ਗੱਲ ਅੱਜ ਤੋਂ ਤੀਹ ਕੁ ਸਾਲ ਪਹਿਲਾਂ ਦੀ ਹੈ ਜਦੋਂ ਕਿਸੇ ਵਿਰਲੇ ਵਿਰਲੇ ਦੇ ਘਰ ਮਾਰੂਤੀ ਕਾਰ ਹੁੰਦੀ ਸੀ।ਮੇਰਾ ਇੱਕ ਦੋਸਤ ਸੀ ਪਰਮਜੀਤ ਸਿੰਘ ਪੰਮਾ ਜੋ ਕਿ ਨਹਿਰੀ ਮਹਿਕਮੇ ਚ ਐਸ ਡੀ ਓ ਲੱਗਾ ਹੋਇਆ ਸੀ,ਅਤੇ ਉਸਨੇ ਵੀ ਨਵੀਂ ਮਾਰੂਤੀ ਕਾਰ ਲਈ ਸੀ,ਉਸਨੇ ਮੈਨੂੰ ਬੜੀ ਵਾਰ ਕਿਹਾ ਆਜਾ ਘੁੰਮ ਫਿਰ ਆਈਏ ਕਿਸੇ ਪਾਸੇ ਪਰ ਮੇਰੇ ਤੋਂ ਨਾਂਹ ਹੋ ਜਾਂਦੀ।
ਅੱਜ ਐਤਵਾਰ ਦਾ ਦਿਨ ਸੀ ਭਾਵੇਂ ਛੁੱਟੀ ਸੀ ਪਰ ਪੰਮੇ ਨੂੰ ਉਸਦੇ ਸੀਨੀਅਰ ਅਫ਼ਸਰ ਨੇ ਫਿਰੋਜ਼ਪੁਰ ਬੁਲਾ ਲਿਆ।ਮੈਨੂੰ ਵੀ ਛੁੱਟੀ ਸੀ,ਅਤੇ ਮੈਂ ਘਰ ਹੀ ਸੀ ਤਾਂ ਪੰਮਾ ਮੇਰੇ ਕੋਲ ਆਇਆ ਤੇ ਕਹਿੰਦਾ ਯਾਰ ਆ ਤੈਨੂੰ ਫਿਰੋਜ਼ਪੁਰ ਘੁਮਾ ਲਿਆਵਾਂ।
ਮੈਂ ਪਹਿਲਾਂ ਤਾਂ ਕਿਹਾ ਕਿ ਛੱਡ ਯਾਰ ਤੂੰ ਆਪ ਹੀ ਜਾ ਆ,ਜਦ ਉਹ ਬਾਹਲਾ ਕਰਨ ਲੱਗ ਗਿਆ ਤਾਂ ਮੈਂ ਵੀ ਤਿਆਰ ਹੋ ਗਿਆ ਅਤੇ ਅਸੀਂ ਫਿਰੋਜ਼ਪੁਰ ਦਫ਼ਤਰ ਨੂੰ ਕਾਰ ਤੇ ਤੁਰ ਪਏ।
ਅਸੀਂ ਦਫ਼ਤਰ ਦਾ ਕੰਮ ਕਰਕੇ ਬਾਰਡਰ ਵੱਲ ਚਲੇ ਗਏ ਅਤੇ ਸ਼ਹੀਦਾਂ ਦਾ ਸਥਾਨ ਵੇਖਦੇ ਕੁਝ ਖਾ ਪੀ ਕੇ ਵਾਪਸ ਘਰ ਨੂੰ ਚੱਲ ਪਏ।
ਅਜੇ ਫਿਰੋਜ਼ਪੁਰ ਤੋਂ ਪੱਚੀ ਕੁ ਕਿਲੋਮੀਟਰ ਆਏ ਸੀ ਕਿ ਅਚਾਨਕ ਗੱਡੀ ਦਾ ਟਾਇਰ ਪੈਂਚਰ ਹੋ ਗਿਆ,ਹੋਵੇ ਵੀ ਕਿਉਂ ਨਾ ਕਿਉਂਕਿ ਸੜਕ ਵਿਚ ਚਾਰ ਚਾਰ ਫੁੱਟ ਦੇ ਖੱਡੇ ਸਨ ਉਹਨਾਂ ਸਮਿਆਂ ਚ।
ਅਸੀਂ ਹੌਲੀ ਹੌਲੀ ਗੱਡੀ ਅੱਧਾ ਕੁ ਕਿਲੋਮੀਟਰ ਲਿਆਏ ਤਾਂ ਸਾਹਮਣੇ ਇੱਕ ਕੱਚੀ ਜਿਹੀ ਪੈਂਚਰਾ ਦੀ ਦੁਕਾਨ ਦਿਸ ਗਈ, ਅਸੀਂ ਗੱਡੀ ਉੱਥੇ ਲਾ ਦਿੱਤੀ ਅਤੇ ਦੁਕਾਨ ਵਾਲਾ ਮਿਸਤਰੀ ਪੈਂਚਰ ਲਗਾਉਣ ਲੱਗ ਗਿਆ।
ਦੁਕਾਨ ਚੋਂ ਸਮਾਨ ਇੱਕ ਛੇ ਕੁ ਸਾਲ ਦਾ ਬੱਚਾ ਕੱਢ ਕੇ ਲਿਆਇਆ।ਜਦ ਉਹ ਕੋਲ ਆਇਆ ਤਾਂ ਮੈਂ ਉਸਨੂੰ ਉਸਦਾ ਨਾਮ ਪੁੱਛਿਆ ਤਾਂ ਕਹਿੰਦਾ ਮੰਗਤ ਰਾਮ ਹੈ ਜੀ।ਮੈਂ ਪੁੱਛਿਆ ਕਿ ਤੂੰ ਬੇਟਾ ਸਕੂਲ ਨਹੀਂ ਜਾਂਦਾ ਤਾਂ ਮਿਸਤਰੀ ਦੱਸਣ ਲੱਗਾ ਕਿ ਇਸਦੀ ਬੜੀ ਦੁੱਖ ਭਰੀ ਕਹਾਣੀ ਹੈ ਸਰਦਾਰ ਜੀ।
ਮੈਂ ਸੋਚਿਆ ਕਿ ਨਾਲ ਇਸਦੇ ਕੰਮ ਕਰਦਾ ਫਿਰ ਵੀ ਦੁੱਖ ਭਰੀ ਕਹਾਣੀ ਕੀ ਮਤਲਬ ਹੋ ਸਕਦਾ ਅਜੇ ਮੈਂ ਸੋਚ ਰਿਹਾ ਸੀ,ਕਿ ਮਿਸਤਰੀ ਦੱਸਣ ਲੱਗਾ ਕਿ ਇਸਦੇ ਮਾਂ ਬਾਪ ਅਤੇ ਇਸਦੀ ਇੱਕ ਛੋਟੀ ਜਿਹੀ ਭੈਣ ਜੋ ਕਿ ਪਿੱਛੇ ਜਿਹੇ ਆਏ ਪਾਣੀ ਦੀ ਮਾਰ ਚ ਰੁੜ ਗਏ ਸਨ ਅਤੇ ਇਸ ਦੁਨੀਆਂ ਨੂੰ ਛੱਡ ਕੇ ਚਲੇ ਗਏ ਸਨ।
ਇਹ ਉਸ ਦਿਨ ਕੁਦਰਤੀ ਸਕੂਲ ਸੀ ਅਤੇ ਇਹ ਬਚ ਗਿਆ ਹੈ ਅਤੇ ਇਕੱਲਾ ਹੈ ਵਿਚਾਰਾ ਅਤੇ ਆਪਣੇ ਚਾਚਾ ਚਾਚੀ ਕੋਲ ਰਹਿੰਦਾ ਹੈ।ਪਰ ਘਰ ਦੀ ਗ਼ਰੀਬੀ ਅਤੇ ਬਿਨਾਂ ਮਾਂ ਬਾਪ ਦੇ ਹੁਣ ਇਸਦਾ ਸਕੂਲ ਜਾਣ ਨੂੰ ਦਿਲ ਨਹੀਂ ਕਰਦਾ ਹੈ,ਪਰ ਬੱਚਾ ਹੁਸ਼ਿਆਰ ਹੈ।
ਮੇਰੇ ਦੋਸਤ ਪੰਮੇ ਨੇ ਵੀ ਇਹ ਗੱਲ ਸੁਣੀ ਅਤੇ ਬੱਚੇ ਨੂੰ ਕਿਹਾ ਕਿ ਬੇਟਾ ਮੈਂ ਅਫ਼ਸਰ ਹਾਂ ਤੂੰ ਵੀ ਪੜ ਲੈ ਵੱਡਾ ਹੋ ਕਿ ਅਫ਼ਸਰ ਬਣੇਗਾ ਤਾਂ ਮੰਗਤ ਕਹਿੰਦਾ ਕਿ ਅਫ਼ਸ਼ਰ(ਅਫ਼ਸਰ) ਬਣਨ ਲਈ ਕੀ ਕਰਨਾ ਪਵੇਗਾ ਤਾਂ ਪੰਮਾ ਕਹਿੰਦਾ ਪੁੱਤ ਡਿਗਰੀ ਕਰਨੀ ਪਵੇਗੀ,ਬੱਚਾ ਕਹਿੰਦਾ ਕਿ ਡਿਗਰੀ ਕੀ ਹੁੰਦੀ ਹੈ? ਉਸਦੇ ਸਵਾਲਾਂ ਤੋਂ ਪੰਮਾ ਬਹੁਤ ਪ੍ਰਭਾਵਿਤ ਹੋਇਆ ਅਤੇ ਉਸਨੂੰ ਦੱਸਣ ਲੱਗਾ ਕਿ ਪਹਿਲਾਂ ਪੜ੍ਹਨਾ ਪਵੇਗਾ ਫਿਰ ਡਿਗਰੀ ਕਰਨੀ ਹੋਵੇਗੀ ਵੱਡੇ ਹੋ ਕੇ।
ਪਰ ਮੰਗਤ ਸਕੂਲ ਤੋਂ ਨਫ਼ਰਤ ਕਰਦਾ ਸੀ ਕਿਉਂਕਿ ਉਹ ਸੋਚਦਾ ਸੀ ਕਿ ਜੇ ਮੈਂ ਉਸ ਦਿਨ ਸਕੂਲ ਨਾ ਹੁੰਦਾ ਅਤੇ ਆਪਣੇ ਮਾਂ ਪਿਉ ਨਾਲ ਹੁੰਦਾ ਤਾਂ ਮੈਂ ਵੀ ਉਹਨਾਂ ਨਾਲ ਚਲਾ ਜਾਂਦਾ ਅਤੇ ਹੁਣ ਠੋਕਰਾਂ ਨਾ ਖਾਣੀਆਂ ਪੈਂਦੀਆ।
ਮੰਗਤ ਨੂੰ ਸਮਝਾ ਕੇ ਸਕੂਲ ਜਾਣ ਲਈ ਮਨਾ ਲਿਆ ਅਤੇ ਪੰਮੇ ਨੇ ਮਿਸਤਰੀ ਨੂੰ ਉਸਦੀ ਪੜ੍ਹਾਈ ਲਈ ਕੁਝ ਪੈਸੇ ਦੇ ਦਿੱਤੇ ਅਤੇ ਕੱਲ ਤੋਂ ਸਕੂਲ ਭੇਜਣ ਲਈ ਕਹਿ ਦਿੱਤਾ ਅਤੇ ਨਾਲ ਇਹ ਵੀ ਕਿਹਾ ਕਿ ਮੈਂ ਲੰਘਦੇ ਟੱਪਦੇ ਹੋਰ ਪੈਸੇ ਦੇ ਜਾਇਆ ਕਰਾਂਗਾ ਅਤੇ ਨਾਲੇ ਇਸਦੀ ਪੜ੍ਹਾਈ ਦਾ ਹਾਲ ਚਾਲ ਪੁੱਛਦਾ ਰਹਾਂਗਾ।
ਗੱਡੀ ਠੀਕ ਕਰਾ ਅਸੀਂ ਘਰ ਆ ਗਏ।
ਸਭ ਕੁਝ ਵਧੀਆ ਚੱਲ ਰਿਹਾ ਸੀ ਕਿ ਪੰਮੇ ਦੀ ਅਚਾਨਕ ਬਦਲੀ ਜਲਾਲਾਬਾਦ ਹੋ ਗਈ ਅਤੇ ਉਸਨੇ ਪਿੰਡ ਛੱਡ ਕੇ ਘਰ ਵੀ ਜਲਾਲਾਬਾਦ ਬਣਾਉਣ ਦਾ ਮਨ ਬਣਾ ਲਿਆ।
ਲਉ ਜੀ ਉਸਨੇ ਉੱਥੇ ਕੋਠੀ ਪਾ ਲਈ ਅਤੇ ਬੱਚਿਆਂ...
ਸਮੇਤ ਜਲਾਲਾਬਾਦ ਰਹਿਣ ਲੱਗ ਗਿਆ।
ਹੁਣ ਜਦੋਂ ਕਦੇ ਪੰਮਾ ਪਿੰਡ ਆਉਂਦਾ ਤਾਂ ਮੈਂ ਉਸਨੂੰ ਮੰਗਤ ਬਾਰੇ ਜ਼ਰੂਰ ਪੁੱਛਦਾ ਤਾਂ ਪੰਮਾ ਦੱਸਦਾ ਕਿ ਮੈਂ ਕਦੇ ਕਦੇ ਗੇੜਾ ਮਾਰ ਆਉਂਦਾ ਹਾਂ ਨਾਲੇ ਪੈਸੇ ਦੇ ਆਉਂਦਾ ਹਾਂ ਨਾਲੇ ਪੜ੍ਹਾਈ ਬਾਰੇ ਪੁੱਛ ਆਉਂਦਾ ਹਾਂ।
ਸਮਾਂ ਬੀਤਦਾ ਗਿਆ ਇੱਕ ਦਿਨ ਪੰਮੇ ਦਾ ਸੁਨੇਹਾ ਆਇਆ ਕਿ ਮੰਗਤ ਬਾਰਵੀਂ ਜਮਾਤ ਵਿਚੋਂ ਪੂਰੇ ਜਿਲ੍ਹੇ ਚੋ ਅਵੱਲ ਆਇਆ ਹੈ ਅਤੇ ਆਪਾਂ ਉਸਦੇ ਪਿੰਡ ਜਾਣਾ ਹੈ ਤੂੰ ਵੀ ਆ ਜੀ।
ਲਉ ਜੀ ਮੈਂ ਵੀ ਚਲਾ ਗਿਆ,ਅਸੀਂ ਮੰਗਤ ਦੇ ਸਕੂਲ ਚਲੇ ਗਏ,ਸਾਰੇ ਅਧਿਆਪਕ ਬਹੁਤ ਖ਼ੁਸ਼ ਸਨ।ਮਿਸਤਰੀ ਵੀ ਨਾਲ ਹੀ ਸੀ,ਉਸਨੇ ਵੀ ਮੰਗਤ ਦੀ ਪੜ੍ਹਾਈ ਚ ਬਹੁਤ ਮੱਦਦ ਕੀਤੀ।ਮੱਦਦ ਕਰਦਾ ਵੀ ਕਿਉਂ ਨਾ ਕਿਉਂਕਿ ਜਦੋਂ ਦਾ ਮੰਗਤ ਸਕੂਲ ਜਾਣ ਲੱਗ ਗਿਆ ਸੀ ਚਾਚਾ ਚਾਚੀ ਨੇ ਘਰੋਂ ਕੱਢ ਦਿੱਤਾ ਸੀ ਅਤੇ ਮੰਗਤ ਉਸਦੀ ਕੱਚੀ ਜਿਹੀ ਦੁਕਾਨ ਚ ਹੀ ਸੋ ਜਾਂਦਾ ਸੀ ਅਤੇ ਦੇਰ ਰਾਤ ਤੱਕ ਪੜ੍ਹਦਾ ਰਹਿੰਦਾ ਸੀ।
ਵਧਾਈ ਦੇਣ ਜਿਲ੍ਹਾ ਸਿੱਖਿਆ ਅਫ਼ਸਰ ਵੀ ਆ ਗਏ ਆ ਕੇ ਮੰਗਤ ਨੂੰ ਪੁੱਛਿਆ ਕਿ ਹੁਣ ਕੀ ਕਰਨਾ ਹੈ ਤਾਂ ਉਹ ਫਿਰ ਕਹਿੰਦਾ ਕਿ ਡਿਗਰੀ ਕਰਨੀ ਹੈ ਅਤੇ ਹੁਣ ਵੱਡਾ ਅਫ਼ਸਰ ਹੀ ਬਣਾਗਾ।
ਸਰਟੀਫ਼ਿਕੇਟ ਲੈ ਅਸੀਂ ਅਤੇ ਚਾਹ ਪੀ ਮਿਸਤਰੀ ਦੀ ਦੁਕਾਨ ਵੱਲ ਚੱਲ ਪਏ ਅਤੇ ਦੂਜੇ ਦਿਨ ਕਿਸੇ ਕਾਲਜ ਡਿਗਰੀ ਚ ਦਾਖ਼ਲਾ ਲੈਣ ਲਈ ਜਾਣਾ ਹੈ,ਮਿਸਤਰੀ ਨੂੰ ਕਹਿ ਆਏ ਕਿ ਤਿਆਰ ਰਹੀ।
ਲਉ ਜੀ ਦੂਜੇ ਦਿਨ ਅਸੀਂ ਫਿਰ ਚਲੇ ਗਏ ਅਤੇ ਪਰਮਜੀਤ ਨੇ ਮੰਗਤ ਦਾ ਦਾਖ਼ਲਾ ਇੱਕ ਟੈਕਨੀਕਲ ਕਾਲਜ ਚ ਕਰਵਾ ਦਿੱਤਾ।
ਮੈਂ ਪੰਮੇ ਵੱਲੋਂ ਲਗਾਏ ਜਾ ਰਹੇ ਪੈਸਿਆਂ ਵੱਲ ਦੇਖ ਕੇ ਹੈਰਾਨ ਸੀ ਅਤੇ ਆਖ਼ਰਕਾਰ ਘਰ ਆਉਂਦਿਆਂ ਮੈਂ ਪੁੱਛ ਲਿਆ ਕਿ ਯਾਰ ਇਨ੍ਹੀਂ ਦਿਲਚਸਪੀ ਕਿਉਂ ਲੈ ਰਿਹਾ ਹੈ ਤੇਰੇ ਵੀ ਬੱਚੇ ਹਨ ਤਾਂ ਉਸਦਾ ਜਵਾਬ ਸੀ ਕਿ ਜਿੱਥੇ ਮੇਰੇ ਬੱਚੇ ਪੜ੍ਹ ਰਹੇ ਹਨ ਉੱਥੇ ਇਹ ਬੇਸਹਾਰਾ ਗ਼ਰੀਬ ਵੀ ਪੜ੍ਹ ਜੂ ਗਾ ਯਾਰ ਕੋਈ ਗੱਲ ਨਹੀਂ।ਪੰਮਾ ਮੈਨੂੰ ਪਿੰਡ ਛੱਡ ਕੇ ਆਪ ਵਾਪਸ ਆਪਣੇ ਘਰ ਚਲਾ ਗਿਆ।
ਹੁਣ ਜਦੋਂ ਕਦੇ ਮਹੀਨੇ ਮੱਸਿਆ ਅਸੀਂ ਮਿਲਦੇ ਤਾਂ ਮੈਂ ਮੰਗਤ ਦੀ ਡਿਗਰੀ ਬਾਰੇ ਪੁੱਛਦਾ ਰਹਿੰਦਾ।
ਹੁਣ ਕਾਫੀ ਸਮਾਂ ਹੋ ਗਿਆ ਸੀ ਪੰਮੇ ਨੂੰ ਮਿਲੇ।ਅੱਜ ਛੁੱਟੀ ਸੀ ਅਤੇ ਮੈਂ ਅਤੇ ਮੇਰੀ ਪਤਨੀ ਬੱਚਿਆਂ ਸਮੇਤ ਅਸੀਂ ਪੰਮੇ ਘਰ ਚਲੇ ਗਏ।ਅੱਗੇ ਜਾ ਕੇ ਵੇਖਿਆ ਤਾਂ ਉਹਨਾਂ ਦੇ ਘਰ ਮੰਗਤ ਅਤੇ ਮਿਸਤਰੀ ਵੀ ਆਏ ਹੋਏ ਸਨ,ਸਾਡੀ ਖ਼ੁਸ਼ੀ ਨੂੰ ਹੋਰ ਵੀ ਚਾਰ ਚੰਨ ਲੱਗ ਗਏ,ਜਦੋਂ ਪਤਾ ਲੱਗਾ ਕਿ ਮੰਗਤ ਡਿਗਰੀ ਕਰਕੇ ਐਸ ਡੀ ਭਰਤੀ ਹੋ ਗਿਆ ਹੈ।
ਮੈਂ ਪੰਮੇ ਨੂੰ ਕਿਹਾ ਯਾਰ ਤੂੰ ਇਸਦੀ ਨੌਕਰੀ ਬਾਰੇ ਦੱਸਿਆ ਹੀ ਨਹੀਂ ਤਾਂ ਕਹਿੰਦਾ ਯਾਾਰ ਮੰਗਤ ਨੇ ਮੈਨੂੰ ਵੀ ਨਹੀਂ ਦੱਸਿਆ ਇਹ ਸਰਪ੍ਰਾਇਜ਼ ਦੇਣਾ ਚਾਹੁੰਦਾ ਸੀ।
ਸੱਚਮੁੱਚ ਅੱਜ ਸਾਰੇ ਜਣੇ ਬਹੁਤ ਖ਼ੁਸ਼ ਸਨ।ਜਦ ਪੰਮੇ ਨੇ ਮੰਗਤ ਦੇ ਕਾਗਜ਼ ਮੈਨੂੰ ਫੜਾਏ ਤਾਂ ਮੇਰੀਆਂ ਅੱਖਾਂ ਚ ਵੀ ਪਾਣੀ ਆ ਗਿਆ ਅਤੇ ਮੰਗਤ ਆਪਣੇ ਮਾਂ ਪਿਉ ਨੂੰ ਯਾਦ ਕਰ ਰੋ ਪਿਆ।ਮਾਹੋਲ ਗਮਗੀਨ ਹੋ ਗਿਆ।ਹੌਲੀ ਹੌਲੀ ਮਾਹੋਲ ਨੂੰ ਠੀਕ ਕੀਤਾ ਅਤੇ ਫਿਰ ਦੁਪਹਿਰ ਦਾ ਖਾਣਾ ਖਾਣ ਬੈਠ ਗਏ।
ਅਸੀਂ ਅੱਜ ਪੰਮੇ ਘਰ ਹੀ ਰੁਕ ਗਏ ਕਿਉਂਕਿ ਦੂਜੇ ਦਿਨ ਮੰਗਤ ਨੂੰ ਜ਼ੁਆਇਨ ਕਰਵਾਉਣ ਜਾਣਾ ਸੀ।
ਅਸੀਂ ਅਗਲੇ ਦਿਨ ਮੰਗਤ ਨੂੰ ਨੌਕਰੀ ਜ਼ੁਆਇਨ ਕਰਵਾ ਕੇ ਵਾਪਸ ਆ ਗਏ ਅਤੇ ਮੈਂ ਆਪਣੇ ਬੱਚਿਆਂ ਨੂੰ ਨਾਲ ਲੈ ਘਰ ਨੂੰ ਚੱਲ ਪਿਆ ਅਤੇ ਰਾਹ ਚ ਸੋਚ ਰਿਹਾ ਸੀ ਕਿ ਧੰਨ ਪੁਰਸ਼ ਹੈ ਪਰਮਜੀਤ ਜਿਸਨੇ ਬੱਚੇ ਦੇ ਕੀਤੇ ਡਿਗਰੀ ਵਾਲੇ ਸੁਆਲ ਚੋਂ ਤੱਕਿਆ ਕਿ ਇਹ ਵੱਡਾ ਹੋ ਕੇ ਅਫ਼ਸਰ ਬਣੇਗਾ ਅਤੇ ਉਸਦੀ ਮੱਦਦ ਕਰਕੇ ਆਪਣਾ ਅਗਲੇ ਸੱਤ ਜਨਮਾਂ ਦੇ ਵਧੀਆ ਲੇਖ ਲਿਖਾ ਲਏ,ਇਸ ਬਾਰੇ ਸੋਚਦਾ ਸੋਚਦਾ ਮੈਂ ਪਰਿਵਾਰ ਸਮੇਤ ਕਦ ਘਰ ਆ ਗਿਆ ਕੋਈ ਪਤਾ ਨਹੀਂ…
ਮਨਜਿੰਦਰ ਸਿੰਘ “ਜੌੜਕੀ”
ਪਿੰਡ ਤੇ ਡਾ:- ਜੌੜਕੀ ਅੰਧੇ ਵਾਲੀ।
ਫਾਜ਼ਿਲਕਾ।
ਮੋਬਾਇਲ:-82838-30069