More Punjabi Kahaniya  Posts
ਕਸ਼ਮੀਰ ਡਾਇਰੀ ਅਕਤੂਬਰ – 1


ਇਸ ਵਾਰ ਦੀ ਮੇਰੀ ਕਸ਼ਮੀਰ ਯਾਤਰਾ ਜਦੋਂ ਸ਼ੁਰੂ ਹੋਈ…ਉਸ ਤੋਂ ਕੁਝ ਦਿਨ ਪਹਿਲਾਂ ਹੀ ਇਕ ਟਰੱਕ ਡਰਾਈਵਰ ( ਗੈਰ ਕਸ਼ਮੀਰੀ ) ਨੂੰ ਕਸ਼ਮੀਰ ਦੇ ਸ਼ੋਪਿਆਂ ਨਾਮ ਦੇ ਇਲਾਕੇ ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ…

ਮੈਂ ਕਸ਼ਮੀਰ ਕਿੰਨੀ ਹੀ ਵਾਰ ਜਾ ਆਇਆ ਹਾਂ…ਏਨੀ ਕੁ ਵਾਰ ਕਿ ਮੈਂ ਹੁਣ ਗਿਣ ਨਹੀਂ ਸਕਦਾ…ਪਰ ਹਰ ਵਾਰ ਜਦੋਂ ਇਸ ਸੋਹਣੀ ਜਮੀਨ ਤੇ ਪੁੱਜਦਾ ਹਾਂ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ….ਤੇ ਏਦਾਂ ਲੱਗਣ ਲੱਗ ਜਾਂਦਾ ਹੈ ਜਿਵੇਂ ਕਸ਼ਮੀਰ ਦੀ ਇਹ ਮੇਰੀ ਪਹਿਲੀ ਯਾਤਰਾ ਹੋਵੇ…

ਜਹਾਜ਼ ਦੀਆਂ ਬਾਰੀਆਂ ਨੂੰ ਖੋਲਣ ਨਾ ਦੇਣਾ….ਇਹ ਅਜੀਬ ਸੀ…ਏਅਰਪੋਰਟ ਤੋਂ ਬਾਹਰ ਆਉਣ ਤੋਂ ਬਾਦ ਹੀ ਮਹਿਸੂਸ ਹੋਣ ਲੱਗ ਗਿਆ ਕਿ ਇਸ ਵਾਰ ਕਸ਼ਮੀਰ ਚ ਮੈਨੂੰ ਕੋਈ ਟੂਰਿਸਟ ਨਹੀਂ ਦਿਖੇਗਾ…ਏਅਰਪੋਰਟ ਦਾ ਬਾਹਰੀ ਹਿੱਸਾ ਜਿਥੇ ਹਮੇਸ਼ਾਂ ਰੌਣਕ ਦਿਖਦੀ ਹੈ ਇਸ ਵਾਰ ਸੁਨਸਾਨ ਸੀ…

ਏਅਰਪੋਰਟ ਤੋਂ ਸ਼੍ਰੀਨਗਰ ਸ਼ਹਿਰ ਤੱਕ ਟਰੈਫਿਕ ਸੀ…ਪਰ ਦੁਕਾਨਾਂ ਅਤੇ ਬਾਜ਼ਾਰ ਬੰਦ ਸੀ….ਮੈਂ ਇਹ ਸਫ਼ਰ ਟੈਕਸੀ ਦੀ ਬਜਾਏ ਏਅਰਪੋਰਟ ਦੇ ਬਾਹਰ ਖੜੀ ਇਕ ਬਸ ਚ ਕੀਤਾ…ਜਿਸਨੇ ਮੈਨੂੰ ਲਾਲ ਚੌਂਕ ਤੋਂ ਪਹਿਲਾਂ ਹੀ ਆਂਦੇ ਇਕ ਟੈਕਸੀ ਸਟੈਂਡ ਉਪਰ ਉਤਾਰ ਦਿੱਤਾ…

ਆਪਣੇ ਸਮੇਂ ਤੋਂ ਇਕ ਘੰਟਾ ਦੇਰੀ ਨਾਲ ਜਹਾਜ਼ ਦੇ ਉਡਣ ਕਰਕੇ ਮੈਂ ਸ਼੍ਰੀਨਗਰ ਜਦੋਂ ਤੱਕ ਪੁਜਿਆ…ਉਦੋਂ ਤੱਕ ਸ਼ਾਮ ਸ਼ੁਰੂ ਹੋ ਚੁਕੀ ਸੀ…..ਤੇ ਮੇਰਾ ਭੁੱਖ ਦੇ ਨਾਲ ਬੁਰਾ ਹਾਲ ਸੀ….

” ਦੋ ਸਮੋਸੇ ਇਕ ਸੌ ਚਾਲੀ ਦੇ ” ਏਅਰਪੋਰਟ ਦੇ ਅੰਦਰ ਇਕ ਦੁਕਾਨ ਵਾਲੇ ਨੇ ਜਦੋਂ ਏਨਾ ਕਿਹਾ…ਤਾਂ ਮੈਂ ਕੁਛ ਵੀ ਖਾਣ ਦਾ ਇਰਾਦਾ ਛੱਡ ਦਿੱਤਾ….ਆਖਰ ਕੋਈ ਜਣਾ ਵੀ ਦੋ ਸਮੋਸਿਆਂ ਲਈ ਇਕ ਸੌ ਚਾਲੀ ਰੁਪਏ ਕਿਵੇਂ ਦੇ ਸਕਦਾ ਹੈ…ਪਰ ਜੇ ਉਸਦੀ ਦੁਕਾਨ ਹੈ….ਸਮੋਸੇ ਨੇ…ਰੇਟ ਵੀ ਏਨਾ ਹੀ ਪੱਕਾ ਕਰਕੇ ਲਿਖਿਆ ਹੋਇਆ ਹੈ….ਫੇਰ ਤਾਂ ਜਰੂਰ ਹੀ ਲੋਕ ਏਨੇ ਪੈਸੇ ਖਰਚ ਕੇ ਸਮੋਸੇ ਖਾਂਦੇ ਹੀ ਹੋਣਗੇ…ਪਰ ਮੇਰਾ ਦਿਲ ਨਹੀਂ ਕੀਤਾ ਏਨੇ ਮਹਿੰਗੇ ਸਮੋਸੇ ਖਾਣ ਨੂੰ…

ਬਾਹਰ ਆਂਦੇ ਹੀ ਬਸ ਮਿਲ ਗਈ….ਤੇ ਭੁੱਖੇ ਰਹਿ ਕੇ ਹੀ ਸਫ਼ਰ ਕਰਨ ਨੂੰ ਮਜਬੂਰ ਹੋਣਾ ਪਿਆ…

ਮੇਰੇ ਸਮੇਤ ਟਵੇਰਾ ਗੱਡੀ ਚ ਛੇ ਜਣੇ ਹੋਰ ਸੀ….ਮੈਂ ਸਭ ਤੋਂ ਮਗਰਲੀ ਸੀਟ ਤੇ ਜਾ ਬੈਠਿਆ…ਤੇ ਗੱਡੀ ਅਨੰਤਨਾਗ ਵੱਲ ਨੂੰ ਤੁਰ ਪਈ…

ਸੜਕਾਂ ਦੇ ਦੋਨਾਂ ਪਾਸਿਆਂ ਤੇ ਖੜੇ ਆਰਮੀ ਦੇ ਜਵਾਨ ਨਜ਼ਰ ਆਉਂਦੇ ਰਹੇ….50 ਕੁ ਕਿਲੋਮੀਟਰ ਦਾ ਸਫ਼ਰ ਦੋ ਘੰਟੇ ਚ ਪੂਰਾ ਹੋਇਆ…ਕਿਉਂਕਿ ਸੜਕ ਦੇ ਉਪਰ ਆਰਮੀ ਦਾ ਇਕ ਵੀ ਟਰੱਕ ਨਜ਼ਰ ਆਉਂਦਾ ਸੀ….ਤਾਂ ਸਾਰੀ ਟਰੈਫਿਕ ਨੂੰ ਬਹੁਤ ਦੇਰ ਤੱਕ ਲਈ ਰੋਕ ਦਿੱਤਾ ਜਾਂਦਾ ਸੀ…

ਮੇਰੀ ਡਿਊਟੀ ਇਸ ਵਾਰ ਜਿੰਨਾ ਇਲਾਕਿਆਂ ਚ ਸੀ….ਉਹਨਾਂ ਚ ਸਭ ਤੋਂ ਖਤਰਨਾਕ ਸ਼ੋਪਿਆਨ ਨਾਮ ਦੀ ਥਾਂ ਸੀ….

ਆਖਰ ਮੈਂ ਅਨੰਤਨਾਗ ਉਸ ਘਰ ਚ ਆਣ ਪੁਜਿਆ…ਜਿਥੇ ਮੈਂ ਹਮੇਸ਼ਾਂ ਰੁਕਦਾ ਹਾਂ….

” ਕਿਵੇਂ ਨਿਕਲੇ ਤੁਹਾਡੇ ਦੋ ਮਹੀਨੇ ? ” ਮੈਂ ਮਿਲਦੇ ਹੀ ਇਹ ਸੁਆਲ ਪੁੱਛਿਆ..

” ਬਸ…ਬੀਤ ਗਏ….ਇਕ ਖਰਾਬ ਸੁਪਨੇ ਵਾਂਗ…” ਬਜ਼ੁਰਗ ਅੰਕਲ ਬੋਲੇ..

” ਉਠਦੇ ਹਾਂ…ਤੇ ਬਸ…ਸਾਰੇ ਇਕ ਦੂਜੇ ਦੇ ਨਾਲ ਬੈਠ ਜਾਂਦੇ ਹਾਂ…ਖਾਣਾ ਖਾਂਦੇ ਹਾਂ…ਬਾਹਰ ਪਿੰਡ ਦਾ ਗੇੜਾ ਮਾਰ ਆਂਦੇ ਹਾਂ…ਫੇਰ ਘਰ ਅੰਦਰ ਆ ਕੇ ਬੈਠ ਜਾਂਦੇ ਹਾਂ…ਬਸ ਆਹੀ ਰੂਟੀਨ ਰਹੀ ” ਉਹ ਦਸਦੇ ਨੇ…

” ਮੋਬਾਈਲ ਚ ਕੋਈ ਫਿਲਮ ਭਰ ਕੇ ਲਿਆਏ ਹੋ ? ” ਬੱਚੇ ਮੈਨੂੰ ਪੁੱਛਦੇ ਨੇ…

ਅਸਲ ਚ ਇਹ ਬੱਚੇ ਨਹੀਂ ਨੇ…ਵੱਡੇ ਨੇ…ਪਰ ਮੈਂ ਏਨਾ ਨੂੰ ਬੱਚੇ ਹੀ ਸਮਝਦਾ ਹਾਂ…ਕਿਉਂਕਿ ਇਹ ਕੁੜੀ ਅਤੇ ਮੁੰਡਾ…ਮੈਨੂੰ ਜਦੋਂ ਪਹਿਲੀ ਵਾਰ ਮਿਲੇ ਸੀ…ਉਦੋਂ ਕੁੜੀ ਪੰਜਵੀਂ ਚ ਸੀ…ਤੇ ਮੁੰਡਾ ਪਹਿਲੀ ਜਮਾਤ ਚ ਸੀ…ਹੁਣ ਕੁੜੀ ਕਾਲਜ ਚ ਹੈ…ਮੁੰਡਾ ਸਕੂਲ ਚ….ਪਰ ਮੇਰੇ ਲਈ ਦੋਨੋਂ ਜਣੇ ਬੱਚਿਆਂ ਵਾਂਗ ਨੇ…

” ਮੋਬਾਈਲ ਚ ਤਾਂ ਕੁਝ ਨਹੀਂ ਹੈ ” ਮੈਂ ਆਖਦਾ ਹਾਂ..

” ਕੁਛ ਡਾਊਨਲੋਡ ਕਰਕੇ ਲਾਤੇ…ਹੁੰਹ ” ਕੁੜੀ ਨੇ ਮੂੰਹ ਬਣਾਇਆ…

ਮੈਨੂੰ ਯਾਦ ਆਇਆ ਕਿ ਮੇਰੇ ਲੈਪਟੋਪ ਚ ਨੇਟਫ਼ਲਿਕਸ ਹੈ…ਤੇ ਉਸਦੇ ਚ ਪਾਕਿਸਤਾਨੀ ਡਰਾਮਾ ‘ ਜ਼ਿੰਦਗੀ ਗੁਲਜ਼ਾਰ ਹੈ ‘ ਭਰਿਆ ਪਿਆ ਹੈ…ਮੈਂ ਦੋਨਾਂ ਨੂੰ ਇਸਦੇ ਬਾਰੇ ਦੱਸਿਆ…ਪਰ ਉਹਨਾਂ ਨੇ ਆਖਿਆ ਕਿ ਉਹਨਾਂ ਨੂੰ ਪਾਕਿਸਤਾਨ ਦੇ ਡਰਾਮੇ ਪਸੰਦ ਨਹੀਂ ਨੇ…

ਪਰ ਹੋਰ ਕੋਈ ਆਪਸ਼ਨ ਨਾ ਹੋਣ ਕਰਕੇ ਉਹ ਦੋਨੇਂ ਜਣੇ ਆਹੀ ਨਾਟਕ ਦੇਖਨ ਨੂੰ ਮਜਬੂਰ ਸੀ…

” ਕਲ ਦਾ ਕੀ ਪਲਾਨ ਹੈ ? ” ਮੈਨੂੰ ਪੁੱਛਿਆ ਗਿਆ..

” ਕਲ੍ਹ ਸ਼੍ਰੀਨਗਰ ਸਿਟੀ ਚ ਹੀ ਜਾਵਾਂਗਾ..” ਮੈਂ ਆਪਣਾ ਪਲਾਨ ਦਸਿਆ…

ਰਾਤ ਹੋ ਗਈ ਸੀ…ਤੇ ਠੰਡ ਹੁਣ ਹੱਡੀਆਂ ਤੱਕ ਪੁੱਜ ਰਹੀ ਸੀ….ਪਰ ਮੈਂ ਕਾਹਲੀ ਚ ਸਵੈਟਰ ਜਾਂ ਜੈਕਟ ਕੁਛ ਵੀ ਨਹੀਂ ਸੀ ਲੈ ਕੇ ਆਇਆ…ਬਜ਼ੁਰਗ ਅੰਕਲ ਨੇ ਆਪਣਾ ਇਕ ਸਵੈਟਰ ਮੈਨੂੰ ਦਿੱਤਾ…ਜੋ ਮੈਂ ਜਲਦੀ ਨਾਲ ਪਾ ਲਿਆ…

” ਖਾਓਗੇ ਕਿਆ ? ” ਬਜ਼ੁਰਗ ਆਂਟੀ ਨੇ ਕਸ਼ਮੀਰੀ ਚ ਆਖਿਆ….ਜਿਸਦਾ ਅਨੁਵਾਦ ਉਹਨਾਂ ਦੀ ਦੋਹਤਰੀ ਨੇ ਕੀਤਾ..

” ਮੈਗੀ ” ਮੈਂ ਆਖਿਆ..

ਕੁਛ ਹੀ ਦੇਰ ਚ ਮੈਗੀ ਤਿਆਰ ਸੀ….ਇਹ ਖਾਂਦੇ ਹੋਏ ਆਪਾਂ ਸਾਰੇ ਹਾਲਾਤਾਂ ਬਾਰੇ ਗੱਲਬਾਤ ਕਰਦੇ ਰਹੇ…

” ਪੰਜਾਬ ਨੇ ਹਮਾਰੇ ਬੱਚੋਂ ਕਾ ਬਹੁਤ ਸਾਥ ਦਿਆ ” ਅੰਕਲ ਬੋਲੇ..

” ਹਾਂਜੀ…ਦੇਣਾ ਹੀ ਸੀ…” ਮੈਂ ਹੱਸ ਕੇ ਆਖਿਆ…

ਨਾਰਮਲ ਗੱਲਬਾਤ ਕਰਦੇ ਕਰਦੇ ਰਾਤ ਆਣ ਖੜੀ ਹੋਈ ਸੀ…ਮੇਰੇ ਲਈ ਬਿਜਲੀ ਨਾਲ ਗਰਮ ਹੋਣ ਵਾਲਾ ਕੰਬਲ ਉਪਰ ਅਤੇ ਥੱਲੇ ਵਿਛਾਇਆ ਗਿਆ ਸੀ…ਜਿਸਦੇ ਵਿਚ...

ਮੈਂ ਫੱਸ ਕੇ ਪੈ ਗਿਆ…

….

ਸਵੇਰੇ ਮੈਂ ਘਰੋਂ ਅੱਠ ਵਜੇ ਨਿਕਲਿਆ….ਪਰ ਆਰਮੀ ਦੀਆਂ ਗੱਡੀਆਂ ਦੀ ਆਵਾਜਾਹੀ ਕਰਕੇ ਸੜਕ ਤੇ ਬਹੁਤ ਵੱਡਾ ਜਾਮ ਲੱਗਾ ਹੋਇਆ ਸੀ….ਮੈਂ ਇਕ ਬਾਈਕ ਤੇ ਲਿਫਟ ਲਈ…ਤੇ ਉਸ ਚੌਂਕ ਚ ਜ਼ਾ ਪੁਜਿਆ…ਜਿਥੋਂ ਸ਼੍ਰੀਨਗਰ ਲਈ ਟੈਕਸੀ ਮਿਲਦੀ ਹੈ…

ਇਕ ਘੰਟੇ ਚ ਮੁਕਣ ਵਾਲਾ ਸਫ਼ਰ ਢਾਈ ਘੰਟਿਆਂ ਚ ਮੁੱਕਿਆਂ….ਪਰ ਇਸ ਵਾਰ ਮੇਰੇ ਨਾਲ ਟੈਕਸੀ ਦੀ ਮਗਰਲੀ ਸੀਟ ਤੇ ਇਕ ਕਸ਼ਮੀਰੀ ਪੁਲਿਸ ਵਾਲਾ ਬੈਠਿਆ ਸੀ…

ਮੇਰੇ ਨਾਲ ਹੀ ਇਕ ਹੋਰ ਔਰਤ ਆ ਬੈਠੀ…ਜਿਸਦੇ ਨਾਲ ਦੋ ਨਿੱਕੀਆਂ ਬੱਚੀਆਂ ਸੀ….ਇਕ ਛੇਵੀਂ ਚ ਪੜਦੀ ਸੀ…ਤੇ ਦੂਸਰੀ ਚੌਥੀ ਚ….ਮੈਂ ਏਨਾ ਬੱਚੀਆਂ ਨੂੰ ਦੇਖਦਾ ਰਹਿ ਗਿਆ…ਇਹ ਬਹੁਤ ਹੀ ਜਿਆਦਾ ਸੋਹਣੀਆਂ ਸੀ…..ਬੱਚੇ ਸਾਰੇ ਹੀ ਸੋਹਨੇ ਹੁੰਦੇ ਨੇ….ਪਰ ਇਹ ਬਹੁਤ ਤੋਂ ਵੀ ਬਹੁਤ ਸੋਹਣੀਆਂ ਸੀ…

ਮੈਂ ਆਪਣੇ ਮੋਬਾਈਲ ਫੋਨ ਦਾ ਕੈਮਰਾ ਚੋਰੀ ਨਾਲ ਬੱਚੀਆਂ ਦੇ ਵੱਲ ਕੀਤਾ….ਤੇ ਫੋਟੋ ਕਲਿੱਕ ਕਰ ਲਈ….

ਪੁਲਿਸ ਵਾਲਾ ਤੇ ਔਰਤ…ਦੋਨੋਂ ਜਣੇ ਆਪਸ ਚ ਗੱਲਾਂ ਕਰਨ ਲੱਗ ਗਏ ਸੀ…ਦੋਨੋਂ ਬੱਚੀਆਂ ਮੇਰੇ ਵਲ ਬੜੀ ਉਤਸੁਕਤਾ ਦੇ ਨਾਲ ਦੇਖ ਲੈਂਦੀਆਂ ਸੀ…ਤੇ ਫੇਰ ਚਲਦੀ ਗੱਡੀ ਚੋਂ ਬਾਹਰ ਨੂੰ ਦੇਖਣ ਲੱਗ ਜਾਂਦੀਆਂ ਸੀ…

” ਕੀ ਨਾਮ ਹੈ ਏਨਾ ਦਾ ? ” ਮੈਂ ਵੀ ਖੁਦ ਨੂੰ ਗਲਬਾਤ ਚ ਸ਼ਾਮਲ ਕਰਨ ਲਈ ਪੁੱਛ ਲਿਆ..

ਔਰਤ ਨੇ ਦੋਨਾਂ ਕੁੜੀਆਂ ਦੇ ਨਾਮ ਦੱਸੇ ਜੋ ਮੈਂ ਹੁਣ ਭੁਲ ਗਿਆ….ਫੇਰ ਪਤਾ ਲਗਿਆ ਕਿ ਇਹ ਔਰਤ ਛੇਵੀਂ ਜਮਾਤ ਵਾਲੀ ਨੂੰ ਡਾਕਟਰ ਕੋਲ ਲੈ ਕੇ ਜ਼ਾ ਰਹੀ ਹੈ…ਉਸਦਾ ਭਾਰ ਘਟਦਾ ਸੀ….ਤੇ ਉਹ ਢੰਗ ਨਾਲ ਰੋਟੀ ਵੀ ਨਹੀਂ ਸੀ ਖਾਂਦੀ…

” ਰੱਬ ਕਰੇ ਇਹ ਜਲਦੀ ਠੀਕ ਹੋ ਜਾਵੇ ” ਮੈਂ ਨਿੱਕੀ ਕੁੜੀ ਦੇ ਸਿਰ ਉਪਰ ਪੋਲਾ ਜੇਹਾ ਹੱਥ ਰੱਖ ਕੇ ਪਿਆਰ ਦਿੱਤਾ…

ਕੁੜੀ ਦੇ ਚੇਹਰੇ ਤੇ ਖੁਸ਼ੀ ਆਈ…ਤਾਂ ਮੈਂ ਵੀ ਖੁਸ਼ ਹੋ ਗਿਆ…

” ਦੋ ਮਹੀਨੇ ਤੋਂ ਕਸ਼ਮੀਰ ਬੰਦ ਹੈ…ਫੇਰ ਏਨਾ ਦੀ ਪੜ੍ਹਾਈ ਕਿਵੇਂ ਚਲਦੀ ਹੈ ? ” ਮੈਂ ਸੁਆਲ ਕੀਤਾ..

” ਟਿਊਸ਼ਨ ਰਖਵਾਨੀ ਪੜ੍ਹਤੀ ਹੈ…ਬੰਦ ਹੋ ਚਾਹੇ ਸਭ…ਪਰ ਇਨਕੇ ਪੇਪਰ ਤੋਂ ਹੋਂਗੇ…ਸਕੂਲ ਨਾ ਭੀ ਖੁਲੇਂਗੇ…ਘਰ ਪਰ ਤੋਹ ਪੜ੍ਹਨਾ ਹੀ ਹੈ ”

ਮੈਂ ਹੋਰ ਕੋਈ ਸੁਆਲ ਨਹੀਂ ਕੀਤਾ….ਕਿਉਂਕਿ ਔਰਤ ਦਾ ਸਟੇਸ਼ਨ ਆ ਗਿਆ ਸੀ…

” ਭਇਆ ਕੋ ਬਾਏ ਬੋਲੋ ” ਔਰਤ ਨੇ ਆਪਣੀਆਂ ਬੱਚੀਆਂ ਨੂੰ ਆਖਿਆ..

ਦੋਵਾਂ ਜੁਆਕੜੀਆਂ ਨੇ ਮੇਰੇ ਵੱਲ ਦੇਖ ਕੇ ਹੱਸ ਕੇ ਹੱਥ ਹਿਲਾਇਆ….

” ਬਾਏ ” ਮੈਂ ਵੀ ਹੱਸ ਕੇ ਹੱਥ ਹਿਲਾਇਆ…

ਮੈਂ ਮਨ ਹੀ ਮਨ ਉਹਨਾਂ ਦੀ ਚੋਰੀ ਨਾਲ ਫੋਟੋ ਖਿੱਚਣ ਦਾ ਬੋਝ ਫੀਲ ਕਰ ਰਿਹਾ ਸੀ….ਮੈਂ ਆਪਣਾ ਮੋਬਾਈਲ ਕੱਢਿਆ…ਤੇ ਉਹਨਾਂ ਦੀ ਫੋਟੋ ਨੂੰ ਡਲੀਟ ਕਰ ਦਿੱਤਾ…

……

ਮੇਰੇ ਸਾਹਮਣੇ ਬੈਠੇ ਪੁਲਿਸ ਵਾਲੇ ਨੇ ਮੈਨੂੰ ਕਸ਼ਮੀਰ ਆਉਣ ਦਾ ਕਾਰਨ ਪੁੱਛਿਆ..

” ਮੇਰੀ ਨੌਕਰੀ ਹੈ ਏਧਰ ” ਮੈਂ ਜੁਆਬ ਦਿੱਤਾ..

ਉਹ ਮੈਨੂੰ ਦਸਣ ਲਗਿਆ ਕਿ ਉਸਨੂੰ ਪੰਜਾਬ ਬਹੁਤ ਪਸੰਦ ਹੈ…ਤੇ ਆਪਣੇ ਮੋਬਾਈਲ ਚ ਆਪਣੀਆਂ ਫੋਟੋਆਂ ਦਿਖਾਉਣ ਲੱਗ ਗਿਆ…

” ਸਰ…ਇਕ ਗੱਲ ਪੁੱਛਾਂ…ਜੇ ਬੁਰਾ ਨਾ ਮਨਾਓ ? ” ਮੈਂ ਆਖਿਆ..

” ਹਾਂ…ਪੁਛੋ ? ” ਉਸਨੇ ਮੇਰੇ ਵੱਲ ਦੇਖਿਆ..

” ਤੁਸੀਂ ਕਸ਼ਮੀਰੀ ਹੋ…ਸਰਕਾਰ ਤਾਂ ਚਲੋ ਤੁਹਾਡੇ ਨੌਜਵਾਨਾਂ ਦੇ ਨਾਲ ਜੋ ਕਰਦੀ ਹੈ…ਕਰ ਹੀ ਰਹੀ ਹੈ…ਪਰ ਤੁਸੀਂ ਪੁਲਿਸ ਵਾਲੇ ਤਾਂ ਏਨਾ ਦੇ ਆਪਣੇ ਹੋ…ਫੇਰ ਤੁਸੀਂ ਆਪਣੇ ਹੀ ਮੁੰਡਿਆਂ ਨੂੰ ਕਿਵੇਂ ਫੜ੍ਹ ਲੈਂਦੇ ਹੋ…ਏਨਾ ਦਾ ਸਾਥ ਨਹੀਂ ਦਿੰਦੇ ਹੋ…ਤੇ ਪੱਥਰ ਮਾਰਨ ਬਦਲੇ ਏਨਾ ਨੂੰ ਉਮਰ ਭਰ ਲਈ ਮਰਨ ਜੋਗਾ ਕਰ ਦਿੰਦੇ ਹੋ ” ਮੈਂ ਬੋਲਿਆ..

” ਬਸ….ਆਪਾਂ ਫੱਸੇ ਹੋਏ ਹਾਂ…ਜੇ ਮੁੰਡਿਆਂ ਦੇ ਹੱਕ ਚ ਹੋਵਾਂਗੇ…ਤਾਂ ਸਾਡੀਆਂ ਨੌਕਰੀਆਂ ਨਹੀਂ ਰਹਿਣੀਆਂ…ਸਰਕਾਰ ਅੱਗੇ ਬੁਰੇ ਬਣਾਂਗੇ…ਜੇ ਸਰਕਾਰ ਨਾਲ ਹਾਂ…ਫੇਰ ਏਨਾ ਮੁੰਡਿਆਂ ਲੁਈ ਬੁਰੇ ਹਾਂ ” ਉਹ ਬੋਲਿਆ..

” ਤੁਹਾਡਾ ਮਨ ਕਿਸ ਵਲ ਹੈ…ਸਰਕਾਰ ਵੱਲ ਜਾਂ ਮੁੰਡਿਆਂ ਵੱਲ ? ” ਮੈਂ ਫੇਰ ਸੁਆਲ ਕੀਤਾ..

” ਇਹ ਜਿੱਤ ਨਹੀਂ ਸਕਦੇ…ਸਰਕਾਰ ਕੋਲ ਤਾਕਤ ਹੈ..” ਉਹ ਬੋਲਿਆ…

” ਮੈਨੂੰ ਪਤਾ ਹੈ…ਪਰ ਮੈਂ ਬਸ ਤੁਹਾਡੇ ਮਨ ਬਾਰੇ ਪੁੱਛਿਆ..

” ਮਨ ਦਾ ਕੀ ਹੈ…ਮਨ ਦੀ ਮੰਨਣ ਦਾ ਕੋਈ ਫਾਇਦਾ ਨਹੀਂ ”

” ਫੇਰ ਵੀ…ਦਿਲ ਚ ਕਦੀ ਆਪਣੇ ਲੋਕਾਂ ਲਈ ਤਰਸ ਨਹੀਂ ਆਇਆ ? ” ਮੈਂ ਸੁਆਲ ਕੀਤਾ..

” ਇਹ ਬੇਵਕੂਫ ਨੇ…ਸਰਕਾਰ ਨਾਲ ਪੰਗਾ ਲੈਣਾ ਠੀਕ ਨਹੀਂ ” ਉਸਨੇ ਆਖਿਆ..

ਮੈਂ ਉਸਨੂੰ ਹੋਰ ਕੁਝ ਵੀ ਪੁੱਛਣਾ ਠੀਕ ਨਹੀਂ ਸਮਝਿਆ….ਆਪਾਂ ਅੱਗੇ ਦਾ ਸਫ਼ਰ ਚੁੱਪ ਰਹਿ ਕੇ ਕੀਤਾ..

” ਆਓ…ਚਾਏ ਪੀ ਕਰ ਜਾਓ ” ਉਹ ਉਤਰਨ ਲੱਗੇ ਬੋਲਿਆ..

” ਸ਼ੁਕਰੀਆ ਸਰ ਜੀ…” ਮੈਂ ਹੱਸ ਕੇ ਆਖਿਆ..

ਉਸਨੇ ਹੱਥ ਮਿਲਾਇਆ….ਤੇ ਉਤਰਨ ਲਈ ਉਠਿਆ…

” ਮੈਂ ਬਰਜੁਲਾਹ ਚੌਂਕ ਜਾਣਾ…ਕਿਦਾਂ ਜਾਣਾ ਹੈ ? ” ਮੈਂ ਸੁਆਲ ਕੀਤਾ..

ਉਸਨੇ ਮੈਨੂੰ ਕਿਹਾ ਕਿ ਮੈਂ ਵੀ ਉਸਦੇ ਨਾਲ ਹੀ ਉਤਰ ਜਾਵਾਂ…ਮੈਂ ਉਸਦੇ ਨਾਲ ਹੀ ਉਤਰਿਆ…ਉਸਨੇ ਇੱਕ ਆਟੋ ਨੂੰ ਰੋਕਿਆ….ਤੇ ਜਾਇਜ਼ ਕਿਰਾਏ ਚ ਮੈਨੂੰ ਮੇਰੇ ਟਿਕਾਣੇ ਤੱਕ ਪਹੁੰਚਾਉਣ ਲਈ ਆਟੋ ਕਰ ਦਿੱਤਾ….

ਮੈਂ ਉਸਨੂੰ ਥੈਂਕਸ ਕਿਹਾ…ਤੇ ਆਟੋ ਚ ਜ਼ਾ ਬੈਠਿਆ…

ਅੱਧੇ ਘੰਟੇ ਬਾਦ ਮੈਂ ਬੈਂਕ ਚ ਮਸ਼ੀਨ ਠੀਕ ਕਰ ਰਿਹਾ ਸੀ…

( ਬਾਕੀ ਅਗਲੇ ਭਾਗ ਚ )

✍ ਹਰਪਾਲ ਸਿੰਘ

...
...



Related Posts

Leave a Reply

Your email address will not be published. Required fields are marked *

One Comment on “ਕਸ਼ਮੀਰ ਡਾਇਰੀ ਅਕਤੂਬਰ – 1”

  • ਦਵਿੰਦਰ ਸਿੰਘ

    ਬਹੁੱਤ ਵਧੀਆ ਲਿਖਿਆ ਭਾਜੀ ਪੜਦੇ ਪੜਦੇ ਅੱਖਾਂ ਸਾਹਵੇਂ ਕਸਮੀਰ ਦੇ ਸੀਨ ਤੇ ਤੁਹਾਡਾ ਬੱਚੀਆਂ ਵਾਲਾ ਸੀਨ ਆ ਰਹੇ ਸੀ ਇੰਝ ਸੱਗਦਾ ਸੀ ਜਿਵੇਂ ਮੈਂ ਹੀ ਘੁੰਮ ਰਿਹਾ ਹੌਵਾਂ।

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)