ਬਾਲ ਚੋਜ਼ ਕਲਗੀਧਰ ਪਿਤਾ ਜੀ
(ਭਾਗ -2)
ਬਹੁਤਿਆਂ ਨੂੰ ਪਤਾ ਨਹੀ ਕਿ ਕਲਗੀਧਰ ਪਿਤਾ ਜੀ ਲਈ “ਬਾਲਾ ਪ੍ਰੀਤਮ” ਸ਼ਬਦ ਪਹਿਲੀ ਵਾਰ ਪੰਡਿਤ ਸ਼ਿਵਦੱਤ ਨੇ ਵਰਤਿਆ ਸੀ। ਉਨ੍ਹਾਂ ਤੋਂ ਸੁਣ ਕੇ ਪਟਨੇ ਦੀ ਸਾਰੀ ਸੰਗਤ ਸਤਿਗੁਰਾਂ ਨੂੰ ਬਾਲਾ ਪ੍ਰੀਤਮ , ਬਾਲਾ ਪ੍ਰੀਤਮ ਕਹਿ ਕੇ ਬੁਲਉਣ ਲੱਗੀ। ਸ਼ਿਵਦੱਤ ਪਟਨੇ ਦਾ ਰਹਿਣ ਵਾਲਾ ਬ੍ਰਾਹਮਣ ਸੀ , ਜ਼ਮੀਨ ਜਾਇਦਾਦ ਬਹੁਤ ਸੀ , ਇਸ ਕਰਕੇ ਕਈ ਤਾਂ ਰਾਜਾ ਸ਼ਿਵਦੱਤ ਵੀ ਕਹਿੰਦੇ। ਸ਼ਿਵਦੱਤ “ਰਾਮ” ਦਾ ਉਪਾਸ਼ਕ ਸੀ , ਗੰਗਾ ਦੇ ਕਿਨਾਰੇ ਬੈਠ ਮੂਰਤੀਆਂ ਰੱਖ ਕੇ ਪੂਜਾ ਤੇ ਅਰਾਧਨਾ ਕਰਨੀ ਉਸ ਦਾ ਨੇਮ ਸੀ। ਉੱਥੇ ਹੀ ਆਸ ਪਾਸ ਅਕਸਰ ਕਲਗੀਧਰ ਪਿਤਾ ਆਪਣੇ ਬਾਲ ਸਾਥੀਆਂ ਦੇ ਨਾਲ ਖੇਡਦੇ। ਸਤਿਗੁਰੂ ਜੀ ਦੇ ਕੌਤਕਾਂ ਨੂੰ ਦੇਖ ਦੇਖ ਸ਼ਿਵਦੱਤ ਮੋਹਿਤ ਹੁੰਦਾ ਗਿਆ। ਉਸਨੂੰ ਸਤਿਗੁਰਾਂ ਦੇ ਅਲੌਕਿਕ ਰੂਪ ਦੀ ਝਲਕ ਮਿਲਦੀ। ਕਈ ਕੌਤਕ ਅੱਖੀਂ ਦੇਖੇ ਜਿਵੇਂ ਕੋੜੀ ਨੂੰ ਰਾਜ਼ੀ ਕਰਨਾ (ਸਾਰੀ ਸਾਖੀ ਫਿਰ ਲਿਖਾਂਗਾ) ,
ਪੰਡਿਤ ਨੇ ਇੱਕ ਦਿਨ ਮਨ ਚ ਭਾਵਨਾ ਕੀਤੀ ਜੇ ਏ ਸੱਚੀ ਰੱਬੀ ਅਵਤਾਰ ਨੇ ਜਿਵੇਂ ਲੋਕ ਕਹਿੰਦੇ ਤੇ ਮੈਨੂੰ ਅਨੁਭਵ ਹੁੰਦਾ ਹੈ ਤਾਂ ਕੱਲ੍ਹ ਮੈਨੂੰ ਰਾਮ ਦੇ ਰੂਪ ਚ ਦਰਸ਼ਨ ਦੇਣ। ਅਗਲੇ ਦਿਨ ਜਦ ਖੇਡਣ ਆਏ ਤਾਂ ਮਨ ਦੀ ਭਾਵਨਾ ਅਨੁਸਾਰ ਸ਼ਿਵਦੱਤ ਨੂੰ ਸਤਿਗੁਰਾਂ ਚੋ ਰਾਮ ਦਿਖਾਈ ਦਿੱਤਾ। ਵਾਰ ਵਾਰ ਅੱਖਾਂ ਮਲ ਮਲ ਦੇਖੇ ਕਿਤੇ ਕੋਈ ਭੁਲੇਖਾ ਤਾਂ ਨਹੀ। ਪੰਡਿਤ ਜੀ ਵਿਸਮਾਦ ਚ ਚਲੇ ਗਏ , ਫਿਰ ਉਹਨੇ ਕ੍ਰਿਸ਼ਨ ਰੂਪ ਚ ਦੇਖਿਆ , ਮਹਾਤਮਾ ਬੁੱਧ ਦੇ ਰੂਪ ਚ ਵੀ ਦੇਖਿਆ , ਜੋ ਵੀ ਉਹ ਖਿਆਲ ਕਰੇ ਸਰਬ ਕਲਾ ਸਮਰੱਥ ਪਾਤਸ਼ਾਹ ਜੀ ਉਸੇ ਰੂਪ ਚ ਦਿਖਾਈ ਦੇਣ। ਸ਼ਿਵਦੱਤ ਜੀ ਨੇ ਪੱਥਰ ਪੂਜਾ ਛੱਡ ਦਿੱਤੀ , ਹੁਣ ਗੰਗਾ ਕਿਨਾਰੇ ਬੈਠ ਸਤਿਗੁਰਾਂ ਦੇ ਚਰਨਾ ਦਾ ਧਿਆਨ ਕਰਦਾ। ਉੱਥੇ ਹੀ ਖੇਡਦਿਆਂ ਹੋਇਆਂ ਦਰਸ਼ਨ ਹੁੰਦੇ। ਸ਼ਿਵਦੱਤ “ਬਾਲਾ ਪ੍ਰੀਤਮ” ਕਹਿ ਕੇ ਬੁਲਾਉਂਦਾ, ਪਾਤਸ਼ਾਹ ਜੀ ਨੇ ਅਕਸਰ ਧਿਆਨ ਚ ਬੈਠਿਆਂ ਸ਼ਿਵਦੱਤ ਦੇ ਕੰਨ ਚ ਕਹਿਣਾ ਬਾਬਾ ਜੀ ਝਾਤ।
ਗੁਰੂ ਚਰਨਾਂ ਦਾ ਐਸਾ ਪ੍ਰੇਮੀ ਹੋਇਆ ਕੇ ਦਰਸ਼ਨਾਂ ਬਿਨਾ ਰਹਿਆ ਨਾ ਜਾਵੇ, ਜੇ ਕਦੇ ਅੱਗਾ ਪਿੱਛਾ ਹੋਣਾ ਤਾਂ ਗੁਰੂ ਘਰੇ ਜਾ ਦਰਸ਼ਨ ਕਰਨੇ , ਸ਼ਿਵਦੱਤ ਨੇ ਹੀ ਰਾਜਾ ਫ਼ਤਹਿ ਚੰਦ ਤੇ ਉਸ ਦੀ ਪਤਨੀ ਨੂੰ ਗੁਰੂ ਚਰਨਾਂ ਨਾਲ ਜੋਡ਼ਿਆ ਸੀ , ਸ਼ਾਮ ਸਮੇ ਦਸਮੇਸ਼ ਜੀ ਰਾਜਾ ਫ਼ਤਹਿ ਚੰਦ ਮੈਣੀ ਦੇ ਮਹਿਲਾ ਚ ਖੇਡ ਦੇ ਸ਼ਿਵਦੱਤ ਵੀ ਰੋਜ਼ ਸ਼ਾਮ ਨੂੰ ਮਹਿਲਾਂ ਚ ਪਹੁੰਚ ਕੇ ਦਰਸ਼ਨ ਕਰਦਾ। ਬਚਨ ਸੁਣਦਾ, ਆਪਣੇ ਬਾਲਾ ਪ੍ਰੀਤਮ ਦੇ ਚੋਜ ਦੇਖ ਦੇਖ ਖਿੜਦਾ, ਛੋਲੇ ਪੂਡ਼ੀਆਂ ਦਾ ਪ੍ਰਸ਼ਾਦ ਪਾਤਸ਼ਾਹ ਦੇ ਹੱਥੋਂ ਲੈ ਕੇ ਘਰ ਨੂੰ ਵਿਦਾ ਹੁੰਦਾ , ਏ ਰੋਜ਼ ਦਾ ਨੇਮ ਸੀ , ਜਦੋਂ ਸਤਿਗੁਰੂ ਜੀ ਪਟਨੇ ਤੋਂ ਪੰਜਾਬ ਵੱਲ ਨੂੰ ਤੁਰਨ ਲੱਗੇ ਤਾਂ ਸ਼ਿਵਦੱਤ ਨੇ ਹੱਥ ਜੋੜੇ ਦਰਸ਼ਨਾਂ ਦੀ ਮੰਗ ਕੀਤੀ ਤਾਂ ਬਚਨ ਹੋਏ ਪੰਡਿਤ ਜੀ ਤੁਹਾਨੂੰ ਸਵੇਰੇ ਧਿਆਨ ਚ ਦਰਸ਼ਨ ਹੋਇਆ ਕਰਨਗੇ , ਏਦਾਂ ਸਮਾਂ ਬਤੀਤ ਹੁੰਦਾ ਗਿਆ।
ਕਈ ਸਾਲਾਂ ਬਾਅਦ (ਲਗਭਗ 1688/89 )ਰਾਜਾ ਫ਼ਤਹਿ ਚੰਦ ਸੰਗਤ ਨਾਲ ਸਲਾਹ ਕਰਕੇ ਗੁਰੂ ਦਰਸ਼ਨਾਂ ਲਈ ਆਨੰਦਪੁਰ ਸਾਹਿਬ ਅਉਣ ਦੀ ਤਿਆਰੀ ਕਰਨ ਲੱਗਾ। ਇਸ ਗੱਲ ਦਾ ਪਤਾ ਜਦੋ ਪੰਡਤ ਸ਼ਿਵਦੱਤ ਨੂੰ ਲੱਗਾ ਉਨ੍ਹਾਂ ਬੇਨਤੀ ਕੀਤੀ ਮੈਨੂੰ ਵੀ ਲੈ ਚੱਲੋ , ਫਤਿਹ ਚੰਦ ਜੀ ਨੇ ਕਿਹਾ ਬਾਬਾ ਜੀ ਤੁਹਾਡਾ ਸਰੀਰ ਬਹੁਤ ਬਿਰਦ ਹੈ, ਸਫ਼ਰ ਬਹੁਤ ਲੰਮਾ ਹੈ , ਰੱਬ ਨਾ ਕਰੇ ਰਸਤੇ ਚ ਕੁਝ ਹੋ ਜਾਵੇ ਤਾਂ…....
ਸੁਣ ਕੇ ਸ਼ਿਵਦੱਤ ਦੀਆਂ ਅੱਖਾਂ ਭਰ ਆਈਆਂ , ਸਰੀਰ ਨੂੰ ਕੋਸਣ ਲੱਗਾ , ਫਿਰ ਸ਼ਿਵਦੱਤ ਨੇ ਹੱਥ ਜੋੜ ਏਨੇ ਵਿਰਾਗ ਤੇ ਬਿਰਹੋ ਭਰੇ ਬੋਲਾਂ ਨਾਲ ਪੁਕਾਰ ਕੀਤੀ , ਸੁਨਣ ਵਾਲਿਆ ਦੇ ਕਾਲਜੇ ਵਿੰਨ ਦਿੱਤੇ ,ਰਾਜਾ ਫਤਿਹ ਚੰਦ ਕੋਲੋਂ ਰਿਹਾ ਨਾ ਗਿਆ , ਸ਼ਿਵਦੱਤ ਜੀ ਨੂੰ ਤਿਆਰੀ ਕਰ ਲਈ ਬਜੁਰਗੀ ਕਰਕੇ ਪੰਡਿਤ ਜੀ ਨੂੰ ਇਕ ਪਾਲਕੀ ਚ ਬਿਠਾ ਲਿਆ , ਸ਼ਿਵਰਾਮ ਦੀਆਂ ਅੱਖਾ ਫਿਰ ਭਰ ਆਈਆ , ਪਿਆਰੇ ਦੇ ਦੇਸ਼ ਜਾਣਾ ਹੈ ਤੇ ਕਿੰਨੀ ਬੇਅਦਬੀ ਹੈ ਪਾਲਕੀ ਚ ਚੜਕੇ…… ਪਾਪੀ ਸਰੀਰਾ ਜੇ ਤੂੰ ਸਾਥ ਦੇਂਦਾ ਤਾਂ ਮੈਂ ਨੰਗੇ ਪੈਰੀਂ ਚੱਲ ਕੇ ਅਨੰਦ ਦੀ ਪੁਰੀ ਆਪਣੇ ਬਾਲਾ ਪ੍ਰੀਤਮ ਦੇ ਦੇਸ਼ ਜਾਂਦਾ , ਖੈਰ ਚਲਦਿਆਂ ਚਲਦਿਆਂ ਸਾਰਾ ਰਸਤਾ ਲੰਘਿਆ, ਉੱਧਰ ਕਲਗੀਧਰ ਪਿਤਾ ਨੂੰ ਖਬਰ ਮਿਲੀ ਪਟਨੇ ਤੋ ਰਾਜਾ ਫਤਹਿ ਚੰਦ ਜੀ ਸੰਗਤ ਲੈ ਕੇ ਆ ਰਹੇ ਨੇ ਤੇ ਬਜ਼ੁਰਗ ਬਾਬਾ ਸ਼ਿਵਦੱਤ ਵੀ ਨਾਲ ਹੈ। ਦਿਲਾਂ ਦੇ ਜਾਣੂੰ ਕਲਗੀਆਂ ਵਾਲੇ ਪਾਤਸ਼ਾਹ ਤੋ ਰਿਹਾ ਨਾ ਗਿਆ , ਆਪ ਅੱਗੋਂ ਰੋਪੜ ਤਕ ਲੈਣ ਆਏ ਕਹਾਰਾਂ ਨੇ ਸ਼ਿਵਦੱਤ ਦੀ ਪਾਲਕੀ ਚੁੱਕੀ ਹੋਈ ਸੀ , ਦਸਮੇਸ਼ ਜੀ ਨੇ ਹੌਲੀ ਹੌਲੀ ਨੇੜੇ ਆ ਕੇ ਕਿਹਾ ਬਾਬਾ ਜੀ ਝਾਤ ……
ਏ ਬੋਲ ਕਰਾਮਾਤੀ ਕਹਿਣ ਦੀ ਦੇਰ ਸੀ ਸ਼ਿਵਦੱਤ ਦਾ ਰੋਮ ਰੋਮ ਖ਼ੁਸ਼ੀ ਨਾਲ ਉੱਛਲ ਪਿਆ , ਪਾਲਕੀ ਤੋ ਬਾਹਰ ਦੇਖਿਆ ਬਾਲਾ ਪ੍ਰੀਤਮ ਸੱਚੀ ਮੇਰਾ ਬਾਲਾ ਪ੍ਰੀਤਮ ਜੋ ਹੁਣ ਭਰ ਜਵਾਨੀ ਚ ਹੈ , ਚੰਦ ਵਰਗਾ ਮੁਖ ਤੇ ਕਾਲਾ ਸ਼ਾਹ ਦਾਹੜਾ ਹੈ ਪਰ ਹੁਣ ਵੀ ਮੈਨੂੰ ਬਾਲ ਚੋਜ ਦਿਖਾਉਦਾ ਝਾਤ ਕਰਦਾ ਹੈ ਜਿਵੇ ਪਟਨੇ ਗੰਗਾ ਕਿਨਾਰੇ ਕਰਦਾ ਸੀ ਸ਼ਿਵਦੱਤ ਉੱਛਲ ਕੇ ਪਾਲਕੀ ਚੋ ਬਾਹਰ ਢਿੱਗਣ ਲੱਗਾ , ਪੱਟੇਬਾਜੀ ਦੇ ਉਸਤਾਦ ਕਲਗੀਆਂ ਵਾਲੇ ਪਿਤਾ ਨੇ ਜੱਫੀ ਚ ਬੂਚ ਲਿਆ , ਘੁੱਟ ਕੇ ਗਲ ਨਾਲ ਲਾ ਲਿਆ , ਸ਼ਿਵਦੱਤ ਦਾ ਗਲ ਭਰ ਆਇਆ , ਬੋਲਿਆ ਨ ਜਾਵੇ , ਵਾਰ ਵਾਰ ਘੁੱਟ ਘੁੱਟ ਕਲਗੀਆਂ ਵਾਲੇ ਪਾਤਸ਼ਾਹ ਨੂੰ ਗਲ ਨਾਲ ਲਾਵੇ। ਜਦੋਂ ਆਨੰਦਪੁਰ ਸਾਹਿਬ ਪਹੁੰਚੇ ਤਾਂ ਸ਼ਿਵਦੱਤ ਜੀ ਨੇ ਸੋਚਿਆ ਬਾਲਾ ਪ੍ਰੀਤਮ ਸ਼ਬਦ ਕਹਿ-ਕੇ ਮੈ ਕਿਤੇ ਬੇਅਦਬੀ ਕਰਦਾਂ ਹੋਵਾਂ ਕਿਉਕਿ ਸਾਰੀ ਸੰਗਤ ਸਤਿਗੁਰੂ ਕਹਿੰਦੀ ਹੈ ਇਸ ਲਈ “ਸਤਿਗੁਰੂ ਜੀ” ਕਹਿ ਕੇ ਬਲਾਇਆ ਪਰ ਦਸਮੇਸ਼ ਜੀ ਨੇ ਕਿਹਾ ਬਾਬਾ ਜੀ ਤੁਸੀਂ “ਬਾਲਾ ਪ੍ਰੀਤਮ” ਹੀ ਸੱਦੋ ਤੁਹਾਡੇ ਮੂੰਹੋਂ ਇਹ ਸ਼ਬਦ ਸੁਣ ਕੇ ਜੋ ਸਾਨੂੰ ਰਸ ਆਉਂਦਾ ਹੈ ਅਸੀ ਛੱਡਣਾ ਨਹੀਂ ਚਾਹੁੰਦੇ। ਸ਼ਿਵਦੱਤ ਜੀ ਸੁਣ ਕੇ ਹੋਰ ਨਿਹਾਲ ਹੋ ਗਏ , ਚਰਨ ਫੜ ਲਏ ਕਹਿਣ ਲੱਗੇ ਮੇਰੇ ਪ੍ਰੀਤਮਾਂ ਜੀ ਇਕ ਮੇਹਰ ਹੋਰ ਕਰੋ ਹੁਣ ਮੈਨੂੰ ਵਿੱਛੜਿਉ ਨ ਸਦਾ ਲਈ ਆਪਣੇ ਚਰਨਾਂ ਚ ਸਮਾ ਲਿਉ। ਮੈ ਹੁਣ ਬਿਰਹੋ ਦੇ ਦੇਸ਼ ਨਹੀ ਜਾਣਾ ਚਹੁੰਦਾ ਸਤਿਗੁਰਾਂ ਨੇ ਕਿਹਾ ਹੈ, “ਜੈਸੀ ਮਨਸਾ ਤੈਸੀ ਦਸਾ”
ਗੁਰੂ ਨਾਨਕ ਸਾਹਿਬ ਨੇ ਚਾਹਿਆ ਤੇ ਏਦਾ ਹੋਵੇਗਾ, ਥੋੜ੍ਹੇ ਦਿਨਾਂ ਬਾਅਦ ਪੰਡਿਤ ਸ਼ਿਵਦੱਤ ਜੀ ਆਨੰਦਪੁਰ ਹੀ ਆਪਣੇ ਬਾਲਾ ਪ੍ਰੀਤਮ ਜੀ ਦੀ ਗੋਦ ਚ ਸਿਰ ਰੱਖਿਆ , ਗੁਰੂ ਚਰਨਾਂ ਚ ਲੀਨ ਹੋ ਗਏ। ਸਤਿਗੁਰਾਂ ਨੇ ਆਪਣੇ ਪਿਆਰੇ ਦਾ ਆਪ ਹੱਥੀਂ ਸਸਕਾਰ ਕੀਤਾ ਅਤੇ ਫੁਲ ਸਤਲੁਜ ਦੇ ਵਿੱਚ ਪਾਏ।
ਸਰੋਤ ਭਾਈ ਸਾਹਿਬ ਭਾਈ ਵੀਰ ਸਿੰਘ।
ਗੁਰੂ ਪਿਤਾ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਦੂਸਰੀ ਪੋਸਟ।
ਮੇਜਰ ਸਿੰਘ
ਗੁਰੂ ਕਿਰਪਾ ਕਰੇ