More Gurudwara Wiki  Posts
12 ਮਈ ਦਾ ਇਤਿਹਾਸ – ਗੁਰੂ ਅੰਗਦ ਸਾਹਿਬ ਜੀ


12 ਮਈ ਦਾ ਇਤਿਹਾਸ
ਗੁਰੂ ਅੰਗਦ ਸਾਹਿਬ ਜੀ ਦੇ ਪ੍ਕਾਸ ਪੁਰਬ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ ।
ਗੁਰੂ ਅੰਗਦ ਦੇਵ ਜੀ ਦਾ ਜਨਮ ਮਤੇ ਦੀ ਸਰਾਂ , ਜਿਲਾ ਮੁਕਤਸਰ ,ਬਾਬਾ ਫੇਰੂ ਮਲ ਤੇ ਮਾਤਾ ਦਇਆ ਜੀ ਦੇ ਗ੍ਰਹਿ ਵਿਖੇ 12 ਮਈ 1504 ਨੂੰ ਹੋਇਆ । ਜਦ ਜਦ ਬਾਬਰ ਦੇ ਹਮਲੇ ਤੇ ਸੂਬੇਦਾਰਾਂ ਦੀਆ ਬਗਾਵਤਾਂ ਕਾਰਨ ਬਦਅਮਨੀ ਤੇ ਲੁਟਮਾਰ ਕਰਕੇ ਮਤੇ ਦੀ ਸਰਾਂ ਬਿਲਕੁਲ ਬਰਬਾਦ ਹੋ ਗਈ ਤਾਂ ਬਾਬਾ ਫੇਰੂ ਮਲ ਪਰਿਵਾਰ ਸਮੇਤ ਪਿੰਡ ਹਰੀਕੇ ਤੇ ਫਿਰ ਖਡੂਰ ਸਾਹਿਬ ਆ ਵਸੇ । ਭਾਈ ਲਹਿਣਾ ਜੀ ਦਾ ਵਿਆਹ 15 ਸਾਲ ਦੀ ਉਮਰ ਵਿਚ 1519 ਈ ਵਿਚ ਬੀਬੀ ਖੀਵੀ, ਸਪੁੱਤਰੀ ਦੇਵੀ ਚੰਦ ਪਿੰਡ ਸੰਘਰ ਨੇੜੇ ਖਡੂਰ ਵਿਖੇ ਹੋਇਆ।
ਭਾਈ ਲਹਿਣਾ ਜੀ ਦਾ ਬਚਪਨ ਬੜੇ ਚਾਵਾਂ-ਮਲਾਰਾਂ ਤੇ ਉਤਮ ਪਾਲਣ -ਪੋਸ਼ਣ ਨਾਲ ਬੀਤਿਆ ਇਨ੍ਹਾ ਦੀ ਪੜਾਈ ਤੇ ਫ਼ਾਰਸੀ ਸਿਖਣ ਦਾ ਯੋਗ ਪ੍ਰਬੰਧ ਕੀਤਾ ਗਿਆ । ਆਪ ਚੌਧਰੀ ਤਖਤ ਕੋਲ ਮੁਨਸ਼ੀ ਦਾ ਕੰਮ ਕਰਨ ਲਗ ਪਏ ਕਿਸੇ ਕਾਰਨ ਜਦ ਬਾਬਾ ਫੇਰੂ ਮਲ ਤੇ ਚੌਧਰੀ ਤਖਤ ਮਲ ਦਾ ਆਪਸੀ ਮਤ ਭੇਦ ਗਿਆ ਤਾਂ ਆਪ ਆਪਣੇ ਸਹੁਰੇ ਪਰਿਵਾਰ ਪਿੰਡ ਸੰਘਰ ਵਿਚ ਚਲੇ ਗਏ ਤੇ ਕੁਝ ਦੇਰ ਉਥੇ ਹੀ ਰਹੇ ਇਥੇ ਆਪਜੀ ਦੇ ਦੋ ਪੁਤਰ ਦਾਸੂ ਤੇ ਦਾਤੂ ਜੀ ਤੇ ਦੋ ਧੀਆਂ, ਬੀਬੀ ਅਨੋਖੀ ਤੇ ਬੀਬੀ ਅਮਰੋ ਜੀ ਹੋਏ । ਗੁਰੂ ਅੰਗਦ ਦੇਵ ਜੀ ਤੇ ਮਾਤਾ ਖੀਵੀ ਦੀ ਸ਼ਖਸ਼ੀਅਤ ਦਾ ਦੋਨੋ ਬਚੀਆਂ ਤੇ ਗਹਿਰਾ ਪ੍ਰਭਾਵ ਪਿਆ ਇਹ ਬੀਬੀ ਅਮਰੋ ਜੀ ਹੀ ਸਨ ਜਿਨ੍ਹਾ ਦੇ ਮੁਖ ਤੋਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣ ਕੇ ਗੁਰੂ ਅਮਰਦਾਸ ਗੁਰੂ ਘਰ ਦੇ ਸੇਵਾ ਕਰਦੇ ਕਰਦੇ ਗੁਰੂ ਪਦਵੀ ਤਕ ਪਹੁੰਚੇ ਗਏ ।
ਇਹ ਪਰਿਵਾਰ ਦੇਵੀ ਦੁਰਗਾ ਦਾ ਭਗਤ ਸੀ ਤੇ ਹਰ ਸਾਲ ਬਾਬਾ ਫੇਰੂ ਮਲ ਜੀ ਜਥਿਆਂ ਨੂੰ ਦੇਵੀ ਦਰਸ਼ਨ ਕਰਾਣ ਲਜਾਇਆ ਕਰਦੇ ਸੀ । 1526 ਈ -ਬਾਬਾ ਫੇਰੂ ਮਲ ਦੀ ਚੜਾਈ ਤੋ ਬਾਅਦ ਦੇਵੀ ਯਾਤਰਾ ਦੀ ਅਗਵਾਈ ਦਾ ਕੰਮ ਭਾਈ ਲਹਿਣਾ ਜੀ ਦੇ ਜਿਮੇ ਲਗ ਗਿਆ ਓਹ ਹਰ ਸਾਲ ਨਿਰੰਤਰ ਯਾਤਰਾ ਤੇ ਜਾਂਦੇ ਰਹੇ । ਇਕ ਵਾਰੀ ਭਾਈ ਜੋਧ ਜੋ ਗੁਰੂ ਨਾਨਕ ਦੇਵ ਜੀ ਦੇ ਸਿਖ ਸਨ, ਪਾਸੋ ਗੁਰੂ ਸਾਹਿਬ ਦੀ ਬਾਣੀ ਜੋ ਆਪਣੀ ਬੋਲੀ ਵਿਚ ਬੜੀ ਪਿਆਰ ਭਰੀ ਤੇ ਮਿਠੀ ਸੁਰ ਵਿਚ ਗਾ ਰਹੇ ਸਨ , ਸੁਣੀ ਤਾਂ ਬਹੁਤ ਪਰਭਾਵਿਤ ਹੋਏ ।
ਜਿਤੁ ਸੇਵਿਐ ਸੁਖ ਪਾਈਐ ਸੋ ਸਾਹਿਬ ਸਦਾ ਸਮਾਲੀਐ
ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਓਂ ਘਾਲੀਐ ।।
ਭਾਈ ਜੋਧ ਜੀ ਕੋਲੋਂ ਪੁਛਣ ਤੇ ਪਤਾ ਲਗਿਆ ਕੀ ਇਹ ਬਾਣੀ ਗੁਰੂ ਨਾਨਕ ਸਾਹਿਬ ਦੀ ਉਚਾਰੀ ਹੈ ਬਸ ਫਿਰ ਕੀ ਸੀ, ਉਨਾਂ ਦੇ ਦਰਸ਼ਨਾ ਦੀ ਤਾਂਘ ਲਗ ਗਈ । ਇਸ ਵਕਤ ਗੁਰੂ ਨਾਨਕ ਦੇਵ ਜੀ ਆਪਣੀਆਂ ਚਾਰ ਉਦਾਸੀਆਂ , ਦੇਸ਼ ਵਿਦੇਸ਼ ਦੀਆਂ ਲੰਬੀਆਂ ਯਾਤਰਾਵਾਂ ਕਰਨ ਤੋਂ ਬਾਅਦ ਕਰਤਾਰ ਪੁਰ ਵਸ ਗਏ ਸਨ ਤੇ ਇਥੇ ਹੀ ਆਪਣੀ ਗ੍ਰਹਿਸਤੀ ਜਿਮੇਵਾਰੀਆਂ ਦੇ ਨਾਲ ਨਾਲ ਸਿਖੀ ਪ੍ਰਚਾਰ, ਪ੍ਰਸਾਰ ਤੇ ਲੋਕ- ਸੇਵਾ ਕਰ ਰਹੇ ਸਨ ।
ਹਰ ਸਾਲ ਦੀ ਤਰਹ ਦੇਵੀ ਦਰਸ਼ਨ ਲਈ ਸੰਗ ਤਿਆਰ ਹੋ ਰਿਹਾ ਸੀ ,ਭਾਈ ਲਹਿਣਾ ਦੀ ਅਗਵਾਈ ਹੇਠ ਚਲ ਪਿਆ ਪਰ ਇਸ ਵਾਰ ਉਨ੍ਹਾ ਦਾ ਚਿਤ ਕਿਤੇ ਹੋਰ ਸੀ । ਜਦ ਕਰਤਾਰ ਪੁਰ ਪਹੁੰਚੇ ਤਾਂ ਜਥੇ ਨਾਲੋ ਨਿਖੜ ਕੇ ਇਕ ਸਿਖ ਕੋਲੋਂ ਪੁਛਦੇ ਹਨ , ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨੇ ਹਨ ,ਪਤਾ ਦਸ ਸਕਦੇ ਹੋ ? ਓਹਨਾਂ ਨੇ ਘੋੜੇ ਦੀ ਲਗਾਮ ਪਕੜ ਲਈ ਤੇ ਕਿਹਾ ਮੇਰੇ ਪਿਛੇ ਪਿਛੇ ਤੁਰ ਪਵੋ , ਮੈ ਤੁਹਾਨੂੰ ਉਨਾਂ ਕੋਲ ਲੈ ਚਲਦਾ ਹਾਂ ਜਦ ਧਰਮਸਾਲ ਪਹੁੰਚੇ ਤਾਂ ਕਿਹਾ,” ਘੋੜਾ ਇਥੇ ਬੰਨ ਦਿਓ “ ਆਪ ਓਹ ਦੂਸਰੇ ਦਰਵਾਜ਼ੇ ਤੋ ਅੰਦਰ ਆ ਗਏ ਭਾਈ ਲਹਿਣਾ ਜੀ ਨੇ ਮਥਾ ਟੇਕਿਆ ਜਦੋਂ ਸਿਰ ਚੁਕ ਕੇ ਦੇਖਿਆ ਤਾਂ ਸਾਮਣੇ ਗੁਰੂ ਨਾਨਕ ਸਾਹਿਬ ਬੈਠੇ ਸਨ ਓਹੀ ਜੋ ਉਨਾ ਦੀ ਲਗਾਮ ਪਕੜ ਕੇ ਇਥੋਂ ਤਕ ਲੈਕੇ ਆਏ ਸੀ ।
ਪੈਰੀ ਢਹਿ ਪਏ , ਮਾਫ਼ੀ ਮੰਗੀ ਕੀ ਮੈਂ ਘੋੜੇ ਤੇ , ਤੁਸੀਂ ਪੈਦਲ ਗੁਰੂ ਸਾਹਿਬ ਨੇ ਪਿਆਰ ਕੀਤਾ, ਨਾਂ ਪੁਛਿਆ ,ਦਸਿਆ ਭਾਈ ਲਹਿਣਾ ਫਿਰ ਤੇ ਮਾਫ਼ੀ ਦੀ ਕੋਈ ਗਲ ਹੀ ਨਹੀ , ਤੁਸੀਂ ਲਹਿਣਾ ਤੇ ਅਸਾਂ ਦੇਣਾ ਲੈਣ ਵਾਲੇ ਹਮੇਸ਼ਾ ਘੋੜੇ ਤੇ ਸਵਾਰ ਹੁੰਦੇ ਹਨ ਤੇ ਦੇਣਦਾਰ ਪੈਦਲ ਇਹ ਸੁਣਕੇ ਭਾਈ ਲਹਿਣਾ ਕੁਝ ਬੋਲ ਨਾ ਸਕੇ , ਅਖਾਂ ਵਿਚੋ ਅਥਰੂ ਆ ਗਏ , ਕੋਈ ਅਜਿਹੀ ਅਗੰਮੀ ਖਿਚ ਅੰਦਰੋਂ ਪਈ ਕਿ ਦੇਵੀ ਦਰਸ਼ਨ ਤਾਂ ਭੁਲ ਹੀ ਗਏ । ਘਰ ਸੁਨੇਹਾ ਭੇਜ ਦਿਤਾ ਕੀ ਮੇਰੀ ਉਡੀਕ ਨਾ ਕਰਨਾ ਬਸ ਫਿਰ ਕੀ ਸੀ , ਓਹ ਗੁਰੂ ਜੋਗੇ ਰਹਿ ਗਏ ਤੇ ਕਦੀ ਨਿਖੜ ਨਾ ਸਕੇ । ਪਤਾ ਲਗਣ ਤੇ ਮਾਤਾ ਖੀਵੀ ਜੀ ਬੇਬੇ ਵੀਰਾਈ ਕੋਲ ਗਏ , ਮਨ ਵਿਚ ਤੋਖਲਾ ਸੀ ਕੀ ਵਪਾਰ ਨੂੰ ਕੌਣ ਸੰਭਾਲੇਗਾ ? ਬਚਿਆਂ ਨੂ ਕੋਣ ਪੜਾਏਗਾ? ਮਾਤਾ ਵੀਰਾਈ ਨੇ ਦਿਲਾਸਾ ਦਿਤਾ ਕੀ ਨੇਕੀ ਦੇ ਘਰ ਗਿਆ ਹੈ ਨੇਕ ਬਣਕੇ ਹੀ ਆਵੇਗਾ ।
ਇਥੇ ਕਰਤਾਰ ਪੁਰ ਸੰਗਤਾ ਜੁੜਦੀਆਂ ,ਸਤਿਸੰਗ ਹੁੰਦਾ ਹਥੀਂ ਕਿਰਤ ਕਰਨੀ , ਵੰਡ ਕੇ ਛਕਣਾ ਤੇ ਸਿਮਰਨ ਕਰਨਾ ਗੁਰੂ ਸਾਹਿਬ ਆਪ ਖੇਤੀ ਦਾ ਕੰਮ ਕਰਦੇ , ਲੰਗਰ ਲਗਾਂਦੇ ਤੇ ਦਿਨ ਰਾਤ ਸਿਮਰਨ ਦਾ ਪ੍ਰਵਾਹ ਚਲਦਾ ਰਹਿੰਦਾ । ਗੁਰੂ ਨਾਨਕ ਸਾਹਿਬ ਨੇ ਜਮੀਨ ਖਰੀਦਕੇ ਆਪ ਖੇਤੀ ਬਾੜੀ ਦਾ ਕੰਮ ਸ਼ੁਰੂ ਕਰ ਦਿਤਾ ਕੁਝ ਚਿਰ ਮਗਰੋਂ ਗੁਰੂ ਨਾਨਕ ਸਾਹਿਬ ਨੇ ਉਨ੍ਹਾ ਨੂੰ ਆਪਣਾ ਪਰਿਵਾਰ ਆਪਣਾ ਕੰਮ ਕਾਜ ਦੇਖਣ ਨੂੰ ਖਡੂਰ ਸਾਹਿਬ ਭੇਜ ਦਿਤਾ ਪਰ ਉਥੇ ਉਹਨਾ ਦਾ ਚਿਤ ਨਹੀਂ ਲਗਾ ਆਪਣੇ ਪਰਿਵਾਰ ਨੂੰ ਘਰ- ਬਾਹਰ ਦੀ ਜਿਮੇਵਾਰੀ ਸੌਂਪ ਕੇ ਮੁੜ ਵਾਪਸ ਕਰਤਾਰ ਪੁਰ ਆ ਗਏ ।
ਜਦੋਂ ਕਰਤਾਰ ਪੁਰ ਪੁਜੇ ਤਾਂ ਗੁਰੂ ਨਾਨਕ ਸਾਹਿਬ ਖੇਤਾ ਵਿਚ ਕੰਮ ਕਰ ਰਹੇ ਸੀ ਜਾਕੇ ਮਥਾ ਟੇਕਿਆ ਤੇ ਕੰਮ ਵਿਚ ਹਥ ਵਟਾਣ ਲਗ ਪਏ । ਸ਼ਾਮ ਨੂੰ ਦੋ ਪੰਡਾਂ ਘਾਹ ਦੀਆਂ ਤਿਆਰ ਹੋ ਗਈਆਂ ਇਕ ਪੰਡ ਭਾਈ ਲਹਿਣਾ ਜੀ ਨੂੰ ਚੁਕਵਾ ਦਿਤੀ ਤੇ ਦੂਸਰੀ ਆਪ ਚੁਕ ਲਈ ਭਾਈ ਲਹਿਣਾ ਜੀ ਦੇ ਰੇਸ਼ਮੀ ਕਪੜੇ ਸਾਰੇ ਚਿਕੜ ਨਾਲ ਲਬੋ-ਲਬ ਭਰ ਗਏ । ਜਦ ਮਾਤਾ ਸੁਲਖਣੀ ਨੇ ਦੇਖਿਆ ਤਾਂ ਕਿਹਾ , ” ਆਪ ਤਾਂ ਤੁਸੀਂ ਚੁਕੀ ਪਰ ਇਹਨਾਂ ਨੂੰ ਚਿਕੜ ਨਾਲ ਭਰੀ ਪੰਡ ਕਿਓਂ ਚੁਕਵਾ ਦਿਤੀ ।
ਗੁਰੂ ਨਾਨਕ ਦੇਵ ਜੀ ਭਾਈ ਲਹਿਣਾ ਵੱਲ ਵੇਖ ਕੇ ਹੱਸ ਪਏ ਅਤੇ ਫੁਰਮਾਨ ਕੀਤਾ “ਸੁਲੱਖਣੀ! ਇਨ੍ਹਾਂ ਦੇ ਸਿਰ ਤੇ ਘਾਹ ਦੀ ਪੰਡ ਨਹੀਂ, ਇਹ ਤਾਂ ਦੀਨ ਦੁਨੀਆ ਦਾ ਛਤਰ ਹੈ , ਇਹ ਚਿੱਕੜ ਨਹੀਂ ਕੇਸਰ ਦੇ ਛਿੱਟੇ ਹਨ । ਪਰਮਾਤਮਾ ਨੇ ਆਪ ਇਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੰਭਾਲਣ ਲਈ ਚੁਣਿਆ ਹੈ ।” ਭਾਈ ਲਹਿਣਾ ਜੀ ਨੇ ਇਸ ਹੁਕਮ ਨੂੰ ਪ੍ਰਵਾਨ ਕੀਤਾ। ਬਸ ਫਿਰ ਕੀ ਸੀ ਉਹ ਗੁਰੂ ਨਾਨਕ ਸਹਿਬ ਨਾਲ ਸੇਵਾ ਕਰਨ ਵਿਚ ਜੁਟ ਪਏ ਓਹ ਹਰ ਕੰਮ ਬੜੀ ਸ਼ਰਧਾ ਤੇ ਪਿਆਰ ਨਾਲ ਕਰਦੇ ਤੇ ਹਮੇਸ਼ਾਂ ਅਗਲੇ ਹੁਕਮ ਲਈ ਤਿਆਰ ਬਰ ਤਿਆਰ ਰਹਿੰਦੇ ।
ਉਨ੍ਹਾ ਨੇ ਤਕਰੀਬਨ 7 ਵਰੇ (1532 – 1539 ) ਗੁਰੂ ਸਾਹਿਬ ਦੀ ਬੜੇ ਪ੍ਰੇਮ ਤੇ ਸਿਦਕ ਨਾਲ ਅਨਥਕ ਸੇਵਾ ਕੀਤੀ ਤੇ ਕਰੜੀ ਘਾਲ ਕਮਾਈ । ਸਾਰਾ ਦਿਨ ਸੰਗਤਾਂ ਦੀ ਸੇਵਾ , ਖੇਤੀ ਬਾੜੀ ਦਾ ਕੰਮ ਕਰਦੇ ,ਤੇ ਗੁਰੂ ਸਾਹਿਬ ਦੇ ਹਰ ਅਗਲੇ ਹੁਕਮ ਦੀ ਬਿਨਾ ਕਿਸੇ ਕਿੰਤੂ ਪਰੰਤੂ ਤੋਂ , ਤਿਆਰ -ਬਰ ਤਿਆਰ ਰਹਿੰਦੇ । ਦਿਨ ਰਾਤ ਤਨ -ਮਨ , ਸ਼ਰਧਾ ਤੇ ਪ੍ਰੇਮ ਨਾਲ ਸੇਵਾ ਕਰਦੇ ਕਰਦੇ ਗੁਰੂ ਵਿਚ ਅਭੇਦ ਹੋ ਗਏ ਤੇ ਗੁਰੂ ਦਾ ਹੀ ਅੰਗ ਬਣ ਗਏ ।
ਉਨ੍ਹਾ ਨੇ 7 ਵਰੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਕਾਬੂ ਪਾਕੇ , ਸੇਵਾ, ਸਿਮਰਨ ,ਤਿਆਗ ,ਧੀਰਜ ਤੇ ਜਿਮੇਦਾਰੀ ਸੰਭਾਲਣ ਦੇ ਸਾਰੇ ਸਬੂਤ ਦਿਤੇ ਹਾਲਾਂਕਿ ਗੁਰੂ ਸਾਹਿਬ ਦੇ ਆਪਣੇ ਪੁਤਰ ਓਹਨਾਂ ਕੰਮਾ ਨੂੰ ਛੋਟਾ ਜਾਂ ਬੇਮਾਇਨੇ ਕਹਿ ਕੇ ਨਾਂਹ ਕਰ ਦਿੰਦੇ ਸਨ । ਇਸ ਦੌਰਾਨ ਗੁਰੂ ਸਾਹਿਬ ਨੇ ਭਾਈ ਲਹਿਣਾ ਜੀ ਦੀ ਪ੍ਰਤਿਭਾ ਤੇ ਉਨਾ ਦੇ ਅੰਦਰ ਜਗਦੀ ਜੋਤ ਨੂੰ ਪਹਿਚਾਨਿਆ , ਸਹਿਜ ਸੁਭਾ ਉਨਾ ਦੀਆ ਪ੍ਰੀਖਿਆਵਾਂ ਵੀ ਲਈਆਂ ਜਿਨਾ ਚੋਂ ਓਹ ਸੌ-ਫੀ-ਸਦੀ ਪਾਸ ਹੋਏ , ਜਿਸ ਨਾਲ ਕਈ ਸਾਖੀਆਂ ਵੀ ਜੁੜੀਆਂ ਹੋਈਆਂ ਹਨ । ਜਿਵੇਂ ਖਾਹ ਦੀ ਪੰਡ ਚੁਕਣੀ , ਚਿਕੜ ਵਿਚੋਂ ਕਟੋਰਾ ਕਢਣਾ ,ਮੋਈ ਹੋਈ ਚੂਹੀ ਧਰਮਸਾਲ ਤੋਂ ਬਾਹਰ ਸੁਟਣੀ . ਸਰਦੀ ਦੇ ਮੌਸਮ ਵਿਚ ਅਧੀ ਰਾਤੀਂ ਕਈ ਕਈ ਵਾਰ ਕੰਧ ਬਣਾਣੀ ਜਿਸ ਨੂੰ ਠੀਕ ਨਹੀਂ ਬਣੀ ਕਹਿਕੇ ,ਗੁਰੂ ਨਾਨਕ ਸਾਹਿਬ ਢੁਆ ਦਿੰਦੇ ਸਨ , ਤੇ ਮੁਰਦਾ ਖਾਣਾ ਆਦਿ ।
ਗੁਰਗਦੀ
ਇਕ ਦਿਨ ਗੁਰੂ ਨਾਨਕ ਸਾਹਿਬ ਨੇ ਭਾਈ ਬੁੱਢਾ ਕੋਲੋਂ ਗੁਰਗਦੀ ਦੀ ਰਸਮ ਅਦਾ ਕਰਵਾਕੇ , ਗੁਰਗਦੀ ਭਾਈ ਲਹਿਣੇ ਨੂੰ ਸੋਂਪ ਦਿਤੀ ਉਨਾਂ ਨੂੰ ਆਪਣੇ ਅੰਗ ਲਗਾਕੇ ਨਾਮ ਅੰਗਦ ਰਖ ਦਿਤਾ ਪੋਥੀਆਂ ਦੇ ਰੂਪ ਵਿਚ ਬਾਣੀ ਦੇ ਖਜਾਨੇ ਦੀ ਜ਼ਿਮੇਦਾਰੀ ਗੁਰੂ ਅੰਗਦ ਦੇਵ ਜੀ ਨੂੰ ਸੋਂਪ ਦਿਤੀ । ਸਾਰੀਆਂ ਸੰਗਤਾ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਮਥਾ ਟੇਕਿਆ ਪਰ ਪੁਤਰਾਂ ਨੇ ਹੁਕਮ ਦੀ ਪਾਲਣਾ ਨਹੀਂ ਕੀਤੀ ਉਹਨਾਂ ਨੇ ਮਥਾ ਟੇਕਣ ਦੀ ਬਜਾਏ ਪਿਠ ਕਰ ਲਈ ।
ਗੁਰੂ ਅੰਗਦ ਦੇਵ ਜੀ ਨੂੰ ਖਡੂਰ ਸਾਹਿਬ ਜਾਕੇ ਪ੍ਰਚਾਰ ਆਰੰਭ ਕਰਨ ਦਾ ਹੁਕਮ ਦਿਤਾ । ਗੁਰੂ ਅੰਗਦ ਦੇਵ ਜੀ ਸ਼ੂਰੂ ਤੋਂ ਹੀ ਮਿਠਾ ਬੋਲਣ ਦੇ ਨਾਲ ਨਾਲ ਹਲੀਮੀ ਸਿਆਣਪ ਤੇ ਖੁਲ ਦਿਲੀ ਦੇ ਭੰਡਾਰ ਸਨ । ਉਨਾ ਨੇ ਸੋਚਿਆ ਕੀ ਕਰਤਾਰ ਪੁਰ ਰਹਿਣ ਨਾਲ ਗੁਰੂ ਸਾਹਿਬ ਦੇ ਪੁਤਰਾਂ ਨਾਲ ਤੇ ਈਰਖਾਂ ਨਾਲ ਕੋਈ ਬਖੇੜਾ ਖੜਾ ਹੋ ਸਕਦਾ ਹੈ , ਨਾਲੇ ਗੁਰੂ ਸਾਹਿਬ ਦਾ ਹੁਕਮ ਵੀ ਸੀ ਕੀ ਖਡੂਰ ਸਾਹਿਬ ਜਾਕੇ ਪ੍ਰਚਾਰ ਕਰਨਾ ਹੈ , ਓਹ ਖਡੂਰ ਸਾਹਿਬ ਜਿਥੇ ਉਨਾਂ ਦੀ ਭੂਆ ਰਹਿੰਦੀ ਸੀ , ਮਾਤਾ ਵੀਰਾਈ ਦੇ ਘਰ ਜਾ ਠਹਿਰੇ ਤੇ ਇਕਾਂਤ ਵਿਚ ਸਿਮਰਨ ਕਰਨ ਲਗੇ ਗੁਰੂ ਨਾਨਕ ਦੇਵ ਜੀ ਤੋ ਬਿਨਾ ਕੁਝ ਮਹੀਨੇ ਵੈਰਾਗ ਵਿਚ ਲੰਘੇ ਵਿਛੋੜੇ ਦੀ ਕਸਕ ਅਤਿ ਤਿਖੀ ਸੀ । ਇਕ ਭੋਰਾ ਨਾ ਵਿਛੜਨ ਵਾਲਾ ਸੇਵਕ ਵੈਰਾਗ ਵਿਚ ਬਿਹਬਲ ਹੋ ਉਠਿਆ ।
ਜਿਸੁ ਪਿਆਰੇ ਸਿਓ ਨੇਹੁ ਤਿਸੁ ਆਗੈ ਮਰਿ ਚਲੀਐ
ਧ੍ਰਿਗ ਜੀਵਣੁ ਸੰਸਾਰੁ ਤਾ ਕੈ ਪਾਛੇ ਜੀਵਣਾ (ਅੰਗ ੮੩)
ਕਈ ਮਹੀਨੇ ਗੁਰੂ ਅੰਗਦ ਦੇਵ ਜੀ ਆਪਣੇ ਪ੍ਰੀਤਮ, ਗੁਰੂ ਨਾਨਕ ਸਾਹਿਬ ਦੇ ਵਿਛੋੜੇ ਵਿਚ ਇਕਾਂਤ ਵਾਸ ਵਿਚ ਰਹੇ ਅਖੀਰ ਸੰਗਤਾਂ ਨੇ ਉਨ੍ਹਾ ਭਾਲ ਲਿਆ ਤੇ ਆਤਮਿਕ ਅਗਵਾਈ ਲਈ ਬੇਨਤੀ ਕੀਤੀ ਮੁੜ ਬਾਬਾ ਬੁਢਾ ਸਾਹਿਬ ਤੇ ਸੰਗਤਾਂ ਦੀ ਬੇਨਤੀ ਸਵੀਕਾਰ ਕਰਦੇ ਖੁਲੇ ਦਰਸ਼ਨ ਦੀਦਾਰੇ ਦੇਣੇ ਸ਼ੁਰੂ ਕਰ ਦਿਤੇ ।
ਜੋ ਸਿਰੁ ਸਾਈੰ ਨਾ ਨਿਵੈ ਸੋ ਸਿਰੁ ਦੀਜੈ ਡਾਰਿ
ਨਾਨਕ ਜਿਸੁ ਪਿੰਜਰ ਮਹਿ ਬਿਰਹਾ ਨਹੀਂ ਸੋ ਪਿੰਜਰ ਲੈ ਜਾਰਿ ।।
ਹੁਣ ਦਰਬਾਰ ਲਗਦੇ,ਸਵੇਰੇ ਅਮ੍ਰਿਤ ਵੇਲੇ ਗੁਰਬਾਣੀ ਦਾ ਪਾਠ ਹੁੰਦਾ , ਕੀਰਤਨ ਹੁੰਦੇ , ਗੁਰਬਾਣੀ ਤੇ ਗੁਰੂ ਉਪਦੇਸ਼ਾਂ ਦੀ ਵਿਆਖਿਆ ਦੁਆਰਾ ਸੰਗਤ ਨੂੰ ਗੁਰੂ ਨਾਨਕ ਸਾਹਿਬ, ਉਨ੍ਹਾ ਦੀ ਬਾਣੀ ਤੇ ਉਨ੍ਹਾ ਦੇ ਉਪਦੇਸ਼ਾਂ ਨਾਲ ਜੋੜਦੇ । ਉਨ੍ਹਾ ਨੇ ਗੁਰੂ ਨਾਨਕ ਮਿਸ਼ਨ ਨੂੰ ਪੂਰਾ ਕਰਨ ਤੇ ਸੰਗਤ ਨੂੰ ਮਜਬੂਤ ਤੇ ਸੰਗਠਿਤ ਕਰਨ ਦੇ ਪ੍ਰੋਗਰਾਮ ਉਲੀਕੇ ਉਹਨਾ ਦੀ ਸਭ ਤੋ ਵਡੀ ਜਿਮੇਵਾਰੀ ਸੀ ਨਵੇਂ ਜੰਮੇ ਸਿਖੀ ਦੇ ਬੂਟੇ ਨੂੰ ਜਿਸਦਾ ਬੀਜ ਗੁਰੂ ਨਾਨਕ ਸਾਹਿਬ ਬੋ ਗਏ ਸੀ ਉਸ ਨੂੰ ਸੰਭਾਲਣਾ ਤੇ ਗੁਰੂ -ਸੰਤਾਨਾ , ਸੰਨਆਸੀਆਂ ,ਜੋਗੀਆਂ ਬ੍ਰਾਹਮਣਾ ਤੇ ਸਮੇ ਦੇ ਹੁਕਮਰਾਨਾ ਤੋ ਇਸ ਨੂੰ ਬਚਾਣਾ । ਗੁਰੂ ਅੰਗਦ ਦੇਵ ਜੀ ਨੇ ਕਰਤਾਰਪੁਰ ਦੀ ਥਾਂ ਖਡੂਰ ਸਾਹਿਬ ਦਰਿਆ ਬਿਆਸ ਤੋ 5 ਕਿਲੋਮੀਟਰ ਦੂਰ ਸਿਖੀ ਕੇਂਦਰ ਸਥਾਪਿਤ ਕੀਤਾ ।
ਲੰਗਰ ਦੀ ਪ੍ਰਥਾ ਜੋ ਗੁਰੂ ਨਾਨਕ ਸਾਹਿਬ ਨੇ ਸ਼ੂਰੂ ਕੀਤੀ ਸੀ ਮੁੜ ਕੇ ਚਾਲੂ ਹੋ ਗਈ ਮਾਤਾ ਖੀਵੀ ਨੂੰ ਲੰਗਰ ਦੀ ਸੇਵਾ ਸੰਭਾਲ ਦੀ ਜਿਮੇਦਾਰੀ ਦੇ ਦਿਤੀ । ਜਿਸ ਨਾਲ ਇਸਤਰੀ ਜਾਤੀ ਦਾ ਮਾਨ ਸਤਕਾਰ ਵਧਿਆ ਮਾਤਾ ਖੀਵੀ ਦਾ ਸਭ ਨਾਲ ਇਕੋ ਜਿਹਾ ਵਰਤਾਰਾ, ਮਿਠਾ ਬੋਲਣਾ , ਗਰੀਬ ਗੁਰਬੇ ਤੇ ਲੋੜਵੰਦਾ ਦੀ ਸਹਾਇਤਾ ਕਰਣ ਨਾਲ ਆਮ ਜਨਤਾ ਤੇ ਸਿਖੀ ਦਾ ਰਿਸ਼ਤਾ ਬਹੁਤ ਮਜਬੂਤ ਹੋ ਗਿਆ । ਮਾਤਾ ਖੀਵੀ ਜਦ ਕਿਸੇ ਬਹੁਤ ਗਰੀਬ ਜਾ ਲੋੜਵੰਦ ਨੂੰ ਲੰਗਰ ਵਿਚ ਬੈਠੇ ਦੇਖਦੇ ਤਾਂ ਚੁਪ ਚਾਪ ਉਨਾਂ ਦੀ ਜੇਬ ਵਿਚ ਪੈਸੇ ਪਾ ਦਿੰਦੇ । ਗਰੀਬ ਗੁਰਬੇ ਤੇ ਜਵਾਨਾਂ ਦੇ ਸਿਹਤ ਦਾ ਖ਼ਿਆਲ ਕਰਕੇ ਲੰਗਰ ਵਿਚ ਦੁਧ ਖਿਓ ਤੇ ਖੀਰ ਦੀ ਵੀ ਵਰਤੋਂ ਹੋਣ ਲਗ ਪਈ । ਸਤਾ ਤੇ ਬਲਵੰਡ ਆਪਣੀਆਂ ਵਾਰਾਂ ਵਿਚ ਇਸ ਗਲ ਦੀ ਗਵਾਹੀ ਭਰਦੇ ਹਨ ।
ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਾਲੀ
ਲੰਗਰਿ ਦਉਲਤ ਵੰਡੀਐ ਰਸੁ ਅਮ੍ਰਿਤੁ ਖਿਰਿ ਘਿਆਲੀ ।
ਇਕ ਵਾਰੀ ਇਕ ਜੋਗੀਆਂ ਦਾ ਮੰਡਲ ਖਡੂਰ ਸਾਹਿਬ ਆਇਆ ਲੰਗਰ ਵਿਚ ਮਾਤਾ ਖੀਵੀ ਦੇ ਸਦਕਾ ਸਦਾ ਰੋਣਕਾਂ ਰਹਿੰਦੀਆਂ ਤੇ ਖੁਲੇ ਭੰਡਾਰੇ ਲਗੇ ਰਹਿੰਦੇ । ਜੋਗੀ ਹੈਰਾਨ ਹੋਏ ਤੇ ਪੁਛਣ ਤੋਂ ਰਹਿ ਨਾ ਸਕੇ ਕੀ ਇਨਾ ਖਰਚ ਕਿਥੋਂ ਆਂਉਦਾ ਹੈ ? ਗੁਰੂ ਪਾਸ ਕੋਈ ਜਗੀਰ ਜਾਇਦਾਤ ਤਾਂ ਹੈ ਨਹੀਂ ਉਨ੍ਹਾ ਨੇ ਗੁਰੂ ਸਾਹਿਬ ਨੂੰ ਮਾਇਆਂ ਦੇਣੀ ਚਾਹੀ ,ਪਰ ਗੁਰੂ ਸਾਹਿਬ ਨੇ ਮਨਾ ਕਰ ਦਿਤਾ ਇਹ ਕਹਿਕੇ ਕੀ ਇਹ ਸੰਗਤਾਂ ਦਾ ਉਪਰਾਲਾ ਹੈ ਗੁਰੂ ਘਰ ਵਿਚ ਕਿਸੇ ਚੀਜ਼ ਦੀ ਥੋੜ ਨਹੀ ।
ਗੁਰੂ ਸਵਾ ਪਹਿਰ ਜਾਗਦੇ , ਇਸ਼ਨਾਨ ਤੋ ਉਪਰੰਤ ਸਮਾਧੀ ਵਿਚ ਲੀਨ ਹੋ ਜਾਂਦੇ ਅਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਤੇ ਗੁਰਬਾਣੀ ਦਾ ਉਪਦੇਸ਼ ਦੇਕੇ ਸੰਗਤਾ ਨੂੰ ਨਿਹਾਲ ਕਰਦੇ । ਜੋ ਬਜੁਰਗ ਮਾਈ ਭਾਈ ਸੰਗਤ...

ਵਿਚ ਆਓਂਦਾ ਆਪ ਉਨ੍ਹਾ ਕੋਲੋਂ ਗੁਰੂ ਨਾਨਕ ਸਾਹਿਬ ਦੀਆਂ ਸਾਖੀਆਂ ਸੁਣਦੇ ਤੇ ਗੁਰੂ ਸਹਿਬ ਦੇ ਜੀਵਨ ਬਾਰੇ ਚਰਚਾ ਸੁਣਦੇ ਇਸ ਲੰਬੀ ਚਰਚਾ ਦੇ ਸਿਲਸਲੇ ਉਪਰੰਤ ਗੁਰੂ ਨਾਨਕ ਸਾਹਿਬ ਦਾ ਜੀਵਨ ਬਿਰਤਾਂਤ ਭਾਈ ਪੈੜੇ ਮੋਖੇ ਕੋਲੋਂ ਲਿਖਵਾਂਦੇ ਤੇ ਸਿਖ ਸੰਗਤਾ ਵਿਚ ਪ੍ਰਚਲਿਤ ਕਰਦੇ । ਭਾਈ ਬਾਲੇ ਨੂੰ ਮਿਲਕੇ ਉਨ੍ਹਾ ਨੇ ਗੁਰੂ ਨਾਨਕ ਸਾਹਿਬ ਦੀਆਂ ਸਾਖੀਆਂ ਤੋਂ ਤਰਹ ਤਰਹ ਦੇ ਤਜਰਬੇ ਕਰਕੇ ਉਨਾਂ ਦੇ ਪ੍ਰਚਾਰ ਤੇ ਪ੍ਰਸਾਰ ਦੇ ਢੰਗ ਸਿਖੇ ਤੇ ਇਸ ਨੂੰ ਲਿਖਤੀ ਰੂਪ ਵਿਚ ਲਿਆਂਦਾ ਜਿਸ ਨਾਲ ਗੁਰੂ ਨਾਨਕ ਸਾਹਿਬ ਦੀ ਦੁਨਿਆ ਦੇ ਇਤਿਹਾਸ ਵਿਚ ਪਹਿਲੀ ਜੀਵਨੀ ਹੋਂਦ ਵਿਚ ਆਈ , ਤੇ ਇਤਿਹਾਸ ਲਿਖਣ ਦੀ ਪਰਮ੍ਪਰਾ ਸ਼ੁਰੂ ਹੋਈ । ਕਿਰਤ ਕਰਨਾ , ਵੰਡ ਕੇ ਛਕਣਾ ਤੇ ਸਿਮਰਨ ਕਰਨਾ , ਗੁਰੂ ਨਾਨਕ ਸਾਹਿਬ ਦੇ ਮੁਢਲੇ ਅਸੂਲ ਜਿਨਾਂ ਤੇ ਸਿਖੀ ਦੀ ਨੀਹ ਟਿਕੀ ਸੀ , ਤੇ ਜੋਰ ਦਿਤਾ ਸੰਗਤ ਤੇ ਪੰਗਤ ਦੀ ਲਹਿਰ ਨੂੰ ਮਜਬੂਤ ਕੀਤਾ ।
ਭੋਗ ਦੇ ਉਪਰੰਤ ਰੋਗੀਆਂ ਦਾ ਇਲਾਜ ਕਰਨ ਵਿਚ ਜੁਟ ਜਾਂਦੇ ਛੋਟੇ ਛੋਟੇ ਬਚਿਆਂ ਨੂੰ ਇਕਠਾ ਕਰਕੇ ਪੜਾਓਦੇ ਸ਼ਾਮ ਨੂੰ ਅਖਾੜੇ ਵਿਚ ਕੁਸ਼ਤੀਆਂ ਕਰਵਾਂਦੇ । ਓਹ ਬਚਿਆਂ ਤੇ ਜਵਾਨਾਂ ਨੂੰ ਤਾਲੀਮ ਦੇ ਨਾਲ ਨਾਲ ਰੂਹਾਨੀਅਤ ਤੇ ਸਰੀਰਕ ਤੋਰ ਤੇ ਵੀ ਮਜਬੂਤ ਕਰਦੇ । ਤਨ ਦੀ ਤ੍ਰਿਪਤੀ ਲਈ ਲੰਗਰ ਤੇ ਮਨ ਦੀ ਸ਼ਾਂਤੀ ਲਈ ਸਵੇਰੇ ਸ਼ਾਮ ਕਥਾ ਕੀਰਤਨ ਹੁੰਦਾ ਲੰਗਰ ਵਿਚ ਦੁਧ , ਘਿਓ ਦੀ ਵਰਤੋਂ ਕਰਕੇ ਆਤਮਿਕ ਖੁਰਾਕ ਦੇ ਨਾਲ ਨਾਲ ਸਰੀਰਕ ਖੁਰਾਕ ਨੂੰ ਵੀ ਤਰਜੀਹ ਦਿਤੀ ।
“ਨਾਨਕ ਸੋ ਪ੍ਰਭ ਸਿਮਰੀਏ ਜਿਨ ਦੇਹਿ ਕੋ ਪਾਲ”।
ਇਕ ਵਾਰੀ ਦੀ ਗਲ ਹੈ ਮੁਗਲ ਬਾਦਸ਼ਾਹ ਹਮਾਯੂੰ , ਸ਼ੇਰ ਸ਼ਾਹ ਸੂਰੀ ਪਾਸੋਂ ਹਾਰ ਖਾਕੇ , ਆਪਣੇ ਖਜਾਨੇ ਤੇ ਪਰਿਵਾਰ ਸਮੇਤ ਪੰਜਾਬ ਵਲ ਨੂੰ ਤੁਰ ਪਿਆ । ਬਿਆਸ ਦਰਿਆ ਦੇ ਨੇੜੇ ਪਹੁੰਚ ਕੇ ਪਤਾ ਚਲਿਆ ਕੀ ਸ਼ਾਹੀ ਸੜਕ ਦੇ ਨੇੜੇ ਖਡੂਰ ਸਾਹਿਬ ਹੈ , ਜਿਥੇ ਗੁਰੂ ਨਾਨਕ ਸਾਹਿਬ ,ਅੱਲਾਹ ਦਰਵੇਸ਼ ਦਾ ਗਦੀ ਨਸ਼ੀਨ ਹੈ । ਗੁਰੂ ਨਾਨਕ ਸਾਹਿਬ ਦਾ ਮੇਲ ਬਾਬਰ ਨਾਲ ਹੋਇਆ ਸੀ ਜੋ ,ਗੁਰੂ ਘਰ ਨਾਲ ਅਕੀਦਤ ਰਖਦਾ ਸੀ । ਸੋ ਆਸ਼ੀਰਵਾਦ ਦੇ ਖ਼ਿਆਲ ਨਾਲ ਹਮਾਯੂੰ ਖਡੂਰ ਸਾਹਿਬ ਪਹੁੰਚ ਗਿਆ ਗੁਰੂ ਸਾਹਿਬ ਬਚਿਆਂ ਨੂੰ ਪੜਾਣ ਤੇ ਜਵਾਨਾ ਦੀਆਂ ਘੋਲ ,ਕੁਸ਼ਤੀਆਂ ਦੇਖਣ ਵਿਚ ਮਗਨ ਸੀ । ਹਮਾਯੂੰ ਕੁਝ ਦੇਰ ਖੜਾ ਰਿਹਾ ਮਨ ਵਿਚ ਗੁਸਾ ਆਇਆ ਕੀ ਬਾਦਸ਼ਾਹ ਦੀ ਇਤਨੀ ਹੇਠੀ , ਤਲਵਾਰ ਦੇ ਮੁਠੇ ਤੇ ਹਥ ਪਾਇਆ , ਇਨੇ ਨੂੰ ਗੁਰੂ ਸਾਹਿਬ ਦੀ ਨਜਰ ਬਾਦਸ਼ਾਹ ਤੇ ਪਈ ਬੋਲੇ ,” ਇਸ ਨੂੰ ਅੰਦਰ ਹੀ ਰਹਿਣ ਦੇ ਅਜੇ ਇਹ ਥਕ ਕੇ ਆਈ ਹੈ , ਜਿਥੇ ਇਸਦਾ ਉਠਣ ਦਾ ਵੇਲਾ ਸੀ ਉਥੇ ਉਠੀ ਨਹੀ ਫਕੀਰਾਂ ਤੇ ਉਠਣਾ ਇਸਦਾ ਧਰਮ ਨਹੀਂ ।
ਹਮਾਯੂੰ ਬਹੁਤ ਸ਼ਰਮਿੰਦਾ ਹੋਇਆ , ਝੁਕਕੇ ਸਲਾਮ ਕੀਤੀ ਤੇ ਕਿਹਾ ,” ਮੈ ਆਪਜੀ ਦੀ ਸ਼ਰਨ ਵਿਚ ਆਇਆਂ ਹਾਂ ਮੈਨੂੰ ਮਾਫ਼ ਕਰ ਦਿਓ । ਗੁਰੂ ਨਾਨਕ ਦਾ ਘਰ ਸਦਾ ਬਖਸ਼ੰਦ ਹੈ ਆਸ਼ੀਰਵਾਦ ਦਿਓ , ਮੈ ਮੁੜਕੇ ਆਪਣਾ ਰਾਜ ਭਾਗ ਵਾਪਸ ਲੈ ਸਕਾਂ ਗੁਰੂ ਨਾਨਕ ਦੇ ਘਰੋਂ ਕੋਈ ਖਾਲੀ ਨਹੀ ਜਾਂਦਾ ਹੈ ।, ਆਸ਼ੀਰਵਾਦ ਦਿਤਾ ਤੇ ਕਿਹਾ ਅਜੇ ਇਸਦਾ ਵੇਲਾ ਨਹੀ , ਜਦੋਂ ਵੇਲਾ ਆਇਆ ਤਾਂ ਤੈਨੂੰ ਤਖਤ ,ਰਾਜ ਭਾਗ ਜਰੂਰ ਵਾਪਸ ਮਿਲੇਗਾ ਗੁਰੂ ਸਾਹਿਬ ਦਾ ਇਹ ਵਾਕ ਪੂਰਾ ਹੋਇਆ ਤੇ ਫਿਰ ਕੁਝ ਸਾਲਾਂ ਮਗਰੋਂ ਓਹ ਹਿੰਦੁਸਤਾਨ ਦਾ ਬਾਦਸ਼ਾਹ ਬਣ ਗਿਆ ।
ਖਡੂਰ ਸਾਹਿਬ ਵਿਚ ਪ੍ਰਚਾਰ ਕਰਦਿਆਂ ਗੁਰੂ ਸਾਹਿਬ ਨੂੰ ਕੁਝ ਸਾਲ ਹੋ ਚੁਕੇ ਸੀ ਗੁਰੂ ਸਾਹਿਬ ਦੀ ਮਹਿਮਾ ਬਹੁਤ ਵਧ ਗਈ । ਲੋਕਾਂ ਦਾ ਸਾਧੂ , ਤਪੀ ਤੇ ਜੋਗੀਆ ਵਲ ਝੁਕਾ ਘਟ ਗਿਆ ਉਹ ਗੁਰੂ ਸਾਹਿਬ ਨਾਲ ਈਰਖਾ ਕਰਨ ਲਗ ਪਏ । ਇਕ ਸਮੇਂ ਅਜਿਹਾ ਹੋਇਆ ਕਿ ਮੀਹ ਨਾ ਪਿਆ ਤਾ ਉਨ੍ਹਾ ਦੇ ਆਗੂ ਤਪੇ ਨੇ ਲੋਕਾਂ ਵਿਚ ਫੈਲਾ ਦਿਤਾ ਕਿ ਕਿਓਂਕਿ ਤੁਸੀਂ ਇਕ ਗ੍ਰਹਿਸਤੀ ਨੂੰ ਗੁਰੂ ਮੰਨਿਆ ਹੈ ਇਸ ਕਰਕੇ ਦੇਵੀ ਦੇਵਤਿਆਂ ਦੀ ਕਰੋਪੀ ਕਾਰਣ ਮੀਹ ਨਹੀ ਪੈ ਰਿਹਾ । ਜਦੋਂ ਗੁਰੂ ਅੰਗਦ ਦੇਵ ਜੀ ਨੇ ਇਹ ਸੁਣਿਆ ਤਾਂ ਓਹ ਆਪ ਹੀ ਪਿੰਡ ਛਡਣ ਨੂੰ ਤਿਆਰ ਹੋ ਗਏ ਤੇ ਲਾਗਲੇ ਪਿੰਡ ਖਾਨ ਰਜਾਦੇ ਦੀ ਜੂਹ ਤੇ ਜਾ ਡੇਰਾ ਲਾਇਆ ਮੀਹ ਤਾਂ ਫਿਰ ਵੀ ਨਾਂ ਪਿਆ ਕੁਝ ਦੇਰ ਟਾਲ ਮਟੋਲ ਕਰਨ ਤੋ ਬਾਅਦ ਉਸਦਾ ਪਾਜ ਖੁਲ ਗਿਆ । ਜਦ ਅਮਰਦਾਸ ਜੀ ਨੂੰ ਪਤਾ ਲਗਾ ਤਾਂ ਉਨਾ ਨੇ ਮੋਜ ਵਿਚ ਆਕੇ ਕਹਿ ਦਿਤਾ ਕੀ ਜਿਥੇ ਜਿਥੇ ਤਪੇ ਨੂੰ ਰਸਾ ਬੰਨ ਕੇ ਘਸੀਟੋਗੇ ਉਥੇ ਉਥੇ ਬਾਰਸ਼ ਹੋ ਜਾਇਗੀ ਗੁਰੂ ਅੰਗਦ ਦੇਵ ਜੀ ਜੋ ਹਲੀਮੀ ਦੇ ਪੁੰਜ ਸੀ ਜਦ ਇਹ ਪਤਾ ਚਲਿਆ ਤਾਂ ਅਮਰਦਾਸ ਜੀ ਨੂੰ ਇੰਜ ਕਰਨ ਤੋ ਵਰਜਿਆ ਤੇ ਕਿਹਾ,” ਸਜਾ ਦੇਣੀ ਹੰਕਾਰ ਦੀ ਉਪਜ ਹੈ ਜੋ ਗੁਰੂ ਘਰ ਵਿਚ ਨਹੀਂ ਸੋਭਦੀ” ।
ਜਦ ਇਕ ਵਾਰੀ ਬਾਬਾ ਬੁਢਾ ਜੀ ਨੇ ਰਾਗੀ ਨੂੰ ਕੀਰਤਨ ਸੁਣਾਨ ਲਈ ਕਿਹਾ ਤਾਂ ਰਾਗੀ ਨੇ ਹੰਕਾਰ ਵਸ ਕਿਹਾ ਕੀ ਅਸੀਂ ਜਟ- ਬੂਟਾਂ ਅਗੇ ਕੀਰਤਨ ਨਹੀਂ ਕਰਦੇ ਜਦ ਅਗਲੇ ਦਿਨ ਰਾਗੀ ਨੇ ਕੀਰਤਨ ਕੀਤਾ ਤਾਂ ਗੁਰੂ ਸਾਹਿਬ ਨੇ ਉਸ ਅਗੇ ਪਿਠ ਕਰ ਲਈ ਜਦ ਗੁਰੂ ਸਾਹਿਬ ਨੂੰ ਇਸਦਾ ਕਾਰਨ ਪੁਛਿਆ ਤਾਂ ਗੁਰੂ ਸਾਹਿਬ ਨੇ ਕਲ ਦੀ ਵਾਰਤਾ ਦੁਹਰਾਈ ਰਾਗੀ ਨੇ ਉਸੇ ਹੰਕਾਰ ਵਿਚ ਫਿਰ ਕਿਹਾ ਕਿ ਸਾਨੂੰ ਤਾਂ ਜਿਥੇ ਰਬਾਬ ਵਜਾਵਾਂਗੇ ਰੋਟੀ ਮਿਲ ਹੀ ਜਾਏਗੀ ਤੇ ਗੁਰੂ ਦਰਬਾਰ ਛੋੜ ਕੇ ਚਲਾ ਗਿਆ । ਪਰ ਉਸਨੂੰ ਕਿਸੇ ਨੇ ਮਥੇ ਨਾ ਲਗਾਇਆ ਜਦ ਅੰਨ- ਪਾਣੀ ਤੇ ਤਰਸ ਗਿਆ ਤਾਂ ਫਿਰ ਗੁਰੂ ਦੀ ਸ਼ਰਨ ਵਿਚ ਆਕੇ ਮਾਫ਼ੀ ਮੰਗੀ ।
ਖਡੂਰ ਸਾਹਿਬ ਰਹਿੰਦੀਆਂ ਸਿਖੀ ਪ੍ਰਚਾਰ ਤੇ ਪ੍ਰਸਾਰ ਲਈ ਥਾਂ ਥਾਂ ਤੇ ਗਏ , ਸਿਖ ਕੇਂਦਰ ਖੋਲੇ , ਤੀਰਥ ਯਾਤਰਾਵਾਂ ਵੀ ਕੀਤੀਆਂ, ਲੋਕਾਂ ਦੇ ਵਹਿਮ ਭਰਮਾ ਤੇ ਕਰਮ ਕਾਂਡਾ ਦੇ ਜਾਲ ਨੂੰ ਤੋੜਨ ਲਈ ਤੇ ਸਿਖੀ ਨੂੰ ਮਜਬੂਤ ਕਰਨ ਲਈ । ਗੋਇੰਦਵਾਲ ਸਾਹਿਬ ਵਸਾਇਆ ਜੋ ਖਡੂਰ ਸਾਹਿਬ ਦੇ ਨੇੜੇ ਸੀ ਪਰ ਸਿਰੀ ਚੰਦ ਦੇ ਉਦਾਸੀ ਦੇ ਅਡੇ ਤੋਂ ਕਾਫੀ ਦੂਰ, ਤਾਕਿ ਸੰਗਤ ਨੂੰ ਭੁਲੇਖਾ ਨਾ ਪਵੇ ।
ਗੁਰੂ ਅੰਗਦ ਦੇਵ ਜੀ ਸਮੇ ਪ੍ਰਮੁਖ ਸਿੰਘਾ ਵਿਚੋਂ ਬਾਬਾ ਬੁਢਾ ਜੀ, ,ਭਾਈ ਮਰਦਾਨਾ ਦੇ ਸਪੁਤਰ ਭਾਈ ਸ਼ਾਹਜਾਦਾ ਜੀ, ਭਾਈ ਸਾਧੂ ਜੀ, ਭਾਈ ਜੀਵਾ ਜੀ, ਭਾਈ ਗੁੱਜਰ ਜੀ , ਭਾਈ ਧਿੰਗ ਜੀ , ਭਾਈ ਪਾਰੋ ਜੁਲਕਾ ਜੀ , ਭਾਈ ਮਲੂ ਸ਼ਾਹ , ਭਾਈ ਕਿਦਾਰੀ ਜੀ , ਭਾਈ ਦੀਪਾ ਜੀ , ਭਾਈ ਨਰੈਨ ਦਾਸ ਜੀ , ਭਾਈ ਬੁਲਾ ਜੀ , ਭਾਈ ਲਾਲੂ ਜੀ , ਭਾਈ ਦੁਰਗਾ ਜੀ ,ਭਾਈ ਜੈਵੰਦਾ ਜੀ, ਭਾਈ ਜਗਾ ਧਾਰਨੀ ਜੀ ,ਭਾਈ ਖਾਨੂੰ ਜੀ , ਭਾਈ ਮਾਹੀਆ ਜੀ ਭਾਈ ਗੋਬਿੰਦ ਜੀ ਅਤੇ ਭਾਈ ਜੋਧ ਜੀ ਦਾ ਨਾਮ ਬੜੇ ਆਦਰ ਨਾਲ ਲਿਆ ਜਾਂਦਾ ਹੈ , ਜਿਨ੍ਹਾ ਨੇ ਸਿਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਗੁਰੂ ਘਰ ਦੀ ਰਜ ਕੇ ਸੇਵਾ ਕੀਤੀ ਸੀ ।
ਕਦੀ ਵੀ ਸੰਗਤ ਦੀ ਚੜਤ ਆਪਣੇ ਪਰਿਵਾਰ ਦੀਆਂ ਲੋੜਾ ਪੂਰੀਆਂ ਕਰਨ ਲਈ ਨਹੀਂ ਖਰਚ ਕੀਤਾ । ਉਨ੍ਹਾ ਨੇ ਕਿਸੇ ਕੰਮ ਨੂੰ ਮਾੜਾ ਨਹੀ ਸਮਝਿਆ , ਸਿਰਫ ਮਜਲੂਮਾਂ, ਦੁਖੀਆਂ , ਤੇ ਗਰੀਬਾਂ ਤੇ ਜੁਲਮ ਕਰਕੇ ਦੋਲਤ ਇਕਠੀ ਕਰਨ ਨੂੰ ਮਾੜਾ ਕਿਹਾ ਹੈ ਗੁਰੂ ਸਾਹਿਬ ਆਪਣਾ ਨਿਰਬਾਹ ਵੀ ਮੰਜੀਆਂ ਦਾ ਵਾਣ ਵਟ ਕੇ ਕਰਦੇ ਸੀ । ਸੰਗਤ ਦਾ ਸਾਰਾ ਪੈਸਾ ਗੁਰੂ ਦੀ ਗੋਲਕ ਵਿਚ ਜਾਂਦਾ ਸੀ ਜੋ ਗਰੀਬਾਂ ,ਮਜਲੂਮਾ, ਲੋੜਵੰਦਾ , ਭੁਖਿਆਂ , ਦੁਖੀਆਂ ਤੇ ਰੋਗੀਆਂ ਲਈ ਵਰਤਿਆ ਜਾਂਦਾ ਸੀ । ਬੇਸ਼ਕ ਲੰਗਰ ਵਿਚ ਕਈ ਤਰਹ ਦੇ ਪਕਵਾਨ ਬੰਨਦੇ ਪਰ ਆਪਜੀ ਦਾ ਆਪਣਾ ਖਾਣਾ ਘਰੋਂ ਮਾਤਾ ਖੀਵੀ ਪਕਾਕੇ ਭੇਜਦੀ । ਉਨਾ ਦੀ ਆਪਣੇ ਬਚਿਆਂ ਨੂੰ ਵੀ ਹਿਦਾਇਤ ਸੀ ਕਿ ਆਪਣਾ ਗੁਜਾਰਾ ਦੁਕਾਨਦਾਰੀ ਜਾ ਕਾਸ਼ਤਗ਼ਰੀ ਵਿਚੋਂ ਕਰੋ ।
ਗੁਰੂ ਸਾਹਿਬ ਨੇ ਇਹ ਤਾਂ ਸਮਝ ਲਿਆ ਸੀ ਕੀ ਜਦ ਤਕ ਆਪਣੀ ਬੋਲੀ ਦਾ ਪਸਾਰਾ ਨਹੀਂ ਹੁੰਦਾ ਗੁਰੂ ਉਪਦੇਸ਼ ਵਿਚ ਸਥਿਰਤਾ ਨਹੀਂ ਆ ਸਕਦੀ । ਉਨ੍ਹਾ ਨੇ ਉਨਾ ਲੋਕਾਂ ਤੇ ਟਿਪਣੀ ਵੀ ਕੀਤੀ ਜੋ ਆਪਣੀ ਬੋਲੀ ਤੇ ਧਰਮ ਨੂੰ ਛਡ ਕੇ ਲਾਲਚ ਵਸ ਮੁਸਲਮਾਨ ਬਣਦੇ ਜਾ ਰਹੇ ਸੀ । ਉਹਨਾ ਨੇ ਗੁਰਮੁਖੀ ਪੜਨ , ਪੜਾਣ ਤੇ ਲਿਖਣ ਤੇ ਬਹੁਤ ਜੋਰ ਦਿਤਾ ਖਡੂਰ ਸਾਹਿਬ ਵਿਚ ਪੰਜਾਬੀ ਦੀ ਪਹਿਲੀ ਪਾਠਸ਼ਾਲਾ ਸਥਾਪਿਤ ਕੀਤੀ । ਗੁਰਮੁਖੀ ਲਿਪੀ ਨੂੰ ਯੋਜਨਾ ਬੰਧ ਕੀਤਾ , ਪੈਂਤੀ ਅਖਰ ਪੜਾਣ ਲਈ ਬਾਲ ਬੋਥ ਤਿਆਰ ਕਰਵਾਏ ਗੁਰਮੁਖੀ ਨੂੰ ਆਪਣੇ ਪ੍ਰਚਾਰ ਦਾ ਸਾਧਣ ਬਣਵਾਇਆ । ਗੁਰਬਾਣੀ ਨੂੰ ਗੁਰਮੁਖੀ ਅਖਰਾਂ ਵਿਚ ਲਿਖਣ ਦੀ ਪ੍ਰਥਾ ਆਰੰਭ ਕੀਤੀ , ਸਿਖਾਂ ਨੂੰ ਗੁਰਮੁਖੀ ਸਿਖਣ- ਸਿਖਾਣ , ਪੜਨ ਤੇ ਜੋਰ ਦੇਕੇ ਪੰਜਾਬੀ ਬੋਲੀ ਤੇ ਲਿਪੀ ਦੀ ਸੇਵਾ ਕੀਤੀ । ਇਸ ਤਰਹ ਆਮ ਲੋਕਾਂ , ਗਰੀਬਾਂ ਤੇ ਨੀਵੀਆਂ ਜਾਤਾਂ , ਜਿਨਾਂ ਨੂੰ ਸੰਸਕ੍ਰਿਤ ਪੜਨ ਦੀ ਮਨਾਹੀ ਸੀ , ਓਨ੍ਹਾ ਦੀ ਆਪਣੀ ਬੋਲੀ ਵਿਚ ਉਨਾ ਨੂੰ ਸਿਖਿਆ ਤੇ ਗੁਰੂ ਸਹਿਬਾਨਾ ਦੇ ਉਪਦੇਸ਼ ਸਮਝ ਆਉਣ ਲਗ ਪਏ ।
ਹੋਲੀ ,ਦਿਵਾਲੀ ਤੇ ਦੁਸਹਿਰਾ ਦੀ ਵਿਧੀ ਮੁਕੰਬਲ ਤੋਰ ਤੇ ਬਦਲ ਕੇ ਰਖ ਦਿਤੀ ਧਾਰਮਿਕ ਸ਼ਰਧਾ ਦੇ ਨਾਲ ਨਾਲ ਜ਼ੁਲਮ ਤੇ ਜਬਰ ਦਾ ਟਾਕਰਾ ਕਰਨਾ ਸਿਖਾਇਆ । ਜੋੜ ਮੇਲਿਆਂ ਦੀ ਨੀਹ ਰਖੀ ਗੁਰੂ ਨਾਨਕ ਸਾਹਿਬ ਨੇ ਆਪਣੇ ਪ੍ਰਚਾਰ ਦੋਰਿਆਂ ਤੇ ਜੋ ਵੀ ਸ਼ਬਦ ਉਚਾਰਨ ਕਰਦੇ ਸੰਭਾਲ ਲੈਂਦੇ । ਉਨਾਂ ਨੇ ਉਦਾਸੀਆਂ ਦੇ ਦੋਰਾਨ ਜੋ ਭਗਤਾਂ ਦੀ ਬਾਣੀ ਇਕਠੀ ਕੀਤੀ , ਆਪਣੀ ਬਾਣੀ ਰਚੀ ਉਸਨੂੰ ਪੋਥੀ ਵਿਚ ਦਰਜ ਕਰ ਲਿਆ ।
ਆਸਾ ਹਥਿ ਕਿਤਾਬ ਕਛਿ
ਕੂਜਾ ਬਾਂਗ ਮੁਸਲਾ ਧਾਰੀ ।
ਗੁਰੂ ਅੰਗਦ ਦੇਵ ਜੀ ਨੇ ਵੀ ਜੋਤੀ ਜੋਤ ਸਮਾਣ ਤੋ ਪਹਿਲਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ, ਭਗਤਾਂ ਦੀ ਬਾਣੀ ਤੇ ਆਪਣੀ ਰਚੀ ਬਾਣੀ , ਗੁਰੂ ਨਾਨਕ ਸਾਹਿਬ ਤੇ ਗੁਰੂ ਘਰ ਸੰਬੰਧੀ ਜੋ ਜੋ ਸਮਾਚਾਰ ਇਕਠੇ ਕੀਤੇ , ਉਸਨੂੰ ਲਿਖਤੀ ਰੂਪ ਵਿਚ ਗੁਰੂ ਅਮਰ ਦਾਸ ਜੀ ਦੇ ਹਵਾਲੇ ਕੀਤੇ ਤੇ ਬਾਣੀ ਤੇ ਸਾਖੀਆਂ ਸੰਭਾਲਣ ਦੀ ਰਵਾਇਤ ਸ਼ੁਰੂ ਕੀਤੀ । ਗੁਰੂ ਅੰਗਦ ਦੇਵ ਜੀ ਨੇ ਗੁਰਗਦੀ ਦਾ ਵਾਰਸ ਥਾਪਣ ਵੇਲੇ ਗੁਰੂ ਨਾਨਕ ਸਾਹਿਬ ਦੀ ਤਰਾਂ ਆਪਣੇ ਪੁਤਰਾਂ ਤੇ ਸਿਖਾਂ ਨੂੰ ਕੜੀ ਪਰੀਕਸ਼ਾ ਵਿਚੋਂ ਲੰਘਾਇਆ ਗੁਰੂ ਅਮਰਦਾਸ ਜੀ ਨੂੰ ਸਭ ਤੋਂ ਯੋਗ ਵਾਰਸ ਸਮਝਕੇ 1552 ਗੁਰਤਾਗੱਦੀ ਬਖਸ਼ ਕੇ ਖਡੂਰ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ ।
ਬਾਣੀ
ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਇੱਕਤਰ ਕਰਕੇ ਅਤੇ ਲਿਪੀਬੰਧ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵਲ ਪਹਿਲਾ ਕਦਮ ਚੁਕਿਆ ,ਜਿਸ ਰਾਹੀਂ ਇਹ ਬਾਣੀ ਸ੍ਰੀ ਗੁਰੂ ਅਮਰਦਾਸ , ਸ੍ਰੀ ਗੁਰੂ ਰਾਮਦਾਸ ਦੇ ਹਥੋਂ ਲੰਘਦੀ ਸ੍ਰੀ ਗੁਰੂ ਅਰਜਨ ਦੇਵ ਜੀ ਤਕ ਪੁਜੀ । ਜਿਸਦੇ ਫਲਸਰੂਪ 1604 ਵਿਚ ਸ੍ਰੀ ਗੁਰੂ ਗਰੰਥ ਸਾਹਿਬ ਦਾ ਪਹਿਲਾ ਸਰੂਪ ਤਿਆਰ ਹੋਇਆ । ਆਪ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਲਿਖਵਾ ਕੇ ਪੰਜਾਬੀ ਵਾਰਤਕ ਅਤੇ ਇਤਿਹਾਸ ਰਚਨਾ ਦਾ ਮੁਢ ਬੰਨਿਆ ।
ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣੇ ਰਚੇ ਸਲੋਕਾਂ ਵਿਚ ਪ੍ਰੇਮ ਦੀਆਂ ਤਰੰਗਾਂ , ਬਿਰਹਾ ਦੀ ਤੜਪ ,ਮੰਨ ਨੂੰ ਸੰਜੋ ਕੇ ਰਖਣ ਦੇ ਢੰਗ ,ਮਨੁਖਤਾ ਦੀ ਏਕਤਾ ਤੇ ਬਰਾਬਰੀ , ਅਮੀਰੀ ਦੀ ਪਰਿਭਾਸ਼ਾ , ਪ੍ਰਭੁ ਨੂੰ ਲਭਣ ਦੇ ਤਰੀਕੇ , ਆਪਣੀ ਸ਼ਖਸ਼ੀਅਤ ਨੂੰ ਕਿਵੇਂ ਸਵਾਰਨਾ ਹੈ , ਗੁਰਮੁਖ ਤੇ ਮਨਮੁਖ ਦੇ ਘੋਲ ਵਿਚ ਗੁਰਮੁਖ ਦੀ ਜਿਤ , ਅਸਲੀ ਸੇਵਕ , ਚੰਗੇ ਮੰਦੇ ਪੁਰਖ ਦੀ ਕਸਵਟੀ, ਅਰਦਾਸ ਕਰਣ ਦਾ ਸਹੀ ਤਰੀਕਾ ਆਦਿ ਦਾ ਵਿਸਥਾਰ ਹੈ । ਬਹੁਤਾ ਜੋਰ ਉਹਨਾ ਗੁਰੂ-ਪ੍ਰੇਮ , ਗੁਰੂ -ਭਗਤੀ , ਪ੍ਰਭੁ- ਮਿਲਾਪ , ਪ੍ਰਭੁ -ਪ੍ਰਾਪਤੀ , ਆਤਮ ਸਮਰਪਣ ਤੇ ਗੁਰੂ-ਸ਼ਬਦ ਦੀ ਲੋੜ ਤੇ ਦਿਤਾ ਕਿਓਂਕਿ ਗੁਰੂ ਸਾਹਿਬ ਦਾ ਆਪਣਾ ਜੀਵਨ ਵੀ ਗੁਰੂ-ਸ਼ਬਦ ਨਾਲ ਬਦਲਿਆ ਸੀ । ਮੋਹ- ਮਾਇਆ ਦੇ ਜਾਲ ਵਿਚੋਂ ਕੋਈ ਕਢ ਸਕਦਾ ਹੈ ਤਾਂ ਸਿਰਫ ਗੁਰੂ-ਸ਼ਬਦ ।
ਸਿਧਾਂਤਿਕ ਤੋਰ ਤੋਂ ਦੇਖਿਆ ਜਾਏ ਤਾਂ ਗੁਰੂ ਸਾਹਿਬ ਦੀ ਸਾਰੀ ਰਚਨਾ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਵਿਸਥਾਰ ਨਜਰ ਆਓਂਦਾ ਹੈ । ਗੁਰੂ ਅੰਗਦ ਦੇਵ ਜੀ ਬਾਣੀ ਵਿਚ ਚਾਹੇ ਵਿਲਖਣਤਾ ਹੈ ਪਰ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਅਮਿਟ ਪ੍ਰਭਾਵ ਸਾਫ਼ ਨਜਰ ਆਓਂਦਾ ਹੈ, ਜਿਵੇਂ ਹੁਕਮ ਵਿਚ ਰਹਿਣਾ , ਹੋਮੇ ਦੂਰ ਕਰਨਾ ,ਮਨੁਖੀ ਏਕਤਾ ਤੇ ਰਬੀ ਏਕਤਾ ਦੇ ਸਿਧਾਂਤ ਦੀ ਵਕਾਲਤ , ਰਬ ਤੇ ਉਸਦੀ ਕੀਤੀ ਰਚਨਾ ਨਾਲ ਪ੍ਰੇਮ , ਜਿਸਦਾ ਕੋਈ ਹਦ ਬੰਨਾ ਨਹੀ – ਆਪਣੀ ਹੋਂਦ ਮਿਟਾਕੇ ਰਬ ਦੀ ਚਾਕਰੀ ,ਗੁਰੂ ਭਗਤੀ , ਪ੍ਰਭੁ-ਮਿਲਾਪ ਦੇ ਸਾਧਨ ,ਆਤਮ ਸਮਰਪਣ , ਆਦਿ । ਇਹ ਸਭ ਗੁਰੂ ਨਾਨਕ ਸਾਹਿਬ ਦੇ ਪ੍ਰਭਾਵ ਦੇ ਨਾਲ ਨਾਲ ਸੀ ਉਨਾਂ ਦੇ ਮਿਸ਼ਨ ਨੂੰ ਅਗੇ ਤੋਰਨ ਦੀ ਜਿਮੇਵਾਰੀ ਵੀ ਸੀ ਜੋ ਉਨਾਂ ਨੂੰ ਸੋਂਪੀ ਗਈ ਸੀ ।
ਸਿਖੀ ਨੂੰ ਕਿਵੇਂ ਮਜਬੂਤ ਕਰਨਾ ਹੈ , ਸਿਖ ਚਿੰਤਨ ਦੀ ਵਿਲਖਣਤਾ ਕਿਵੇਂ ਮਜਬੂਤ ਰਖਣੀ ਹੈ ,ਇਹ ਜਿਮੇਵਾਰੀ ਉਨਾਂ ਆਪਣੀ ਰਚਨਾ ਦੁਆਰਾ ਬੜੀ ਬੇਖੂਬੀ ਨਾਲ ਨਿਭਾਈ ਤੇ ਸਿਖ ਵਿਚਾਰਧਾਰਾ ਦੀ ਸੇਧ ਨੀਅਤ ਕੀਤੀ । ਉਨਾਂ ਨੇ ਗੁਰੂ ਨਾਨਕ ਦੇ ਰਾਹ ਤੇ ਜੀਵਨ ਜੀਵਿਆ ਹੀ ਨਹੀ ਸਗੋਂ ਲੋਕਾਂ ਨੂੰ ਜੀਵਨ ਜੀਣ ਦੀ ਜਾਚ ਸਿਖਾਈ ਹੈ । ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਪੂਰੀ ਸਾਂਭ ਸੰਭਾਲ ਕੀਤੀ ਜਿਥੇ ਵੀ ਜਾਂਦੇ ਗੁਰੂ ਨਾਨਕ ਸਾਹਿਬ ਦੀ ਬਾਣੀ ਤੇ ਆਪਣੀ ਰਚੀ ਬਾਣੀ ਦਾ ਗਾਇਨ ਕਰਵਾਂਦੇ , ਵਿਆਖਿਆ ਕਰਦੇ ਤੇ ਗੁਰਬਾਣੀ ਅਨੁਸਾਰ ਜੀਵਨ ਜੀਣ ਦੀ ਪ੍ਰੇਰਨਾ ਦਿੰਦੇ ਗੁਰਬਾਣੀ ਦੀ ਵਿਲਖਣਤਾ ਸਮ੍ਝਾਂਦੇ ।
ਗੁਰੂ ਸਹਿਬ ਨੇ 63 ਸਲੋਕ ਰਚੇ ਜੋ ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਸਮੇ ਵਖ ਵਖ ਵਾਰਾਂ ਵਿਚ ਨਗੀਨਿਆਂ ਵਾਂਗੂ ਜੜ ਦਿਤੇ ਅਤੇ ਪੋੜੀਆਂ ਨਾਲ ਸ਼ਿੰਗਾਰੇ । 15 ਸਲੋਕ ਆਸਾ ਦੀ ਵਾਰ , 12 ਵਾਰ ਮਾਝ , 11 ਵਾਰ ਸੂਹੀ , 9 ਵਾਰ ਸਾਰੰਗ ਤੇ 16 ਹੋਰ ਰਾਗਾਂ ਵਿਚ ਦਰਜ ਹਨ , ਜੋ ਆਪਜੀ ਦੀ ਰਚੀ ਬਾਣੀ ਦਾ ਨਿਚੋੜ ਹੈ । ਜਨਮ , ਮਰਨ ਵੇਲੇ ਗੁਰਬਾਣੀ ਦਾ ਪਾਠ, ਖੁਸ਼ੀ ਗਮੀ ਦੇ ਸਾਰੇ ਕਾਰਜ ਗੁਰੁਦਵਾਰੇ ਕਰਨ ਦੀ ਪ੍ਰਥਾ ਨੇ ਸਿਖੀ ਨੂੰ ਆਪਣੀ ਅਲਗ ਪਹਿਚਾਨ ਦਿਤੀ ਮਰਨ ਵੇਲੇ ਮਰੇ ਪ੍ਰਾਣੀ ਦੀਆਂ ਅਸਥਿਆਂ ਜਾ ਉਸਦੇ ਨਮਿਤ ਦਾਨ ਕਰਨੇ , ਪਿਤਰਾਂ ਨੂੰ ਪਾਣੀ ਦੇਣਾ , ਸ਼ਰਾਧ ਕਰਨੇ ਆਦਿ ਦਾ ਖੰਡਣ ਕੀਤਾ । ਬਾਣੀ ਰਹਿਤ ਜਾਤ ਪਾਤ ਦਾ ਭੇਦ ਭਾਵ ਮਿਟਾਕੇ ਇਕ ਅਕਾਲ ਪੁਰਖ ਨੂੰ ਸਿਮਰਨ ਦਾ ਉਪਦੇਸ਼ ਦਿਤਾ ।
ਜੋਰਾਵਰ ਸਿੰਘ ਤਰਸਿੱਕਾ ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)