ਪੀਰ ਭੀਖਣ ਸ਼ਾਹ ਵੱਲੋ ਪਰਖ
ਬਾਲ ਚੋਜ਼ (ਭਾਗ -7)
ਜਦੋਂ ਕਲਗੀਧਰ ਪਿਤਾ ਦਾ ਪਟਨੇ ਚ ਆਗਮਨ ਹੋਇਆ ਤਾਂ ਏਧਰ ਘੁੜਾਮ (ਠਸਕੇ) ਦੇ ਰਹਿਣ ਵਾਲੇ ਪੀਰ ਸੱਯਦ ਭੀਖਣ ਸ਼ਾਹ ਜੀ ਨੇ ਪੂਰਬ ਵੱਲ ਸੱਜਦਾ ਕੀਤਾ, ਘੁੜਾਮ ਤੋਂ ਪਟਨਾ ਪੂਰਬ ਵੱਲ ਹੈ , ਨਮਾਜ਼ ਅਦਾ ਕਰਨ ਤੋਂ ਬਾਅਦ ਪੀਰ ਜੀ ਦੇ ਮੁਰੀਦ ਪੁੱਛਦੇ ਨੇ ਅੱਜ ਤੁਸੀਂ ਪੂਰਬ ਵੱਲ ਸਜਦਾ ਕੀਤਾ। ਅੱਲ੍ਹਾ-ਤਾਲਾ ਦਾ ਮੁਕਾਮ( ਮੱਕਾ) ਤਾਂ ਪੱਛਮ (ਅਰਬ) ਵੱਲ ਹੈ ਤੁਸੀਂ ਭੁੱਲ ਕਿਵੇਂ ਗਏ ਅੱਜ ?? ਪੀਰ ਜੀ ਕਹਿੰਦੇ ਨੇ ਮੈਂ ਭੁੱਲਿਆ ਨਹੀਂ ਮੈਂ ਪਹਿਲਾਂ ਵੀ ਅੱਲ੍ਹਾ ਨੂੰ ਸਜਦਾ ਕਰਦਾ ਸੀ , ਅੱਜ ਵੀ ਅੱਲ੍ਹਾ ਨੂੰ ਕੀਤਾ ਹੈ , ਪਰ ਅੱਜ ਖੁਦਾ ਦਾ ਨੂਰ ਪੂਰਬ ਚ ਪ੍ਰਗਟਿਆ ਹੈ। ਇਸ ਲਈ ਸਿਰ ਪੂਰਬ ਵੱਲ ਝੁਕ ਗਿਆ। ਤੁਸੀਂ ਹੁਣ ਤਿਆਰੀ ਕਰੋ ਆਪਾਂ ਉਸ ਨੂਰ-ਏ-ਖ਼ੁਦਾ ਦੇ ਦੀਦਾਰ ਕਰਨ ਲਈ ਰਵਾਨਾ ਹੋਣਾ ਹੈ , ਸੁਣ ਕੇ ਮੁਰੀਦ ਹੈਰਾਨ ਪਰ ਤਿਆਰੀ ਸ਼ੁਰੂ ਕੀਤੀ , ਪਟਨੇ ਨੂੰ ਚਾਲੇ ਪਾਏ ਲੰਬਾ ਸਫ਼ਰ ਚਲਦਿਆਂ ਚਲਦਿਆਂ ਕਈ ਦਿਨਾਂ ਬਾਦ ਪਟਨਾ ਪਹੁੰਚੇ। ਗੁਰੂ ਪਰਿਵਾਰ ਦਾ ਪਤਾ ਕੀਤਾ ਦਰਵਾਜ਼ੇ ਤੇ ਜਾ ਕੇ ਅਰਜ਼ ਕੀਤੀ। ਨਵੇਂ ਜਨਮੇ ਬਾਲ ਦੇ ਦੀਦਾਰ ਕਰਨੇ ਨੇ ਪਹਿਲਾਂ ਤਾਂ ਪਰਿਵਾਰ ਨਾ ਮੰਨਿਆ ਕਿਉਂਕਿ ਸ਼ੱਕ ਸੀ ਕੋਈ ਗ਼ਲਤ ਬੰਦੇ ਨਾ ਹੋਣ। ਪੀਰ ਜੀ ਨੇ ਵਾਰ ਵਾਰ ਬੇਨਤੀਆਂ ਕੀਤੀਆਂ , ਮਾਮਾ ਕਿਰਪਾਲ ਚੰਦ ਜੀ ਨੇ ਸਾਰੀ ਛਾਣਬੀਨ ਕੀਤੀ ਪੱਕਾ ਹੋ ਗਿਆ। ਏ ਪੀਰ ਭੀਖਣ ਸ਼ਾਹ ਜੀ ਨੇ , ਖਾਸ ਦਰਸ਼ਨਾਂ ਲਈ ਹੀ ਆਏ ਨੇ , ਪੀਰ ਜੀ ਨੂੰ ਬਾਲ ਗੋਬਿੰਦ ਦਾਸ ਜੀ ਦੇ ਦਰਸ਼ਨ ਕਰਵਾਏ ਨੰਨ੍ਹੇ ਜਿਹੇ ਪਾਵਨ ਚਰਨਾ ਤੇ ਪੀਰ ਨੇ ਸਜਦਾ ਕੀਤਾ। ਕਦਮ ਬੋਸੀ (ਚਰਨ ਚੁੰਮੇ) ਕੀਤੀ ਫਿਰ ਆਪਣੇ ਨਾਲ ਜੋ ਦੋ ਕੁੱਜੀਆਂ ਲਿਆਂਦੀਆਂ ਸੀ (ਕੁਝ ਲੇਖਕ ਇਕ ਚ ਦੁਧ ਤੇ ਇਕ ਚ ਪਾਣੀ ਕੁਝ ਦੋਵਾਂ ਚ ਮਿਠਾਈ ਦਾ ਜਿਕਰ ਕਰਦੇ ਨੇ ) ਮਨ ਦਾ ਸ਼ੰਕਾ ਦੂਰ ਕਰਨ ਲਈ ਉਹ ਦੋਵੇ ਬਾਲਕ ਅੱਗੇ ਕੀਤੀਆ ਤਾਂ , ਘਟ ਘਟ ਦੀ ਜਾਨਣਹਾਰ ਬਾਲ ਰੂਪ ਸਤਿਗੁਰਾਂ ਨੇ ਦੋਨੋਂ ਹੱਥ ਕੁੱਜੀਆਂ ਦੇ ਉੱਪਰ ਰੱਖ ਦਿੱਤੇ ਤੇ ਮੁੱਖ ਤੋਂ ਮੁਸਕੁਰਾਏ ਭੀਖਣ ਸ਼ਾਹ ਜੀ ਦੇਖ ਕੇ ਵਿਸਮਾਦ ਚ ਚਲੇ ਗਏ। ਕੁਝ ਸਮਾਂ ਤੇ ਚੁੱਪ ਰਹੇ ਫਿਰ...
ਵਾਰ ਵਾਰ ਨਮਸਕਾਰਾਂ ਕੀਤੀਆਂ , ਅੱਖਾਂ ਪ੍ਰੇਮ ਨਾਲ ਭਰ ਆਈਆਂ ਚੁੱਪ ਕਰ ਕੇ ਬਾਹਰ ਆ ਗਏ ਪਰ ਚਿਹਰਾ ਬੜਾ ਨੂਰਾਨੀ ਹੋ ਗਿਆ ਸੀ। ਜਿਵੇਂ ਕੋਈ ਗੁਪਤ ਖ਼ਜ਼ਾਨਾ ਲੱਭ ਗਿਆ ਹੋਵੇ , ਮੁਰੀਦਾਂ ਨੇ ਹੱਥ ਜੋੜ ਕੇ ਪੁੱਛਿਆ ਸਾਈਂ ਜੀ ਇਹ ਕੀ ਕੌਤਕ ਹੈ?? ਤੁਹਾਡੀਆਂ ਕੁੱਜੀਆਂ ਤੇ ਉਹਨਾਂ ਦਾ ਹੱਥ ਰੱਖਣਾ ਇਸਦਾ ਕੀ ਮਤਲਬ ??
ਪੀਰ ਨੇ ਕਿਹਾ ਮੈਂ ਉਨ੍ਹਾਂ ਤੋਂ ਪੁੱਛਿਆ ਸੀ ਤੁਸੀਂ ਹਿੰਦੂਆਂ ਦੇ ਹੋ ਜਾਂ ਮੁਸਲਮਾਨਾਂ ਦੇ ਗ਼ਰੀਬਾਂ ਦੇ ਹੋ ਜਾਂ ਅਮੀਰਾਂ ਦੇ ਉਨ੍ਹਾਂ ਨੇ ਦੋਨਾਂ ਤੇ ਹੱਥ ਰੱਖ ਕੇ ਦੱਸਿਆ ਹੈ ਅਸੀਂ ਸਾਰਿਆਂ ਦੇ ਹਾਂ ਸਾਰੇ ਸਾਡੇ ਨੇ ਸਾਡਾ ਕਿਸੇ ਨਾਲ ਕੋਈ ਵੈਰ ਨਹੀਂ ਕੋਈ ਰੌਲਾ ਨਹੀਂ ਅਸੀਂ ਜ਼ੁਲਮ ਤੇ ਅਨਿਆਂ ਦੇ ਵਿਰੁੱਧ ਹਾਂ।
ਜਿਮ ਤਿਨ ਕਹੀ ਤਿਨੈ ਤਿਮ ਕਹਿਹੋਂ ॥
ਅਉਰ ਕਿਸੂ ਤੇ ਬੈਰ ਨ ਗਹਿਹੋਂ ॥੩੧॥ (ਬਚਿਤ੍ਰ ਨਾਟਕ )
ਗੁਰੂ ਨਾਨਕ ਸਾਹਿਬ ਨੇ ਵੀ ਕਿਸੇ ਸਮੇ ਮੁਲਤਾਨ ਦੇ ਪੀਰਾਂ ਨੂੰ ਇਸ ਤਰੀਕੇ ਨਾਲ ਦੁਧ ਤੇ ਚਮੇਲੀ ਰੱਖ ਕੇ ਜਵਾਬ ਦਿੱਤਾ ਸੀ। ਕਲਗੀਧਰ ਤਾਂ ਪੁਕਾਰ ਕੇ ਕਹਿੰਦੇ ਰਹੇ ਉਹੀ ਮੰਦਰ ਵਿੱਚ ਹੈ ਓਹੀ ਮਸਜਿਦ ਵਿਚ ਉਹੀ ਪੂਜਾ ਚ ਹੈ ਉਹੀ ਨਮਾਜ਼ ਚ। ਬੰਦਾ ਤਾਂ ਭਰਮ ਕਰਕੇ ਅਨੇਕਤਾ ਚ ਭਟਕਦਾ ਹੈ
ਦੇਹਰਾ ਮਸੀਤ ਸੋਈ ਪੂਜਾ ਔ ਨਿਵਾਸ ਓਈ
ਮਾਨਸ ਸਬੈ ਏਕ ਪੈ ਅਨੇਕ ਕੋ ਭ੍ਰਮਾਉ ਹੈ ॥
ਨੋਟ ਘੁੜਾਮ ਚ ਪੀਰ ਜੀ ਦੀ ਦਰਗਾਹ ਕਿਲ੍ਹਾ ਵਰਗੀ ਹੈ
ਮਹਾਨ ਕੋਸ਼ ਅਨੁਸਾਰ ਭੀਖਣ ਸ਼ਾਹ ਜੀ ਦਾ ਜਨਮ 1637 ਨੂੰ ਪਿੰਡ ਸਿਆਣਾ (ਹਰਿਆਣਾ) ਚ ਹੋਇਆ ਏਨਾ ਦੇ ਬਜੁਰਗ ਘੁੜਾਮ ਰਹਿੰਦੇ ਸੀ ਇਸ ਲਈ ਘੁੜਾਮ ਦੇ ਪੀਰ ਵੀ ਲਿਖਿਆ ਮਿਲਦਾ ਹੈ ਵੈਸੇ ਆਪ ਦਾ ਟਿਕਾਣਾ ਠਸਕੇ ਸੀ ਜੋ ਮੁਗਲ ਰਾਜ ਸਮੇ ਜਾਗੀਰ ਚ ਮਿਲਿਆ ਸੀ ਇਸ ਇਲਾਕੇ ਨੂੰ “ਠਸਕਾ ਮੀਰ ਜੀ” ਵੀ ਕਹਿੰਦੇ ਨੇ।
ਗੁਰੂ ਪਿਤਾ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਸੱਤਵੀੰ ਪੋਸਟ।
ਮੇਜਰ ਸਿੰਘ
ਗੁਰੂ ਕਿਰਪਾ ਕਰੇ