More Punjabi Kahaniya  Posts
ਰੱਜੀਆਂ ਰੂਹਾਂ


ਗੁਰੂ ਰਾਮਦਾਸ ਜੀ ਦੀ ਵਰਸੋਈ ਧਰਤੀ ਦੀਆਂ ਕੁਝ ਰੱਜੀਆਂ ਰੂਹਾਂ ਚੇਤੇ ਆ ਗਈਆਂ..!
ਗ੍ਰੀਨ ਐਵੀਨਿਊ ਵਾਲੇ ਬਾਬਾ ਜੀ..ਅਕਸਰ ਸਵੀਮਿੰਗ ਕਰਨ ਹੋਟਲ ਆ ਜਾਇਆ ਕਰਦੇ..ਫੇਰ ਕਿੰਨੇ ਦੇਰ ਗੱਲੀ ਲੱਗੇ ਰਹਿੰਦੇ..ਦੱਸਦੇ ਜਿੰਦਗੀ ਵਿਚ ਤਰੱਕੀ ਦੇ ਬਹੁਤ ਮੌਕੇ ਮਿਲੇ ਪਰ ਦਰਬਾਰ ਸਾਹਿਬ ਦੀ ਭੋਂਇੰ ਛੱਡਣ ਦਾ ਹੀਆ ਨਾ ਪਿਆ..!
ਸੰਤਾਲੀ ਵੇਲੇ ਸਿਆਲਕੋਟ ਕੋਲ ਪਸਰੂਰ ਤੋਂ ਇਥੇ ਆ ਵੱਸੇ..ਪਿਛਲੇ ਪੰਜਾਹਾਂ ਸਾਲਾਂ ਤੋਂ ਬਿਨਾ ਨਾਗਾ ਰੋਜ ਤੜਕੇ ਦਰਬਾਰ ਸਾਬ ਆਉਂਦੇ..ਭਾਵੇਂ ਜਿੰਨੀ ਮਰਜੀ ਗੂੜੀ ਨੀਂਦਰ ਪਈ ਹੋਵੇ..ਗੁਰੂ ਮਹਾਰਾਜ ਆਪ ਪੂਰੇ ਢਾਈ ਵਜੇ ਆ ਹਲੂਣਾ ਦੇ ਕੇ ਜਗਾ ਦਿੰਦੇ..ਫੇਰ ਹਰ ਸੁਵੇਰ ਤੜਕੇ ਸ੍ਰੀ ਅਕਾਲ ਤਖ਼ਤ ਤੋਂ ਆਉਂਦੀ ਪਾਲਕੀ ਸਾਬ ਨੂੰ ਮੋਢਾ..!
ਪੰਜ ਜੂਨ ਚੁਰਾਸੀ ਨੂੰ ਭੰਡਾਰੀ ਪੁਲ ਤੇ ਹੀ ਮੱਥਾ ਟੇਕ ਲਿਆ..ਅਗਲੇ ਦਿਨ ਇਸੇ ਥਾਂ ਇੱਕ ਗਲੀ ਵਿਚ ਫੌਜ ਦੀਆਂ ਗਾਹਲਾਂ ਵੀ ਖਾਦੀਆਂ ਤੇ ਕੁੱਟ ਵੀ..ਇੱਕ ਆਖਣ ਲੱਗਾ..ਭਿੰਡਰਾਂਵਾਲੇ ਦਾ ਚੇਲਾ..ਸਾਡਾ ਕਿੰਨਾ ਨੁਕਸਾਨ ਕੀਤਾ..ਡਿੱਗੇ ਤੇ ਖੋਤੀ ਤੋਂ ਸਨ ਪਰ ਗੁੱਸਾ ਘੁਮਿਆਰ ਤੇ..ਹੁਣ ਵੀ ਰੋਜ ਏਹੀ ਅਰਦਾਸ..ਜੇ ਕਦੀ ਫੇਰ ਮਨੁੱਖੀ ਜਾਮਾ ਨਸੀਬ ਹੋਵੇ ਤਾਂ ਇਸੇ ਧਰਤੀ ਤੇ ਹੀ ਅੱਖੀਆਂ ਖੋਹਲਾਂ..ਕਰਾਮਾਤੀ ਧਰਤੀ..ਵਿਸਮਾਦੀ ਲੈਅ..ਹੁਣ ਤੇ ਆਲਾ ਦਵਾਲਾ ਬਦਲ ਕੇ ਰੱਖ ਦਿੱਤਾ ਵਰਨਾ..ਕੋਤਵਾਲੀ ਟੱਪਦਿਆਂ ਹੀ ਅੱਗਿਓਂ ਕੰਨੀ ਪੈਂਦੇ ਰਸਭਿੰਨੇ ਕੀਰਤਨ ਦੀਆਂ ਧੁੰਨਾ ਨਾਲ ਲੂ ਕੰਢੇ ਖੜੇ ਹੋ ਜਾਂਦੈ..ਭਰ ਸਿਆਲ ਵੀ ਇੱਕ ਅਜੀਬ ਜਿਹਾ ਨਿੱਘ ਅਤੇ ਜੂਨ ਮਹੀਨੇ ਵੀ ਕਾਲਜਾ ਠਾਰਦੀ ਠੰਡਕ..ਰੂਹ ਤੇ ਇੱਕ ਮਦਹੋਸ਼ੀ ਛਾਈ ਰਹਿੰਦੀ..ਕਦੇ ਸਾਕ ਬਰਾਦਰੀ ਜਾਣਾ ਪੈ ਵੀ ਜਾਵੇ ਤਾਂ ਤਾਂਘ ਰਹਿੰਦੀ ਛੇਤੀ ਅਮ੍ਰਿਤਸਰ...

ਮੁੜਿਆ ਜਾਵੇ..ਦੋ ਕੂ ਸਾਲ ਹੋਏ ਚੜਾਈ ਕਰ ਗਏ..ਇੰਝ ਲੱਗਿਆ ਇਤਿਹਾਸ ਦਾ ਇੱਕ ਪੰਨਾ ਪਲਟਿਆ ਗਿਆ ਹੋਵੇ..!
ਮਾਹਣਾ ਸਿੰਘ ਰੋਡ..ਸੁਲਤਾਨਵਿੰਡ ਗੇਟ ਸ਼੍ਰੀ ਦਰਬਾਰ ਸਾਬ ਦੇ ਨੇੜੇ ਬਾਬਾ ਅਜੀਤ ਸਿੰਘ..ਅੱਜ ਵੀ ਦਸਾਂ ਰੁਪਈਆਂ ਦੇ ਚਾਰ ਸਮੋਸੇ..ਉਹ ਵੀ ਹੱਸ ਕੇ..ਆਖਦੇ ਗੁਰੂ ਰਾਮਦਾਸ ਨੇ ਵਿਓਪਾਰ ਨਹੀਂ ਸੇਵਾ ਲੇਖੇ ਲਾਈ ਏ..ਬਰਕਤ ਹੀ ਬਰਕਤ..ਕਦੀ ਘਾਟਾ ਨਹੀਂ ਪਿਆ..ਆਈ ਚਲਾਈ ਚਲੀ ਜਾਂਦੀ..!
ਇੱਕ ਹੋਰ ਅੱਜ ਵੀ ਦਸਾਂ ਰੁਪਈਆਂ ਦੀ ਠੰਡੇ ਦੀ ਬੋਤਲ ਅਤੇ ਪੰਦਰਾਂ ਦੀ ਮੋਟੇ ਤਲੇ ਵਾਲੀ ਕੁਲਫੀ..ਕੁਝ ਰੂਹਾਂ ਗੁਰੂ ਆਸਰੇ ਵਿਓਪਾਰ ਕਰਦੀਆਂ ਨੇ..!
ਦੁਨਿਆਵੀ ਘਾਟੇ ਵਾਧੇ ਕੋਈ ਅਸਰਅੰਦਾਜ਼ ਨਹੀਂ..ਸ਼ਾਇਦ ਚੰਗੀ ਤਰਾਂ ਜਾਣਦੇ ਨੇ ਕੇ ਖਾਲੀ ਹੱਥ ਇਸ ਵਕਤੀ ਸਰਾਂ ਵਿਚ ਰਾਤ ਕੱਟਣ ਆਇਆਂ ਨੂੰ ਅਗਲੇ ਦਿਨ ਖਾਲੀ ਹੱਥ ਵਾਪਿਸ ਪਰਤਣਾ ਹੀ ਪੈਣਾ..ਸਰਲ ਅਤੇ ਸਪਸ਼ਟ ਫਿਲਾਸਫੀ..ਦੂਜੇ ਪਾਸੇ ਦੇ ਸਾਡੇ ਵਰਗੇ ਦੁਨੀਆਦਾਰ..ਅਕਸਰ ਨਿੱਕੇ ਨਿੱਕੇ ਘਾਟੇ ਵਾਧੇ ਅਤੇ ਦੁੱਖ ਦਰਦ ਰੂਹ ਨੂੰ ਟੁੰਬ ਜਾਂਦੈ..ਇੰਝ ਲੱਗਦਾ ਦੁਨੀਆ ਮੁੱਕ ਗਈ..!
ਸਰਦਾਰ ਅਜੀਤ ਦੀ ਆਹ ਫੋਟੋ ਸਾਮਣੇ ਲਾ ਲਾਈ..ਤਾਂ ਕੇ ਜ਼ਿਹਨ ਵਿਚ ਰਹੇ ਕੇ ਕੁਝ ਦੁਨਿਆਵੀ ਵਿਓਪਾਰ ਇੰਝ ਵੀ ਕੀਤੇ ਜਾ ਸਕਦੇ ਜਿਹਨਾਂ ਵਿਚ ਕਾਗਜੀ ਨੋਟ ਨਹੀਂ ਦੁਆਵਾਂ ਦੀ ਕਮਾਈ ਹੁੰਦੀ..ਉਹ ਦੁਆਵਾਂ ਜਿਹੜੀਆਂ ਸੜਦੀ ਹੋਈ ਰੂਹ ਤੇ ਮਰਹਮ ਦਾ ਕੰਮ ਕਰਦੀਆਂ..!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)