ਸਿੱਖਾਂ ਦੀਆਂ 12 ਮਿਸਲਾਂ ਵਿੱਚੋਂ ਅੱਜ 12 ਵੀ ਤੇ ਆਖਰੀ ਮਿਸਲ ਬਾਰੇ ਜਾਣਕਾਰੀ ਪੜੋ ਜੀ।
੧੨ ਵੀਂ ਮਿਸਲ ਆਹਲੂਵਾਲੀਆਂ ਇਹ ਮਿਸਲ ਪੰਥ ਵਿਚ ਬਹੁਤ ਪ੍ਰਸਿੱਧ ਰਹੀ ਹੈ ਕਿਉਂਕਿ ਇਸ ਵਿਚ ਕਈ ਐਸੀਆਂ ਪ੍ਰਸਿੱਧ ਹਸਤੀਆਂ ਸ਼ਾਮਲ ਸਨ ਜਿਨ੍ਹਾਂ ਨੇ ਪੰਥ ਨੂੰ ਚੜ੍ਹਦੀਆਂ ਕਲਾਂ ਵਿਚ ਲੈ ਜਾਣ ਲਈ ਬੜੇ ਸ਼ਾਨ ਦਾਰ ਕਾਰਨਾਮੇ ਕੀਤੇ । ਇਸ ਮਿਸਲ ਦੀ ਯਾਦਗਾਰ ਕਪੂਰਥਲਾ ਰਿਆਸਤ ਜਿਸਨੂੰ ਕਾਫੀ ਅਰਸਾ ਪਹਿਲਾਂ ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ ਵਿਚ ਮਿਲਾ ਦਿਤਾ ਗਿਆ ਤੇ ਬਾਅਦ ਵਿੱਚ ਪੈਪਸੂ ਵੀ ੧ ਨਵੰਬਰ ੧੯੫੬ ਤੋਂ ਖਤਮ ਕਰ ਦਿਤਾ ਗਿਆ ਹੈ । ਪੁਰਾਤਨ ਇਤਹਾਸਕ ਪੁਸਤਕਾਂ ਪੜਨ ਤੋਂ ਪਤਾ ਲਗਦਾ ਹੈ ਕਿ ਇਸ ਖਾਨਦਾਨ ਦਾ ਸਬੰਧ ਵੀ ਰਾਜਪੂਤਾਂ ਨਾਲ ਹੈ । ਇਨ੍ਹਾਂ ਦੇ ਪਿਛੇ ਵਡੇ ਹੋਰ ਰਾਉ ਨੇ ਅਕਬਰ ਨੂੰ ਨਾਤਾ ਦੇਣ ਤੋਂ ਇਨਕਾਰ ਕਰ ਦਿਤਾ ਸੀ ਜਿਸ ਕਰਕੇ ਉਸ ਨੂੰ ਆਪਣਾ ਵਤਨ ਰਾਜਪੂਤਾਨਾ ਛਡ ਕੇ ਪੰਜਾਬ ਆਉਣਾ ਪਿਆ ।
ਇਸ ਖਾਨਦਾਨ ਨੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਸਮੇਂ ਸਿਖੀ ਵਿਚ ਪ੍ਰਵੇਸ਼ ਕੀਤਾ ਅਤੇ ਇਨ੍ਹਾਂ ਦੇ ਵੱਡੇ ਗੁਰੂ ਸਾਹਿਬ ਜੀ ਦੀ ਸੇਵਾ ਵਿਚ ਫੌਜ ਲੈਕੇ ਰਹਿੰਦੇ ਰਹੇ । ਇਨ੍ਹਾਂ ਦੇ ਕਲਾਲ ਬਣਨ ਦਾ ਕਾਰਨ ਇਹ ਦਸਿਆ ਜਾਂਦਾ ਹੈ ਕਿ ਸ : ਵਧਾਵਾ ਸਿੰਘ ਇਕ ਕਲਾਲ ਦੀ ਸੁੰਦਰ ਲੜਕੀ ਵੇਖ ਕੇ ਉਸ ਪਰ ਮੋਹਤ ਹੋ ਗਿਆ । ਉਸਨੇ ਆਪਣੀ ਲੜਕੀ ਦਾ ਨਾਤਾ ਇਸ ਸ਼ਰਤ ਪਰ ਦੇਣਾ ਮੰਨ ਲਿਆ ਕਿ ਇਨ੍ਹਾਂ ਦੀ ਜੋ ਸੰਤਾਨ ਹੋਵੇ ਉਸਦੇ ਰਿਸ਼ਤੇ ਨਾਤੇ ਅਗੇ ਤੋਂ ਕਲਾਲਾਂ ਵਿਚ ਹੀ ਕੀਤੇ ਜਾਣ | ਵਧਾਵਾ ਸਿੰਘ ਨੇ ਇਹ ਸ਼ਰਤ ਮੰਨ ਲਈ । ਇਸ ਤਰ੍ਹਾਂ ਇਨ੍ਹਾਂ ਨੂੰ ਭੀ ਲੋਕ ਕਲਾਲ ਹੀ ਕਹਿਣ ਲਗ ਪਏ ।
ਸ : ਜੱਸਾ ਸਿੰਘ ਆਹਲੂਵਾਲੀਆ ਦੇ ਪਿਤਾ ਬਦਰ ਸਿੰਘ ਦੇ ਘਰ ਸੰਤਾਨ ਨਹੀਂ ਸੀ ਹੁੰਦੀ । ਉਸਨੇ ਗੁਰੂ ਘਰ ਦੀ ਸ਼ਰਨ ਲਈ ਤੇ ਗੁਰਮਤ ਅਨੁਸਾਰ ਪਾਠ ਆਦਿ ਕਰਾਏ ਤਾਂ ਸ : ਜੱਸਾ ਸਿੰਘ ਦਾ ਜਨਮ ਹੋਇਆ । ਇਸਦੀ ਮਾਤਾ ਨੂੰ ਡਰ ਸੀ ਕਿ ਉਸਦੇ ਸੰਤਾਨ ਬਚਦੀ ਨਹੀਂ ਇਸ ਕਰਕੇ ਉਹ ਅਪਣੇ ਸਪੂਤ ਨੂੰ ਲੈਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ ਮਾਤਾ ਸੁੰਦਰ ਕੌਰ ਜੀ ਪਾਸ ਦਿੱਲੀ ਚਲੀ ਗਈ । ਮਾਤਾ ਸੁੰਦਰੀ ਨੇ ਜੱਸਾ ਸਿੰਘ ਨੂੰ ਬੜੇ ਪਿਆਰ ਨਾਲ ਆਪਣੇ ਪਾਸ ਰਖਿਆ ਤੇ ਗੋਦੀ ਚੁਕਕੇ ਖਿਡਾਇਆ ਲੜਕਾ ਸੁੰਦਰ ਸੀ ਸਭ ਨੂੰ ਪਿਆਰਾ ਲਗਦਾ ਸੀ । ਸ : ਜਸਾ ਸਿੰਘ ਜੀ ਦੀ ਮਾਤਾ ਦੁਤਾਰੇ ਨਾਲ ਬੜੀ ਮਿਠੀ ਸੁਰ ਵਿਚ ਆਸਾ ਦੀ ਵਾਰ ਦਾ ਕੀਰਤਨ ਕਰਿਆ ਕਰਦੇ ਸਨ । ਮਾਤਾ ਸੁੰਦਰ ਜੀ ਦਾ ਇਨ੍ਹਾਂ ਨਾਲ ਬਹੁਤ ਪਰੇਮ ਹੋ ਗਿਆ । ਜਦ ਸ : ਜਸਾ ਸਿੰਘ ਥੋੜੇ ਜਿਹੇ ਵਡੇ ਹੋਏ ਤਾਂ ਮਾਤਾ ਜੀ ਨਾਲ ਮਿਲ ਕੇ ਆਪ ਭੀ ਕੀਰਤਨ ਕਰਨ ਲਗੇ । ਆਪਨੇ ਗੁਰਮੁਖੀ ਅੱਖਰ ਮਾਤਾ ਸੁੰਦਰੀ ਜੀ ਪਾਸੋਂ ਲਿਖੇ ਤੇ ਦਿੱਲੀ ਵਿਚ ਰਹਿਣ ਕਰਕੇ ਉਰਦੂ ਵੀ ਲਿਖਣਾ ਪੜਨਾ ਸਿਖ ਲਿਆ । ਸੰਮਤ ੧੭੮੬ ਬਿ : ਨੂੰ ਸ : ਬਾਘ ਸਿੰਘ ਦਿਲੀ ਗਏ ਉਨ੍ਹਾਂ ਨੇ ਮਾਤਾ ਸੁੰਦਰੀ ਜੀ ਪਾਸ ਬਿਨੇ ਕੀਤੀ ਕਿ ਮੇਰੇ ਘਰ ਕੋਈ ਸੰਤਾਨ ਨਹੀਂ ਜੇ ਆਪ ਜਸਾ ਸਿੰਘ ਨੂੰ ਮੈਨੂੰ ਦੇ ਦਿਓ ਤਾਂ ਮੈਂ ਆਪਣਾ ਪਾਲਕ ਪੁਤ ਬਣਾਵਾਂ । ਮਾਤਾ ਜੀ ਆਗਿਆ ਦੇ ਦਿੱਤੀ । ਉਸ ਸਮੇਂ ਆਪ ਨੂੰ ਮਾਤਾ ਜੀ ਨੇ ਇਕ ਤਲਵਾਰ , ਢਾਲ , ਤੀਰ , ਕਮਾਣ , ਖਿਲਅਤ ਤੇ ਚੋਬ ਬਖਸ਼ੀ । ਇਨ੍ਹਾਂ ਨੂੰ ਪਹਿਨ ਕੇ ਆਪ ਬਹੁਤ ਸੋਹਣੇ ਲਗਦੇ ਸਨ । ਮਾਤਾ ਸੁੰਦਰੀ ਜੀ ਨੇ ਵੇਖਕੇ ਕਿਹਾ ਪੁਤ ਉਹ ਸਮਾਂ ਆਉਨ ਵਾਲਾ ਹੈ ਜਦੋਂ ਤੁਹਾਡੇ ਅੱਗੇ ਚੋਬਦਾਰ ਚਲਿਆ ਕਰਨਗੇ । ਸ : ਬਾਘ ਸਿੰਘ ਆਪਣੀ ਭੈਣ ਤੇ ਸ : ਜਸਾ ਸਿੰਘ ਜੀ ਨੂੰ ਨਾਲ ਲੈਕੇ ਜਦ ਵਾਪਸ ਆਏ ਤਾਂ ਨਵਾਬ ਕਪੂਰ ਸਿੰਘ ਖਾਲਸਾ ਦਲ ਸਮੇਤ ਸ੍ਰੀ ਕਰਤਾਰਪੁਰ ਠਹਿਰੇ ਹੋਏ ਸਨ । ਇੰਨਾਂ ਨੇ ਭੀ ਕਰਤਾਰਪੁਰ ਪੜਾਉ ਕੀਤਾ | ਸਵੇਰੇ ਅੰਮ੍ਰਿਤ ਵੇਲੇ ਸ : ਜਸਾ ਸਿੰਘ ਜੀ ਅਤੇ ਉਨਾਂ ਦੀ ਮਾਤਾ ਜੀ ਨੇ ਸ੍ਰੀ ਆਸਾ ਜੀ ਦੀ ਵਾਰ ਦਾ ਇਤਨਾ ਰਸ ਭਿੰਨਾ ਕੀਰਤਨ ਕੀਤਾ ਕਿ ਖਾਲਸਾ ਦਲ ਨੂੰ ਵਿਸਮਾਦ ਵਿਚ ਲੈ ਆਂਦਾ । ਸਭ ਨੇ ਇਹੋ ਕਿਹਾ ਕਿ ਇਨ੍ਹਾਂ ਪਾਸੋਂ ਕੀਰਤਨ ਦਾ ਹੋਰ ਆਨੰਦ ਮਾਣਿਆ ਜਾਵੇ । ਸ : ਕਪੂਰ ਸਿੰਘ ਜੀ ਨੇ ਜ਼ੋਰ ਦੇਕੇ ਇਨ੍ਹਾਂ ਨੂੰ ਇਕ ਮਹੀਨਾ ਆਪਣੇ ਪਾਸ ਰਖਿਆ । ਨਵਾਬ ਕਪੂਰ ਸਿੰਘ ਜੀ ਦੇ ਭੀ ਕੋਈ ਲੜਕਾ ਨਹੀਂ ਸੀ ਇਸ ਕਰਕੇ ਇਹ ਭੀ ਸ : ਜਸਾ ਸਿੰਘ ਨੂੰ ਅਪਣੇ ਪੁਤਰਾਂ ਸਮਾਨ ਪਿਆਰ ਕਰਨ ਲਗ ਪਏ ਅਤੇ ਆਪਣੇ ਪਵਿੱਤਰ ਹਥਾਂ ਨਾਲ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਸ : ਜਸਾ ਸਿੰਘ ਨੂੰ ਛਕਾਇਆ । ਸ : ਜਸਾ ਸਿੰਘ ਨੂੰ ਘੋੜਿਆਂ ਦਾ ਵੰਡਣ ਦੇਣ ਪਰ ਲਗਾਇਆ ਗਿਆ ਤਾਂ ਇਕ ਦਿਨ ਆਪ ਕੁਝ ਸੰਵਾਰਾਂ ਨਾਲ ਝਗੜਾ ਹੋ ਜਾਣ ਕਰਕੇ ਬਹੁਤ ਦੁਖੀ ਹੋਏ ਤੇ ਨਵਾਬ ਕਪੂਰ ਸਿੰਘ ਜੀ ਨੂੰ ਕਹਿਣ ਲਗੇ ਕਿ ਮੇਰੀ ਇਸ ਨੌਕਰੀ ਤੋਂ ਖਲਾਸੀ ਕਰਾਉ । ਅਗੋਂ ਸਦਾਰ ਕਪੂਰ ਸਿੰਘ ਨੇ ਹੱਸ ਕੇ ਕਿਹਾ ਕਿ ਤੁਸੀਂ ਦਾਣਾ ਵੰਡਦੇ ਘਬਰਾ ਗਏ ਹੋ ਤੁਹਾਡੇ ਹਥੋਂ ਤਾਂ ਅਸੀਂ ਹਜ਼ਾਰਾਂ ਆਦਮੀਆਂ ਨੂੰ ਤਨਖਾਹਾਂ ਵੰਡਾਣੀਆਂ ਹਨ । ਜਿਵੇਂ ਮੈਨੂੰ ਗਰੀਬ ਨਿਵਾਜ਼ ਖਾਲਸਾ ਪੰਥ ਨੇ ਨਵਾਬ ਦਾ ਖਿਤਾਬ ਬਖਸ਼ਿਆ ਹੈ ਇਸੇ ਤਰ੍ਹਾਂ ਆਪ ਨੂੰ ਭੀ ਕਿਸੇ ਦਿਨ ਬਾਦਸ਼ਾਹ ਬਣਾ ਦੇਣਗੇ । ਨਵਾਬ ਕਪੂਰ ਸਿੰਘ ਦਾ ਪੰਥ ਵਿਚ ਬਹੁਤ ਸਤਿਕਾਰ ਸੀ । ਹਰ ਇਕ ਸਿੰਘ ਆਪ ਦੀ ਇਜ਼ਤ ਕਰਦਾ ਸੀ । ਸ : ਜਸਾ ਸਿੰਘ ਜੀ ਆਪ ਦੇ ਮਨਜ਼ੂਰ ਨਜ਼ਰ ਬਣ ਗਏ ਤਾਂ ਆਪ ਜੀ ਨੂੰ ਭੀ ਪੰਥ ਵਿਚ ਬਹੁਤ ਸਤਿਕਾਰ ਪ੍ਰਾਪਤ ਹੋਇਆ | ਇਕ ਗੁਰੂ ਪੰਥ ਦੀ ਸਵੱਲੀ ਨਿਗਾਹ ਸੀ ਅਤੇ ਦੂਜੇ ਸ : ਜਸਾ ਸਿੰਘ ਵਿਚ ਐਸੇ ਗੁਣ ਸਨ ਕਿ ਆਪ ਬਹੁਤ ਛੇਤੀ ਪੰਥ ਵਿਚ ਇਕ ਪ੍ਰਸਿਧ ਜਥੇਦਾਰ ਬਣ ਗਏ । ਸ : ਬਾਘ ਸਿੰਘ ਇਕ ਲੜਾਈ ਵਿਚ ਸ਼ਹੀਦ ਹੋ ਗਏ ਇਸ ਕਰਕੇ ਸ...
: ਜਸਾ ਸਿੰਘ ਜੀ ਨੂੰ ਮਿਸਲ ਆਹਲੂਵਾਲੀਆ ਦਾ ਮੁਖੀ ਥਾਪਿਆ ਗਿਆ । ਆਪਣੀ ਬਹਾਦਰੀ ਦਾ ਸਦਕਾ ਸ : ਜਸਾ ਸਿੰਘ ਦਾ ਪੰਥ ਵਿਚ ਮਾਣ ਬਹੁਤ ਵਧ ਗਿਆ ਅਤੇ ਆਪ ਹਰ ਮੋਰਚੇ ਵਿਚ ਮੂਹਰਲੀ ਕਤਾਰ ਵਿਚ ਹੋ ਕੇ ਲੜਦੇ ਰਹੇ । ਆਪ ਦਾ ਜਿਸਮ ਬਹੁਤ ਸਡੋਲ ਸੀ । ਉਚਾ ਲੰਮਾ ਕੱਦ ਤੇ ਸੁੰਦਰ ਬਦਨ ਵੇਖ ਕੇ ਦਰਸ਼ਨ ਕਰਨ ਵਾਲੇ ਪ੍ਰਸੰਨ ਹੋ ਜਾਂਦੇ ਸਨ । ਆਪ ਇਕ ਇਕ ਸੇਰ ਪੱਕਾ ਮਖਣ ਹਰ ਰੋਜ਼ ਮਿਸ਼ਰੀ ਮਿਲਾ ਕੇ ਸੁਭਾ ਹਾਜ਼ਰ ਕਰਦੇ ਸਨ ਅਤੇ ਛਕ ਜਾਇਆ ਕਰਦੇ ਸਨ । ਜਿਸ ਸਮੇਂ ਨਾਦਰ ਸ਼ਾਹ ਦਿਲੀ ਨੂੰ ਲੁਟ ਕੇ ਵਾਪਸ ਜਾਣ ਲਗਾ ਤਾਂ ਸ : ਜਸਾ ਸਿੰਘ ਨੇ ਉਸ ਨੂੰ ਘੇਰ ਕੇ ਬਹੁਤ ਕੁਝ ਲੁਟ ਲਿਆ । ਉਸ ਦੀ ਲੁਟ ਦਾ ਭਾਰ ਖਾਲਸੇ ਨੇ ਕਾਫ ਹੋਲਾ ਕਰ ਦਿਤਾ | ਅਹਿਮਦ ਸ਼ਾਹ ਅਬਦਾਲੀ ਨੇ ਛੇਵਾਂ ਹਮਲਾ ਕਰਕੇ ਜਦ ਭਾਰਤ ਦੇ ਪ੍ਰਸਿੱਧ ਸ਼ਹਿਰ ਬਿੰਦਰਾਬਨ ਆਦਿਕ ਨੂੰ ਲੁਟ ਕੇ ਜਦ ਪੰਜਾਬ ਵਿਚੋਂ ਲੰਘ ਕੇ ਵਾਪਸ ਜਾਣ ਦੀ ਤਿਆਰੀ ਕੀਤੀ ਤਾਂ ਸ : ਜਸਾ ਸਿੰਘ ਨੇ ਦੂਜੇ ਸਿੱਖ ਜਥਿਆਂ ਨੂੰ ਨਾਲ ਲੈ ਕੇ ਇਸ ਪਾਸੋਂ ਭੀ ਸਭ ਕੁਝ ਖੋਹ ਲਿਆ ਅਤੇ ਉਸ ਨੂੰ ਭੀ ਖਾਲੀ ਹਥੀਂ ਤੋਰਿਆ । ਅਹਿਮਦ ਸ਼ਾਹ ਬਹੁਤ ਸਾਰੀਆਂ ਹਿੰਦੂ ਲੜਕੀਆਂ ਅਤੇ ਲੜਕੇ ਭੀ ਪਕੜ ਕੇ ਲੈ ਜਾ ਰਿਹਾ ਸੀ ਜੇ ਖਾਲਸਾ ਜੀ ਨੇ ਛੁਡਾ ਕੇ ਉਨ੍ਹਾਂ ਦੇ ਵਾਰਸਾਂ ਪਾਸ ਪਹੁੰਚਾਏ ਅਤੇ ਇਸ ਪ੍ਰਕਾਰ ਭਾਰਤ ਦੀ ਇਜ਼ਤ ਨੂੰ ਬਚਾਇਆ । ਛੋਟੇ ਘਲੂਘਾਰੇ ਵਿਚ ਤੇ ਫੇਰ ਵਡੇ ਘਲੂਘਾਰੇ ਸਮੇਂ ਸ : ਜਸਾ ਸਿੰਘ ਆਹਲੂਵਾਲੀਆ ਨੇ ਬੜੀ ਬਹਾਦਰੀ ਨਾਲ ਦੁਸ਼ਮਨ ਦਾ ਟਾਕਰਾ ਕੀਤਾ ਅਤੇ ਹਨੂਰ ਦੀ ਢਾਬ ਦੇ ਕੰਢੇ ਅਹਿਮਦ ਸ਼ਾਹ ਅਬਦਾਲੀ ਨੂੰ ਵੰਗਾਰਿਆ ਕਿ ਜੇ ਹੌਸਲਾ ਹੈ ਤਾਂ ਆਂ ਗੁਰੂ ਕੇ ਸਿੰਘਾਂ ਨਾਲ ਦੋ ਹੱਥ ਕਰਕੇ ਵੇਖ ਲੈ । ਅਹਿਮਦ ਸ਼ਾਹ ਨੂੰ ਅਗੇ ਆਉਣ ਦਾ ਹੌਸਲਾ ਨਾ ਪਿਆ , ਅਤੇ ਆਪ ਫਿਰ ਵਾਪਸ ਖਾਲਸਾ ਦਲ ਵਿਚ ਆ ਗਏ । ਸਰਹੰਦ ਦੀ ਇੱਟ ਨਾਲ ਇੱਟ ਵਜਾਣ ਵਿਚ ਭੀ ਸ : ਜਸਾ ਸਿੰਘ ਜੀ ਨੇ ਵਧ ਚੜਕੇ ਹਿੱਸਾ ਲਿਆ ਅਤੇ ਜਲਾਲਾਬਾਦ , ਨਜੀਬਾਬਾਦ , ਮੁਰਾਦਾਬਾਦ ਆਦਿਕ ਸ਼ਹਿਰਾਂ ਨੂੰ ਫਤਹਿ ਕਰਨ ਵਿਚ ਅਦੁਤੀ ਬਹਾਦਰੀ ਵਿਖਾਈ । ਜਿਸ ਵੇਲੇ ਸਿੰਘਾਂ ਨੇ ਦਿਲੀ ਪਰ ਕਬਜ਼ਾ ਕਰ ਲਿਆ ਤਾਂ ਆਪ ਨੂੰ ਦਿਲੀ ਦੇ ਸ਼ਾਹੀ ਤਖਤ ਪਰ ਬੈਠਾ ਕੇ ਬਾਦਸ਼ਾਹ ਦਾ ਖਿਤਾਬ ਦਿਤਾ ਗਿਆ ਜੋ ਇਨ੍ਹਾਂ ਦੇ ਅੰਤਮ ਸਮੇਂ ਤਕ ਪ੍ਰਸਿੱਧ ਰਿਹਾ । ਕਸੂਰ ਨੂੰ ਫਤਹਿ ਕਰਨ ਸਮੇਂ ਭੀ ਆਪ ਨੇ ਵਧ ਚੜ ਕੇ ਹਿੱਸਾ ਲਿਆ | ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਸੇਵਾ ਪਰ ਭਾਵੇਂ ਸਾਰੀਆਂ ਮਿਸਲਾਂ ਖਰਚ ਕਰਦੀਆਂ ਸਨ ਪ੍ਰੰਤੂ ਸਭ ਤੋਂ ਵਧ ਰੁਪਇਆ ਚਾਰ ਲਖ ਦੀ ਗਿਣਤੀ ਵਿਚ ਸ : ਜਸਾ ਸਿੰਘ ਨੇ ਖਰਚਿਆ ਅਤੇ ਸੇਵਾ ਵਿਚ ਬਹੁਤ ਜ਼ਿਆਦਾ ਹਿਸਾ ਲਿਆ | ਸ : ਜਸਾ ਸਿੰਘ ਜੀ ਨੂੰ ਅੰਮ੍ਰਿਤ ਪ੍ਰਚਾਰ ਦਾ ਬਹੁਤ ਸ਼ੌਕ ਸੀ ਅਤੇ ਆਪ ਆਪਣੇ ਘੋੜੇ ਦੇ ਹੰਨੇ ਨਾਲ ਖੰਡਾ ਬੰਨਕੇ ਰਖਿਆ ਕਰਦੇ ਸਨ । ਬਹੁਤ ਸਾਰੇ ਪ੍ਰਸਿੱਧ ਸਰਦਾਰਾਂ ਨੇ ਆਪ ਜੀ ਪਾਸੋਂ ਅੰਮ੍ਰਿਤ ਪਾਨ ਕਰਕੇ ਖਾਲਸਾ ਪੰਥ ਦੀ ਬੜੀ ਸ਼ਾਨਦਾਰ ਸੇਵਾ ਕੀਤੀ । ਖਾਲਸਾ ਪੰਥ ਵਿਚ ਆਪਦਾ ਸਤਿਕਾਰ ਇਸ ਕਰਕੇ ਭੀ ਬਹੁਤ ਸੀ ਕਿ ਆਪਦੇ ਪਾਸ ਉਹ ਗੁਰਜ ਸੀ ਜੋ ਦਸ਼ਮੇਸ਼ ਗੁਰੂ ਨੇ ਨਵਾਬ ਕਪੂਰ ਸਿੰਘ ਨੂੰ ਬਖਸ਼ਿਆ ਸੀ । ਉਸ ਸਮੇਂ ਜਦੋਂ ਖਾਲਸਾ ਦਲ ਕਿਸੇ ਪਾਸੇ ਚੜਾਈ ਕਰਦਾ ਤਾਂ ਸਾਰੇ ਜਥਿਆਂ ਦੀ ਕਮਾਂਡ ਸ : ਜਸਾ ਸਿੰਘ ਦੇ ਹਥ ਦਿਤੀ ਜਾਂਦੀ ਸੀ । ਆਪ ਨੂੰ ਖਾਲਸਾ ਫੌਜ ਦਾ ਸੁਪ੍ਰੀਮ ਕਮਾਂਡਰ ਮੰਨਿਆ ਜਾਂਦਾ । ਇਹੋ ਕਾਰਣ ਸੀ ਕਿ ਖਾਲਸਾ ਪੰਥ ਆਪ ਨੂੰ ਆਪਣਾ ਬਾਦਸ਼ਾਹ ਮੰਨਦਾ ਸੀ | ਸ : ਜਸਾ ਸਿੰਘ ਜੀ ਵਿਚ ਸਭ ਤੋਂ ਵਡਾ ਗੁਣ ਵੰਡਕੇ ਛਕਣ ਦਾ ਸੀ । ਆਪ ਜਿਤਨਾ ਧਨ ਲੁਟ ਮਾਰ ਤੋਂ ਇਕਠਾ ਕਰਦੇ ਜਾਂ ਆਪਣੇ ਇਲਾਕੇ ਦਾ ਮਾਲੀਆ ਵਸੂਲ ਕਰਦੇ ਉਸ ਵਿਚੋਂ ਬਹੁਤ ਵਡਾ ਹਿਸਾ ਗੁਰਦਵਾਰਿਆਂ ਦੀ ਸੇਵਾ ਤੇ ਲੰਗਰ ਪਰ ਖਰਚ ਕਰ ਦਿੰਦੇ । ਗਲ ਕੀ ਆਪ ਹਰ ਪਹਿਲੂ ਤੋਂ ਪੂਰਨ ਗੁਰਸਿਖਾਂ ਵਾਲਾ ਜੀਵਨ ਬਤੀਤ ਕਰਦੇ ਸਨ ਅਤੇ ਖੁਲਦਿਲੇ ਇਤਨੇ ਸਨ ਕਿ ਆਪਣੀ ਫੌਜ ਵਿਚ ਮੁਸਲਮਾਨ ਨੌਕਰ ਭੀ ਰਖਿਆ ਕਰਦੇ ਸਨ । ਗਊ ਹਤਿਆ ਦੇ ਆਪ ਸਖਤ ਵਿਰੁਧ ਸਨ ਇਸ ਕਰਕੇ ਕਈ ਵੇਰ ਕਸੂਰ ਆਦਿਕ ਸ਼ਹਿਰਾਂ ਨੂੰ ਫਤਹਿ ਕਰਨ ਸਮੇਂ ਬੁਚੜਾਂ ਦੀ ਖੂਬ ਖਬਰ ਲੈਂਦੇ ਸਨ ।
ਪਿੰਡ ਆਹਲੂਵਾਲ ਦੇ ਵਸਨੀਕ ਹੋਣ ਕਰਕੇ ਇਸ ਮਿਸਲ ਦਾ ਨਾਮ ਆਹਲੂਵਾਲੀਆਂ ਦੀ ਮਿਸਲ ਪਿਆ । ਨਵਾਬ ਜਸਾ ਸਿੰਘ ਅੰਤ ਸਮੇਂ ਅੰਮ੍ਰਿਤਸਰ ਆ ਗਏ ਤੇ ਉਥੇ ਹੀ ਬਾਣੀ ਦੇ ਪਾਠ ਤੇ ਸਿਮਰਨ ਵਿਚ ਮਗਨ ਹੁੰਦੇ ਹੋਏ ਹੀ ਚੜ੍ਹਾਈ ਕਰ ਗਏ । ਸਾਰੇ ਜੰਗਾਂ ਜੁਧਾਂ ਵਿਚ ਆਪ ਸ਼ਾਮਲ ਹੁੰਦੇ ਰਹੇ ਸਨ | ਆਪਦੇ ਸਰੀਰ ਪਰ ੩੬ ਜ਼ਖਮਾਂ ਦੇ ਨਿਸ਼ਾਨ ਸਨ । ਜਦੋਂ ਮਿਸਲਾਂ ਨੇ ਇਲਾਕੇ ਮਲੇ ਤਾਂ ਆਪ ਅੰਮਿਤਸਰ ਠਹਿਰੇ ਹੋਏ ਸਨ । ਸਭ ਸਰਦਾਰਾਂ ਦੇ ਪਿੰਡਾਂ ਤੇ ਇਲਾਕਿਆਂ ਦੀਆਂ ਅੱਡੋ ਅੰਡ ਵਸਤਾਂ ਤੇ ਮਿਸਲਾਂ ਆਪ ਨੇ ਬਣਾਈਆਂ ਸਨ । ਇਸੇ ਕਰਕੇ ੧੨ ਜਬਿਆਂ ਦੀਆਂ ੧੨ ਮਿਸਲਾਂ ਬਣਨ ਕਰਕੇ , ਜਥਿਆਂ ਦਾ ਨਾਮ ਮਿਸਲਾਂ ਪੈ ਗਿਆ । ੧੨ ਮਿਸਲਾਂ ਦੀ ਕੁਲ ਫੌਜ ਢਾਈ ਲਖ ਦੀ ਗਿਣਤੀ ਵਿਚ ਸੀ । ਪਰ ਅਫਸੋਸ ਕਿ ਮਿਸਲਾਂ ਵਾਲੇ ਆਪਸ ਵਿਚ ਇਲਾਕੇ ਖੋਹਣ ਪਿਛੇ ਲੜ ਕੇ ਖਤਮ ਹੋ ਗਏ । ਮਾਲਵੇ ਵਿਚ ਫੂਲਕੀਆਂ ਦੀ ਮਿਸਲ ਦੇ ਰਜਵਾੜੇ ਤੇ ਫਰੀਦਕੋਟ ਦੀ ਰਿਆਸਤ ਰਹਿ ਗਈ ਤੇ ਸਤਲੁਜੋਂ ਪਾਰ ਮਹਾਰਜਾ ਰਣਜੀਤ ਸਿੰਘ ਦੀ ਬਾਦਸ਼ਾਹੀ ਕਾਇਮ ਹੋ ਗਈ । ਮਿਸਲਾਂ ਨੇ ੩੭ ਵਰੇ ਰਾਜ ਕੀਤਾ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ੫੦ ਵਰੇ ਰਿਹਾ ।
ਦਾਸ ਜੋਰਾਵਰ ਸਿੰਘ ਤਰਸਿੱਕਾ ।ਭੁੱਲ ਚੁੱਕ ਦੀ ਮੁਆਫੀ।
( ਸਮਾਪਤੀ )