More Gurudwara Wiki  Posts
ਸ਼ਿਵ ਕੁਮਾਰ ਬਟਾਲਵੀ ਦੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਆਰਤੀ


ਸ਼ਿਵ ਕੁਮਾਰ ਬਟਾਲਵੀ ਨੂੰ ਉਸ ਦੇ ਕਿਸੇ ਦੋਸਤ ਨੇ ਕਿਹਾ ਕਿ ਤੂੰ ਬਹੁਤ ਸੋਹਣਾ ਲਿਖਦਾ ਹੈਂ ਤੂੰ ਕੁੱਝ ਗੁਰੂ ਗੋਬਿੰਦ ਸਿੰਘ ਜੀ ਬਾਰੇ ਲਿੱਖ । ਸ਼ਿਵ ਕੁਮਾਰ ਬਟਾਲਵੀ ਨੇ ਦੋ – ਤਿੰਨ ਮਹੀਨਿਆਂ ਬਾਅਦ ਆਪਣੇ ਦੋਸਤ ਨੂੰ ਕਿਹਾ ਕਿ ਮੇਰੀ ਕਲਮ ਦੀ ਐਨੀ ਔਕਾਤ ਨਹੀਂ ਕਿ ਕੁੱਝ ਗੁਰੂ ਗੋਬਿੰਦ ਸਿੰਘ ਜੀ ਬਾਰੇ ਲਿਖ ਸਕੇ । ਪਰ ਮੈਂ ਇੱਕ ਆਰਤੀ ਜ਼ਰੂਰ ਲਿੱਖੀ ਹੈ ।
ਆਰਤੀ
ਮੈਂ ਕਿਸ ਹੰਝੂ ਦਾ ਦੀਵਾ ਬਾਲ ਕੇ
ਤੇਰੀ ਆਰਤੀ ਗਾਵਾਂ
ਮੈਂ ਕਿਹੜੇ ਸ਼ਬਦ ਦੇ ਬੂਹੇ ‘ਤੇ
ਮੰਗਣ ਗੀਤ ਅੱਜ ਜਾਵਾਂ
ਜੋ ਤੈਨੂੰ ਕਰਨ ਲਈ ਭੇਟਾ
ਮੈਂ ਤੇਰੇ ਦੁਆਰੇ ‘ਤੇ ਆਵਾਂ
ਮੇਰਾ ਕੋਈ ਗੀਤ ਨਹੀਂ ਐਸਾ
ਜੋ ਤੇਰੇ ਮੇਚ ਆ ਜਾਵੇ
ਭਰੇ ਬਾਜ਼ਾਰ ਵਿਚ ਜਾ ਕੇ
ਜੋ ਆਪਣਾ ਸਿਰ ਕਟਾ ਆਵੇ
ਜੋ ਆਪਣੇ ਸੋਹਲ ਛਿੰਦੇ ਬੋਲ
ਨੀਂਹਾਂ ਵਿਚ ਚਿਣਾ ਆਵੇ
ਤਿਹਾਏ ਸ਼ਬਦ ਨੂੰ ਤਲਵਾਰ ਦਾ
ਪਾਣੀ ਪਿਆ ਆਵੇ
ਜੋ ਲੁੱਟ ਜਾਵੇ ਤੇ ਮੁੜ ਵੀ
ਯਾਰੜੇ ਦੇ ਸੱਥਰੀਂ ਗਾਵੇ
ਚਿੜੀ ਦੇ ਖੰਭ ਦੀ ਲਲਕਾਰ
ਸੌ ਬਾਜਾਂ ਨੂੰ ਖਾ ਜਾਵੇ
ਮੈਂ ਕਿੰਜ ਤਲਵਾਰ ਦੀ ਗਾਨੀ
ਅੱਜ ਆਪਣੇ ਗੀਤ ਗਲ ਪਾਵਾਂ
ਮੇਰਾ ਹਰ ਗੀਤ ਬੁਜ਼ਦਿਲ ਹੈ
ਮੈਂ ਕਿਹੜਾ ਗੀਤ ਅੱਜ ਗਾਵਾਂ
ਮੈ ਕਿਹੜੇ ਬੋਲ ਦੀ ਭੇਟਾ
ਲੈ ਤੇਰੇ ਦੁਆਰ ‘ਤੇ ਆਵਾਂ
ਮੇਰੇ ਗੀਤਾਂ ਦੀ ਮਹਿਫ਼ਲ ‘ਚੋਂ
ਕੋਈ ਉਹ ਗੀਤ ਨਹੀਂ ਲੱਭਦਾ
ਜੋ ਤੇਰੇ ਸੀਸ ਮੰਗਣ ‘ਤੇ
ਤੇਰੇ ਸਾਹਵੇਂ ਖੜਾ ਹੋਵੇ
ਜੋ ਮੈਲੇ ਹੋ ਚੁੱਕੇ ਲੋਹੇ ਨੂੰ
ਆਪਣੇ ਖੂਨ ਵਿਚ ਧੋਵੇ
ਕਿ ਜਿਸਦੀ ਮੌਤ ਪਿੱਛੋਂ
ਓਸ ਨੂੰ ਕੋਈ ਸ਼ਬਦ ਨਾ ਰੋਵੇ
ਕਿ ਜਿਸ ਨੂੰ ਪੀੜ ਤਾਂ ਕੀਹ
ਪੀੜ ਦਾ ਅਹਿਸਾਸ ਨਾ ਛੋਹਵੇ
ਜੋ ਲੋਹਾ ਪੀ ਸਕੇ ਉਹ ਗੀਤ
ਕਿਥੋਂ ਲੈ ਕੇ ਮੈਂ ਆਵਾਂ
ਮੈਂ ਆਪਣੀ ਪੀੜ ਦੇ ਅਹਿਸਾਸ ਕੋਲੋਂ
ਦੂਰ ਕਿੰਜ ਜਾਵਾਂ ।
ਮੈਂ ਤੇਰੀ ਉਸਤਤੀ ਦਾ ਗੀਤ
ਚਾਹੁੰਦਾ ਹਾਂ ਕਿ ਉਹ ਹੋਵੇ
ਜਿਦ੍ਹੇ ਹੱਥ ਸੱਚ ਦੀ ਤਲਵਾਰ
ਤੇ ਨੈਣਾਂ ‘ਚ ਰੋਹ ਹੋਵੇ
ਜਿਦ੍ਹੇ ਵਿਚ ਵਤਨ ਦੀ ਮਿੱਟੀ ਲਈ
ਅੰਤਾਂ ਦਾ ਮੋਹ ਹੋਵੇ
ਜਿਦ੍ਹੇ ਵਿਚ ਲਹੂ ਤੇਰੇ ਦੀ
ਰਲੀ ਲਾਲੀ ਤੇ ਲੋਅ ਹੋਵੇ
ਮੈਂ ਆਪਣੇ ਲਹੂ ਦਾ
ਕਿਸੇ ਗੀਤ ਨੂੰ ਟਿੱਕਾ ਕਿਵੇਂ ਲਾਵਾਂ
ਮੈਂ ਬੁਜ਼ਦਿਲ ਗੀਤ ਲੈ ਕੇ
ਕਿਸ ਤਰ੍ਹਾਂ ਤੇਰੇ ਦੁਆਰ ‘ਤੇ ਆਵਾਂ ।
ਮੈਂ ਚਾਹੁੰਦਾ ਏਸ ਤੋਂ ਪਹਿਲਾਂ
ਕਿ ਤੇਰੀ ਆਰਤੀ ਗਾਵਾਂ
ਮੈਂ ਮੈਲੇ ਸ਼ਬਦ ਧੋ ਕੇ
ਜੀਭ ਦੀ ਕਿੱਲੀ ‘ਤੇ ਪਾ ਆਵਾਂ
ਤੇ ਮੈਲੇ ਸ਼ਬਦ ਸੁੱਕਣ ਤੀਕ
ਤੇਰੀ ਹਰ ਪੈੜ ਚੁੰਮ ਆਵਾਂ
ਤੇਰੀ ਹਰ ਪੈੜ ‘ਤੇ
ਹੰਝੂ ਦਾ ਇਕ ਸੂਰਜ ਜਗਾ ਆਵਾਂ
ਮੈਂ ਲੋਹਾ ਪੀਣ ਦੀ ਆਦਤ
ਜ਼ਰਾ ਗੀਤਾਂ ਨੂੰ ਪਾ ਆਵਾਂ
ਮੈਂ ਸ਼ਾਇਦ ਫੇਰ ਕੁਝ
ਭੇਟਾ ਕਰਨ ਯੋਗ ਹੋ ਜਾਵਾਂ
ਮੈਂ ਬੁਜ਼ਦਿਲ ਗੀਤ ਲੈ ਕੇ
ਕਿਸ ਤਰ੍ਹਾਂ ਤੇਰੇ ਦੁਆਰ ‘ਤੇ ਆਵਾਂ
ਮੈਂ ਕਿਹੜੇ ਸ਼ਬਦ ਦੇ ਬੂਹੇ ‘ਤੇ
ਮੰਗਣ ਗੀਤ ਅੱਜ ਜਾਵਾਂ
ਮੇਰਾ ਹਰ ਗੀਤ ਬੁਜ਼ਦਿਲ ਹੈ
ਮੈਂ ਕਿਹੜਾ ਗੀਤ ਅੱਜ ਗਾਵਾਂ ।
ਪੰਜਾਬੀ ਦੇ ਮਹਾ ਕਵੀ ਸ਼ਿਵ ਕੁਮਾਰ ਬਟਾਲਵੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੰਬੰਧ ”ਚ ਇਹ ਕਵਿਤਾ ”ਆਰਤੀ” ਸਿਰਲੇਖ ਹੇਠ ਲਿਖੀ ਸੀ। ਇਸ ਕਵਿਤਾ...

ਦੀ ਰਚਨਾ ਕਰਕੇ ਜਿੱਥੇ ਸ਼ਿਵ ਕੁਮਾਰ ਬਟਾਲਵੀ ਅਮਰ ਹੋ ਗਿਆ, ਉੱਥੇ ”ਆਰਤੀ” ਵੀ ਸਦੀਵੀ ਰਚਨਾਵਾਂ ਦੀ ਸਿਰਮੌਰ ਬਣ ਗਈ। ਬਟਾਲਵੀ ਲਿਖਦਾ ਹੈ ਕਿ ਉਸ ਦੇ ਸਾਰੇ ਯਤਨ ਅਤੇ ਸਾਰੇ ਸ਼ਬਦ ਬਹੁਤ ਬੌਣੇ ਹਨ, ਜਿਹੜੇ ਗੁਰੂ ਸਾਹਿਬ ਦੀ ”ਆਰਤੀ” ਉਤਾਰਨ ”ਚ ਪੂਰੀ ਤਰ੍ਹਾਂ ਅਸਫਲ ਹਨ। ਉਸ ਕੋਲ ”ਆਰਤੀ” ਲਈ ਦੀਵਾ ਬਾਲਣ ਦੀ ਸਮਰੱਥਾ ਵੀ ਨਹੀਂ, ਭਾਵੇਂ ਉਹ ਕਿੰਨੇ ਵੀ ਹੰਝੂ ਵਹਾ ਲਏ। ਅਸਲ ”ਚ ਬਟਾਲਵੀ ਕਹਿਣਾ ਚਾਹੁੰਦਾ ਹੈ ਕਿ ਜੋ ਕੁਝ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਰ ਵਿਖਾਇਆ, ਉਸ ਵਰਗਾ ਕਰਨਾ ਤਾਂ ਦੂਰ ਦੀ ਗੱਲ, ਸੋਚਿਆ ਵੀ ਨਹੀਂ ਜਾ ਸਕਦਾ। ਬਟਾਲਵੀ ਬਿਲਕੁਲ ਅੱਲਾ ਯਾਰ ਖਾਂ ਦੀ ਤਰਜ਼ ”ਤੇ ਗੱਲ ਕਰਦਾ ਹੈ, ਜਿਸ ਤਰ੍ਹਾਂ ਉਸ ਨੇ ਲਿਖਿਆ ਸੀ ਕਿ ਅਜਿਹੇ ਕਾਰਨਾਮੇ ਅਤੇ ਅਜਿਹੇ ਜਜ਼ਬੇ ਤਾਂ ਕਦੇ ਕਿਸੇ ਨੇ ਦੇਖੇ ਹੀ ਨਹੀਂ, ਸਗੋਂ ਸੁਣੇ ਹੀ ਨਹੀਂ। ਗੁਰੂ ਸਾਹਿਬ ਨੇ ਜਿਸ ਤਰ੍ਹਾਂ ਬਾਲ ਉਮਰ ”ਚ ਆਪਣੇ ਪਿਤਾ ਨੂੰ ਸੀਸ ਕਟਵਾਉਣ ਲਈ ਅਤੇ ਧਰਮ ਬਚਾਉਣ ਲਈ ਤੋਰ ਦਿੱਤਾ ਸੀ, ਉਸ ਦੀ ਤਾਂ ਕਲਪਨਾ ਕਰਨੀ ਵੀ ਮੁਸ਼ਕਲ ਹੈ। ਬਟਾਲਵੀ ਲਿਖਦਾ ਹੈ— ”ਮੇਰਾ ਕੋਈ ਗੀਤ ਨਹੀਂ ਐਸਾ ਜੋ ਤੇਰੇ ਮੇਚ ਆ ਜਾਵੇ, ਭਰੇ ਬਾਜ਼ਾਰ ਵਿਚ ਜਾ ਕੇ ਜੋ ਆਪਣਾ ਸਿਰ ਕਟਾ ਆਵੇ।” ਸੱਚਮੁੱਚ ਇਸ ਸਾਕੇ ਵਰਗੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਗੁਰੂ ਸਾਹਿਬ ਨੇ ਤਾਂ ਉਸ ਵੇਲੇ ਵੀ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਸੀ ਜਦੋਂ ਉਨ੍ਹਾਂ ਨੂੰ ਇਹ ਖਬਰ ਮਿਲੀ ਕਿ ਛੋਟੇ ਸਾਹਿਬਜ਼ਾਦਿਆਂ (ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ) ਨੂੰ ਨੀਹਾਂ ”ਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ ਹੈ।
ਜਦੋਂ 1699 ਦੀ ਵਿਸਾਖੀ ਨੂੰ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ”ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਤਾਂ ਹੱਥ ”ਚ ਨੰਗੀ ਤਲਵਾਰ ਲੈ ਕੇ ਹਾਜ਼ਰ ਲੋਕਾਂ ਨੂੰ ਕਿਹਾ ਸੀ ਕਿ— ”ਮੈਨੂੰ ਇਕ ਸਿਰ ਚਾਹੀਦਾ ਹੈ।” ਇਹ ਸੁਣ ਕੇ ਚਾਰੇ ਪਾਸੇ ਸੰਨਾਟਾ ਛਾ ਗਿਆ। ਆਖਿਰ ਗੁਰੂ ਸਾਹਿਬ ਦੇ ਸਾਹਮਣੇ ਪੰਜ ਵਿਅਕਤੀ ਆਪਣੇ ਸੀਸ ਲੈ ਕੇ ਮੈਦਾਨ ”ਚ ਨਿੱਤਰੇ। ਇਸ ਤਰ੍ਹਾਂ ਦੀ ਜੁਰਅੱਤ, ਦਲੇਰੀ ਲੱਭਣੀ ਹੋਵੇ ਤਾਂ ਉਸ ਦੀ ਮਿਸਾਲ ਬੜੀ ਮੁਸ਼ਕਲ ਹੈ। ਬਟਾਲਵੀ ਨੇ ਇਸ ਘਟਨਾਚੱਕਰ ਨੂੰ ਆਪਣੇ ਸ਼ਬਦਾਂ ”ਚ ਇਸ ਤਰ੍ਹਾਂ ਲਿਖਿਆ ਹੈ-”ਮੇਰੇ ਗੀਤਾਂ ਦੀ ਮਹਿਫਿਲ ”ਚੋਂ ਕੋਈ ਉਹ ਗੀਤ ਨਹੀਂ ਲੱਭਦਾ, ਜੋ ਤੇਰੇ ਸੀਸ ਮੰਗਣ ”ਤੇ ਤੇਰੇ ਸਾਹਵੇਂ ਖੜ੍ਹਾ ਹੋਵੇ, ਜੋ ਮੈਲੇ ਹੋ ਚੁੱਕੇ ਲੋਹੇ ਨੂੰ ਆਪਣੇ ਖੂਨ ”ਚ ਧੋਵੇ।”
ਪੰਜ ਪਿਆਰੇ ਸਾਜ ਕੇ ਜਦੋਂ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਅੰਮ੍ਰਿਤ ਛਕਾਇਆ ਤਾਂ ਉਹ ਮੁਗਲਾਂ ਦੀਆਂ ਲੱਖਾਂ ਫੌਜਾਂ ”ਤੇ ਭਾਰੀ ਪਏ। ਇਸ ਤਰ੍ਹਾਂ ਗੁਰੂ ਸਾਹਿਬ ਦੇ ਜੀਵਨ ਫਲਸਫੇ ਅਤੇ ਕਰਨੀ ਨੂੰ ਸ਼ਿਵ ਕੁਮਾਰ ਬਟਾਲਵੀ ਨੇ ਆਪਣੇ ਸ਼ਬਦਾਂ ”ਚ ਚਿਤਰਿਆ ਹੈ, ਜਿਸ ਦੀ ਮਿਸਾਲ ਹੋਰ ਕਿਤੇ ਨਹੀਂ ਮਿਲਦੀ।
ਜੋਰਾਵਰ ਸਿੰਘ ਤਰਸਿੱਕਾ ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)