ਸ਼ਾਹੂ
ਗੱਲ ਕੋਈ 1996-97 ਦੀ ਹੋਵੇਗੀ ਜਦੋਂ ਤਾਏ ਕਿਆਂ ਨੇ ਘੋੜੀ ਲਿਆਂਦੀ, ਨੂਰੀ ਨਾਮ ਦੀ ਘੋੜੀ ਬੜੀ ਸਮਝਦਾਰ ਤੇ ਸ਼ਾਂਤ ਸੁਭਾਅ ਵਾਲੀ ਸੀ। ਨਵੇਂ ਨਵੇਂ ਚਾਅ ਨਾਲ ਲਗਭਗ ਸਭ ਨੇ ਸਵਾਰੀ ਕੀਤੀ ਪਰ ਮੈਨੂੰ ਪਤਾ ਨੀ ਕਿਉਂ ਉਸਤੋਂ ਡਰ ਆਉਂਦਾ ਸੀ ( ਬਾਅਦ ਵਿੱਚ ਮੇਰਾ ਡਰ ਵੀ ਨਿਕਲ ਗਿਆ ਤੇ ਮੈ ਵੀ ਖ਼ੂਬ ਸਵਾਰੀ ਕੀਤੀ)। ਇਕ ਦਿਨ ਕਪਾਹ ਦੀ ਗੁਡਾਈ ਵਾਸਤੇ ਖੇਤ ’ਚ ਕਾਮੇ ਲੱਗੇ ਹੋਏ ਸੀ ਤੇ ਮੈ ਚਾਹ ਲੈਕੇ ਗਿਆ, ਉਨ੍ਹਾਂ ਦੇ ਨਾਲ ਹੀ ਖਾਲ਼ ਦੀ ਵੱਟ ਤੇ ਬਹਿਕੇ ਚਾਹ ਪੀਣ ਲੱਗ ਪਿਆ। ਦੂਰ ਪਹੀ ਉੱਪਰ ਕਿਸੇ ਨੂੰ ਘੋੜੀ ਦੀ ਸਵਾਰੀ ਕਰਦੇ ਦੇਖਕੇ ਜੀਤੀ ਨੇ ਮੈਨੂੰ ਟਿੱਚਰ ਮਾਰੀ ‘ਕਿਉਂ ਮੁੰਡਿਆ ਤੂੰ ਨੀ ਕਦੇ ਸਵਾਰੀ ਕੀਤੀ’? ਮੈ ਕਿਹਾ ਨਾ ਭਰਾਵਾ ਮੈਨੂੰ ਤਾਂ ਡਰ ਲੱਗਦਾ। ਪਰੇ ਵੱਟ ਤੇ ਬੈਠਾ ਦਿਆਲ ਤਾਇਆ ਬੋਲਿਆ ‘ਡਰ ਦੱਸ ਕਾਹਦਾ, ਤੂੰ ਤਾਂ ਕਮਲਿਆ ਚੰਨਣ ਬਾਬੇ ਦੇ ਨਾਂ ਨੂੰ ਲਾਜ ਲਾਈ ਜਾਨਾਂ’। ਉਹ ਅਪਣੀ ਚੜਦੀ ਉਮਰੇ ਚੰਨਣ ਬਾਬੇ (ਮੇਰੇ ਪੜਦਾਦੇ) ਨਾਲ ਸੀਰੀ ਹੁੰਦਾ ਸੀ, ਉਹ ਬਾਬੇ ਦੀਆਂ ਗੱਲਾਂ ਬਹੁਤ ਸੁਣਾਉਂਦਾ ਸੀ। ਤਾਇਆ ਸੁਣਾ ਫੇਰ ਕੋਈ ਬਾਬੇ ਦੀ ਗੱਲ-ਬਾਤ, ਮੈ ਬਾਬੇ ਬਾਰੇ ਕੁਝ ਸੁਣਨ ਦੇ ਇਰਾਦੇ ਨਾਲ ਉਹਨੂੰ ਕਿਹਾ।
ਉਹ ਬਿਨਾ ਕਿਸੇ ਉਚੇਚ ਤੋਂ ਹੀ ਸ਼ੁਰੂ ਹੋ ਗਿਆ ‘ਬਾਬੇ ਤੇਰੇ ਦੇ ਘੋੜੀਆਂ ਦੇ ਸ਼ੌਂਕ ਨੂੰ ਜ਼ਮਾਨਾ ਜਾਣਦਾ ਸੀ, ਆਹ ਬੇਰ ਆਲ਼ੇ ਸਰਦਾਰ, ਗੋਸਲ਼ਾਂ ਆਲੇ ਸਰਦਾਰ ਤੇ ਕਈ ਗਰੇਜ ਵੀ ਆਉਂਦੇ ਉਹਦੇ ਕੋਲ ਖਰੀਦ ਵੇਚ ਕਰਨ। ਆਹਲਾ ਦਰਜੇ ਦੇ ਘੋੜੇ ਘੋੜੀਆਂ ਰੱਖਦਾ ਸੀ ਬਾਬਾ, ਇਕ ਘੋੜਾ ਬਾਬੇ ਨੇ ਹੱਥੀਂ ਪਾਲ਼ ਪੋਸ ਕੇ ਵੱਡਾ ਕੀਤਾ, ਬੱਚਿਆਂ ਵਾਂਗੂੰ ਰੱਖਿਆ ਬਿਨਾ ਕਿਸੇ ਚਟਾਕ ਤੋਂ ਪੂਰਾ ਕਾਲਾ ਨਾਗ ਵਰਗਾ ਘੋੜਾ ਨਾਮ ਰੱਖਿਆ ਸ਼ਾਹੂ। ਆਸੇ ਪਾਸੇ ਗੱਲਾਂ ਹੁੰਦੀਆਂ ਬਈ ਜ਼ੈਲਦਾਰ ਚੰਨਣ ਸਿੰਹੁ ਕੋਲ ਦਰਸ਼ਨੀ ਘੋੜਾ ਏ, ਕਈਆਂ ਨੇ ਖਰੀਦਣ ਲਈ ਜ਼ੋਰ ਪਾਇਆ ਪਰ ਨਾ ਤਾਂ ਬਾਬਾ ਸ਼ਾਹੂ ਨੂੰ ਵੇਚਕੇ ਰਾਜ਼ੀ ਸੀ ਤੇ ਨਾ ਈਂ ਸ਼ਾਹੂ ਬਾਬੇ ਤੋਂ ਬਿਨਾ...
ਕਿਸੇ ਨੂੰ ਸਵਾਰੀ ਕਰਨ ਦਿੰਦਾ ਸੀ। ਜਦੋਂ ਬਾਬੇ ਨੇ ਅਪਣੀ ਧੀ ਘੁੰਗਰਾਣੇ ਆਲ਼ੇ ਸਰਦਾਰਾਂ ਘਰੇ ਵਿਆਹੀ ਤਾਂ ਉਨਾਂ ਵੇਲਿਆਂ ‘ਚ ਦਹੇਜ ਵਿੱਚ ਬਲਦ ਘੋੜੇ ਬੋਤੇ ਵੀ ਦਿੰਦੇ ਸੀ, ਤੇ ਚੰਨਣ ਬਾਬੇ ਨੇ ਸੱਤ ਘੋੜੀਆਂ ਦਿੱਤੀਆਂ। ਉਧਰੋਂ ਸਰਦਾਰਾਂ ਦੇ ਕੰਨ ਵਿੱਚ ਕਿਸੇ ਨੇ ਫੂਕ ਮਾਰਤੀ ਸ਼ਾਹੂ ਬਾਰੇ, ਉਹ ਤਾਂ ਆਖਣ ਬਈ ਘੋੜੀਆਂ ਭਾਵੇਂ ਦੋ ਘੱਟ ਕਰਦੋ ਪਰ ਸ਼ਾਹੂ ਜ਼ਰੂਰ ਲੈਕੇ ਜਾਣਾ….. ਬਾਬੇ ਨੇ ਬੜਾ ਸਮਝਾਇਆ ਬਈ ਇਹ ਕਿਸੇ ਹੋਰ ਨੂੰ ਸਵਾਰੀ ਨੀ ਕਰਨ ਦਿੰਦਾ ਪਰ ਉਨ੍ਹਾਂ ਦਾ ਇਕ ਚਾਬਕ (ਘੋੜਿਆਂ ਨੂੰ ਟ੍ਰੇਂਡ ਕਰਨ ਵਾਲਾ) ਆਖੇ ਕਿ ਮੈ ਬੜੇ ਜੰਗਲੀ ਘੋੜੇ ਕਾਬੂ ਕੀਤੇ ਨੇ ਕੇਰਾਂ ਮੇਰੇ ਹੱਥ ਦੇਵੋ ਲਗਾਮ ਫੇਰ ਦੇਖੋ ਕੀ ਕਹਿੰਦਾ ਸ਼ਾਹੂ।
ਜਦੋਂ ਜੀ ਉਹ ਨਾ ਮੰਨੇ ਤਾਂ ਬਾਬੇ ਨੇ ਸ਼ਾਹੂ ਦੀ ਲਗਾਮ ਚਾਬਕ ਦੇ ਹੱਥ ਫੜਾਤੀ। ਫਿਰਨੀ ਤੱਕ ਬਾਬਾ ਨਾਲ ਆਇਆ , ਫਿਰਨੀ ਤੇ ਆਕੇ ਚਾਬਕ ਨੇ ਪਲਾਕੀ ਮਾਰੀ ਤਾਂ ਘੋੜਾ ਅੜੀ ਕਰਨ ਲੱਗਿਆ, ਬਾਬੇ ਨੇ ਪੁਚਕਾਰਕੇ ਸ਼ਾਂਤ ਕੀਤਾ ਤੇ ਥਾਪੀ ਦੇਕੇ ਬਾਬਾ ਪਿੱਛੇ ਹੋ ਗਿਆ ਤਾਂ ਚਾਬਕ ਘੋੜੇ ਨੂੰ ਲੈ ਤੁਰਿਆ। ਸਭ ਨੂੰ ਲੱਗਿਆ ਬਈ ਉਹਨੇ ਘੋੜਾ ਕਾਬੂ ਕਰ ਲਿਆ ਪਰ ਬਾਬਾ ਫਿਰਨੀ ਤੇ ਈ ਬਹਿ ਗਿਆ ਅਖੇ ਮੈ ਸ਼ਾਹੂ ਦੀ ਅੱਖ ਦੇਖੀ ਐ ਉਹ ਸਵਾਰ ਦਾ ਨੁਕਸਾਨ ਕਰੂ……. ਤੇ ਓਹੀ ਗੱਲ ਹੋਈ…. ਕੋਹ ਵਾਟ ਜਾ ਕੇ ਘੋੜਾ ਬੇਕਾਬੂ ਹੋ ਗਿਆ, ਭੱਜੇ ਜਾਂਦੇ ਘੋੜੇ ਨੇ ਸਵਾਰ ਨੂੰ ਲਾਹ ਕੇ ਦਰਖ਼ਤ ਨਾਲ ਮਾਰਿਆ….. ਵਿਚਾਰਾ ਥਾਂ ਤੇ ਈ ਪੂਰਾ ਹੋ ਗਿਆ ਤੇ ਸ਼ਾਹੂ ਮੁੜ ਬਾਬੇ ਕੋਲ ਆ ਖੜਿਆ। ਇਹੋ ਜਿਹਾ ਸੀ ਬਾਬੇ ਦਾ ਘੋੜਿਆਂ ਨਾਲ ਪਿਆਰ, ਤੂੰ ਤਾਂ ਊਂਈ ਡਰੀ ਜਾਨਾਂ ਕਮਲਿਆ। ਦਿਆਲ ਤਾਇਆ ਖੁਰਪਾ ਚੱਕ ਗੁਡਾਈ ਵੱਲ ਨੂੰ ਹੋ ਤੁਰਿਆ।
ਲੱਕੀ ਲਖਵੀਰ