੰਨੇ ਸਾਲਾਂ ਬਾਅਦ ਜਦੋਂ ਡੈਡੀ ਜੀ ਨੂੰ ਸਕੂਲ ਵਿੱਚ ਦੂਰੋਂ ਦੇਖਿਆ ਤਾਂ ਮਨ ਬਹੁਤ ਖ਼ੁਸ਼ ਹੋਇਆ। ਡੈਡੀ ਜੀ ਦੀਆਂ ਅੱਖਾਂ ਵੀ ਮੈਨੂੰ ਹੀ ਲੱਭ ਰਹੀਆਂ ਸਨ। ਮੈਂ ਕੋਲ਼ ਗਈ ਤੇ ਘੁੱਟ ਕੇ ਜੱਫ਼ੀ ਪਾਈ। ਇਹ ਆਂਦਰਾਂ ਦਾ ਸੇਕ ਭੈੜਾਂ ਸੱਚਮੁੱਚ ਬਹੁਤ ਬੁਰਾ ਹੁੰਦਾ ਹੈ। ਆਪਣਿਆਂ ਦਾ ਮੋਹ ਮਾਰ ਹੀ ਜਾਂਦਾ ਹੈ। ਮਨ ਵਿੱਚ ਰੱਬ ਦਾ ਬਹੁਤ ਸ਼ੁਕਰ ਕੀਤਾ , ਕਿ ਉਸ ਪਰਮਾਤਮਾ ਨੇ ਡੈਡੀ ਜੀ ਨੂੰ ਸਹੀ ਸਲਾਮਤ ਕਰ ਦਿੱਤਾ ਹੈ।
ਪਰਵੀਨ ਕੌਰ ਸਿੱਧੂ
8146536200