ਮਿੰਨੀ ਕਹਾਣੀ —“ਸਿਰ ਦਾ ਸਾਈਂ ”
ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਪਈ ਮਾਂ ਦੇ ਸਿਰਹਾਣੇ ਬੈਠੇ ਛਿੰਦੇ ਨੂੰ ਅਠਾਰਾਂ ਘੰਟੇ ਹੋ ਗਏ ਸਨ ।ਭੈਣਾਂ ਨੇ ਕਈ ਵਾਰੀ ਕਿਹਾ ਕਿ ਤੂੰ ਹੁਣ ਕੁੱਝ ਸਮਾਂ ਅਰਾਮ ਕਰ ਲੈ ਤੇ ਕੁੱਝ ਖਾ ਲੈ।ਕਲ੍ਹ ਦਾ ਭੁੱਖਣ ਭਾਣਾ ਬੈਠਾਂ ।ਡਾਕਟਰਾਂ ਨੇ ਵੀ ਤਸੱਲੀ ਦਿੱਤੀ ਹੈ ਕਿ ਚਿੰਤਾ ਦੀ ਗੱਲ ਨਹੀਂ ।”
ਛਿੰਦਾ ਨਾ ਮੰਨਿਆ ਤੇ ਕਿਹਾ “ਮੈਂ ਨਈਂ ਉਹਨੀਂ ਦੇਰ ਇੱਥੋਂ ਹਿੱਲਣਾ, ਜਿਨ੍ਹੀਂ ਦੇਰ ਮਾਂ ਨੂੰ ਹੋਸ਼ ਨੀ ਆਉਂਦਾ ।ਮਾਂ ਦੇ ਸਿਰਹਾਣੇ ਬੈਠਿਆਂ ਛਿੰਦੇ ਨੂੰ ਬਚਪਨ ਤੋਂ ਲੈ ਕੇ ਹੁਣ ਤੱਕ ਦੀ ਜਿੰਦਗੀ ਅੱਖਾਂ ਅੱਗੇ ਫਿਲਮ ਵਾਗੂੰ ਚੱਲਣ ਲੱਗੀ—-ਮਾਂ ਨੇ ਕਦੇ ਸੁੱਖ ਨਹੀਂ ਵੇਖਿਆ।ਪੇਕਿਆਂ ਵੱਲੋਂ ਦਿੱਤੀਆਂ ਦੋ ਮੱਝਾਂ ਤੇ ਬਚੀ ਖੁਚੀ ਦੋ ਕਨਾਲ ਜ਼ਮੀਨ ਦੇ ਸਿਰ ਤੇ ਤੰਗੀਆਂ-ਤੁਰਸ਼ੀਆਂ ਵਿੱਚ ਸੂਝ ਬੂਝ ਨਾਲ ਘਰ ਚਲਾਉਂਦੀ ਰਹੀ ਏ।ਆਪਣੇ ਸਿਰ ਪਸਿਰ ਦੋਵੇਂ ਭੈਣਾਂ ਵੀ ਵਿਆਹੀਆਂ ਤੇ ਮੈਨੂੰ ਵੀ ਪੜ੍ਹਾਇਆ ।ਜਿਵੇਂ ਜਿਵੇਂ ਮੈਂ ਵੱਡਾ ਹੋਇਆ, ਸੋਝੀ ਆਈ ਤੇ ਪਤਾ ਲੱਗਿਆ ਕਿ ਪਿਤਾ ਜੀ ਨਸ਼ਿਆਂ ਵਿੱਚ ਪੈ ਕੇ ਨਿਖੱਟੂ ਹੋ ਗਏ ਹਨ ।ਆਪਣੇ ਹਿੱਸੇ ਆਏ ਚਾਰ ਕਿੱਲੇ ਜ਼ਮੀਨ ਨੂੰ ਹੌਲੀ ਹੌਲੀ ਵੇਚ ਕੇ ਨਸ਼ਿਆਂ ਦਾ ਝੱਸ ਪੂਰਾ ਕਰਦੇ ਰਹੇ ਹਨ ਤੇ ਮਸੀਂ ਦੋ ਕਨਾਲ ਬਚੇ ਹਨ।ਜੇ ਕਿਤੇ ਮਾਂ ਨੇ ਟੋਕਣਾ ਤਾਂ ਗਾਲ੍ਹਾਂ ਨਾਲ ਮਾਂ-ਭੈਣ ਇੱਕ ਕਰ ਦੇਣੀ ਤੇ ਕਦੇ ਕਦੇ ਗੁੱਸੇ ਵਿੱਚ ਮਾਂ ਨੂੰ ਪਸ਼ੂਆਂ ਵਾਂਗ ਕੁੱਟ ਦੇਣਾ।ਅਸੀਂ ਤਿੰਨਾਂ ਨੇ ਸਹਿਮ ਕੇ ਕੋਠੇ ਅੰਦਰ ਦੁਬਕ ਜਾਣਾ।ਜਿਵੇਂ ਜਿਵੇਂ ਮੈਂ ਜੁਆਨ ਹੁੰਦਾ ਗਿਆ, ਮੈਥੋਂ ਬਰਦਾਸ਼ਤ ਕਰਨਾ ਔਖਾ ਹੁੰਦਾ ਗਿਆ ।ਜਦੋਂ ਮੈਨੂੰ ਬਾਹਲਾ ਗੁੱਸਾ ਆਉਂਦਾ ਤਾਂ ਮਾਂ ਬਹਾਨੇ ਨਾਲ ਮੈਨੂੰ ਪਸ਼ੂਆਂ ਦੇ...
ਵਾੜੇ ਕੰਮ ਭੇਜ ਦੇਣਾ ਤੇ ਕਹਿਣਾ, “ਓ ਜਾਣੇ ਪੁੱਤ,ਮੇਰੇ ਸਿਰ ਦਾ ਸਾਈਂ ਏ।ਪਹਿਲਾਂ ਏਦਾਂ ਦਾ ਨਹੀਂ ਸੀ,ਇਹ ਤਾਂ ਨਸ਼ਿਆਂ ਨੇ ਮੱਤ ਮਾਰ ਛੱਡੀ ਏ।ਰੱਬ ਆਪੇ ਸੁਮੱਤ ਦੇਊ।ਕਾਹਨੂੰ ਲੋਕਾਂ ਨੂੰ ਤਮਾਸ਼ਾ ਦਿਖਾਉਣਾ ।ਕੱਲ੍ਹ ਹੱਦ ਹੋ ਗਈ ।ਜਿਓਂ ਹੀ ਮਾਂ ਨੇ ਰੋਟੀ ਦੀ ਥਾਲੀ ਅੱਗੇ ਰੱਖੀ, ਤਾਂ ਸਬਜੀ ਵੇਖਦਿਆਂ ਹੀ ਨਸ਼ੇ ਦੀ ਲੋਰ ਵਿੱਚ ਮਾਂ ਨੂੰ ਗੰਦੀਆਂ ਗਾਲ੍ਹਾਂ ਕੱਢਣ ਲੱਗੇ।ਮੇਰੇ ਸਬਰ ਦਾ ਬੰਨ੍ਹ ਟੁੱਟ ਗਿਆ ਤੇ ਮੈਂ ਕਿਹਾ, ਪਿਤਾ ਜੀ,ਜੇ ਹੁਣ ਗਾਲ੍ਹ ਕੱਢੀ ਤਾਂ ਮੇਰੇ ਤੋਂ ਬੁਰਾ ਕੋਈ ਨਈਂ ਹੋਊ।ਪਿਤਾ ਜੀ ਰੋਟੀ ਛੱਡ ਕੋਲ ਪਿਆ ਡੰਡਾ ਚੁੱਕ ਕੇ ਮੇਰੇ ਵੱਲ ਵਧੇ ਹੀ ਸੀ ਕਿ ਮਾਂ ਫੁਰਤੀ ਨਾਲ ਵਿਚਕਾਰ ਆ ਗਈ ਤੇ ਪਿਤਾ ਜੀ ਨੇ ਮਾਂ ਨੂੰ ਏਨੀ ਜ਼ੋਰ ਨਾਲ ਧੱਕਾ ਮਾਰਿਆ ਕਿ ਮਾਂ ਧੜੰਮ ਕਰਦੀ ਦੂਰ ਜਾ ਡਿੱਗੀ ਤੇ ਸਿਰ ਵਿੱਚ ਕੋਈ ਤਿੱਖੀ ਚੀਜ ਚੁੱਭਣ ਨਾਲ ਖੂਨੋਂ- ਖੂਨ ਹੋ ਗਈ ।
ਛਿੰਦਾ ਉਹਦੋਂ ਅਤੀਤ ਵਿੱਚੋਂ ਬਾਹਰ ਆਇਆ ਜਦੋਂ ਆਪਣੇ ਹੱਥ ਵਿੱਚ ਲਏ ਮਾਂ ਦੇ ਹੱਥ ਨੇ ਹਰਕਤ ਕੀਤੀ।ਛਿੰਦੇ ਨੇ ਮਾਂ ਦਾ ਹੱਥ ਪਿਆਰ ਨਾਲ ਸਹਿਲਾਇਆ ਤੇ ਹੱਥ ਤੇ ਸਿਰ ਰੱਖ ਕੇ ਹੁੱਬਕੀ ਰੋਂਦੇ ਹੋਏ ਕਿਹਾ, ਮਾਂ ਤੇਰੇ ਬਿਨਾਂ ਮੇਰਾ ਕੋਈ ਨਹੀਂ —-।ਮਾਂ ਨੇ ਪੋਲੇ ਜਿਹੇ ਛਿੰਦੇ ਦਾ ਹੱਥ ਘੁੱਟਿਆ।ਛਿੰਦੇ ਨੇ ਜਿਉਂ ਹੀ ਸਿਰ ਉਤਾਂਹ ਚੁੱਕਿਆ ਤਾਂ ਮਾਂ ਦੀਆਂ ਅੱਖਾਂ ਵਿੱਚੋਂ ਮਮਤਾ ਦੀਆਂ ਧਾਰਾਂ ਵਹਿ ਰਹੀਆਂ ਸਨ ।ਮਾਂ—ਮਾਂ—-ਕਹਿ ਛਿੰਦਾ ਮਾਂ ਨੂੰ ਚਿੰਬੜ ਗਿਆ।
ਕੈਲਾਸ਼ ਠਾਕੁਰ
ਨੰਗਲ ਟਾਊਨ ਸ਼ਿਪ ।