ਦੋ ਕੂ ਵਰੇ ਪਹਿਲਾਂ ਇੱਕ ਗੋਰੇ ਨੂੰ ਮਿਲਣ ਉਸਦੇ ਘਰ ਗਿਆ
ਗੱਲਾਂ ਗੱਲਾਂ ਵਿਚ ਹੀ ਵਿਚ ਛੱਤ ਤੋਂ ਥੱਲੇ ਵੱਲ ਨੂੰ ਲਮਕਦੀ ਹੋਈ ਇੱਕ “ਪੋਟਲੀ” ਬਾਰੇ ਪੁੱਛ ਬੈਠਾ!
ਆਖਣ ਲੱਗਾ ਕੇ ਇਸ ਵਿਚ ਉਸਦੀ ਨਿੱਕੀ ਧੀ ਦੇ “ਫ਼ੁੱਲ” ਹਨ…ਤਕਰੀਬਨ ਪੰਝੀ ਸਾਲ ਪਹਿਲਾਂ ਉਹ ਪੰਜ ਸਾਲ ਦੀ ਨੂੰ ਕੈਂਸਰ ਹੋ ਗਿਆ ਸੀ ! ਡਾਕਟਰਾਂ ਬੜਾ ਜ਼ੋਰ ਲਾਇਆ ਪਰ ਬਚ ਨਾ ਸਕੀ ! ਕਹਿੰਦਾ ਜਦੋਂ ਮੇਰਾ ਟਾਈਮ ਆਊ ਤਾਂ ਇਹ ਪੋਟਲੀ ਵੀ ਮੇਰੇ ਨਾਲ ਹੀ ਦਫਨਾਈ ਜਾਵੇਗੀ!
ਆਖਣ ਲੱਗਾ ਕੇ ਜਦੋਂ ਉਸਦੀ ਮਾਂ ਨਿੱਕੀ ਜਿਹੀ ਨੂੰ ਛੱਡ ਆਪਣੇ ਬੋਵਾਏ ਫ੍ਰੇਂਡ ਨਾਲ ਚਲੀ ਗਈ ਸੀ ਤਾਂ ਕਿੰਨੀ ਵਾਰ ਸੋਚਿਆ ਕੇ ਉਸਨੂੰ ਚਾਈਲਡ ਐਂਡ ਫੈਮਲੀ ਵਾਲਿਆਂ ਕੋਲ ਛੱਡ ਆਵਾਂ ਪਰ ਜਦੋਂ ਵੀ ਸੁੱਤੀ ਪਈ ਦਾ ਚੇਹਰਾ ਦੇਖਦਾ ਤਾਂ ਹੌਂਸਲਾ ਜਿਹਾ ਨਾ ਪੈਂਦਾ..ਤੇ ਫੇਰ ਇੱਕ ਦਿਨ ਪੱਕਾ ਫੈਸਲਾ ਕਰ ਲਿਆ ਕੇ ਸਦਾ ਲਈ ਮੇਰੇ ਕੋਲ ਹੀ ਰਹੂ..ਭਾਵੇਂ ਜੋ ਮਰਜੀ ਹੋ ਜਾਵੇ!
ਫੇਰ ਨਿੱਕੀ ਜਿਹੀ ਨੂੰ ਪਤਾ ਨੀ ਕਿੱਦਾਂ ਮੇਰੀ ਉਂਗਲ ਚੂਸਣ ਦੀ ਆਦਤ ਪੈ ਗਈ ਤੇ ਫਿਰ ਸਾਰਾ ਸਾਰਾ ਦਿਨ ਮੇਰੇ ਨਾਲ ਲੱਗ ਸੁੱਤੀ ਰਿਹਾ ਕਰਦੀ ਸੀ..ਜਦੋਂ ਵੀ ਆਪਣੀ ਉਂਗਲ ਉਸਦੇ ਮੂੰਹ ਚੋਂ ਕੱਢਦਾ ਤਾਂ ਜਾਗ ਜਾਂਦੀ !
ਜਦੋ ਜਿਆਦਾ ਖਹਿੜਾ ਕਰਨ ਲੱਗੀ ਤਾਂ ਕੰਮ ਛੱਡਣਾ ਪਿਆ ! ਪਤਾ...
ਨੀ ਮਾਂ ਦਾ ਖੁੱਸਿਆ ਹੋਇਆ ਪਿਆਰ ਮੈਥੋਂ ਭਾਲਦੀ ਹੁੰਦੀ ਸੀ ਕੇ ਉਸਦੇ ਚਲੇ ਜਾਣ ਦਾ ਗੁੱਸਾ ਮੇਰੇ ਤੇ ਕੱਢਦੀ ਸੀ!
ਖੈਰ ਜਿਸ ਦਿਨ ਪੂਰੀ ਹੋਈ ਉਸ ਦਿਨ ਵੀ ਹਸਪਤਾਲ ਦੇ ਬੈਡ ਤੇ ਪਈ ਹੋਈ ਨੇ ਮੇਰੀ ਉਂਗਲ ਘੁੱਟ ਕੇ ਫੜੀ ਹੋਈ ਸੀ ਸ਼ਾਇਦ ਜਾਂਦੀ ਜਾਂਦੀ ਕੋਈ ਸੁਨੇਹਾ ਦੇ ਰਹੀ ਸੀ ਕੇ ਭਾਵੇਂ ਜੋ ਮਰਜੀ ਹੋ ਜਾਵੇ ਆਪਣੇ ਤੋਂ ਵੱਖ ਨਾ ਕਰੀਂ
ਅਜੇ ਵੀ ਸੁਪਨੇ ਵਿਚ ਆ ਜਾਂਦੀ ਏ ਕਦੇ ਕਦੇ..ਲਾਡ ਪਿਆਰ ਕਰਦੀ ਹੈ ਤੇ ਸੁਵੇਰ ਹੁੰਦਿਆਂ ਹੀ ਕਿਧਰੇ ਗੁਆਚ ਜਾਂਦੀ ਏ…ਫੇਰ ਹਿੱਲਦੀ ਹੋਈ ਇਹ ਪੋਟਲੀ ਦੇਖ ਮੈਨੂੰ ਪਤਾ ਲੱਗ ਜਾਂਦਾ ਕੇ ਉਹ ਕਿਥੇ ਲੁਕੀ ਬੈਠੀ ਹੈ!
ਮੈਂ ਪੱਥਰ ਬਣੀ ਬੈਠਾ ਸੋਚ ਰਿਹਾ ਸਾਂ ਕੇ ਕਿੰਨਾ ਅਜੀਬ ਵਰਤਾਰਾ ਸੀ ਕੁਦਰਤ ਦਾ…ਇੱਕ ਨੇ ਢਿਡੋਂ ਜੰਮ ਆਪਣੇ ਸੁਖਾਂ ਖਾਤਿਰ ਨਿੱਕੀ ਜਿਹੀ ਸਦਾ ਲਈ ਤਿਆਗ ਦਿੱਤੀ ਤੇ ਦੂਜਾ ਮੋਹ ਦੀਆਂ ਤੰਦਾਂ ਵਿਚ ਉਲਜਿਆ ਹੋਇਆ ਕਬਰਾਂ ਤੱਕ ਸਾਥ ਨਿਭਾਉਣ ਦੀ ਤਿਆਰੀ ਕਰੀ ਬੈਠਾ ਹੈ
(ਕਨੇਡਾ ਵਿਚ ਦਫਨਾਉਣ ਤੋਂ ਪੰਜ ਵਰੇ ਮਗਰੋਂ ਫ਼ੁੱਲ ਪ੍ਰਾਪਤ ਕੀਤੇ ਜਾ ਸਕਦੇ ਨੇ)
ਹਰਪ੍ਰੀਤ ਸਿੰਘ ਜਵੰਦਾ
jass
bht pyari story g..