More Punjabi Kahaniya  Posts
ਕੰਮੀਆਂ ਦੀਆਂ ਜਾਈਆਂ


” ਬੇਬੇ !! ਕਿੰਨੀ ਵਾਰੀ ਕਿਹਾ , ਦਾਬੜਾ ਘੱਟ ਭਰਿਆ ਕਰ … ਤੁਰਦਿਆਂ ਗਿੱਲਾ ਗੋਹਿਆ ਉਪਰੋਂ ਡਿੱਗ -ਡਿੱਗ ਗਲੀ ਵਿੱਚ ਖਿਲਰਦਾ ਤਾਂ ਲੰਘਣਵਾਲੇ ਗਾਲਾਂ ਕੱਢਦੇ …ਨਾਲੇ ਮੂੰਹ ਵੀ ਲਿੱਬੜ ਜਾਂਦਾ।” ਰਾਣੀ ਨੇ ਗੋਹੇ ਨਾਲ ਲਿੱਬੜੇ ਮੂੰਹ ਨੂੰ ਚੁੰਨੀ ਨਾਲ ਪੂੰਝਦਿਆਂ ਕਿਹਾ।
“ਆਪਣੀ ਗਲਤੀ ਨਾ ਮੰਨੀ …ਦਾਬੜਾ ਸਿਰ ਤੇ ਰੱਖਦਿਆਂ ਸਾਰ ਦੜੰਗੇ ਮਾਰਦੀ ਰੂੜ੍ਹੀਆਂ ਨੂੰ ਭੱਜ ਉੱਠਦੀ ਏੰ…ਹੌਲੀ ਤੁਰੇਂ ਤੇ ਮਜਾਲ ਆ ਦਾਬੜੇ ਚੋਂ ਭੋਰਾ ਗੋਹਾ ਡਿੱਗੇ… ਮੇਰੀ ਸਾਰੀ ਉਮਰ ਲੰਘੀ ਏ ਦਾਬੜੇ ਢੋੰਹਦਿਆਂ..ਮੇਰੇ ਤੇ ਦਾਬੜੇ ਚੋਂ ਕਦੀ ਗੋਹਾ ਨਹੀਂ ਡਿੱਗਿਆ ।” ਸ਼ਰੀਫਾਂ ਨੇ ਦਾਬੜੇ ਦੀਆਂ ਟੀਸੀਆਂ ਕੱਢਣ ਵਾਲਾ ਕਸੂਰ ਮੰਨਣ ਦੀ ਬਜਾਏ , ਧੀ ਦੇ ਛੋਹਲੇ ਪੈਰੀਂ ਤੁਰਨ ਨੂੰ ਹੀ ਕਸੂਰਵਾਰ ਗਰਦਾਨ ਸੁੱਟਿਆ ।
ਡੰਗਰਾਂ ਦੇ ਵਰਾਂਡੇ ਚੋਂ ਬੌਕਰ ਫੇਰਦੀ ਮੁਮਤਾਜ਼ ਬੋਲ ਪਈ , ” ਬੇਬੇ !! ਰਾਣੀ ਠੀਕ ਤੇ ਕਹਿੰਦੀ …ਤੂੰ ਦਾਬੜੇ ਦੀ ਬੋਦੀ ਕੱਢ ਦੇਨੀ ….ਮੇਰੇ ਵੀ ਮੂੰਹ ਤੇ ਬੜੀ ਵਾਰੀ ਗੋਹੇ ਦੀਆਂ ਘਰਾਲਾਂ ਵਗੀਆਂ।”
ਮਾਵਾਂ ਧੀਆਂ ਦੀ ਹੁੰਦੀ ਬਹਿਸਬਾਜ਼ੀ ਸੁਣ ਘਰ ਦੀ ਮਾਲਕਨ ਤੇਜ ਕੌਰ ਨੇ ਵਰਜਦਿਆਂ ਕਿਹਾ, “ਸ਼ਰੀਫਾਂ !! ਦੋ ਗੇੜੇ ਵੱਧ ਲਗ ਜਾਣਗੇ …ਦਾਬੜੇ ਊਣੇ ਭਰਿਆ ਕਰ…ਕਿਉਂ ਧੀਆਂ ਨੂੰ ਕੋੰਹਦੀੰ ਏੰ …ਵੇਖ ਤਾਂ ਸਹੀ ਹੀਰੇ ਵਰਗੀ ਧੀ ਰਾਣੀ ਦਾ ਸਿਰ ਮੂੰਹ ਗੋਹੇ ਨਾਲ ਲੇਥੂ-ਪੇਥੂ ਹੋਇਆ ਪਿਆ …ਅੱਖਾਂ ਗੋਹਾ ਪੈਣ ਨਾਲ ਲਹੂ ਵਰਗੀਆਂ ਲਾਲ ਹੋਈਆਂ ਪਈਆਂ।”
“”ਸਰਦਾਰਨੀਏ !! ਜਦੋਂ ਸਾਡੇ ਲੋਕਾਂ ਦੇ ਕਰਮਾਂ ਵਿੱਚ ਗੋਹੇ ਨਾਲ ਘੁਲਣਾ ਲਿਖਿਆ ਤਾਂ ਇੰਨਾਂ ਦੇ ਸਿਰ ਵਿੱਚ ਗੋਹਾ ਈ ਪੈਣਾ , ਹੋਰ ਫੁੱਲ ਪੈਣੇ ਨੇ …ਤੂੰ ਇੰਨਾਂ ਨੂੰ ਹੋਰ ਨਾ ਮਸ਼ਰਾ , ਅਗੇ ਬਥੇਰਾ ਚੱਵੜ-ਚੱਵੜ ਕਰਦੀਆਂ ਰਹਿੰਦੀਆਂ।” ਗਰੀਬੀ ਦੇ ਹਲਾਤਾਂ ਦੀ ਸਤਾਈ ਸ਼ਰੀਫਾਂ ਨੇ ਮਾਲਕਨ ਨੂੰ ਰੁੱਖਾ ਜਵਾਬ ਦੇ ਚੁੱਪ ਕਰਵਾ ਦਿੱਤਾ।
ਜਦੋਂ ਸ਼ਰੀਫਾਂ ਹੁਰੀਂ ਮੂੰਹ ਹੱਥ ਧੋ ਜਾਣ ਲਗੀਆਂ ਤਾਂ ਤੇਜ ਕੌਰ ਨੇ ਅਵਾਜ਼ ਮਾਰੀ , “ਨੀ ਕੁੱੜੇ ਰਾਣੋ !! ਚਾਹ ਬਣ ਗਈ ਪੀ ਕੇ ਜਾਇਓ ।” ਸ਼ਰੀਫਾਂ ਚੌੰਕੇ ਤੋਂ ਹਟਵੀਂ ਭੁੰਜੇ ਬਹਿੰਦਿਆਂ ਬੋਲੀ , ” ਸਰਦਾਰਨੀਏ !! ਥੋੜ੍ਹਾ ਛੇਤੀ ਕਰੀਂ..ਹਾਲੇ ਪੰਜਾਂ ਘਰਾਂ ਦਾ ਗੋਹਾ ਕੂੜਾ ਕਰਨ ਵਾਲਾ ਪਿਆ …ਜਿਹਦੇ ਘਰ ਕਵੇਲੇ ਜਾਂਦੀਆਂ ਉਹੋ ਆਡਾ ਲਾ ਲੜ੍ਹਨ ਬਹਿ ਜਾਂਦੀ ਆ।”
ਤੇਜ ਕੌਰ ਰੱਬ ਨੂੰ ਮੰਨਣ ਵਾਲੀ ਦਿਆਲੂ ਅੌਰਤ ਸੀ ਉਹ ਆਪਣੀ ਵਿੱਤ ਅਨੁਸਾਰ ਗਰੀਬ-ਗੁੱਰਬੇ ਦੀ ਮਦਦ...

ਕਰਨ ਲਈ ਤਿਆਰੀ ਰਹਿੰਦੀ। ਉਸ ਚਾਹ ਦੇ ਨਾਲ ਦੋ-ਦੋ ਰੋਟੀਆਂ ਤੇ ਉੱਤੇ ਸਾਗ ਪਾ ਕੇ ਖਾਣ ਨੂੰ ਲਿਆ ਦਿੱਤਾ ।
ਮੁਮਤਾਜ਼ ਰੋਟੀ ਦੀ ਬੁਰਕੀ ਸਾਗ ਨਾਲ ਖਾਂਧਿਆਂ ਬੋਲੀ , “ਮਾਸੀ ਤੂੰ ਚਾਹ ਨਾਲ ਰੋਟੀਆਂ ਦੇਕੇ ਬੜਾ ਚੰਗਾ ਕੀਤਾ …ਬੇਬੇ ਤੇ ਸਵੇਰੇ ਹੀ ਭੁੱਖੀਆਂ-ਭਾਣੀਆਂ ਨੂੰ ਰੌਲਾ ਪਾਉਂਦੀ ਅਗੇ ਹਿੱਕ ਤੁਰਦੀ ਆ …ਇਕ ਤੂੰ ਏੰ ਤੇ ਇਕ ਉੱਚੇ ਚੁਬਾਰੇ ਵਾਲੀ ਜੱਟੀ ਜੋ ਬਿਨਾਂ ਖਾਧੇ ਪੀਤੇ ਨਹੀਂ ਜਾਣ ਦੇੰਦੀ……ਬਾਕੀ ਘਰਾਂ ਵਾਲੀਆਂ ਬੜੀਆਂ ਸੂਮ ਨੇ ਪਾਣੀ ਦਾ ਘੁੱਟ ਨਹੀਂ ਪੁੱਛਦੀਆਂ।” “ਸ਼ਰੀਫਾਂ !! ਮੁਮਤਾਜ਼ ਕੀ ਕਹਿ ਰਹੀ ਆ ..ਤੂੰ ਇੰਨਾਂ ਧਿਆਂ ਨੂੰ ਭੁੱਖੇ ਢਿੱਡ ਲੈ ਤੁਰਨੀ?” ਤੇਜ ਕੌਰ ਨੇ ਕੁੜੀਆਂ ਦਾ ਪੱਖ ਪੂਰਿਆ ।
“ਸਰਦਾਰਨੀਏ !! ਹੁਣ ਕੀ ਦਸਾਂ , ਇੰਨਾਂ ਦਾ ਪਿਓ ਆਪ ਤੇ ਗਰੀਬੀ ਤੋਂ ਖਹਿੜਾ ਛੁੱਡਾ ਜਹਾਨੋ ਤੁਰਦਾ ਬਣਿਆ ਤੇ ਸਾਰੇ ਕਜੀਏ ਮੇਰੇ ਸਿਰ ਸੁੱਟ ਗਿਆ । ਮੈਂ ਇੰਨਾਂ ਕੋਲੋਂ ਕੁੱਝ ਨਹੀਂ ਲਕੋਇਆ ਜੋ ਥੋੜ੍ਹਾ ਬੁਹਤਾ ਹੁੰਦਾ ਵੰਡ ਕੇ ਦੇ ਦੇਣੀ ਆਂ …ਜੇ ਕਈ ਵਾਰ ਇੰਨਾਂ ਨੂੰ ਕੰਮ ਤੇ ਭੁੱਖਿਆਂ ਲਿਆਉਣਾ ਪੈਂਦਾਂ ਤਾਂ ਮੈਂ ਕਿਹੜੇ ਪਰੋੰਠੇ ਖਾਧੇ ਹੁੰਦੇ …ਮੈਂ ਵੀ ਤੇ ਭੁੱਖੀ ਭਾਣੀ ਇੰਨਾਂ ਨਾਲ ਬਰਾਬਰ ਹੱਡ ਰਗੜਦੀ।” ਸ਼ਰੀਫਾਂ ਨੇ ਇਹ ਕਹਿੰਦਿਆਂ ਆਪਣੀ ਗਰੀਬੀ ਦਾ ਵਿਖਾਲਾ ਪਾ ਦਿੱਤਾ।
* “ਸ਼ਰੀਫਾਂ !! ਤੂੰ ਦਿਲ ਵੱਡਾ ਕਰ ਕਹਿ ਦਿੱਤਾ ਤੇ ਮੈਂ ਜਿਵੇਂ -ਕਿਵੇਂ ਸੁਣ ਲਿਆ… ਪਰ ਸੱਚ ਜਾਣੀ ਮੇਰੇ ਕਲੇਜੇ ਦਾ ਰੁੱਗ ਭਰਿਆ ਗਿਆ …ਮੇਰੀਏ ਭੈਣੇ !! ਅੱਜ ਤੋਂ ਬਾਅਦ ਤੁਸੀਂ ਪਹਿਲਾਂ ਸਾਡੇ ਘਰੋਂ ਚਾਹ -ਰੋਟੀ ਖਾਇਆ ਕਰੋ .. ਫੇਰ ਕੰਮ ਸ਼ੁਰੂ ਕਰਨਾ… ਧੀਆਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ , ਇੰਨਾਂ ਨੂੰ ਜੇ ਭੁੱਖਿਆਂ ਰੱਖਾਂਗੇ ਤਾਂ ਰੱਬ ਨੇ ਸਾਨੂੰ ਮੁਆਫ਼ ਨਹੀਂ ਕਰਨਾ । ਹੋਰ ਸੁਣ !! ਦੂਸਰਿਆਂ ਦਾ ਕੰਮ ਨਬੇੜਕੇ ਸਾਡੇ ਵੱਲ ਹੁੰਦੀਆਂ ਜਾਇਓ…..ਮੈਂ ਆਟਾ ,ਚੌਲ ਤੇ ਗੁੜ ਕੱਢਕੇ ਰੱਖਦੀ ਆਂ।”
ਤੇਜ ਕੌਰ ਨੇ ਸ਼ਰੀਫਾਂ ਦਾ ਦਰਦ ਵੰਡਾਉੰਦਿਆਂ ਰਾਣੋ ਤੇ ਮੁਮਤਾਜ਼ ਦੇ ਸਿਰ ਤੇ ਹੱਥ ਰੱਖਿਆ ਤਾਂ ਗੁਰਬਤ ਭੋਗ ਰਹੀਆਂ ਧੀਆਂ ਨੂੰ ਮਾਸੀ ਤੇਜ ਕੌਰ ਰੱਬ ਵਿਖਾਲੀ ਦਿੱਤੀ । ( ਚਲਦਾ )
✍:- ਗੁਰਨਾਮ ਨਿਜੱਰ – 19/ 06/2021

...
...



Related Posts

Leave a Reply

Your email address will not be published. Required fields are marked *

2 Comments on “ਕੰਮੀਆਂ ਦੀਆਂ ਜਾਈਆਂ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)