ਸਾਂਝੇ ਘਰ ਵਿੱਚ ਕੱਲਾ ਨਿਆਣਾ ਹੋਣ ਕਰਕੇ ਮੈਂ ਹਰਮਨ ਪਿਆਰਾ ਹੋਇਆ ਕਰਦਾ ਸਾਂ..!
ਚਾਚੇ ਮੋਢਿਆਂ ਤੇ ਚੁੱਕੀ ਫਿਰਦੇ..ਪਾਣੀ ਲਾਉਂਦੇ ਹੋਏ..ਨੁੱਕਰਾਂ ਗੋਡਦੇ..ਕਮਾਦ ਦੀ ਛੇਲੀ ਕਰਦਿਆਂ..ਗੁੜ ਕੱਢਦਿਆਂ..ਹਰ ਥਾਂ ਮੇਰੀ ਹਾਜਰੀ ਜਰੂਰੀ ਹੋਇਆ ਕਰਦੀ!
ਕਈ ਵੇਰ ਸਵੇਰੇ ਦੀ ਕਿਰਿਆ ਮਗਰੋਂ ਅਜੇ ਮੇਰੀ ਪਿੱਠ ਵੀ ਧੋਣ ਵਾਲ਼ੀ ਹੁੰਦੀ..ਚਾਚੇ ਚੁੱਕ ਲਿਆਉਂਦੇ..!
ਮਾਂ ਪਿੱਛਿਓਂ ਵਾਜਾਂ ਮਾਰਦੀ ਹੀ ਰਹਿ ਜਾਂਦੀ..ਉਹ ਆਖਦੇ ਕੋਈ ਨੀ ਭਾਬੀ ਆਪੇ ਧੋ ਲਵਾਂਗੇ!
ਮੋਢੇ ਤੇ ਚੜਿਆ ਹੋਇਆ ਕਿੰਨੇ ਸਾਰੇ ਸਵਾਲ ਪੁੱਛੀ ਜਾਂਦਾ..!
“ਇਹ ਸਰੋਂ ਦੇ ਫੁੱਲ ਕਿਓਂ ਹਿੱਲਦੇ ਨੇ..ਵਗਦਾ ਪਾਣੀ ਅਵਾਜ ਕਿਓਂ ਕਰਦਾ..ਸੁੱਕੀ ਪੈਲੀ ਵਿਚੋਂ ਘੱਟਾ ਕਿਓਂ ਉੱਡਦਾ..ਬੱਦਲਾਂ ਵਿਚੋਂ ਪਾਣੀ ਕਿਓਂ ਡਿੱਗਦਾ..”
ਚਾਚੇ ਕੋਲ ਬੱਸ ਇੱਕੋ ਜਵਾਬ ਹੁੰਦਾ..ਆਖਦਾ ਨਿੱਕਿਆ ਇਹ ਸਭ ਕੁਝ ਤਾਂ ਹੁੰਦਾ ਕਿਉਂਕਿ ਮਿੱਟੀ ਹੱਸਦੀ ਰਹਿੰਦੀ ਏ..!
ਮੈਨੂੰ ਸਮਝ ਨਾ ਆਉਂਦੀ..ਮੈਂ ਫੇਰ ਪੁੱਛਦਾ ਚਾਚਾ ਇਹ ਮਿੱਟੀ ਕਦੇ ਰੋਂਦੀ ਵੀ ਏ?
ਉਹ ਛੇਤੀ ਨਾਲ ਮੇਰੇ ਮੂੰਹ ਅੱਗੇ ਹੱਥ ਕਰ ਦਿਆ ਕਰਦਾ..ਨਿੱਕਿਆ ਇੰਝ ਨੀ ਆਖਣਾ ਕਦੇ ਵੀ..ਰੱਬ ਨਾ ਕਰੇ ਇਹ ਮਿੱਟੀ ਕਦੇ ਵੀ ਰੋਵੇ..!
ਮੁੜ ਸਮੇ ਨੇ ਪਾਸਾ ਪਰਤਿਆ..!
ਚਾਚੀਆਂ ਆ ਗਈਆਂ..ਆਪਣੇ ਬਾਲ ਬੱਚੇ ਹੋ ਗਏ..ਮੇਰੀ ਪੁੱਛਗਿੱਛ ਥੋੜੀ ਘਟ ਗਈ..ਅਸੀਂ ਸ਼ਹਿਰ ਆ ਗਏ!
ਕਾਫੀ ਅਰਸੇ ਬਾਅਦ ਖਬਰ ਮਿਲ਼ੀ ਕੇ ਚਾਚਾ ਢਿੱਲਾ ਏ..!
ਅਮਰੀਕਾ ਦੇ ਰੁਝੇਵੇਂ ਪਾਸੇ ਛੱਡ ਦੋ ਸੌ ਕਿਲੋਮੀਟਰ ਗੱਡੀ ਚਲਾ ਕੇ ਅੱਪੜਿਆ..!
ਮੈਨੂੰ ਵੇਖ ਲੰਮੇ ਪਾਏ ਚਾਚੇ ਦੀਆਂ ਅੱਖੀਆਂ ਵਿੱਚ ਬਲਬ ਜਗਣ ਲੱਗੇ..ਮੇਰਾ ਹੱਥ ਫੜ ਲਿਆ..ਪਰ ਲਕਵੇ ਕਾਰਨ ਉਸਤੋਂ ਬੋਲਿਆ ਨਾ ਗਿਆ..!
ਵਿਆਹ ਵਿੱਚ ਰੁਝੀ ਹੋਈ ਚਾਚੀ ਇੱਕ ਦੋ ਵੇਰ ਮਿਲਣ ਆਈ..ਕੋਲ ਵੀ ਬੈਠੀ..ਪਰ...
ਏਨੀ ਗੱਲ ਕਿੰਨੀ ਵੇਰ ਦੁਰਹਾਈ ਗਈ ਕੇ ਵੇ ਬਿੱਲਿਆ ਤੇਰਾ ਚਾਚਾ ਚੰਗਾ ਭਲਾ ਸੀ..ਐਨ ਮੌਕੇ ਤੇ ਪੈ ਗਿਆ ਅਧਰੰਗ ਦਾ ਦੌਰਾ..ਬੱਸ ਏਦਾਂ ਹੀ ਵੇਖੀ ਜਾਂਦਾ..ਨਿੱਰੀ ਮਿੱਟੀ ਹੋ ਗਿਆ ਬੱਸ ਦਿਨਾਂ ਵਿੱਚ ਹੀ..ਹੁਣ ਤੇ ਅਰਦਾਸ ਏ ਬੱਸ..ਵਿਆਹ ਸੁੱਖੀ ਸਾਂਦੀ ਲੰਘ ਜਾਵੇ..!
ਚਾਚੇ ਦੀ ਨਿੱਕੀ ਧੀ ਨੇ ਇੱਕ ਦੋ ਵੇਰ ਝਿੜਕਿਆ ਜਰੂਰ..ਮੰਮੀ ਹੌਲੀ ਬੋਲ ਉਸਨੂੰ ਸਭ ਕੁਝ ਦੀ ਸਮਝ ਆਈ ਜਾਂਦੀ ਏ..!
ਫੇਰ ਅਚਾਨਕ ਕਮਰਾ ਖਾਲੀ ਹੋ ਗਿਆ..ਸਿਰਫ ਮੈਂ ਤੇ ਚਾਚਾ..ਅਚਾਨਕ ਕੀ ਵੇਖਿਆ ਹਮੇਸ਼ਾਂ ਹੱਸਦੇ ਰਹਿੰਦੇ ਚਾਚੇ ਦੀਆਂ ਅੱਖੀਆਂ ਵਿਚੋਂ ਦੋ ਹੰਜੂ ਡਿੱਗੇ..!
ਇਹ ਵੇਖ ਹੱਥ ਫੜਿਆ ਗਲਾਸ ਹੱਥੋਂ ਛੁੱਟ ਗਿਆ..ਖੜਾਕ ਹੋਇਆ..ਚਾਚੀ ਨੱਸੀ ਆਈ..ਅਖ਼ੇ ਕੀ ਹੋਇਆ?
ਮੈਂ ਹੌਲੀ ਜਿਹੀ ਆਖਿਆ..”ਕੁਝ ਨੀ ਬੱਸ ਮਿੱਟੀ ਰੋ ਪਈ ਏ”
ਕਿਸੇ ਨੂੰ ਕੋਈ ਸਮਝ ਨਾ ਆਈ ਕੇ ਮੈਂ ਕੀ ਆਖਿਆ ਪਰ ਮੈਂ ਹੈਰਾਨ ਸਾਂ ਕੇ ਅੱਜ ਚਾਚੇ ਨੇ ਰੋਂਦੀ ਮਿੱਟੀ ਦਾ ਜਿਕਰ ਸੁਣ ਮੇਰੇ ਮੂੰਹ ਤੇ ਹੱਥ ਕਿਓਂ ਨਹੀਂ ਸੀ ਰਖਿਆ..!
ਪਤਾ ਨਹੀਂ ਲਕਵੇ ਦਾ ਅਸਰ ਸੀ ਕੇ ਕੋਈ ਹੋਰ ਗੱਲ..ਪਰ ਚਾਚੇ ਕੋਲ ਡਾਹੀ ਮੰਜੀ ਤੇ ਪਿਆ ਸਾਰੀ ਰਾਤ ਸੋਚਦਾ ਰਿਹਾ..ਜਦੋਂ ਮਿੱਟੀ ਖੁਦ ਹੀ ਰੋ ਪਵੇ ਤਾਂ ਕੋਈ ਏਨੀ ਖੁਸ਼ੀ ਕਿੱਦਾਂ ਮਨਾਂ ਸਕਦਾ ਏ..!
ਸ਼ਾਇਦ ਲੋਕ ਹੁਣ ਮਿੱਟੀਆਂ ਦੀ ਪ੍ਰਵਾਹ ਕਰਨੋ ਹਟ ਗਏ ਨੇ..!
ਹਰਪ੍ਰੀਤ ਸਿੰਘ ਜਵੰਦਾ