More Gurudwara Wiki  Posts
24 ਸਤੰਬਰ – ਭਾਈ ਲਾਲੋ ਜੀ ਦਾ ਜਨਮ


24 ਸਤੰਬਰ 1452 ਨੂੰ ਭਾਈ ਲਾਲੋ ਜੀ ਦਾ ਜਨਮ ਹੋਇਆ ਸੀ ਆਉ ਸੰਖੇਪ ਝਾਤ ਮਾਰੀਏ ਭਾਈ ਸਾਹਿਬ ਜੀ ਦੇ ਇਤਿਹਾਸ ਤੇ ਜੀ ।
ਭਾਈ ਲਾਲੋ ਸੱਚੀ ਤੇ ਸੁਚੀ ਮਿਹਨਤ ਕਰਨ ਵਾਲਾ ਗੁਰੂ ਸਿੱਖ ਸੀ ਜਿਸ ਦਾ ਜਨਮ 24 ਸਤੰਬਰ 1452 ਵਿੱਚ ਸੈਦਪੁਰ ਜਿਸ ਨੂੰ ਐਮਨਾਬਾਦ ਕਿਹਾ ਜਾਂਦਾ ਹੈ ,ਪਾਕਿਸਤਾਨ, ਵਿੱਖੇ ਹੋਇਆ। ਆਪ ਦੇ ਪਿਤਾ ਭਾਈ ਜਗਤ ਰਾਮ ਘਟਾਉੜਾ ਜਾਤੀ ਦੇ ਤਰਖਾਣ ਸੀ ਤੇ ਸਚੀ ਸੁੱਚੀ ਤਰਖਾਣੀ ਦਾ ਕੰਮ ਕਰ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਸੀ।ਭਾਈ ਲਾਲੋ ਵੀ ਆਪਣੇ ਪਿਤਾ ਦੀ ਤਰਹ ਦਸਾਂ ਨੌਂਹਾਂ ਦੀ ਕਿਰਤ ਕਰਦੇ ਅਤੇ ਉਸ ਕਮਾਈ ਵਿੱਚੋਂ ਲੋੜਵੰਦਾਂ ਦੀ ਮੱਦਦ ਅਤੇ ਗਰੀਬ ਗੁਰਬੇ ਨੂੰ ਲੰਗਰ ਪਾਣੀ ਛਕਾਉਦੇ ਸਨ। ਉਨ੍ਹਾ ਦਾ ਕੋਈ ਪੁਤਰ ਨਹੀਂ ਸੀ ਇਕ ਪੁਤਰੀ ਬੀਬੀ ਰਜੋ ਸੀ ਜਿਸਦੀ ਔਲਾਦ ਹੁਣ ਤਤਲਾ ਪਿੰਡ ਵਿਚ ਰਹਿੰਦੀ ਹੈ । ਪਤਨੀ ਵੀ ਸਿਖੀ ਮਰਯਾਦਾ ਦੀ ਧਾਰਨੀ ਸੀ ਗੁਰੂ ਨਾਨਕ ਸਾਹਿਬ ਨਾਲ ਇਨ੍ਹਾ ਦਾ ਮੇਲ 1507 -1514 ਆਪਣੀ ਪਹਿਲੀ ਉਦਾਸੀ ਦੇ ਦੌਰਾਨ ਹੋਇਆ ਸੀ ।
ਭਾਈ ਲਾਲੋ ਦੀ ਇਤਿਹਾਸ ਵਿਚ ਕੋਈ ਬਹੁਤੀ ਜਾਣਕਾਰੀ ਨਹੀਂ ਮਿਲਦੀ ਜਦ ਬਾਬਰ ਨੂੰ ਕੁਝ ਲੋਕਾਂ ਨੇ ਲੋਧੀ ਸਾਸ਼ਨ ਤੋ ਤੰਗ ਆਕੇ ਭਾਰਤ ਤੇ ਹਮਲਾ ਕਰਨ ਲਈ ਸਦਾ ਦਿਤਾ ਤਾਂ ਬਾਬੇ ਨਾਨਕ ਜੀ ਏਮਨਾਬਾਦ ਆਏ । ਪਹਿਲੀ ਉਦਾਸੀ ਸਮੇ ਸੰਗਤਾ ਨੂੰ ਉਪਦੇਸ਼ ਦੇਣ ਲਈ ਤੇ ਆਉਣ ਵਾਲੇ ਸਮੇ ਲਈ ਮਜਬੂਤ ਕਰਨ ਲਈ ਗੁਰੂ ਨਾਨਕ ਸਾਹਿਬ ਇਥੇ ਆਏ ਸਨ ਤਾਂ ਹੀ ਭਾਈ ਲਾਲੋ ਦਾ ਵਰਨਣ ਆਉਂਦਾ ਹੈ । ਪ੍ਰਿੰਸੀਪਲ ਸਤਬੀਰ ਸਿੰਘ ਆਪਣੀ ਪੁਸਤਕ ਬਲਿਓ ਚਿਰਾਗ ਵਿਚ ਲਿਖਦੇ ਹਨ ਕਿ ਗੁਰੂ ਸਾਹਿਬ ਜਦ ਸੈਦਪੁਰ ਆਏ ਤਾ ਆਪਣਾ ਡੇਰਾ ਪਿੰਡੋ ਬਾਹਰ ਲਗਾਇਆ ਉਹ ਸਾਰੀ ਧਰਤੀ ਰੋੜਾਂ ਵਾਲੀ ਸੀ , ਗੁਰੂ ਸਾਹਿਬ ਦੇ ਆਉਣ ਨਾਲ ਪੂਜਨ ਯੋਗ ਹੋ ਗਈ । ਇਸੇ ਸ਼ਹਿਰ ਵਿਚ ਇਕ ਤਰਖਾਣ ਰਹਿੰਦਾ ਸੀ ਜਿਸਦੀ ਸਿਧੀ -ਸਾਦੀ ਸ਼ਖਸ਼ੀਅਤ ਨੇ ਗੁਰੂ ਸਾਹਿਬ ਨੂੰ ਖਿਚ ਲਿਆ ਇਕ ਵਾਰੀ ਜਦ ਭਾਈ ਲਾਲੋ ਕਿਲੇ ਘੜ ਰਿਹਾ ਤਾਂ ਗੁਰੂ ਨਾਨਕ ਸਾਹਿਬ ਨੇ ਉਸਨੂੰ ਕਿਹਾ ਕੀ ਸਾਰੀ ਉਮਰ ਕਿਲੇ ਹੀ ਘੜਦਾ ਰਹੇਂਗਾ ? ਤਾਂ ਉਸਨੇ ਗੁਰੂ ਸਾਹਿਬ ਦੀ ਰਮਜ਼ ਨੂੰ ਸਮਝ ਲਿਆ , ਉਸਨੂੰ ਸੋਝੀ ਆ ਗਈ । ਸਾਰੀ ਉਮਰ ਕਿਰਤ ਕਰਕੇ ਤਾਂ ਹਰ ਕੋਈ ਆਪਣੇ ਆਪ ਨੂੰ ਪਾਲ ਲੈਂਦਾ ਹੈ ਪਰ ਕਿਰਤ ਨਾਲ ਨਾਮ ਜਪਣਾ, ਵੰਡ ਕੇ ਛਕਣਾ ਤੇ ਸਾਧ ਸੰਗਤ ਦੀ ਸੇਵਾ ਕਰਨੀ ਕਿਸੇ ਭਾਗਾਂ ਵਾਲੇ ਦੇ ਹਿਸੇ ਆਉਂਦੀ ਹੈ । ਭਾਈ ਲਾਲੋ ਦੇ ਅੰਦਰ ਗੁਰੂ-ਸੰਗਤ ਕਰਣ ਦੇ ਨਾਲ ਆਤਮਿਕ ਜੋਤ ਜਗ ਗਈ ਤੇ ਇਹ ਜੋਤ ਇਨ੍ਹਾ ਨੇ ਅਗੋਂ ਕਈਆਂ ਹਿਰਦਿਆਂ ਵਿਚ ਜਗਾ ਦਿਤੀ । ਜਦ ਗੁਰੂ ਸਾਹਿਬ ਨੇ ਭਾਈ ਲਾਲੋ ਦੇ ਘਰ ਰਹਿਣਾ ਸ਼ੁਰੂ ਕੀਤਾ ਤਾਂ ਭਾਈ ਲਾਲੋ ਜੋ ਨੀਵੀਂ ਜਾਤਿ ਦਾ ਸੀ, ਗੁਰੂ ਸਾਹਿਬ ਵਾਸਤੇ ਵਖਰਾ ਚੌਕਾ ਤਿਆਰ ਕੀਤਾ । ਉਸ ਵਿਚੋਂ ਨੀਵੀ ਜਾਤਿ ਦੀ ਹੀਣ ਭਾਵਨਾ ਕਢਣ ਲਈ ਗੁਰੂ ਸਾਹਿਬ ਨੇ ਉਥੇ ਭੋਜਨ ਬਣਾਉਣ ਲਈ ਮਨ੍ਹਾ ਕਰ ਦਿਤਾ ਤੇ ਕਿਹਾ ਕੀ ਜੋ ਸਚ ਨਾਲ ਪਿਆਰ ਕਰਦਾ ਹੈ ਉਸਦਾ ਚੌਕਾ ਵੀ ਹਮੇਸ਼ਾ ਸੁਚਾ ਰਹਿੰਦਾ ਹੈ ।
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚ
ਨਾਨਕ ਤਿਨ ਕੈ ਸੰਗਿ ਸਾਥਿ ਵਡਿਆ ਸਿਓ ਕਿਆ ਰੀਸ
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ ।।
ਗੁਰੂ ਨਾਨਕ ਪਾਤਸ਼ਾਹ ਵੱਲੋਂ ਸਿੱਖੀ ਨੂੰ ਬਖ਼ਸ਼ੇ ਤਿੰਨ ਮੂਲ ਸਿਧਾਂਤਾਂ ‘ਕਿਰਤ ਕਰੋ, ਵੰਡ ਛਕੋ, ਨਾਮ ਜਪੋ’ ਵਿਚੋਂ ਧਰਮੀ, ਮਿਹਨਤੀ ਤੇ ਇਮਾਨਦਾਰੀ ਦੀ ਕਿਰਤ ਦਾ ਮੁਜੱਸਮਾ ਭਾਈ ਲਾਲੋ ਹੀ ਨਜ਼ਰ ਆਉਂਦੇ ਸਨ । ਜੋ ਧਰਮ ਦੀ ਕਿਰਤ ਕਰਦੇ ਤੇ ਰੁਖੀ ਸੁਕੀ ਖਾ ਕੇ ਅਕਾਲ ਪੁਰਖ ਦਾ ਧੰਨਵਾਦ ਕਰਦੇ ਬਹੁਤੇ ਲੋਕ ਜੋ ਹਾਕਮ ਸੀ ਜਾਂ ਧਾਰਮਿਕ ਆਗੂ ਸੀ ਪਰਜਾ ਦੀ ਲੁਟ ਘਸੁਟ ਕਰਦੇ ਜਿਸ ਨਾਲ ਗਰੀਬ ਜਨਤਾ ਨਿਤ ਨਵੀਆਂ ਵਗਾਰਾਂ ਤੇ ਜ਼ੁਲਮ ਦੀ ਚਕੀ ਵਿਚ ਪਿਸ ਰਹੀ ਸੀ । ਬ੍ਰਾਹਮਣ, ਪੰਡਤ, ਮੌਲਵੀ,ਕਾਜ਼ੀ ਅਨੇਕ ਤਰਾਂ ਦੇ ਕਰਮਕਾਂਡਾਂ ਨੂੰ ਆਮ ਜਨਤਾ ਤੇ ਥੋਪ ਕੇ ਉਨ੍ਹਾ ਤੋਂ ਜਬਰਦਸਤੀ ਦਾਨ ਵਸੂਲ ਕਰਦੇ ਸਨ। ਗੁਰੂ ਨਾਨਕ ਸਾਹਿਬ ਜਨਤਾ ਨੂੰ ਇਨ੍ਹਾ ਜੁਲਮਾਂ ਤੋ ਬਚਾਉਣ ਚਾਹੁੰਦੇ ਸੀ ਭਾਈ ਲਾਲੋ ਦੀ ਆਤਮਾਂ ਵਿਚ ਉਨ੍ਹਾ ਨੇ ਪਵਿਤ੍ਰਤਾ ,ਸਬਰ ,ਨਿਡਰਤਾ ਦੀ ਝਲਕ ਦੇਖ ਲਈ ਸੀ , ਜੋ ਉਨ੍ਹਾ ਦੇ ਜਾਣ ਤੋਂ ਬਾਅਦ ਇਸ ਕੰਮ ਨੂੰ ਬਖੂਬੀ ਨਿਭਾ ਸਕਦੇ ਸੀ ਤੇ ਅਗੇ ਤੋਰ ਸਕਦੇ ਸਨ । ਉਹ ਕਈ ਦਿਨ ਉਨ੍ਹਾ ਦੇ ਘਰ ਰਹਿੰਦੇ ਤੇ ਨੀਵੀਆਂ ਜਾਤੀਆਂ ਚੋਂ ਹੀਣ ਭਾਵਨਾ ਕਢਣ ਲਈ ਉਨ੍ਹਾ ਨੂੰ ਉਪਦੇਸ਼ ਦਿੰਦੇ ਇਹ ਕਰਦੇ ਕਰਦੇ ਇਕ ਦਿਨ ਭਾਈ ਲਾਲੋ ਦਾ ਘਰ ਧਰਮਸਾਲ ਅਤੇ ਨਾਮ ਦਾਨ ਤੇ ਆਤਮ ਕਲਿਆਣ ਦਾ ਇਕ ਵਡਾ ਕੇਂਦਰ ਬਣ ਗਿਆ ਜਿਸਦਾ ਮੁਖੀ ਭਾਈ ਲਾਲੋ ਸੀ ।
ਸੈਦਪੁਰ ਦਾ ਇੱਕ ਰਈਸ ਮਲਿਕ ਭਾਗੋ, ਜਿਸਨੇ ਆਪਣੇ ਮਾਪਿਆਂ ਦਾ ਸਰਾਧ ਕੀਤਾ, ਸਾਰੇ ਪਿੰਡ ਨੂੰ ਰੋਟੀ ‘ਤੇ ਬੁਲਾਇਆ । ਗੁਰੂ ਨਾਨਕ ਸਾਹਿਬ ਨੂੰ ਵੀ ਸਦਾ ਦਿਤਾ ਗਿਆ ਪਰ ਗੁਰੂ ਸਾਹਿਬ ਨਹੀਂ ਗਏ। ਮਲਿਕ ਭਾਗੋ ਨੂੰ ਆਪਣੀ ਹੇਠੀ ਮਹਿਸੂਸ ਹੋਈ ਪੁਛਣ ਵਾਸਤੇ ਉਹ ਗੁਰੂ ਸਾਹਿਬ ਕੋਲ ਖੁਦ ਭਾਈ ਲਾਲੋ ਦੇ ਘਰ ਆਇਆ ਤੇ ਕਹਿਣ ਲਗਾ ਇਥੇ ਆਪ ਸੁਕੀਆਂ ਰੋਟੀਆਂ ਖਾਂਦੇ ਹੋ ਅਸੀਂ ਮਾਲ ਪੂੜੇ ਤੇ ਕਈੰ ਤਰਾਂ ਦੇ ਪਕਵਾਨ ਬਣਾਏ ਹਨ ਤੁਸੀਂ ਸਾਡੇ ਵਲ ਕਿਓਂ ਨਹੀਂ ਆਏ । ਗੁਰੂ ਜੀ ਨੇ ਉਸਨੂੰ ਦੱਸਿਆ ਕਿ ਭਾਈ ਲਾਲੋ ਇੱਕ ਸਚਾ ਸੁਚਾ ਤੇ ਭਲਾ ਮਨੁੱਖ ਹੈ। ਉਸ ਦੀ ਕਮਾਈ ਧਰਮ ਅਤੇ ਸੱਚ ਦੀ ਕਮਾਈ ਹੈ। ਭਾਈ ਲਾਲੋ ਦੇ ਘਰ ਦੀ ਰੋਟੀ ਖਾ ਕੇ ਮੇਰਾ ਮਨ ਸ਼ਾਂਤ ਰਹੇਗਾ ਅਤੇ ਮੈਂ ਪ੍ਰਮਾਤਮਾ ਦੀ ਭਗਤੀ ਵਿੱਚ ਮਨ ਜੋੜ ਸਕਾਂਗਾ । ਰਹੀ ਗੱਲ ਤੁਹਾਡੇ ਮਾਲ ਪੂੜਿਆਂ ਦੀ, ਜਬਰਨ ਧੋਖੇ, ਫ਼ਰੇਬਾਂ ਅਤੇ ਛਲ-ਕਪਟ ਨਾਲ ਇਕੱਤਰ ਕੀਤੀ ਮਾਇਆ ਤੋਂ ਤਿਆਰ ਹੋਏ ਪਕਵਾਨ ਭਲੇ ਹੀ ਸੁੰਦਰ ਲਪਟਾਂ ਛੱਡਦੇ ਹੋਣ ਪਰ ਇਸ ਵਿਚ ਸਾਨੂੰ ਗਰੀਬਾਂ ਦਾ ਖ਼ੂਨ ਝਲਕਦਾ ਦਿਖਾਈ ਦਿੰਦਾ ਹੈ। ਗੁਰੂ ਨਾਨਕ ਦੇ ਰੂਹਾਨੀ ਸ਼ਬਦੀ-ਬਾਣ ਮਲਿਕ ਭਾਗੋ ਦੀ ਹੰਕਾਰੀ ਬਿਰਤੀ ਨੂੰ ਚੀਰ ਗਏ ਅਤੇ ਉਸਦੇ ਦਿਮਾਗ ਦੇ ਦਰਵਾਜ਼ੇ ਖੁੱਲ ਗਏ ਤੇ ਉਹ ਗੁਰੂ ਸਾਹਿਬ ਦੇ ਚਰਨੀਂ ਢਹਿ ਪਿਆ। ਉਸਨੇ ਆਪਣਾ ਸਭ ਕੀਮਤੀ ਸਮਾਨ ਜੋ ਗਰੀਬਾਂ ਦੀ ਲੁਟ ਖਸੁਟ ਕਰਕੇ ਇੱਕਠਾ ਕੀਤਾ ਹੋਇਆ ਸੀ ਲੋਕਾਂ ਵਿਚ ਵੰਡ ਦਿਤਾ ਤੇ ਅਗੋਂ ਲਈ ਸਿਧੇ ਰਸਤੇ ਪੈ ਗਿਆ । ਇਹ ਗੁਰੂ ਸਾਹਿਬ ਦਾ ਲਾਲੋ ਦੀ ਸਚੀ ਸੁਚੀ ਕਿਰਤ ਨੂੰ ਵਡਿਆਂਣ ਦੇ ਗਰੀਬ ਜਨਤਾ ਨੂ ਹਾਕਮ ਸ਼੍ਰੇਣੀ ਦੇ ਜੁਲਮਾਂ ਤੋਂ ਬਚਾਉਣ ਦਾ ਇਕ ਤਰੀਕਾ ਸੀ । ਇਸ ਤਰਹ ਪਹਿਲੀ ਉਦਾਸੀ ਵਿਚ ਉਨ੍ਹਾ ਨੇ ਜਾਤੀਆਂ ਦੇ ਭਰਮ ਜਾਲ ਨੂੰ ਤੋੜਿਆ ਸ਼ਾਹਾਂ ਨੂੰ ਚੇਤਾਵਨੀ ਦਿਤੀ , ਜੋ ਪਰਜਾ ਪ੍ਰਤੀ ਆਪਣੇ ਫਰਜ਼ ਭੁਲ ਚੁਕੇ ਸੀ ” ਸ਼ਾਹਾਂ ਸੁਰਤ ਗਵਾਈਏ ਰੰਗ ਤਮਾਸ਼ੇ ਚਾਇ “ ।
ਗੁਰੂ ਨਾਨਕ ਸਾਹਿਬ ਨੂੰ ਬਾਬਰ ਦੇ ਹਿੰਦੁਸਤਾਨ ਤੇ ਹਮਲਾ ਕਰਨ ਦੀ ਖਬਰ ਮਿਲ ਚੁਕੀ ਸੀ ਉਨ੍ਹਾ ਨੇ ਭਾਈ ਲਾਲੋ ਨੂੰ ਆਉਣ ਵਾਲੇ ਹਾਲਾਤਾਂ ਲਈ ਆਗਾਹ ਕੀਤਾ ਤੇ ਬਾਬਰ ਬਾਰੇ ਬਹੁਤ ਕੁਝ ਸਮਝਾਇਆ ਉਨ੍ਹਾ ਨੇ ਕਿਹਾ ਕੀ ਮਨੁਖਾਂ ਦੇ ਸਰੀਰ ਦੇ ਟੋਟੇ ਗਲੀਆਂ ਵਿਚ ਰੁਲਣਗੇ ਜਿਸ ਨੂੰ ਹਿੰਦੂ ਕਦੀ ਭੁਲ ਨਹੀ ਸਕਣਗੇ ।
ਕਿਆ ਕਪੜ ਤੂਓਕ ਟੂਕ ਹੋਸੀ ਹਿੰਦੁਸਤਾਨ ਸਮਾਲਸੀ ਬੇਲਾ ।
ਆਵਨ ਅਠਤਰੇ ਜਾਣ ਸਤਾਨਵੇ ਹੋਰ ਬਹਿ ਉਠਸੀ ਮਰਦ ਕਾ ਚੇਲਾ ।।
1521 ਵਿਚ ਐਮਨਾਬਾਦ ਵਿਚ ਬਾਬਰ ਤੇ ਬਾਬੇ ਨਾਨਕ ਦੀ ਟਕਰ ਹੋਈ ਬਾਬੇ ਨਾਨਕ ਨੇ ਬਾਬਰ ਦੇ ਜ਼ੁਲਮ ਤੇ ਤਾਨਸ਼ਾਹੀ ਦੇ ਖਿਲਾਫ਼ ਬੇਖੋਫ਼ ਤੇ ਬੇਧੜਕ ਹੋਕੇ ਅਵਾਜ਼ ਉਠਾਈ । ਬਾਬਰ ਨੂੰ ਜਾਬਰ ਕਿਹਾ ਰਾਜਿਆਂ ਨੂੰ ਸ਼ੀਂਹ ਤੇ ਮੁਕੱਦਮ ਨੂੰ ਕੁਤੇ ਕਿਹਾ ਰਈਅਤ ਨੂੰ ਉਸਤੇ ਹੋ ਰਹੇ ਜ਼ੁਲਮਾ ਦੇ ਉਲਟ ਖਬਰਦਾਰ ਕੀਤਾ । ਉਸ ਵਕਤ ਦੇ ਰਾਜਨੀਤਕ ਤੇ ਸਮਾਜਿਕ ਹਾਲਾਤਾਂ ਦੀ ਭਰਪੂਰ ਨਿੰਦਾ ਕੀਤੀ ਇਹ ਇਕ ਵਡੇਰੀ ਸੋਚ ਤੇ ਜੁਰਅਤ ਦਾ ਕੰਮ ਸੀ । ਗੁਰੂ ਨਾਨਕ ਸਾਹਿਬ ਨੇ ਜਦ ਬਾਬਰ ਦੀ ਫੌਜ਼ ਲੁਟ ਖਸੁਟ ਕਰਕੇ ਦਹਿਸ਼ਤ ਫੈਲਾਣ ਲਈ ਬੇਕਸੂਰ ਲੋਕਾਂ ਦਾ ਕਤਲੇਆਮ ਕਰ ਰਹੀ ਸੀ ਤਾਂ ਬੇਖੋਫ਼ ਤੇ ਬੇਝਿਜ੍ਕ ਹੋਕੇ ਲਾਲੋ ਨੂੰ ਸੰਬੋਧਨ ਕਰਕੇ ਬਾਬਰ ਨੂੰ ਵੰਗਾਰ ਕੇ ਆਖਿਆ ।
ਪਾਪ ਦੀ ਜੰਝ ਲੈ ਕਾਬੁਲਹੁ ਧਾਇਆ ਜੋਰੀ ਮੰਗੇ ਦਾਨ ਵੈ ਲਾਲੋ
ਸਰਮੁ ਧਰਮੁ ਦੁਇ ਛਪਿ ਖਲੋਇ ਕੂੜ ਫਿਰੇ ਪਰਧਾਨੁ ਵੇ ਲਾਲੋ
ਪਰਜਾ ਤੇ ਹੁੰਦੇ ਜੁਲਮ ਦੇਖਕੇ ਰਬ ਅਗੇ ਸ਼ਕਾਇਤ ਕੀਤੀ :-
ਖੁਰਾਸਾਨ ਖਸਮਾਨਾ ਕਿਆ ਹਿਦੁਸਤਾਨ ਡਰਾਇਆ ।
ਆਪਿ ਦੋਸੁ ਨਾ ਦੇਇ ਕਰਤਾ ਜਮੁ ਕਰਿ ਮੁਗਲੁ ਚੜਾਇਆ ।
ਏਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨਾ ਆਇਆ ।
ਬਾਬਰ ਵਕਤ ਸ਼ਹਿਜਾਦੀਆਂ ਦੀਆਂ ਲਾਸ਼ਾਂ ਸੜਕ ਤੇ ਰੁਲੀਆਂ , ਹਿੰਦੁਸਤਾਨ ਦੀ ਅਣਖ ਮਿਟੀ ਵਿਚ ਮਿਲ ਗਈ । ਬਾਬਰ ਵਲੋਂ ਸੈਦਪੁਰ , ਏਮਨਾਬਾਦ ਦੀ ਜੇਲ ਵਿਚ ਪਾਏ ਪੀਰਾਂ ਫਕੀਰਾਂ ਦੇ ਨਾਲ ਭਾਈ ਲਾਲੋ ,ਭਾਈ ਮਰਦਾਨਾ ਤੇ ਗੁਰੂ ਨਾਨਕ ਸਾਹਿਬ ਵੀ ਸਨ ਪਰ ਜਦ ਉਸ ਨੂੰ ਇਸ ਇਲਾਹੀ ਨੂਰ ਬਾਰੇ ਪਤਾ ਚਲਿਆ, ਇਨ੍ਹਾ ਦੀ ਰਬਾਬ ਦੀ ਆਵਾਜ਼ ਤੇ ਸ਼ਬਦ ਸੁਣਿਆ ਤਾਂ ਕੰਬ ਗਿਆ । ਬਾਬਰ ਆਪ ਨੰਗੀ ਪੈਰੀ ਉਨ੍ਹਾ ਦੇ ਦਰਸ਼ਨ ਕਰਨ ਲਈ ਜੇਲ ਵਿਚ ਆਇਆ ਤੇ ਤੁਰੰਤ ਰਿਹਾ ਕਰਣ ਦਾ ਹੁਕਮ ਦੇ ਦਿਤਾ । ਗੁਰੂ ਸਾਹਿਬ ਦੇ ਸਮਝਾਣ ਤੇ ਸਾਰੇ ਕੈਦੀਆਂ ਨੂੰ ਛਡ ਦਿਤਾ ਗਿਆ ,ਕਤਲੇਆਮ ਬੰਦ ਕਰਵਾ ਦਿਤਾ ਗਿਆ । ਕਤਲੇਆਮ ਤਾ ਬੰਦ ਹੋ ਗਿਆ ਪਰ ਇਸਤੋਂ ਬਾਅਦ ਗੁਰੂ ਸਹਿਬਾਨਾ ਤੇ ਹਕੂਮਤ ਦੀ ਟਕਰ ਦਾ ਲੰਬਾ ਦੌਰ ਸ਼ੁਰੂ ਹੋ ਗਿਆ ।
ਭਾਈ ਲਾਲੋ ਗੁਰੂ ਸਾਹਿਬ ਨਾਲ ਰਹਿੰਦਿਆ ਉਨ੍ਹਾ ਦੀ ਮੇਹਰ ਸਦਕਾ ਉਚੇ ਜੀਵਨ ਵਾਲਾ ਸਿਖ ਬਣ ਗਿਆ । ਉਸਦੀ ਪਤਨੀ ਵੀ ਸੰਗਤ ਦੀ ਤਨੋ-ਮਨੋ ਸੇਵਾ ਕਰਦੀ । ਇਥੇ ਗੁਰੂ ਸਾਹਿਬ ਕਾਫੀ ਸਮਾਂ ਟਿਕੇ ਤੇ ਅੰਤ ਨੂੰ ਸਿਖੀ ਪ੍ਰਚਾਰ ਤੇ ਪ੍ਰਸਾਰ ਦੀ ਸੇਵਾ ਭਾਈ ਲਾਲੋ ਨੂੰ ਬਖਸ਼ ਕੇ ਆਪ ਜਗਤ ਉਧਾਰਨ ਲਈ ਅਗੇ ਚਲ ਪਏ । ਇਸ ਸਿਦਕੀ ਸਿਖ ਨੇ ਨਾਮ ਜਪਦਿਆਂ ,ਸਿਮਰਨ ਕਰਦਿਆਂ ਤੇ ਕਿਰਤ ਕਰਦਿਆਂ ਰੱਜ ਕੇ ਸਾਧ ਸੰਗਤ ਦੀ ਸੇਵਾ ਕੀਤੀ ਜਿਸ ਲਈ ਸਾਰਾ ਸਿਖ ਜਗਤ ਇਨ੍ਹਾ ਦਾ ਕਰਜਦਾਰ ਹੈ । ਇਨ੍ਹਾ ਦਾ ਕਦ ਅਕਾਲ ਪੁਰਖ ਤੋਂ ਬੁਲਾਵਾ ਆਇਆ , ਇਸ ਤੋਂ ਸਾਡਾ ਇਤਿਹਾਸ ਬੇਖਬਰ ਹੈ ਤੇ ਇਸਦੀ ਖੋਜ਼ ਕਰਨ ਦੀ ਲੋੜ ਹੈ ।
ਮਹਾਪੁਰਸ਼ ਭਾਈ ਲਾਲੋ ਜੀ ਮਹਾਂਰਾਜ ਜੀ ਦੇ ਜੀਵਨ ਤੇ ਵਿਚਾਰ ਕਰਦਿਆਂ ਇਹ ਗੱਲ ਸਪਸ਼ਟ ਤੌਰ ਤੇ ਸਾਹਮਣੇ ਆਉਂਦੀ ਹੈ ਕਿ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ, ਮਨੁਖਤਾ ਨੂੰ ਇਸ ਸੰਸਾਰ ਤੇ ਆਉਣ ਤੇ ਜਿੰਦਗੀ ਜਿਉਣ ਦਾ ਜੋ ਸੰਦੇਸ਼ ਦੇਣਾ ਚਾਹੁੰਦੇ ਸਨ ਜਿਵੇਂ ਕਿ ਵਾਹਿਗੁਰੂ ਦਾ ਨਾਮ ਜਪਣਾ, ਸੱਚੀ-ਸੁੱਚੀ ਕਿਰਤ ਕਮਾਈ ਕਰਨੀ ਅਤੇ ਵੰਡ ਛੱਕਣਾ ਆਦਿ, ਇਸ ਬਾਰੇ ਉਹ ਸਭ ਤੋਂ ਪਹਿਲਾਂ ਇਸਦੀ ਵਿਚਾਰ ਕਿਸੇ ਐਸੇ ਵਿਅਕਤੀ ਨਾਲ ਕਰਨੀ ਚਾਹੁੰਦੇ ਸਨ ਜੋ ਪਹਿਲਾਂ ਹੀ ਇਸਤਰਾਂ ਦਾ ਜੀਵਨ ਜਿਉ ਰਿਹਾ ਹੋਵੇ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਅੰਤਰਧਿਆਨ ਹੋਏ ਤਾਂ ਉਹਨਾਂ ਨੇ ਭਾਈ ਲਾਲੋ ਜੀ ਨੂੰ ਆਪਣੇ ਵਿਚਾਰਾਂ ਮੁਤਾਬਕ ਪਾਇਆ ਤਾਂ ਉਹਨਾਂ ਨੇ ਇਸ ਨੇਕ ਕਮਾਈ ਕਰਨ ਵਾਲੇ ਇਨਸਾਨ ਨੂੰ ਮਿਲ ਕੇ ਆਪਣੇ ਫਲਸਫੇ ਤੋਂ ਜਾਣੂ ਕਰਾਇਆ ਅਤੇ ਇਸਦਾ ਪ੍ਰਚਾਰ ਸਾਰੇ ਸੰਸਾਰ ਨੂੰ ਕਰਨ ਦਾ ਵਿਚਾਰ ਵੀ ਦੱਸਿਆ ਤਾ ਕਿ ਬਾਕੀ ਸੰਸਾਰ ਨੂੰ ਭਰਮ-ਭੁਲੇਖੇ, ਝੂਠ ਤੇ ਜੋਰ ਜੁਲਮ ਦੀ ਦੁਨੀਆਂ ਤੋਂ ਮੋੜ ਕੇ ਵਾਹਿਗੁਰੂ ਦੀ ਯਾਦ, ਸੱਚ, ਪਿਆਰ ਤੇਨੇਕ ਕਮਾਈ ਵੱਲ ਲਾਇਆ ਜਾਵੇ। ਆਪਣੇ ਇਸ ਮਿਸ਼ਨ ਦੀ ਸ਼ੁਰੂਆਤ ਕਰਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਂਰਾਜ ਸਭ ਤੋਂ ਪਹਿਲਾਂ ਭਾਈ ਲਾਲੋ ਜੀ ਪਾਸ ਗਏ ਸਨ। ਭਾਈ ਲਾਲੋ ਜੀ ਗੁਰੂ ਜੀ ਤੋਂ ਉਮਰ ਵਿਚ ਤਕਰੀਬਨ 17 ਕੁ ਸਾਲ ਵੱਡੇ ਸਨ।ਇਤਹਾਸ ਮੁਤਾਬਕ ਭਾਈ ਲਾਲੋ ਜੀ ਦਾ ਜਨਮ ਮੰਗਲਵਾਰ 11 ਅੱਸੂ, ਸੰਮਤ 1509, ਈਸਵੀ ਸੰਨ 1452 ਨੂੰ ਜਿਲ੍ਹਾ ਗੁਜਰਾਂਵਾਲਾ (ਪਾਕਿਸਤਾਨ), ਏਮਨਾਬਾਦ (ਜਿਸਨੂੰ ਉਸ ਵੇਲੇ ਸੈਦਪੁਰ ਆਖਦੇ ਸਨ) ਵਿਖੇ ਮਾਤਾ ਬੀਬੀ ਖੇਮੋਂ ਦੀ ਕੁੱਖੋਂ ਪਿਤਾ ਭਾਈ ਜਗਤ ਰਾਮ ਘਟਾਉੜੇ ਦੇ ਘਰ ਹੋਇਆ। ਆਪਜੀ ਸ਼ੁਰੂ ਤੋਂ ਹੀ ਸਾਧੂ ਸੁਭਾ ਤੇ ਰਹਿਮ ਦਿਲ...

ਵਾਲੇ ਸਨ । ਹਰਇਕ ਦੇ ਕੰਮ ਆਉਣ ਵਾਲੇ ਤੇ ਪਰਮਾਤਮਾਂ ਨੂੰ ਹਰ ਵੇਲੇ ਯਾਦ ਰਖਦੇ ਸਨ। ਆਪਜੀ ਲਕੜੀ ਦੇ ਕੰਮ ਦੇ ਮਾਹਿਰ ਸਨ ਅਤੇ ਹਕੀਮੀ ਦਾ ਵੀ ਸ਼ੌਕ ਸੀ ।ਆਪਣੇ ਲਕੜੀ ਦੇ ਕੰਮ ਤੋਂ ਜੋ ਕਮਾਈ ਹੁੰਦੀ ਸੀ ਉਸ ਨਾਲ ਲੋਕਾਂ ਦਾ ਦਵਾ-ਦਾਰੂ ਮੁਫਤ ਕਰਦੇ ਸਨ। ਇਸਤਰਾਂ ਮਨੁਖਤਾ ਦੀ ਸੇਵਾ ਕਰਨਾ ਆਪਦਾ ਨਿਯਮ ਬਣਿਆ ਹੋਇਆ ਸੀ।ਇਸਦੇ ਨਾਲ ਹੀ ਆਪਣੇ ਘਰ ਦੇ ਵਿਹੜੇ ਵਿਚ ਇਕ ਖੂਹੀ ਵੀ ਬਨਵਾਈ ਹੋਈ ਸੀ ਜਿਸਦੇ ਠੰਡੇ ਮਿਠੇ ਪਾਣੀ ਨਾਲ ਹਰ ਆਏ ਗਏ ਦੀ ਪਿਆਸ ਵੀ ਬੁਝਾਂਦੇ ਸਨ।ਕਹਿੰਦੇ ਹਨ ਕਿ ਅਜ ਵੀ ਇਸ ਖੂਹੀ ਦਾ ਜਲ ਇਕ ਅਕਸੀਰ ਦੀ ਤਰਾਂ ਹੈ ਜੋ ਵੀ ਰੋਗੀ ਇਸਦੇ ਜਲ ਨੂੰ ਛਕਦਾ ਹੈ ਜਾਂ ਇਸ ਨਾਲ ਅਸ਼ਨਾਨ ਕਰਦਾ ਹੈ ਉਸਦੇ ਕਈ ਰੋਗ ਕੱਟੇ ਜਾਂਦੇ ਹਨ। ਇਸਤਰਾਂ ਆਪਜੀ ਆਪਣੇ ਇਲਾਕੇ ਵਿਚ ਬਹੁਤ ਹਰਮਨ ਪਿਆਰੇ ਸਨ ਅਤੇ ਹਰ ਕੋਈ ਆਪਜੀ ਦੀ ਉਸਤਤ ਕਰਦਾ ਸੀ। ਤਈਏ ਤਾਪ (ਜਿਸਨੂੰ ਅਜਕਲ ਅਸੀਂ ਟਾਈਫਾਈਡ ਬੁਖਾਰ ਕਹਿੰਦੇ ਹਾਂ) ਦੀ ਦੁਆਈ ਲਈ ਆਪਜੀ ਇਨ੍ਹੇ ਮਸ਼ਹੂਰ ਸਨ ਕਿ ਕਹਿੰਦੇ ਹਨ ਕਿ ਤਈਆ ਤਾਪ ਆਪਜੀ ਦਾ ਨਾਮ ਸੁਣ ਕੇ ਹੀ ਭੱਜ ਜਾਂਦਾ ਸੀ।
ਜਦੋਂ 1507 ਈਸਵੀ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇ ਜੀ ਮਹਾਰਾਜ ਸੁਲਤਾਨਪੁਰ ਲੋਧੀ ਤੋਂ ਭਾਈ ਮਰਦਾਨਾਂ ਜੀ ਨੂੰ ਨਾਲ ਲੈਕੇ ਸੈਦਪੁਰ (ਏਮਨਾਬਾਦ) ਭਾਈ ਲਾਲੋ ਜੀ ਪਾਸ ਪਹੁੰਚੇ ਤਾਂ ਉਹਨਾਂ ਭਾਈ ਜੀ ਪਾਸ 22 ਦਿਨ ਨਿਵਾਸ ਕੀਤਾ।ਇਹ 22 ਦਿਨ ਹੀ ਭਾਈ ਲਾਲੋ ਜੀ ਨੇ ਗੁਰੂ ਜੀ ਦੇ ਅਰਾਮ ਲਈ ਹਰ ਰੋਜ ਨਵੀਂ ਮੰਜੀ ਤਿਆਰ ਕੀਤੀ ਤੇ ਗੁਰੂ ਜੀ ਨੇ ਇਹਨਾਂ ਮੰਜੀਆਂ ਤੇ ਵਿਸ਼ਰਾਮ ਕੀਤਾ। ਇਹ ਆਪਣੇ ਜਗਤ ਗੁਰੂ ਦੇ ਪਿਆਰ ਤੇ ਸਤਿਕਾਰ ਦੀ ਅਜਿਹੀ ਅਨੋਖੀ ਦਾਸਤਾਂਨ ਹੈ ਜਿਸਦੀ ਮਿਸਾਲ ਦੁਨੀਆਂ ਵਿੱਚ ਹੋਰ ਕਿਤੇ ਨਹੀਂ ਮਿਲਦੀ।ਇਹੀ 22 ਮੰਜੀਆਂ ਬਾਅਦ ਵਿਚ ਸੈਦਪੁਰ ਤੋਂ ਕਰਤਾਰਪੁਰ, ਖਡੂਰ ਸਾਹਿਬ ਤੇ ਫਿਰ ਗੋਂਇੰਦਵਾਲ ਸਾਹਿਬ ਪਹੁੰਚੀਆਂ ਤਾਂ ਇਥੋਂ ਗੁਰੁ ਅਮਰਦਾਸ ਜੀ ਨੇ ਇਹਨਾਂ 22 ਮੰਜੀਆਂ ਤੋਂ ਸਿੱਖ ਧਰਮ ਦੇ ਪ੍ਰਚਾਰ ਲਈ 22 ਪ੍ਰਚਾਰਕ ਥਾਪੇ।ਇਹਨਾਂ ਵਿਚੋਂ ਇਕ ਮੰਜੀ ਕਹਿੰਦੇ ਹਨ ਕਿ ਅੱਜ ਵੀ ਪਟਿਆਲੇ ਲਾਗੇ ਬਹਾਦੁਰਗੜ੍ਹ ਵਾਲੇ ਪਾਸੇ ਪਿੰਡ ਸ਼ਮਸਪੁਰ ਵਿੱਚ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਏਮਨਾਬਾਦ ਵਿਚ 22 ਦਿਨ ਭਾਈ ਲਾਲੋ ਦੇ ਘਰ ਨਿਵਾਸ ਦੁਰਾਨ ਹੀ ਉਥੋਂ ਦੇ ਹਾਕਮ ਜਾਲਮ ਖਾਨ ਦਾ ਮਲਿਕ ਭਾਗੋ ਨਾਂ ਦਾ ਅਹਿਲਕਾਰ ਸੀ ਜੋ ਕਿ ਹਕੂਮਤ ਦੇ ਨਸ਼ੇ ਵਿਚ ਬਹੁਤ ਜੁਲਮ ਤੇ ਜਬਰ ਕਰਕੇ ਧੰਨ ਦੌਲਤ ਇਕੱਠੀ ਕਰਦਾ ਸੀ ਤੇ ਉਸਦਾ ਲੜਕਾ ਜਗਜੀਵਨ ਮਲਿਕ ਆਪਣੇ ਪਿਉ ਤੋਂ ਵੀ ਚਾਰ ਕਦਮ ਅੱਗੇ ਸੀ ।ਇਹ ਪੂਰਾ ਅਯਾਸ਼ ਸੀ ਤੇ ਪਿੰਡ ਦੀ ਕਿਸੇ ਧੀ ਭੈਣ ਨੂੰ ਨਹੀਂ ਸੀ ਬਖਸ਼ਦਾ।ਉਥੋਂ ਦੇ ਖੁਸ਼੍ਹਾਲੇ ਦੀ ਧੀ ਹੁਕਮੀ ਭਰ ਜਵਾਨ ਤੇ ਬਹੁਤ ਸੁੰਦਰ ਸੀ, ਮਲਿਕ ਦਾ ਮੁੰਡਾ ਉਸਨੂੰ ਜਬਰਦਸਤੀ ਚੁੱਕ ਕੇ ਆਪਣੀ ਹਵੇਲੀ ਵਿੱਚ ਲੈ ਗਿਆ ਤੇ ਉਸ ਨਾਲ ਬਦਫੈਲੀ ਕਰਨੀ ਚਾਹੀ ਪਰ ਉਹ ਉਸਦੇ ਚੁੰਗਲ ਵਿੱਚੋਂ ਬਚਕੇ ਹਵੇਲੀ ਦੀ ਦਿਵਾਰ ਤੋਂ ਬਾਹਰ ਛਾਲ ਮਾਰ ਕੇ ਮਰ ਗਈ । ਸਾਰੇ ਇਲਾਕੇ ਵਿਚ ਰੌਲਾ ਪੈ ਗਿਆ ਕਿ ਮਲਿਕ ਦੀ ਹਵੇਲੀ ਤੋਂ ਹੁਕਮੀ ਨਾਂ ਦੀ ਮੁਟਿਆਰ ਡਿੱਗ ਕੇ ਮਰ ਗਈ, ਉਸਦੇ ਮਾਪੇ ਰੋ ਰੋ ਕੇ ਸ਼ੁਦਾਈ ਹੋ ਗਏ।ਉਹਨਾਂ ਦਾ ਧੀ ਦੇ ਵੇਰਾਗ ਵਿਚ ਦਿਮਾਗੀ ਸੰਤੁਲਨ ਵਿਗੜ ਗਿਆ ਤੇ ਉਸਦਾ ਪਿਤਾ ਹਰ ਮਿਲਣ ਵਾਲੇ ਨੂੰ ਕਹਿਣ ਲਗ ਪਿਆ ਕਿ ਮਲਿਕ ਦੇ ਮਹਿਲਾਂ ਵਿਚ ਭੁਤ ਤੇ ਚੜੇਲਾਂ ਵਸਦੀਆਂ ਹਨ, ਏਥੇ ਲੋਕਾਂ ਨੂੰ ਮਾਰਕੇ ਉਹਨਾਂ ਦਾ ਖੁਨ ਪੀਤਾ ਤੇ ਹੱਡੀਆਂ ਚੱਬੀਆਂ ਜਾਂਦੀਆਂ ਹਨ, ਲੋਕੋ ਇਸ ਹਵੇਲੀ ਤੋਂ ਬਚ ਕੇ ਰਹੋ।ਹੁਕਮੀ ਦੀ ਮਾਂ ਵੀ ਉਸਨੂੰ ਬਦਅਸੀਸਾਂ ਦੇ ਰਹੀ ਸੀ ਤੇ ਕਹਿ ਰਹੀ ਸੀ ਕਿ ਮੇਰੀ ਧੀ ਨੂੰ ਮਾਰਨ ਵਾਲਿਆ ਤੈਨੂੰ ਮਿਰਗੀ ਪਵੇ ਤੇ ਤੂੰ ਤੜਫ ਤੜਫ ਕੇ ਮਰੇਂ।ਰੱਬ ਦਾ ਭਾਣਾ ਅੇਸਾ ਹੋਇਆ ਕਿ ਉਸਦੀ ਫਰਿਆਦ ਸੁਣੀ ਗਈ ਤੇ ਮਲਿਕ ਦੇ ਮੁੰਡੇ ਨੂੰ ਦੰਦਨਾਂ ਪੈਣੀਆਂ ਸ਼ੁਰੂ ਹੋ ਗਈਆਂ।ਇਲਾਕੇ ਦੇ ਨਾਮੀ ਗਰਾਮੀ ਵੈਦ ਹਕੀਮ ਸੱਦੇ ਗਏ ਪਰ ਸੱਭ ਵਿਅਰਥ । ਫਿਰ ਉਥੋਂ ਦੇ ਪੰਡਤਾਂ ਤੇ ਜੋਤਸ਼ੀਆਂ ਨੂੰ ਸੱਦਿਆ ਗਿਆ, ਪੰਡਤਾਂ ਤੇ ਜੋਤਸ਼ੀਆਂ ਨੇ ਆਪਣੇ ਹਿਸਾਬ ਲਾਕੇ ਦੱਸਿਆ ਕਿ ਕਾਕੇ ਕੋਲੋਂ ਕੋਈ ਬਹੁਤ ਵੱਡਾ ਪਾਪ ਹੋ ਗਿਆ ਹੈ, ਇਸ ਲਈ ਭਾਰੀ ਕਸ਼ਟ ਹੈ। ਇਸ ਕਸ਼ਟ ਦੇ ਨਿਵਾਰਨ ਲਈ ਇਕ ਬਹੁਤ ਵੱਡਾ ਬੱਰਮ ਭੋਜ ਕੀਤਾ ਜਾਣਾ ਚਾਹੀਦਾ ਹੈ।ਬਰੱਮ ਭੋਜ ਲਈ ਇਲਾਕੇ ਦੇ ਸਾਰੇ ਲੋਕਾਂ, ਸਾਧੂ, ਸੰਤਾਂ, ਫਕੀਰਾਂ ਨੂੰ ਸੱਦਾ ਦਿੱਤਾ ਜਾਵੇ। ਇਸ ਤਰਾਂ ਗੁਰੂ ਨਾਨਕ ਦੇਵ ਜੀ ਨੂੰ ਵੀ ਸਦਿਆ ਗਿਆ ਪਰ ਗੁਰੂ ਜੀ ਨੈ ਭੋਜ ਖਾਣ ਤੋਂ ਇਨਕਾਰ ਕਰ ਦਿੱਤਾ । ਗੁਰੂ ਜੀ ਤਾਂ ਦਸਾਂ ਨੌਹਾਂ ਦੀ ਸੱਚੀ ਸੁੱਚੀ ਕਿਰਤ ਕਮਾਈ ਦੀ ਰੋਟੀ ਖਾਣ ਦੀ ਸ਼ਿਖਸ਼ਾ ਦਂੇਦੇ ਸਨ ਤਾ ਕਿ ਕੋਈ ਕਿਸੇ ਦਾ ਹੱਕ ਮਾਰਕੇ ਨਾ ਖਾਵੇ। ਉਹ ਭਲਾ ਇਸ ਬਰੱਮ ਭੋਜ ਨੂੰ ਕਿਵੇਂ ਸਵੀਕਾਰ ਕਰ ਸਕਦੇ ਸਨ।ਗੁਰੂ ਜੀ ਦੇ ਇਨਕਾਰ ਕਰਨ ਤੇ ਮਲਿਕ ਦੇ ਆਦਮੀ ਉਹਨਾਂ ਨੂੰ ਜਬਰੀ ਆਪਣੇ ਨਾਲ ਲੈਕੇ ਗਏ ਤਾਂ ਮਲਿਕ ਨੇ ਇਨਕਾਰ ਦਾ ਕਾਰਨ ਜਾਨਣਾ ਚਾਹਿਆ ਤਾਂ ਗੁਰੂ ਜੀ ਨੇ ਉਸਨੂੰ ਦੱਸਿਆ ਕਿ ਉਸਦੀ ਸਾਰੀ ਧੰਨ ਦੌਲਤ ਗਰੀਬਾਂ ਤੇ ਮਜਲੂਮਾਂ ਦਾ ਖੁਨ ਚੂਸ ਚੂਸ ਕੇ ਇਕੱਠੀ ਕੀਤੀ ਗਈ ਹੈ ਤੇ ਅਸੀਂ ਅਜਿਹੀ ਕਮਾਈ ਦਾ ਭੋਜ ਨਹੀਂ ਖਾਂਦੇ।ਇਹ ਸੁਣਕੇ ਮਲਿਕ ਭਾਗੋ ਬਹੁਤ ਗੁੱਸੇ ਵਿਚ ਆਇਆ ਤੇ ਕਹਿਣ ਲੱਗਾ ਕਿ ਇਹ ਕਿਵੇਂ ਹੋ ਸਕਦਾ ਹੈ ਤੁਸੀਂ ਇਸਨੂੰ ਸਾਬਤ ਕਰਕੇ ਦੱਸੋ। ਤਾਂ ਗੁਰੂ ਜੀ ਨੇ ਉਸਦੇ ਬੱਰਮ ਭੋਜ ਦੇ ਖਾਣੇ ਇਕ ਹੱਥ ਵਿੱਚ ਫੜ੍ਹ ਕੇ ਦੂਸਰੇ ਹੱਥ ਵਿੱਚ ਭਾਈ ਲਾਲੋ ਦੇ ਘਰ ਦੀ ਕੋਧਰੇ ਦੀ ਰੋਟੀ ਮੰਗਵਾ ਕੇ ਫੜ੍ਹਕੇ ਨਿਚੋੜਿਆ ਤਾਂ ਮਲਿਕ ਭਾਗੋ ਦੇ ਖਾਣੇ ਵਿਚੋਂ ਖੂੰਨ ਤੇ ਭਾਈ ਲਾਲੋ ਦੀ ਰੋਟੀ ਵਿਚੋਂ ਦੁੱਧ ਦੀ ਧਾਰਾ ਬਹਿ ਤੁਰੀ।ਇਹ ਦੇਖ ਕੇ ਸਾਰੇ ਹੈਰਾਨ ਰਹਿ ਗਏ ਤੇ ਮਲਿਕ ਭਾਗੋ ਦੀਆਂ ਅੱਖਾਂ ਖੁਲ ਗਈਆਂ, ਹੰਕਾਰ ਦਾ ਪਰਦਾ ਉਤਰ ਗਇਆ ਤੇ ਗੁਰੂ ਜੀ ਦੇ ਚਰਨਾਂ ਤੇ ਢਹਿ ਪਿਆ ਤੇ ਕਹਿਣ ਲੱਗਾ ਕਿ ਕਿਰਪਾ ਕਰਕੇ ਉਸਦੇ ਪੁਤੱਰ ਦੇ ਕਸ਼ਟ ਦੂਰ ਕਰਨ ਦਾ ਉਪਾਉ ਦੱਸੋ ਤਾਂ ਗੁਰੂ ਜੀ ਨੇ ਕਿਹਾ ਕਿ ਸਾਰੀ ਪਾਪ ਦੀ ਕਮਾਈ ਗਰੀਬਾਂ ਨੂੰ ਵਾਪਿਸ ਕਰੋ ਤੇ ਕਹੋ ਸਤਿਕਰਤਾਰ।ਸਾਰੇ ਮਾੜੇ ਕਰਮ ਬੰਦ ਕਰੋ ਤੇ ਵਾਹਿਗੁਰੂ ਦਾ ਜਾਪ ਕਰੋ। ਹੁਣ ਸਤਿਕਰਤਾਰ ਕਹਿਕੇ ਭਾਈ ਲਾਲੋ ਦੇ ਘਰ ਦੀ ਕੋਧਰੇ ਦੀ ਰੋਟੀ ਦਾ ਟੁਕੜਾ ਆਪਣੇ ਲੜਕੇ ਦੇ ਮੂੰਹ ਵਿਚ ਪਾਉ, ਇਸਤਰਾਂ ਉਹ ਹੁਣ ਠਕਿ ਹੋਣਾ ਸ਼ੁਰੂ ਹੋ ਗਿਆ ਅਤੇ ਅੱਗੋਂ ਲਈ ਮਾੜੇ ਕਰਮਾਂ ਤੋਂ ਤੋਬਾ ਕੀਤੀ ।ਗੁਰੂ ਜੀ ਨੇ ਮਲਿਕ ਭਾਗੋ ਜਹੇ ਹਰ ਇਨਸਾਨ ਨੂੰ ਨੇਕੀ ਤੇ ਬਦੀ ਦੀ ਕਮਾਈ ਦਾ ਫਰਕ ਸਮਝਾਇਆ ਅਤੇ ਭਾਈ ਲਾਲੋ ਦੀ ਕਮਾਈ ਦੀ ਪ੍ਰਸ਼ੰਸਾ ਕੀਤੀ।ਇਸਤਰਾਂ ਇਹ ਮਾਣ ਵੀ ਭਾਈ ਲਾਲੋ ਜੀ ਦੀ ਨੇਕ ਕਮਾਈ ਨੂੰ ਹੀ ਪ੍ਰਾਪਤ ਹੋਇਆ ।
ਭਾਈ ਲਾਲੋ ਜੀ ਦੀ ਇਕਲੌਤੀ ਪੁੱਤਰੀ ਬੀਬੀ ਰੱਜੋ ਸੀ ਜਿਸਦਾ ਵਿਆਹ ਗੁਰੂ ਨਾਨਕ ਦੇਵ ਜੀ ਦੀ ਦੂਸਰੀ ਉਦਾਸੀ 1517 ਈਸਵੀ ਸਮੇਂ ਜਦੋਂ ਗੁਰੂ ਜੀ ਭਾਈ ਲਾਲੋ ਜੀ ਪਾਸ ਆਏ ਸਨ, ਹੋਇਆ ਦੱਸਿਆ ਜਾਂਦਾ ਹੈ।ਇਹ ਵਿਵਾਹ ਗੁਰੂ ਨਾਨਕ ਦੇਵ ਜੀ ਨੇ ਆਪ ਬਾਣੀ ਉਚਾਰਣ ਕਰਕੇ ਕੀਤਾ ਜੋ ਸ੍ਰੀ ਗੁਰੁ ਗਰੰਥ ਸਾਹਿਬ ਜੀ ਦੇ ਪੰਨਾਂ ੩੫੧ ਰਾਗ ਆਸਾ ਮਹਲਾ ੧ ਵੱਜੋਂ ਦਰਜ ਹੈ ਤੇ ਇਸਤਰਾਂ ਭਾਈ ਲਾਲੋ ਜੀ ਦੇ ਘਰੋਂ ਹੀ ਗੁਰਮਤਿ ਅਨੁਸਾਰ ਵਿਆਹ ਕਰਨ ਦੀ ਰੀਤ ਦੀ ਸ਼ੁਰੂਆਤ ਕੀਤੀ ਗਈ।ਇਹ ਵੀ ਕਿੱਡੀ ਮਾਣ ਤੇ ਸਤਿਕਾਰ ਵਾਲੀ ਗੱਲ ਹੈ।ਗੁਰੁ ਜੀ ਆਪਣੀ ਉਦਾਸੀ ਜਾਂ ਪ੍ਰਚਾਰ ਯਾਤਰਾ ਸ਼ੁਰੂ ਕਰਨ ਤੋ ਪਹਿਲਾਂ ਤੀਸਰੀ ਵਾਰ ਫਿਰ ਭਾਈ ਲਾਲੋ ਜੀ ਪਾਸ ਆਏ ਸਨ । ਇਸ ਦੁਰਾਨ ਬਾਬਰ ਨੇ ਭਾਰਤ ਤੇ ਹਮਲਾ ਕਰਕੇ ਬਹੁਤ ਤਬਾਹੀ ਮਚਾਈ , ਜੁਲਮ ਤੇ ਜਬਰ ਦੀ ਹਨੇਰੀ ਵਗਾਈ । ਇਹ ਮੰਜਰ ਗੁਰੂ ਜੀ ਨੇ ਆਪਣੀ ਅੱਖੀਂ ਦੇਖਿਆ ਅਤੇ ਇਸਦਾ ਵਰਨਣ ਰੱਬੀ ਬਾਣੀ ਰਾਹੀਂ ਆਪਣੇ ਪਿਆਰੇ ਤੇ ਪਹਿਲੇ ਸਿੱਖ ਭਾਈ ਲਾਲੋ ਜੀ ਨੂੰ 7 ਵਾਰ ‘ਵੇ ਲਾਲੋ’ ਕਹਿ ਕੇ ਪੁਕਾਰਿਆ।ਇਹ ਸ਼ਬਦ ਸ੍ਰੀ ਗੁਰੁ ਗਰੰਥ ਸਾਹਿਬ ਜੀ ਦੇ ਪੰਨਾਂ ੭੨੨-੨੩ ਤੇ ਤਿਲੰਗ ਮਹਲਾ ੧ ਵਜੋਂ ਦਰਜ ਹੈ।ਗੁਰੁ ਜੀ ਵੱਲੋਂ ਆਪਣੀ ਬਾਣੀ ਵਿਚ ਆਪਣੇ ਕਿਸੇ ਪਿਆਰੇ ਨੂੰ 7 ਵਾਰ ਨਾਂ ਲੈਕੇ ਪੁਕਾਰਨਾਂ ਵੀ ਭਾਈ ਲਾਲੋ ਜੀ ਦੇ ਹਿੱਸੇ ਹੀ ਅਇਆ ਹੈ। ਇਹ ਵੀ ਇਕ ਹੋਰ ਬਹੁਤ ਮਾਣ ਤੇ ਸਤਿਕਾਰ ਵਾਲੀ ਗੱਲ ਹੈ।ਭਾਈ ਲਾਲੋ ਜੀ ਆਪਣਾ ਬੁਢੇਪਾ ਬਤੀਤ ਕਰਨ ਲਈ ਆਪਣੀ ਇਕਲੌਤੀ ਬੇਟੀ ਦੇ ਸਹੁਰੇ ਪਿੰਡ ਤਤਲੇ ਵਾਲੀ, ਜਿਲ੍ਹਾ ਗੁਜਰਾਂਵਾਲਾ, ਪਾਕਿਸਤਾਨ, ਵਿਖੇ ਆ ਗਏ ਸਨ ਤੇ ਇੱਥੇ ਹੀ 1531ਈਸਵੀ ਨੂੰ ਸੱਚਖੰਡ ਪ੍ਰਭੂ ਚਰਨਾਂ ਵਿੱਚ ਜਾ ਬਿਰਾਜੇ ਸਨ।
ਭਾਈ ਲਾਲੋ ਜੀ ਦੇ ਜੀਵਨ ਤੇ ਵਿਚਾਰ ਕਰਦਿਆਂ ਇਹ ਗੱਲਾਂ ਸਪਸ਼ਟ ਤੌਰ ਤੇ ਸਾਹਮਣੇ ਆਉਂਦੀਆਂ ਹਨ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸਦੇ ਗ੍ਰਹਿਸਥੀ ਜੀਵਨ, ਨੇਕ ਕਿਰਤ ਕਮਾਈ, ਵੰਡ ਛਕਣਾਂ, ਦੁਖੀਆਂ ਦਾ ਦਵਾ ਦਾਰੂ ਕਰਨਾ, ਆਏ ਗਏ ਦੀ ਸੇਵਾ ਕਰਨੀ ਅਤੇ ਵਾਹਿਗੁਰੂ ਦਾ ਨਾਮ ਜਪਣਾ ਆਦਿ ਨੂੰ ਪ੍ਰਵਾਨਗੀ ਦਿੱਤੀ ਅਤੇ ਬਾਕੀ ਸੰਸਾਰ ਦੇ ਜੀਵਾਂ ਨੂੰ ਵੀ ਇਸਤਰਾਂ ਦਾ ਜੀਵਨ ਜਿਉਣ ਦੀ ਸ਼ਿਖਸ਼ਾ ਦਿੱਤੀ।ਗੁਰੁ ਜੀ ਨੇ ਭਾਈ ਸਾਹਿਬ ਜੀ ਨੂੰ ਬਹੁਤ ਸਾਰੇ ਮਾਣ ਵੀ ਬਖਸ਼ਿਸ਼ ਕੀਤੇ ਜਿਵੇਂ ਕਿ ਆਪਣਾ ਪ੍ਰਚਾਰ ਅਭਿਆਨ ਜਾਂ ਉਦਾਸੀਆਂ ਸ਼ੁਰੂ ਕਰਨ ਤੋਂ ਪਹਿਲਾਂ ਭਾਈ ਲਾਲੋ ਜੀ ਪਾਸ ਆਉਣਾ, ਪ੍ਰਚਾਰ ਸਬੰਧੀ ਵਿਚਾਰਾਂ ਕਰਨੀਆਂ ਅਤੇ ਤਕਰੀਬਨ ਗਿਆਰਾਂ ਮਹੀਨੇ ਨਿਵਾਸ ਕਰਨਾ।ਭਾਈ ਜੀ ਦੀ ਹੱਥੀਂ ਕੀਤੀ ਨੇਕ ਕਿਰਤ ਕਮਾਈ ਦੀ ਰੋਟੀ ਨੂੰ ਪਰਵਾਨ ਕਰਕੇ ਉਸਦੀ ਪ੍ਰਸ਼ੰਸ਼ਾ ਸਾਰੇ ਜਗਤ ਵਿੱਚ ਕਰਨੀ।ਉਹਨਾਂ ਦੀ ਬੇਟੀ ਦਾ ਵਿਆਹ ਕਰਕੇ ਗੁਰਮਤਿ ਵਿਆਹ ਦਾ ਚਲਨ ਸ਼ੁਰੂ ਕਰਨਾ।ਗੁਰੁ ਅਮਰਦਾਸ ਜੀ ਵੱਲੋਂ ਭਾਈ ਸਾਹਿਬ ਦੀਆਂ ਬਣਾਈਆਂ ਮੰਜੀਆਂ ਨੂੰ ਪ੍ਰਚਾਰਕ ਤੌਰ ਤੇ ਸਥਾਪਤ ਕਰਕੇ ਮਾਣ ਬਖਸ਼ਿਸ਼ ਕਰਨਾ।
ਭਾਈ ਲਾਲੋ ਜੀ ਦੇ ਜੀਵਨ ਬਾਰੇ ਵਖਿਆਨ ਕਰਦਿਆਂ ਅਜੋਕੇ ਪ੍ਰਚਾਰਕ ਕਈ ਵਾਰ ਇਸਤਰਾਂ ਬਿਆਨ ਕਰਦੇ ਹਨ ਕਿ ਭਾਈ ਜੀ ਅੱਤ ਦੇ ਗਰੀਬ ਤਰਖਾਣ ਸਨ ਤੇ ਉਹ ਕੋਧਰੇ ਦੀ ਰੋਟੀ ਖਾਕੇ ਗੁਜਾਰਾ ਕਰਦੇ ਸਨ।ਗਰੀਬ ਜਾਣਕੇ ਗੁਰੂ ਜੀ ਉਸਦਾ ਉਧਾਰ ਕਰਨ ਲਈ ਉਸ ਪਾਸ ਗਏ ਸਨ ।ਇਸਤਰਾਂ ਭਾਈ ਜੀ ਨੂੰ ਨੀਚਾ ਦਰਸਾਉਣ ਦੀ ਕੋਸ਼ਿਸ਼ ਕਰਦੇ ਹਨ।ਪਰ ਜਦੋਂ ਅਸੀਂ ਹਕੀਕਤ ਤੇ ਵਿਚਾਰ ਕਰਦੇ ਹਾਂ ਤਾਂ ਇਹ ਗੱਲਾਂ ਗਲਤ ਸਾਬਤ ਹੁੰਦੀਆਂ ਹਨ । ਪਹਿਲੀ ਗੱਲ ਇਹ ਹੈ ਕਿ ਭਾਈ ਜੀ ਦਾ ਮਕਾਨ 7ਮਰਲਿਆਂ ਦਾ ਸੀ ਤੇ ਉਸ ਵਿੱਚ ਖੂਹੀ ਲੱਗੀ ਹੋਈ ਸੀ।ਉਹ ਆਪ ਤਰਖਾਣਾ ਕੰਮ ਕਰਦੇ ਸਨ ਅਤੇ ਹਿਕਮਤ ਦੇ ਮਾਹਿਰ ਸਨ, ਤਈਏ ਤਾਪ ਦੀ ਦੁਆਈ ਜਗਤ ਪ੍ਰਸਿਧ ਸੀ।ਉਹਨਾਂ ਗੁਰੁ ਜੀ ਦੇ ਪਹਿਲੇ 22 ਦਿਨ ਨਿਵਾਸ ਦੁਰਾਨ ਹਰ ਰੋਜ ਨਵੀਂ ਮੰਜੀ ਤਿਆਰ ਕਰਕੇ ਇਕ ਤਰਾਂ ਨਾਲ ਰਿਕਾਰਡ ਕਾਇਮ ਕੀਤਾ।ਕੀ ਕੋਈ ਅੱਤ ਦਾ ਗਰੀਬੜਾ ਇਹ ਸਭ ਕਰ ਸਕਦਾ ਹੈ? ਦੂਸਰੀ ਗੱਲ ਕੋਧਰੇ ਦੀ ਰੋਟੀ ਨੂੰ ਅਤਿ ਗਰੀਬਾਂ ਦਾ ਖਾਣਾ ਕਹਿਣਾ।ਦੁਨੀਆਂ ਦੇ ਹਰ ਇਲਾਕੇ ਦੀ ਆਪਣੀ ਆਪਣੀ ਫਸਲ ਜਾਂ ਅਨਾਜ ਮੁਤਾਬਕ ਵਰਤੋਂ ਕੀਤੀ ਜਾਂਦੀ ਹੈ, ਜਿਵੇਂ ਸਾਡੇ ਮੁਲਕ ਦੇ ਮੈਦਾਨੀ ਇਲਾਕੇ ਵਿਚ ਕਣਕ, ਸਮੂੰਦਰੀ ਕੰਢਿਆਂ ਲਾਗੇ ਚਾਵਲ, ਪਹਾੜੀ ਇਲਾਕਿਆਂ ਵੱਲ ਮੱਕੀ, ਰੇਤਲੇ ਤੇ ਖੁਸ਼ਕ ਇਲਾਕਿਆਂ ਵਿੱਚ ਜਵਾਰ, ਬਾਜਰਾ ਜਿਸਨੂੰ ਉਸ ਵੇਲੇ ਆਮਤੌਰ ਤੇ ਕੋਧਰਾ ਵੀ ਕਿਹਾ ਜਾਂਦਾ ਸੀ ।ਸੋ ਕਿਸੇ ਇਕ ਅਨਾਜ ਨੂੰ ਮਾੜਾ ਤੇ ਗਰੀਬਾਂ ਦਾ ਖਾਣਾ ਕਹਿਣਾ ਠੀਕ ਨਹੀਂ ਹੈ। ਜਦੋਂ ਪਹਿਲੇ ਦਿਨ ਭਾਈ ਲਾਲੋ ਜੀ ਨੇ ਕੋਧਰੇ ਦੀ ਰੋਟੀ ਸ੍ਰੀ ਗੁਰੁ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਨੂੰ ਖਾਣ ਲਈ ਦਿੱਤੀ ਤਾਂ ਭਾਈ ਮਰਦਾਨਾ ਜੀ ਨੇ ਰੋਟੀ ਖਾਣ ਤੋਂ ਨਾਂਹ ਕਰ ਦਿੱਤੀ ਤਾਂ ਗੁਰੂ ਨਾਨਕ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਜਿਆਦਾ ਨਹੀਂ ਤਾਂ ਇਕ ਰੋਟੀ ਖਾ ਲਵੋ ਨਾਂਹ ਕਰਨ ਤੇ ਕਿਹਾ ਕਿ ਇਕ ਨਹੀਂ ਤਾਂ ਅੱਧੀ ਖਾ ਲਵੋ, ਫਿਰ ਨਾਂਹ ਕਰਨ ਤੇ ਮੁੜ ਕਿਹਾ ਕਿ ਅੱਧੀ ਨਹੀਂ ਤਾਂ ਚੌਥਾ ਹਿੱਸਾ ਖਾ ਲਵੋ, ਫਿਰ ਨਾਂਹ ਕਰਨ ਤੇ ਅਖੀਰ ਤੇ ਜੋਰ ਦੇ ਕੇ ਕਿਹਾ ਕਿ ਇਕ ਗਰਾਹੀ ਹੀ ਖਾ ਕੇ ਤਾਂ ਦੇਖੋ। ਹੁਣ ਜਦੋਂ ਭਾਈ ਮਰਦਾਨਾਂ ਜੀ ਨੇ ਰੋਟੀ ਦੀ ਇਕ ਬੁਰਕੀ ਖਾਧੀ ਤਾਂ ਉਹ ਸਵਾਦ ਅਤੇ ਅਨੰਦ ਆਇਆ ਕਿ ਹੁਣ ਸਾਰੀ ਰੋਟੀ ਦੀ ਮੰਗ ਕਰਨ ਲੱਗਾ।ਇਸ ਕੋਧਰੇ ਦੀ ਰੋਟੀ ਨੂੰ ਗੁਰੂ ਜੀ ਨੇ ਮਲਿਕ ਭਾਗੋ ਦੇ ਖਾਣਿਆਂ ਦੇ ਮੁਕਾਬਲੇ ਦੁੱਧ ਤੇ ਅੰਮ੍ਰਿਤ ਸਮਾਨ ਦੱਸ ਕੇ ਇਸਦੀ ਮਹਾਨਤਾ ਹੋਰ ਵੱਧਾ ਦਿੱਤੀ।ਇਸੇਤਰਾਂ ਜਦੋਂ ਏਮਨਾਬਾਦ ਦੇ ਫੌਜਦਾਰ ਜਾਲਮ ਖਾਂਨ ਦਾ ਇਕਲੌਤਾ ਪੁੱਤਰ ਸਖਤ ਬਿਮਾਰ ਹੋ ਗਿਆ ਤਾਂ ਹਰਤਰਾਂ ਦੇ ਇਲਾਜ ਦੇ ਬਾਵਜੂਦ ਉਸਦੇ ਬਚਣ ਦੀ ਕੋਈ ਆਸ ਨਾ ਰਹੀ ਤਾਂ ਉਸਨੇ ਗੁੱਸੇ ਵਿਚ ਆਕੇ ਇਲਾਕੇ ਦੇ ਸਾਰੇ ਵੈਦਾਂ, ਹਕੀਮਾਂ, ਪੀਰਾਂ, ਫਕੀਰਾਂ, ਗੁਰੂ ਨਾਨਕ ਦੇਵ ਜੀ, ਭਾਈ ਮਰਦਾਨਾਂ ਤੇ ਭਾਈ ਲਾਲੋ ਜੀ ਸਮੇਤ ਸਭ ਨੂੰ ਬੰਦੀ ਬਨਾ ਕੇ ਆਪਣੇ ਪੁੱਤਰ ਦੇ ਠੀਕ ਹੋਣ ਲਈ ਅਰਦਾਸ ਕਰਨ ਲਈ ਕਿਹਾ।ਗੁਰੁ ਨਾਨਕ ਦੇਵ ਜੀ ਨੇ ਉਸ ਨੂੰ ਸਮਝਾਇਆ ਕਿ ਮਹਾਂਪੁਰਸ਼ਾਂ ਕੋਲੋਂ ਜਬਰਦਸਤੀ ਅਰਦਾਸ ਕਰਾਈ ਦਾ ਕੋਈ ਲਾਭ ਨਹੀਂ ਹੁੰਦਾ ਇਸ ਲਈ ਇਹਨਾਂ ਸਭ ਨੂੰ ਰਿਹਾ ਕਰਕੇ ਮੁਆਫੀ ਮੰਗੋ ਤਾਂ ਕੁਛ ਹੋ ਸਕਦਾ ਹੈ।ਜਦੋਂ ਜਾਲਮ ਖਾਂਨ ਨੇ ਅਪਣੀ ਭੁੱਲ ਬਖਸ਼ਾ ਕੇ ਸਭ ਨੂੰ ਰਿਹਾ ਕਰ ਦਿੱਤਾ ਤਾਂ ਗੁਰੂ ਜੀ ਨੇ ਭਾਈ ਲਾਲੋ ਨੂੰ ਕਿਹਾ ਕਿ ਆਪਣੇ ਘਰੋਂ ਜੂਠੀ ਰੋਟੀ ਦਾ ਇਕ ਟੁਕੜਾ ਲਿਆ ਕਿ ਇਸ ਲੜਕੇ ਦੇ ਮੂੰਹ ਵਿਚ ਪਾਉ ਤਾਂ ਜੋ ਇਹ ਠੀਕ ਹੋ ਜਾਵੇ।ਜੱਦੋਂ ਇਸੇਤਰਾਂ ਕੀਤਾ ਗਿਆ ਤਾਂ ਜਾਲਮ ਖਾਨ ਦਾ ਮੁੰਡਾ ਨੌਂ-ਬਰ-ਨੌਂ ਹੋ ਗਿਆ।ਇਸਤਰਾਂ ਫਿਰ ਗੁਰੂ ਜੀ ਨੇ ਆਪਣੀ ਬਖਸ਼ਿਸ਼ ਕਰਕੇ ਇਸ ਕੋਧਰੇ ਦੀ ਰੋਟੀ ਨੂੰ ਮਾਣ ਦਿੱਤਾ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)