More Gurudwara Wiki  Posts
11 ਮਾਰਚ ਦਾ ਇਤਿਹਾਸ


11 ਮਾਰਚ ਦਾ ਇਤਿਹਾਸ
ਦਿੱਲੀ ਦੇ ਤਾਜਦਾਰੋਂ ਆਓ, ਤੁਹਾਨੂੰ ਮੈਂ ਦਸਦਾ ਹਾਂ ਕਿ ਸਾਡੇ ਪੁਰਖਿਆਂ ਨੇ ਕਦੋਂ ਕਦੋਂ ਦਿੱਲੀ ਤੇ ਹਮਲੇ ਕੀਤੇ ਤੇ ਦਿੱਲੀ ਫਤਹਿ ਕੀਤੀ।
1- 9 ਜਨਵਰੀ 1765 ਈ.
2- ਅਪ੍ਰੈਲ 1766 ਈ.
3- ਜਨਵਰੀ 1770 ਈ.
4- 18 ਜਨਵਰੀ 1774 ਈ.
5- ਅਕਤੂਬਰ 1774 ਈ.
6- ਜੁਲਾਈ 1775 ਈ.
7- ਅਕਤੂਬਰ 1776 ਈ.
8- ਮਾਰਚ 1778 ਈ.
9- ਸਤੰਬਰ 1778 ਈ.
10- 23 ਸਤੰਬਰ 1778 ਈ.
11- 26 ਸਤੰਬਰ 1778 ਈ.
12- 1 ਅਕਤੂਬਰ 1778 ਈ.
13- ਜਨਵਰੀ 1779 ਈ.
14- 16 ਅਪ੍ਰੈਲ 1781 ਈ.
15- 11 ਮਾਰਚ 1783 ਈ.
16 – 23 ਜੁਲਾਈ 1787 ਈ.
17- 23 ਅਗਸਤ 1787 ਈ.
ਸ਼ਾਹ ਆਲਮ ਸਾਨੀ ਨੇ ਰਾਇਸੀਨਾ ਤੇ ਰਕਾਬ ਗੰਜ ਖੇਤਰ ਦੀ 1200 ਏਕੜ ਜ਼ਮੀਨ ਸ.ਬਘੇਲ ਸਿੰਘ ਜੀ ਨੂੰ ਨਜ਼ਰਾਨੇ ਵਜੋਂ ਭੇਟ ਕੀਤੀ। ਸ਼ਾਹ ਆਲਮ ਸਾਨੀ ਦੇ ਦਸਤਖ਼ਤਾਂ ਵਾਲਾ ਫ਼ਾਰਸੀ ਵਿੱਚ ਲਿਖਿਆ ਹੁਕਮਨਾਮਾ, ਅੱਜ ਵੀ ਦਿੱਲੀ ਦੇ ਨੈਸ਼ਨਲ ਆਰਕਾਈ ਵਿੱਚ ਸੁਰੱਖਿਅਤ ਪਿਆ ਹੈ।
ਦਿੱਲੀ ਦੇ ਹਾਕਮਾਂ ਨੇ 7 ਸੋਨੇ ਦੇ ਪੱਤਰਿਆਂ ਉੱਤੇ ਸਿੱਖਾਂ ਦੇ ਬਾਰੇ ਜੋ ਲਿਖ ਕੇ ਦਿਤਾ ਸੀ ਉਹ ਇੱਕ ਵੱਖਰੀ ਗਾਥਾ ਹੈ। ਬਾਬਾ ਬਘੇਲ ਸਿੰਘ ਨੇ ਸਿੱਖ ਫੌਜਾਂ ਸਮੇਤ 6 ਮਹੀਨੇ ਦਿੱਲੀ ਰਹਿ ਕੇ 8 ਗੁਰਦੁਆਰਾ ਸਾਹਿਬਾਨ ਦੀ ਸਥਾਪਨਾ ਕਰਵਾਈ। ਜੇ ਉਸ ਸਮੇਂ ਗੱਲਾਂ ਬਾਤਾਂ ਕਰਕੇ ਖਾਲੀ ਹੱਥ ਮੁੜ ਆਉਂਦੇ ਨਾ ਗੁਰਦੁਆਰੇ ਬਣਨੇ ਸੀ, ਨਾ ਨਜ਼ਰਾਨੇ ਮਿਲਦੇ ਸਗੋਂ ਮੁਫ਼ਤ ਦੀਆਂ ਗੱਲਾਂ ਹੋਇਆ ਕਰਨੀਆਂ ਸਨ।
ਬਘੇਲ ਸਿੰਘ (1730–1802) ਇਕ ਪੰਜਾਬੀ ਸਿੱਖ ਜਰਨੈਲ ਸੀ। ਉਸਦਾ ਜਨਮ ਜ਼ਿਲਾ ਤਰਨ ਤਾਰਨ ਦੇ ਪਿੰਡ ਝਬਾਲ ਵਿਚ ਇਕ ਸਿੱਖ ਪਰਵਾਰ ਵਿਚ ਹੋਇਆ। 1765 ਵਿਚ ਓਹ ਕਰੋੜ ਸਿੰਘੀਆ ਮਿਸਲ ਦਾ ਸਰਦਾਰ ਬਣਿਆ। ਮੁਗ਼ਲ ਫ਼ੌਜ ਨੂੰ ਹਰਾਉਣ ਮਗਰੋਂ ਬਘੇਲ ਸਿੰਘ ਅਤੇ ਉਸਦੀ ਪੰਜਾਬੀ ਫ਼ੌਜ ਨੇ 11 ਮਾਰਚ 1783 ਨੂੰ ਲਾਲ ਕਿਲ੍ਹਾ (ਦਿੱਲੀ) ’ਤੇ ਕਬਜ਼ਾ ਕੀਤਾ। ਮੁਗ਼ਲ ਬਾਦਸ਼ਾਹ ਸ਼ਾਹ ਆਲਮ ਦੂਜੇ ਨੇ ਟੈਕਸ ਵਿਚ ਰੱਪੇ ਚੋਂ ਛੇ ਆਨੇ ਬਘੇਲ ਸਿੰਘ ਨੂੰ ਦੇਣਾ ਮੰਨਿਆ। ਸਿੰਘ ਨੇ ਦਿੱਲੀ ਦੇ ਸਿੱਖਾਂ ਲਈ ਪਵਿੱਤਰ ਥਾਵਾਂ ਅਤੇ 5 ਗੁਰਦਵਾਰੇ ਵੀ ਬਣਵਾਏ।
ਜਦੋਂ ਸ: ਬਘੇਲ ਸਿੰਘ ਨੇ ਦਿੱਲੀ ਫਤਿਹ ਕੀਤੀ
ਇਤਿਹਾਸਿਕ ਝਰੋਖੇ ਵਿੱਚੋ11 ਮਾਰਚ 1783 ਨੂੰ ਸ੍ਰ ਬਘੇਲ ਸਿੰਘ ਲਾਲ ਕਿਲੇ ਅੰਦਰ ਦਾਖਲ ਹੋਇਆ
ਜਦੋਂ ਸ: ਬਘੇਲ ਸਿੰਘ ਨੇ ਦਿੱਲੀ ਫਤਿਹ ਕੀਤੀ ਸ: ਬਘੇਲ ਸਿੰਘ ਦੀ ਗਿਣਤੀ 18ਵੀਂ ਸਦੀ ਦੇ ਉਨ੍ਹਾਂ ਮਹਾਨ ਸਿੱਖ ਨਾਇਕਾਂ ਵਿਚ ਕੀਤੀ ਜਾਂਦੀ ਹੈ ਜਿਨ੍ਹਾਂ ਨੇ ਅਹਿਮਦਸ਼ਾਹ ਅਬਦਾਲੀ ਦੇ ਖੂਨੀ ਹਮਲਿਆਂ ਦਾ ਮੁਕਾਬਲਾ ਕਰਦੇ ਹੋਏ 19ਵੀਂ ਸਦੀ ਦੇ ਮੱਧ ਤੱਕ ਕਾਇਮ ਰਹੇ ;ਸਿੱਖ ਰਾਜ ਦੀ ਬੁਨਿਆਦ ਉਸਾਰਨ ਵਿਚ ਅਹਿਮ ਯੋਗਦਾਨ ਪਾਇਆ। ਸ: ਬਘੇਲ ਸਿੰਘ ਇਕ ਦਲੇਰ ਅਤੇ ਮਹਾਨ ਯੋਧਾ, ਨੀਤੀਵਾਨ ਅਤੇ ਦੂਰਦਰਸ਼ੀ ਪੰਥਕ ਨੇਤਾ ਸਨ। ਉਨ੍ਹਾਂ ਦੀ ਅਗਵਾਈ ਹੇਠ ਕਰੋੜ ਸਿੰਘੀਆ ਮਿਸਲ ਨੇ ਬਹੁਤ ਉਨਤੀ ਕੀਤੀ। ਉਨ੍ਹਾਂ ਦਾ ਜਿਕਰ ਕੀਤੇ ਬਗੈਰ 18ਵੀਂ ਸਦੀ ਦਾ ਗੰਗਾ ਯਮੁਨਾ ਦੁਆਬ ਵਿਚ ਕਾਇਮ ਰਹੇ ਸਿੱਖ ਦਬਦਬੇ ਦਾ ਇਤਿਹਾਸ ਅਧੂਰਾ ਹੀ ਰਹੇਗਾ। ਪ੍ਰਿੰਸੀਪਲ ਸਤਿਬੀਰ ਸਿੰਘ ਅਨੁਸਾਰ ਗੰਗਾ ਜਮਨਾ ਦੁਆਬ ਦਾ ਕੋਈ ਵੀ ਅਜਿਹਾ ਇਲਾਕਾ ਨਹੀਂ ਸੀ, ਜਿਸਨੂੰ ਸ: ਬਘੇਲ ਸਿੰਘ ਨੇ ਨਾ ਲਤਾੜਿਆ ਹੋਵੇ। ਜਲੰਧਰ ਤੋਂ ਲੈ ਕੇ ਪੀਲੀਭੀਤ ਤਕ ਅਤੇ ਅੰਬਾਲੇ ਤੋਂ ਲੈ ਕੇ ਅਲੀਗੜ੍ਹ ਤਕ ਇਨ੍ਹਾਂ ਦਾ ਸਿੱਕਾ ਚੱਲਦਾ ਸੀ, ਪਰ ਉਨ੍ਹਾਂ ਦੀ ਸਭ ਤੋਂ ਵੱਡੀ ਇਤਿਹਾਸਕ ਪ੍ਰਾਪਤੀ ਦਿੱਲੀ ਦੀ ਫਤਹਿ ਅਤੇ ਉਥੇ ਗੁਰਦੁਆਰਿਆਂ ਦੀ ਉਸਾਰੀ ਗਿਣੀ ਜਾਂਦੀ ਹੈ। ਸ: ਬਘੇਲ ਸਿੰਘ 40 ਹਜ਼ਾਰ ਸਿੱਖ ਫੌਜਾਂ ਨੂੰ ਲੈ ਕੇ 8 ਮਾਰਚ 1783 ਨੂੰ ਦਰਿਆ ਯਮੁਨਾ ਬਰਾੜੀ ਘਾਟ ਨੂੰ ਪਾਰ ਕਰ ਕੇ ਦਿੱਲੀ ਵਿੱਚ ਦਾਖਲ ਹੋਏ। ਉਸ ਸਮੇਂ ਦਿੱਲੀ ਤਖਤ ਉੱਤੇ ਸ਼ਾਹ ਆਲਮ-2 ਬਿਰਾਜਮਾਨ ਸੀ। ਭਾਈ ਬਘੇਲ ਸਿੰਘ ਨਾਲ ਸ: ਜੱਸਾ ਸਿੰਘ ਆਹਲੂਵਾਲੀਆ ਵੀ ਸਨ। ਸਿੱਖ ਹਮਲੇ ਦੀ ਖਬਰ ਸੁਣ ਕੇ ਦਰਬਾਰੀ ਅਤੇ ਸ਼ਾਹ ਆਲਮ ਟਾਕਰਾ ਕਰਨ ਦੀ ਥਾਂ ਕਿਲ੍ਹੇ ਦੇ ਅੰਦਰਲੇ ਭਾਗਾਂ ਵਿਚ ਲੁਕ ਗਏ। ਸ਼ਾਹ ਆਲਮ ਨੇ ਸ: ਬਘੇਲ ਸਿੰਘ ਨਾਲ ਗੱਲਬਾਤ ਕਰਨ ਲਈ ਇਕ ਤੇਜ ਸੰਦੇਸ਼ਵਾਹਕ ਨੂੰ ਭੇਜ ਕੇ ਸਰਧਨਾ ਦੀ ਸ਼ਾਸਕ ਬੇਗਮ ਸਮਰੂ ਨੂੰ ਸੱਦ ਲਿਆ। ਬੇਗਮ ਸਮਰੂ ਦਾ ਜਿੱਥੇ ਮੁਗਲ ਦਰਬਾਰ ਵਿਚ ਚੰਗਾ ਰਸੂਖ ਸੀ ਉਥੇ ਉਸਨੇ ਸ: ਬਘੇਲ ਸਿੰਘ ਨੂੰ ਭਰਾ ਬਣਾਇਆ ਹੋਇਆ ਸੀ। ਇਸੇ ਦੌਰਾਨ ਸਿੱਖ ਫੌਜਾਂ ਨੇ ਦਿੱਲੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਨੂੰ ਆਪਣੇ ਕਬਜੇ ਵਿਚ ਕਰਨਾ ਜਾਰੀ ਰੱਖਿਆ ਅਤੇ ਲੁੱਟਿਆ ਹੋਇਆ ਮਾਲ ਮਜਨੂੰ ਕਾ ਟੀਲਾ ਵਿਖੇ ਸਖਤ ਹਿਫਾਜਤ ਵਿਚ ਜਮਾਂ ਕਰਵਾ ਦਿੱਤਾ। ਉਸੇ ਮੌਕੇ ਸ: ਜੱਸਾ ਸਿੰਘ ਰਾਮਗੜ੍ਹੀਆ ਵਿਚ ਹਿਸਾਰ ਤੋਂ ਦਿੱਲੀ ਪੁੱਜ ਗਏ। ਸ: ਬਘੇਲ ਸਿੰਘ ਆਪਣੀ ਜੇਤੂ ਫੌਜ ਨਾਲ 11 ਮਾਰਚ 1783 ਨੂੰ ਲਾਲ ਕਿਲ੍ਹੇ ਵਿਚ ਦਾਖਲ ਹੋਏ। ਲਾਹੌਰ ਦਰਵਾਜਾ, ਮੀਨਾ ਬਾਜ਼ਾਰ ਅਤੇ ਨਕਾਰ ਖਾਨਾ ਲੰਘ ਕੇ ਉਹ ਦੀਵਾਨ-ਏ-ਆਮ ਵਿਚ ਪਹੁੰਚੇ ਜਿਥੇ ਕਦੇ ਸ਼ਾਹਜਹਾਨ, ਔਰੰਗਜੇਬ ਅਤੇ ਬਹਾਦਰ ਸ਼ਾਹ ਵਰਗੇ ਮੁਗਲ ਦਰਬਾਰ ਲਗਾਇਆ ਕਰਦੇ ਸਨ। ਦੀਵਾਨ-ਏ-ਆਮ ‘ਤੇ ਕਬਜਾ ਕਰ ਲੈਣ ਮਗਰੋਂ ਕਿਲ੍ਹੇ ਦੇ ਮੁਖ ਦਵਾਰ ਉੱਤੇ ਕੇਸਰੀ ਝੰਡਾ ਝੁਲਾਇਆ ਗਿਆ। ਜਿਸ ਕਿਲ੍ਹੇ ਵਿਚੋਂ ਬਾਦਸ਼ਾਹ ਫਰੁਖਸ਼ੀਅਰ ਦੇ ਹੁਕਮ ਨਾਲ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸਦੇ 740 ਸਾਥੀ ਸਿੰਘਾਂ ਨੂੰ ਭਾਰੀ ਅੱਤਿਆਚਾਰ ਕਰਕੇ ਸ਼ਹੀਦ ਕੀਤਾ ਗਿਆ ਸੀ । ਅੱਜ ਉਹੀ ਲਾਲ ਕਿਲਾ ਖਾਲਸੇ ਦੇ ਕਦਮਾਂ ਵਿਚ ਸੀ ਅਤੇ ਇਥੋਂ ਦਾ ਮੁਗਲ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਸ ਸਿੱਖਾਂ ਕੋਲੋਂ ਆਪਣੀ ਜਾਨ ਅਤੇ ਰਾਜ ਦੀ ਸਲਾਮਤੀ ਦੀ ਭੀਖ ਮੰਗ ਰਿਹਾ ਸੀ। ਉਧਰ ਦੀਵਾਨ-ਏ-ਆਮ ਵਿਚ ਦਰਬਾਰ ਲਗਾ ਕੇ ਜੱਸਾ ਸਿੰਘ ਆਹਲੂਵਾਲੀਆ ਨੂੰ ਸੁਲਤਾਨ ਐਲਾਨ ਕੇ ਦਿੱਲੀ ਤਖਤ ‘ਤੇ...

ਬਿਠਾਇਆ ਗਿਆ। ਦੂਜੇ ਪਾਸੇ ਬੇਗਮ ਸਮਰੂ 12 ਮਾਰਚ 1783 ਨੂੰ ਦਿੱਲੀ ਪਹੁੰਚ ਗਈ। ਉਸਨੇ ਸ: ਬਘੇਲ ਸਿੰਘ ਦੇ ਤੀਸ ਹਜ਼ਾਰੀ ਸਥਿਤ ਡੇਰੇ ਉੱਤੇ ਗੱਲਬਾਤ ਤੋਰੀ। ਬੇਗਮ ਸਮਰੂ ਨੇ ਸ: ਬਘੇਲ ਸਿੰਘ ਤੋਂ ਦੋ ਗੱਲਾਂ ਦੀ ਮੰਗ ਕੀਤੀ। ਇਕ, ਸ਼ਾਹ ਆਲਮ-2 ਦੀ ਜ਼ਿੰਦਗੀ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ, ਦੂਜਾ ਲਾਲ ਕਿਲ੍ਹੇ ‘ਤੇ ਸ਼ਾਹ ਆਲਮ-2 ਦਾ ਅਧਿਕਾਰ ਬਣਿਆ ਰਹਿਣ ਦਿੱਤਾ ਜਾਵੇ। ਸ: ਬਘੇਲ ਸਿੰਘ ਇਕ ਅਜਿਹੀ ਸ਼ਖਸੀਅਤ ਸਨ ਜਿਨ੍ਹਾਂ ਤੋਂ ਸਿੱਖਾਂ ਵਲੋਂ ਗੱਲਬਾਤ ਕਰਨ ਲਈ ਸਰਬ ਪ੍ਰਵਾਨਿਤ ਪ੍ਰਤੀਨਿਧ ਵਜੋਂ ਸਹਿਮਤੀ ਬਣਦੀ ਸੀ ਅਤੇ ਉਨ੍ਹਾਂ ਨੂੰ ਸਿੱਖਾਂ ਵਲੋਂ ਗੱਲਬਾਤ ਕਰਨ ਦਾ ਜਿੰਮਾ ਸੌਂਪਿਆ ਗਿਆ। ਸ: ਬਘੇਲ ਸਿੰਘ ਨੇ ਆਪਣੀ ਤੀਖਣ ਬੁੱਧੀ ਸਦਕਾ ਇਸ ਜਿੱਤ ਦਾ ਵੱਧ ਤੋਂ ਵੱਧ ਫਾਇਦਾ ਪਾੱਪਤ ਕਰਨ ਲਈ ਦ੍ਰਿਸ਼ਟੀ ਨਾਲ ਸੰਧੀ ਵਿਚ ਅਜਿਹੀਆਂ ਸ਼ਰਤਾਂ ਮਨਵਾਉਣ ਵਿਚ ਸਫਲਤਾ ਹਾਂਸਲ ਕੀਤੀ, ਜਿਹੜੀ ਸੰਧੀ ਸਮੂਹ ਸਿੱਖ ਸਰਦਾਰਾਂ ਵਲੋਂ ਸਰਬ ਪ੍ਰਵਾਨਿਤ ਹੋ ਸਕੇ। ਸੋ ਬੇਗਮ ਸਮਰੂ ਵਲੋਂ ਰੱਖੀਆਂ ਦੋ ਸ਼ਰਤਾਂ ਦੇ ਮੁਕਾਬਲੇ ਸ: ਬਘੇਲ ਸਿੰਘ ਨੇ ਜੋ ਸ਼ਰਤਾਂ ਸ਼ਾਹ ਆਲਮ ਅੱਗੇ ਰੱਖੀਆਂ ਉਨ੍ਹਾਂ ਵਿਚ ਪਹਿਲੀ ਦਿੱਲੀ ਦੀਆਂ ਉਹ ਸਾਰੀਆਂ ਥਾਵਾਂ ਸਿੱਖਾਂ ਨੂੰ ਸੌਂਪ ਦਿੱਤੀਆਂ ਜਾਣ , ਜਿਨ੍ਹਾਂ ਦਾ ਸਬੰਧ ਸਿੱਖ ਗੁਰੂ ਸਾਹਿਬਾਨ ਦੀ ਦਿੱਲੀ ਫੇਰੀ ਜਾਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨਾਲ ਜੁੜਿਆ ਹੋਵੇ। ਦੂਜੀ, ਉਪਰੋਕਤ ਸਥਾਨਾਂ ਨਿਸ਼ਾਨਦੇਹੀ ਹੋ ਜਾਣ ਉਪਰੰਤ ਸ਼ਾਹੀ ਫਰਮਾਨ ਜਾਰੀਕੀਤਾ ਜਾਵੇ ਕਿ ਪੰਥ ਨੂੰ ਆਪਣੇ ਗੁਰੂ ਸਾਹਿਬਾਨ ਦੀਆਂ ਯਾਦਗਾਰਾਂ ਉਸਾਰਨ ਦੀ ਆਗਿਆ ਦਿੱਤੀ ਜਾਵੇ। ਤੀਜੀ, ਸ਼ਹਿਰ ਦੀ ਕੋਤਵਾਲੀ ਖਾਲਸੇ ਦੇ ਸਪੁਰਦ ਕੀਤੀ ਜਾਵੇ ਅਤੇ ਦਿੱਲੀ ਵਿਚ ਮਾਲ ਦੀ ਵਿਕਰੀ ਤੋਂ ਇਕੱਠੀ ਹੋਣ ਵਾਲੀ ਚੁੰਗੀ ਵਿਚੋਂ 37 5% ਦੇ ਹਿਸਾਬ ਨਾਲ ਸਿੱਖਾਂ ਨੂੰ ਪੈਸਾ ਦਿੱਤਾ ਜਾਵੇ। ਇਹੀ ਪੈਸਾ ਗੁਰਦੁਆਰਿਆਂ ਦੀ ਉਸਾਰੀ ਅਤੇ ਫੌਜ ਦੀਆਂ ਤਨਖਾਹਾਂ ਆਦਿ ‘ਤੇ ਖਰਚ ਕੀਤਾ ਜਾਣਾ ਸੀ। ਸ: ਬਘੇਲ ਸਿੰਘ ਨੇ ਗੁਰਦੁਆਰਾ ਮੋਤੀ ਬਾਗ ਸਾਹਿਬ ਦੀ ਉਸਾਰੀ ਕਰਵਾਈ, ਜਿਥੇ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਲੀ ਆਮਦ ਸਮੇਂ ਆਪਣਾ ਨਿਵਾਸ ਰੱਖਿਆ ਸੀ। ਇਸ ਤੋਂ ਬਾਅਦ ਮਜਨੂੰ ਕਾ ਟਿੱਲਾ ਵਿਖੇ ਗੁਰਦੁਆਰੇ ਦੀ ਉਸਾਰੀ ਕੀਤੀ ਗਈ ਜਿਥੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣਾ ਨਿਵਾਸ ਰੱਖਿਆ ਸੀ। ਉਥੇ ਜਿੰਨੇ ਵੀ ਗੁਰਦੁਆਰੇ ਬਣੇ ਉਹ ਬਘੇਲ ਸਿੰਘ ਨੇ ਅੱਠ ਮਹੀਨਿਆਂ ਦੌਰਾਨ ਉਥੇ ਰਹਿ ਕੇ ਉਸਾਰੇ ਸ਼ਾਹ ਆਲਮ ਨੇ ਉਮਰ ਭਰ ਲਈ ਦਿੱਲੀ ਦੀ ਚੁੰਗੀ ਦਾ ਅੱਠਵਾਂ ਹਿੱਸਾ ਸ: ਬਘੇਲ ਸਿੰਘ ਦੇ ਨਾ ਕਰ ਦਿੱਤਾ। ਸ: ਬਘੇਲ ਸਿੰਘ ਨੇ ਨਵੰਬਰ 1783 ਦੇ ਅਖੀਰ ਤਕ ਸਾਰੇ ਗੁਰਦੁਆਰਿਆਂ ਦੀ ਉਸਾਰੀ ਮੁਕੰਮਲ ਕਰ ਦਿੱਤੀ। ਜਦੋਂ ਸ: ਬਘੇਲ ਸਿੰਘ ਗੁਰਦੁਆਰਿਆਂ ਦੀ ਉਸਾਰੀ ਕਰਕੇ ਦਸੰਬਰ ਦੇ ਅਰੰਭ ਵਿਚ ਪੰਜਾਬ ਨੂੰ ਮੁੜਨ ਲੱਗੇ ਤਾਂ ਸ਼ਹਿਨਸ਼ਾਹ ਆਲਮ-2 ਨੇ ਸ: ਬਘੇਲ ਸਿੰਘ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਅਤੇ ਆਪਣੇ ਵਜ਼ੀਰ ਨੂੰ ਮੁਲਾਕਾਤ ਦਾ ਪ੍ਰਬੰਧ ਕਰਨ ਲਈ ਸ: ਬਘੇਲ ਸਿੰਘ ਕੋਲ ਭੇਜਿਆ। ਇਸ ਤੋਂ ਪਹਿਲਾਂ ਸ: ਬਘੇਲ ਸਿੰਘ ਦੀ ਸ਼ਹਿਨਸ਼ਾਹ ਆਲਮ-2 ਦੀ ਆਪਸੀ ਗੱਲਬਾਤ ਨਹੀਂ ਸੀ ਹੋਈ। ਜਦ ਸ: ਬਘੇਲ ਸਿੰਘ ਲਾਲ ਕਿਲ੍ਹੇ ਸ਼ਹਿਨਸ਼ਾਹ ਨੂੰ ਮਿਲਣ ਲਈ ਚੱਲੇ ਤਾਂ ਬਹੁਤ ਹੀ ਬਚਿੱਤਰ ਦ੍ਰਿਸ਼ ਸੀ ਅੱਗੇ ਅੱਗੇ ਨਕੀਬ ਬੋਲਦਾ ਜਾਂਦਾ ਸੀ, ਖਾਲਸਾ ਜੀਓ ਆ ਰਹੇ ਹਨ” ਇੰਝ ਲਗਦਾ ਸੀ ਕਿ ਸਿੰਘਾਂ ਦੀ ਸ਼ਾਨ ਨਾਲ ਸੂਰਜ ਵੀ ਮੂੰਹ ਛਿਪਾ ਬੈਠਾ ਹੈ। ਸ: ਬਘੇਲ ਸਿੰਘ ਪੂਰੀ ਤਰ੍ਹਾਂ ਸ਼ਸਤਰਬੱਧ ਹੋ ਕੇ ਹਾਥੀ ਦੇ ਹੌਦੇ ਉੱਪਰ ਬੈਠੇ ਸਨ। ਕਿਲ੍ਹੇ ਕੋਲ ਪੁੱਜਦੇ ਹੀ ਵੱਡੇ ਵਜ਼ੀਰ ਨੇ ਇਸਤਕਬਾਲ ਕੀਤਾ। ਹਾਥੀ ਛੱਡ ਸ: ਬਘੇਲ ਸਿੰਘ ਘੋੜੇ ‘ਤੇ ਸਵਾਰ ਹੋਏ ਅਤੇ ਇਸ ਤਰ੍ਹਾਂ ਚੜ੍ਹੇ ਚੜਾੱਏ ਹੀ ਕਿਲ੍ਹੇ ਅੰਦਰ ਦਾਖਲ ਹੋਏ। ਜਦੋਂ ਉੱਤਰੇ ਤਾਂ ਹੋਰ ਵਜ਼ੀਰ ਕਤਾਰ ਵਿਚ ਖੜ੍ਹੇ ਸਨ। ਉਨ੍ਹਾਂ ਨਾਲ ਸ: ਦੁਲਚਾ ਸਿੰਘ ਅਤੇ ਸ: ਸਦਾ ਸਿੰਘ ਵੀ ਸਨ। ਸ: ਬਘੇਲ ਸਿੰਘ ਨੇ ਦਰਬਾਰ ਪਹੁੰਚ ਕੇ ਗੱਜ ਕੇ ਫਤਹਿ ਬੁਲਾਈ। ਸ: ਬਘੇਲ ਸਿੰਘ ਨੇ ਸ਼ਾਹੀ ਦਰਬਾਰ ਵਿਚ ਵੀ ਆਪਣੀ ਸ਼ਾਹੀ ਸਿੱਖ ਮਰਿਆਦਾ ਵੀ ਕਾਇਮ ਰੱਖੀ ਅਤੇ ਸ਼ਾਹੀ ਅਦਬ ਲਿਹਾਜ਼ ਦਾ ਪਾਲਣ ਨਹੀਂ ਕੀਤਾ। ਸ: ਬਘੇਲ ਸਿੰਘ ਨੂੰ ਸਲਾਮੀ (ਗਾਰਡ ਆਫ ਆਨਰ) ਦਿੱਤੀ ਗਈ ਤਾਂ ਸ਼ਹਿਨਸ਼ਾਹ ਨੇ ਦੋਵੇਂ ਹੱਥ ਉਤਾਂਹ ਚੁੱਕ ਲਏ। ਕੁਰਸੀ ਸ਼ਹਿਨਸ਼ਾਹ ਨੇ ਨਾਮ ਲਗਵਾਈ ਸੀ , ਪਰ ਸ: ਬਘੇਲ ਸਿੰਘ ਨੇ ਸਾਹਮਣੇ ਲਗਵਾਈ। ਬਾਕੀ ਸਰਦਾਰਾਂ ਨੂੰ ਵੀ ਮਾਣ ਸਤਿਕਾਰ ਦੀਆਂ ਕੁਰਸੀਆਂ ਦਿੱਤੀਆਂ ਗਈਆਂ। ਸ਼ਾਹ ਤੇ ਬਘੇਲ ਸਿੰਘ ਪੁਰਾਣੇ ਮਿੱਤਰਾਂ ਵਾਂਗ ਵਿਚਾਰਾਂ ਕਰਦੇ ਰਹੇ ਅਤੇ ਸ਼ਹਿਨਸ਼ਾਹ ਨੇ ਕਿਹਾ ਕਿ ਇਹ ਗੱਲ ਕਿਸੇ ਨੇ ਉੱਡਾਈ ਲਗਦੀ ਹੈ ਕਿ ਸਿੰਘ ਲੁਟੇਰੇ ਹਨ । ਉਹ ਬਘੇਲ ਸਿੰਘ ਤੋਂ ਅਤੇ ਹੋਰ ਸਰਦਾਰਾਂ ਤੋਂ ਬਹੁਤ ਪ੍ਰਭਾਵਿਤ ਹੋਇਆ। ਸ਼ਹਿਨਸ਼ਾਹ ਨੇ ਪੰਜ ਹਜ਼ਾਰ ਰੁਪਏ ਕੜਾਹ ਪ੍ਰਸ਼ਾਦਿ ਲਈ ਦੇ ਕੇ ਸ: ਬਘੇਲ ਸਿੰਘ ਨੂੰ ਬੜੇ ਆਦਰ ਤੇ ਸਤਿਕਾਰ ਨਾਲ ਰੁਖਸਤ ਕੀਤਾ।
ਕਿਸਾਨ ਵੀਰੋ, ਲੱਛਣ ਦੇਖਿਓ ਕਿਤੇ ਦਿੱਲੀ ਵਾਲਿਆਂ ਦੀਆਂ ਮਿੱਠੀਆਂ ਗੱਲਾਂ ਵਿੱਚ ਨਾ ਆ ਜਾਇਓ, ਹੁਣ ਲੋਹਾ ਗਰਮ ਹੈ ਅਤੇ ਦੁਨੀਆਂ ਭਰ ਦੇ ਦੇਸ਼ ਤੁਹਾਡੇ ਮਗਰ ਆਵਾਜ਼ ਬੁਲੰਦ ਕਰ ਰਹੇ ਹਨ। ਜੇ ਹੁਣ ਥਿੜਕ ਗਏ ਤਾਂ ਫਿਰ ਮੁੜ ਕਦੇ ਵੀ ਇਹੋ ਜਿਹੀ ਲਹਿਰ ਪੈਦਾ ਨਹੀਂ ਕੀਤੀ ਜਾ ਸਕਦੀ।
ਦਿੱਲੀ ਦੇ ਤਾਜ਼ਦਾਰ ਘਬਰਾਏ ਹੋਏ ਹਨ ਪਰ ਉਪਰੋਂ ਉਪਰੋਂ ਬਨਾਉਟੀ ਹਾਸਾ ਹਸਦੇ ਦਿਖਾਈ ਦੇ ਰਹੇ ਹਨ।ਇਸ ਸਮੇਂ ਦੇਸ਼ ਦੇ ਹਰ ਵਰਗ ਦੀ ਪੂਰੀ ਹਮਦਰਦੀ ਤੁਹਾਡੇ ਨਾਲ ਹੈ।
ਪਰ ਗੁਰੂ ਤੇ ਭਰੋਸਾ ਰੱਖ ਕੇ ਡੱਟੇ ਰਹੋ ,ਗੁਰੂ ਫਤਹਿ ਬਖਸ਼ੇਗਾ। ਏਕਤਾ ਬਣਾਈ ਰੱਖੋ ਵਾਰੀ ਵਾਰੀ ਮੀਟਿੰਗਾਂ ਕਰਨ ਦੀ ਨੀਤੀ ਖਤਰਨਾਕ ਹੈ, ਇਸ ਲਈ ਸੁਚੇਤ ਹੋ ਕੇ ਚਲਣ ਦੀ ਲੋੜ ਹੈ। ਵਾਰ ਵਾਰ ਇੱਕੋ ਗੱਲ ਉਪਰ ਮੀਟਿੰਗਾਂ ਕਰਨ ਦਾ ਮਤਲਬ ਕੋਈ ਚੱਕਰਵਿਊ ਤਿਆਰ ਕੀਤਾ ਜਾ ਰਿਹਾ ਹੈ ।
ਜੋਰਾਵਰ ਸਿੰਘ ਤਰਸਿੱਕਾ ।

...
...



Related Posts

Leave a Reply

Your email address will not be published. Required fields are marked *

2 Comments on “11 ਮਾਰਚ ਦਾ ਇਤਿਹਾਸ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)