“ਚੀਨ ਮਨੀਸਟਰ”-ਜਸਵਿੰਦਰ ਪੰਜਾਬੀ
ਮਿੱਠੂ ਨਾਂ ਸੀ ਉਸਦਾ। ਸਾਡੇ ਸਕੂਲ ਦਾ ਨੈਸ਼ਨਲ ਕਬੱਡੀ ਦਾ ਵਧੀਆ ਖਿਡਾਰੀ ਸੀ। ਨੇੜਲੇ ਪਿੰਡ ਤੋਂ ਆਉਂਦਾ ਹੁੰਦਾ ਸੀ ਓਹ,ਹੋਰਨਾਂ ਵਿਦਿਆਰਥੀਆਂ ਨਾਲ਼। ਕਬੱਡੀ ਖਿਡਾਰੀ ਹੋਣ ਕਾਰਨ,ਓਹਨੂੰ ਮਾਸਟਰ ਘੂਰਦੇ ਘੱਟ ਈ ਸਨ। ਦੂਸਰੀ ਗੱਲ ਓਹ ਪੀ ਟੀ ਟੀਚਰ ਦਾ ਬਾਅਲਾ ਚਹੇਤਾ ਸੀ,….ਤੇ ਪੀ ਟੀ ਟੀਚਰ ਅੱਗੇ ਕੋਈ ਕੁਸਕਦਾ ਨਹੀਂ ਸੀ। ਪੀ ਟੀ ਟੀਚਰ ਚੰਗੀ ਭੁੱਕੀ ਛਕਦਾ ਸੀ ਤੇ ਅਧਿਆਪਕਾਂ ਨੂੰ ਚਾਰੇ ਖੁਰ ਚੁੱਕ ਕੇ ਪੈ ਜਾਂਦਾ ਸੀ।
ਅੱਠਵੀਂ ਕਲਾਸ ਦਾ ਪੀਰਡ ਸੀ,ਜਦੋਂ ਅੰਗਰੇਜੀ ਵਾਲ਼ੇ ਮਾਸਟਰ ਨੇ ਓਹਨੂੰ ਸਮਝਾਉਣ ਦੇ ਲਹਿਜ਼ੇ ਨਾਲ਼ ਕਿਹਾ,”ਮਿੱਠੂ,ਪੜ੍ਹਾਈ ਪਹਿਲਾਂ,ਖੇਡਾਂ ਬਾਅਦ ‘ਚ ਨੇ। ਬੋਰਡ ਦੀ ਕਲਾਸ ਆ,ਮਾੜਾ ਮੋਟਾ ਪੜ੍ਹ ਲਿਆ ਕਰ। ਨਹੀਂ ਇਸ ਕਲਾਸ ‘ਚ ਲੱਗੀਆਂ ਬਰੇਕਾਂ ਮੁੜ ਕੇ ਖੁੱਲ੍ਹਦੀਆਂ ਨਹੀਂ।”
“ਮਾਸਟਰ ਜੀ,ਮੇਰਾ ਬਾਪੂ ਕਹਾ,ਮਾੜਾ ਮੋਟਾ ਲਿਖਣੇ ਪੜ੍ਹਨੇ ਕਾ ਕੰਮ ਸਿੱਖ ਲਾ। ਡੀ ਸੀ ਤੋ ਕਿਸੀ ਨੇ ਤੈਨੂੰ ਲਾਣਾ ਨ੍ਹੀਂ। ਸਾਰਾ ਕੋੜਮਾ ਅਨਪੜ੍ਹਾਂ ਕਾ ਆ,…ਸਾਲ਼ਾ ਆੜ੍ਹਤੀਆ ਹੇਰਾ-ਫੇਰੀ ਕਰ ਜਾਹਾ। ਤੌਂ ਬਸ ਸਾਬ੍ਹ ਕਤਾਬ ਸਾ ਜਾਨਣ ਜੋਕਰਾ ਹੋ ਜਾਹ।” ਮਿੱਠੂ ਨੇ ਕਿਹਾ ਤੇ ਮਾਸਟਰ ਸਮੇਤ ਪੂਰੀ ਕਲਾਸ ਹੱਸ ਪਈ।
...
ਇਕ ਦਿਨ ਖਾਲੀ ਪੀਰਡ ਸੀ। ਸਾਰੇ ਜਵਾਕ ਬੈਠੇ ਯੱਕੜ ਮਾਰ ਰਹੇ ਸੀ। ਇਕ ਸੁਨਿਆਰਾਂ ਦਾ ਮੁੰਡਾ,ਜੀਹਦਾ ਪਿਉ ਕਿਸੇ ਅਖ਼ਬਾਰ ਦਾ ਪੱਤਰਕਾਰ ਸੀ,ਓਹ ਅੰਨ੍ਹਿਆਂ ‘ਚ ਕਾਣਾ,ਰਾਜਾ ਬਣਿਆ ਬੈਠਾ ਸਾਨੂੰ ਪੰਜਾਬ ਦੀ ਰਾਜਨੀਤੀ ਬਾਰੇ ਦੱਸ ਰਿਹਾ ਸੀ। ਓਹਦਾ ਲੰਮਾ ਭਾਸ਼ਨ ਸੁਣ ਕੇ,ਮਿੱਠੂ ਬੋਲਿਆ,”ਤੌਂ ਕੌਨ ਸਾ ਚੀਨ ਮਨੀਸਟਰ ਲਾਗ ਰਿਆ!”
ਸਾਰੇ ਹੈਰਾਨ,ਬੀ ਆਹ ਕਿਹੜਾ ਨਵਾਂ ਸ਼ਬਦ ਇਜ਼ਾਦ ਕਰ ਲਿਆ ਮਿੱਠੂ ਨੇ। ਦੂਸਰੇ ਦਿਨ ਸਵੇਰੇ ਈ ਆ ਕੇ ਸੁਨਿਆਰਾਂ ਦਾ ਮੁੰਡਾ ਸਭ ਦੇ ਸਾਹਮਣੇ ਮਿੱਠੂ ਨੂੰ ਬੋਲਿਆ,”ਓਏ ਅਨਪੜ੍ਹਾ,ਚੀਨ ਮਨੀਸਟਰ ਨਹੀਂ, ਚੀਫ਼ ਮਨਿਸਟਰ ਹੁੰਦਾ। ਯਾਨੀ ਮੁੱਖ ਮੰਤਰੀ। ਮੇਰੇ ਭਾਪੇ ਨੂੰ ਦੱਸਿਆ ਮੈਨੂੰ।”
ਮਿੱਠੂ ਯਰਕਣ ਵਾਲ਼ਾ ਕਿੱਥੇ ਸੀ! ਬੋਲਿਆ,”ਅਨਪੜ੍ਹ ਮੈਂ ਨ੍ਹੀਂ,ਤੇਰਾ ਭਾਪਾ।….ਮਾਰ੍ਹੀ ਪੁਆਧੀ ਮਾ,ਚੀਨ ਮਨੀਸਟਰ ਹੀ ਕਹਾਂ। ਪੂਛ ਲੇ,ਕਾਲ਼ੇ ਨੈ ਚਾਹੇ।” ਮਿੱਠੂ ਨੇ ਆਪਣੇ ਪਿੰਡ ਵਾਲ਼ੇ ਕਾਲ਼ੇ ਵੱਲ ਇਸ਼ਾਰਾ ਕਰਕੇ ਕਿਹਾ। ਕਾਲ਼ਾ ਬੇਚਾਰਾ ਕਿਹੜਾ ਜੱਜ ਦਾ ਮੁੰਡਾ ਸੀ। ਓਹਨੇ ਕਿਸੇ ਬਹੁਤੇ ਸਿਆਣੇ ਵਾਂਗ ਚਾਰ-ਪੰਜ ਵਾਰ ‘ਹਾਂ’ ਵਿਚ ਸਿਰ ਹਿਲਾ ਕੇ,ਮਿੱਠੂ ਦੇ “ਚੀਨ ਮਨੀਸਟਰ” ‘ਤੇ ਪੱਕੀ ਮੋਹਰ ਲਾ ਦਿੱਤੀ।