More Punjabi Kahaniya  Posts
ਦਾਨ


ਸੁੱਖਚੈਨ ਸਿੰਘ ਆਪਣੇ ਭਰਾ ਵਾਂਗ ਅਮੀਰ ਨਹੀਂ ਸੀ। ਪਰ ਰੋਟੀ-ਪਾਣੀ ਜੋਗਾ ਕਮਾਈ ਜਾ ਰਿਹਾ ਸੀ। ਉਸਦੀ ਪਤਨੀ ਰਾਜਵੰਤ ਕੌਰ ਵੀ ਕੱਪੜੇ ਸਿਆਂਓਦੀ ਸੀ। ਆਪ ਸੁੱਖਚੈਨ ਲੋਹੇ ਦੇ ਕਾਰਖਾਨੇ ਵਿੱਚ ਮਜ਼ਦੂਰੀ ਕਰਦਾ ਸੀ।
ਸੁੱਖਚੈਨ ਦੇ ਦੋ ਕੁੜੀਆਂ ਸਨ। ਵੱਡੀ ਕੁੜੀ ਪੰਦਰਾ ਸਾਲਾਂ ਦੀ ਅਤੇ ਛੋਟੀ ਗਿਆਰਾਂ ਸਾਲਾਂ ਦੀ ਸੀ। ਘਰ ਦਾ ਖਰਚ ਹਰ ਮਹੀਨੇ ਇੰਨਾ ਜਿਆਦਾ ਹੋ ਜਾਂਦਾ ਸੀ ਕਿ ਕਮਾਇਆ ਪੈਸਾ ਕਿੱਧਰ ਜਾਂਦਾ ਸੀ ਪਤਾ ਹੀ ਨਹੀਂ ਸੀ ਲੱਗਦਾ।
ਜੇਕਰ ਕਦੇ ਦਵਾਈ ਦਾ ਖਰਚ ਆ ਜਾਵੇ ਤਾਂ ਰਾਸ਼ਨ ਵਾਲੇ ਨਾਲ ਉਧਾਰ ਕਰਨਾ ਪੈ ਜਾਂਦਾ ਸੀ। ਦੋਵੇਂ ਜੀਅ ਰੱਜਵੀਂ ਮਿਹਨਤ ਕਰਦੇ ਪਰ ਫੇਰ ਵੀ ਕਮਾਈ ਖਰਚਿਆਂ ਦੇ ਹਿਸਾਬ ਨਾਲ ਬੱਸ ਪੂਰੀ-ਪੂਰੀ ਹੀ ਹੁੰਦੀ ਸੀ।
ਹੁੱਣ ਦੋ ਕਮਰਿਆਂ ਦੇ ਘਰ ਦੀ ਛੱਤ ਚੋਈ ਜਾ ਰਹੀ ਸੀ। ਇਸ ਵਾਰ ਬਰਸਾਤਾਂ ਵਿੱਚ ਬਹੁਤ ਔਖਾ ਹੋਇਆ। ਇੱਟ-ਬਾਲਾ ਪਾਇਆ ਹੋਇਆ ਸੀ। ਪੱਕੀ ਛੱਤ ਨਹੀਂ ਸੀ। ਜਦੋਂ ਪਾਣੀ ਟਪਕਣ ਲੱਗਦਾ ਤਾਂ ਥੱਲੇ ਬਾਲਟੀ ਰੱਖ ਦਿੰਦੇ। ਪਾਣੀ ਭਰ ਜਾਂਦਾ ਤਾਂ ਬਾਲਟੀ ਡੋਲ ਕੇ ਦੋਬਾਰਾ ਭਰਨ ਲਈ ਰੱਖ ਦਿੰਦੇ।
ਰਾਜਵੰਤ ਕੌਰ ਨੇ ਸੁੱਖੇ ਨੂੰ ਕਿਹਾ ਕਿ ਕਿਓਂ ਨਾ ਵੱਡੇ ਭਾਈ ਸਾਹਿਬ ਕੋਲੋਂ ਸਹਾਇਤਾ ਮੰਗ ਲਈ ਜਾਵੇ। ਜੇ ਓਹ ਲੈਂਟਰ ਨਹੀਂ ਪਵਾ ਸਕਦੇ ਤਾਂ ਇੰਨੀ ਕੁ ਮੱਦਦ ਹੀ ਕਰ ਦੇਣ ਕਿ ਇਸ ਕੱਚੀ ਛੱਤ ਦੀ ਮੁਰੰਮਤ ਕਰਵਾ ਸਕੀਏ।
ਸੁੱਖਚੈਨ ਦੀ ਗਰੀਬੀ ਉਸ ਵਾਸਤੇ ਕਿਸੇ ਲਾਗ ਦੀ ਬਿਮਾਰੀ ਦੀ ਤਰਾਂ ਬਣ ਗਈ ਸੀ। ਉਸਦੀ ਗਰੀਬੀ ਦੇ ਚੱਲਦਿਆਂ ਕੋਈ ਰਿਸ਼ਤੇਦਾਰ ਉਸਦੇ ਨੇੜੇ ਵੀ ਨਹੀਂ ਸੀ ਲੱਗਦਾ। ਆਪਣੇ ਵੱਡੇ ਭਰਾ ਜਗਤਾਰ ਨਾਲ ਮਿਲੇ ਹੋਏ ਵੀ ਉਸਨੂੰ ਚਾਰ ਮਹੀਨੇ ਤੋਂ ਉਪਰ ਹੋ ਗਏ ਸਨ।
ਜਗਤਾਰ ਜ਼ਮੀਨਾ ਦਾ ਸੌਦੇ ਕਰਵਾਂਓਦਾ ਸੀ। ਉਸਦਾ ਕੰਮ ਵਧੀਆ ਚੱਲ ਰਿਹਾ ਸੀ। ਜਗਤਾਰ ਨੇ ਆਪਣਾ ਵੱਡਾ ਮੁੰਡਾ ਪਿਛਲੇ ਮਹੀਨੇ ਹੀ ਕਨੇਡਾ ਭੇਜਿਆ ਸੀ। ਛੋਟੀ ਕੁੜੀ ਵੀ ਆਈਲਸ ਕਰ ਰਹੀ ਸੀ।
ਦੋ ਕੋਠੀਆਂ ਜਗਤਾਰ ਨੇ ਮਾੱਡਲ ਟਾਊਨ ਪਾਈਆਂ ਹੋਈਆਂ ਸਨ। ਇਕ ਵਿੱਚ ਆਪ ਰਹਿੰਦਾ ਸੀ ਅਤੇ ਇਕ ਆਓਣ-ਜਾਣ ਵਾਲੇ ਮਹਿਮਾਨਾਂ ਲਈ ਰੱਖੀ ਹੋਈ ਸੀ। ਇਕ ਫਾਰਮ ਹਾਊਸ ਸ਼ਹਿਰ ਤੋਂ ਬਾਹਰ ਪਾਇਆ ਹੋਇਆ ਸੀ।
ਜਗਤਾਰ ਦੀ ਪਤਨੀ ਹਰਜਿੰਦਰ ਕੌਰ ਤਾਂ ਸੋਨੇ ਨਾਲ ਲੱਦੀ ਹੋਈ ਬਾਹਰ ਨਿਕਲਦੀ ਅਤੇ ਮਹਿੰਗੀਆਂ ਕਾਰਾਂ ਵਿੱਚ ਬੈਠ ਜਾਂਦੀ। ਪੈਸਾ ਛਾਪਣ ਦੀ ਜਿਵੇਂ ਕੋਈ ਮਸ਼ੀਨ ਲਗਾ ਲਈ ਸੀ ਜਗਤਾਰ ਸਿੰਘ ਨੇ।
ਪਿਛਲੀ ਵਾਰ ਸੁੱਖਚੈਨ ਆਪਣੇ ਭਾਈ ਨਾਲ ਮਿਲਿਆ ਸੀ ਤਾਂ ਜਗਤਾਰ ਨੇ ਸਿੱਧੇ ਮੂੰਹ ਗੱਲ ਤੱਕ ਨਹੀਂ ਸੀ ਕਰੀ। ਇਕ ਰਿਸ਼ਤੇਦਾਰ ਦਾ ਵਿਆਹ ਸੀ। ਜਿੱਥੇ ਦੋਵੇਂ ਭਾਈ ਮਿਲੇ ਸਨ। ਪਰ ਜਗਤਾਰ ਮੂੰਹ ਜਿਹਾ ਪਰੇ ਨੂੰ ਕਰ ਖੜਾ ਰਿਹਾ ਸੀ। ਓਹ ਆਪਣੇ ਪੈਸੇ ਦੇ ਹੰਕਾਰ ਵਿੱਚ ਅੰਨਾ ਹੋਇਆ ਸ਼ਾਇਦ ਆਪਣੇ ਗਰੀਬ ਭਾਈ ਨੂੰ ਪਹਿਚਾਣ ਤੱਕ ਨਹੀਂ ਸੀ ਸਕਿਆ।
ਅੱਜ ਗਰੀਬੀ ਹੱਥੋਂ ਮਜਬੂਰ ਹੋਇਆ ਸੁੱਖਚੈਨ ਆਪਣੇ ਅਮੀਰ ਭਰਾ ਦੀ ਮਹਿਲਾਂ ਵਰਗੀ ਕੋਠੀ ਵਿੱਚ ਆ ਤਾਂ ਗਿਆ ਸੀ ਪਰ ਉਸਨੂੰ ਕੋਈ ਖਾਸ ਉਮੀਦ ਨਹੀਂ ਸੀ। ਫੇਰ ਹੋਰ ਕਰਦਾ ਵੀ ਕੀ? ਆਪਣੇ ਭਾਈ ਤੋਂ ਨਾ ਮੰਗੇ ਤਾਂ ਹੋਰ ਕੀਹਦੇ ਕੋਲੋਂ ਮੰਗੇ?
ਸ਼ਾਇਦ ਕੋਈ ਚਮਤਕਾਰ ਹੋ ਹੀ ਜਾਵੇ!! ਬਾਈ ਕੋਈ ਮੱਦਦ ਕਰ ਹੀ ਦਵੇ ਕੀ ਪਤਾ? ਗਰੀਬ ਕੋਲ ਹੋਰ ਕੁੱਛ ਹੋਵੇ ਨਾ ਹੋਵੇ! ਉਸਦੀ ਉਮੀਦ ਜਰੂਰ ਹੁੰਦੀ ਹੈ।
ਸੁੱਖਚੈਨ ਕਾਫੀ ਦੇਰ ਆਪਣੇ ਭਾਈ ਦੀ ਕੋਠੀ ਦੇ ਦਰਵਾਜੇ ਕੋਲ ਬੈਠਾ ਰਿਹਾ। ਚੌਂਕੀਦਾਰ ਨੇ ਅੰਦਰ ਨਾ ਜਾਣ ਦਿੱਤਾ। ਜਗਤਾਰ ਘੰਟੇ ਕੁ ਮਗਰੋਂ ਬਾਹਰ ਆਇਆ।
“ਹਾਂ ਵਈ ਸੁੱਖੇ!! ਅੱਜ ਐਧਰ ਕਿੱਧਰ!!?” ਉਚੇ ਸੁਰ ਵਿੱਚ ਜਗਤਾਰ ਬੋਲਿਆ।
“ਬਾਈ ਕੀ ਹਾਲ ਹੈ? ਠੀਕ ਹੋ?” ਸੁੱਖਚੈਨ ਦੀ ਆਵਾਜ਼ ਵਿੱਚ ਨਿਮਰਤਾ ਸੀ।
ਜਗਤਾਰ ਫੋਨ ਚਲਾਂਓਦਾ ਰਿਹਾ। ਉਸਨੇ ਸੁੱਖਚੈਨ ਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ।
“ਬਾਈ ਜੱਗੇ ਇਕ ਮੱਦਦ ਚਾਹੀਦੀ ਸੀ”। ਸੁੱਖਚੈਨ ਬੋਲਿਆ।
“ਹਮਮਮ!” ਜਗਤਾਰ ਨੇ ਬੱਸ ਇੰਨਾ ਹੀ ਕਿਹਾ।
“ਬਾਈ ਆਪਣੇ ਘਰ ਦੀ ਛੱਤ ਚੋਣ ਲੱਗ ਪਈ ਹੈ। ਬਣਾਓਦਾ ਹਾਂ ਤਾਂ ਫੇਰ ਟੁੱਟ ਜਾਂਦੀ ਹੈ। ਹੁੱਣ ਮੁਰੰਮਤ ਹੀ ਕਰਾਓਣੀ ਪਵੇਗੀ”। ਕਹਿੰਦੇ ਹੋਏ...

ਸੁੱਖਚੈਨ ਨੇ ਹੱਥ ਜੋੜ ਲਏ, “ਜੇ ਹੋ ਸਕੇ ਤਾਂ ਮੇਰੇ ਘਰ ਦੀ ਛੱਤ ਬਚਾ ਲੈ ਬਾਈ!! ਮੈਂ ਤੇਰਾ ਇਕ-ਇਕ ਪੈਸਾ ਮੋੜ ਦੂੰ!!”
“ਹੈਲੋ ਮੈਗੀ!! ਹਾਏ ਡੀਅਰ!! ਕਿਆ ਹਾਲ ਹੈ!!!?” ਜਗਤਾਰ ਨੂੰ ਅਚਾਨਕ ਫੋਨ ਆਇਆ ਅਤੇ ਓਹ ਫੋਨ ਉਪਰ ਗੱਲ ਕਰਨ ਲੱਗਿਆ।
ਸੁੱਖਚੈਨ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਸਦੀ ਉਮੀਦ ਟੁੱਟ ਗਈ ਸੀ। ਪਰ ਫੇਰ ਵੀ ਓਹ ਖੜਾ ਰਿਹਾ। ਦਸ ਕੁ ਮਿੰਟ ਜਗਤਾਰ ਪਾਰਕ ਵਿੱਚ ਘੁੰਮਦਾ ਹੋਇਆ ਫੋਨ ਤੇ ਗੱਲਾਂ ਕਰਦਾ ਰਿਹਾ। ਫੇਰ ਵਾਪਸ ਆਇਆ।
“ਮੈਂ ਕਰਦਾ ਕੁੱਛ। ਤੂੰ ਘਰ ਚੱਲ। ਮੈਂ ਫੋਨ ਕਰੂੰ ਤੈਨੂੰ ਓਕੇ!!”
“ਪਰ…..!”
ਇਸ ਤੋਂ ਪਹਿਲਾਂ ਕਿ ਸੁੱਖਚੈਨ ਕੁੱਛ ਬੋਲ ਪਾਂਓਦਾ ਜਗਤਾਰ ਅੰਦਰ ਚਲਿਆ ਗਿਆ। ਚੌਂਕੀਦਾਰ ਨੇ ਸੁੱਖਚੈਨ ਨੂੰ ਵਾਪਸ ਜਾਣ ਲਈ ਕਹਿ ਦਿੱਤਾ।
ਆਪਣੇ ਭਾਈ ਨਾਲ ਸੁੱਖੇ ਨੇ ਕਈ ਵਾਰ ਫੋਨ ਤੇ ਗੱਲ ਕੀਤੀ। ਪਰ ਹਰ ਵਾਰ ਜਗਤਾਰ ਸੁੱਖੇ ਨੂੰ ਟਾਲਦਾ ਰਿਹਾ। ਕਈ ਵਾਰ ਤਾਂ ਫੋਨ ਹੀ ਨਾ ਚੱਕਦਾ।
ਥੱਕ ਹਾਰ ਕੇ ਸੁੱਖਾ ਚੁੱਪ ਹੀ ਹੋ ਗਿਆ। ਆਸ-ਪਾਸ ਤੋਂ ਮਿੱਟੀ ਚੱਕ ਆਪਣੀ ਛੱਤ ਉਪਰ ਸੁੱਟ ਲਈ। ਜਦੋਂ ਵੀ ਆਸਮਾਨ ਵਿੱਚ ਬੱਦਲ ਹੁੰਦੇ ਤਾਂ ਸੁੱਖਚੈਨ ਨੂੰ ਚਿੰਤਾ ਹੋ ਜਾਂਦੀ। ਨਿੱਤ ਅਰਦਾਸ ਕਰਦਾ ਕਿ ਰੱਬਾ ਮੀਂਹ ਨਾ ਪਵੇ।
ਇਸੇ ਤਰਾਂ ਦਿਨ ਲੰਘ ਹੀ ਰਹੇ ਸਨ ਕਿ ਪਤਾ ਚੱਲਿਆ ਜਗਤਾਰ ਦੀ ਪਤਨੀ ਦਿਲ ਦੇ ਦੌਰੇ ਕਾਰਨ ਮਰ ਗਈ। ਸੁੱਖਚੈਨ ਨੂੰ ਬੜਾ ਦੁੱਖ ਲੱਗਿਆ। ਓਹ ਅਤੇ ਉਸਦੀ ਪਤਨੀ ਰਾਜਵੰਤ ਓਸੇ ਵਕਤ ਜਗਤਾਰ ਦੇ ਘਰ ਪਹੁੰਚੇ।
ਸਭ ਅਚਾਨਕ ਹੀ ਹੋ ਗਿਆ ਸੀ। ਜਗਤਾਰ ਰੋਈ ਜਾਂਦਾ ਸੀ। ਸੰਸਕਾਰ ਵਾਲੇ ਦਿਨ ਤਾਂ ਕੋਈ ਖਾਸ ਗੱਲ ਨਾ ਹੋ ਸਕੀ ਪਰ ਭੋਗ ਵਾਲੇ ਦਿਨ ਸੁੱਖਚੈਨ ਨੇ ਸੋਚਿਆ ਸੀ ਕਿ ਆਪਣੇ ਭਾਈ ਦਾ ਦੁੱਖ ਵੰਡਾਏਗਾ।
ਜਿਸ ਦਿਨ ਭੋਗ ਸੀ ਉਸ ਦਿਨ ਸਵੇਰ ਤੋਂ ਹੀ ਬੱਦਲਵਾਈ ਹੋਈ ਸੀ। ਅਖਬਾਰ ਵਿੱਚ ਤੇਜ ਬਰਸਾਤ ਦੀ ਖਬਰ ਲੱਗੀ ਸੀ। ਘਰੋਂ ਸਾਈਕਲ ਚੱਕ ਸੁੱਖਚੈਨ ਅਤੇ ਰਾਜਵੰਤ ਕੌਰ ਭੋਗ ਤੇ ਜਾਣ ਲਈ ਨਿੱਕਲ ਪਏ। ਸੁੱਖੇ ਕੋਲ ਓਹੀ ਪੁਰਾਣਾ ਮੈਲਾ ਜਿਹਾ ਬਟਨਾ ਵਾਲਾ ਮੋਬਾਈਲ ਹੁੰਦਾ ਸੀ।
ਇਕ ਮੋਬਾਈਲ ਘਰ ਆਪਣੀ ਬੇਟੀ ਕੋਲ ਛੱਡ ਗਿਆ ਅਤੇ ਦੂਸਰਾ ਆਪ ਨਾਲ ਲੈ ਗਿਆ। ਘਰ ਸਮਝਾ ਕੇ ਗਿਆ ਸੀ ਕਿ ਜੇਕਰ ਮੀਂਹ ਸ਼ੁਰੂ ਹੋ ਜਾਵੇ ਤਾਂ ਗੁਆਂਢ ਸੀਤਾ ਆਂਟੀ ਦੇ ਘਰ ਚਲੇ ਜਾਣਾ। ਆਪਣੀ ਛੱਤ ਦਾ ਕੋਈ ਪਤਾ ਨਹੀਂ।
ਜਦੋਂ ਤੱਕ ਸੁੱਖਾ ਅਤੇ ਰਾਜਵੰਤ ਭੋਗ ਤੇ ਪਹੁੰਚੇ ਤਾਂ ਤੇਜ਼ ਮੀਂਹ ਸ਼ੁਰੂ ਹੋ ਗਿਆ ਸੀ। ਅੱਜ ਜਗਤਾਰ ਮਾਈਕ ਲੈ ਕੇ ਖੜਾ ਸੀ। ਆਪਣੀ ਪਤਨੀ ਦੇ ਭੋਗ ਸਮੇਂ ਓਹ ਦਾਨ ਕਰਨ ਵਾਲਾ ਸੀ। ਤਾਂ ਜੋ ਉਸਦੀ ਸਵਰਗਵਾਸੀ ਪਤਨੀ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ।
ਜਗਤਾਰ ਨੇ ਐਲਾਨ ਕੀਤਾ ਕਿ ਓਹ ਫਲਾਣੇ ਐਨ.ਜੀ.ਓ ਨੂੰ ਇੰਨਾ ਲੱਖ ਦੇ ਰਿਹਾ ਹੈ, ਉਸ ਗੁਰੂ ਘਰ ਵਿੱਚ ਲੰਗਰ-ਹਾੱਲ ਦੇ ਸਾਰੇ ਏਸੀ ਲਗਵਾ ਰਿਹਾ ਹੈ!! ਇਕ ਅਨਾਥ-ਆਸ਼ਰਮ ਨੂੰ ਇੰਨੇ ਲੱਖ ਚੰਦਾ ਦੇ ਰਿਹਾ ਹੈ! ਫਲਾਣੀ ਪਾਰਟੀ ਲਈ ਯੇਹ!! ਵੋਹ!!
ਪਤਾ ਨਹੀਂ ਕੀ ਤੇ ਕੀ!!
ਭੀੜ ਵਿੱਚ ਖੜਾ ਸੁੱਖਚੈਨ ਇਸੇ ਉਮੀਦ ਵਿੱਚ ਆਪਣੇ ਭਾਈ ਵੱਲ ਦੇਖਦਾ ਰਿਹਾ ਕਿ ਓਹ ਉਸਦਾ ਵੀ ਨਾਮ ਲਵੇਗਾ। ਆਖਿਰਕਾਰ ਦਾਨ ਜੋ ਕਰ ਰਿਹਾ ਹੈ। ਤਾਂ ਲੋੜਵੰਦ ਦੀ ਮੱਦਦ ਤਾਂ ਜਰੂਰ ਕਰੇਗਾ ਹੀ!! ਪਰ ਜਗਤਾਰ ਨੇ ਆਪਣੇ ਭਾਈ ਦਾ ਨਾਮ ਨਾ ਲਿਆ। ਬਲਕਿ ਓਹ ਤਾਂ ਭੋਗ ਸਮੇਂ ਉਸ ਨਾਲ ਮਿਲਿਆ ਵੀ ਨਹੀਂ।
ਸੁੱਖਚੈਨ ਨੂੰ ਘਰੋਂ ਫੋਨ ਆਇਆ। ਉਸਦੇ ਘਰ ਦੀ ਛੱਤ ਡਿੱਗ ਚੁੱਕੀ ਸੀ।
ਅਗਲੇ ਦਿਨ ਅਖਬਾਰ ਵਿੱਚ ਜਗਤਾਰ ਸਿੰਘ ਬਾਰੇ ਖਬਰ ਲੱਗੀ-
ਆਪਣੀ ਪਤਨੀ ਦੀ ਆਤਮਾ ਦੀ ਸ਼ਾਂਤੀ ਲਈ ਸ਼ਹਿਰ ਦੇ ਸਭ ਤੋਂ ਵੱਡੇ ਦਾਨੀ ਨੇ ਦੋ ਕਰੋੜ ਰੁਪਏ ਵੱਡੀਆਂ ਸੰਸਥਾਵਾਂ ਨੂੰ ਦਾਨ ਕਰ ਦਿੱਤੇ!!!
ਗੁਰਪ੍ਰੀਤ ਸਿੰਘ ਭੰਬਰ ਵੱਲੋਂ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)