Posts Uploaded By ਧੰਜਲ ਜ਼ੀਰਾ।

Sub Categories

ਹੁਣ ਕਿੱਧਰ ਨੂੰ ਜਾਈਏ ਬੇਬੇ? ਕੌਣ ਬਚਾਊ ਮੁਲਕ? ਸੱਭ ਕੁੱਝ ਤਬਾਹ ਹੋਈ ਜਾਂਦਾ ਏ। ਮੈਂ ਮਰਜਾਣਾ ਬੇਬੇ।
ਪੁੱਤ ਹੌਸਲਾ ਰੱਖ, ਕਿਓ ਡੋਲੀ ਜਾਨ੍ਹਾਂ?
ਹੋਇਆ ਕੀ ਆ?
ਬੇਬੇ ਕੋਰੋਨਾ?
ਕੀ ਕੋਰੋਨਾ ਪੁੱਤ?
ਬੇਬੇ ਮਹਾਂਮਾਰੀ ਫੈਲ ਗਈ ਕੋਰੋਨਾ ਨਾਂ ਦੀ ਚਾਰੇ ਪਾਸੇ। ਕੋਈ ਬਚਣ ਦੀ ਉਮੀਦ ਨਹੀਂ ਰਹੀ। ਹਰ ਰੋਜ 100 ਤੋਂ ਵੱਧ ਮੌਤਾਂ ਹੋ ਰਹੀਆਂ ਨੇ। ਹੁਣ ਆਪਾਂ ਕਿੱਦਾਂ ਬਚਾਂਗੇ?
ਪੁੱਤ ਹਿੰਮਤ ਨਾ ਹਾਰ, ਬਾਬੇ ਨਾਨਕ ਦਾ ਨਾਂ ਲੈਹ। ਓਹ ਆਪੇ ਸੱਭ ਕੁੱਝ ਸਵਾਰੇਗਾ।
ਬੇਬੇ ਨਾਮ ਲਇਆਂ ਰੋਟੀ ਨਹੀਂ ਮਿਲਣੀ। ਰੋਟੀ ਲਈ ਤਾਂ ਘਰੋਂ ਬਾਹਰ ਨਿਕਲਣਾ ਹੀ ਪਵੇਗਾ। ਪੁਲਿਸ ਨੇ ਥਾਂ-ਥਾਂ ਨਾਕੇ ਲਾਏ ਹੋਏ ਆ। ਕਿਸੇ ਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੰਦੇ।
ਬੇਬੇ! ਉਹਨਾਂ ਗਰੀਬਾਂ ਨੂੰ ਕੌਣ ਖਾਣ ਨੂੰ ਦੇਵੇਗਾ, ਜਿਹੜੇ ਦਿਹਾੜੀਦਾਰ ਹਨ? ਹਰ ਰੋਜ ਦਿਹਾੜੀ ਕਰਕੇ ਵੀ ਜਿਨ੍ਹਾਂ ਦਾ ਗੁਜਾਰਾ ਮਸਾਂ ਚੱਲਦਾ ਹੈ।
ਕੌਣ ਭਰੂ ਉਹਨਾਂ ਦਾ ਢਿੱਡ?
ਸਰਕਾਰ ਮਾਇਕ ਫੜ੍ਹ ਕੇ ਤਾਂ ਕਰੋੜਾਂ ਦਾ ਐਲਾਨ ਕਰ ਦਿੰਦੀ ਹੈ। ਉਹ ਮਿਲਦਾ ਕਿੰਨ੍ਹਾਂ ਨੂੰ ਹੈ? ਲੀਡਰਾਂ ਨੂੰ ਜਾਂ ਆਮ ਜਨਤਾ ਨੂੰ?
ਬੇਬੇ ਕੁੱਝ ਨਹੀਂ ਹੋਣਾ, ਦੇਖੀ ਚੱਲ। ਤੇਰੇ ਸਾਹਮਣੇ ਹੀ ਸਾਰੀ ਦੁਨੀਆਂ ਖਤਮ ਹੋਣੀ ਏ।
ਪੁੱਤ! ਸਰਕਾਰ ਨਹੀਂ ਕੁੱਝ ਕਰਦੀ ਤਾਂ ਫਿਰ ਕੀ ਹੋਇਆ? ਪੰਜਾਬ ‘ਚ ਬੜੇ ਦਾਨੀ ਬੈਠੇ ਹਨ। ਜਿਹੜੇ ਮੇਰੇ ਸੋਹਣੇ ਪੰਜਾਬ ਨੂੰ ਮੰਝੇ ‘ਤੇ ਨਹੀਂ ਪੈਣ ਦੇਣਗੇ। ਘਰ ਘਰ ਜਾ ਕੇ ਸੌਦਾ(ਰਾਸ਼ਣ) ਵੰਡਣਗੇ। ਉਹ ਦਾਨੀ, ਜਿਹਨੀਂ ਕੂ ਉਹਨਾਂ ਦੀ ਪਹੁੰਚ ਹੋਵੇਗੀ, ਕਿਸੇ ਨੂੰ ਭੁੱਖੇ ਢਿੱਡ ਨਹੀਂ ਰਹਿਣ ਦਿੰਦੇ।
ਤੂੰ ਪੁੱਤ ਇਹਨੀਂ ਕੂ ਸਾਰਿਆਂ ਨੂੰ ਅਪੀਲ ਕਰ, ਕਿ ਕੋਈ ਘਰੋਂ ਬਾਹਰ ਨਾ ਨਿਕਲੇ, ਸਰਕਾਰ ਦੀ ਧਾਰਾ ਨੂੰ ਨਾ ਤੋੜੇ। ਹਰੇਕ ਜਾਣਾ ਆਪਣੇ ਹੱਥ ਸਾਫ ਰੱਖੇ। ਮੂੰਹ ਉੱਤੇ ਰੁਮਾਲ ਜਾਂ ਮਾਸਕ ਪਹਿਨੇ, ਹਰ ਇਕ ਜਾਣੇ ਨੂੰ ਕਹਿ ਕਿ ਘੱਟੋਂ ਘੱਟ ਇਕ-ਦੂਜੇ ਤੋਂ ਇਕ ਮੀਟਰ ਦੀ ਦੂਰੀ ਬਣਾ ਕੇ ਰੱਖਣ। ਜੇ ਕਿਸੇ ਨੂੰ ਖੰਗ-ਜੁਕਾਮ ਜਾਂ ਬੁਖਾਰ ਹੁੰਦਾ ਹੈ, ਤਾਂ ਉਸੇ ਵੇਲੇ ਉਹ ਆਪਣੀ ਦਵਾਈ ਲਵੇ। ਪੁੱਤ ਜੇ ਸਾਰੇ ਇਹਦਾਂ ਕਰਨਗੇ ਤਾਂ ਫਿਰ ਬੀਮਾਰੀ ਨਹੀਂ ਫੈਲ ਸਕਦੀ।
ਬੇਬੇ, ਚੱਲ ਮੈਂ ਮੰਨ ਲੈਨ੍ਹਾ ਕਿ ਬੜੇ ਦਾਨੀ ਸੱਜਣ ਹੋਣਗੇ, ਜਿਹੜੇ ਕਈ ਗਰੀਬਾਂ ਦਾ ਢਿੱਡ ਭਰਨਗੇ। ਉਹਨਾਂ ਨੂੰ ਖਾਲੀ ਢਿੱਡ ਨਹੀਂ ਸੌਣ ਦਿੰਦੇ। ਬੇਬੇ ਦਾਨੀ ਸੱਜਣ ਕਿੰਨ੍ਹੀ ਕੂ ਆਮ ਜਨਤਾ ਦਾ ਢਿੱਡ ਭਰਣਗੇ? ਆਖਿਰ ਕਾਰ ਤਾਂ ਉਹਨਾਂ(ਆਮ ਜਨਤਾ) ਨੂੰ ਸਰਕਾਰ ਦੀ ਧਾਰਾ ਨੂੰ ਤੋੜਣਾ ਹੀ ਪਵੇਗਾ।
ਸੱਭ ਕੁੱਝ ਸਰਕਾਰ ਨੇ ਬੰਦ ਕਰ ਦਿੱਤਾ ਹੈ। ਸਾਨੂੰ ਤਾਂ ਬੰਦੀ ਬਣਾ ਕੇ ਰੱਖ ਦਿੱਤਾ ਹੈ। ਮੈਨੂੰ ਉਹਨਾਂ ਕੋਰੋਨਾ ਤੋਂ ਡਰ ਨਹੀੰ ਲੱਗਦਾ ਬੇਬੇ, ਜਿਹਨਾਂ ਭੁੱਖੇ ਢਿੱਡ ਮਰਨ ਤੋਂ ਲੱਗਦਾ ਹੈ।
ਵਾਹ ਸਰਕਾਰੇ! ਤੂੰ ਬਹੁਤ ਚੰਗਾ ਕੀਤਾ ਕਰਫਿਓ ਲਗਾ ਕੇ, ਪਰ ਜੇ ਤੂੰ ਆ ਕਰਫਿਓ ਲਗਾਉਣ ਤੋਂ ਥੋੜੇ ਦਿਨ ਪਹਿਲਾਂ ਆਮ ਜਨਤਾ ਨੂੰ ਸੁਚੇਤ ਕਰ ਦਿੰਦੀ ਤਾਂ ਆਮ ਜਨਤਾ ਆਪੇ ਕੋਈ ਆਵਦਾ ਸੱਜਾ-ਖੱਬਾ ਕਰਦੀ। ਦਿਨ-ਰਾਤ ਇਕ ਕਰਕੇ ਆਪਣੀ ਰੋਟੀ ਜੋਗੇ ਪੈਸੇ ਇਕੱਠੇ ਕਰਕੇ ਆਪਣੇ ਬੱਚਿਆਂ ਦਾ ਢਿੱਡ ਭਰਦੀ। ਤੇ ਅੱਜ ਆਮ ਜਨਤਾ ਨੂੰ ਤੇਰੇ ਪ੍ਰਸ਼ਾਸ਼ਨ ਤੋਂ ਰੋਟੀ ਦੀ ਥਾਂ ਡੰਡੇ ਨਾ ਖਾਣੇ ਪੈਂਦੇ।

– ਧੰਜਲ ਜ਼ੀਰਾ।

...
...

*ਮਨ ਦਾ ਪ੍ਰੀਤ*
ਹੋਰ ਚਾਚਾ ਕੀ ਹਾਲ਼ ਚਾਲ਼ ਆ?
ਵਧੀਆ ਭਤੀਜ ਤੂੰ ਸੁਣਾ..
ਚਾਚਾ ਯਾਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ, ਕਿ ਜਦੋਂ ਮੈ ਕਾਲਜ ਜਾਨ੍ਹਾ, ਤਾਂ ਰਾਸਤੇ ‘ਚ ਮੇਰੇ ਯਾਰ ਮੈਨੂੰ ਗੱਲ੍ਹਾਂ ਸੁਣਾਉਣਗੇ, ਉਹ ਗੋਪੀ ਯਾਰ ਮੈਨੂੰ ਤਾਂ ਸੱਚਾ ਪਿਆਰ ਹੋ ਗਿਆ ਤੇਰੀ ਭਾਬੀ ਨਾਲ, ਚਾਚਾ ਭਲਾ ਇਦਾਂ ਵੀ ਸੱਚਾ ਪਿਆਰ ਹੋ ਜਾਂਦਾ ਏ,
ਨਹੀਂ ਭਤੀਜ ਅੱਜ ਕੱਲ ਕਿੱਥੇ ਉਹ ਸੱਚੇ ਪਿਆਰ? ਸੱਚੇ ਪਿਆਰ ਤਾਂ ਰੂਹਾਂ ਨਾਲ ਹੁੰਦੇ ਸੀ, ਜਿਸਮਾਂ ਨਾਲ ਨਹੀਂ।
ਅੱਜ ਦੀ ਪੀੜ੍ਹੀ ਤਾਂ ਮਨਾਂ ਨਾਲ ਪਿਆਰ ਕਰਦੀ ਹੈ ਗੋਪੀ, ਦਿਲਾਂ ਨਾਲ ਨਹੀਂ। ਅਜੇ ਕੱਲ ਦੀ ਗੱਲ੍ਹ ਆ, ਮੈਂ ਪਿੰਡ ਦੇ ਬੱਸ ਸਟੈਂਡ ਕੋਲ ਖੜਾ ਬੱਸ ਦੀ ਉਡੀਕ ਕਰ ਰਿਹਾ ਸੀ। ਕਿ ਇਹਨੇ ਨੂੰ ਮੇਰੇ ਕੋਲ ਇਕ ਕੁੜੀ ਆ ਕੇ ਖੜ ਗਈ। ਕੁੜੀ ਨੂੰ ਦੇਖਦੇ ਹੀ ਉੱਥੇ ਇਕ ਬੁਲਟ ਵਾਲਾ ਮੁੰਡਾ ਗੇੜੀਆਂ ਲਾਉਣ ਲੱਗਾ। ਇਹ ਇਕ ਮਹੀਨਾਂ ਇਹਦਾਂ ਹੀ ਚੱਲਦਾ ਗਿਆ। ਅਖੀਰ ਮੁੰਡੇ ਨੇ ਕੁੜੀ ਨੂੰ ਪਰਪੋਸ ਕਰ ਦਿੱਤਾ। ਕੁੜੀ ਨੇ ਅੱਗੋਂ ਕੋਈ ਜਵਾਬ ਨਾ ਦਿੱਤਾ।
ਕੁੱਝ ਦਿਨ ਬੀਤੇ ਮੁੰਡੇ ਨੇ ਕੁੜੀ ਦੇ ਪਿੱਛੇ ਜਾਣਾ ਨਾ ਛੱਡਿਆ। ਤੇ ਕਿਵੇਂ ਨਾ ਕਿਵੇਂ ਕੁੜੀ ਤੋਂ ਹਾਂ ਕਰਵਾ ਹੀ ਲਈ। ਮੁੰਡਾ ਬਹੁਤ ਖੁਸ਼, ਬਾਗੋ-ਬਾਗ। ਤੇ ਆਪਣੇ ਯਾਰਾਂ-ਦੋਸਤਾਂ ‘ਚ ਜਾ ਕੇ ਕਹਿਣ ਲੱਗਾ,
“ਓਹ ਹਾਂ ਕਰਤੀ ਅੱਜ ਤੁਹਾਡੀ ਭਾਬੀ ਨੇ,”
ਪੈ ਹੀ ਗਿਆ ਮੁੱਲ ਗੇੜੀਆਂ ਦਾ।
ਉਸ ਤੋਂ ਬਾਅਦ ਮੁੰਡੇ ਕੁੜੀ ਦੀ ਗੱਲ੍ਹ ਹੋਣ ਲੱਗੀ। ਮੁੰਡਾ ਰੋਜ ਕੁੜੀ ਨਾਲ ਮਿੱਠੀਆਂ-ਮਿੱਠੀਆਂ ਗੱਲ੍ਹਾਂ ਕਰਦਾ। ਸਾਰੀ ਸਾਰੀ ਰਾਤ ਕੁੜੀ ਨਾਲ ਚੈਟ ਕਰਦਾ। ਵਧੀਆ-ਵਧੀਆ ਗੱਲ੍ਹਾਂ ਕਰਕੇ ਮੁੰਡੇ ਨੇ ਕੁੜੀ ਦਾ ਦਿਲ ਹੀ ਜਿੱਤ ਲਿਆ। ਤੇ ਹੁਣ ਕੁੜੀ ਨੂੰ ਲੱਗਣ ਲੱਗਾ ਕਿ ਮੁੰਡਾ ਸੱਚਮੁੱਚ ਹੀ ਮੈਨੂੰ ਸੱਚਾ ਪਿਆਰ ਕਰਦਾ ਹੈ। ਪਰ…
ਜਿਹੜੀ ਗੱਲ੍ਹ ਦਾ ਕੁੜੀ ਨੂੰ ਡਰ ਸੀ, ਮੁੰਡੇ ਨੇ ਅਖੀਰ ਓਹੀ ਕਹਿ ਦਿੱਤੀ। ਕਿ ਮੈਂ ਤੈਨੂੰ ਮਿਲਣਾ ਹੈ, ਹੁਣ ਮੇਰਾ ਤੇਰੇ ਬਿਨ੍ਹਾਂ ਬਿਲਕੁਲ ਵੀ ਦਿਲ ਨਹੀਂ ਲੱਗਦਾ। ਹਰ ਵੇਲੇ ਤੇਰਾ ਹੀ ਚਿਹਰਾ ਮੇਰੀਆਂ ਅੱਖਾਂ ਸਾਹਮਣੇ ਘੁੰਮਦਾ ਰਹਿੰਦਾ ਹੈ। ਮੈਥੋਂ ਨਹੀਂ ਰਿਹਾ ਜਾਂਦਾ ਹੁਣ ਤੇਰੇ ਬਿਨ।
ਦੱਸ ਕਿੱਦਣ ਮਿਲੇਗੀ?
ਕੁੜੀ ਨੇ ਅੱਗੋਂ ਸਾਫ਼ ਮਨ੍ਹਾ ਕਰ ਦਿੱਤਾ,
ਕਿ ਮੈਂ ਤੈਨੂੰ ਨਹੀਂ ਮਿਲ ਸਕਦੀ, ਤੂੰ ਇਹਦਾ ਫੋਨ ‘ਤੇ ਗੱਲ੍ਹ ਕਰ ਲਿਆ ਕਰ।
ਪਰ ਮੁੰਡੇ ਨੇ ਜਿੱਦ ਨਾ ਛੱਡੀ, ਕੁੜੀ ਨੂੰ ਸੌਹਾਂ-ਸੂਹਾਂ ਦੇ ਕੇ ਕਿਵੇਂ ਨਾ ਕਿਵੇਂ ਮਿਲਣ ਲਈ ਮਨਾ ਹੀ ਲੈਂਦਾ ਹੈ। ਤੇ ਉਹ ਅਗਲੇ ਦਿਨ ਕਿਸੇ ਹੋਟਲ ‘ਚ ਇਕ-ਦੂਜੇ ਨੂੰ ਮਿਲਦੇ ਹਨ। ਕੁੜੀ ਦੇ ਨਾ ਚਾਹੁਣ ਉੱਤੇ ਵੀ ਮੁੰਡਾ ਕੁੜੀ ਦੇ ਜਿਸਮ ਨਾ ਖੇਡਦਾ ਹੈ। ਕੁੜੀ ਨੂੰ ਇਹ ਬਿਲਕੁੱਲ ਵੀ ਚੰਗਾ ਨਹੀਂ ਲੱਗਦਾ, ਪਰ ਉਹ ਆਪਣੇ ਪਿਆਰ ਲਈ ਇਹ ਸੱਭ ਕੁੱਝ ਕੁਰਬਾਨ ਕਰ ਦਿੰਦੀ।
ਥੋੜੇ ਦਿਨਾਂ ਬਾਅਦ ਮੁੰਡਾ ਕੁੜੀ ਨਾਲ ਗੱਲ੍ਹ ਕਰਨੀ ਘੱਟ ਕਰ ਦਿੰਦਾ। ਕੁੜੀ ਨੂੰ ਬਹੁਤ ਬੁਰਾ ਲੱਗਦਾ ਹੈ, ਕਿ ਜਦੋਂ ਮਿਲਣਾ ਸੀ, ਉਹਦੋਂ ਤਾਂ ਅੱਧੀ-ਅੱਧੀ ਰਾਤ ਤੱਕ ਗੱਲ੍ਹਾਂ ਕਰਦਾ ਸੀ ਤੇ ਹੁਣ ਫੋਨ ਦਾ ਜਵਾਬ ਵੀ ਨਹੀਂ ਦਿੰਦਾ।
ਅਖੀਰ, ਉਹੀ ਗੱਲ੍ਹ ਹੋਈ ਜਿਸਦਾ ਉਹਨੂੰ ਡਰ ਸੀ, ਜਿਹੜੇ ਹੋਟਲ ‘ਚ ਕੁੜੀ-ਮੁੰਡਾ ਇਕ ਦੂਜੇ ਨੂੰ ਮਿਲੇ ਸੀ, ਉਸੇ ਹੋਟਲ ‘ਚੋਂ ਜਦੋਂ ਉਹ ਮੁੰਡਾ ਕਿਸੇ ਹੋਰ ਕੁੜੀ ਨਾਲ ਬਾਹਰ ਨਿਕਲਦਾ ਤਾਂ ਕੁੜੀ ਦੇ ਪੈਰਾਂ ਥੱਲੋਂ ਜਮੀਨ ਨਿਕਲ ਜਾਂਦੀ।
“ਕਿ ਇਹਨਾਂ ਵੱਡਾ ਧੋਖਾ”
ਮੈਂ ਕਦੇ ਸੋਚ ਵੀ ਨਹੀਂ ਸਕਦੀ, ਕਿ ਜਿਸਨੂੰ ਮੈਂ ਦਿਲੋਂ ਪਿਆਰ ਕੀਤਾ ਸੀ, ਸਭ ਕੁੱਝ ਆਪਣਾ ਸਮਝਿਆ, ਉਹ ਮੈਨੂੰ ਕੱਲ੍ਹਾ ਮਨੋਂ ਪਿਆਰ ਹੀ ਕਰਦਾ ਰਿਹਾ। ਮੈਨੂੰ ਬਰਬਾਦ ਕਰਕੇ ਰੱਖ ਦਿੱਤਾ ਉਹਨੇ।
ਮੈਨੂੰ ਤਾਂ ਉਸ ਦਿਨ ਹੀ ਸ਼ੱਕ ਹੋ ਗਿਆ ਸੀ, ਕਿ ਜਿਹੜੇ ਰੂਹਾਂ ਨਾਲ ਪਿਆਰ ਕਰਦੇ ਆ, ਉਹ ਕਦੇ ਜਿਸਮਾਂ ਦੀ ਭੁੱਖ ਨਹੀਂ ਰੱਖਦੇ। ਤੇ ਅੱਜ ਮੇਰਾ ਉਹ ਸ਼ੱਕ ਉਹਨੇ ਜਕੀਨ ਵਿੱਚ ਬਦਲ ਦਿੱਤਾ ਹੈ। ਮੈਨੂੰ ਤਾਂ ਇਊ ਲੱਗਦਾ ਸੀ ਕਿ ਮੁੰਡਾ ਮੈਨੂੰ ਦਿਲ ਤੋਂ ਪ੍ਰੀਤ(ਪਿਆਰ) ਕਰਦਾ ਹੈ, ਪਰ ਉਹ ਤਾਂ ਮਨ ਦਾ ਪ੍ਰੀਤ ਨਿਕਲਿਆ। ਇਹਨੀਂ ਗੱਲ੍ਹ ਕਹਿ ਕੇ ਰੋਂਦੀ-ਕੁਰਲਾਉਂਦੀ ਉੱਥੇ ਹੀ ਡਿੱਗ ਪੈਂਦੀ ਹੈ….

ਧੰਜਲ ਜ਼ੀਰਾ।

...
...

ਕਿੱਥੇ ਗਈਆਂ ਚੁੰਨੀਆਂ ਮੁਟਿਆਰੇ ??

ਬਾਪੂ, ਤੁਹਾਡੇ ਵੇਲੇ ਵੀ ਆਪਣਾ ਇਹਦਾਂ ਦਾ ਵਿਰਸਾ ਸੀ, ਜਿੱਦਾਂ ਦਾ ਹੁਣ ਏ? ਨਹੀਂ ਕੰਵਲ ਪੁੱਤ, ਉਹਦੋਂ ਤਾਂ ਵਿਰਸਾ ਬਹੁਤ ਵਧੀਆ ਸੀ।ਕਿਵੇ ਦਾ ਸੀ ਭਲਾ, ਦੱਸੋ ਤਾਂ ਬਾਪੂ ਜੀ,
ਲੈ ਸੁਣ ਕੰਵਲ ਪੁੱਤ –

ਮੁਟਿਆਰਾਂ ਦਾ ਪਹਿਰਾਵਾ:- ਹੁਣ ਤਾਂ ਪੰਜਾਬਣ ਮੁਟਿਆਰਾਂ ਦਾ ਪਹਿਰਾਵਾ ਹੀ ਬਦਲਿਆ ਪਿਆ ਏ। ਸਿਰ ਤੋਂ ਚੁੰਨੀਆਂ ਲੈਹ ਗਈਆਂ ਨੇ। ਜਿੰਨ੍ਹਾਂ ਨੂੰ ਆਪਾਂ ਇੱਜ਼ਤਾ ਕਹਿੰਦੇ ਸਾਂ। ਉਹ ਪੰਜਾਬੀ ਸੂਟਾਂ ਦੇ ਰਿਵਾਜ ਸਾਰੇ ਖਤਮ ਹੋ ਗਏ ਨੇ। ਹੁਣ ਤਾਂ ਮੁਟਿਆਰਾਂ ਜੀਨਾਂ,ਪਲਾਜੋ,ਸ਼ਰਾਰੇ, ਪਾਉਣ ਲੱਗ ਪਈਆਂ ਨੇ। ਜੇ ਕੋਈ ਮੁਟਿਆਰ ਪੰਜਾਬੀ ਸੂਟ ਪਾਉਂਦੀ ਵੀ ਆ ਤਾਂ ਸਲਵਾਰਾ ਨੈਰੋ ਤੇ ਪੈਰੋਂ ਉੱਚੀਆਂ ਹੋ ਗਈਆਂ ਨੇ। ਪਤਾ ਨਹੀਂ ਕੀ ਕੀ ਰਿਵਾਜ ਚੱਲ ਪਏ ਨੇ। ਸਾਰਾ ਮਹੋਲ ਹੀ ਬਦਲਿਆ ਪਿਆ ਏ।

ਗੱਭਰੂਆਂ ਦਾ ਪਹਿਰਾਵਾ:- ਹੁਣ ਤਾਂ ਆਪਣੇ ਪੰਜਾਬੀ ਗੱਭਰੂ ਵੀ ਆਪਣੇ ਪਹਿਰਾਵੇ ਨੂੰ ਭੁੱਲ ਗਏ ਹਨ। ਉਹ ਕੁੜਤਾ ਚਾਦਰਾ ਛੱਡ ਥਾਂ-ਥਾਂ ਤੋਂ ਪਾਟੀਆਂ ਪੈਂਟਾਂ ਪਾਉਣ ਲੱਗ ਪਏ ਨੇ। ਇਹਨੀਆਂ ਪਾਟੀਆਂ ਪੈਟਾਂ ਤਾਂ ਕਿਸੇ ਮੰਗਣ ਵਾਲੇ ਮੰਗਤੇ ਦੀਆਂ ਨਹੀਂ ਹੁੰਦੀਆਂ, ਜਿੰਨ੍ਹੀਆਂ ਪਾਟੀਆਂ ਪੈਂਟਾਂ ਇਹ ਪਾਉਂਦੇ ਨੇ। ਪਹਿਲਾਂ ਬੰਦੇ ਮੁੱਛਾਂ ਆਪਣੀ ਸ਼ਾਨ ਲਈ ਰੱਖਦੇ ਸਨ ਤੇ ਅੱਜ ਕੱਲ ਤਾਂ ਗੱਭਰੂਆਂ ਨੇ ਮੁੱਛਾਂ ਦੇ ਟਰੈਂਡ ਚਲਾ ਲਏ ਨੇ। ਸਿਰ ਤੋਂ ਮੋਨੇ ਤੇ ਲੰਮੀਆਂ-ਲੰਮੀਆਂ ਦਾੜੀਆਂ ਰੱਖੀਆਂ ਨੇ। ਹੋਰ ਤਾਂ ਹੋਰ ਮੁੱਛ ਦੇ ਲੋਗੋ ਬਣਾ ਕੇ ਮੋਟਰਸਾਇਕਲ,ਕਾਰ,ਬੱਸਾਂ,ਟਰੱਕਾਂ ਤੇ ਲਾਏ ਹੋਏ ਨੇ। ਪਤਾ ਨਹੀਂ ਕੀ ਹੋ ਗਿਆ ਏ ਮੇਰੇ ਸੋਹਣੇ ਪੰਜਾਬੀ ਗੱਭਰੂਆਂ ਨੂੰ।

ਗਾਇਕਾਂ ਦਾ ਪਹਿਰਾਵਾ :- ਪਹਿਲਾਂ ਪੁਰਾਣੇ ਗਾਇਕ ਆਪਣੀ ਪੰਜਾਬੀ ਡਰੈੱਸ ਕੁੜਤਾ ਚਾਦਰਾ ਪਾ ਕੇ ਸਟੇਜ ਤੇ ਸ਼ੁੱਧ ਪੰਜਾਬੀ ਗੀਤ ਜਾਂ ਲੋਕ ਤੱਥ ਗਾਉਂਦੇ ਸੀ। ਤੇ ਅੱਜ ਦੇ ਗਾਇਕ ਕਟੀਆਂ-ਫਟੀਆਂ ਜੀਨਾਂ ਪਾ ਕੇ ਸਟੇਜ ਤੇ ਚੜ ਜਾਂਦੇ ਨੇ। ਤੇ ਫੇਰ ਇਹ ਨਹੀਂ ਪਤਾ ਲੱਗਦਾ ਕਿ ਇਹ ਗਾਉਣ ਵਾਲਾ ਏ ਜਾਂ ਕਿਸੇ ਦੇ ਨਾਲ ਆਇਆ ਏ। ਆਹ ਹਾਲ ਤਾਂ ਹੋਇਆ ਪਿਆ ਏ ਸਾਡੇ ਪੰਜਾਬੀ ਸੱਭਿਆਚਾਰ ਦਾ।

ਪੁਰਾਣੀਆਂ ਖੇਡਾਂ ਗੁੱਲੀ-ਡੰਡਾ,ਬਾਂਦਰ-ਕਿੱਲਾ:- ਕੰਵਲ ਪੁੱਤ ਆਪਣੀਆਂ ਪੁਰਾਣੀਆਂ ਖੇਡਾਂ ਗੁੱਲੀ-ਡੰਡਾ,ਬਾਂਦਰ-ਕਿੱਲਾ,ਵੰਝ,ਪਿੱਠੂ ਬਹੁਤ ਵਧੀਆ ਹੁੰਦੀਆਂ ਸਨ। ਇਹਨਾਂ ਖੇਡਾਂ ਨੂੰ ਖੇਡਣ ਨਾਲ ਨਾਲੇ ਤਾਂ ਮਨੋਰੰਜਨ ਹੁੰਦਾ ਸੀ, ਨਾਲੇ ਖੇਡਣ ਵਾਲਿਆ ਵਿੱਚ ਪਿਆਰ ਵੱਧਦਾ ਸੀ ਤੇ ਨਾਲ ਨਾਲ ਸਰੀਰ ਦੀ ਕਸਰਤ ਵੀ ਹੋ ਜਾਂਦੀ ਸੀ। ਅਤੇ ਸਰੀਰ ਉੱਤੇ ਮੋਟਾਪਾ ਵੀ ਨਹੀਂ ਸੀ ਹੁੰਦਾ। ਤੇ ਅੱਜ ਦੀ ਪੀੜੀ ਦੇ ਜਵਾਕ ਜੰਮਦੇ ਮਗਰੋਂ ਮੋਬਾਇਲ ਪਹਿਲਾਂ ਮੰਗਣ ਲੱਗ ਜਾਂਦੇ ਨੇ। ਉਹ ਇਹ ਸਾਰੀਆਂ ਖੇਡਾਂ ਭੁੱਲ ਗਏ ਹਨ, ਤੇ ਆਪਣੇ ਮੋਬਾਇਲ ਵਾਲੀਆਂ ਖੇਡਾਂ ਹੀ ਖੇਡਦੇ ਹਨ। ਤਾਂਹੀ ਤਾਂ ਸਰੀਰਿਕ ਤੌਰ ਤੇ ਢਿੱਲੇ ਜਿਹੇ ਰਹਿੰਦੇ ਹਨ।

ਪੁਰਾਣੀਆਂ ਖੁਰਾਕਾਂ ਦੁੱਧ,ਦੇਸੀ ਘਿਓ ਤੇ ਮੱਖਣ:- ਉਦੋਂ ਪੁਰਾਣੀਆਂ ਖੁਰਾਕਾਂ ਵੀ ਬਹੁਤ ਵਧੀਆ ਸਨ, ਘਰ ਦਾ ਦੁੱਧ, ਦੇਸੀ ਘਿਓ, ਮੱਖਣ, ਦਹੀ ਆਦਿ ਤੇ ਖਾਣ ਵਾਲੇ ਵੀ ਉਦੋਂ ਹੱਟੇ-ਕੱਟੇ ਹੁੰਦੇ ਸਨ। ਅੱਜ ਤਾਂ ਸਾਰਾ ਕੁੱਝ ਹੀ ਮਿਲਾਵਟ ਖੋਰ ਆ, ਇੱਥੋਂ ਤੱਕ ਕੀ ਸਬਜੀਆਂ ਵੀ ਟੀਕਿਆਂ ਨਾਲ ਪੱਕਦੀਆਂ ਨੇ। ਉਦੋਂ ਪੁਰਾਣੇ ਬੰਦੇ ਪੀਪਾ ਘਿਓ ਦਾ ਪੀ ਜਾਂਦੇ ਸਨ ਤੇ ਅੱਜ ਕੱਲ ਦੇ ਜਵਾਨ ਇਕ ਚਮਚ ਦਾਲ ‘ਚ ਪਾ ਲੈਣ ਤਾਂ ਉਹਨਾਂ ਨੂੰ ਲੂਜ-ਮੋਸ਼ਨ ਲੱਗ ਜਾਂਦੇ ਨੇ। ਆ ਹਾਲ ਹੋਇਆ ਪਿਆ ਏ ਅੱਜ ਦੀ ਜਵਾਨੀ ਦਾ।

ਨੂੰਹਾਂ ਦਾ ਘੁੰਡ ਕੱਢਣਾ:- ਪਹਿਲਾਂ ਨੂੰਹਾਂ ਆਪਣੇ ਸਾਹੁਰੇ ਤੇ ਜੇਠ ਸਾਹਮਣੇ ਘੁੰਡ ਨਹੀਂ ਸੀ ਚੱਕਦੀਆਂ। ਤੇ ਸਵੇਰੇ ਸਮੇਂ ਸਿਰ ਉੱਠ ਕੇ ਸੱਸ-ਸਹੁਰੇ ਦੇ ਪੈਰੀ ਹੱਥ ਲਾਉਣੇ ਤੇ ਉਹਨਾਂ ਦਾ ਪਿਆਰ ਲੈਣਾ। ਤੇ ਉਹਨਾਂ ਨੂੰ ਹੀ ਸਾਰੀ ਉਮਰ ਆਪਣੇ ਮਾਂ-ਪਿਓ ਸਮਝਣਾ। ਘਰ ਆਏ-ਗਏ ਦੀ ਪੂਰੀ ਇੱਜ਼ਤ ਕਰਨੀ। ਤੇ ਹੁਣ ਨੂੰਹ ਆਪਣੇ ਸੱਸ-ਸਹੁਰੇ ਸਾਹਮਣੇ ਘੁੰਡ ਕੱਢਣਾ ਤਾਂ ਬਹੁਤ ਦੂਰ ਦੀ ਗੱਲ ਹੈ ਸੱਸ-ਸਹੁਰੇ ਨੂੰ ਹੀ ਘਰੋਂ ਕਢਾ ਦਿੰਦੀਆਂ ਨੇ ਜਾਂ ਅੱਡ ਕਰ ਦਿੰਦੀਆਂ ਨੇ, ਕਿ ਸਾਥੋਂ ਨੀ ਇਹਦੀ ਰੋਟੀ ਲੱਥਦੀ, ਨਾ ਕੱਪੜੇ ਧੁੱਪਦੇ, ਇਹ ਆਵਦਾ ਸਿਆਪਾ ਆਪ ਕਰਨ। ਤੇ ਨਾਂ ਹੀ ਹੁਣ ਨੂੰਹਾਂ ਉਹਨਾਂ ਕੰਮ ਕਰਦੀਆਂ ਨੇ ਜਿੰਨ੍ਹਾਂ ਪਹਿਲਾਂ ਪੁਰਾਣੀਆਂ ਸੁਹਾਣੀਆਂ ਕਰਦੀਆਂ ਸਨ। ਪਹਿਲਾਂ ਘਰ ਦਾ ਸਾਰਾ ਕੰਮ ਕਰਨਾ, ਮੱਝਾਂ ਦਾ ਗੋਹਾ-ਕੂੜਾ ਕਰਨਾ, ਪਾਥੀਆਂ ਪੱਥਣੀਆਂ ਤੇ ਫੇਰ ਕਾਮੇ ਜੱਟ ਵਾਸਤੇ ਖੇਤਾਂ ਚ’ ਭੱਤਾ ਲੈ ਕੇ ਜਾਣਾ। ਤੇ ਹੁਣ ਵਾਲੀਆਂ ਸੁਹਾਣੀਆਂ ਦੀ ਤਾਂ ਜਾਗ੍ਹ ਹੀ 12 ਵਜੇ ਖੁੱਲਦੀ ਹੈ, ਕੰਮ ਇਹਨਾਂ ਖੇਹ ਕਰਨਾ। ਆਟਾ ਗੁੰਣਨ ਲੱਗਿਆਂ ਮੂੰਹ ਇੰਝ ਬੰਨ ਲੈਣਗੀਆਂ ਜਿਵੇਂ ਡੂਮਣਾ ਚੋਣ ਜਾਣਾ ਹੋਣੇ। ਬਾਲਟੀ ਨੂੰ ਬਾਅਦ ‘ਚ ਹੱਥ ਪਾਉਂਦੀਆਂ ਪਹਿਲਾਂ ਕਹਿ ਦਿੰਦੀਆਂ ਕਿ ਮੇਰਾ ਲੱਕ ਦੁੱਖਦਾ, ਤੁਸੀ ਕੋਈ ਕੰਮ ਕਰਨ ਵਾਲੀ ਰੱਖ ਲਓ। ਕੰਵਲ ਪੁੱਤ ਉਹਨਾਂ ਨੂੰ ਭਲਾ ਕੋਈ ਪੁੱਛਣ ਵਾਲਾ ਹੋਵੇ ਕਿ ਜੇ ਘਰ ਕੰਮ ਵਾਲੀ ਹੀ ਰੱਖਣੀ ਹੈ ਤਾਂ ਫੇਰ ਮੁੰਡੇ ਦਾ ਵਿਆਹ ਕਰਨ ਦੀ ਕੀ ਲੋੜ ਸੀ। ਮੈਂ ਸਾਰੀਆਂ ਦੀ ਗੱਲ ਨਹੀਂ ਕਰਦਾ ਪੁੱਤ, ਕੁੱਝ ਹੁੰਦੀਆਂ ਨੇ ਇਹਦਾਂ ਦੀਆਂ ਜਿਹੜੀਆਂ ਬਾਹਲੇ ਚੋਚ ਕਰਦੀਆਂ ਨੇ।

ਚੁੱਲੇ ਚੌਂਕੇ ਢਹਿ ਗਏ:- ਹੁਣ ਕੋਈ ਹੀ ਵਿਰਲਾ ਘਰ ਹੋਊ ਜਿੱਥੇ ਚੁੱਲਾ ਚੌਂਕਾ ਦੇਖਣ ਨੂੰ ਮਿਲਦਾ ਹੋਊ। ਚੁੱਲਾ ਚੌਂਕਾ ਵੀ ਪਰਿਵਾਰ ਦਾ ਪਿਆਰ ਵਧਾਉਣ ‘ਚ ਸਹਾਈ ਹੁੰਦਾ ਸੀ। ਕਿਓਕਿ ਜਦੋਂ ਚੁੱਲੇ ਚੌਂਕੇ ਹੁੰਦੇ ਸਨ ਤਾਂ ਸਾਰਾ ਟੱਬਰ/ਪਰਿਵਾਰ ਇਕ ਜਗ੍ਹਾ ਬੈਠ ਕੇ ਹੀ ਰੋਟੀ ਖਾਂਦੇ ਸਨ। ਬੇਬੇ ਨੇ ਲਾਈ ਜਾਣੀਆਂ ਤੇ ਸਾਰਿਆਂ ਨੇ ਰਲ ਖਾਈਆਂ ਜਾਣੀਆਂ ਤੇ ਨਾਲ ਨਾਲ ਲੱਕੜਾਂ ਨੂੰ ਚੁੱਲੇ ‘ਚ ਅਗਾਂਹ ਕਰਦੇ ਜਾਣਾ। ਹੁਣ ਚੁੱਲੇ ਦੀ ਥਾਂ ਗੈਸ ਨੇ ਲੈ ਲਈ ਹੈ। ਤੇ ਸਾਰੇ ਆਪਣੀ ਆਪਣੀ ਰੋਟੀ ਪਾ ਆਪਣੇ-ਆਪਣੇ ਕਮਰਿਆ ‘ਚ ਜਾ ਬੈਠ ਜਾਂਦੇ ਨੇ। ਜਿਸ ਕਰਕੇ ਹੁਣ ਪਿਆਰ ਪਹਿਲਾਂ ਨਾਲੋਂ ਘੱਟ ਹੋ ਗਏ ਨੇ।

ਟੀ.ਵੀ. ਦੀ ਥਾਂ LCD :- ਟੀ.ਵੀ. ਵੀ ਕਿੰਨ੍ਹੀ ਵਧੀਆ ਚੀਜ ਸੀ। ਸਾਰੇ ਪਰਿਵਾਰ ਨੂੰ ਇਕ ਜਗ੍ਹਾ ਜੋੜਕੇ ਬੈਠਾ ਦਿੰਦਾ ਸੀ। ਖੁੱਲ਼ੇ ਵੇਹੜੇ ਹੁੰਦੇ ਸੀ ਤੇ ਸਾਹਮਣੇ ਲੱਕੜ ਦੇ ਮੇਜ ‘ਤੇ ਟੀ.ਵੀ. ਰੱਖਿਆ ਹੋਣਾ ਤੇ ਸਾਰੇ ਟੱਬਰ ਨੇ ਰਲ ਬੈਠ ਕੇ ਦੇਖਣਾ। ਹੁਣ ਉਹ ਗੱਲ੍ਹਾਂ ਕਿੱਥੇ ਕੰਵਲ ਪੁੱਤ? ਹੁਣ ਤਾਂ ਵੱਡਿਆਂ ਤੋਂ ਲੈ ਬੱਚਿਆਂ ਦੇ ਕਮਰਿਆਂ ‘ਚ ਅਲੱਗ-ਅਲੱਗ ਐੱਲ.ਸੀਡੀਆਂ ਲੱਗੀਆਂ ਹਨ। ਤੇ ਕੋਈ ਕਾਰਟੂਨ ਦੇਖ ਰਿਹਾ, ਕੋਈ ਫਿਲਮਾਂ ਤੇ ਕੋਈ ਗੁਰਬਾਣੀ।

ਵਿਆਹਾਂ ‘ਚ ਬਦਲਾਵ:- ਪਹਿਲਾਂ ਵਿਆਹ ਕਿੰਨੇ ਵਧੀਆ ਹੁੰਦੇ ਸਨ। ਵਿਆਹਾਂ ‘ਚ ਢੋਲ, ਚਿਮਟੇ ਤੇ ਛੈਣੇ ਵੱਜਦੇ ਤੇ ਬੋਲੀਆਂ ਪੈਂਦੀਆਂ ਸਨ। ਘਰਾਂ ਚ ਔਰਤਾਂ ਸ਼ਾਮ ਨੂੰ ਇਕੱਠੀਆਂ ਹੋ ਕੇ ਘੋੜੀਆਂ-ਸੁਹਾਗ ਗਾਉਂਦੀਆਂ ਹੁੰਦੀਆਂ ਸਨ। ਤੇ ਅੱਜ ਦੀ ਪੀੜੀ ਨੂੰ ਤਾਂ ਘੋੜੀਆਂ-ਸੁਹਾਗ ਦਾ ਪਤਾ ਹੀ ਨਹੀਂ, ਕਿ ਕੀ ਹੁੰਦੇ ਹਨ? ਉਦੋਂ ਮੁੰਡੇ ਦੀ ਬਰਾਤ ਕੁੜੀ ਵਾਲਿਆਂ ਘਰ 3-3 4-4 ਦਿਨ ਰਹਿੰਦੀ ਹੁੰਦੀ ਸੀ। ਤੇ ਅੱਜ, ਲੋਕ ਬਰਾਤ ਰੱਖਣ ਦੀ ਗੱਲ ਤਾਂ ਦੂਰ ਘਰ ਵੜਣ ਹੀ ਨਹੀਂ ਦਿੰਦੇ, ਪਹਿਲਾਂ ਹੀ ਪੈਲਸ ਬੁੱਕ ਕਰਵਾ ਲੈਂਦੇ ਨੇ, ਕਿ ਘਰ ਕੋਈ ਖਿਲਾਰਾ ਨਾ ਪਵੇ ਅਤੇ ਹੋਰ ਤਾਂ ਹੋਰ ਆਪਣੀ ਧੀ ਨੂੰ ਵੀ ਬਾਹਰੋ ਬਾਹਰ ਪੈਲਸ ਚੋਂ ਹੀ ਤੋਰ ਦਿੰਦੇ ਹਨ। ਹੁਣ ਤਾਂ ਨਵਾਂ ਜਮਾਨਾ ਆ ਗਿਆ ਢੋਲ,ਚਿਮਟੇ, ਛੈਣੇ, ਬੋਲੀਆਂ ਦੀ ਥਾਂ ਡੀ.ਜੇ. ਨੇ ਲੈ ਲਈ ਹੈ। ਲੱਚਰ ਗੀਤ ਚੱਲਦੇ ਆ ਵਿਆਹਾਂ ‘ਚ, ਕੋਈ ਰੋਕ-ਟੋਕ ਨਹੀਂ ਹੁੰਦੀ। ਲੋਕੀ ਪੀ-ਪੀ ਸ਼ਰਾਬਾਂ ਵਿਆਹਾਂ ‘ਚ ਫਾਇਰ ਕਰਦੇ ਨੇ। ਸਾਰਾ ਮਹੋਲ ਹੀ ਬਦਲਿਆ ਪਿਆ ਏ।

ਵੱਡੇ ਪਰਿਵਾਰ ਪਿਆਰ ਦਾ ਪ੍ਰਤੀਕ:- ਪਹਿਲਾਂ ਵੱਡੇ ਵੱਡੇ ਪਰਿਵਾਰ ਹੁੰਦੇ ਸੀ। ਕੋਈ ਭੇਦਭਾਵ ਨਹੀਂ ਹੁੰਦਾ ਸੀ। ਪੰਜ-ਪੰਜ ਪਰਿਵਾਰ ਇੱਕੋ ਘਰ ਚ’ ਇਕੱਠੇ ਰਹਿੰਦੇ ਹੁੰਦੇ ਸਨ। ਖੁੱਲੇ-ਖੁੱਲੇ ਵੇਹੜੇ ਹੁੰਦੇ ਸਨ, ਘਰਾਂ ਚ ਜਵਾਕਾਂ ਦੀਆਂ ਖੂਬ ਰੌਣਕਾਂ ਹੁੰਦੀਆਂ ਸਨ। ਤੇ ਜਦੋਂ ਕੋਈ ਘਰ ਰਿਸ਼ਤੇਦਾਰ ਆਉਣਾ ਤਾਂ ਚਾਅ ਚੜ ਜਾਂਦਾ ਸੀ ਤੇ ਸਾਰੀ ਰਾਤ ਗੱਲਾਂ ਕਰਦੇ ਹੀ ਲੰਘ ਜਾਂਦੀ ਸੀ। ਹੁਣ ਪਰਿਵਾਰ ਨਿੱਕੇ ਹੋ ਗਏ ਤੇ ਪਰਿਵਾਰਾਂ ‘ਚ ਪਿਆਰ ਵੀ ਘਟ ਗਿਆ। ਤੇ ਰਿਸ਼ਤੇਦਾਰ ਘਰ ਬੁਲਾਉਣਾ ਤਾਂ ਦੂਰ ਦੀ ਗੱਲ, ਜੇ ਕਿਤੇ ਰਿਸ਼ਤੇਦਾਰ ਆਉਣ ਦਾ ਪਤਾ ਵੀ ਲੱਗਜੇ ਤਾਂ ਮੱਥੇ ਵੱਟ ਪਹਿਲਾਂ ਪੈ ਜਾਂਦਾ ਹੈ।

ਬਾਪੂ ਬਾਪੂ ਆਪਣਾ ਪੁਰਾਣਾ ਵਿਰਸਾ ਕਿੰਨ੍ਹਾਂ ਵਧੀਆ ਸੀ। ਆਪਾਂ ਹੁਣ ਨਹੀਂ ਮੋੜ ਕੇ ਲਿਆ ਸਕਦੇ ਆਪਣਾ ਪੰਜਾਬੀ ਵਿਰਸਾ? ਨਹੀਂ ਕੰਵਲ ਪੁੱਤ ਹੁਣ ਕਿੱਥੇ? ਹੁਣ ਤਾਂ ਮੁੰਡੇ-ਕੁੜੀਆਂ ਆਪਣੀ ਮਾਤ ਭਾਸ਼ਾ ਪੰਜਾਬੀ ਹੀ ਭੁੱਲਦੇ ਜਾਂਦੇ ਹਨ। ਜਿਹੜਾ ਬੰਦਾ ਆਪਣੀ ਮਾਤ ਭਾਸ਼ਾ ਹੀ ਨਹੀਂ ਜਾਣਦਾ ਉਹ ਵਿਰਸੇ ਬਾਰੇ ਕੀ ਜਾਣਦਾ ਹੋਊ।

ਜਦ ਅਸੀਂ ਖੁੱਦ ਨਹੀ ਕਰਦੇ ਕਦਰਾਂ ਫੇਰ ਕਿੱਦਾਂ ਮੱਤਾਂ ਦਈਏ,
ਪਹਿਲਾਂ ਆਪਣਾ ਆਪ ਸੁਧਾਰੀਏ ਧੰਜਲ਼ਾ ਫੇਰ ਦੂਜਿਆਂ ਨੂੰ ਕਹੀਏ…

– ਧੰਜਲ ਜ਼ੀਰਾ।

...
...

((( ਮੈਨੂੰ ਪੜ੍ਹ ਲੈਣਦੋ ਮੇਰਾ ਵਿਆਹ ਨਾ ਕਰੋ )))

ਇਕ ਬੇਟੀ ਦੇ ਆਪਣੇ ਪਿਓ ਨੂੰ ਕਹੇ ਬੋਲ। ਪਿਤਾ ਜੀ ਮੈਂ ਹਾਲੇ ਵਿਆਹ ਨਹੀਂ ਕਰਵਾਉਣਾ, ਮੈਨੂੰ ਪੜ੍ਹ ਲੈਣਦੋ। ਮੇਰੀ ਹਜੇ 13-14 ਸਾਲ ਦੀ ਤਾਂ ਉਮਰ ਹੈ। ਮੈਂ ਪੜ੍ਹ ਲਿਖ ਕੇ ਵੱਡੀ ਅਫਸਰ ਬਣਨਾ ਹੈ। ਪਿਤਾ ਜੀ ਮੈਂ ਵੀ ਆਪਣੇ ਪੈਰਾਂ ਤੇ ਖੜੀ ਹੋਣਾ ਚਾਹੁੰਦੀ ਹਾਂ। ਮੈਨੂੰ ਕਿਸੇ ਦੇ ਲੜ ਲਾ ਕੇ ਮੇਰੇ ਸੁਪਨੇ ਨਾ ਮਿਟਾਓ। ਫਿਰ ਕੀ ਹੋਇਆ, ਜੇ ਮੈਂ ਇਕ ਕੁੜੀ(ਬੇਟੀ) ਹਾਂ, ਪਰ ਮੈਂ ਵੀ ਮੁੰਡਿਆਂ ਬਰਾਬਰ ਖੜਾਂਗੀ। ਮੈਨੂੰ ਸਾਰੇ ਅਧਿਕਾਰ ਹਨ। ਮੈਂ ਕਿਓ ਕਿਸੇ ਤੋਂ ਪਿੱਛੇ ਰਹਾਂ। ਮੈਨੂੰ ਪਤਾ ਹੈ ਕਿ ਆਪਾਂ ਗਰੀਬ ਹਾਂ, ਪਰ ਮੈਂ ਪੜ੍ਹ ਲਿਖ ਕੇ ਵਧੀਆ ਨੌਕਰੀ ਲੱਗ, ਸਾਰੀ ਗਰੀਬੀ ਦੂਰ ਕਰਾਂਗੀ। ਜੋ ਹੁਣ ਤੁਸੀਂ ਇਹ ਪਾਟੇ ਕੱਪੜੇ ਪਾਏ ਆ ਇਹ ਵੀ ਚੰਗੇ ਕੱਪੜੇ ਹੋਣਗੇ। ਪਿਤਾ ਜੀ ਤੁਸੀਂ ਘਬਰਾਓ ਨਾ, ਮੈਂ ਤੁਹਾਡੀ ਪੱਗ ਨੂੰ ਦਾਗ ਨਹੀਂ ਲੱਗਣ ਦਿਆਂਗੀ।
ਮੈਨੂੰ ਫਿਕਰ ਹੈ ਤੁਹਾਡੀ ਇੱਜਤ ਦਾ। ਪਿਤਾ ਜੀ ਤੁਹਾਡੀ ਇੱਜਤ ਨੂੰ ਕਦੇ ਘਟਣ ਨਹੀਂ ਦਿਆਂਗੀ। ਪਿਤਾ ਜੀ ਉਹ ਵੀ ਕਿਸੇ ਦੀਆਂ ਬੇਟੀਆਂ ਹਨ ਜੋ ਬਾਡਰਾਂ ਤੇ ਡਿਊਟੀ ਕਰਦੀਆਂ, ਪੁਲਿਸ ਵਿੱਚ ਡਿਊਟੀ ਕਰਦੀਆਂ, ਬੈਕਾਂ ’ਚ ਨੌਕਰੀਆਂ ਕਰਦੀਆਂ ਤੇ ਜਹਾਜਾਂ ’ਚ ਨੌਕਰੀਆਂ ਹਨ। ਹੁਣ ਤਾਂ ਹਰ ਪਾਸੇ ਕੁੜੀਆਂ ਨੇ(ਬੇਟੀਆਂ ਨੇ) ਆਪਣੀ ਇਕ ਵੱਖਰੀ ਪਹਿਚਾਣ ਬਣਾ ਲਈ ਹੈ। ਮਸ਼ਹੂਰ ਕਲਪਨਾ ਚਾਵਲਾ, ਸਾਨੀਆ ਮਿਰਜਾ ਵੀ ਬੇਟੀਆਂ ਸਨ। ਉਹਨਾਂ ਦੇਖੋ ਕਿੰਨੀ ਤਰੱਕੀ ਕੀਤੀ ਹੈ। ਪਿਤਾ ਜੀ ਮੈਂ ਵੀ ਉਹਨਾਂ ਵਾਂਗ ਤਰੱਕੀ ਕਰਨੀ ਹੈ। ਮੈਂ ਉਹਨਾਂ ਕੁੜੀਆਂ ਵਿੱਚੋਂ ਨਹੀਂ ਜਿਹਨਾਂ ਨੂੰ ਮਾਂ-ਬਾਪ ਬੜੇ ਚਾਵਾਂ ਨਾਲ ਪਾਲਦੇ ਹਨ। ਫਿਰ ਉਹਨਾਂ ਦੀ ਪੜਾਈ ਲਈ ਉਹਨਾਂ ਨੂੰ ਘਰੋਂ ਬਾਹਰ ਪੜਣ ਲਈ ਭੇਜਦੇ ਹਨ ਤੇ ਉਹ ਅੱਗੋਂ ਪੜਣ ਦੀ ਬਜਾਏ ਕੋਟ ਮੈਰਿਜ ਜਾਂ ਲਵ ਮੈਰਿਜ ਕਰਵਾ ਲੈਂਦੀਆਂ ਹਨ। ਉਹਨਾਂ ਕੁੜੀਆਂ ਕਰਕੇ ਹੀ ਮਾਪੇ ਧੀ ਜੰਮਣ ਤੋਂ ਡਰਦੇ ਨੇ।
ਮੈਂ ਆਪਣੇ ਸਮਾਜ ਨੂੰ ਇਹ ਦੱਸਣਾ ਚਾਹੁੰਦੀ ਹਾਂ, ਕਿ ਪੰਜੇ ਉਂਗਲਾਂ ਇਕੋ ਜਿਹੀਆਂ ਨਹੀ ਹੁੰਦੀਆਂ, ਮਤਲਬ ਸਾਰੀਆਂ ਕੁੜੀਆਂ ਇਕੋ ਜਿਹੀਆਂ ਨਹੀਂ ਹਨ। ਮੈਂ ਬਣਾਂਗੀ ਆਪਣੇ ਸਮਾਜ ਲਈ ਇਕ ਚੰਗੀ ਮਿਸਾਲ। ਤਾਂ ਜੋ ਕੋਈ ਵੀ ਮਾਂ-ਪਿਓ ਆਪਣੀ ਬੇਟੀ ਦਾ ਵਿਆਹ ਘੱਟ ਉਮਰ ’ਚ ਨਾ ਕਰੇ। ਤੇ ਆਪਣੇ ਬੇਟੀ ਨੂੰ ਪੜਾਵੇ ਲਿਖਾਵੇ।

ਵਾਹ! ਮੇਰੀਏ ਧੀਏ, ਤੂੰ ਤਾਂ ਮੇਰੀਆਂ ਅੱਖਾਂ ਹੀ ਖੋਲ ਦਿੱਤੀਆਂ। ਹੁਣ ਮੈਂ ਤੈਨੂੰ ਕਦੇ ਨਹੀਂ ਰੋਕਾਂਗਾ ਪੜ੍ਹਣ-ਲਿਖਣ ਤੋਂ, ਚਾਹੇ ਮੈਨੂੰ ਕਿੰਨੀਆਂ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇ। ਚੱਲ ਧੀਏ ਆਪਾਂ ਸਾਰੇ ਪਿੰਡ ਨੂੰ ਦੱਸੀਏ –

“ਬੇਟੀ ਪੜਾਓ-ਗਿਆਨ ਵਧਾਓ”

ਧੰਜਲ ਜ਼ੀਰਾ।
ਮੋਬਾ: 98885-02020

...
...

—-:::—ਵਹਿਮ-ਭਰਮ—:::—-

ਬੜੀ ਪੁਰਾਣੀ ਗੱਲ ਆ, ਜਦੋਂ ਬਿੱਲੀ ਨੇ ਰਾਹ ਦੇ ਅੱਗੋਂ ਲੰਘ ਜਾਣਾ ਤਾਂ ਲੋਕਾਂ ਕਹਿਣਾ ਕਿ ਬਿੱਲੀ ਰਾਹ ਕੱਟ ਗਈ ਆ, ਹੁਣ ਕੋਈ ਕੰਮ ਨਹੀਂ ਬਣਨਾ ਜਾਂ ਕੋਈ ਖਾਲੀ ਭਾਂਡਾ ਮੱਥੇ ਲੱਗ ਜਾਣਾ ਤਾਂ ਲੋਕਾਂ ਕਹਿਣਾ ਇਹ ਮਾੜਾ ਹੁੰਦਾ ਜਾਂ ਕੋਈ ਸ਼ਿਕ ਮਾਰ ਦੇਵੇ ਤਾਂ ਕਹਿਣਾ ਕਿ ਹੁਣ ਕੰਮ ਨਹੀਂ ਬਣਨਾ।
ਏਦਾਂ ਹੀ ਇਕ ਪਿੰਡ ਚ’ ਮੱਖਣ ਸਿੰਘ ਨਾਂ ਦਾ ਇਕ ਬੰਦਾ ਰਹਿੰਦਾ ਸੀ। ਜਿਹੜਾ ਕਿ ਇਹ ਵਹਿਮਾਂ-ਭਰਮਾਂ ਤੋਂ ਕੋਹਾਂ ਦੂਰ ਸੀ। ਤੇ ਜੇ ਕੋਈ ਉਹਦੇ ਸਾਹਮਣੇ ਵਹਿਮ-ਭਰਮ ਕਰਦਾ ਵੀ ਤਾਂ ਓਹ ਉਹਨਾਂ ਨੂੰ ਸਮਝੌਂਦਾ ਕਿ ਏਨ੍ਹਾਂ ਵਹਿਮਾਂ-ਭਰਮਾਂ ਚ ਕੁੱਝ ਨਹੀਂ ਰੱਖਿਆ ਜੋ ਹੋਣਾ ਓਹੀ ਹੋਣਾ।
ਇਕ ਵਾਰ ਉਸ ਨਾਲ ਇਕ ਬਜੁਰਗ ਔਰਤ ਜਿਦਣ ਲੱਗ ਪਈ ਕਿ ਆ ਵਹਿਮ- ਭਰਮ ਨਹੀਂ ਸੱਚ ਆ, ਤਾਂ ਮੱਖਣ ਸਿੰਘ ਨੇ ਉਸ ਬਜੁਰਗ ਔਰਤ ਨੂੰ ਕਿਹਾ ਕਿ ਤੁਸੀਂ ਸਬੂਤ ਕਰ ਦਿਓ ਕਿ ਇਹ ਵਹਿਮ-ਭਰਮ ਨਹੀਂ ਸਭ ਸੱਚ ਆ ਤਾਂ ਮੈਂ ਮੰਨ ਜਾਵਾਂਗਾ। ਤਾਂ ਉਸ ਬਜੁਰਗ ਔਰਤ ਨੇ ਕੀ ਕੀਤਾ ਜਿਸ ਦਿਨ ਮੱਖਣ ਸਿੰਘ ਨੇ ਸ਼ਹਿਰ ਨੌਕਰੀ ਦਾ ਪਤਾ ਕਰਨ ਜਾਣਾ ਸੀ, ਤਾਂ ਉਸਨੇ ਪਹਿਲਾਂ ਤਾਂ ਖਾਲੀ ਭਾਂਡਾ ਮੱਥੇ ਲਾਇਆ, ਫੇਰ ਜਦੋ ਮੱਖਣ ਸਿੰਘ ਕੋਲੋ ਦੀ ਲੰਘ ਗਿਆ ਤਾਂ ਪਿੱਛੋਂ ਸ਼ਿਕ ਮਾਰ ਦਿੱਤੀ, ਪਰ ਮੱਖਣ ਸਿੰਘ ਨੇ ਕੋਈ ਗੌਰ ਨਾ ਕੀਤਾ। ਤੇ ਉਹ ਸ਼ਹਿਰ ਪੁੱਜ ਗਿਆ। ਜਿਸ ਨੌਕਰੀ ਦੀ ਤਲਾਸ਼ ਵਿੱਚ ਓਹ ਗਿਆ ਸੀ, ਉਹਨੂੰ ਉਸਤੋਂ ਵੀ ਵਧੀਆ ਨੌਕਰੀ ਮਿਲ ਗਈ। ਤੇ ਓਹ ਬਹੁਤ ਖੁਸ਼ ਸੀ।

ਜਦੋਂ ਓਹ ਚਾਈਂ-ਚਾਈਂ ਘਰ ਆਇਆ ਤਾਂ ਹੱਥ ਚ ਮਠਿਆਈ ਵਾਲਾ ਡੱਬਾ ਫੜਿਆ ਹੋਇਆ ਸੀ। ਤਾਂ ਉਸ ਬਜੁਰਗ ਔਰਤ ਦੇ ਦੇਖ ਕੇ ਰੰਗ ਉੱਡ ਗਏ। ਤੇ ਉਸਨੇ ਪੁੱਛਿਆ ਕਿ ਇਹ ਕਾਹਦੀ ਮਠਿਆਈ ਹੈ? ਤਾਂ ਮੱਖਣ ਸਿੰਘ ਨੇ ਅੱਗੋਂ ਮੁਸਕਰਾ ਕਿ ਉੱਤਰ ਦਿੱਤਾ, “ਕਿ ਮੈਨੂੰ ਨੌਕਰੀ ਮਿਲ ਗਈ। ਪਰ ਤੁਹਾਡੇ ਆ ਵਹਿਮਾਂ-ਭਰਮਾਂ ਦਾ ਮੇਰੇ ਤੇ ਕੋਈ ਜਾਦੂ ਨਹੀਂ ਚੱਲਿਆ।” ਇਸ ਕਰਕੇ ਹੁਣ ਤੁਸੀਂ ਵੀ ਆ ਵਹਿਮ-ਭਰਮ ਛੱਡ ਦਿਓ।
ਉਸ ਦਿਨ ਤੋਂ ਬਾਅਦ ਉਸ ਬਜੁਰਗ ਔਰਤ ਨੇ ਕਦੇ ਵਹਿਮ-ਭਰਮ ਨਹੀਂ ਕੀਤਾ।

ਧੰਜਲ ਜ਼ੀਰਾ।
Mb. 98885-02020,

...
...

ਮੈਂ ਨਹੀਂ ਮੁੱਕੀ, ਮੈਂ ਮੁੱਕ ਗਿਆ…

ਪੋਹ ਦਾ ਮਹੀਨਾ, ਸਿੱਖਰਾਂ ਦੀ ਠੰਡ, ਨਾਜਰ ਲੋਈ ਲਪੇਟੀ ਖੇਤ ਵੱਲ ਨੂੰ ਤੁਰਿਆ ਜਾਵੇ, ਉੱਧਰੋਂ ਨੰਬਰਦਾਰਾਂ ਦੇ ਜੰਟੇ ਨੇ ਆਉਂਦਾ ਵੇਖ ਅਵਾਜ਼ ਮਾਰੀ।
ਬਾਈ ਨਾਜਰਾ..!!
ਕਿੱਧਰ ਨੂੰ ਚੱਲਿਆ ਏ, ਖੇਤ ਵੱਲ?
ਓਹ ਇਹਨੇ ਪਾਲ੍ਹੇ ‘ਚ ਤਾਂ ਟਿੱਕ ਜਿਆ ਕਰ। ਕੋਈ ਨੌਕਰ-ਚਾਕਰ ਰੱਖਲਾ, ਕਿਓ ਮੇਰੀ-ਮੇਰੀ ਕਰਦਾ ਰਹਿਨਾ ਏ। ਕੁੱਝ ਨਾਲ ਨਹੀਂ ਜਾਣਾ, ਸੱਭ ਇੱਥੇ ਹੀ ਰਹਿ ਜਾਣਾ ਏ। ਕੀ ਕਰੇਂਗਾ ਇਹਨਾਂ ਕੁੱਝ ਜੋੜ ਕੇ? ਅਗਾਂਹ ਔਲਾਦ ਦੇ ਕਮਾਉਣ ਜੋਗਾ ਵੀ ਕੁੱਝ ਛੱਡਦੇ ਜਾਂ ਉਹ ਵੇਹਲੇ ਬਹਿ ਕੇ ਹੀ ਖਾਣਗੇ। ਨਾਜਰ ਅੱਗੋਂ ਘੂਰੀ ਵੱਟ ਕੇ ਲੰਘ ਗਿਆ ਕੋਈ ਜਵਾਬ ਨਾ ਦਿੱਤਾ ਅਤੇ ਆਪਣੇ ਖੇਤ ਚਲਾ ਗਿਆ। ਖੇਤ ਜਾ ਕੇ ਨਾਜਰ ਨੇ ਖੇਤ-ਬੰਨ੍ਹੇ ਦਾ ਕੰਮ ਨਬੇੜਿਆ ਤੇ ਆਥਣ ਵੇਲੇ ਘਰ ਪਹੁੰਚਦਿਆਂ ਨੂੰ ਨਾਜਰ ਦੀ ਘਰਵਾਲੀ ਨਾਜਰ ਨੂੰ ਬੋਲੀ,
“ਵੇ ਗੋਪੀ ਦੇ ਪਾਪਾ, ਗਵਾਂਡੀਆਂ ਦੇ ਪਾਲੇ ਦੇ ਮੁੰਡੇ ਦਾ ਵਿਆਹ ਆ ਗਿਆ, ਆ ਆਪਣੇ ਆਲਾ ਗੋਪੀ ਵੀ ਜਿੱਦ ਫੜੀ ਬੈਠਾ ਆ, ਕਹਿੰਦਾ ਮੈਂ ਐਤਕੀ ਲਾਲ ਰੰਗ ਦਾ ਬਲੈਜਰ ਪਾਉਣਾ।” ਉਹਦੇ ਯਾਰ-ਬੇਲੀ ਜੱਗਾ ਤੇ ਸੋਨੂ ਵੀ ਕੋਟ-ਪੈਂਟ ਲੈ ਕੇ ਆਏ ਆ।
ਨਾਜਰ ਚੋੜਾ ਹੋ ਕੇ ਬੋਲਿਆ, “ਕੋਈ ਗੱਲ੍ਹ ਨਹੀਂ ਧੰਨਕੌਰੇ, ਆਪਾਂ ਗੋਪੀ ਨੂੰ ਲਾਲ ਬਲੈਜਰ ਲੈਦਾਂਗੇ। ਤੂੰ ਦੱਸ ਕੀ ਲੈਣਾ, ਕੋਈ ਗਹਿਣਾ-ਗੱਟਾ ਜਾਂ ਸੂਟ?” ਆਪਾਂ ਕੰਬਾਇਨਾਂ ਵਾਲੇ ਹੁੰਨੇ ਆ, ਓਹ ਮੇਰੀ ਬਰਾਬਰੀ ਕੌਣ ਕਰ ਸਕਦਾ? ਮੇਰੇ ਜਿੰਨੀ ਜਮੀਨ ਤੇ ਖੇਤੀ ਦੇ ਸੰਦ ਤਾਂ ਸਾਰੇ ਪਿੰਡ ‘ਚ ਨਹੀਂ ਹੈਗੇ। ਮੈਂ ਕੱਲੇ ਨੇ ਇਹਨਾਂ ਕੁੱਝ ਬਣਾਇਆ ਹੈ। ਰੱਬ ਦਾ ਵੀ ਆਸਰਾ ਨਹੀਂ ਮੰਗਿਆ। ਮੇਰੇ ਵਰਗਾ ਕੌਣ ਹੈ? ਜਿਹੜਾ ਸਾਰਾ ਕੰਮ ਆਪ ਹੱਥੀ ਕਰਦਾ ਹੋਵੇ।

ਇਕ ਦਿਨ ਨਾਜਰ ਜਦੋਂ ਪਿੰਡ ਦੀ ਸੱਥ ਕੋਲੋਂ ਲੰਘਣ ਲੱਗਾ ਤਾਂ ਬੈਂਚ ‘ਤੇ ਬੈਠੇ ਕਿਸੇ ਬਜੁਰਗ ਨੇ ਨਾਜਰ ਨੂੰ ਹਾਕ ਮਾਰੀ, ਓ ਨਾਜਰ ਸਿਆਂ, ਕਿਓ ਮੈਂ ਮੈਂ ਕਰਦਾ ਰਹਿਨਾ ਏ, ਦੋ ਘੜੀ ਸਾਡੇ ਕੋਲ ਵੀ ਬੈਹ ਜਿਆ ਕਰ, ਕੀ ਕਰੇਂਗਾ ਇਹਨਾਂ ਕੁੱਝ ਜੋੜ ਕੇ, ਜਦੋਂ ਤੇਰੇ ‘ਤੇ ਭੀੜ ਪਈ, ਕੋਈ ਮੁਸੀਬਤ ਆਈ ਉਹਦੋਂ ਦੇਖਾਂਗੇ ਤੇਰੇ ਨਾਲ ਕੌਣ ਖੜਦਾ ਏ। ਸਾਨੂੰ ਤਾਂ ਤੂੰ ਕੀ ਸਮਝਦਾ, ਤੂੰ ਤਾਂ ਪੈਸੇ ਦੇ ਲਾਲਚ ‘ਚ ਉਸ ਰੱਬ ਨੂੰ ਵੀ ਭੁੱਲ੍ਹੀ ਬੈਠਾ ਏ।
ਨਾਜਰ ਨੇ ਉਸ ਬਜੁਰਗ ਨੂੰ ਅੱਗੋਂ ਗੁੱਸੇ ਨਾਲ ਜਵਾਬ ਦਿੱਤਾ,
ਹੁਣ ਬੁੜਿਆ ਤੂੰ ਮੈਨੂੰ ਮੱਤਾਂ ਦੇਵੇਗੇ? ਮੈਨੂੰ ਸਮਝਾਉਣ ਦੀ ਲੋੜ ਨਹੀਂ, ਤੂੰ ਆਪਣਾ ਦਿਮਾਗ ਟਿਕਾਣੇ ਰੱਖ, ਸੁਣਿਆ..!
ਇਹਨੀਂ ਗੱਲ੍ਹ ਕਹਿ ਕੇ ਨਾਜਰ ਉੱਥੋਂ ਚੱਲ ਤੁਰਿਆ ਤੇ ਸਾਰੀ ਸੱਥ ‘ਚ ਨਾਜਰ ਦੀ ਥੂਹ-ਥੂਹ ਹੋਣ ਲੱਗੀ, ਬੈਂਚ ‘ਤੇ ਬੈਠੇ ਸਾਰੇ ਬਜੁਰਗ ਆਪਸ ‘ਚ ਗੱਲ੍ਹਾਂ ਕਰਨ ਲੱਗੇ, ਕਿ ਬਹੁਤ ਹੰਕਾਰਿਆ ਬੈਠਾ ਏ ਨਾਜਰ, ਕਿਸੇ ਨੂੰ ਸਿੱਧੇ ਮੂੰਹ ਨਹੀਂ ਬੋਲਦਾ, ਇਹਨੂੰ ਪੈਸੇ ਦਾ ਘਮੰਡ ਹੋ ਗਿਆ ਹੈ।
ਸਮਾਂ ਬੀਤਿਆ, ਨਾਜਰ ਇਕਦਮ ਬਿਮਾਰ ਹੋ ਗਿਆ, ਜਿਹਨਾਂ ਪੈਸਾ ਜੋੜਿਆ ਸੀ ਹੌਲੀ-ਹੌਲੀ ਨਾਜਰ ਦੇ ਇਲਾਜ ਚ ਖਰਚ ਹੋ ਗਿਆ। ਤੇ ਬਾਅਦ ਚ ਹੌਲੀ-ਹੌਲੀ ਖੇਤੀਬਾੜੀ ਦੇ ਸੰਦਾ ਨੂੰ ਵੀ ਵੇਚਣਾ ਪਿਆ। ਪਰ ਨਾਜਰ ਫਿਰ ਵੀ ਨਾ ਠੀਕ ਹੋਇਆ। ਮੰਝੇ ‘ਤੇ ਪਏ ਵੀ ਨਾਜਰ ਨੇ ਮੈਂ ਨਹੀਂ ਛੱਡੀ। ਨਾਜਰ ਦਾ ਕੋਈ ਪਤਾ ਲੈਣ ਤੱਕ ਨਹੀਂ ਆਇਆ। ਅਖੀਰ ਨਾਜਰ ਦੀ ਘਰਵਾਲੀ ਨਾਜਰ ਨੂੰ ਬੋਲਣ ਲੱਗੀ, ਵੇ ਸਰਦਾਰਾ, ਜੇ ਤੇਰੇ ‘ਚ ਆ ‘ਮੈਂ’ ਨਾ ਨਾ ਹੁੰਦੀ ਤਾਂ ਅੱਜ ਕੋਈ ਤੇਰਾ ਪਤਾ ਲੈਣ ਆਉਂਦਾ, ਤੇਰਾ ਕੋਈ ਹਾਲ-ਚਾਲ ਪੁੱਛਣ ਆਉਂਦਾ। ਨਾਲੇ ਆਪਣੀ ਕੋਈ ਮਦਦ ਕਰਦਾ। ਹੁਣ ਤਾਂ ਘਰ ਆਟਾ ਲਿਆਉਣ ਨੂੰ ਵੀ ਕੋਈ ਪੈਸਾ ਨਹੀਂ ਰਿਹਾ । ਨਾਜਰ ਥਥਲਾਉਂਦਾ ਹੋਇਆ ਬੋਲਿਆ, ਤੂੰ ਸਹੀ ਕਹਿੰਦੀ ਸੀ ਧੰਨਕੌਰੇ, ਸਾਰੀ ਉਮਰ ਮੇਰੀ ‘ਮੈਂ-ਮੈਂ’ ਨਹੀਂ ਮੁੱਕੀ ਤੇ ਅੱਜ ਮੈਂ ਮੁੱਕ ਚੱਲਿਆ। ਇਹਨੀਂ ਗੱਲ੍ਹ ਕਹਿੰਦੇ ਹੀ ਨਾਜਰ ਮੰਝੇ ਤੇ ਡਿੱਗ ਪਿਆ।

ਧੰਜਲ ਜ਼ੀਰਾ।
+91-98885-02020

...
...

ਕਿੱਥੇ ਗਈਆਂ ਚਿੜੀਆਂ ਬੇਬੇ ਕਿੱਥੇ ਗਏ ਰੁੱਖ..))

ਕਿੱਥੇ ਗਈਆਂ ਚਿੜੀਆਂ ਬੇਬੇ ਕਿੱਥੇ ਗਏ ਰੁੱਖ ਕਿੰਨਾਂ ਸਮਾਂ ਬੀਤ ਗਿਆ ਕੋਈ ਚਿੜੀ ਨਜਰ ਨਹੀਂ ਆਉਂਦੀ। ਪਤਾ ਨੀ ਖਬਰੇ ਕਿਹੜੇ ਮੁਲਖ ਪਰਤ ਗੀਆਂ ਬੇਬੇ? ਮੈਂ ਚਿੜੀਆਂ ਨਾਲ ਖੇਡਣਾ ਏ ਬੇਬੇ , ਮੈਨੂੰ ਚਿੜੀਆਂ ਲਿਆ ਕੇ ਦਿਓ। ਫਤਹਿ ਪੁੱਤ ਜਿੱਦ ਨਾ ਕਰ, ਆ ਜਦੋਂ ਦੇ ਮੋਬੈਲਾਂ ਵਾਲੇ ਉੱਚੇ – ਉੱਚੇ ਟਾਵਰ ਲੱਗੇ ਨੇ ਨਾ ਉਦੋਂ ਦੀਆਂ ਚਿੜੀਆਂ ਨਜਰ ਹੋਣੋ ਹਟਗੀਆਂ। ਪਹਿਲਾਂ ਤਾਂ ਬਹੁਤ ਹੁੰਦੀਆਂ ਸੀ। ਸਾਰੇ ਘਰ ਚ ਰੌਣਕ ਹੁੰਦੀ ਸੀ।
ਤੇ ਆ ਰੁੱਖ ਜਿੰਨਾਂ ਨੂੰ ਅਸੀਂ ਬਹੁਤ ਮੇਹਨਤਾਂ ਨਾਲ ਪਾਲਦੇ ਹਾਂ। ਜਿੰਨਾਂ ਦੀਆਂ ਛਾਵਾਂ ਦਾ ਗਰਮੀਆਂ ਚ ਅਨੰਦ ਮਾਣਦੇ ਹਾਂ, ਜਿੰਨਾਂ ਤੋਂ ਅਸੀਂ ਆੱਕਸੀਜਨ ਲੈਂਦੇ ਹਾਂ,ਜਿੰਨਾਂ ਦੀਆਂ ਲੱਕੜਾਂ ਦਾ ਅਸੀਂ ਬਾਲਣ ਬਣਾਉਂਦੇ ਹਾਂ, ਜਿੰਨਾਂ ਦੇ ਟਾਹਣਿਆਂ ਨਾਲ ਕੁੜੀਆਂ ਪੀਂਘਾਂ ਪਾ ਕੇ ਝੂਟਦੀਆਂ ਨੇ ਤੇ ਅੱਜ ਮਨੁੱਖ ਉਹਨਾਂ ਦਾ ਹੀ ਵੈਰੀ ਹੋ ਗਿਆ ਹੈ। ਉਹਨਾਂ ਨੂੰ ਥਾਂ-ਥਾਂ ਵੱਢ ਰਿਹਾ ਹੈ। ਕਿਤੇ ਰੁੱਖਾਂ ਨੂੰ ਵੱਢ ਕੇ ਸੜਕਾਂ ਚੌੜੀਆਂ ਹੋ ਰਹੀਆਂ, ਕਿਤੇ ਫੈਕਟਰੀਆਂ ਬਣ ਰਹੀਆਂ ਨੇ। ਫਤਹਿ ਪੁੱਤ ਕੀ ਦੱਸਾਂ ਤੈਨੂੰ? ਹੁਣ ਤਾਂ ਸਾਹ ਲੈਣਾ ਵੀ ਔਖਾ ਹੋਇਆ ਪਿਆ ਏ। ਥਾਂ-ਥਾਂ ਪ੍ਰਦੂਸ਼ਣ ਫੈਲਿਆ ਹੋਣ ਕਰਕੇ ਹਵਾਵਾਂ ਵੀ ਪ੍ਰਦੂਸ਼ਿਤ ਹੋ ਗਈਆਂ ਨੇ। ਉੱਤੋਂ ਆ ਗੰਦਲੇ ਪਾਣੀ? ਲੋਕਾਂ ਨੇ ਕੂੜਾ ਸੁੱਟ-ਸੁੱਟ ਕੇ ਪਾਣੀ ਵੀ ਗੰਦਲੇ ਕਰ ਦਿੱਤੇ ਨੇ। ਤਾਂਹੀ ਤਾਂ ਬਿਮਾਰੀਆਂ ਵੱਧ ਰਹੀਆਂ ਹਨ। ਸਭ ਕੁੱਝ ਦਿਨੋਂ-ਦਿਨ ਖਤਮ ਹੁੰਦਾ ਜਾ ਰਿਹਾ ਹੈ। ਫਤਹਿ ਪੁੱਤ ਮੇਰੀ ਉਮਰ ਤਾਂ ਹੁਣ ਸਾਥ ਨਹੀਂ ਦਿੰਦੀ ਹੁਣ ਤੂੰ ਹੀ ਕੋਈ ਕਰਮ ਕਰ ਆਪਣੇ ਸਕੂਲ ਵਿੱਚ ਸਾਰੇ ਬੱਚਿਆਂ ਨੂੰ ਕਹਿ “ਆਓ ਰਲ ਕੇ ਰੁੱਖ ਲਗਾਈਏ ਤੇ ਵਾਤਾਵਰਨ ਸ਼ੁੱਧ ਬਣਾਈਏ” , ਫਿਰ ਜਿਵੇਂ-ਜਿਵੇਂ ਆ ਰੁੱਖ ਜਵਾਨ ਹੋਣਗੇ, ਵਾਤਾਵਰਣ ਸ਼ੁੱਧ ਹੋਵੇਗਾ ਤੇ ਫਿਰ ਚਿੜੀਆਂ ਦੀਆਂ ਡਾਰਾਂ, ਆਲ੍ਹਣੇ ਵੀ ਦੇਖਣ ਨੂੰ ਮਿਲਣਗੇ। ਸੱਚੀ ਬੇਬੇ ਚਿੜੀਆਂ ਆਉਣਗੀਆਂ ਨਾ ਫਿਰ! ਹਾਂ ਪੁੱਤ ਹਾਂ!
ਠੀਕ ਹੈ ਬੇਬੇ ਮੈਂ ਤਾਂ ਇਕ ਰੁੱਖ ਲਗਾ ਆਇਆ ਹੁਣ ਬਾਕੀਆਂ ਦੀ ਵਾਰੀ ਹੈ।
“ਆਓ ਰਲ ਕੇ ਰੁੱਖ ਲਗਾਈਏ ਤੇ ਵਾਤਾਵਰਨ ਸ਼ੁੱਧ ਬਣਾਈਏ”

ਧੰਜਲ ਜ਼ੀਰਾ।
ਮੋਬਾ: 98885-02020

...
...

ਨਾ ਦੇ ਮੇਹਣਾ ਪੁੱਤ ਦਾ..ਅੜੀਏ..!!

ਇਕ ਔਰਤ ਦੀ ਉਸ ਰੱਬ ਅੱਗੇ ਅਰਦਾਸ ‘ਹੇ ਵਾਹਿਗੁਰੂ ਮੇਰੀ ਕਿਓ ਕੁੱਖ ਬੰਨ੍ਹੀ ਏ? ਮੇਰੀ ਵੀ ਕੁੱਖ ਹਰੀ ਕਰਦੇ, ਮੈਨੂੰ ਵੀ ਪੁੱਤ ਦੀ ਦਾਤ ਦੇਦੇ।‘ ਮੈਂ ਕਦੋਂ ਤੱਕ ਇਹਨਾਂ ਲੋਕਾਂ ਦੇ ਤਾਹਨੇ ਮੇਹਣੇ ਸੁਣਦੀ ਰਹੂੰਗੀ। ਮੈਨੂੰ ਲੋਕ ਜਿਉਣ ਨਹੀਂ ਦਿੰਦੇ ਰੱਬਾ। ਮੇਰਾ ਦਿਲ ਕਰਦਾ ਮੈਂ ਕਿਸੇ ਖੂਹ ‘ਚ ਛਾਲ ਮਾਰਦਾਂ ਜਾਂ ਜਹਿਰ ਪੀ ਲਾਂ। ਜਦੋਂ ਵੀ ਮੈਂ ਕਿਸੇ ਦੇ ਪੁੱਤ ਨੂੰ ਆਪਣਾ ਸਮਝ ਕੇ ਪਿਆਰ ਦਿੰਦੀ ਹਾਂ, ਨਾਲ ਖੇਡਦੀ ਹਾਂ, ਤਾਂ ਮੇਰੀਆਂ ਦਰਾਣੀਆਂ-ਜੇਠਾਣੀਆਂ,ਆਂਡਣਾ-ਗੁਆਂਡਣਾ ਅੱਗੋਂ ਮੈਨੂੰ ਮੇਹਣੇ ਦਿੰਦੀਆਂ ਹਨ, ਕਿ ਆਪਣੇ ਕੋਲ ਤਾਂ ਤੇਰਾ ਪੁੱਤ ਹੈ ਨਹੀਂ, ਸਾਡੇ ਕਿਓ ਵਿਗਾੜੀ ਜਾਨੀ ਏ? ਹਾਏ ਰੱਬਾ, ਹਾਏ ਰੱਬਾ! ਮੇਰੀ ਢਿੱਡੀ ਪੀੜਾਂ ਪੈਂਦੀਆਂ ਨੇ, ਜਦੋਂ ਮੈਂ ਇਹ ਗੱਲ੍ਹਾਂ ਸੁਣਦੀ ਹਾਂ।
ਰੱਬਾ ਕਿਵੇਂ ਬਰਦਾਸ਼ ਕਰਾਂ ਮੈਂ ਇਹ ਗੱਲ੍ਹਾਂ? ਹੁਣ ਤੂੰ ਹੀ ਮੈਨੂੰ ਜਵਾਬ ਦੇਦੇ। ਜਾਂ ਤਾਂ ਮੈਨੂੰ ਪੁੱਤ ਦੇਦੇ ਜਾਂ ਮਾਤ ਦੇਦੇ। ਮੈਂ ਹੋਰ ਨਹੀਂ ਜਿਉਣਾ। ਅੱਕ ਗਈ ਹਾਂ ਲੋਕਾਂ ਦੇ ਤਾਹਨੇ ਮੇਹਣੇ ਸੁਣ – ਸੁਣ ਕੇ। ਮੇਰਾ ਤਾਂ ਘਰ ਵੀ ਰਬੜ ਦੇ ਕਾਕਿਆਂ ਨਾਲ ਭਰਿਆ ਪਿਆ ਹੈ। ਕਿੰਨ੍ਹਾਂ ਚਿਰ ਮੈਂ ਇਹਨਾਂ ਰਬੜ ਦੇ ਕਾਕਿਆਂ ਨਾਲ ਖੇਡ ਖੇਡ ਕੇ ਆਪਣੀ ਜਿੰਦਗੀ ਕੱਟੂੰਗੀ। ਰੱਬਾ ਮੈਨੂੰ ਬਹੁਤ ਦੁੱਖ ਲੱਗਦਾ ਏ, ਜਦੋਂ ਮੈਂ ਰਬੜ ਦੇ ਕਾਕਿਆਂ ਨੂੰ ਆਪਣਾ ਪੁੱਤ ਸਮਝ ਕੇ ਬਲਾਉਂਦੀ ਹਾਂ। ਤੇ ਦੋਨੇ ਬਾਹਾਂ ਨਾਲ ਉਤਾਂਹ ਨੂੰ ਚੁੱਕ ਕੇ ਉਸਨੂੰ ਅੱਗੋਂ ਬੋਲਣ ਲਈ ਕਹਿੰਦੀ ਹਾਂ “ਓਏ ਮੇਰੇ ਲਾਲ ਕੀ ਕਰਦਾ ਸੀ” ਤਾਂ ਉਹ ਅੱਗੋ ਕੋਈ ਜਵਾਬ ਨਹੀਂ ਦਿੰਦਾ। ਤੇ ਜਦੋਂ ਉਹਨੂੰ ਆਪਣੇ ਨਾਲ ਖੇਡਣ ਲਈ ਕਹਿੰਦੀ ਹਾਂ ਤਾਂ ਉਹ ਅੱਗੋਂ ਨਹੀਂ ਖੇਡਦਾ। ਰੱਬਾ ਲੋਕਾਂ ਦੇ ਬੱਚਿਆਂ ਨੂੰ ਖੇਡਦਾ ਵੇਖ ਕੇ ਮੇਰਾ ਵੀ ਅਸਲੀ ਕਾਕੇ(ਪੁੱਤ) ਨਾਲ ਖੇਡਣ ਨੂੰ ਜੀ ਕਰਦਾ ਹੈ।

ਮੈਂ ਜਿੰਦਗੀ ਹਾਰ ਗਈ ਹਾਂ ਰੱਬਾ। ਨਾ ਮੈਂ ਜਿਉਂਦਿਆਂ ਚੋਂ, ਨਾ ਮਰਿਆਂ ਚੋਂ। ਹਰ ਪਾਸਿਓ ਮੈਨੂੰ ਆ ਤਾਹਨੇ-ਮੇਹਣਿਆਂ ਨੇ ਖਾਹ ਲਿਆ…
“ਤੇਰੇ ਨਹੀਂ ਔਲਾਦ ਹੌਣੀ
ਤੇਰੇ ਨਹੀਂ ਔਲਾਦ ਹੌਣੀ”
ਰੱਬਾ ਮੈਨੂੰ ਤਾਂ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ। ਵਾਰ ਵਾਰ ਇਹੀ ਮੇਹਣੇ ਸਤਾਈ ਜਾਂਦੇ ਆ “ਤੇਰੇ ਨਹੀਂ ਔਲਾਦ ਹੌਣੀ- ਤੇਰੇ ਨਹੀਂ ਔਲਾਦ ਹੌਣੀ” ਮੇਰਾ ਰੋਜ ਰੋ-ਰੋ ਬੁਰਾ ਹਾਲ ਹੁੰਦਾ ਹੈ। ਮੈਂ ਕੰਧਾਂ ‘ਚ ਸਿਰ ਮਾਰਦੀ ਫਿਰਦੀ ਹਾਂ। ਮੈਂ ਪਾਗਲ ਹੋ ਗਈ ਹਾਂ। ਮੇਰਾ ਉਹਨਾਂ ਸ਼ਰੀਕਣਾਂ ਨੂੰ ਰੋੜੇ ਮਾਰਨ ਨੂੰ ਦਿਲ ਕਰਦਾ ਹੈ, ਜਿਹੜੀਆਂ ਮੈਨੂੰ ਰੋਜ ਕਈ-ਕਈ ਗੱਲ੍ਹਾਂ ਕਰਦੀਆਂ ਹਨ। ਮੈਨੂੰ ਸੰਗਲ ਨਾਲ ਬੰਨ੍ਹਦੇ ਰੱਬਾ।
ਮੇਰੀ ਕੀ ਜਿੰਦਗੀ ਏ? ਸਾਰੀ ਉਮਰ ਲੋਕਾਂ ਦੀਆਂ ਗੱਲ੍ਹਾਂ ਸੁਣ-ਸੁਣ ਲੰਘ ਗਈ ਤੇ ਰਹਿੰਦੀ ਵੀ ਲੰਘ ਜਾਵੇਗੀ।

ਰੱਬਾ! ਤੇਰੇ ਅੱਗੇ ਦੋਨੋਂ ਹੱਥ ਜੋੜ ਕੇ ਦਰ ਦਰ ਜਾ ਕੇ ਅਰਦਾਸਾਂ ਕੀਤੀਆਂ। ਤੂੰ ਮੇਰੀ ਇਕ ਨਹੀਂ ਸੁਣੀ। ਹੁਣ ਤੂੰ ਹੀ ਦੱਸ ਮੈਂ ਕੀ ਕਰਾਂ?
ਰੱਬਾਂ! ਮੈਂ ਤੇਰੇ ਅੱਗੇ ਫਿਰ ਅਰਦਾਸ ਕਰਦੀ ਹਾਂ ਮੇਰੇ ਤਰ੍ਹਾਂ ਕਿਸੇ ਵਿਆਹੀ ਔਰਤ ਨਾਲ ਨਾ ਹੋਵੇ। ਕਿਸੇ ਵਿਆਹੀ ਮੇਰੀ ਭੈਣ ਦੀ ਕੁੱਖ ਸੁੰਨੀ ਨਾ ਹੋਵੇ। ਹਰੇਕ ਨੂੰ ਬੱਚੇ ਦੀ ਦਾਤ ਬਖਸ਼ੀ। ਜੇ ਮੇਰੇ ‘ਤੇ ਵੀ ਰਹਿਮ ਆਇਆ ਤਾਂ ਮੇਰੀ ਵੀ ਸੁਣ ਲਈ ਰੱਬਾ।

ਧੰਜਲ ਜ਼ੀਰਾ।
Email Id – openliion@gmail.com

...
...

ਕਿਓ ਨਹੀਂ ਦਿੱਤਾ ਜਾਂਦਾ ਸਕੂਲਾਂ ’ਚ ਬੱਚਿਆਂ ਨੂੰ ਸਿੱਖੀ ਦਾ ਗਿਆਨ?

ਬੜੇ ਮਾਣ ਦੀ ਗੱਲ੍ਹ ਆ ਕਿ ਸਾਡੇ ਪੰਜਾਬ ਚ ਬਹੁਤ ਵੱਡੇ ਵੱਡੇ ਤੇ ਵਧੀਆ ਸਕੂਲ ਹਨ। ਜਿੱਥੇ ਵਿਦੇਸ਼ਾਂ ਵਿੱਚੋਂ ਵੀ ਬੱਚੇ ਪੜ੍ਹਣ ਵਾਸਤੇ ਆਉਂਦੇ ਹਨ। ਜਿੱਥੋਂ ਦਾ ਪੜਿਆ ਬੱਚਾ ਬਹੁਤ ਉੱਚੇ ਅਹੁਦੇ ‘ਤੇ ਪਹੁੰਚ ਜਾਂਦਾ ਹੈ। ਸਕੂਲ ਦਾ ਨਾਮ ਰੌਸ਼ਨ ਕਰਦਾ ਹੈ, ਪਰ ਸ਼ਰਮ ਵਾਲੀ ਗੱਲ੍ਹ ਇਹ ਹੈ ਕਿ ਇਹਨਾਂ ਵੱਡੇ ਸਕੂਲਾਂ ‘ਚ ਇਕੱਲੀ ਅੰਗਰੇਜੀ ਸੱਭਿਅਤਾ ਨੂੰ ਹੀ ਮਾਣਤਾ ਦਿੱਤੀ ਜਾਂਦੀ ਹੈ, ਨਾ ਕਿ ਸਾਡੇ ਸਿੱਖ ਧਰਮ ਨੂੰ।
ਕਿਓ ਨਹੀਂ ਦੱਸਿਆ ਜਾਂਦਾ ਬੱਚਿਆਂ ਨੂੰ ਸਾਡੇ ਸਿੱਖ ਧਰਮ ਬਾਰੇ?
ਕਿਓ ਨਹੀਂ ਪੜਾਉਂਦੇ ਅਧਿਆਪਕ ਬੱਚਿਆਂ ਨੂੰ ਸਿੱਖੀ ਬਾਰੇ?
ਕੀ ਗੱਲ੍ਹ ਅਧਿਆਪਕਾਂ ਨੂੰ ਗਿਆਨ ਨਹੀਂ ਸਿੱਖ ਧਰਮ ਬਾਰੇ, ਬਾਬੇ ਨਾਨਕ ਬਾਰੇ, ਸਾਡੇ ਗੁਰੂਆਂ ਬਾਰੇ?
ਕੀ ਗੱਲ੍ਹ ਮਾਪੇ ਸਕੂਲਾਂ ਨੂੰ ਫੀਸਾਂ ਪੂਰੀਆਂ ਨਹੀਂ ਦਿੰਦੇ
ਜਾਂ
ਸਿੱਖ ਧਰਮ ਪੜ੍ਹਣ ਲਈ ਅਲੱਗ ਤੋਂ ਫੀਸ ਦੇਣੀ ਪੈਂਦੀ ਹੈ?
ਜੇ ਨਹੀਂ ਪੜਾ ਸਕਦੇ ਸਕੂਲਾਂ ‘ਚ ਬੱਚਿਆਂ ਨੂੰ ਸਿੱਖ ਧਰਮ ਬਾਰੇ ਤਾਂ ਜਦੋਂ ਬੱਚੇ ਦਾ ਦਾਖਲਾ ਹੁੰਦਾ ਹੈ, ਉਹਦੇ ਨਾਲ ਹੀ ਬੱਚੇ ਦੇ ਮਾਪਿਆਂ ਨੂੰ ਜਾਗਰੂਕ ਕਰਾਓ, ਕਿ ਅਸੀਂ ਤੁਹਾਡੇ ਬੱਚੇ ਨੂੰ ਸਿੱਖ ਧਰਮ ਬਾਰੇ, ਬਾਬੇ ਨਾਨਕ ਬਾਰੇ ਨਹੀਂ ਪੜਾ ਸਕਦੇ, ਇਹਦੀ ਲਈ ਤੁਹਾਨੂੰ ਬਾਹਰੋਂ ਟਿਊਸ਼ਨ ਲੈਣੀ ਪਵੇਗੀ।

ਦੇਖਣ ਵਿੱਚ ਆਇਆ ਹੈ ਕਿ ਕਈ ਵੲਰ ਕਿਸੇ ਚੈਨਲ ਦੇ ਐਂਕਰ ਵੱਲੋਂ ਮਾਇਕ ਲਿਆ ਕੇ ਕਿਸੇ ਬੱਚੇ ਦੇ ਅੱਗੇ ਕਰਕੇ ਉਹਨੂੰ ਸਵਾਲ ਪੁੱਛਿਆ ਜਾਂਦਾ ਹੈ,
ਹਾਂਜੀ ਦੱਸੋ ਬੱਚਿਓ, ਗੁਰੂ ਨਾਨਕ ਦੇਵ ਜੀ ਕੌਣ ਸਨ?
ਤੇ ਅੱਗੋਂ ਪਹਿਲੇ ਬੱਚੇ ਦਾ ਜਵਾਬ ਆਉਂਦਾ, ਮੈਨੂੰ ਨਹੀਂ ਪਤਾ।
ਦੂਜੇ ਬੱਚੇ ਦਾ ਜਵਾਬ ਆਉਂਦਾ, I don’t know
ਤੀਜੇ ਬੱਚੇ ਦਾ ਜਵਾਬ ਆਉਂਦਾ, ਸਾਨੂੰ ਇਹ ਲੇਖ ਹੀ ਨਹੀਂ ਹੈ।
ਚੌਥੇ ਬੱਚੇ ਦਾ ਜਵਾਬ ਆਉਂਦਾ, ਸਾਨੂੰ ਪੜਾਇਆ ਹੀ ਨਹੀਂ ਜਾਂਦਾ ਇਹਦੇ ਬਾਰੇ।

ਜਦੋਂ ਬੱਚਿਆਂ ਨੂੰ ਸਕੂਲਾਂ ‘ਚ ਗੁਰੂਆਂ ਬਾਰੇ ਪੜਾਇਆ ਹੀ ਨਹੀਂ ਜਾਂਦਾ ਤਾਂ ਉਹ ਵਿਚਾਰੇ ਜਵਾਬ ਵੀ ਕਿੱਥੋਂ ਦੇਣ? ਕਿਹੜੇ ਮਹਿਕਮੇ ਨੇ ਕਨੂੰਨ ਪਾਸ ਕੀਤਾ ਹੈ ਕਿ ਬੱਚਿਆਂ ਨੂੰ ਸਿੱਖੀ ਦਾ ਗਿਆਨ ਨਹੀਂ ਦੇਣਾ? ਉਹਨਾਂ ਨੂੰ ਉਹਨਾਂ ਦੇ ਗੁਰੂਆਂ ਬਾਰੇ ਨਹੀਂ ਦੱਸਣਾ। ਚਲੋ ਮੰਨ ਲੈਨੇ ਆ ਕਿ ਸਕੂਲ ਦਾ ਪੱਧਰ ਬਹੁਤ ਉੱਚਾ ਏ, ਉਹ ਪੰਜਾਬੀ ਨਹੀਂ ਪੜਾਉਂਦੇ, ਸਾਰਾ ਕੁੱਝ ਅੰਗਰੇਜੀ ‘ਚ ਹੀ ਪੜਾਉਂਦੇ ਹਨ ਤੇ ਗੁਰੂਆਂ ਬਾਰੇ ਤਾਂ ਸਾਰੀਆਂ ਭਾਸ਼ਾਵਾਂ ‘ਚ ਅਨੁਵਾਦ ਹੈ, ਬੱਚਿਆਂ ਨੂੰ ਅੰਗਰੇਜੀ ਵਿੱਚ ਵੀ ਸਿੱਖੀ ਦਾ ਗਿਆਨ ਦਿੱਤਾ ਜਾ ਸਕਦਾ ਹੈ।
ਮੈਂ ਇਹ ਨਹੀਂ ਕਹਿੰਦਾ ਕਿ ਸਕੂਲਾਂ ਵਾਲੇ ਦੂਜੇ ਵਿਸ਼ੇ ਬੰਦ ਕਰ ਦੇਣ, ਨਹੀਂ , ਬਲਕਿ ਉਹਨਾਂ ਦੇ ਨਾਲ ਨਾਲ ਹਰੇਕ ਬੱਚੇ ਨੂੰ ਉਹਨਾਂ ਦੇ ਗੁਰੂਆਂ ਬਾਰੇ ਵੀ ਚਾਣਨਾ ਪਾਉਣ।
ਮੈਂ ਕੱਲੇ ਸਿੱਖ ਭਾਈਚਾਰੇ ਦੀ ਗੱਲ੍ਹ ਨਹੀਂ ਕਰਦਾ, ਸਾਰੇ ਧਰਮਾਂ ਚ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਗੁਰੂਆਂ ਦਾ ਗਿਆਨ ਹੋਣਾ ਲਾਜਮੀ ਹੈ, ਭਾਵੇਂ ਉਹ ਮੁਸਲਮਾਨ ਹੋਵੇ, ਭਾਵੇਂ ਉਹ ਕਿਸੇ ਵੀ ਧਰਮ ਨਾਲ ਸਬੰਧਿਤ ਹੋਵੇ।
ਇੱਥੇ ਇਕੱਲੇ ਸਕੂਲਾਂ ਵਾਲੇ ਗਲਤ ਨਹੀਂ ਹਨ, ਇੱਥੇ ਕੁੱਝ ਕੂ ਫੀਸਦੀ ਮਾਪੇ ਵੀ ਗਲਤ ਹਨ, ਜਿਹੜੇ ਕਿ ਆਪ ਸਿੱਖ ਹੋਣ ਦੇ ਨਾਤੇ ਬੱਚਿਆਂ ਨੂੰ ਸਿੱਖੀ ਦਾ ਗਿਆਨ ਨਹੀਂ ਦੇ ਸਕਦੇ।
ਮੇਰਾ ਤਾਂ ਕਹਿਣਾ ਸਾਰੇ ਸਕੂਲਾਂ ‘ਚ ਦੂਜੇ ਵਿਸ਼ਿਆਂ ਦੇ ਨਾਲ ਨਾਲ ਇੱਕ ਪੀਰੀਅਡ ਗੁਰੂਆਂ ਦੀਆਂ ਸਿੱਖਿਆਵਾਂ ਬਾਰੇ ਵੀ ਹੋਣਾ ਚਾਹੀਦਾ ਹੈ। ਤਾਂ ਕਿ ਕੋਈ ਵੀ ਬੱਚਾ ਆਪਣੇ ਗੁਰੂਆਂ ਦੀਆਂ ਸਿੱਖਿਆਵਾਂ ਤੋਂ ਵਾਂਝਾ ਨਾ ਰਹਿ ਸਕੇ।

ਧੰਜਲ ਜ਼ੀਰਾ।
+91-98885-02020

...
...

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)