ਜਦ ਵੀ ਮੈਂ ਉਸ ਘਰ ਕੰਮ ਕਰਨ ਜਾਦੀ ਤਾ ਪਤਾ ਨਹੀ ਕਿਉ ਮਨ ‘ਚ ਇਹੀ ਹੁੰਦਾ ਕਿ ਕਾਸ਼ ਕਦੇ ਮੇਰਾ ਘਰ ਵੀ ਇਸ ਤਰ੍ਹਾ ਦਾ ਹੁੰਦਾ….ਇਹ ਆਲੀਸ਼ਾਨ ਕੋਠੀ, ਦੋ ਕਾਰਾਂ ਤੇ ਫਰਨੀਚਰ ਕਦ ਮੇਰੇ ਹਿੱਸੇ ਆਉਣਗੇ ????
ਫ਼ੇਰ ਸੋਚਾਂ ਕਿ ਸਭ ਕਰਮਾਂ ਦੀਆ ਗੱਲਾਂ ਨੇ ਜੇ ਸਭ ਹੀ ਅਮੀਰ ਹੋ ਗਏ ਤਾਂ ਫਿਰ ਕੌਣ ਇੰਨੇ ਅਮੀਰਾਂ ਦੇ ਘਰ ਕੰਮ ਕਰੇਗਾ??? ਜੇ ਸਾਡੇ ਵਰਗੇ ਸਧਾਰਨ ਪਰਿਵਾਰ ਨਾ ਹੋਏ ਤਾਂ ਪੋਚਿਆਂ ਨਾਲ ਲਿਸ਼ਕਾਈਆਂ ਕੋਠੀਆ ਕਿੱਥੇ ਰਹਿਣੀਆ ਜਾ ਫਿਰ ਜਿੱਦਾ ਕਹਿੰਦੇ ਹੁੰਦੇ ਆ ਕਿ ਬਾਹਰਲੇ ਮੁਲਕਾਂ ਦੀ ਤਰ੍ਹਾਂ ਸਭ ਖੁਦ ਹੀ ਘਰ ਦਾ ਕੰਮ ਕਰਨਗੇ, ਬਸ ਅਜਿਹੀਆ ਗੱਲਾਂ ਖੁਦ ਨਾਲ ਕਰਦੀ ਮੈਂ ਕਦ ਉਸ ਕੋਠੀ ਦਾ ਕੰਮ ਨਿਬੇੜ ਦਿੰਦੀ ਮੈਨੂੰ ਖੁਦ ਵੀ ਪਤਾ ਨਾ ਲੱਗਦਾ।
ਉਹ ਅਕਸਰ ਹੀ ਇੱਡੀ ਕੋਠੀ ‘ਚ ਕੱਲੀ ਹੁੰਦੀ, ਬਹੁਤਾ ਨਹੀ ਬੋਲਦੀ ਸੀ ਪਰ ਇੱਕ ਗੱਲ ਅਕਸਰ ਆਖ ਦਿੰਦੀ,” ਜਦ ਤੂੰ ਘਰ ਆ ਜਾਦੀ ਏ ਤਾ ਇੰਞ ਲੱਗਦਾ ਕੋਈ ਆਪਣਾ ਆ ਗਿਆ ਹੋਵੇ।” ਬਹੁਤੀ ਵਾਰ ਉਹ ਸ਼ੀਸ਼ੇ ਅੱਗੇ ਤਿਆਰ ਹੁੰਦੀ ਮੈਨੂੰ ਕੋਲ ਬੁਲਾ ਲੈਦੀ ਤੇ ਮੈਂ ਕਮਰੇ ਦੀ ਝਾੜ-ਪੂੰਝ ਕਰਦੀ ਉਸਦੇ ਕੱਦ ਤੋਂ ਵੀ ਉੱਚਾ ਸ਼ੀਸ਼ਾ ਦੇਖਦੀ ਤਾ ਮੈਨੂੰ ਆਪਣਾ ਕਿਰਦਾਰ ਬੌਣਾ ਮਹਿਸੂਸ ਹੁੰਦਾ।
ਉਹਦੇ ਘਰ ਤੋਂ ਨਿਕਲਦਿਆਂ ਤੇ ਮੇਰੇ ਮੁਹੱਲੇ ਤੱਕ ਅੱਪੜਦਿਆ ਇਦਾ ਲੱਗਦੇ ਜਿਦਾ ਸਦੀਆ ਪਿੱਛੇ ਆ ਗਈ ਹੋਵਾ ਜਿੱਥੇ ਕਾਮਿਆਂ ਦੇ ਨਿੱਕੇ- ਨਿੱਕੇ ਘਰ ਤੇ ਵੱਡੀਆ ਖੁਆਇਸ਼ਾ …. ਜਿਨ੍ਹਾਂ ਨੂੰ ਪੂਰੀਆ ਕਰਨ ‘ਚ ਉਮਰੋਂ ਪਹਿਲਾ ਪਈਆ ਚਿਹਰੇ ਤੇ ਝੁਰੜੀਆ, ਪੈਰਾਂ ‘ਚ ਕਾਹਲਪਨ, ੳਮੀਦ ਤੋਂ ਤੇਜ਼ ਭਰੀਆ ਪੁਲਾਘਾਂ, ਛੋਟਿਆਂ ਫੋਨਾਂ ਦੇ...
ਟਾਈਮ ਤੇ ਗੱਡੀਆਂ ਅੱਖਾਂ, ਹਲਾਤਾਂ ਦੁਆਰਾ ਮਿੱਧਿਆਂ ਹੋਇਆ ਬਚਪਨ ਤੇ ਅਧੂਰੇ ਖੁਆਬ ਪਰ ਫਿਰ ਵੀ ਹਰੇਕ ਦੇ ਮੁੱਖ ਤੇ ਕੁਦਰਤੀ ਹਾਸੇ ਤੇ ਰੂਹਾਂ ਦਾ ਸਕੂਨ ਅਕਸਰ ਹੀ ਦਿਖਦਾ ।
ਇੱਕ ਦਿਨ ਸ਼ਾਮੀ ਉਹਦਾ ਰੋਦਿਆਂ ਹੋਇਆ ਫੋਨ ਆਇਆ, ਮੈਨੂੰ ਜਲਦੀ ਕੋਠੀ ਆਉਣ ਲਈ ਕਿਹਾ….ਸੁਣ ਕੇ ਦਿਲ ਨੂੰ ਬੜਾ ਹੌਲ ਪਿਆ, ਮੈ ਵਾਹੋ-ਦਾਹੀ ਕੋਠੀ ਵੱਲ ਦੌੜੀ ਜਦ ਦਰਵਾਜਾ ਖੋਲਿਆ ਤਾ ਸਭ ਕੁਝ ਖਿਲਰਿਆ ਪਿਆ ਸੀ। ਉਹਦੀਆਂ ਅੱਖਾਂ ਲਾਲ ਸਨ, ਬੇਹੱਦ ਪੈਸੇ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਔਲਾਦ ਦਾ ਸੁੱਖ ਨਾ ਮਿਲਿਆ ਤੇ ਪਤੀ ਤੋਂ ਮਿਲਦਾ ਸਤਿਕਾਰ ਤੇ ਪਿਆਰ ਕਦ ਘੱਟਣ ਲੱਗਾ ਉਹ ਖੁਦ ਇਸ ਗੱਲੋਂ ਅਣਜਾਣ ਸੀ ਬਸ ਅੰਨੇਵਾਹੀ ਦੌਲਤ ਦੇ ਨਸ਼ੇ ‘ਚ ਪਤੀ ਆਪਣਾ ਵਖ਼ਤ ਤੇ ਪੈਸਾ ਵੇਸਵਾ ਕੋਲ ਵਾਰਦਾ ਰਿਹਾ ਤੇ ਅੱਜ ਦਿਨ ਐਸਾ ਆਇਆ ਕਿ ਉਸਦੀ ਤਨਹਾਈ ਨੇ ਘਰਦੇ ਸ਼ੀਸੇ ਤੱਕ ਤੋੜ ਦਿੱਤੇ ਤੇ ਕੋਠੀ ਵੀਰਾਨ ਹੋ ਗਈ ਤੇ ਵੱਡੇ-ਵੱਡੇ ਟੁੱਟੇ ਹੋਏ ਸ਼ੀਸ਼ਿਆਂ ‘ਚੋ ਉਸਦਾ ਅਕਸ ਮੈਨੂੰ ਧੁੰਧਲਾ ਜਾਪਿਆ ….ਉਸਨੇ ਬੈਗ ਚੱਕਿਆ ਤੇ ਮੈਨੂੰ ਮਹੀਨੇ ਦੇ ਪੈਸੇ ਦੇ ਅੱਖਾਂ ‘ਚ ਅਧਮੋਏ ਸੁਪਨੇ ਲੈ ਕੋਠੀ ਨੂੰ ਮਕਾਨ ਬਣਾ ਚਲੀ ਗਈ ਤੇ ਮੈਂ ਘਰ ਵਾਪਿਸ ਮੁੜਦੀ ਇਹੀ ਸੋਚਦੀ ਰਹੀ ਕਿ ਪੈਸਾ ਸਭ ਕੁਝ ਨਹੀ ਹੁੰਦਾ, ਆਪਣਿਆ ਲਈ ਕੱਢਿਆ ਵਖ਼ਤ ਤੇ ਨਿੱਕੀਆ ਖੁਸ਼ੀਆ ਹੀ ਜਿਊਣ ਦਾ ਅਸਲ ਕਾਰਨ ਹੁੰਦੀਆ ਨੇ।
ਕਮਲ ਕੌਰ