ਬੌਸ ਵੱਲੋਂ ਮੇਰੇ ਕੰਮ ਬਾਰੇ ਕੀਤੀ ਇੱਕ ਚੁਭਵੀਂ ਜਿਹੀ ਟਿੱਪਣੀ..ਸਾਰਾ ਦਿਨ ਦਿਮਾਗ ਵਿਚ ਘੁੰਮਦੀ ਰਹੀ..ਕਿੰਨਾ ਕੁਝ ਗਲਤ ਹੋ ਰਿਹਾ ਸੀ ਆਪਣੇ ਨਾਲ..ਅਤੀਤ ਵਿਚ ਬੁਰਾ ਹੋਇਆ ਅਤੇ ਕੀਤਾ ਗਿਆ ਸਾਰਾ ਕੁਝ ਰੀਲ ਬਣ ਅੱਖਾਂ ਅੱਗੇ ਘੁੰਮੀ ਜਾ ਰਿਹਾ ਸੀ..ਇਥੋਂ ਤੱਕ ਕੇ ਉਮਰਾਂ ਦੇ ਹਾਣ ਸੰਦੀਪ ਸਿੰਘ ਵੱਲੋਂ ਗਿਫ਼੍ਟ ਕੀਤੀ ਨਵੀਂ ਨਕੋਰ ਕਾਰ ਵੀ ਰੂਹ ਨੂੰ ਵੱਢ-ਵੱਢ ਖਾਂਦੀ ਹੋਈ ਲੱਗ ਰਹੀ ਸੀ..ਖਿਆਲ ਆਈ ਜਾ ਰਿਹਾ ਸੀ ਕੇ ਅੱਜ ਦੋ ਟੁੱਕ ਗੱਲ ਕਰ ਹੀ ਲੈਣੀ ਏ..ਜਾਂ ਮੈਨੂੰ ਚੁਣ ਲਵੇ ਤੇ ਜਾਂ ਫੇਰ ਆਪਣੇ ਮਾਪਿਆਂ ਨੂੰ..!
ਬਿਨਾ ਵਜ੍ਹਾ ਗੁੱਸਾ ਆਈ ਜਾ ਰਿਹਾ ਸੀ..ਅੱਗੇ ਜਾਂਦਾਂ ਟਰੱਕ..ਪਤਾ ਨਹੀਂ ਰਾਹ ਕਿਓਂ ਨਹੀਂ ਸੀ ਦੇ ਰਿਹਾ..ਜੇ ਕੋਲ ਬੰਦੂਕ ਹੁੰਦੀ ਤਾਂ ਸ਼ਾਇਦ ਗੋਲੀ ਤੱਕ ਮਾਰ ਦੇਣੀ ਸੀ..
ਸਟੇਰਿੰਗ ਉੱਪਰ ਲੱਗਾ ਸ਼ੀਸ਼ਾ..ਖੁਦ ਦੀ ਸ਼ਕਲ ਬੜੀ ਹੀ ਭੱਦੀ ਲੱਗੀ.. ਲਾਲ ਬੱਤੀ ਤੇ ਬ੍ਰੇਕ ਮਾਰਨੀ ਪਈ..ਨਾਕਾਰਾਤਮਕ ਸੋਚ ਭਾਰੂ ਹੋ ਗਈ..ਇਸਨੇ ਵੀ ਹੁਣੇ ਹੀ ਲਾਲ ਹੋਣਾ ਸੀ ਮੇਰੀ ਵਾਰੀ..
ਅਚਾਨਕ ਸ਼ੀਸ਼ੇ ਤੇ ਕਿਸੇ ਹੱਥ ਮਾਰਿਆ..ਟਰੈਫਿਕ ਪੁਲਸ ਦੇ ਅੰਕਲ ਸਨ..ਪੁੱਛ ਲਿਆ ਦੱਸੋ ਕੀ ਗੱਲ? ਆਖਣ ਲੱਗੇ “ਪੁੱਤਰ ਜੀ ਪਿਛਲੇ ਕਿਲੋਮੀਟਰ ਤੋਂ ਰੁਕਣ ਲਈ ਇਸ਼ਾਰੇ ਕਰੀ ਜਾ ਰਿਹਾ ਹਾਂ..ਵਜਾਏ ਜਾ ਰਹੇ “ਹਾਰਨ” ਦੀ ਵਜਾ ਪੁੱਛ ਸਕਦਾ?
“ਕਾਰ ਵਿਚ ਲੱਗਾ ਹੈ ਤਾਂ ਮਾਰਨ ਵਿਚ ਕੀ ਹਰਜ ਏ..ਉੱਤੋਂ ਏਨਾ ਟਰੈਫਿਕ..ਗੰਦੀਆਂ ਸੜਕਾਂ..ਥਾਂ ਥਾਂ ਪਏ ਹੋਏ ਟੋਏ ਟਿੱਬੇ..ਤੇ ਉੱਤੋਂ ਬਦਤਮੀਜ਼ ਡਰਾਈਵਰ..ਆਪ ਹੀ ਦੱਸੋ ਹਾਰਨ ਨਾ ਵਜਾਵਾਂ ਤਾਂ ਹੋਰ ਕੀ ਕਰਾਂ?
“ਬੇਟਾ ਕੰਪਨੀ ਨੇ ਪੈਰਾਂ ਹੇਠ ਇੱਕ ਹੋਰ ਚੀਜ ਵੀ ਲਾਈ ਹੋਈ ਏ..ਜਿਸਨੂੰ ਬ੍ਰੇਕ ਆਖਦੇ ਨੇ..ਹਾਰਨ ਮਾਰ-ਮਾਰ ਤੁਰੇ ਜਾਂਦੇ ਗਰੀਬ ਹਮਾਤੜਾਂ ਨੂੰ ਹੱਥਾਂ ਪੈਰਾਂ ਦੀ ਪਾਉਣ ਨਾਲੋਂ ਜੇ ਇਹ ਬ੍ਰੇਕ ਵਰਤ ਲਈ ਜਾਵੇ ਤਾਂ ਕੋਈ ਹਰਜ ਨਹੀਂ?”
ਅੰਕਲ ਵੱਲ ਦੇਖ ਆਪ ਮੁਹਾਰੇ ਹੀ ਮੂਹੋਂ “ਸੌਰੀ” ਨਿੱਕਲ ਗਿਆ ਤੇ ਦਿਮਾਗ ਵਿਚੋਂ ਨਿੱਕਲ ਰਹੀਆਂ ਅੱਗ ਦੀਆਂ ਲਾਟਾਂ ਅਤੇ ਅੱਖਾਂ ਵਿੱਚੋਂ ਵਹੀ ਜਾ...
ਰਹੇ ਬੇਮੁਹਾਰੇ “ਅੰਗਿਆਰ” ਇੱਕਦਮ ਹੀ ਠੰਡੇ ਜਿਹੇ ਪੈ ਗਏ ਮਹਿਸੂਸ ਹੋਏ..!
ਫੇਰ ਬਾਕੀ ਦਾ ਪੈਂਡਾ ਤਹਿ ਕਰਦੀ ਹੋਈ ਸੋਚੀ ਜਾ ਰਹੀ ਸਾਂ ਕੇ ਜਾਣਬੁਝ ਕੇ ਖੜੀ ਕਰ ਦਿੱਤੀ ਗਈ ਕਿਸੇ ਦਿਮਾਗੀ ਉੱਥਲ-ਪੁੱਥਲ ਕਰਕੇ ਬੇਵਜ੍ਹਾ ਹਾਰਨ ਮਾਰ-ਮਾਰ ਆਪਣੀ ਅਤੇ ਦੂਜਿਆਂ ਦੀ ਜਿੰਦਗੀ ਵਿਚ ਭੁਚਾਲ ਲਿਆ ਦੇਣ ਨਾਲੋਂ ਕਿਓਂ ਨਾ ਬੇਲਗਾਮ ਜਿਹੀ ਹੋ ਕੇ ਤੁਰੀ ਜਾਂਦੀ ਜਿੰਦਗੀ ਨੂੰ ਥੋੜੀ ਬ੍ਰੇਕ ਹੀ ਲਾ ਕੇ ਦੇਖ ਲਈ ਜਾਵੇ..ਸ਼ਾਇਦ ਕੋਈ ਫਰਕ ਹੀ ਪੈ ਜਾਵੇ..
ਏਨਾ ਸੋਚ ਝੱਟ ਹੀ ਗੱਡੀ ਨਹਿਰ ਵੱਲ ਨੂੰ ਮੋੜ ਲਈ ਅਤੇ ਬਾਗ ਕੋਲ ਜਾ ਬ੍ਰੇਕ ਮਾਰ ਲਈ..ਕੋਲ ਬਣੇ ਬੈਚ ਤੇ ਬੈਠ ਅੱਖਾਂ ਮੀਟ ਲਈਆਂ..ਲੰਮੇ ਲੰਮੇ ਸਾਹ ਲਏ..ਖੇਡਦੇ ਨਿੱਕੇ ਬੱਚਿਆਂ ਦੇ ਮਾਸੂਮ ਚੇਹਰਿਆਂ ਤੇ ਪੱਸਰੀ ਹੋਈ ਮੁਸਕਾਨ ਨੂੰ ਤੱਕਿਆ..ਸੈਰ ਕਰਦੇ ਬਜ਼ੁਰਗਾਂ ਦੀ ਜਿੰਦਗੀ ਨੂੰ ਜ਼ਿਹਨ ਤੇ ਮਹਿਸੂਸ ਕੀਤਾ..
ਫੇਰ ਇੱਕ ਕਰਾਮਾਤ ਹੁੰਦੀ ਹੋਈ ਮਹਿਸੂਸ ਹੋਣ ਲੱਗੀ..ਕੁਝ ਚਿਰ ਪਹਿਲਾਂ ਹੀ ਬੁਰੀ ਲੱਗ ਰਹੀ ਕਾਇਨਾਤ ਹੁਣ ਠੰਡੀ ਮਿੱਠੀ ਹਵਾ ਦਾ ਬੁੱਲ੍ਹਾ ਬਣ ਰੂਹ ਨੂੰ ਠਾਰ ਰਹੀ ਸੀ ਅਤੇ ਮੈਨੂੰ ਆਪਣਾ ਆਪ ਹੌਲਾ ਫੁੱਲ ਜਿਹਾ ਮਹਿਸੂਸ ਹੋਣ ਲੱਗਾ!
ਸ਼ਾਮੀਂ ਜਦੋਂ ਇਕੱਠੇ ਬੈਠੇ ਰੋਟੀ ਟੁੱਕ ਖਾ ਰਹੇ ਸਾਂ ਤਾਂ ਕਿਸੇ ਵੱਲੋਂ ਮਾਰੇ ਜ਼ੋਰ ਦੇ ਹਾਰਨ ਕਰਕੇ ਫਿਰ ਖਿਆਲਾਂ ਦੀ ਸੁਨਾਮੀ ਜਿਹੀ ਵਗ ਤੁਰੀ..ਜੀ ਕੀਤਾ ਕੇ “ਇੱਕ ਅਰਦਾਸ ਜਿਹੀ ਕਰਾਂ” ਕੇ ਜਿਉਣ ਜੋਗਾ ਹਾਰਨ ਮਾਰਨ ਦੇ ਬਜਾਏ ਥੋੜੀ ਬ੍ਰੇਕ ਮਾਰਨੀ ਸਿੱਖ ਲਵੇ ਤਾਂ ਸ਼ਾਇਦ ਇਸਦਾ ਸਫ਼ਰ ਥੋੜਾ ਹੋਰ ਅਨੰਦ ਮਈ ਹੋ ਜਾਵੇ..!
ਸੋ ਦੋਸਤੋ ਇਨਸਾਨ ਦਾ ਇੱਕ ਪਲ..ਇੱਕ ਘੜੀ ਤੇ ਜਾਂ ਫੇਰ ਇੱਕ ਦਿਨ ਖਰਾਬ ਹੋ ਸਕਦਾ ਏ ਪੂਰੀ ਜਿੰਦਗੀ ਨਹੀਂ..!
ਹਰਪ੍ਰੀਤ ਸਿੰਘ ਜਵੰਦਾ