ਇੱਕ ਵਾਰ ਕਣਕ ਸਾਂਭਣ ਪਿੰਡ ਚਲੇ ਗਏ..!
ਰਾਤੀਂ ਬੱਝੀਆਂ ਹੋਈਆਂ ਭਰੀਆਂ ਕੋਲ ਬਾਹਰ ਖੁੱਲੇ ਵਿਚ ਹੀ ਸੌਣਾ ਪਿਆ!
ਕਿਸੇ ਦੱਸ ਰਖਿਆ ਸੀ ਕੇ ਲਾਗੇ ਵਗਦੀ ਨਹਿਰ ਹੋਣ ਕਰਕੇ ਇਥੇ ਸੱਪ ਬੜੇ ਨਿੱਕਲਦੇ ਨੇ..ਮੈਂ ਡਰ ਗਿਆ..ਜੇ ਰਾਤੀ ਸੁੱਤੇ ਪਿਆਂ ਨੂੰ ਸੱਪ ਲੜ ਗਿਆ ਫੇਰ..!
ਪਿਤਾ ਜੀ ਆਖਣ ਲੱਗੇ ਮੇਰੇ ਕੋਲ ਇਸਦਾ ਇਲਾਜ ਹੈ..ਓਹਨਾ ਪਹਿਲਾਂ ਰਹਿਰਾਸ ਸਾਬ ਦਾ ਉਚੀ ਉਚੀ ਪਾਠ ਕੀਤਾ..ਫੇਰ ਪੂਰੇ ਵੇਗ ਨਾਲ ਜੈਕਾਰਾ ਛੱਡਿਆ..ਚਾਨਣੀ ਰਾਤ ਵਿਚ ਇੰਝ ਲੱਗਿਆ ਜਿੱਦਾਂ ਕਿੰਨੇ ਸਾਰੇ ਲੁਕੇ ਹੋਏ ਪਰਛਾਵੇਂ ਜੁਆਬ ਵਿਚ ਸੱਤ ਸ੍ਰੀ ਅਕਾਲ ਆਖ ਰਹੇ ਹੋਣ..ਫੇਰ ਆਖਣ ਲੱਗੇ ਹੁਣ ਬੇਫਿਕਰ ਹੋ ਕੇ ਸੋਂ ਜਾ..!
ਉੱਪਰ ਆਸਮਾਨ ਵਿਚ ਵਿਛੀ ਤਾਰਿਆਂ ਦੀ ਚਾਦਰ..ਦੱਸਣ ਲੱਗੇ ਪੁੱਤਰਾ ਇਸ ਜੈਕਾਰੇ ਦੀ ਅਵਾਜ ਸੁਣ ਕੇ ਤਾਂ ਕਿੰਨੇ ਸਾਰੇ ਅਬਦਾਲੀ ਮੀਰ ਮੰਨੂ ਤੇ ਲੱਖਪਤ ਰਾਏ ਤੱਕ ਕੰਬ ਜਾਇਆ ਕਰਦੇ ਸਨ ਇਹ ਮਾਮੂਲੀ ਜਿਹੇ ਸੱਪ ਕਿਹੜੇ ਬਾਗ ਦੀ ਮੂਲੀ ਨੇ..!
ਉਸ ਰਾਤ ਮੀਂਹ ਪੈ ਗਿਆ..ਅਗਲੇ ਦਿਨ ਸੁਕਾਉਣ ਲਈ ਜਦੋਂ ਭਰੀਆਂ ਉਲਟਾਉਣ ਲੱਗੇ..ਤਾਂ ਹੇਠੋਂ ਮੀਟਰ ਲੰਮਾ ਸੱਪ ਨਿੱਕਲ ਫਨ ਫੈਲਾ ਖੜਾ ਹੋ ਗਿਆ..!
ਓਹਨੀਂ ਦਿੰਨੀ ਸੱਪਾਂ ਨੂੰ ਵੇਖਦਿਆਂ ਹੀ ਮਾਰ ਦੇਣ ਦਾ ਰਿਵਾਜ ਹੋਇਆ ਕਰਦਾ ਸੀ..ਪਰ ਓਹਨਾ ਮੈਨੂੰ ਡੱਕ ਦਿੱਤਾ..ਆਖਿਆ ਇਸਨੂੰ ਮਾਰੀ ਨਾ..ਇਹ ਵੀ ਬਾਣੀ ਸੁਣਨ ਆਇਆ ਹੈ!
ਦੱਸਣ ਲੱਗੇ ਪੁੱਤਰਾਂ ਬਾਣੀ ਦਿਲ ਨਾਲ ਪੜੀਐ ਤਾਂ ਹਿੱਕ ਵਿਚ ਵੱਜੀ ਗੋਲੀ ਵੀ ਪੀੜ ਨਹੀਂ ਸਗੋਂ ਨਸ਼ਾ ਕਰਦੀ ਏ..ਇੱਕ ਸਰੂਰ ਜਿਹਾ ਦਿੰਦੀ ਏ!
“ਬੰਦੂਕ ਦੀ ਗੋਲੀ ਵੱਜਣ ਨਾਲ ਸਰੂਰ ਚੜ੍ਹਦਾ”..ਗੱਲ ਹਜਮ ਜਿਹੀ ਨਹੀਂ ਹੋਈ..ਪਰ ਬਹਿਸ ਕਰਨ ਦਾ ਹੀਆ ਵੀ ਨਾ ਪਿਆ!
ਕੁਝ ਦਿਨ ਪਹਿਲਾਂ ਚੁਰਾਸੀ ਵੇਲੇ ਯੂਨਿਟ ਛੱਡ ਗਏ ਇੱਕ ਧਰਮੀ ਫੌਜੀ ਦੀ ਇੰਟਰਵਿਊ ਵੇਖ ਲਈ..ਦਰਬਾਰ ਸਾਹਿਬ ਹਮਲੇ ਵੇਲੇ ਸੀਨੇ ਵਿਚ ਉਬਾਲ ਜਿਹਾ ਉਠਿਆ..ਨਿੱਤਨੇਮ ਮਗਰੋਂ ਅਰਦਾਸ ਕੀਤੀ..ਤੇ ਫੇਰ ਦੋਵੇਂ ਭਰਾਵਾਂ ਨੇ ਕੁਝ ਸਾਥੀਆਂ ਸਣੇ ਰਾਜਿਸਥਾਨ ਬਾਡਰ ਤੋਂ ਅੰਮ੍ਰਿਤਸਰ ਵੱਲ ਨੂੰ ਚਾਲੇ ਪਾ ਦਿੱਤੇ..!
ਟਰੱਕ ਤੇ ਚੜੇ ਸੁਖਮਨੀ ਸਾਹਿਬ ਦਾ ਪਾਠ ਕਰੀ ਜਾਈਏ..ਅਜੇ ਅਬੋਹਰ ਤੋਂ ਕੁਝ ਅੱਗੇ ਹੀ ਨਿੱਕਲੇ ਹੋਵਾਂਗੇ ਕੇ ਅੱਗੇ ਇੱਕ ਹੋਰ ਟਰੱਕ ਸੜਕ ਵਿਚਾਲੇ ਟੇਢਾ ਕਰਕੇ ਲਾਇਆ ਹੋਇਆ ਸੀ..!
ਬ੍ਰੇਕ ਲਾਉਣੀ ਪੈ ਗਈ..ਹੇਠਾਂ ਉੱਤਰਕੇ ਅਜੇ ਏਧਰ ਓਧਰ ਵੇਖਣ ਹੀ ਲੱਗੇ ਸਾਂ ਕੇ ਪਾਸੇ ਲੁਕੇ ਹੋਇਆਂ ਨੇ ਬਿਨਾ ਵਾਰਨਿੰਗ ਦਿੱਤਿਆਂ ਬਰੱਸਟ ਮਾਰ ਦਿੱਤਾ..!
ਭਰਾ ਤਾਂ ਓਥੇ ਹੀ ਢੇਰੀ ਹੋ ਗਿਆ ਪਰ ਮੇਰਾ ਜਬਾੜਾ ਉੱਡ ਗਿਆ..ਮੈਂ ਕੋਲ ਹੀ ਰੁੱਖਾਂ ਦੀ ਓਟ ਲੈ ਕੇ ਬੈਠ ਗਿਆ..ਅੱਖੀਆਂ ਮੀਟ ਲਈਆਂ..ਫੇਰ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋਏ..ਠੀਕ ਅਨੰਦਪੁਰ ਸਾਬ ਦੀਆਂ ਜੂਹਾਂ ਵਿਚ ਫਿਰਦੇ ਹੋਏ ਦਸਮ ਪਿਤਾ..ਰੋਮ ਰੋਮ...
ਖਿੜ ਗਿਆ..ਥੋੜੀ ਬਹੁਤ ਹੁੰਦੀ ਪੀੜ ਵੀ ਹਟ ਗਈ..ਸਰੂਰ ਆਉਣਾ ਸ਼ੁਰੂ ਹੋ ਗਿਆ..ਅਦੁੱਤੀ ਅਨੰਦ..ਕਾਇਨਾਤੀ ਖ਼ੇੜੇ ਨਾਲ ਭਰਿਆ ਹੋਇਆ ਜਦੋਂ ਵੀ ਖੂਨ ਲਿੱਬੜੇ ਆਪਣੇ ਹੱਥ ਵੇਖਦਾ ਤਾਂ ਚਮਕੌਰ ਸਾਬ ਦੀ ਗੜੀ ਦਾ ਝਾਉਲਾ ਪਿਆ ਕਰੇ..ਜੈਕਾਰੇ ਛੱਡਦਾ ਸਿੰਘਾਂ ਦਾ ਜਥਾ ਅੰਦਰੋਂ ਨਿੱਕਲਦਾ ਦਿਸ ਪੈਂਦਾਂ..ਸਰੀਰ ਤੇ ਫੱਟ ਖਾਂਦੇ ਅਜੀਤ ਅਤੇ ਜੁਝਾਰ ਸਿੰਘ..
ਫੇਰ ਜਿੰਨੇ ਦਿਨ ਵੀ ਹਸਪਤਾਲ ਰਿਹਾ ਸਿੰਘਾਂ ਦੇ ਦਰਸ਼ਨ ਹੁੰਦੇ ਰਹੇ..ਸੁਫ਼ਨੇ ਵਿਚ ਵੀ..ਤੇ ਦਿਨ ਦੀ ਰੋਸ਼ਨੀ ਵਿਚ..ਭਾਈ ਤਾਰੂ ਸਿੰਘ ਦਾ ਖੋਪੜ..ਬੰਦ ਬੰਦ ਕਟਵਾਉਂਦੇ ਭਾਈ ਮਨੀ ਸਿੰਘ..ਤੇਗ ਵਾਹੁੰਦਾ ਹੋਇਆ ਬਾਬਾ ਦੀਪ ਸਿੰਘ..ਹੋਰ ਵੀ ਕਿੰਨਾ ਕੁਝ!
ਉਸਦੀ ਗੱਲ ਸੁਣ ਤੀਹ ਵਰੇ ਪਹਿਲਾਂ ਬਾਪੂ ਜੀ ਹੁਰਾਂ ਵੱਲੋਂ ਆਖੀ ਤੇ ਯਕੀਨ ਆ ਗਿਆ..!
ਵਾਕਿਆ ਹੀ ਅਰਦਾਸੇ ਸੋਧੇ ਹੋਣ ਤਾਂ ਨਾ ਤੇ ਸੱਪ ਲਾਗੇ ਲੱਗਦੇ ਤੇ ਨਾ ਹੀ ਪੋਹ ਮਾਘ ਦੀਆਂ ਰਾਤਾਂ ਨੂੰ ਠੰਡ ਹੀ ਲੱਗਦੀ..!
ਮੰਡ ਦੇ ਇਲਾਕੇ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੇ..ਕਾਈ ਦੀਆਂ ਛੰਨਾਂ ਤੇ ਰਾਤਾਂ ਕੱਟਦੇ ਗੁਰੂ ਦੇ ਲਾਲ..ਕਿਸੇ ਨੂੰ ਸੱਪ ਲੜਿਆ ਸੁਣਿਆ..ਠੂੰਹੇ ਨੇ ਵੀ ਕਦੀ ਡੰਗ ਮਾਰਿਆ..ਅਖ਼ੇ ਓਹਨਾ ਨੂੰ ਵੀ ਪਤਾ ਹੁੰਦਾ ਸੀ..ਹੱਕਾਂ ਲਈ ਲੜਦੇ ਬੱਗੇ ਸ਼ੇਰ..ਬਿੜਕ ਸੁਣ ਆਪੇ ਹੀ ਰਾਹ ਛੱਡ ਦਿਆ ਕਰਦੇ ਸਨ!
ਵਾਕਿਆ ਹੀ ਜਦੋਂ ਮੇਹਰ ਹੁੰਦੀ ਏ ਤਾਂ ਹਿੱਕ ਵਿਚ ਵੱਜੀ ਵੀ ਅਨੰਦ ਦੀ ਪੋਟਲੀ ਬਣ ਜਾਂਦੀ ਏ..!
ਠੀਕ ਜਿਦਾਂ ਮਨਪ੍ਰੀਤ ਨੇ ਆਖਿਆ ਸੀ..”ਸ਼ੁਭ ਕਾਲ ਆਇਆ ਖੁੱਲ ਗਏ..ਪਰਦੇ ਭਰਮ ਦੇ ਇਸ ਤਰਾਂ..ਪਾਣੀ ਚ ਪਾਣੀ ਘੁਲ ਕੇ ਇੱਕ ਹੋ ਜਾਂਵਦੇ ਨੇ ਜਿਸ ਤਰਾਂ..ਚੰਨ ਸੂਰਜਾਂ ਦੀ ਵਾਟ ਮੁੱਕੀ..ਦਰਦ ਮਿੱਠੇ ਹੋ ਗਏ..ਚਿੱਕੜ ਦੇ ਗੰਦਲੇ ਨੀਰ ਵੀ..ਕੇਸਰ ਦੇ ਛਿੱਟੇ ਹੋ ਗਏ..ਕੇਸਰ ਦੇ ਛਿੱਟੇ ਹੋ ਗਏ..”
ਵਾਕਿਆ ਹੀ ਜੇ ਅਜੋਕੀਆਂ ਧੋਖੇਬਾਜੀਆਂ,ਗੱਦਾਰੀਆਂ ਅਤੇ ਗੁਰੂਆਂ ਦੇ ਨਾਮ ਤੇ ਹੁੰਦੀ ਸ਼ਰੇਆਮ ਸੌਦੇਬਾਜੀ ਵਾਲੇ ਇਸ ਸਰਬ ਵਿਆਪੀ ਚਿੱਕੜ ਵਿਚ ਰਹਿੰਦੇ ਹੋਏ ਵੀ ਕੇਸਰ ਦੇ ਛਿੱਟੇ ਬਣ ਕਣ ਕਣ ਦੀ ਰੂਹ ਨੂੰ ਰੁਸ਼ਨਾਉਣਾ ਲੋਚਦੇ ਓ ਤਾਂ ਧੁਰੋਂ ਆਈ ਹਿਰਦੇ ਅੰਦਰ ਵਸਾਉਣੀ ਹੀ ਪੈਣੀ ਏ..
ਠੀਕ ਓਸੇ ਤਰਾਂ ਜਿਸ ਤਰਾਂ ਸਾਢੇ ਤਿੰਨ ਦਹਾਕੇ ਪਹਿਲਾਂ ਕੰਵਲਜੀਤ ਸਿੰਘ ਨਾਮ ਦੇ ਮਾਝੇ ਦੇ ਇੱਕ ਸਿੰਘ ਨੇ ਵਸਾਈ ਸੀ..ਦੱਸਦੇ ਜਿੰਨਾ ਜਿਆਦਾ ਤਸ਼ੱਦਤ ਹੁੰਦਾ..ਓਨਾ ਹੀ ਉੱਚੀ ਸਾਰੀ ਵਾਹਿਗੁਰੂ ਆਖ ਦਿਆ ਕਰਦਾ..ਇਤਿਹਾਸ ਅਤੇ ਪੁਲਸ ਰਿਕਾਰਡ ਵਿਚ ਪੱਕਾ ਹੀ ਨਾਮ ਦਰਜ ਹੋ ਗਿਆ..ਕੰਵਲਜੀਤ ਸਿੰਘ “ਵਾਹਿਗੁਰੂ”
ਵਾਹਿਗੁਰੂ ਜੀ ਕਾ ਖਾਲਸਾ..ਵਾਹਿਗੁਰੂ ਜੀ ਕੀ ਫਤਹਿ
ਹਰਪ੍ਰੀਤ ਸਿੰਘ ਜਵੰਦਾ
Access our app on your mobile device for a better experience!