ਛੋਟੀ ਬੇਬੇ———-
ਨਿੱਕੇ ਹੁੰਦੇ ਤੋਂ ਹੀ ਬੈਠਕ ਵਿੱਚ ਲੱਗੀ ਉਹ ਫੋਟੋ ਦੇਖਦੀ ਆਈ ਹਾਂ। ਸਾਂਵਲੇ ਰੰਗ ਦੀ ਉਹ ਸਾਧਾਰਨ ਜਿਹੀ ਦਿੱਖਣ ਵਾਲੀ ਔਰਤ ਦੀ ਫੋਟੋ ਸਾਡੇ ਘਰੇ ਪਤਾ ਨਹੀ ਕਿਉਂ ਲੱਗੀ ਹੋਈ ਸੀ। ਜਦੋਂ ਵੀ ਅਸੀ ਕਿਤੇ ਬਾਹਰ ਜਾਂਦੇ ਜਾਂ ਸਕੂਲ ਵਿੱਚ ਪੇਪਰ ਹੁੰਦੇ ਤਾਂ ਮਾਂ ਨੇ ਕਹਿਣਾ “ਪੁੱਤ ਆਵਦੀ ਛੋਟੀ ਬੇਬੇ ਨੂੰ ਵੀ ਮੱਥਾ ਟੇਕ ਕੇ ਜਾਇਉ”। ਸਾਡੇ ਬਾਪੂ ਤੇ ਅੰਮਾਂ (ਦਾਦੀ) ਨੂੰ ਮਾਂ ਦੀਆਂ ਇਹ ਗੱਲਾਂ ਰਤਾ ਵੀ ਪਸੰਦ ਨਾ ਅਉਦੀਆਂ। ਮੈਨੂੰ ਯਾਦ ਹੈ ਕਿ ਜਦੋਂ ਮੈਂ ਤੇ ਵੀਰ ਪੰਜਵੀਂ ਜਮਾਤ ਦੇ ਪੇਪਰ ਦੇ ਕੇ ਵਿਹਲੇ ਹੋਏ ਸੀ ਤਾਂ ਮਾਂ ਸਾਨੂੰ ਕਿਤੇ ਲੈ ਕੇ ਗਈ ਸੀ, ਕਹਿੰਦੀ ਸੀ ਕਿ ਇਹ ਵੀ ਤੁਹਾਡੇ ਨਾਨਕੇ ਹੀ ਹਨ। ਪਰ ਸਾਡਾ ਨਾਨਕਾ ਘਰ ਤਾਂ ਬਹੁਤ ਵੱਡਾ ਸੀ ਤੇ ਇਹ ਤਾਂ ਬੱਸ ਦੋ ਕੋਠਿਆਂ ਦਾ ਕੱਚਾ ਜਿਹਾ ਘਰ ਸੀ। ਪਰ ਮੈਨੂੰ ਇੰਨਾਂ ਯਾਦ ਹੈ ਕਿ ਉਹਨਾਂ ਨੇ ਸਾਡੇ ਅਉਣ ਦਾ ਚਾਅ ਬਹੁਤ ਕੀਤਾ ਸੀ ਜਵਾਂ ਹੀ ਮੇਰੇ ਨਾਨਕਿਆਂ ਵਾਂਗ। ਬਾਪੂ ਉਦੋਂ ਵੀ ਬੇਬੇ ਨਾਲ ਬਹੁਤ ਗੁੱਸੇ ਹੋਇਆ ਸੀ ਕਿ ਤੂੰ ਭੁੱਬਲ ਵਿੱਚ ਫੂਕਾਂ ਮਾਰਦੀ ਆਂ, ਐਵੇਂ ਮੂੰਹ ਸਿਰ ਕਾਲਾ ਕਰਵਾਵੇਗੀ। ਫੇਰ ਬਾਪੂ ਨੇ ਉਹ ਫੋਟੋ ਲਾਹ ਕੇ ਰੱਖ ਦਿੱਤੀ ਸੀ। ਮਾਂ ਨੇ ਦੋ ਦਿਨ ਰੋਟੀ ਨਾ ਖਾਧੀ ਤੇ ਫੇਰ ਫੋਟੋ ਉਸੇ ਕੰਧ ਤੇ ਆ ਲੱਗੀ। ਉਦੋਂ ਬਹੁਤਾ ਸਮਝ ਤਾਂ ਨਾ ਅਉਦਾਂ ਪਰ ਇਨ੍ਹਾਂ ਪਤਾ ਲੱਗ ਗਿਆ ਸੀ ਕਿ ਇਸ ਫੋਟੋ ਵਾਲੀ ਔਰਤ ਦਾ ਹੀ ਕੋਈ ਰੌਲਾ ਹੈ।
ਅੱਠਵੀਂ ਜਮਾਤ ਵਿੱਚ ਪੜ੍ਹਦੀ ਨੂੰ ਜਦੋੰ ਸੂਬੇਦਾਰਾਂ ਦੀ ਜੀਤਾਂ ਨੇ ਮੈਨੂੰ ਕਿਹਾ ਸੀ ਕਿ ਤੇਰੀ ਮਾਂ ਤੇਰੀ ਨਹੀ ਆ ਤਾਂ ਕਿਨ੍ਹਾਂ ਚਿਰ ਘਰ ਆ ਕੇ ਰੋਈ ਸੀ ਤੇ ਮਾਂ ਨੂੰ ਪੁੱਛਿਆ ਸੀ ਕਿ ਮਾਂ ਤੂੰ ਮੇਰੀ ਅਸਲੀ ਮਾਂ ਨਹੀ? ਉਸਨੇ ਜੱਫੀ ਪਾ ਮੇਰਾ ਮੂੰਹ ਚੁੰਮ ਕਿਹਾ ਕਿ “ਕਮਲੀਏ ਮਾਵਾਂ ਵੀ ਕਿਤੇ ਨਕਲੀ ਹੁੰਦੀਆਂ” ਤੇ ਗੱਲ ਆਈ ਗਈ ਹੋ ਗਈ। ਜਿਵੇਂ ਜਿਵੇਂ ਸਮਝਣ ਜੋਗੀ ਹੋਈ ਤਾਂ ਹੌਲੀ ਹੌਲੀ ਕੰਨਸੋਆ ਮਿਲੀਆਂ ਕਿ ਬਾਪੂ ਦੇ ਦੋ ਵਿਆਹ ਸੀ। ਸ਼ਾਇਦ ਮਾਂ ਨੂੰ ਪਤਾ ਲੱਗ ਗਿਆ ਸੀ ਕਿ ਹੁਣ ਅਸੀ ਸਮਝਣ ਜੋਗੇ ਹੋ ਗਏ ਹਾਂ, ਅੰਮਾਂ ਤੇ ਬਾਪੂ ਦੇ ਲੱਖ ਰੋਕਣ ਤੇ ਵੀ ਇੱਕ ਦਿਨ ਮਾਂ ਨੇ ਸਾਨੂੰ...
ਦੋਨਾਂ ਨੂੰ ਉਸ ਫੋਟੋ ਕੋਲ ਬੁਲਾ ਕੇ ਸਭ ਕਹਾਣੀ ਦੱਸੀ।
ਮਾਂ ਤੇ ਬਾਪੂ ਦੇ ਵਿਆਹ ਨੂੰ ਪੰਜ ਵਰ੍ਹੇ ਹੋ ਗਏ ਸਨ ਪਰ ਔਲਾਦ ਨਾ ਹੋਈ। ਚੰਗੀ ਜ਼ਮੀਨ ਜਾਇਦਾਦ ਹੁੰਦੇ ਹੋਏ ਵੀ ਘਰ ਦੇ ਜੀਆਂ ਵਾਂਗ, ਹਵੇਲੀ ਵੀ ਉਦਾਸੀ ਨਾਲ ਘਿਰੀ ਰਹਿੰਦੀ। ਆਖਰ ਅੰਮਾਂ ਨੇ ਮਾਂ ਨਾਲ ਸਲਾਹ ਕਰ ਔਲਾਦ ਦੀ ਖਾਤਰ ਬਾਪੂ ਦਾ ਦੂਜਾ ਵਿਆਹ ਕਰਨ ਦੀ ਗੱਲ ਕੀਤੀ। ਮਾਂ ਰੱਜ ਕੇ ਸੋਹਣੀ-ਸੁਨੱਖੀ ਸੀ ਤਾਂ ਉਸਦੇ ਵਿਚਾਰ ਮੁਤਾਬਕ ਕੁੜੀ ਕਿਸੇ ਗਰੀਬ ਘਰ ਦੀ ਅਤੇ ਸਾਧਾਰਨ ਦਿੱਖਣ ਵਾਲੀ ਹੋਣੀ ਚਾਹੀਦੀ ਸੀ ਕਿ ਬਾਪੂ ਦਾ ਬਹੁਤਾ ਧਿਆਨ ਉਸ ਵਿੱਚ ਨਾ ਜਾਵੇ। ਇੱਕ ਔਰਤ ਹੌਣ ਦੇ ਨਾਮ ਤੇ ਇਹੀ ਉਸਨੂੰ ਠੀਕ ਜਾਪਿਆ। ਫੇਰ ਛੋਟੀ ਬੇਬੇ ਵਿਆਹ ਕੇ ਆ ਗਈ, ਰੰਗ-ਰੂਪ ਨੈਣ-ਨਕਸ਼ ਕਿਸੇ ਚੀਜ ਵਿੱਚ ਮਾਂ ਦੇ ਬਰਾਬਰ ਨਹੀ ਸੀ। ਸਾਰੇ ਘਰ ਦਾ ਕੰਮ ਕਰਦੀ ਪਰ ਮੱਥੇ ਵੱਟ ਨਾ ਪਾਉਂਦੀ। ਫੇਰ ਵੀ ਬਾਪੂ ਦਾ ਮਾਂ ਤੋਂ ਬਾਪੂ ਦਾ ਵੰਡਿਆ ਧਿਆਨ ਬਰਦਾਸ਼ਤ ਨਾ ਹੁੰਦਾ ਅਤੇ ਫੇਰ ਛੋਟੀ ਬੇਬੇ ਮਾਂ ਬਣਨ ਵਾਲੀ ਹੋ ਗਈ। ਉਸਦਾ ਸਾਂਵਲਾ ਰੰਗ ਨਿੱਖਰ ਗਿਆ ਸੀ। ਅੰਮਾਂ ਤੇ ਬਾਪੂ ਉਸਦਾ ਬਹੁਤ ਧਿਆਨ ਰੱਖਦੇ ਅਤੇ ਮਾਂ ਤੋਂ ਇਹ ਜਰਿਆ ਨਾ ਜਾਂਦਾ। ਉਹ ਹਰ ਸਾਹ ਨਾਲ ਇਹ ਸੁੱਖ ਮੰਗਦੀ ਕਿ ਇਹ ਔਰਤ ਉਸਦੀ ਜਿੰਦਗੀ ਵਿੱਚੋਂ ਨਿਕਲ ਜਾਵੇ। ਮਾਂ ਦੀਆਂ ਅਰਦਾਸਾਂ ਜਿਵੇਂ ਰੱਬ ਨੇ ਬਹੁਤ ਛੇਤੀ ਮੰਨਜ਼ੂਰ ਕਰ ਲਈਆਂ ਸਨ। ਬੇਬੇ ਸਾਨੂਂ ਦੋਨਾਂ ਭੈਣ-ਭਰਾਵਾਂ ਨੂੰ ਜਨਮ ਦੇ ਕੇ ਛੇ ਮਹੀਨਿਆਂ ਵਿੱਚ ਹੀ ਪੂਰੀ ਹੋ ਗਈ।
ਅੰਮਾਂ ਤੇ ਬਾਪੂ ਤਾਂ ਉਸਨੂੰ ਛੇਤੀ ਹੀ ਭੁੱਲ ਗਏ ਪਰ ਉਹ ਮਾਂ ਦੇ ਸਾਹਾਂ ਵਿੱਚ ਵੱਸ ਗਈ ਸੀ। ਮਾਂ ਨੂੰ ਹਮੇਸ਼ਾ ਲੱਗਦਾ ਕਿ ਉਹ ਕੋਈ ਰੱਬੀ ਰੂਹ ਸੀ ਜੋ ਬੱਸ ਉਸਦੀ ਝੋਲੀ ਭਰਨ ਆਈ ਸੀ ਪਰ ਉਸਨੇ ਨੇ ਉਸ ਨਾਲ ਚੰਗਾ ਵਿਹਾਰ ਨਹੀ ਕੀਤਾ। ਸਾਰੀ ਗੱਲ ਸੁਣ ਮੇਰੇ ਅੱਖਾਂ ਵਿੱਚ ਹੰਝੂ ਤਾਂ ਆ ਗਏ ਪਰ ਮਾਂ ਤੇ ਕੋਈ ਗਿਲ੍ਹਾ ਨਹੀ ਆਇਆ। ਆਖਰ ਆਪਣਾ ਘਰ ਅਤੇ ਮਰਦ ਵੰਡਣਾ ਕਿਸ ਤੋਂ ਜਰਿਆ ਜਾਂਦਾ।
✍🏻✍🏻ਹਰਪ੍ਰੀਤ ਬਰਾੜ ਸਿੱਧੂ