More Gurudwara Wiki  Posts
ਬਾਬਾ ਬੁੱਢਣ ਸ਼ਾਹ ਜੀ


ਸਾਈਂ ਬਾਬਾ ਬੁੱਢਣ ਸ਼ਾਹ ਜੀ ਦਾ ਪਿਛੋਕੜ ਬਗਦਾਦ ਸ਼ਹਿਰ ਤੋਂ ਸੀ , ਸਾਈਂ ਜੀ ਇਸ ਧਰਤੀ ‘ ਤੇ ਖ਼ੁਦਾ ਦੀ ਇਬਾਦਤ ਲਈ ਇਕ ਵਧੀਆ ਸਥਾਨ ਦੀ ਭਾਲ ਕਰਦੇ ਹੋਏ ਜੰਮੂ – ਕਸ਼ਮੀਰ , ਕੁਲੂ – ਮਨਾਲੀ ਵਾਲੇ ਰਾਸਤੇ ਹੁੰਦੇ ਹੋਏ ਕੀਰਤਪੁਰ ਸਾਹਿਬ ਦੇ ਜੰਗਲਾਂ ਵਿਚ ਇਕ ਉਚੀ ਪਹਾੜੀ ਤੇ ਆਕੇ ਡੇਰਾ ਲਾਇਆ । ਇਤਿਹਾਸਕਾਰਾ ਅਨੁਸਾਰ ਜਦੋਂ ਸਾਈਂ ਬਾਬਾ ਬੁੱਢਣ ਸ਼ਾਹ ਜੀ ਦੀ ਉਮਰ 671 ਸਾਲ ਦੀ ਹੋ ਚੁਕੀ ਸੀ ਕੁੱਦਰਤ ਵਲੋਂ ਉਹਨਾਂ ਨੂੰ ਇਕ ਸ਼ੇਰ , ਇੱਕ ਕੁੱਤਾ ਤੇ ਤਿੰਨ ਬਕਰੀਆਂ ਪ੍ਰਾਪਤ ਹੋਈਆਂ ਸਨ , ਇਨ੍ਹਾਂ ਬਕਰੀਆਂ ਨੂੰ ਸ਼ੇਰ ਤੇ ਕੁਤਾ ਜੰਗਲਾਂ ਵਿਚ ਚਰਾ ਕੇ ਲਿਆਉਂਦੇ ਸਨ ।
ਸਾਈਂ ਜੀ ਭਗਤੀ ‘ਚ ਲੀਨ ਹੋ ਗਏ ਅਤੇ ਤਪੱਸਿਆ ਕਰਨ ‘ਚ ਰੁੱਝੇ ਰਹਿੰਦੇ। ਉਨ੍ਹਾਂ ਭਾਰੀ ਤਪੱਸਿਆ ਕੀਤੀ, ਉਸ ਸਮੇਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਹਰਿਦੁਆਰ ਵਿਖੇ ਸੁਸ਼ੋਭਿਤ ਸਨ ਤਾਂ ਉਨ੍ਹਾਂ ਪਾਸ ਇਕ ਵਿਅਕਤੀ ਦਰਸ਼ਨਾਂ ਨੂੰ ਆਇਆ, ਜਿਸ ਦੀ ਫਰਿਆਦ ਸੁਣਦਿਆਂ ਹੀ ਗੁਰੂ ਜੀ ਨੇ ਅੰਤਰ ਧਿਆਨ ਹੋ ਕੇ ਵੇਖਿਆ ਕਿ ਕੀਰਤਪੁਰ ਸਾਹਿਬ ਵਿਖੇ ਬੜੇ ਹੀ ਚਿਰਾਂ ਤੋਂ ਇਕ ਪ੍ਰੇਮੀ ਉਨ੍ਹਾਂ ਨੂੰ ਯਾਦ ਕਰ ਰਿਹਾ ਹੈ। ਕੋਲ ਬੈਠੇ ਵਿਅਕਤੀ ਨੇ ਪੁੱਛਿਆ ਕਿ ਇੰਨੀ ਦੂਰ ਤੁਹਾਨੂੰ ਕੌਣ ਯਾਦ ਕਰ ਰਿਹਾ ਹੈ ਤਾਂ ਬਾਬਾ ਬੁੱਢਣ ਸ਼ਾਹ ਦਾ ਨਾਮ ਲੈ ਕੇ ਆਪ ਨੇ ਕੀਰਤਪੁਰ ਸਾਹਿਬ ਵੱਲ ਚਾਲੇ ਪਾ ਦਿੱਤੇ। ਜਦੋਂ ਸਾਈਂ ਜੀ 671 ਸਾਲ ਦੇ ਹੋ ਗਏ ਤਾਂ ਅਚਾਨਕ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਉਥੇ ਆਏ, ਜਿਥੇ ਸਾਈਂ ਜੀ ਤਪੱਸਿਆ ਕਰ ਰਹੇ ਸਨ। ਜਿਉਂ ਹੀ ਸਾਈਂ ਜੀ ਦੀ ਸਮਾਧੀ ਖੁੱਲ੍ਹੀ ਤਾਂ ਕੀ ਵੇਖਿਆ ਕਿ ਗੁਰੂ ਨਾਨਕ ਸਾਹਿਬ ਤੇ ਨਾਲ ਉਨ੍ਹਾਂ ਦੇ ਦੋ ਸਾਥੀ ਭਾਈ ਮਰਦਾਨਾ ਤੇ ਭਾਈ ਬਾਲਾ ਬੜੇ ਅਡੋਲ ਸੁਸ਼ੋਭਿਤ ਹਨ। ਸਾਈਂ ਜੀ ਨੇ ਉਨ੍ਹਾਂ ਦੀ ਆਓਭਗਤ ਕੀਤੀ ਅਤੇ ਬੱਕਰੀਆਂ ਦਾ ਤਾਜ਼ਾ ਦੁੱਧ ਚੋ ਕੇ ਗੁਰੂ ਨਾਨਕ ਸਾਹਿਬ ਨੂੰ ਪੀਣ ਲਈ ਭੇਟ ਕੀਤਾ ਅਤੇ ਕਿਹਾ ਕਿ ਇਹੋ ਕੁਝ ਹੀ ਅਸੀਂ ਖੁਦ ਪੀਂਦੇ ਹਾਂ ਅਤੇ ਤੁਸੀਂ ਵੀ ਮੇਰਾ ਇਹ ਦੁੱਧ ਪ੍ਰਵਾਨ ਕਰੋ। ਤਦ ਗੁਰੂ ਜੀ ਅੱਗੋਂ ਬੋਲੇ ਕਿ ਅੱਜ ਤਾਂ ਅਸੀਂ ਤ੍ਰਿਪਤ ਹੋ ਕੇ ਆਏ ਹਾਂ ਅਤੇ ਤੇਰਾ ਇਹ ਦੁੱਧ ਨਹੀਂ ਪੀਣਾ ਤਾਂ ਸਾਈਂ ਜੀ ਨੇ ਫਿਰ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਮੇਰਾ ਇਹ ਦੁੱਧ ਮੇਰੀ ਸ਼ਰਧਾ ਹੈ, ਇਸ ਲਈ ਮੇਰੀ ਸ਼ਰਧਾ ਨੂੰ ਸਵੀਕਾਰ ਕਰੋ, ਨਹੀਂ ਤਾਂ ਮੇਰੀ ਸ਼ਰਧਾ ਟੁੱਟ ਜਾਣੀ ਹੈ। ਉਸ ਸਮੇਂ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਕਿ ਸ਼ਰਧਾ, ਸ਼ਰਧਾ ਹੀ ਬਣੀ ਰਹੇਗੀ ਪਰ ਇਹ ਦੁੱਧ ਅੱਜ ਨਹੀਂ ਪੀਣਾ, ਸਗੋਂ ਛੇਵੇਂ ਜਾਮੇ ‘ਚ ਆ ਕੇ ਜ਼ਰੂਰ ਪੀਆਂਗੇ। ਇਹ ਸਾਡੀ ਅਮਾਨਤ ਹੈ, ਸਾਈਂ ਜੀ ਇਸ ਨੂੰ ਸਾਂਭ ਕੇ ਰੱਖਿਓ। ਸਾਈਂ ਜੀ ਆਸ ਦੀ ਕਿਰਨ ਲੈ ਕੇ ਅੱਗੋਂ ਕਹਿਣ ਲੱਗੇ ਕਿ ਗੁਰੂ ਜੀ ਤੁਹਾਡਾ ਕਿਹਾ ਸਿਰ ਮੱਥੇ ਪਰ ਹੁਣ ਮੇਰੀ ਉਮਰ 671 ਸਾਲ ਦੀ ਹੋ ਗਈ ਹੈ, ਹੁਣ ਕਿਤਨੀ ਦੇਰ ਮੈਨੂੰ ਹੋਰ ਜਿਊਣ ਲਈ ਮਜਬੂਰ ਕਰੋਗੇ ।
ਸਾਂਈਂ ਜੀ ਨੇ ਗੁਰੂ ਜੀ ਦੀ ਆਗਿਆ ਨੂੰ ਮੰਨਦੇ ਹੋਏ, ਉਸ ਦੁੱਧ ਦੇ ਛੰਨੇ ਨੂੰ ਆਪਣੇ ਧੂਣੇ ਵਿਚ ਦੱਬਾ ਕਿ ਰੱਖ ਦਿੱਤਾ, ਜੋ ਕਿ 121 ਸਾਲ ਤਕ ਧੂਣੇ ਵਿੱਚ ਦੱਬਿਆ ਰਿਹਾ।
ਆਖਦੇ ਹਨ ਇੰਤਜ਼ਾਰ ਇਕ ਪਲ , ਇਕ ਘੜੀ ਵੀ ਕਰਨਾ ਔਖਾ ਹੋ ਜਾਂਦਾ ਹੈ ਪਰ ਕੁਝ ਐਸੇ ਹਨ ਜੋ ਇਕ ਦਿਨ ਜਾਂ ਇਕ ਸਾਲ ਨਹੀਂ , ਸਦੀਆਂ ਤੱਕ ਆਪਣੇ ਪਿਆਰੇ ਦੇ ਮਿਲਣ ਦੀ ਚਾਅ ਵਿਚ ਇੰਤਜ਼ਾਰ ਕਰਦੇ ਹਨ । ਐਸੇ ਹੀ ਸਨ ਬੁੱਢਣ ਸ਼ਾਹ ਜੀ ਜੋ ਕੀਰਤਪੁਰ ਲਾਗੇ ਪਹਾੜੀ ਉੱਤੇ ਉਸੇ ਸੋਹਣੀ ਜਗ੍ਹਾ ਉੱਤੇ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੋਏ ਸਨ , ਆਪਣਾ ਟਿਕਾਣਾ ਬਣਾ ਇੰਤਜ਼ਾਰ ਕਰ ਰਹੇ ਸਨ । ਸਮਾਂ ਬੀਤਦਾ ਗਿਆ ਪਰ ਬੁੱਢਣਸ਼ਾਹ ਜੀ ਗੁਰੂ ਨਾਨਕ ਦਾ ਨਾਮ ਲੈਂਦੇ ਉੱਥੇ ਹੀ ਅਰਾਧਨਾ ਕਰਦੇ ਬੈਠੇ ਰਹੇ । ਉਹ ਉਜਾੜ ਸਥਾਨ ਕਾਫ਼ੀ ਰਮਣੀਕ ਬਣ ਗਿਆ ਸੀ । ਬੁੱਢਣਸ਼ਾਹ ਨੇ ਜਨਮ ਭਾਵੇਂ ਮੁਸਲਮਾਨ ਘਰ ਲਿਆ ਸੀ ਪਰ ਸਾਰਿਆਂ ਦਾ ਬੜਾ ਮਾਣ ਕਰਦੇ । ਸਭ ਧਰਮਾਂ ਦਾ ਸਤਿਕਾਰ ਕਰਦੇ । ਉਨ੍ਹਾਂ ਦੇ ਟਿਕਾਣੇ ਸ਼ੇਰ ਤੇ ਬੱਕਰੀ ਇਕੱਠੇ ਪਾਣੀ ਪੀਂਦੇ । ਅੱਲਾਹ ਦੇ ਰੰਗ ਵਿਚ ਮਸਤ ਰਹਿੰਦੇ । ਉਮਰ ਵਧਦੀ ਗਈ । ਸਮਾਂ ਬੀਤਦਾ ਗਿਆ । ਸਰੀਰ ਬਿਰਧ ਹੁੰਦਾ ਗਿਆ । ਸਾਥੀ ਪਿਆਰੇ ਸਾਥ ਛੱਡਦੇ ਗਏ । ਸਾਥੀ ਪੀਜੂ ਜਿਸ ਦੇ ਸਾਰੇ ਪਰਿਵਾਰ ਨੂੰ ਗੁਰੂ ਨਾਨਕ ਦੇਵ ਜੀ ਨੇ ਤਾਰਿਆ ਸੀ ਉਹ ਵੀ ਸੰਸਾਰ ਯਾਤਰਾ ਪੂਰੀ ਕਰ ਚਲੇ ਗਏ । ਉਸੇ ਪੀਜੂ ਦੀ ਧੀ ਵੀ 60 ਵਰ੍ਹੇ ਦੀ ਉਮਰ ਭੋਗ ਕੇ ਸਰੀਰਕ ਚੋਲਾ ਛੱਡ ਗਈ ਸੀ । ਕਈ ਫ਼ਕੀਰ , ਬਾਲ ਸਖਾ , ਪੀਜੂ ਦਾ ਪੁੱਤਰ ਤੇ ਭਤੀਜੇ ਵਾਰੀ – ਵਾਰੀ ਜ਼ਮੀਨ ਵਿਚ ਜਾ ਸੁੱਤੇ ਪਰ ਬੁੱਢਣ ਸ਼ਾਹ ਉਸੇ ਹੀ ਇੰਤਜ਼ਾਰ ਦੀ ਧੁਨੀ ਵਿਚ ਬੈਠੇ ਗੁਰੂ ਦਾ ਰਾਹ ਦੇਖਦੇ ਰਹੇ । ਜ਼ਰਾ ਵੀ ਸੋਚ ਵਿਚ ਉਦਾਸੀ ਨਹੀਂ ਆਈ । ਉਸ ਨੂੰ ਵਿਸ਼ਵਾਸ ਸੀ ਗੁਰ ਬਚਨਾਂ ‘ ਤੇ ਕਿ ਉਹ ਆਉਣਗੇ । ਅਲਾਹ ਦੇ ਗੁਣ ਗਾਂਦੇ । ਸੰਗਤ ਢੂੰਡ ਕੇ ਕਰਦੇ । ਗੁਰੂ ਨਾਨਕ ਨੇ ਗੁਰੂ ਅੰਗਦ ਦਾ ਰੂਪ ਧਾਰਿਆ । ਗੁਰੂ ਅੰਗਦ ਗੁਰੂ ਅਮਰਦਾਸ ਕਹਿਲਾਏ । ਗੁਰੂ ਅਮਰਦਾਸ ਨੇ ਆਪਣੀ ਜੋਤ ਗੁਰੂ ਰਾਮਦਾਸ ਵਿਚ ਧਰੀ । ਗੁਰੂ ਰਾਮਦਾਸ ਗੁਰੂ ਅਰਜਨ ਵਿਚ ਸਮਾਏ । ਮੂਰਤ ਹਰਿਗੋਬਿੰਦ ਆਪ ਗੁਰੂ ਅਰਜਨ ਨੇ ਸਵਾਰੀ । ਬੁੱਢਣਸ਼ਾਹ ਨੇ ਸਿੱਖ ਨੂੰ ਪੁੱਛਿਆ ਕਿ ਹੁਣ ਕਿਸ ਗੁਰੂ ਦਾ ਪਹਿਰਾ ਹੈ । ਜਦ ਇਕ ਨੇ ਆ ਕੇ ਦੱਸਿਆ ਕਿ ਹੁਣ ਗੁਰੂ ਹਰਿਗੋਬਿੰਦ ਛੇਵੇਂ ਜਾਮੇ ਵਿਚ ਗੁਰੂ ਨਾਨਕ ਬੈਠੇ ਹਨ ਤਾਂ ਬੁੱਢਣ ਸ਼ਾਹ ਦੀ ਧੜਕਣ ਤੇਜ਼ ਹੋ ਗਈ । ਯਾਦ ਆਇਆ ਕਿ ਗੁਰੂ ਨਾਨਕ ਜੀ ਕਹਿ ਗਏ ਸਨ ਕਿ ਛੇਵੇਂ ਜਾਮੇ ਆ ਕੇ ਦੁੱਧ ਛਕਾਂਗੇ ਪੀਰ ਬੁੱਢਣ ਸ਼ਾਹ ਗੁਰੂ ਨਾਨਕ ਦਾ ਧਿਆਨ ਧਰ ਕੇਵਲ ਗੁਰੂ ਦਾ ਨਾਮ ਜਪਦੇ ਰਹਿੰਦੇ ਸਨ ਅਤੇ ਕਦੇ – ਕਦੇ ਤਾਂ ਪ੍ਰੇਮ ਰੂਪ ਹੀ ਹੋ ਜਾਂਦੇ ਸਨ ।
ਗੁਰ ਗੁਰ ਕਰੈ ਔਰ ਹੈ ਭਾਵੈ । ਪ੍ਰੇਮ ਮਗਨ ਹੋ ਕਬਹੂੰ ਜਾਵੈ । ਅੰਤਰਜਾਮੀ ਗੁਰੂ ਹਰਿਗੋਬਿੰਦ ਜੀ ਨੂੰ ਜਦ ਪੀਰ ਬੁੱਢਣਸ਼ਾਹ ਦੇ ਅੰਤਮ ਸਮੇਂ ਬਾਰੇ ਗਿਆਤ ਹੋਇਆ ਤਾਂ ਭਾਨਾ ਜੀ ਨੂੰ ਕਹਿਣ ਲੱਗੇ ਕਿ ਗੁਰਦਿੱਤਾ ਜੀ ਨੂੰ ਕੀਰਤਪੁਰ ਭੇਜੋ ਤਾਂ ਕਿ ਉੱਥੇ ਗੁਰੂ ਨਾਨਕ ਦੇਵ ਜੀ ਦੇ ਹੁਕਮ ਅਨੁਸਾਰ ਨਗਰ ਵੀ ਵਸਾਇਆ ਜਾਵੇ ਤੇ ਬੁੱਢਣਸ਼ਾਹ ਜੀ ਦੀ ਆਸ ਵੀ ਪੂਰੀ ਕੀਤੀ ਜਾਵੇ...

! ਬੁੱਢਣਸ਼ਾਹ ਜੀ ਕਾਫ਼ੀ ਬਿਰਧ ਹੋ ਗਏ ਸਨ ਪਰ ਆਤਮਾ ਵਿਚ ਉਸੇ ਤਰ੍ਹਾਂ ਹੀ ਝਲਕ ਸੀ ਗੁਰੂ ਦੇ ਦਰਸ਼ਨ ਕਰਨ ਦੀ ।
‘ ਗੁਰਮੁਖਿ ਬੁੱਢੇ ਕਦੇ ਨਾਹੀ ਜਿਨਾਂ ਅੰਤਰਿ ਸੁਰਤਿ ਗਿਆਨੁ ‘ ਦਾ ਝਲਕਾਰਾ ਮਿਲਦਾ ਸੀ । ਗੁਰੂ ਹਰਿਗੋਬਿੰਦ ਜੀ ਦੇ ਕਹਿਣ ਤੇ ਬਾਬਾ ਗੁਰਦਿੱਤਾ ਜੀ ਦੇ ਪੁੱਜਣ ’ ਤੇ ਹੀ ਬੁੱਢਣ ਸ਼ਾਹ ਜੀ ਸਮਝ ਗਏ ਕਿ ਗੁਰੂ ਨਾਨਕ ਦੇਵ ਜੀ ਦੇ ਫ਼ਰਮਾਏ ਬਚਨ ਫਲਣ ਦਾ ਸਮਾਂ ਆ ਗਿਆ ਹੈ । ਬਾਬਾ ਜੀ ਨੇ ਆਉਂਦਿਆਂ ਹੀ ਕਿਹਾ : “ ਦੁੱਧ ਮਮ ਦੀਜੈ ” ਇਹ ਸੁਣਦੇ ਸਾਰ ਹੀ ਬੁੱਢਣ ਸ਼ਾਹ ਜੀ ਨੇ ਨੈਣ ਖੋਲ੍ਹੇ ਤੇ ਦੁੱਧ ਅੱਗੇ ਰੱਖਿਆ ! ਇਕ ਕਥਨ ਅਨੁਸਾਰ ਬਾਬਾ ਗੁਰਦਿੱਤਾ ਜੀ ਨੇ ਬੁੱਢਣਸ਼ਾਹ ਦੇ ਹੱਥੋਂ ਦੁੱਧ ਪੀਤਾ ਸੀ । ਬਾਬਾ ਗੁਰਦਿੱਤਾ ਜੀ ਬੜੇ ਸੰਤੁਸ਼ਟ ਹੋਏ ਤੇ ਬੁੱਢਣ ਜੀ ਨੇ ਵੀ ਬਾਕੀ ਦਾ ਦੁੱਧ ਪ੍ਰਸ਼ਾਦ ਜਾਣ ਕੇ ਛੱਕ ਲਿਆ । ਉਨ੍ਹਾਂ ਦੀ ਭੁੱਖ – ਪਿਆਸ ਸਭੁ ਮਿਟ ਗਈ। ਤ੍ਰਿਪਤ ਹੋ ਗਏ । ਉੱਥੇ ਹੀ ਬਾਬਾ ਜੀ ਨੇ ਹਾੜ੍ਹ ਦੀ ਦੋ ਤਾਰੀਖ਼ ਨੂੰ ਵਾਹਿਗੁਰੂ ਕਹਿ ਨਵੇਂ ਨਗਰ ਦਾ ਟੱਕ ਲਗਾਇਆ ਤੇ ਨਾਮ ਕੀਰਤਪੁਰ ਰੱਖਿਆ ।
ਹਾੜ ਨੈਨ ਅਤਿ ਤਥੈ ਬਿਤਾਯੋ । ਸਤਿਨਾਮ ਕਹਿ ਟੱਕ ਲਗਾਯੋ । ਕੀਰਤਪੁਰ ਤਹਿ ਨਾਮ ਧਰਾਯੋ ।
ਉਸ ਦਾ ਨਗਰ ਵਸਦਾ ਦੇਖ ਬੁੱਢਣਸ਼ਾਹ ਜੀ ਬੜੇ ਪ੍ਰਸੰਨ ਹੋਏ । ਇੱਥੇ ਗੁਰੂ ਹਰਿਗੋਬਿੰਦ ਜੀ ਸ੍ਰੀ ਅੰਮ੍ਰਿਤਸਰ ਤੋਂ ਭਾਨਾ ਜੀ ਦੇ ਕਹਿਣ ` ਤੇ ਬੀੜ ਸਾਹਿਬ ਆਏ ॥
ਉੱਥੇ ਇਕ ਸੂਰ ਦੀ ਜੂਨ ਕੱਟੀ । ਇਹ ਸੂਰ ਉਹ ਹੀ ਬੰਦਾ ਸੀ ਜਿਸ ਨੇ ਬੀੜ ਸਾਹਿਬ ਬਾਬਾ ਬੁੱਢਾ ਜੀ ਦੇ ‘ ਗੁਰੂ ਘਰ ਨੂੰ ਭਾਜੜ ਕੀ ਪਈ ਹੈ ਦੇ ਬਚਨ ਸੁਣ ਕੇ ਟੋਕ ਕੇ ਕਿਹਾ ਸੀ ਕਿ ਐਸਾ ਬਚਨ ਕਰਨ ਦਾ ਇਕ ਘਾਹੀ ਨੂੰ ਕੀ ਹੱਕ ਹੈ ? ਬੁੱਢਾ ਜੀ ਨੇ ਉਸ ਵਕਤ ਕਿਹਾ ਸੀ : ਤੂੰ ਕੌਣ ਹੈਂ ਜੋ ਗੁਰੂ ਨਾਲ ਮੇਰੇ ਰਿਸ਼ਤੇ ਵਿਚਕਾਰ ਸੂਰਾਂ ਵਾਂਗ ਬੈਂ ਰੂੰ ਕਰਦਾ ਹੈਂ ? ਪਰ ਵੱਡੇ ਆਦਮੀ ਦਾ ਗੁੱਸਾ ਵੀ ਥੋੜ੍ਹੇ ਚਿਰ ਲਈ ਹੁੰਦਾ ਹੈ । ਬੁੱਢਾ ਜੀ ਨੇ ਕਿਹਾ ਕਿ ਤੇਰਾ ਉਧਾਰ ਗੁਰੂ ਹਰਿਗੋਬਿੰਦ ਜੀ ਕਰਨਗੇ । ਸੌ ਇਸ ਸੂਰ ਨੂੰ ਮਾਰ ਉਦਾਰ ਕੀਤਾ । ਜਿੱਥੇ ਸੂਰ ਦਬਾਇਆ ਉਸ · ਥਾਂ ਤੇ ਹੁਣ ਦਮਦਮਾ ਸਾਹਿਬ ਹੈ । ਓਹ ਨਾਂ ਦਮਦਮਾ ਪ੍ਰਭੂ ਬਨਾਯੋ । ਸੂਕਰ ਤਨ ਜਹ ਭੂਮ ਹਤਾਯੋ । ਇਹ ਦਮਦਮਾ ਗੁਰੂ ਕੀ ਵਡਾਲੀ ਦੇ ਵਿਚ ਬਾਹਰਵਾਰ ਹੈ ਜਿੱਥੇ ਦੀਵਾਨ ਲੱਗਦੇ ਹਨ ਅਤੇ ਲੋਕੀਂ ਦਰਸ਼ਨ ਪਾ ਜਨਮ ਮਰਨ ਕੱਟਦੇ ਹਨ । ਬੁੱਢਣ ਸ਼ਾਹ ਜੀ ਤੇ ਬਾਬਾ ਗੁਰਦਿੱਤਾ ਵਿਚ ਕਾਫ਼ੀ ਦੇਰ ਨਾਮ ਸਿਮਰਨ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ । ਦੋਵੇਂ ਵਿਚਾਰਾਂ ਕਰਕੇ ਅਕਾਲ ਪੁਰਖ ਦੀ ਹਜ਼ੂਰੀ ਮਹਿਸੂਸ ਕਰਦੇ । ਬੁੱਢਣ ਜੀ ਦਾ ਆਪਾ ਮਿਟ ਗਿਆ ਸੀ । ਕੇਵਲ ਰਸ ਦੀ ਪ੍ਰਾਪਤੀ ਹਮੇਸ਼ਾ ਹੁੰਦੀ ਰਹਿੰਦੀ । ਲਿਵ ਨਾਲ ਅੰਦਰਲਾ ਖੁੱਲ੍ਹ ਗਿਆ ਬੁੱਢਣਸ਼ਾਹ ਜੀ ਨੇ ਆਖਿਆ : ਮੈਂ ਆਤਮ ਸੁਖ ਤਾਂ ਪਾ ਲਿਆ ਹੈ । ਹੁਣ ਦੀਦਾਰ ਦੀ ਤਾਂਘ ਹੈ । ਬਾਬਾ ਗੁਰਦਿੱਤਾ ਜੀ ਨੂੰ ਉਚੇਚਾ ਕਿਹਾ ਕਿ ਮੇਰੀ ਦਸ਼ਾ ਗੁਰੂ ਹਰਿਗੋਬਿੰਦ ਜੀ ਨੂੰ ਛੇਤੀ ਦੱਸੋ । ਬੁੱਢਣ ਸ਼ਾਹ ਦਾ ਅੰਤ ਸਮਾਂ ਨਜ਼ਦੀਕ ਆ ਰਿਹਾ ਸੀ । ਗੁਰੂ ਹਰਿਗੋਬਿੰਦ ਜੀ ਜਾਣਦੇ ਸਨ ਕਿ ਉਡੀਕ ਪੂਜਾਣ ਦਾ ਸਮਾਂ ਆ ਗਿਆ ਹੈ । ਗੁਰੂ ਜੀ ਕੀਰਤਪੁਰ ਪੁੱਜ ਕੇ ਸਿੱਧੇ ਬੁੱਢਣ ਸ਼ਾਹ ਦੀ ਝੁੱਗੀ ਆਏ ਤੇ ਕਿਹਾ : ‘ ਬੁੱਢਣ ਸ਼ਾਹ ! ਸਮਾਧੀ ਖੋਲ । ਇਤਨਾ ਸੁਣਨਾ ਸੀ ਕਿ ਉਸ ਗੁਰੂ ਦੇ ਚਰਨ ਫੜ ਲਏ ਤੇ ਆਖਿਆ : “ ਮੇਰਾ ਮਨ ਪਾਪੀ ਹੈ , ਵਿਸ਼ੇ ਵਿਕਾਰਾਂ ਨੇ ਇਸ ‘ ਤੇ ਕਾਬੂ ਪਾਇਆ ਹੋਇਆ ਹੈ । ਮੈਂ ਤੁਹਾਡਾ ਚਾਕਰ ਹਾਂ , ਆਪਣੇ ਨਾਮ ਦੀ ਪੈਜ ਰੱਖੋ । ਤੁਹਾਡੀ ਉਪਮਾ ਕੋਈ ਨਹੀਂ ਕਰ ਸਕਦਾ । ਜਦ ਵੀ ਪਾਪ ਸਿਰ ਉਤਾਂਹ ਹੋ ਜਾਂਦਾ ਹੈ ਤੁਸੀਂ ਅਵਤਾਰ ਧਾਰ ਇਸ ਦੀ ਜੜ੍ਹ ਵੱਢਦੇ ਹੋ । ਤੁਸੀਂ ਹੀ ਗੁਰੂ ਨਾਨਕ ਤੇ ਪੰਜਾਂ ਪਾਤਸ਼ਾਹੀਆਂ ਦੇ ਰੂਪ ਹੋ ।
ਜਬ ਜਬ ਹੋਇ ਬਡੋ , ਛਿਤ ( ਪਾਪ ) ਭਾਰੂ । ਤਬ ਤਬ ਤੁਮ ਧਰ ਹੈ ਅਵਤਾਰੂ ।
ਤੁਸੀਂ ਗੁਰੂ ਨਾਨਕ ਦੇ ਰੂਪ ਵਿਚ ਜੋ ਵਚਨ ਕੀਤੇ ਸਨ ਉਸੇ ਨੂੰ ਹੀ ਪੂਰਾ ਕਰਨ ਆਏ ਹੋ । ਮੈਂ ਬੇਨਤੀ ਕੀਤੀ ਸੀ ਕਿ ਮੇਰੇ ਪ੍ਰਾਣ ਨਿਕਲਣ ਤਾਂ ਤੁਸੀਂ ਮੇਰੇ ਕੋਲ ਜ਼ਰੂਰ ਹੋਵੋ । ਅੱਜ ਉਹ ਇੱਛਾ ਵੀ ਪੂਰੀ ਕਰ ਦਿੱਤੀ ਹੈ ।
ਤੁਮ ਗੁਰ ਨਾਨਕ ਬਚਨ ਉਚਾਰੇ ? ਛਟਮ ਰੂਪ ਕਰ ਮੌਹ ਦੀਦਾਰੇ । ਪ੍ਰਾਨ ਅੰਤ ਜਾਵੇ ਗੁਰ ਧਾਮ ਸੋ ਪ੍ਰਭ ਭਏ ਪੁਰ ਮਮ ਕਾਮ ।
ਗੁਰੂ ਹਰਿਗੋਬਿੰਦ ਜੀ ਨੇ ਬੁੱਢਣਸ਼ਾਹ ਨੂੰ ਆਖਿਆ , “ ਸਾਡਾ ਅਕਾਲ ਚਲਾਣਾ ਇੱਥੇ ਹੀ ਹੋਣਾ ਹੈ , ਅਜੇ ਬਾਬੇ ਨਾਨਕ ਦਾ ਦਸਵੇਂ ਜਾਮੇ ਫੇਰਾ ਇੱਥੇ ਪੈਣਾ ਹੈ । ਬੁੱਢਣ ਸ਼ਾਹ ਜੀ ਹੋਰ ਚਿਰ ਜੀਵਨ ਲੋੜੇ ਤਾਂ ਦੱਸੋ । ” ” ਇਹ ਸੁਣ ਬੁੱਢਣ ਸ਼ਾਹ ਨੇ ਆਖਿਆ : “ ਹੁਣ ਚਰਨ ਸ਼ਰਨ ਵਿਚ ਵਾਧਾ ਦਿਓ । ਉਮਰ ਬੜੀ ਭੋਗ ਲਈ ਹੈ । ਉਮਰ ਤੋਂ ਭਾਵੇਂ ਰੱਜ ਚੁੱਕਾ ਹਾਂ ਪਰ ਤੇਰਾ ਰੂਪ ਤੱਕ ਨਹੀਂ ਰੱਜਿਆ ।
ਦੇਖਤਿ ਬੰਦੇ ਪਦ ਅਚਬਿੰਦਾ । ਧੰਨ ਧੰਨ ਤੁਮ ਕੋ ਸੁਖ ਨੰਦਾ ) ਅੰਤ ਸਮੇਂ ਮੁਝ ਦਰਸ਼ਨ ਦੀਨ ਕਰਯੋ ਕ੍ਰਿਤਾਰਥ ਸੰਕਟ ਕੀਨ ।
ਬੁੱਢਣਸ਼ਾਹ ਨੇ ਆਖਿਆ : “ ਇਤਨੀ ਮਿਹਰ ਜ਼ਰੂਰ ਕਰਨੀ ਆਪਣੇ ਚਰਨਾਂ ਤੋਂ ਓਹਲੇ ਨਾ ਕਰਨਾ ਤੇ ਜਨਮ ਮਰਨ ਦਾ ਫੇਰ ਕਟਿਆ ਜਾਵੇ ।
ਪ੍ਰਾਨ ਅੰਤ ਦਰਸ਼ਨ ਮਨ ਦੀਨੋ । ਅਪਨਾ ਪ੍ਨ ਪੂਰਨ ਤੁਮ ਕੀਨੋ । ਸਿਦਕ ਨਿਰੰਤ੍ ਮਮ ਹੈ , ਪਦ ਪੰਕਜ ਤੁਮ ਕੋਰ । ਏਹੁ ਦਾਨ ਰਹਿ ਹੋ ਸਦਾ ਨਹਿ ਅੰਤਰ ਫੇਰ ।
ਸੋ ਪ੍ਰਾਨ ਤਿਆਗਣ ਦੀ ਆਗਿਆ ਬਖ਼ਸ਼ੋ । ਇਤਨਾ ਕਿਹਾ ਸੀ ਕਿ ਪ੍ਰਾਣ ਪੰਖੇਰੂ ਉਡ ਗਏ ।
ਅਸ ਕਹ ਪਦ ਪੰਕਜ ਗੁਰ ਲਾਗਾ ਤਜੈ ਪ੍ਰਾਨ ਬੁਢਨ ਬਡ ਭਾਗਾ ?
ਸਵੇਰ ਹੋ ਗਈ ਸੀ । ਆਸਾ ਦੀ ਵਾਰ ਦਾ ਕੀਰਤਨ ਭਾਈ ਬਾਬਕ ਨੇ ਆਰੰਭ ਕਰ ਦਿੱਤਾ ਤੇ ਬੁੱਢਣ ਸ਼ਾਹ ਨੂੰ ਉੱਥੇ ਹੀ ਦਫ਼ਨਾਇਆਂ ਗਿਆ।
ਜੋਰਾਵਰ ਸਿੰਘ ਤਰਸਿੱਕਾ ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)