ਮੈਂ ਅਜੇ ਦੁਕਾਨ ਖੋਲ੍ਹੀ ਹੀ ਸੀ ਕਿ ਮੇਰੇ ਗੁਆਂਢੀ ਨੇ ਆਕੇ ਦੱਸਿਆ ਵੱਡੀ ਕੋਠੀ ਵਾਲਿਆਂ ਦਾ ਮੁੰਡਾ ਚੜ੍ਹਾਈ ਕਰ ਗਿਆ।ਸੁਣ ਕੇ ਝਟਕਾ ਜਿਹਾ ਲੱਗਿਆ।
“ਬਹੁਤ ਮਾੜਾ ਹੋਇਆ,ਗੱਲ ਕੀ ਹੋਈ ?” ਸੁਣਦਿਆਂ ਹੀ ਮੇਰੇ ਮੂੰਹੋਂ ਨਿਕਲਿਆ।
“ਘਰ ਦੇ ਕਹਿੰਦੇ ਦਿਲ ਦਾ ਦੌਰਾ, ਲੋਕਾਂ ਅਨੁਸਾਰ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ..।”
“ਬਰਬਾਦ ਹੋ ਗਏ, ਵੱਡਾ ਮੁੰਡਾ ਤਾਂ ਪਹਿਲਾਂ ਹੀ ਜੇਲ੍ਹ ਵਿੱਚ ਸੀ, ਇਹ ਵੀ ਤੁਰ ਗਿਆ।ਬਜੁਰਗਾਂ ਦਾ ਕੀ ਬਣੂੰ।” ਮੈਂ ਇੰਦਰ ਸਿੰਘ ਅਤੇ ਉਸ ਦੀ ਘਰਵਾਲੀ ਬਾਰੇ ਸੋਚ ਉਦਾਸ ਹੋ ਗਿਆ।
“ਬਸ ਮਾੜੇ ਕੰਮਾਂ ਦੇ ਨਤੀਜੇ।ਇੰਦਰ ਸਿੰਘ ਨੇ ਜਿਹੋ ਜਿਹੀ ਕਮਾਈ ਕੀਤੀ ਸੀ, ਸਭ ਨੂੰ ਪਤਾ।ਮਾੜਾ ਪੈਸਾ ਲੈ ਡੁੱਬਦਾ।” ਗੁਆਂਢੀ ਕਹਿ ਕੇ ਜਾ ਚੁੱਕਿਆ ਸੀ।ਵਾਕਿਆ ਹੀ ਇੰਦਰ ਸਿੰਘ ਚੰਗਾ ਬੰਦਾ ਨਹੀਂ ਸੀ।ਇਹ ਪਰਿਵਾਰ ਦੂਸਰੇ ਸ਼ਹਿਰੋਂ ਬਦਲੀ ਉਪਰੰਤ ਇੱਥੇ ਆਇਆ ਸੀ।ਇਹ ਕੋਠੀ ਜੋ ਆਕਾਰ ਵਿੱਚ ਬਹੁਤ ਵੱਡੀ ਸੀ, ਇੰਦਰ ਸਿੰਘ ਨੇ ਮੂੰਹ ਮੰਗੀ ਕੀਮਤ ਦੇ ਖਰੀਦੀ ਸੀ।ਲੋਕਾਂ ਨੇ ਇਸ ਕੋਠੀ ਨੂੰ ਵੱਡੀ ਕੋਠੀ ਦਾ ਨਾਮ ਦੇ ਰੱਖਿਆ ਸੀ ਅਤੇ ਇਨ੍ਹਾਂ ਨੂੰ ਨਾਮ ਲੈਣ ਦੀ ਬਜਾਏ ਵੱਡੀ ਕੋਠੀ ਵਾਲੇ ਹੀ ਕਹਿੰਦੇ ਸਨ।ਇੰਦਰ ਸਿੰਘ ਤਹਿਸੀਲ ਦਫਤਰ ਵਿੱਚ ਕਿਸੇ ਵੱਡੇ ਅਹੁਦੇ ਤੇ ਤਾਇਨਾਤ ਸੀ।ਉਸ ਦੇ ਰਿਸ਼ਵਤਖੋਰੀ ਦੇ ਚਰਚੇ ਘਰ ਘਰ ਤੱਕ ਪਹੁੰਚ ਗਏ ਸਨ।ਉਸ ਦਾ ਵੱਡਾ ਮੁੰਡਾ ਮੇਰਾ ਹਾਣੀ ਸੀ ਤੇ ਦੂਜਾ ਦੋ ਕੁ ਸਾਲ ਛੋਟਾ ਸੀ।ਇਨ੍ਹਾਂ ਨੂੰ ਦਾਖਲਾ ਵੀ ਮੇਰੇ ਸਕੂਲ ਵਿੱਚ ਮਿਲਿਆ ਸੀ।ਵੱਡਾ ਮੁੰਡਾ ਮੇਰਾ ਜਮਾਤੀ ਹੋਣ ਕਰਕੇ ਘਰਾਂ ਵਿੱਚ ਆਉਣ ਜਾਣ ਸ਼ੁਰੂ ਹੋ ਗਿਆ ਸੀ ਪਰ ਬਾਊ ਜੀ(ਪਿਤਾ ਜੀ) ਨੇ ਕੁੱਝ ਦਿਨਾਂ ਬਾਅਦ ਹੀ ਮੈਨੂੰ ਪੂਰੀ ਸਖਤੀ ਨਾਲ ਵਰਜ਼ ਦਿੱਤਾ ਸੀ।ਜਦੋਂ ਇੰਦਰ ਸਿੰਘ ਗਲੀ ਵਿੱਚ ਆਇਆ ਸੀ ਤਾਂ ਸਿੱਧੇ ਮੂੰਹ ਕਿਸੇ ਨਾਲ ਗੱਲ ਨਹੀਂ ਸੀ ਕਰਦਾ,ਹਮੇਸ਼ਾਂ ਪੋਸਟ ਅਤੇ ਪੈਸੇ ਦੇ ਮਾਣ ਵਿੱਚ ਰਹਿੰਦਾ ਸੀ।ਹੁਣ ਬਜੁਰਗ ਹੋਣ ਅਤੇ ਉਜੜਣ ਤੋਂ ਬਾਅਦ ਕੋਈ ਬੁਲਾ ਕੇ ਖੁਸ਼ ਨਹੀਂ ਸੀ।ਮੁੰਡਿਆਂ ਨੇ ਜੱਦੀ ਜ਼ਮੀਨ ਦੇ ਨਾਲ ਬਣਾਈ ਹੋਈ ਸੰਪਤੀ ਵੀ ਨਸ਼ਿਆਂ ਵਿੱਚ ਉਜਾੜ ਦਿੱਤੀ ਸੀ।ਪੈਸੇ ਦੀ ਕਮੀ ਪੂਰੀ ਕਰਨ ਲਈ ਵੱਡਾ ਨਸ਼ਿਆਂ ਦੇ ਵਪਾਰ ਵਿੱਚ ਜੇਲ੍ਹ ਚਲਾ ਗਿਆ ਸੀ।ਛੋਟਾ ਪੈਨਸ਼ਨ ਵਾਲੇ ਪੈਸੇ ਖੋਹ ਆਪਣਾ ਝੱਟ ਪੂਰਾ ਕਰ ਰਿਹਾ ਸੀ।ਰੋਟੀ ਪਾਣੀ ਖਾਣ ਦਾ ਕਿਸੇ ਨੂੰ ਕੋਈ ਧਿਆਨ ਨਹੀਂ ਸੀ।ਅੱਜ ਬਜੁਰਗ ਮਾਂ ਬਾਪ ਨੂੰ ਛੱਡ ਉਹ ਤੁਰ ਗਿਆ ਸੀ।
ਅੱਜ ਮੈਨੂੰ ਬਾਊ ਜੀ ਬੜੇ ਯਾਦ ਆਏ।ਭਾਵੇਂ ਉਹ ਛੋਟੀ ਜਿਹੀ ਦੁਕਾਨ ਕਰਦੇ ਸਨ ਪਰ ਸਬਰ-ਸੰਤੋਖ ਦਾ ਲੜ ਕਦੇ ਨਹੀਂ ਸੀ ਛੱਡਿਆ।ਉਨ੍ਹਾਂ ਦੀ ਇੱਕ ਆਦਤ ਸੀ ਕਿ ਜਦੋਂ ਵੀ ਸਵੇਰੇ ਗਾਹਕ ਆਉਂਦਾ ਤਾਂ ਉਹ ਬੰਦਾ ਵੇਖ ਨੋਟ ਗੱਲ੍ਹੇ ਵਿੱਚ ਪਾਉਂਦੇ ਸਨ।ਕਈ ਵਾਰ ਦੋ ਦੋ ਚਾਰ ਚਾਰ ਗਾਹਕ ਭੁਗਤਾ ਵੀ ਪੈਸੇ ਜੇਬ ਵਿੱਚ ਪਾਈ ਜਾਂਦੇ।ਜਿਨ੍ਹਾਂ ਚਿਰ ਉਨ੍ਹਾਂ ਦੇ ਮਨ ਨੂੰ ਤਸੱਲੀ ਨਾ ਹੁੰਦੀ, ਉਹ ਇਸ ਤਰ੍ਹਾਂ ਕਰਦੇ।ਮੈਂ ਪੁੱਛਣਾ ਤਾਂ ਉਨ੍ਹਾਂ ਦਾ ਉੱਤਰ ਹੁੰਦਾ,”ਪੁੱਤਰ, ਕੋਈ ਸੁੱਚਾ ਨੋਟ...
ਹੀ ਗੱਲ੍ਹੇ ਵਿੱਚ ਪਾਉਣਾ ਚਾਹੀਦਾ, ਅਜਿਹਾ ਨੋਟ ਜੋ ਦਸਾਂ ਨਹੁੰਆਂ ਦੀ ਕਿਰਤ ਕਮਾਈ ਵਿਚੋਂ ਆਇਆ ਹੋਵੇ।ਕੋਈ ਤਰੁੰਡਿਆਂ ਮੁਰੰਡਿਆ ਨੋਟ ਜੋ ਗਾਹਕ ਨੇ ਕਈਆਂ ਤਹਿਆਂ ਵਿੱਚ ਲੁਕਾਇਆ ਹੁੰਦਾ, ਵੇਖ ਬੜਾ ਖੁਸ਼ ਹੁੰਦੇ।ਤਿੰਨ ਤਿੰਨ ਵਾਰ ਮੱਥੇ ਨੂੰ ਲਗਾ, ਰੱਬ ਦਾ ਨਾਮ ਲੈਂਦੇ ਫਿਰ ਗੱਲ੍ਹੇ ਵਿੱਚ ਪਾਉਂਦੇ।ਅਸੀਂ ਉਨ੍ਹਾਂ ਦੀ ਆਦਤ ਤੇ ਹੱਸਦੇ, ਪਰ ਉਨ੍ਹਾਂ ਆਪਣਾ ਅਕੀਦਾ ਜਿਉਂ ਦਾ ਤਿਉਂ ਰੱਖਿਆ।ਕਿਰਤੀ ਕਾਮਿਆਂ ਨੂੰ ਵੇਖ ਉਨ੍ਹਾਂ ਨੂੰ ਖੁਸ਼ੀ ਹੁੰਦੀ ਪਰ ਇੰਦਰ ਸਿੰਘ ਵਰਗੇ ਲੋਕਾਂ ਤੋਂ ਉਨ੍ਹਾਂ ਨੂੰ ਨਫਰਤ ਸੀ ਅਤੇ ਹਮੇਸ਼ਾਂ ਕਹਿੰਦੇ ਇਨ੍ਹਾਂ ਦਾ ਗਲਤ ਢੰਗ ਨਾਲ ਕਮਾਇਆ ਪੈਸਾ ਬਹੁਤਾ ਚਿਰ ਨਹੀਂ ਚੱਲਣਾ।ਔਲਾਦ ਨੂੰ ਹੱਥੀਂ ਮਾਰਨ ਵਾਲੀ ਚੀਜ਼ ਹੈ ਇਹ ਧਨ।ਅੱਜ ਉਨ੍ਹਾਂ ਦੀ ਗੱਲ ਸੱਚੀ ਸਾਬਿਤ ਹੁੰਦੀ ਅੱਖੀਂ ਵੇਖ ਰਿਹਾ ਸਾਂ।ਜੇਕਰ ਮੈਂ ਇੰਦਰ ਸਿੰਘ ਦੇ ਮੁੰਡੇ ਨਾਲ ਰਲ ਜਾਂਦਾ ਤਾਂ ਪਤਾ ਨਹੀਂ ਅੱਜ ਕਿੱਥੇ ਹੁੰਦਾ..ਜੇਲ੍ਹ, ਹਸਪਤਾਲ ਜਾਂ ਕਬਰਾਂ ਵਿੱਚ।ਅਜੇ ਮੈਂ ਬਾਰਵੀਂ ਵਿੱਚ ਹੀ ਸੀ ਕਿ ਬਾਊ ਜੀ ਬਿਮਾਰ ਰਹਿਣ ਲੱਗੇ, ਕੰਮ ਕਰਨਾ ਉਨ੍ਹਾਂ ਲਈ ਔਖਾ ਹੋ ਗਿਆ ਤਾਂ, ‘ਓੜਕ ਪੁੱਤ ਮੂਲਿਆ,ਤੂੰ ਹੱਟੀ ਬਹਿਣਾ’ ਮੁਤਾਬਕ ਮੈਨੂੰ ਸਕੂਲ ਛੱਡ ਉਨ੍ਹਾਂ ਨਾਲ ਦੁਕਾਨ ਤੇ ਬੈਠਣਾ ਪਿਆ।ਜਿਨ੍ਹਾਂ ਚਿਰ ਉਹ ਜਿਉਂਦੇ ਰਹੇ, ਨੇਮ ਨਾਲ ਦੁਕਾਨ ਤੇ ਆਉਣਾ, ਗੱਲ੍ਹੇ ਤੇ ਬੈਠਣਾ ਤੇ ਆਪਣੀ ਆਦਤ ਉਸੇ ਤਰ੍ਹਾਂ ਦੁਹਰਾਉਂਦੇ ਰਹੇ।ਮੈਂ ਕਦੇ ਵੀ ਇਸ ਗੱਲ ਦਾ ਖਿਆਲ ਨਾ ਕੀਤਾ, ਗਾਹਕ ਜਿਹੋ ਜਿਹਾ ਵੀ ਹੋਵੇ, ਮੈਨੂੰ ਕੀ।ਆਪਣਾ ਸੌਦਾ ਵੇਚਣਾ ਤੇ ਕਮਾਈ ਕਰਨੀ ਹੈ।ਕੋਈ ਕਿੱਥੋਂ ਵੀ ਕਮਾ ਕੇ ਲਿਆਵੇ, ਸਾਰੇ ਪੈਸੇ ਹੀ ਮੇਰੇ ਲਈ ਤਾਂ ਸੁੱਚੇ ਹਨ।
“ਬਾਈ,ਆਹ ਸੌਦਾ ਦੇਣਾਂ।”ਅਚਾਨਕ ਇੱਕ ਸਾਈਕਲ ਵਾਲੇ ਪੰਜਾਹ ਦਾ ਨੋਟ ਫੜਾਉਂਦਿਆਂ ਦੋ ਤਿੰਨ ਚੀਜ਼ਾਂ ਗਿਣਾ ਦਿੱਤੀਆਂ।ਮੈਂ ਇਕਦਮ ਸੋਚਾਂ ‘ਚੋਂ ਬਾਹਰ ਆਇਆ ,ਸੌਦੇ ਬਾਰੇ ਦੁਬਾਰਾ ਪੁੱਛਿਆ।ਉਸ ਨੇ ਸੰਗਦਿਆਂ ਜਿਹੇ ਸੌਦੇ ਬਾਰੇ ਦੱਸਿਆ। “ਐਨੀ ਮਹਿੰਗਾਈ ਵਿੱਚ ਐਨਾ ਕੁੱਝ ਕਿਵੇਂ ਆਊ।” ਮੈਂ ਨੋਟ ਦੀਆਂ ਤਹਿਆਂ ਖੋਹਲਦਿਆਂ ਬੋਲ ਉਠਿਆ। “ਦੋ ਤਿੰਨ ਦਿਨ ਹੋ ਗਏ, ਦਿਹਾੜੀ ਨਹੀਂ ਲੱਗੀ।ਇਹ ਨੋਟ ਵੀ ਮਸਾਂ ਬਚਾਕੇ ਰੱਖਿਆ ਸੀ, ਉਦੋਂ ਕਿਸੇ ਦੀ ਕੋਠੀ ਵਿੱਚ ਕਈ ਦਿਨ ਲੱਗ ਗਏ ਸੀ। ਕੀ ਕਰੀਏ, ਜੋ ਆਉਂਦਾ ਦੇ ਦਿਓ।” ਬੇਵਸੀ ਉਸ ਦੇ ਚਿਹਰੇ ਤੇ ਸਾਫ ਝਲਕ ਰਹੀ ਸੀ।ਮੈਨੂੰ ਇਕਦਮ ਬਾਊ ਜੀ ਯਾਦ ਆ ਗਏ।ਮੈਂ ਨੋਟ ਨੂੰ ਤਿੰਨ ਵਾਰ ਮੱਥੇ ਲਾਇਆ ਤੇ ਰੱਬ ਦਾ ਨਾਮ ਲੈ ਗੱਲ੍ਹੇ ਵਿੱਚ ਪਾਇਆ ਤੇ ਬਾਊ ਜੀ ਵਾਂਗੂ ਆਪਣੇ ਮੁਨਾਫ਼ੇ ਜਾਂ ਲਾਗਤ ਨੂੰ ਨਹੀਂ ਸੀ ਵੇਖਿਆ, ਸਗੋਂ ਉਸ ਦੀਆਂ ਲੋੜਾਂ ਨੂੰ ਵੇਖਦਿਆਂ ਸਮਾਨ ਪਾਇਆ ਸੀ।ਮੈਨੂੰ ਉਸ ਦਾ ਪੰਜਾਹ ਦਾ ਨੋਟ ਬਹੁਤ ਵੱਡੀ ਰਕਮ ਲੱਗ ਰਿਹਾ ਸੀ, ਉਹ ਸੁੱਚਾ ਨੋਟ।
ਗੁਰਮੀਤ ਸਿੰਘ ਮਰਾੜ੍ਹ