ਕਲਗੀਆਂ ਵਾਲੇ ਦੀ ਕਲਗੀ
ਬਾਲ ਚੋਜ (ਭਾਗ -3)
ਜਦੋ ਦਸਮੇਸ਼ ਪਿਤਾ ਜੀ ਦੀ ਸਰੀਰਕ ਉਮਰ ਕੁਝ ਕੁ ਮਹੀਨਿਆ ਦੀ ਹੋਈ ਤਾਂ ਆਪਣੇ ਆਪ ਬੈਠਦੇ ਵਿਹੜੇ ਚ ਰਿੜ੍ਹਦੇ ਫਿਰਦੇ ਮੰਜੇ ਦੇ ਆਸਰੇ ਖੜ੍ਹੇ ਵੀ ਹੋ ਜਾਂਦੇ ਨੇ। ਹੋਲੀ ਹੋਲੀ ਤੁਰਨਾ ਸਿਖਦੇ ਆ , ਜਿਸ ਦਿਨ ਪਾਤਸ਼ਾਹ ਜੀ ਨੇ ਪਹਿਲਾ ਕਦਮ ਪੁੱਟਿਆ ਤਾਂ ਮਾਂ ਗੁਜਰੀ ਜੀ ਦੇਖ ਦੇਖ ਫੁੱਲੇ ਨੀ ਸਮਉਦੇ , ਲਾਲ ਜੀ ਨੂੰ ਇਸ਼ਨਾਨ ਕਰਵਾਇਆ ਸੋਹਣੇ ਨਵੇਂ ਬਸਤਰ ਪਾਏ। ਅੱਜ ਦਸਤਾਰ ਵੀ ਪਹਿਲਾਂ ਨਾਲੋਂ ਵੱਡੀ ਤੇ ਨਵੀ ਸਜਾਈ। ਮਾਤਾ ਜੀ ਗੋਦ ਚ ਬੈਠਾ ਕੇ ਲਾਡ ਕਰਦੇ ਨੇ ਏਨੇ ਨੂੰ ਕੁਝ ਸੰਗਤ ਦਰਸ਼ਨਾਂ ਨੂੰ ਆ ਗਈਆਂ। ਉਨ੍ਹਾਂ ਚੋ ਇੱਕ ਬੀਬੀ ਨੇ ਮਾਤਾ ਜੀ ਨੂੰ ਇਕ ਛੋਟੀ ਜਹੀ ਬੜੀ ਸੋਹਣੀ ਕਲਗੀ ਭੇਟ ਕੀਤੀ। ਬੀਬੀ ਨੇ ਕਿਹਾ ਮਾਤਾ ਜੀ ਏ ਕਲਗੀ ਮੈ ਬੜੇ ਪਿਆਰ ਦੇ ਨਾਲ ਤਿਆਰ ਕਰਵਾਈ ਹੈ। ਦੇਖੋ ਸੋਹਣੇ ਖੰਭ ਲੱਗੇ ਹੋਏ ਨੇ , ਮੇਰੇ ਮਨ ਦੀ ਰੀਝ ਹੈ ਕੇ ਸਾਹਿਬਜ਼ਾਦਾ ਜੀ ਦੇ ਸੀਸ ਸਜੀ ਦੇਖਾਂ। ਮਾਤਾ ਜੀ ਨੇ ਬੀਬੀ ਦਾ ਪਿਆਰ ਦੇਖ ਉੱਥੇ ਬੈਠਿਆਂ ਹੀ ਸੋਹਣੀ ਕਲਗੀ ਆਪਣੇ ਚੰਦ ਨਾਲੋ ਸੋਹਣੇ ਲਾਲ ਜੀ ਦੀ ਨਵੀ ਦਸਤਾਰ ਦੇ ਨਾਲ ਜੋੜ ਕੇ ਸੀਸ ਤੇ ਸਜਾਈ। ਅੱਜ ਪਹਿਲਾ ਦਿਨ ਸੀ ਜਦੋਂ ਦਸਮੇਸ਼ ਜੀ ਦੇ ਸੀਸ ਤੇ ਕਲਗੀ ਸਜੀ ਦੇਖ ਮਾਂ ਗੁਜਰੀ ਬਲਿਹਾਰ ਕੁਰਬਾਨ ਜਾਂਦੀ ਹੈ, ਉਹ ਬੀਬੀ ਵੀ ਆਪਣੇ ਆਪ ਨੂੰ ਵੱਡਭਾਗਣ ਸਮਝਦੀ ਸ਼ੁਕਰਾਨੇ ਕਰਦੀ ਆ , ਉਸ ਦਿਨ ਤੋਂ ਨਾਮ ਹੋਇਆ ਕਲਗੀਆਂ ਵਾਲੇ ਹੌਲੀ ਹੌਲੀ ਸੰਗਤ ਕਲਗੀਆਂ ਵਾਲੇ ਤੇ ਕਲਗੀਧਰ ਕਰਕੇ ਯਾਦ ਕਰਨ ਲੱਗ ਪਈ ਏ ,ਕਲਗੀ ਸਜਉਣਾ ਇਤਿਹਾਸਕ ਹੋ ਨਿਬੜੀ।
ਕਵੀ ਸੰਤੋਖ ਸਿੰਘ ਦੀ ਕਹਿੰਦੇ ਨੇ ਪਾਤਸ਼ਾਹ ਮੇਰਾ...
ਜੀ ਕਰਦਾ ਹੈ ਮੈਂ ਤੁਹਾਡੀ ਕਲਗੀ ਤੋਂ ਸੌ ਸੌ ਵਾਰ ਕੁਰਬਾਨ ਬਲਿਹਾਰ ਹੋਵਾਂ , ਭਾਈ ਵੀਰ ਸਿੰਘ ਜੀ ਨੇ ਬੜੇ ਪਿਆਰ ਨਾਲ ਦਸਵੇਂ ਸਤਿਗੁਰੂ ਜੀ ਦਾ ਜੀਵਨ ਲਿਖਿਆ ਜੋ ਦੋ ਭਾਗਾਂ ਚ ਹੈ ਕਿਤਾਬ ਦਾ ਨਾਮ ਰੱਖਿਆ ਸ੍ਰੀ ਕਲਗੀਧਰ ਚਮਤਕਾਰ।
ਇਕ ਹੋਰ ਖਾਸ ਗੱਲ ਸਤਿਗੁਰਾਂ ਦਾ ਇਹ ਕਲਗੀ ਸਜਉਣਾ ਹਕੂਮਤ ਨੂੰ ਲਲਕਾਰ ਸੀ , ਏ ਅਜਾਦੀ ਦਾ ਚਿੰਨ੍ਹ ਸੀ ਕਿਉਂਕਿ ਔਰੰਗਜ਼ੇਬ ਨੇ ਐਲਾਨ ਕੀਤਾ ਸੀ , ਕੋਈ ਆਮ ਆਦਮੀ ਖਾਸ ਕਰਕੇ ਗੈਰ ਮੁਸਲਮਾਨ ਕਲਗੀ ਨਹੀਂ ਸਜਾ ਸਕਦਾ , ਕੋਈ ਰਾਜਸੀ ਗਹਿਣਾ ਨਹੀਂ ਪਹਿਣ ਸਕਦਾ , ਪਰ ਬਾਜਾਂ ਵਾਲੇ ਨੇ ਕੇਵਲ ਆਪ ਹੀ ਕਲਗੀ ਨਹੀਂ ਸਜਾਈ ਸਗੋਂ ਚਮਕੌਰ ਦੀ ਗੜ੍ਹੀ ਛੱਡਣ ਸਮੇਂ ਭਾਈ ਸੰਗਤ ਸਿੰਘ ਨੂੰ ਵੀ ਕਲਗੀ ਬਖ਼ਸ਼ਿਸ਼ ਕੀਤੀ।
ਗੁਰੂ ਪਿਤਾ ਜੀ ਦੀ ਕਲਗੀ ਸਮੇਂ ਦੇ ਨਾਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਮਿਲੀ ਤਾਂ ਉਹਨਾਂ ਨੇ ਲਾਹੌਰ ਦੇ ਰਾਜ ਦਰਬਾਰ ਉੱਪਰ ਬਣਾਏ ਗੁਰੂ ਦਰਬਾਰ ਚ ਸੁਸ਼ੋਭਿਤ ਕੀਤੀ। ਸ਼ੇਰੇ ਪੰਜਾਬ ਰੋਜ਼ ਨਿਤਨੇਮ ਕਰਨ ਤੋਂ ਬਾਅਦ ਕਲਗੀਧਰ ਪਿਤਾ ਦੀ ਪਾਵਨ ਕਲਗੀ ਨੂੰ ਨਮਸਕਾਰ ਕਰ ਕੇ ਮੱਥੇ ਨਾਲ ਛਹੁੰਦੇ। ਦੋਨਾਂ ਅੱਖਾਂ ਨਾਲ ਛਹੁੰਦੇ ਫਿਰ ਰਾਜ ਭਾਗ ਦੇ ਕੰਮ ਕਾਜ ਚ ਜੁੜਦੇ ਸੀ। ਜਦੋਂ ਖ਼ਾਲਸਾ ਰਾਜ ਗਿਆ ਅੰਗਰੇਜ਼ ਦਾ ਪੰਜਾਬ ਤੇ ਕਬਜ਼ਾ ਹੋਇਆ ਤਾਂ ਇਹ ਕਲਗੀ ਵੀ ਉਨ੍ਹਾਂ ਦੇ ਹੱਥ ਆ ਗਈ।
ਗੁਰੂ ਪਿਤਾ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਤੀਸਰੀ ਪੋਸਟ।
ਮੇਜਰ ਸਿੰਘ
ਗੁਰੂ ਕਿਰਪਾ ਕਰੇ