ਬਾਪੂ ਜੀ ਦੇ ਤੁਰ ਜਾਣ ਤੋਂ ਬਾਅਦ ਕਿਸੇ ਚਾਚੇ ਤਾਏ ਨੇ ਸਾਰ ਨਾ ਲਈ ਪਰ ਇਕ ਭੂਆ ਸੀ ਜੌ ਕੰਧ ਬਣਕੇ ਨਾਲ ਖੜੀ ਰਹੀ।ਬੇਬੇ ਨੇ ਤਾਂ ਮੈਨੂੰ ਪੜਨੋ ਹਟਾ ਹੀ ਲਿਆ ਸੀ ਕਿ ਕੁੜੀਆਂ ਨੇ ਤਾਂ ਅਗਾਂਹ ਜਾ ਕੇ ਘਰ ਦਾ ਚੁੱਲ੍ਹਾ ਚੌਂਕਾ ਹੀ ਸਾਂਭਣਾ ਹੁੰਦਾ ਆ।
ਮੈਂ ਤਾਂ ਬੇਬੇ ਜੀ ਦੀ ਗੱਲ ਮੰਨ ਕੇ ਪੜਨੋ ਹਟ ਗਈ ਪਰ ਆਪਣੇ ਤੋਂ ਛੋਟੀ ਨੂੰ ਪੜਨੋ ਨਾ ਹਟਾਇਆ।ਬੇਬੇ ਸਾਰਾ ਦਿਨ ਪਸ਼ੂਆਂ ਨਾਲ ਲੱਗੀ ਰਹਿੰਦੀ ਤੇ ਮੈਂ ਵੀ ਸਿਲਾਈ ਦਾ ਕੰਮ ਸਿੱਖ ਕੇ ਸੂਟ ਸਿਉਣੇ ਸ਼ੁਰੂ ਕਰ ਦਿੱਤੇ।
ਪਤਾ ਹੀ ਨਾ ਚੱਲਿਆ ਕਿਵੇਂ ਦਿਨਾ ਚ ਹੀ ਮੇਰੇ ਸੂਟਾਂ ਦੀ ਮਸ਼ਹੂਰੀ ਸਾਰੇ ਪਿੰਡ ਚ ਹੋ ਗਈ ਤੇ ਮੇਰਾ ਕੰਮ ਸੋਹਣਾ ਚੱਲ ਪਿਆ।ਇੱਕ ਉਮੀਦ ਹੋ ਗਈ ਕਿ ਹੁਣ ਆਪਣੀ ਪੜਾਈ ਦਾ ਖਰਚਾ ਆਪ ਚੁੱਕ ਲਵਾਂਗੀ।
ਘਰ ਦਾ ਗੁਜ਼ਾਰਾ ਵੀ ਪਹਿਲਾਂ ਨਾਲੋਂ ਸੋਹਣਾ ਚੱਲਣ ਲੱਗ ਗਿਆ ਤਾਂ ਸ਼ਾਇਦ ਤਾਏ ਹੁਣਾ ਕੋਲੋਂ ਇਹ ਗੱਲ ਬਰਦਾਸ਼ਤ ਨਾ ਹੋਈ ਤਾਂ ਓਹਨਾ ਨੇ ਜ਼ਮੀਨ ਦਾ ਆਉਂਦਾ ਹਾਲਾ ਦੇਣਾ ਬੰਦ ਕਰ ਦਿੱਤਾ।ਅਸੀਂ ਇੱਕ ਦੋ ਵਾਰ ਪੈਸਿਆਂ ਦੀ ਗੱਲ ਕੀਤੀ ਤਾਂ ਤਾਈ ਨੇ ਰੱਜ ਕੇ ਕਲੇਸ਼ ਕੀਤਾ।
ਮੁੜਕੇ ਗੇਟਾਂ ਅੱਗੇ ਟੂਣੇ ਕਰਨੇ ਸ਼ੁਰੂ ਕਰ ਦਿੱਤੇ ਤੇ ਆਏ ਦਿਨ ਮੇਰੇ ਅਤੇ ਬੇਬੇ ਉੱਤੇ ਨਵੇਂ ਨਵੇਂ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ।ਤਾਏ ਹੁਣਾ ਨਾਲ ਕਲੇਸ਼ ਵਧਦਾ ਵੇਖ ਕੇ ਬੇਬੇ ਨੇ ਡਰਦੀ ਨੇ ਓਹਨਾਂ ਦੇ ਬੂਹੇ ਅੱਗਿਓਂ ਲੰਘਣਾ ਬੰਦ ਕਰ ਦਿੱਤਾ।
ਇੱਕ ਦਿਨ ਬੇਬੇ ਧਾਰਾਂ ਕੱਢਣ ਗਈ ਤਾਂ ਮੱਝ ਨੇ ਲੱਤ ਮਾਰ ਦਿੱਤੀ ਤਾਂ ਬੇਬੇ ਦੇ ਡਿਗਣ ਕਰਕੇ ਮਣਕੇ ਹਿੱਲ ਗਏ।
ਮੈਂ ਤਾਂ ਪੂਰੀ ਤਰਾਂ ਟੁੱਟ ਗਈ ਸੀ ਪਰ ਫੇਰ ਵੀ ਖੁਦ ਨੂੰ ਹੌਂਸਲਾ ਦੇ ਕੇ ਘਰਦਾ ਖਰਚਾ ਚਲਾਉਂਦੀ ਰਹੀ।
ਫੇਰ ਰਿਸ਼ਤੇਦਾਰਾਂ ਨੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਹੁਣ ਧੀ ਜਵਾਨ ਹੋ ਗਈ ਆ ਇਹਨੂੰ ਵਿਆਹ ਦਿਓ।ਮੈਂ ਆਪਣੇ ਤੋਂ ਛੋਟੀ ਨੂੰ ਪੜਾ ਲਿਖਾ ਕੇ ਕਿਸੇ ਵਧੀਆ ਮੁਕਾਮ ਤੇ ਪਹੁੰਚਾਉਣਾ ਚਾਹੁੰਦੀ ਸੀ ਪਰ ਮੇਰਾ ਜ਼ੋਰ ਨਾ ਚੱਲਿਆ ਤੇ ਭੂਆ ਨੇ ਆਪਣੇ ਜੇਠ ਦੇ ਮੁੰਡੇ ਨਾਲ ਮੇਰਾ ਰਿਸ਼ਤਾ ਪੱਕਾ ਕਰ ਦਿੱਤਾ।
ਨਾ ਕੋਈ ਦੇਖ ਦਿਖਾਲਾ ਹੋਇਆ ਨਾ ਕਿਸੇ ਨੇ ਮੇਰੀ ਹਾਂ ਨਾਹ ਪੁੱਛੀ ਬਸ ਪਾਠੀ ਸਿੰਘ ਨੇ ਲਾਵਾਂ ਪੜ ਦਿੱਤੀਆਂ।ਮੈਂ ਬੇਬੇ ਕਰਕੇ ਤੇ ਰੱਬ ਦਾ ਭਾਣਾ ਸਮਝ ਕੇ ਕੁਝ ਬੋਲਣਾ ਜਰੂਰੀ ਨਾ ਸਮਝਿਆ।
ਸੋਹਰੇ ਘਰ ਚ ਸੱਸ ਦਾ ਪੂਰਾ ਰੋਹਬ ਸੀ ਮੇਰੀਆਂ ਦੋ ਨਨਾਣਾਂ ਮੇਰੇ ਤੋਂ ਛੋਟੀਆਂ ਤੇ ਇੱਕ ਦਿਓਰ ਤਿੰਨੋ ਕੁਵਾਰੇ ਸੀ।
ਵਿਆਹ ਦੀ ਹਜੇ ਮਹਿੰਦੀ ਨਹੀਂ ਉਤਰੀ ਸੀ ਜਦੋਂ ਮੇਰੀ ਸੱਸ ਨੇ ਮੈਨੂੰ ਪੱਠੇ ਕੁਤਰਨ ਲ੍ਹਾ ਦਿੱਤਾ ਸੀ।
ਸਾਰਾ ਦਿਨ ਪਸ਼ੂਆਂ ਦਾ ਕੰਮ ਕਰਨਾ ਦਿਹਾੜੀ ਚ ਦੋ ਦੋ ਵਾਰ ਵਿਹੜਾ ਸੁੰਬਰਨਾਂ ਪਰ ਫੇਰ ਵੀ ਆਪਣੇ ਆਪ ਨੂੰ ਨਿਕੰਮੀ ਸਦਾਉਣਾ।
ਘਰ ਵਾਲਾ ਵੀ ਬਾਹਲਾ ਕਲੇਸ਼ ਕਰਦਾ ਸੀ ਘਰ ਦਾ ਸਾਰਾ ਖਰਚਾ ਮੇਰੀ ਸੱਸ ਹੀ ਕਰਿਆ ਕਰਦੀ ਸੀ।ਜਦੋਂ ਓਹਨਾ ਨੂੰ ਪਤਾ ਲੱਗਿਆ ਕਿ ਮੈਂ ਸਿਲਾਈ ਦਾ ਕੰਮ ਜਾਣਦੀ ਆ ਤਾਂ ਮੈਨੂੰ...
ਮਸ਼ੀਨ ਲਿਆ ਦਿੱਤੀ ਮੈਂ ਸੋਚਿਆ ਚਲੋ ਡੰਗਰਾਂ ਨਾਲ ਡੰਗਰ ਹੋਣੋਂ ਚੰਗਾ ਆ ਕਿ ਬੈਠੀ ਕੱਪੜੇ ਸਿਉਂਦੀ ਰਹਾਂਗੀ।
ਘਰ ਵਾਲਾ ਪਹਿਲਾਂ ਤਾਂ ਮਾੜਾ ਮੋਟਾ ਕੋਈ ਕੰਮ ਧੰਦਾ ਕਰ ਹੀ ਲੈਂਦਾ ਸੀ ਪਰ ਮੇਰੇ ਸਿਲਾਈ ਕਰਨ ਮਗਰੋਂ ਉੱਕਾ ਹੀ ਘਰ ਬੈਠ ਗਿਆ।
ਮੈਂ ਸਾਰਾ ਦਿਨ ਮਸ਼ੀਨ ਚਲਾ ਚਲਾ ਕੇ ਮਸ਼ੀਨ ਬਣ ਗਈ ਸੀ ਪਰ ਆਪਣੇ ਸਹੁਰਿਆਂ ਲਈ ਮੈਂ ਸ਼ਾਇਦ ਪੈਸਿਆਂ ਦੀ ਮਸ਼ੀਨ ਹੀ ਸੀ।
ਫੇਰ ਪੈਸਿਆਂ ਪਿੱਛੇ ਕਲੇਸ਼ ਸ਼ੁਰੂ ਹੋ ਗਿਆ ਪਹਿਲਾਂ ਮੇਰੇ ਘਰ ਵਾਲੇ ਨੇ ਮੇਰੇ ਤੇ ਹੱਥ ਚੁੱਕਿਆ ਮਗਰੋਂ ਮੇਰੀ ਸੱਸ ਨਨਾਣਾਂ ਸਭ ਨੇ ਪੈਸਿਆਂ ਲਈ ਮੈਨੂੰ ਮਾਰਨਾ ਸ਼ੁਰੂ ਕਰ ਦਿੱਤਾ ਮੈਂ ਤਾਂ ਆਪਣੀ ਮਾਂ ਨੂੰ ਵੀ ਨਹੀਂ ਦੱਸ ਸਕਦੀ ਸੀ ਨਾ ਭੂਆ ਨਾਲ ਲੜ ਸਕਦੀ ਸੀ।
ਬਸ ਫੇਰ ਹੰਝੂਆ ਨਾਲ ਸਮਝੌਤਾ ਕਰ ਲਿਆ ਤੇ ਖੁਦ ਲਈ ਜਿਊਣਾ ਛੱਡ ਦਿੱਤਾ।ਦੋਵਾਂ ਨਨਾਣਾਂ ਦੇ ਵਿਆਹ ਹੋ ਗਏ ਮੈਂ ਖੁਦ ਨੂੰ ਥੋੜਾ ਸੌਖਾ ਮਹਿਸੂਸ ਕੀਤਾ ਤਾਂ ਘਰ ਵਾਲੇ ਨੇ ਡੋਡੇ, ਕੈਪਸੂਲਾਂ ਦਾ ਖਰਚਾ ਵਧਾ ਲਿਆ।
ਸੱਸ ਨੂੰ ਜਦ ਵੀ ਕਦੇ ਓਹਦੇ ਨਸ਼ਿਆਂ ਦੀ ਸ਼ਿਕਾਇਤ ਕਰਨੀ ਤਾਂ ਸੱਸ ਨੇ ਕਹਿਣਾ ਮੈਨੂੰ ਮੇਰਾ ਪੁੱਤ ਬਹੁਤ ਲਾਡਲਾ ਆ ਮੈਂ ਇੱਕ ਵੀ ਗੱਲ ਨਹੀਂ ਸੁਣਨੀ ਸਗੋਂ ਮੈਨੂੰ ਮੇਹਣੇ ਦੇਣੇ ਕਿ ਤੇਰੇ ਕਿਹੜਾ ਕੋਈ ਭਰਾ ਆ ਤੈਨੂੰ ਕੀ ਪਤਾ ਮਾਵਾਂ ਨੂੰ ਪੁੱਤ ਕਿੰਨੇ ਲਾਡਲੇ ਹੁੰਦੇ ਆ।
ਹੌਲੀ ਹੌਲੀ ਕਰਕੇ ਮੈਨੂੰ ਔਲਾਦ ਦੇ ਮੇਹਣੇ ਮਿਲਣ ਲੱਗ ਗਏ।ਜਿਸਮ ਮੇਰਾ ਹੱਡੀਆਂ ਦੀ ਮੁੱਠ ਬਣ ਗਿਆ ਸੀ ਤੇ ਮੇਰੇ ਘਰ ਵਾਲੇ ਨੂੰ ਮੇਰੀ ਸਿਹਤ ਨਾਲ ਕੋਈ ਮਤਲਬ ਨਹੀਂ ਸੀ ਓਹਨੂੰ ਬਸ ਹਰ ਰੋਜ਼ ਆਪਣੀ ਅੱਗ ਮਿਟਾਉਣੀ ਹੁੰਦੀ ਸੀ।
ਕਰਦੇ ਕਰਦੇ ਮੇਰੇ ਜਵਾਕ ਹੋ ਗਿਆ ਤੇ ਰੱਬ ਨੇ ਦਿੱਤਾ ਵੀ ਮੁੰਡਾ।ਹੁਣ ਘਰ ਚ ਥੋੜੀ ਜਹੀ ਇੱਜਤ ਤਾਂ ਬਣ ਗਈ ਸੀ ਪਰ ਪੈਸਿਆਂ ਵਾਲਾ ਸਿਲਸਿਲਾ ਨਾ ਖਤਮ ਹੋਇਆ।ਜਵਾਕ ਹੋਣ ਮਗਰੋਂ ਮੇਰਾ ਸ਼ਰੀਰ ਪਹਿਲਾਂ ਨਾਲੋਂ ਵੀ ਜਵਾਬ ਦੇ ਗਿਆ ਤਾਂ ਮੇਰੇ ਘਰ ਵਾਲੇ ਨੇ ਮੈਨੂੰ ਦੇਖਣਾ ਵੀ ਬੰਦ ਕਰ ਦਿੱਤਾ ਤੇ ਆਪਣਾ ਨਸ਼ਾ ਵਧਾ ਲਿਆ।
ਹੁਣ ਜ਼ਿੰਦਗੀ ਦੇ ਐਸੇ ਪੜਾਅ ਚ ਪੁੱਜ ਗਈ ਆ ਕਿ ਨਾ ਤਾਂ ਅੱਗੇ ਵਧਣ ਦਾ ਹੌਂਸਲਾ ਆ ਤੇ ਨਾ ਹੀ ਪਿੱਛੇ ਮੁੜਨ ਦੀ ਹਿੰਮਤ ਆ।ਸ਼ਿਕਾਇਤ ਵੀ ਕੀਹਦੇ ਕੋਲ ਕਰਾਂ ਤੇ ਕਿਹੜੀ ਕਿਹੜੀ ਕਰਾਂ।
ਹੁਣ ਬਸ ਪੁੱਤ ਦੀ ਜ਼ਿੰਦਗੀ ਬਣਾਉਣ ਲਈ ਮਸ਼ੀਨ ਤੇ ਲੱਗੀ ਰਹਿੰਦੀ ਹਾਂ ਤੇ ਦਰਦ ਲਿਖ ਲਿਖ ਵਰਕੇ ਕਰਕੇ ਕਾਲੇ ਕਰਦੀ ਰਹਿੰਦੀ ਹਾਂ।
ਹਜੇ ਤੱਕ ਪੁੱਤ ਬੜੇ ਕਹਿਣੇ ਚ ਆ ਮੈਂ ਵੀ ਓਹਦੀ ਤਰਬੀਅਤ ਚ ਕੋਈ ਕਸਰ ਨਹੀਂ ਛੱਡੀ।ਖੁਦ ਤਾਂ ਜ਼ਿੰਦਗੀ ਦਾ ਕੋਈ ਰੰਗ ਨਹੀਂ ਮਾਣ ਸਕੀ।ਪਰ ਪੁੱਤ ਕੋਲੋਂ ਉਮੀਦ ਕਰਦੀ ਹਾਂ ਕਿ ਜਵਾਨ ਹੋ ਕੇ ਮੇਰਾ ਪੁੱਤ ਮੈਨੂੰ ਮੇਰਾ ਸਾਰਾ ਦਰਦ ਭੁਲਾ ਦਵੇਗਾ।
ਧੰਨਵਾਦ,
ਜਸਕਰਨ ਬੰਗਾ।।
+971554936384