More Gurudwara Wiki  Posts
ਦੋਵੇ ਗਨਿਕਾ ਪਾਪਣਾਂ ਦੀਆਂ ਸਾਖੀਆਂ ਸਰਵਨ ਕਰੋ ਜੀ


ਦੋਵੇ ਗਨਿਕਾ ਪਾਪਣਾਂ ਦੀਆਂ ਸਾਖੀਆਂ ਸਰਵਨ ਕਰੋ ਜੀ
ਗਨਿਕਾ ਦੋ ਹੋਈਆਂ ਦੋਹਾਂ ਦਾ ਜ਼ਿਕਰ ਗੁਰਬਾਣੀ ਅੰਦਰ ਆਉਂਦਾ ਹੈ ਸਰਵਨ ਕਰੋ ਦੋਵਾਂ ਦੀ ਜੀਵਨੀ।
ਗਨਕਾ : ਇਸ ਦਾ ਸ਼ਬਦਿਕ ਅਰਥ ਹੀ ਵੇਸਵਾ ਹੈ ਪਰ ਇਹ ਪੁਰਾਤਨ ਸਮੇਂ ਦੀ ਇਕ ਖਾਸ ਵੇਸਵਾ ਲਈ ਵਰਤਿਆ ਜਾਂਦਾ ਹੈ ।
ਇਸ ਦਾ ਅਰਥ ਵੇਸਵਾ ਜਾਂ ਕੰਚਨੀ ਹੈ । ਗੁਰਬਾਣੀ ਵਿਚ ਦੋ ਵੇਸਵਾ ਇਸਤਰੀਆਂ ਦਾ ਪ੍ਰਸੰਗ ਆਉਂਦਾ ਹੈ । ਇਕ ਵੇਸਵਾ ਦਾ ਨਾਂ ਪਿੰਗਲਾ ਸੀ ਜੋ ਰਾਜਾ ਜਨਕ ਦੀ ਪੁਰੀ ਵਿਚ ਰਹਿੰਦੀ ਸੀ । ਇਸ ਨੇ ਇਕ ਦਿਨ ਧਨੀ ਸੁੰਦਰ ਜਵਾਨ ਦੇਖਿਆ ਅਤੇ ਕਾਮ ਨਾਲ ਵਿਆਕੁਲ ਹੋ ਉਠੀ , ਪਰ ਉਹ ਇਸ ਪਾਸੇ ਨਾ ਆਇਆ ਜਿਸ ਪਾਸੇ ਪਿਗਲਾ ਵੇਸਵਾ ਰਹਿੰਦੀ ਸੀ ਜਿਸ ਕਰਕੇ ਸਾਰੀ ਰਾਤ ਪਿੰਗਲਾ ਦੀ ਬੇਚੈਨੀ ਵਿਚ ਬੀਤੀ । ਅੰਤ ਅੱਧੀ ਰਾਤ ਤੋ ਬਾਅਦ ਇਸ ਦੇ ਮਨ ਵੈਰਾਗ ਹੋਇਆ ਕਿ ਜੇ ਅਜਿਹਾ ਪ੍ਰੇਮ ਮੈਂ ਈਸ਼ਵਰ ਵਿਚ ਲਾਉਂਦੀ ਫਿਰ ਕਿਹੋ ਜਿਹਾ ਉੱਤਮ ਫ਼ਲ ਮੈਨੂੰ ਮਿਲਦਾ । ਉਸੇ ਵੇਲੇ ਸਭ ਕੁਕਰਮ ਛੱਡ ਕੇ ਪ੍ਰਭੂ ਦੀ ਹੋ ਗਈ ਅਤੇ ਪਵਿੱਤਰ ਜੀਵਨ ਬਿਤਾਇਆ । ਇਸੇ ਗਨਿਕਾ ਨੇ ਦਿੱਤਾ ਤ੍ਰਿਯ ਜੀ ਨੂੰ ਗੁਰੂ ਧਾਰਿਆ ਸੀ ।
ਇਸ ਬਾਰੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿਹੜੇ ਸ਼ਬਦ ਦਰਜ਼ ਹਨ , ਉਹ ਹੇਠ ਲਿਖੇ ਹਨ ।
ਜਾ ਕਉ ਸਿਮਰਿ ਅਜਾਮਲੁ ਉਧਰਿਓ ਗਨਿਕਾ ਹੂ ਗਤਿ ਪਾਈ ॥ ( ਅੰਗ ੧੦੦੮ )
ਜਿਹ ਸਿਮਰਤ ਗਨਕਾ ਸੀ ਉਧਰੀ ਤਾ ਕੋ ਜਸੁ ਉਰ ਧਾਰੋ ॥ ( ਅੰਗ ੬੩੨ )
ਦੂਸਰੀ ਗਨਿਕਾ ਇਹ ਹੋਈ ।
ਦੂਜੀ ਗਨਿਕਾ ਦਾ ਨਾਮ ਚੰਦ੍ਰਮਣੀ ਸੀ ।
ਇਹ ਵੇਸਵਾ ਵੀ ਬਹੁਤ ਸੋਹਣੀ ਤੇ ਜਵਾਨ ਸੀ ਹਰ ਕੋਈ ਇਸ ਦੇ ਵੱਲ ਖਿਚਿਆ ਆਉਦਾ ਸੀ ਤੇ ਚੰਦ੍ਮਣੀ ਨਾਲ ਰਾਤ ਗੁਜ਼ਾਰਦਾ । ਲੋਕਾ ਤੋ ਲਏ ਪੈਸਿਆ ਨਾਲ ਹੀ ਇਸ ਵੇਸਵਾ ਦੀਆਂ ਲੋੜਾ ਦੀ ਪੂਰਤੀ ਹੁੰਦੀ , ਇਸ ਲਈ ਹਰ ਰਾਤ ਨੂੰ ਇਹ ਚੰਦ੍ਮਣੀ ਵੇਸਵਾ ਆਪਣੇ ਦਰਵਾਜੇ ਤੇ ਖਲੋ ਕੇ ਮਰਦਾਂ ਦੀ ਉਡੀਕ ਕਰਿਆ ਕਰਦੀ ਸੀ । ਇਕ ਦਿਨ ਪ੍ਰਭੂ ਦੀ ਐਸੀ ਮਰਜੀ ਹੋਈ ਕਿ ਇਕ ਦਿਨ ਚੰਗਾ ਮੌਹਲੇਧਾਰ ਮੀਂਹ ਪਿਆ। ਇਕ ਮਹਾਂਪੁਰਸ਼ ਜਿਹੜਾ ਕਿ ਰਸਤੇ ਚ ਜਾਂਦਾ ਮੀਂਹ ਵਿਚ ਘਿਰ ਗਿਆ ਸੀ। ਉਹ ਗਨਿਕਾ ਦੇ ਕੋਠੇ ਤੇ ਦੀਵਾ ਬਲਦਾ ਦੇਖ ਉਥੇ ਰੁਕ ਗਿਆ ਤੇ ਦਰਵਾਜ਼ਾ ਖੜਕਾਇਆ ਗਨਿਕਾ ਨੇ ਦਰਵਾਜ਼ੇ ਦੀ ਆਵਾਜ਼ ਸੁਣਕੇ ਮਨ ਚ ਸੋਚਿਆ ਤੇ ਖੁਸ਼ ਹੋਈ ਕਿ ਐਨੀ ਰਾਤ ਨੂੰ ਵੀ ਮੇਰੇ ਕੋਲ ਗਾਹਕ ਆਉਂਦੇ ਹਨ। ਜਾਕੇ ਦਰਵਾਜ਼ਾ ਖੋਲ੍ਹਿਆ ਤਾਂ ਅਗੋਂ ਆਵਾਜ਼ ਆਈ ਪੁੱਤਰੀ ਸਾਨੂੰ ਰਾਤ ਕਟ ਲੈਣਦੇ ਬਾਹਰ ਮੀਂਹ ਬਹੁਤ ਹੈ ਤੇ ਅੱਗੇ ਜਾਣਾ ਮੁਸ਼ਕਲ ਹੈ ।
ਇਹ ਪਹਿਲੀ ਵਾਰ ਸੀ ਕਿ ਗਨਿਕਾ ਨੂੰ ਕਿਸੇ ਨੇ ਪੁੱਤਰੀ ਸ਼ਬਦ ਨਾਲ ਸੰਬੋਧਨ ਕੀਤਾ ਨਹੀਂ ਤਾਂ ਬਾਕੀ ਸਾਰੇ ਆਪਣੀ ਹਵਸ ਦੇ ਮਾਰੇ ਲੋਕ ਹੀ ਆਉਦੇ ਸਨ। ਸੋ ਗਨਿਕਾ ਨੇ ਮਹਾਂਪੁਰਸ਼ਾਂ ਨੂੰ ਅੰਦਰ ਬੁਲਾਇਆ ਤੇ ਚੰਗੀ ਆਓ ਭਗਤ ਕੀਤੀ। ਆਪਣੇ ਮਾੜੇ ਕੰਮ ਤੋਂ ਤਾਂ ਗਨਿਕਾ ਦਾ ਪਹਿਲਾਂ ਹੀ ਜੀਅ ਅਕ ਚੁੱਕਾ ਸੀ ਉਤੋਂ ਮਹਾਂਪੁਰਸ਼ ਦੀ ਸੰਗਤ ਦੇ ਪ੍ਰਭਾਵ ਨੇ ਗਨਿਕਾ ਦੇ ਹਿਰਦੇ ਨੂੰ ਹਲੂਣਾ ਮਾਰਿਆ ਉਸ ਨੂੰ ਆਪਣੇ ਪਾਪ ਅੱਜ ਨਜ਼ਰ ਆਉਣ ਲੱਗੇ ਤੇ ਮਨ ਵਿਚ ਪਛਤਾਵਾ ਹੋਇਆ। ਸਾਧੂ ਦਾ ਉੱਚਾ ਸੁੱਚਾ ਜੀਵਣ ਦੇਖ ਗਨਿਕਾ ਅੰਦਰ ਵੀ ਮੁਕਤ ਹੋਣ ਦੀ ਤੜਫ ਪੈਦਾ ਹੋਈ। ਜਿਸ ਤਰ੍ਹਾਂ ਗੁਰਬਾਣੀ ਕਹਿੰਦੀ ਹੈ।
ਜਬ ਤੇ ਦਰਸਨੁ ਭੇਟੇ ਸਾਧੂ ਭਲੇ ਦਿਵਸ ਓਏ ਆਏ।।
ਦੇ ਮਹਾਂਵਾਕਾਂ ਅਨੁਸਾਰ ਗਨਿਕਾ ਦੇ ਵੀ ਹੁਣ ਭਲੇ ਦਿਵਸ ਸ਼ੁਰੂ ਹੋਣ ਵਾਲੇ ਸਨ।...

ਗਨਿਕਾ ਨੇ ਆਪਣੀ ਸਾਰੀ ਵਿਥਿਆ ਸੁਣਾ ਮਹਾਂਪੁਰਸ਼ਾਂ ਤੋਂ ਮੁਕਤੀ ਦਾ ਸਾਧਨ ਪੁੱਛਿਆ। ਮਹਾਂਪੁਰਸ਼ਾਂ ਕੋਲ ਇਕ ਤੋਤਾ ਸੀ ਜਿਹੜਾ ਕਿ ਰਾਮ ਰਾਮ ਬੋਲਦਾ ਸੀ। ਮਹਾਂਪੁਰਸ਼ਾਂ ਨੇ ਉਸ ਨੂੰ ਉਹ ਤੋਤਾ ਦਿਤਾ ਤੇ ਕਿਹਾ ਇਸ ਨੂੰ ਰਾਮ ਰਾਮ ਜਪਾਇਆ ਕਰ। ਗਨਿਕਾ ਉਸੇ ਤਰ੍ਹਾਂ ਕਹਿਣ ਲੱਗੀ ਬੋਲ ਰਾਮ ਰਾਮ ਅੱਗੋ ਤੋਤਾ ਬੋਲਦਾ ਰਾਮ ਰਾਮ। ਇਹ ਜੁਗਤ ਸਮਝਾ ਕਿ ਮਹਾਂਪੁਰਸ਼ ਗਨਿਕਾ ਨੂੰ ਤੋਤਾ ਦੇ ਕੇ ਚਲੇ ਗਏ।
ਗਨਿਕਾ ਹੁਣ ਰੋਜ਼ ਤੋਤੇ ਨੂੰ ਰਾਮ ਰਾਮ ਕਰਵਾਉਂਦੀ ਇਸ ਤਰ੍ਹਾਂ ਕਰਦੇ ਕਰਦੇ ਉਸ ਦੇ ਮਨ ਦੀ ਮੈਲ ਕਟਣੀ ਸ਼ੁਰੂ ਹੋ ਗਈ ਉਸ ਦਿਨ ਤੋਂ ਹੀ ਮਾੜਾ ਧੰਧਾ ਬੰਦ ਕਰ ਦਿੱਤਾ ਤੇ ਬਸ ਨਾਮ ਹੀ ਜਪਿਆ ਕਰੇ। ਪਾਪਾਂ ਦੀ ਕੀਤੀ ਕਮਾਈ ਗਰੀਬਾਂ ਵਿਚ ਵੰਡ ਦਿੱਤੀ। ਇਸ ਤਰ੍ਹਾਂ ਸਾਰੇ ਸ਼ਹਿਰ ਵਿਚ ਚਰਚਾ ਛਿੜ ਗਈ ਕਿ ਗਨਿਕਾ ਪਾਪਣ ਸਾਧੂ ਬਣ ਗਈ ਹੈ। ਕੋਈ ਕੁਝ ਕਹੇ ਕੋਈ ਕੁਝ ਪਰ ਗਨਿਕਾ ਦੀ ਲਿਵ ਉਸ ਪ੍ਰਮਾਤਮਾ ਨਾਲ ਲੱਗ ਚੁੱਕੀ ਸੀ। ਕੋਈ ਪਾਖੰਡ ਨਹੀਂ ਸੀ।
ਇਕ ਦਿਨ ਕਿਤੇ ਤੋਤੇ ਵਾਲੇ ਪਿਜਰੇ ਵਿੱਚ ਜਹਿਰੀਲਾ ਸੱਪ ਵੜ ਗਿਆ ਤੇ ਤੋਤੇ ਨੂੰ ਮਾਰ ਦਿੱਤਾ , ਰਾਤ ਦਾ ਸਮਾ ਸੀ ਚੰਦ੍ਮਣੀ ਦੇ ਅੰਦਰ ਪ੍ਰਮਾਤਮਾ ਦੀ ਤੜਫ ਵੱਧ ਗਈ ਤੇ ਉਠ ਕੇ ਤੋਤੇ ਨੂੰ ਕਹਿਣ ਲੱਗੀ ਬੋਲ ਰਾਮ ਰਾਮ । ਤੋਤਾ ਮਰ ਚੁੱਕਾ ਸੀ ਉਸ ਨੇ ਕੋਈ ਜਵਾਬ ਨਾ ਦਿੱਤਾ ਹਨੇਰੇ ਦੇ ਵਿੱਚ ਜਦੋ ਚੰਦ੍ਮਣੀ ਨੇ ਪਿਜਰੇ ਨੂੰ ਹੱਥ ਲਾਇਆ ਤਾ ਅਗੋ ਸੱਪ ਨੇ ਚੰਦ੍ਮਣੀ ਦੇ ਵੀ ਡੰਗ ਮਾਰਿਆ
ਇਸ ਤਰ੍ਹਾਂ ਗਨਿਕਾ ਤੋਤੇ ਨੂੰ ਰਾਮ ਰਾਮ ਕਰਵਾਉਂਦੀ ਹੋਈ ਇਕ ਦਿਨ ਸੁਆਸ ਤਿਆਗ ਗਈ। ਉਸ ਨੇ ਜੋ ਸਾਰੀ ਜ਼ਿੰਦਗੀ ਪਾਪ ਹੀ ਕੀਤੇ ਸਨ। ਪਰ ਕੁਝ ਸਮਾਂ ਕੀਤੀ ਭਗਤੀ ਦੇ ਸਦਕਾ ਉਹ ਜਨਮ ਮਰਨ ਦੇ ਗੇੜ ਤੇ ਜਮਾਂ ਦੀ ਮਾਰ ਤੋਂ ਬਚ ਗਈ। ਅੰਤ ਵੇਲੇ ਉਸਦੀ ਰੂਹ ਉਸ ਸੱਚੇ ਪਾਤਸ਼ਾਹ ਪ੍ਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੀ ।
ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਬੰਦਾ ਭਾਂਵੇਂ ਕਿੰਨਾ ਵੀ ਪਾਪੀ ਹੋਵੇ ਪਰ ਰਾਮ ਦਾ ਨਾਮ ਜਪਣ ਨਾਲ ਪਵਿੱਤਰ ਹੋ ਜਾਂਦਾ ਹੈ। ਪਾਪਾਂ ਵਿਚ ਫਸੇ ਨੂੰ ਵੀ ਰੱਬ ਕੱਢ ਲੈਂਦਾ ਹੈ ਜੇ ਉਸ ਦੇ ਮਨ ਵਿਚ ਇੱਛਾ ਛੁੱਟਣ ਦੀ ਹੋਵੇ । ਜੇ ਅੰਦਰ ਇੱਛਾ ਨਾ ਹੋਵੇ ਤੇ ਪਾਪ ਪਿਆਰਾ ਲੱਗਦਾ ਹੋਵੇ ਤਾਂ ਫਿਰ ਰੱਬ ਮੁਕਤ ਨਹੀਂ ਕਰਦਾ। ਇਸ ਲਈ ਸਾਡੀ ਮੁਕਤੀ ਸਾਡੀ ਇੱਛਾ ਤੇ ਨਿਰਭਰ ਕਰਦੀ ਹੈ। ਭਾਈ ਗੁਰਦਾਸ ਜੀ ਆਪਣੀ ਬਾਣੀ ਵਿਚ ਇਸ ਤਰ੍ਹਾਂ ਬਿਆਨ ਕਰਦੇ ਹਨ।
ਗਨਿਕਾ ਪਾਪਣਿ ਹੋਇ ਕੈ ਪਾਪਾਂ ਦਾ ਗਲਿ ਹਾਰੁ ਪਰੋਤਾ।
ਮਹਾਂ ਪੁਰਖੁ ਆਚਾਣਚਕ ਗਨਿਕਾ ਵਾੜੇ ਆਇ ਖਲੋਤਾ।
ਦੁਰਮਤਿ ਦੇਖਿ ਦਇਆਲ ਹੋਇ ਹਥਹੁੰ ਉਸ ਨੋ ਦਿਤੋਨੁ ਤੋਤਾ।
ਰਾਮ ਨਾਮ ਉਪਦੇਸੁ ਕਰਿ ਖੇਲਿ ਗਇਆ ਦੇ ਵਣਜੁ ਸਓਤਾ।
ਲਿਵ ਲਾਗੀ ਤਿਸੁ ਤੋਤਿਅਹੁਂ ਨਿਤ ਪੜ੍ਹਾਏ ਕਰੈ ਅਸੋਤਾ।
ਪਤਿਤ ਉਧਾਰਣੁ ਰਾਮ ਨਾਮੁ ਦੁਰਮਤਿ ਪਾਪ ਕਲੇਵਰੁ ਧੋਤਾ।
ਅੰਤਕਾਲ ਜਮ ਜਾਲੁ ਤੋੜਿ ਨਰਕੈ ਵਿਚਿ ਨਾ ਖਾਧਸੁ ਗੋਤਾ।
ਗਈ ਬੈਕੁੰਠਿ ਬਿਬਾਣਿ ਚੜ੍ਹਿ ਨਾਉ ਨਰਾਇਣੁ ਛੋਤਿ ਅਛੋਤਾ।
ਥਾਉ ਨਿਥਾਵੇ ਮਾਣੁ ਮਣੋਤਾ।
ਇਸ ਬਾਰੇ ਜੋ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਹੈ , ਉਹ ਸ਼ਬਦ ਹੇਠ ਲਿਖੇ ਹਨ । ਸੂਆ ਪੜਾਵਤ ਗਨਿਕਾ ਤਰੀ ॥ ਸੋ ਹਰਿ ਨੈਨਹੁ ਕੀ ਪੂਤਰੀ ॥ ( ਅੰਗ ੮੭੪ )
ਦਾਸ ਜੋਰਾਵਰ ਸਿੰਘ ਤਰਸਿੱਕਾ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)