Sub Categories

...
...

ਇੱਕ IAS ਦੀ ਤਿਅਾਰੀ ਕਰਦੇ ਮੁੰਡੇ ਨੇ ਅਖਬਾਰ ਚ ਇਸ਼ਤਿਹਾਰ ਦਿੱਤਾ…
ਪੜੇ ਲਿਖੇ IAS ਕਰਦੇ ਮੁੰਡੇ ਲਈ ਪੜ੍ਹੀ ਲਿਖੀ ਕੰਨਿਆ ਦੀ ਲੋੜ ਹੈ ਸਪੰਰਕ ਕਰੋ।
ਕਿਸੇ ਨੇ ਸੰਪਰਕ ਨਾ ਕੀਤਾ, ਸ਼ਾਇਦ ਲੋਕਾਂ ਨੇ ਸੋਚ ਲਿਅਾ ਹੋਣੈ ਤਿਅਾਰੀ ਹੀ ਕਰ ਰਿਹਾ ਹੈ ਕੀ ਪਤਾ IAS ਲੱਗੇ ਜਾਂ ਨਾ ਲੱਗੇ।

ਇੱਕ ਪ੍ਰਾਈਵੇਟ ਸਕੂਲ ਚ ਪੰਜ ਹਜਾਰ ਤੇ ਨੌਕਰੀ ਕਰਦੀ ਟੀਚਰ ਨੇ ਫੋਨ ਕੀਤਾ।
ਸਰ, ਮੇਰੇ ਪਾਪਾ ਤੁਹਾਨੂੰ ਮਿਲਣਾ ਚਾਹੁੰਦੇ ਹਨ।
ਉਹ ਮੁੰਡਾ ਉਹਨਾਂ ਨੂੰ ਮਿਲਿਅਾ ਤੇ ਛੇ ਮਹੀਨੇ ਦਾ ਸਮਾਂ ਲੈਕੇ ਚਲਾ ਗਿਅਾ।
ਛੇ ਮਹੀਨੇ ਬਾਅਦ ਉਹ IAS ਭਰਤੀ ਹੋ ਗਿਅਾ।
ਉਸਨੇ ਫਿਰ ਅਖਬਾਰ ਚ ਇੱਕ ਇਸ਼ਤਿਹਾਰ ਦਿੱਤਾ।

IAS ਲੱਗੇ ਮੁੰਡੇ ਲਈ ਪੜ੍ਹੀ-ਲਿਖੀ ਕੰਨਿਆ ਦੀ ਲੋੜ
ਇਸ ਵਾਰ ਹਜਾਰਾਂ ਲੋਕਾਂ ਦੇ ਰਿਸ਼ਤੇ ਲਈ ਫੋਨ ਆਏ

ਉਸਨੇ ਸਾਰੇ ਲੋਕਾਂ ਨੂੰ ਇੱਕੋ ਦਿਨ ਮਿਲਣ ਲਈ ਬੁਲਾ ਲਿਅਾ।

ਸਾਰੇ ਲੋਕਾਂ ਦੀ ਹਾਜਰੀ ਚ
ਉਹ IAS ਅਫਸਰ ਪ੍ਰਾਈਵੇਟ ਸਕੂਲ ਦੀ ਟੀਚਰ ਦੇ ਗਲੇ ਚ ਹਾਰ ਪਾਕੇ ਵਿਅਾਹ ਕਰਦੇ ਹੋਏ ਸਭ ਨੂੰ ਸੰਬੋਧਨ ਕਰਦੇ ਹੋਏ ਬੋਲਿਅਾ..

ਮੈਂ ਵੱਡੇ ਵੱਡੇ ਅਫ਼ਸਰਾਂ, ਅਮੀਰਾਂ ਦੇ ਰਿਸ਼ਤੇ ਤਿਅਾਗ ਕੇ ਇਸ ਅਾਮ ਘਰੇਲੂ ਪ੍ਰਾਈਵੇਟ ਅਧਿਅਾਪਕ ਨਾਲ ਇਸ ਲਈ ਰਿਸ਼ਤਾ ਜੋੜਿਅਾ ਹੈ ਕਿਉਂਕਿ
ਇਸਨੇ ਉਸ ਵਕਤ ਮੇਰੇ ਇਸ਼ਤਿਹਾਰ ਤੇ ਗੌਰ ਕੀਤਾ ਜਦੋਂ ਮੈਂ ਅਜੇ ਮਿਹਨਤ ਕਰ ਰਿਹਾ ਸੀ।
ਇਸ ਦੇ ਦਿਲ ਚ ਇੱਕ ਮਿਹਨਤੀ ਇਨਸਾਨ ਲਈ ਕਦਰ ਤੇ ਇੱਜਤ ਮਾਣ ਸੀ।
ਬਾਕੀ ਤੁਸੀਂ ਸਾਰੇ ਮੇਰੀ ਕਾਮਯਾਬੀ ਨਾਲ ਰਿਸ਼ਤਾ ਜੋੜਨ ਘਰੋਂ ਨਿੱਕਲੇ ਹੋ
ਪਰ ਇਸਨੇ ਮੇਰੀ ਮਿਹਨਤ ਨਾਲ ਹੀ ਰਿਸ਼ਤਾ ਜੋੜ ਲਿਅਾ ਸੀ।
ਅਗਿਆਤ

...
...

ਇਸ ਵਾਰ ਦੀ ਮੇਰੀ ਕਸ਼ਮੀਰ ਯਾਤਰਾ ਜਦੋਂ ਸ਼ੁਰੂ ਹੋਈ…ਉਸ ਤੋਂ ਕੁਝ ਦਿਨ ਪਹਿਲਾਂ ਹੀ ਇਕ ਟਰੱਕ ਡਰਾਈਵਰ ( ਗੈਰ ਕਸ਼ਮੀਰੀ ) ਨੂੰ ਕਸ਼ਮੀਰ ਦੇ ਸ਼ੋਪਿਆਂ ਨਾਮ ਦੇ ਇਲਾਕੇ ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ…

ਮੈਂ ਕਸ਼ਮੀਰ ਕਿੰਨੀ ਹੀ ਵਾਰ ਜਾ ਆਇਆ ਹਾਂ…ਏਨੀ ਕੁ ਵਾਰ ਕਿ ਮੈਂ ਹੁਣ ਗਿਣ ਨਹੀਂ ਸਕਦਾ…ਪਰ ਹਰ ਵਾਰ ਜਦੋਂ ਇਸ ਸੋਹਣੀ ਜਮੀਨ ਤੇ ਪੁੱਜਦਾ ਹਾਂ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ….ਤੇ ਏਦਾਂ ਲੱਗਣ ਲੱਗ ਜਾਂਦਾ ਹੈ ਜਿਵੇਂ ਕਸ਼ਮੀਰ ਦੀ ਇਹ ਮੇਰੀ ਪਹਿਲੀ ਯਾਤਰਾ ਹੋਵੇ…

ਜਹਾਜ਼ ਦੀਆਂ ਬਾਰੀਆਂ ਨੂੰ ਖੋਲਣ ਨਾ ਦੇਣਾ….ਇਹ ਅਜੀਬ ਸੀ…ਏਅਰਪੋਰਟ ਤੋਂ ਬਾਹਰ ਆਉਣ ਤੋਂ ਬਾਦ ਹੀ ਮਹਿਸੂਸ ਹੋਣ ਲੱਗ ਗਿਆ ਕਿ ਇਸ ਵਾਰ ਕਸ਼ਮੀਰ ਚ ਮੈਨੂੰ ਕੋਈ ਟੂਰਿਸਟ ਨਹੀਂ ਦਿਖੇਗਾ…ਏਅਰਪੋਰਟ ਦਾ ਬਾਹਰੀ ਹਿੱਸਾ ਜਿਥੇ ਹਮੇਸ਼ਾਂ ਰੌਣਕ ਦਿਖਦੀ ਹੈ ਇਸ ਵਾਰ ਸੁਨਸਾਨ ਸੀ…

ਏਅਰਪੋਰਟ ਤੋਂ ਸ਼੍ਰੀਨਗਰ ਸ਼ਹਿਰ ਤੱਕ ਟਰੈਫਿਕ ਸੀ…ਪਰ ਦੁਕਾਨਾਂ ਅਤੇ ਬਾਜ਼ਾਰ ਬੰਦ ਸੀ….ਮੈਂ ਇਹ ਸਫ਼ਰ ਟੈਕਸੀ ਦੀ ਬਜਾਏ ਏਅਰਪੋਰਟ ਦੇ ਬਾਹਰ ਖੜੀ ਇਕ ਬਸ ਚ ਕੀਤਾ…ਜਿਸਨੇ ਮੈਨੂੰ ਲਾਲ ਚੌਂਕ ਤੋਂ ਪਹਿਲਾਂ ਹੀ ਆਂਦੇ ਇਕ ਟੈਕਸੀ ਸਟੈਂਡ ਉਪਰ ਉਤਾਰ ਦਿੱਤਾ…

ਆਪਣੇ ਸਮੇਂ ਤੋਂ ਇਕ ਘੰਟਾ ਦੇਰੀ ਨਾਲ ਜਹਾਜ਼ ਦੇ ਉਡਣ ਕਰਕੇ ਮੈਂ ਸ਼੍ਰੀਨਗਰ ਜਦੋਂ ਤੱਕ ਪੁਜਿਆ…ਉਦੋਂ ਤੱਕ ਸ਼ਾਮ ਸ਼ੁਰੂ ਹੋ ਚੁਕੀ ਸੀ…..ਤੇ ਮੇਰਾ ਭੁੱਖ ਦੇ ਨਾਲ ਬੁਰਾ ਹਾਲ ਸੀ….

” ਦੋ ਸਮੋਸੇ ਇਕ ਸੌ ਚਾਲੀ ਦੇ ” ਏਅਰਪੋਰਟ ਦੇ ਅੰਦਰ ਇਕ ਦੁਕਾਨ ਵਾਲੇ ਨੇ ਜਦੋਂ ਏਨਾ ਕਿਹਾ…ਤਾਂ ਮੈਂ ਕੁਛ ਵੀ ਖਾਣ ਦਾ ਇਰਾਦਾ ਛੱਡ ਦਿੱਤਾ….ਆਖਰ ਕੋਈ ਜਣਾ ਵੀ ਦੋ ਸਮੋਸਿਆਂ ਲਈ ਇਕ ਸੌ ਚਾਲੀ ਰੁਪਏ ਕਿਵੇਂ ਦੇ ਸਕਦਾ ਹੈ…ਪਰ ਜੇ ਉਸਦੀ ਦੁਕਾਨ ਹੈ….ਸਮੋਸੇ ਨੇ…ਰੇਟ ਵੀ ਏਨਾ ਹੀ ਪੱਕਾ ਕਰਕੇ ਲਿਖਿਆ ਹੋਇਆ ਹੈ….ਫੇਰ ਤਾਂ ਜਰੂਰ ਹੀ ਲੋਕ ਏਨੇ ਪੈਸੇ ਖਰਚ ਕੇ ਸਮੋਸੇ ਖਾਂਦੇ ਹੀ ਹੋਣਗੇ…ਪਰ ਮੇਰਾ ਦਿਲ ਨਹੀਂ ਕੀਤਾ ਏਨੇ ਮਹਿੰਗੇ ਸਮੋਸੇ ਖਾਣ ਨੂੰ…

ਬਾਹਰ ਆਂਦੇ ਹੀ ਬਸ ਮਿਲ ਗਈ….ਤੇ ਭੁੱਖੇ ਰਹਿ ਕੇ ਹੀ ਸਫ਼ਰ ਕਰਨ ਨੂੰ ਮਜਬੂਰ ਹੋਣਾ ਪਿਆ…

ਮੇਰੇ ਸਮੇਤ ਟਵੇਰਾ ਗੱਡੀ ਚ ਛੇ ਜਣੇ ਹੋਰ ਸੀ….ਮੈਂ ਸਭ ਤੋਂ ਮਗਰਲੀ ਸੀਟ ਤੇ ਜਾ ਬੈਠਿਆ…ਤੇ ਗੱਡੀ ਅਨੰਤਨਾਗ ਵੱਲ ਨੂੰ ਤੁਰ ਪਈ…

ਸੜਕਾਂ ਦੇ ਦੋਨਾਂ ਪਾਸਿਆਂ ਤੇ ਖੜੇ ਆਰਮੀ ਦੇ ਜਵਾਨ ਨਜ਼ਰ ਆਉਂਦੇ ਰਹੇ….50 ਕੁ ਕਿਲੋਮੀਟਰ ਦਾ ਸਫ਼ਰ ਦੋ ਘੰਟੇ ਚ ਪੂਰਾ ਹੋਇਆ…ਕਿਉਂਕਿ ਸੜਕ ਦੇ ਉਪਰ ਆਰਮੀ ਦਾ ਇਕ ਵੀ ਟਰੱਕ ਨਜ਼ਰ ਆਉਂਦਾ ਸੀ….ਤਾਂ ਸਾਰੀ ਟਰੈਫਿਕ ਨੂੰ ਬਹੁਤ ਦੇਰ ਤੱਕ ਲਈ ਰੋਕ ਦਿੱਤਾ ਜਾਂਦਾ ਸੀ…

ਮੇਰੀ ਡਿਊਟੀ ਇਸ ਵਾਰ ਜਿੰਨਾ ਇਲਾਕਿਆਂ ਚ ਸੀ….ਉਹਨਾਂ ਚ ਸਭ ਤੋਂ ਖਤਰਨਾਕ ਸ਼ੋਪਿਆਨ ਨਾਮ ਦੀ ਥਾਂ ਸੀ….

ਆਖਰ ਮੈਂ ਅਨੰਤਨਾਗ ਉਸ ਘਰ ਚ ਆਣ ਪੁਜਿਆ…ਜਿਥੇ ਮੈਂ ਹਮੇਸ਼ਾਂ ਰੁਕਦਾ ਹਾਂ….

” ਕਿਵੇਂ ਨਿਕਲੇ ਤੁਹਾਡੇ ਦੋ ਮਹੀਨੇ ? ” ਮੈਂ ਮਿਲਦੇ ਹੀ ਇਹ ਸੁਆਲ ਪੁੱਛਿਆ..

” ਬਸ…ਬੀਤ ਗਏ….ਇਕ ਖਰਾਬ ਸੁਪਨੇ ਵਾਂਗ…” ਬਜ਼ੁਰਗ ਅੰਕਲ ਬੋਲੇ..

” ਉਠਦੇ ਹਾਂ…ਤੇ ਬਸ…ਸਾਰੇ ਇਕ ਦੂਜੇ ਦੇ ਨਾਲ ਬੈਠ ਜਾਂਦੇ ਹਾਂ…ਖਾਣਾ ਖਾਂਦੇ ਹਾਂ…ਬਾਹਰ ਪਿੰਡ ਦਾ ਗੇੜਾ ਮਾਰ ਆਂਦੇ ਹਾਂ…ਫੇਰ ਘਰ ਅੰਦਰ ਆ ਕੇ ਬੈਠ ਜਾਂਦੇ ਹਾਂ…ਬਸ ਆਹੀ ਰੂਟੀਨ ਰਹੀ ” ਉਹ ਦਸਦੇ ਨੇ…

” ਮੋਬਾਈਲ ਚ ਕੋਈ ਫਿਲਮ ਭਰ ਕੇ ਲਿਆਏ ਹੋ ? ” ਬੱਚੇ ਮੈਨੂੰ ਪੁੱਛਦੇ ਨੇ…

ਅਸਲ ਚ ਇਹ ਬੱਚੇ ਨਹੀਂ ਨੇ…ਵੱਡੇ ਨੇ…ਪਰ ਮੈਂ ਏਨਾ ਨੂੰ ਬੱਚੇ ਹੀ ਸਮਝਦਾ ਹਾਂ…ਕਿਉਂਕਿ ਇਹ ਕੁੜੀ ਅਤੇ ਮੁੰਡਾ…ਮੈਨੂੰ ਜਦੋਂ ਪਹਿਲੀ ਵਾਰ ਮਿਲੇ ਸੀ…ਉਦੋਂ ਕੁੜੀ ਪੰਜਵੀਂ ਚ ਸੀ…ਤੇ ਮੁੰਡਾ ਪਹਿਲੀ ਜਮਾਤ ਚ ਸੀ…ਹੁਣ ਕੁੜੀ ਕਾਲਜ ਚ ਹੈ…ਮੁੰਡਾ ਸਕੂਲ ਚ….ਪਰ ਮੇਰੇ ਲਈ ਦੋਨੋਂ ਜਣੇ ਬੱਚਿਆਂ ਵਾਂਗ ਨੇ…

” ਮੋਬਾਈਲ ਚ ਤਾਂ ਕੁਝ ਨਹੀਂ ਹੈ ” ਮੈਂ ਆਖਦਾ ਹਾਂ..

” ਕੁਛ ਡਾਊਨਲੋਡ ਕਰਕੇ ਲਾਤੇ…ਹੁੰਹ ” ਕੁੜੀ ਨੇ ਮੂੰਹ ਬਣਾਇਆ…

ਮੈਨੂੰ ਯਾਦ ਆਇਆ ਕਿ ਮੇਰੇ ਲੈਪਟੋਪ ਚ ਨੇਟਫ਼ਲਿਕਸ ਹੈ…ਤੇ ਉਸਦੇ ਚ ਪਾਕਿਸਤਾਨੀ ਡਰਾਮਾ ‘ ਜ਼ਿੰਦਗੀ ਗੁਲਜ਼ਾਰ ਹੈ ‘ ਭਰਿਆ ਪਿਆ ਹੈ…ਮੈਂ ਦੋਨਾਂ ਨੂੰ ਇਸਦੇ ਬਾਰੇ ਦੱਸਿਆ…ਪਰ ਉਹਨਾਂ ਨੇ ਆਖਿਆ ਕਿ ਉਹਨਾਂ ਨੂੰ ਪਾਕਿਸਤਾਨ ਦੇ ਡਰਾਮੇ ਪਸੰਦ ਨਹੀਂ ਨੇ…

ਪਰ ਹੋਰ ਕੋਈ ਆਪਸ਼ਨ ਨਾ ਹੋਣ ਕਰਕੇ ਉਹ ਦੋਨੇਂ ਜਣੇ ਆਹੀ ਨਾਟਕ ਦੇਖਨ ਨੂੰ ਮਜਬੂਰ ਸੀ…

” ਕਲ ਦਾ ਕੀ ਪਲਾਨ ਹੈ ? ” ਮੈਨੂੰ ਪੁੱਛਿਆ ਗਿਆ..

” ਕਲ੍ਹ ਸ਼੍ਰੀਨਗਰ ਸਿਟੀ ਚ ਹੀ ਜਾਵਾਂਗਾ..” ਮੈਂ ਆਪਣਾ ਪਲਾਨ ਦਸਿਆ…

ਰਾਤ ਹੋ ਗਈ ਸੀ…ਤੇ ਠੰਡ ਹੁਣ ਹੱਡੀਆਂ ਤੱਕ ਪੁੱਜ ਰਹੀ ਸੀ….ਪਰ ਮੈਂ ਕਾਹਲੀ ਚ ਸਵੈਟਰ ਜਾਂ ਜੈਕਟ ਕੁਛ ਵੀ ਨਹੀਂ ਸੀ ਲੈ ਕੇ ਆਇਆ…ਬਜ਼ੁਰਗ ਅੰਕਲ ਨੇ ਆਪਣਾ ਇਕ ਸਵੈਟਰ ਮੈਨੂੰ ਦਿੱਤਾ…ਜੋ ਮੈਂ ਜਲਦੀ ਨਾਲ ਪਾ ਲਿਆ…

” ਖਾਓਗੇ ਕਿਆ ? ” ਬਜ਼ੁਰਗ ਆਂਟੀ ਨੇ ਕਸ਼ਮੀਰੀ ਚ ਆਖਿਆ….ਜਿਸਦਾ ਅਨੁਵਾਦ ਉਹਨਾਂ ਦੀ ਦੋਹਤਰੀ ਨੇ ਕੀਤਾ..

” ਮੈਗੀ ” ਮੈਂ ਆਖਿਆ..

ਕੁਛ ਹੀ ਦੇਰ ਚ ਮੈਗੀ ਤਿਆਰ ਸੀ….ਇਹ ਖਾਂਦੇ ਹੋਏ ਆਪਾਂ ਸਾਰੇ ਹਾਲਾਤਾਂ ਬਾਰੇ ਗੱਲਬਾਤ ਕਰਦੇ ਰਹੇ…

” ਪੰਜਾਬ ਨੇ ਹਮਾਰੇ ਬੱਚੋਂ ਕਾ ਬਹੁਤ ਸਾਥ ਦਿਆ ” ਅੰਕਲ ਬੋਲੇ..

” ਹਾਂਜੀ…ਦੇਣਾ ਹੀ ਸੀ…” ਮੈਂ ਹੱਸ ਕੇ ਆਖਿਆ…

ਨਾਰਮਲ ਗੱਲਬਾਤ ਕਰਦੇ ਕਰਦੇ ਰਾਤ ਆਣ ਖੜੀ ਹੋਈ ਸੀ…ਮੇਰੇ ਲਈ ਬਿਜਲੀ ਨਾਲ ਗਰਮ ਹੋਣ ਵਾਲਾ ਕੰਬਲ ਉਪਰ ਅਤੇ ਥੱਲੇ ਵਿਛਾਇਆ ਗਿਆ ਸੀ…ਜਿਸਦੇ ਵਿਚ ਮੈਂ ਫੱਸ ਕੇ ਪੈ ਗਿਆ…

….

ਸਵੇਰੇ ਮੈਂ ਘਰੋਂ ਅੱਠ ਵਜੇ ਨਿਕਲਿਆ….ਪਰ ਆਰਮੀ ਦੀਆਂ ਗੱਡੀਆਂ ਦੀ ਆਵਾਜਾਹੀ ਕਰਕੇ ਸੜਕ ਤੇ ਬਹੁਤ ਵੱਡਾ ਜਾਮ ਲੱਗਾ ਹੋਇਆ ਸੀ….ਮੈਂ ਇਕ ਬਾਈਕ ਤੇ ਲਿਫਟ ਲਈ…ਤੇ ਉਸ ਚੌਂਕ ਚ ਜ਼ਾ ਪੁਜਿਆ…ਜਿਥੋਂ ਸ਼੍ਰੀਨਗਰ ਲਈ ਟੈਕਸੀ ਮਿਲਦੀ ਹੈ…

ਇਕ ਘੰਟੇ ਚ ਮੁਕਣ ਵਾਲਾ ਸਫ਼ਰ ਢਾਈ ਘੰਟਿਆਂ ਚ ਮੁੱਕਿਆਂ….ਪਰ ਇਸ ਵਾਰ ਮੇਰੇ ਨਾਲ ਟੈਕਸੀ ਦੀ ਮਗਰਲੀ ਸੀਟ ਤੇ ਇਕ ਕਸ਼ਮੀਰੀ ਪੁਲਿਸ ਵਾਲਾ ਬੈਠਿਆ ਸੀ…

ਮੇਰੇ ਨਾਲ ਹੀ ਇਕ ਹੋਰ ਔਰਤ ਆ ਬੈਠੀ…ਜਿਸਦੇ ਨਾਲ ਦੋ ਨਿੱਕੀਆਂ ਬੱਚੀਆਂ ਸੀ….ਇਕ ਛੇਵੀਂ ਚ ਪੜਦੀ ਸੀ…ਤੇ ਦੂਸਰੀ ਚੌਥੀ ਚ….ਮੈਂ ਏਨਾ ਬੱਚੀਆਂ ਨੂੰ ਦੇਖਦਾ ਰਹਿ ਗਿਆ…ਇਹ ਬਹੁਤ ਹੀ ਜਿਆਦਾ ਸੋਹਣੀਆਂ ਸੀ…..ਬੱਚੇ ਸਾਰੇ ਹੀ ਸੋਹਨੇ ਹੁੰਦੇ ਨੇ….ਪਰ ਇਹ ਬਹੁਤ ਤੋਂ ਵੀ ਬਹੁਤ ਸੋਹਣੀਆਂ ਸੀ…

ਮੈਂ ਆਪਣੇ ਮੋਬਾਈਲ ਫੋਨ ਦਾ ਕੈਮਰਾ ਚੋਰੀ ਨਾਲ ਬੱਚੀਆਂ ਦੇ ਵੱਲ ਕੀਤਾ….ਤੇ ਫੋਟੋ ਕਲਿੱਕ ਕਰ ਲਈ….

ਪੁਲਿਸ ਵਾਲਾ ਤੇ ਔਰਤ…ਦੋਨੋਂ ਜਣੇ ਆਪਸ ਚ ਗੱਲਾਂ ਕਰਨ ਲੱਗ ਗਏ ਸੀ…ਦੋਨੋਂ ਬੱਚੀਆਂ ਮੇਰੇ ਵਲ ਬੜੀ ਉਤਸੁਕਤਾ ਦੇ ਨਾਲ ਦੇਖ ਲੈਂਦੀਆਂ ਸੀ…ਤੇ ਫੇਰ ਚਲਦੀ ਗੱਡੀ ਚੋਂ ਬਾਹਰ ਨੂੰ ਦੇਖਣ ਲੱਗ ਜਾਂਦੀਆਂ ਸੀ…

” ਕੀ ਨਾਮ ਹੈ ਏਨਾ ਦਾ ? ” ਮੈਂ ਵੀ ਖੁਦ ਨੂੰ ਗਲਬਾਤ ਚ ਸ਼ਾਮਲ ਕਰਨ ਲਈ ਪੁੱਛ ਲਿਆ..

ਔਰਤ ਨੇ ਦੋਨਾਂ ਕੁੜੀਆਂ ਦੇ ਨਾਮ ਦੱਸੇ ਜੋ ਮੈਂ ਹੁਣ ਭੁਲ ਗਿਆ….ਫੇਰ ਪਤਾ ਲਗਿਆ ਕਿ ਇਹ ਔਰਤ ਛੇਵੀਂ ਜਮਾਤ ਵਾਲੀ ਨੂੰ ਡਾਕਟਰ ਕੋਲ ਲੈ ਕੇ ਜ਼ਾ ਰਹੀ ਹੈ…ਉਸਦਾ ਭਾਰ ਘਟਦਾ ਸੀ….ਤੇ ਉਹ ਢੰਗ ਨਾਲ ਰੋਟੀ ਵੀ ਨਹੀਂ ਸੀ ਖਾਂਦੀ…

” ਰੱਬ ਕਰੇ ਇਹ ਜਲਦੀ ਠੀਕ ਹੋ ਜਾਵੇ ” ਮੈਂ ਨਿੱਕੀ ਕੁੜੀ ਦੇ ਸਿਰ ਉਪਰ ਪੋਲਾ ਜੇਹਾ ਹੱਥ ਰੱਖ ਕੇ ਪਿਆਰ ਦਿੱਤਾ…

ਕੁੜੀ ਦੇ ਚੇਹਰੇ ਤੇ ਖੁਸ਼ੀ ਆਈ…ਤਾਂ ਮੈਂ ਵੀ ਖੁਸ਼ ਹੋ ਗਿਆ…

” ਦੋ ਮਹੀਨੇ ਤੋਂ ਕਸ਼ਮੀਰ ਬੰਦ ਹੈ…ਫੇਰ ਏਨਾ ਦੀ ਪੜ੍ਹਾਈ ਕਿਵੇਂ ਚਲਦੀ ਹੈ ? ” ਮੈਂ ਸੁਆਲ ਕੀਤਾ..

” ਟਿਊਸ਼ਨ ਰਖਵਾਨੀ ਪੜ੍ਹਤੀ ਹੈ…ਬੰਦ ਹੋ ਚਾਹੇ ਸਭ…ਪਰ ਇਨਕੇ ਪੇਪਰ ਤੋਂ ਹੋਂਗੇ…ਸਕੂਲ ਨਾ ਭੀ ਖੁਲੇਂਗੇ…ਘਰ ਪਰ ਤੋਹ ਪੜ੍ਹਨਾ ਹੀ ਹੈ ”

ਮੈਂ ਹੋਰ ਕੋਈ ਸੁਆਲ ਨਹੀਂ ਕੀਤਾ….ਕਿਉਂਕਿ ਔਰਤ ਦਾ ਸਟੇਸ਼ਨ ਆ ਗਿਆ ਸੀ…

” ਭਇਆ ਕੋ ਬਾਏ ਬੋਲੋ ” ਔਰਤ ਨੇ ਆਪਣੀਆਂ ਬੱਚੀਆਂ ਨੂੰ ਆਖਿਆ..

ਦੋਵਾਂ ਜੁਆਕੜੀਆਂ ਨੇ ਮੇਰੇ ਵੱਲ ਦੇਖ ਕੇ ਹੱਸ ਕੇ ਹੱਥ ਹਿਲਾਇਆ….

” ਬਾਏ ” ਮੈਂ ਵੀ ਹੱਸ ਕੇ ਹੱਥ ਹਿਲਾਇਆ…

ਮੈਂ ਮਨ ਹੀ ਮਨ ਉਹਨਾਂ ਦੀ ਚੋਰੀ ਨਾਲ ਫੋਟੋ ਖਿੱਚਣ ਦਾ ਬੋਝ ਫੀਲ ਕਰ ਰਿਹਾ ਸੀ….ਮੈਂ ਆਪਣਾ ਮੋਬਾਈਲ ਕੱਢਿਆ…ਤੇ ਉਹਨਾਂ ਦੀ ਫੋਟੋ ਨੂੰ ਡਲੀਟ ਕਰ ਦਿੱਤਾ…

……

ਮੇਰੇ ਸਾਹਮਣੇ ਬੈਠੇ ਪੁਲਿਸ ਵਾਲੇ ਨੇ ਮੈਨੂੰ ਕਸ਼ਮੀਰ ਆਉਣ ਦਾ ਕਾਰਨ ਪੁੱਛਿਆ..

” ਮੇਰੀ ਨੌਕਰੀ ਹੈ ਏਧਰ ” ਮੈਂ ਜੁਆਬ ਦਿੱਤਾ..

ਉਹ ਮੈਨੂੰ ਦਸਣ ਲਗਿਆ ਕਿ ਉਸਨੂੰ ਪੰਜਾਬ ਬਹੁਤ ਪਸੰਦ ਹੈ…ਤੇ ਆਪਣੇ ਮੋਬਾਈਲ ਚ ਆਪਣੀਆਂ ਫੋਟੋਆਂ ਦਿਖਾਉਣ ਲੱਗ ਗਿਆ…

” ਸਰ…ਇਕ ਗੱਲ ਪੁੱਛਾਂ…ਜੇ ਬੁਰਾ ਨਾ ਮਨਾਓ ? ” ਮੈਂ ਆਖਿਆ..

” ਹਾਂ…ਪੁਛੋ ? ” ਉਸਨੇ ਮੇਰੇ ਵੱਲ ਦੇਖਿਆ..

” ਤੁਸੀਂ ਕਸ਼ਮੀਰੀ ਹੋ…ਸਰਕਾਰ ਤਾਂ ਚਲੋ ਤੁਹਾਡੇ ਨੌਜਵਾਨਾਂ ਦੇ ਨਾਲ ਜੋ ਕਰਦੀ ਹੈ…ਕਰ ਹੀ ਰਹੀ ਹੈ…ਪਰ ਤੁਸੀਂ ਪੁਲਿਸ ਵਾਲੇ ਤਾਂ ਏਨਾ ਦੇ ਆਪਣੇ ਹੋ…ਫੇਰ ਤੁਸੀਂ ਆਪਣੇ ਹੀ ਮੁੰਡਿਆਂ ਨੂੰ ਕਿਵੇਂ ਫੜ੍ਹ ਲੈਂਦੇ ਹੋ…ਏਨਾ ਦਾ ਸਾਥ ਨਹੀਂ ਦਿੰਦੇ ਹੋ…ਤੇ ਪੱਥਰ ਮਾਰਨ ਬਦਲੇ ਏਨਾ ਨੂੰ ਉਮਰ ਭਰ ਲਈ ਮਰਨ ਜੋਗਾ ਕਰ ਦਿੰਦੇ ਹੋ ” ਮੈਂ ਬੋਲਿਆ..

” ਬਸ….ਆਪਾਂ ਫੱਸੇ ਹੋਏ ਹਾਂ…ਜੇ ਮੁੰਡਿਆਂ ਦੇ ਹੱਕ ਚ ਹੋਵਾਂਗੇ…ਤਾਂ ਸਾਡੀਆਂ ਨੌਕਰੀਆਂ ਨਹੀਂ ਰਹਿਣੀਆਂ…ਸਰਕਾਰ ਅੱਗੇ ਬੁਰੇ ਬਣਾਂਗੇ…ਜੇ ਸਰਕਾਰ ਨਾਲ ਹਾਂ…ਫੇਰ ਏਨਾ ਮੁੰਡਿਆਂ ਲੁਈ ਬੁਰੇ ਹਾਂ ” ਉਹ ਬੋਲਿਆ..

” ਤੁਹਾਡਾ ਮਨ ਕਿਸ ਵਲ ਹੈ…ਸਰਕਾਰ ਵੱਲ ਜਾਂ ਮੁੰਡਿਆਂ ਵੱਲ ? ” ਮੈਂ ਫੇਰ ਸੁਆਲ ਕੀਤਾ..

” ਇਹ ਜਿੱਤ ਨਹੀਂ ਸਕਦੇ…ਸਰਕਾਰ ਕੋਲ ਤਾਕਤ ਹੈ..” ਉਹ ਬੋਲਿਆ…

” ਮੈਨੂੰ ਪਤਾ ਹੈ…ਪਰ ਮੈਂ ਬਸ ਤੁਹਾਡੇ ਮਨ ਬਾਰੇ ਪੁੱਛਿਆ..

” ਮਨ ਦਾ ਕੀ ਹੈ…ਮਨ ਦੀ ਮੰਨਣ ਦਾ ਕੋਈ ਫਾਇਦਾ ਨਹੀਂ ”

” ਫੇਰ ਵੀ…ਦਿਲ ਚ ਕਦੀ ਆਪਣੇ ਲੋਕਾਂ ਲਈ ਤਰਸ ਨਹੀਂ ਆਇਆ ? ” ਮੈਂ ਸੁਆਲ ਕੀਤਾ..

” ਇਹ ਬੇਵਕੂਫ ਨੇ…ਸਰਕਾਰ ਨਾਲ ਪੰਗਾ ਲੈਣਾ ਠੀਕ ਨਹੀਂ ” ਉਸਨੇ ਆਖਿਆ..

ਮੈਂ ਉਸਨੂੰ ਹੋਰ ਕੁਝ ਵੀ ਪੁੱਛਣਾ ਠੀਕ ਨਹੀਂ ਸਮਝਿਆ….ਆਪਾਂ ਅੱਗੇ ਦਾ ਸਫ਼ਰ ਚੁੱਪ ਰਹਿ ਕੇ ਕੀਤਾ..

” ਆਓ…ਚਾਏ ਪੀ ਕਰ ਜਾਓ ” ਉਹ ਉਤਰਨ ਲੱਗੇ ਬੋਲਿਆ..

” ਸ਼ੁਕਰੀਆ ਸਰ ਜੀ…” ਮੈਂ ਹੱਸ ਕੇ ਆਖਿਆ..

ਉਸਨੇ ਹੱਥ ਮਿਲਾਇਆ….ਤੇ ਉਤਰਨ ਲਈ ਉਠਿਆ…

” ਮੈਂ ਬਰਜੁਲਾਹ ਚੌਂਕ ਜਾਣਾ…ਕਿਦਾਂ ਜਾਣਾ ਹੈ ? ” ਮੈਂ ਸੁਆਲ ਕੀਤਾ..

ਉਸਨੇ ਮੈਨੂੰ ਕਿਹਾ ਕਿ ਮੈਂ ਵੀ ਉਸਦੇ ਨਾਲ ਹੀ ਉਤਰ ਜਾਵਾਂ…ਮੈਂ ਉਸਦੇ ਨਾਲ ਹੀ ਉਤਰਿਆ…ਉਸਨੇ ਇੱਕ ਆਟੋ ਨੂੰ ਰੋਕਿਆ….ਤੇ ਜਾਇਜ਼ ਕਿਰਾਏ ਚ ਮੈਨੂੰ ਮੇਰੇ ਟਿਕਾਣੇ ਤੱਕ ਪਹੁੰਚਾਉਣ ਲਈ ਆਟੋ ਕਰ ਦਿੱਤਾ….

ਮੈਂ ਉਸਨੂੰ ਥੈਂਕਸ ਕਿਹਾ…ਤੇ ਆਟੋ ਚ ਜ਼ਾ ਬੈਠਿਆ…

ਅੱਧੇ ਘੰਟੇ ਬਾਦ ਮੈਂ ਬੈਂਕ ਚ ਮਸ਼ੀਨ ਠੀਕ ਕਰ ਰਿਹਾ ਸੀ…

( ਬਾਕੀ ਅਗਲੇ ਭਾਗ ਚ )

✍ ਹਰਪਾਲ ਸਿੰਘ

...
...

ਬੜੀ ਬਹੁਤ ਪੂਰਾਣੀ ਹਿੰਦੀ ਫਿਲਮ..ਪਿਆਸਾ
ਮੁਖ ਕਿਰਦਾਰ ਗੁਰੂ ਦੱਤ ਉੱਚ ਕੋਟਿ ਦਾ ਕਵੀ..ਐਸੀਆਂ ਰਚਨਾਵਾਂ ਅਤੇ ਸ਼ਾਇਰੀ ਘੜਦਾ ਕੇ ਲੋਕ ਅਸ਼-ਅਸ਼ ਕਰ ਉਠਦੇ! ਪਰ ਕਿੰਨੇ ਸਾਰੇ ਦੁਸ਼ਮਣ ਵੀ ਉੱਠ ਖੜੋਂਦੇ..ਸਿਰਫ ਇਸ ਡਰੋਂ ਉਸਨੂੰ ਕਵੀ ਦਰਬਾਰਾਂ ਵਿਚ ਆਉਣੋਂ ਰੋਕ ਦਿੰਦੇ ਕਿ ਇਸਨੇ ਤਾਂ ਸਾਰਾ ਮੇਲਾ ਹੀ ਲੁੱਟ ਕੇ ਲੈ ਜਾਣਾ..

ਇਕ ਦਿਨ ਰੇਲਵੇ ਲਾਈਨ ਕੰਢੇ ਬੈਠੇ ਨੂੰ ਨੀਂਦ ਆ ਗਈ..ਇਕ ਚੋਰ ਉਸਦਾ ਕੋਟ ਚੋਰੀ ਕਰ ਲੈਂਦਾ ਤੇ ਲਾਈਨਾਂ ਪਾਰ ਕਰਦਾ ਹੋਇਆ ਗੱਡੀ ਹੇਠ ਆ ਜਾਂਦਾ। ਪੁਲਸ ਉਸਦਾ ਕੋਟ ਰੱਖ ਲੈਂਦੀ ਤੇ ਲਾਸ਼ ਦਾ ਸੰਸਕਾਰ ਕਰ ਦਿੱਤਾ ਜਾਂਦਾ ਤੇ ਲੋਕ ਉਸਨੂੰ ਮਰਿਆ ਸਮਝ ਲੈਂਦੇ।
ਉਹ ਪਾਟੇ ਪੂਰਾਣੇ ਕੱਪੜੇ ਪਾ ਸ਼ਹਿਰ ਮੁੜਦਾ ਤਾਂ ਉਸਦੀ ਯਾਦ ਵਿਚ ਸ਼ਰਧਾਂਜਲੀ ਸਮਾਰੋਹ ਹੋ ਰਿਹਾ ਹੁੰਦਾ..ਉਸਦੀ ਸਿਫਤ ਸਲਾਹ ਵਿਚ ਕਿੰਨੀਆਂ ਸਾਰੀਆਂ ਕਵਿਤਾਵਾਂ ਅਤੇ ਕਸੀਦੇ ਪੜੇ ਜਾ ਰਹੇ ਹੁੰਦੇ।
ਉਹ ਆਪਣੀ ਪਹਿਚਾਣ ਦੱਸਦਾ ਹੋਇਆ ਅੰਦਰ ਲੰਘਣ ਲੱਗਦਾ ਤਾਂ ਮੰਗਤਾ ਅਤੇ ਪਾਗਲ ਸਮਝ ਕੇ ਰੋਕ ਲਿਆ ਜਾਂਦਾ ਹੈ।

ਸੋ ਦੋਸਤੋ ਬਾਬੇ ਨਾਨਕ ਦੇ ਪੰਜ ਸੌ ਪੰਝਾਵੇਂ ਜਨਮ ਦਿਨ ਮਨਾਉਣ ਦੇ ਨਾਮ ਤੇ ਸੰਗਤ ਦਾ ਕਰੋੜਾਂ ਅਰਬਾਂ ਰੁਪਈਆ ਖਰਚ ਕੇ ਰਾਜ ਪੱਧਰੀਆਂ ਤਿਆਰੀਆਂ ਹੋ ਰਹੀਆਂ ਨੇ, ਮੋਦੀ ਦੀ ਆਮਦ ਤੇ ਝੋਲੀ ਚੁੱਕਾਂ ਨੇ ਸਾਢੇ ਪੰਜ ਕਵਿੰਟਲ ਦਾ ਕੇਕ ਕੱਟਣਾ, ਆਓ ਭਗਤ ਤੇ ਨਾਮ ਤੇ ਕਿੰਨਾ ਪੈਸਾ ਫੂਕਿਆ ਜਾਣਾ ਅਤੇ ਹੋਰ ਵੀ ਕਿੰਨਾ ਕੁਝ ਪਾਣੀ ਵਾਂਗ ਵਹਾਇਆ ਜਾਵੇਗਾ..।
ਅਕਸਰ ਸੋਚਦਾ ਹਾਂ ਕਿ ਜੇ ਇਸ ਸਾਰੇ ਰੰਗ ਤਮਾਸ਼ਿਆਂ ਨੂੰ ਵੇਖਣ ਬਾਬਾ ਨਾਨਕ ਖੁਦ ਸੁਲਤਾਨਪੁਰ ਲੋਧੀ ਦੀ ਜੂਹ ਵਿਚ ਆਣ ਵੜੇ ਤਾਂ ਧਰਮ ਦੇ ਠੇਕੇਦਾਰਾਂ ਕਮਲਾ ਆਖ ਉਸਨੂੰ ਵੀ ਦੂਰ ਭਜਾ ਦੇਣਾ.. ਕਿਓੰਕਿ ਕਿੱਥੇ ਕਰਤਾਰਪੁਰ ਦੇ ਖੇਤਾਂ ਵਿਚ ਹਲ ਵਾਹੁੰਦਾ ਮਿੱਟੀਓਂ ਮਿੱਟੀ ਹੁੰਦਾ ਆਮ ਜਿਹਾ ਬਾਬਾ ਨਾਨਕ ਅਤੇ ਕਿੱਥੇ ਲਾਈਟਾਂ ਛੱਡਦੀ ਸੋਭਾ ਸਿੰਘ ਦੀ ਬਣਾਈ ਹੋਈ ਉਸਦੀ ਫੈਂਸੀ ਜਿਹੀ ਤਸਵੀਰ।

ਹਰਪ੍ਰੀਤ ਸਿੰਘ ਜਵੰਦਾ

...
...

ਦੀਵਾਲੀ ਵਾਲੇ ਦਿਨ ਲੱਛਮੀ ਨੇ ਆਉਣਾ ਬੂਹੇ ਖੁਲੇ ਰਹਿਣ ਦਿਓ।

ਰਾਤ ਦੇ ਸਮੇਂ ਬਾਹਰ ਜਦੋਂ ਵੀ ਕੋਈ ਵੱਡਾ ਪਟਾਕਾ ਚੱਲਦਾ, ਤਾਂ ਡੇਢ ਕੁ ਸਾਲ ਦਾ ਬੱਚਾ ਡਰ ਨਾਲ ਤ੍ਰਬਕ ਕੇ ਜੋਰ ਜੋਰ ਦੀ ਰੋਣ ਲੱਗ ਪੈਂਦਾ। ਨੌਕਰ ਨੂੰ ਵੇਖ ਕੇ ਤਰਸ ਆਇਆ, ਉਸਨੇ ਘਰ ਦਾ ਦਰਵਾਜਾ ਬੰਦ ਕਰ ਦਿੱਤਾ।
ਘਰ ਦੀ ਮਾਲਕਿਨ ਨੇ ਦਰਵਾਜਾ ਬੰਦ ਵੇਖ ਕੇ ਨੌਕਰ ਨੂੰ ਗੁੱਸੇ ਹੁੰਦਿਆਂ ਕਿਹਾ,,ਤੈਨੂੰ ਪਤਾ ਨਹੀ ਅੱਜ ਦੀਵਾਲੀ ਏ,ਅੱਜ ਲਛਮੀ ਨੇ ਘਰ ਆਉਣਾ ਹੈ। ਮਾਲਕਿਨ ਨੇ ਫਿਰ ਦਰਵਾਜਾ ਖੋਲ ਕਰ ਦਿੱਤਾ। ਪਟਾਕਿਆ ਦੀ ਅਵਾਜ਼ ਨਾਲ ਬੱਚੇ ਨੇ ਫਿਰ ਰੋਣਾ ਸ਼ੁਰੂ ਕਰ ਦਿੱਤਾ। ਨੌਕਰ ਨੂੰ ਬੱਚੇ ਤੇ ਫਿਰ ਤਰਸ ਆਇਆ।
ਮਾਲਕਿਨ ਨੂੰ ਕਹਿਣ ਲੱਗਾ, ਮਾਲਕਿਨ ,,, ਦਰਵਾਜਾ ਬੰਦ ਕਰ ਦਿਓ ਨਾ,, ਵੇਖੋ ਤੁਹਾਡਾ ਨਿੱਕਾ ਬੱਚਾ ਕਿਵੇਂ ਡਰ ਨਾਲ ਰੋ ਰਿਹਾ ਏ ।

ਮਾਲਕਿਨ ਨੂੰ ਆਪਣੇ ਵਲੋਂ ਨੌਕਰ ਨੂੰ ਝਾੜ ਪਾਉਂਦਿਆਂ ਹੋਇਆ, ਕਿਹਾ ।
ਤੇਰੇ ਕੋਲ ਦਿਮਾਗ ਨਾਮ ਦੀ ਕੋਈ ਚੀਜ਼ ਹੈ ਜਾਂ ਨਹੀ ?
ਤੈਨੂੰ ਪਤਾ ਨਹੀ, ਅੱਜ ਦੀਵਾਲੀ ਹੈ, ਅੱਜ ਤਾਂ ਮੂਰਖ ਤੋਂ ਮੂਰਖ ਵੀ ਘਰ ਦੇ ਦਰਵਾਜ਼ੇ ਖੁੱਲੇ ਰੱਖਦੇ ਨੇ, ਤਾ ਕਿ ਲਛਮੀ ਘਰ ਆ ਸਕੇ।
ਨੌਕਰ ਕਹਿਣ ਲੱਗਾ,, ਮਾਲਕਿਨ।
ਕਿਹਡ਼ੀ ਲਛਮੀ ਦੀ ਗੱਲ ਕਰ ਰਹੇ ਹੋ ?? ਤੁਸੀਂ ਤਾਂ ਇੱਕ ਦਿਨ ਦੀਵਾਲੀ ਵਾਲੇ ਦਿਨ ਦਰਵਾਜ਼ੇ ਖੁੱਲੇ ਰੱਖ ਕੇ, ਲਛਮੀ ਆਉਣ ਦੀ ਆਸ ਰੱਖੀ ਫਿਰਦੇ ਹੋ।
ਸਾਡੇ ਘਰ ਜਾ ਕੇ ਦੇਖੋ, ਮੈਂ ਜਦੋਂ ਤੋਂ ਹੋਸ਼ ਸੰਭਾਲੀ ਏ, ਆਪਣੇ ਘਰ ਦਾ ਕਦੇ ਵੀ ਦਰਵਾਜਾ ਲੱਗਾ ਨਹੀ ਦੇਖਿਆ, ਕਿਉਂਕਿ ਸਾਡੇ ਘਰ ਨੂੰ ਕੋਈ ਦਰਵਾਜਾ ਹੈ ਹੀ ਨਹੀ।

ਸਾਡੇ ਘਰ ਤਾਂ ਕਦੇ ਲਛਮੀ ਆਈ ਨਹੀ। ਮੈਂ ਲਛਮੀ ਕਮਾਉਣ ਲਈ ਤੁਹਾਡੇ ਘਰ ਨੌਕਰ ਬਣ ਕੇ ਰੋਜ਼ ਤੁਹਾਡੀਆਂ ਝਿੜਕਾ ਸੁਣ ਰਿਹਾ ਹਾਂ। ਫਿਰ ਵੀ ਸਾਡੇ ਘਰ ਦੀਆਂ ਲੋੜਾਂ ਪੂਰੀਆਂ ਨਹੀ ਹੋ ਰਹੀਆਂ। ਮੇਰੇ ਨਿੱਕੇ ਨਿੱਕੇ ਭੈਣ ਭਰਾ ਸਕੂਲ ਜਾਣ ਦੇ ਸੁਪਨੇ ਦੇਖ ਰਹੇ ਨੇ, ਪਰ ਲੱਛਮੀ ਨਾ ਹੋਣ ਕਰਕੇ ਪੂਰੇ ਨਹੀ ਹੋ ਰਹੇ। ਦਰਵਾਜ਼ੇ ਸਦਾ ਖੁੱਲੇ ਰਹਿਣ ਦੇ ਬਾਵਜੂਦ ਵੀ ਲਛਮੀ ਘਰ ਵਿੱਚ ਨਾ ਆਉਣ ਕਰਕੇ ਕਿੰਨਾ ਕਿੰਨਾ ਪਰੇਸ਼ਾਨੀਆਂ ਨਾਲ ਜੂਝ ਰਹੇ ਹਾਂ , ਤੁਹਾਨੂੰ ਕਿਵੇਂ ਸਮਝਾਵਾਂ। ਮਾਲਕਿਨ ਜੀ ਲੱਛਮੀ ਮਿਹਨਤ ਕਰਕੇ ਕਮਾਉਣ ਨਾਲ ਆਉਂਦੀ ਏ, ਬੂਹੇ ਖੁੱਲੇ ਰੱਖਣ ਨਾਲ ਜਾਂ ਲੱਛਮੀ ਦੀ ਪੂਜਾ ਕਰਨ ਨਾਲ ਨਹੀ।
ਤੁਸੀਂ ਦਸ ਦਿਨ ਬਾਬੂ ਜੀ ਹੁਨਾਂ ਨੂੰ ਦੁਕਾਨ ਬੰਦ ਕਰਕੇ ਘਰ ਬੈਠਣ ਲਈ ਕਹਿ ਦੇਵੋ, ਫਿਰ ਦੇਖਿਓ ਤੁਹਾਡੇ ਘਰ ਪੂਜਾ ਕਰਨ ਨਾਲ ਜਾਂ ਦਰਵਾਜ਼ੇ ਖੁੱਲੇ ਰੱਖਣ ਨਾਲ ਲੱਛਮੀ ਆਉਂਦੀ ਕਿ ਨਹੀ ।
ਨੌਕਰ ਨੇ ਫਿਰ ਦਰਵਾਜਾ ਬੰਦ ਕਰ ਦਿੱਤਾ, ਪੜੀ ਲਿਖੀ ਮਾਲਕਿਨ ਨੇ ਇਸ ਵਾਰ ਨੌਕਰ ਨੂੰ ਕੁਝ ਨਹੀ ਕਿਹਾ।

ਅਗਿਆਤ

...
...

...
...

...
...

...
...

...
...

...
...

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)