More Gurudwara Wiki  Posts
ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ – ਆਖ਼ਿਰੀ ਭਾਗ


ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੂੰ ਸਮਰਪਿਤ ਇਤਿਹਾਸ ਦਾ ਅੱਜ ਆਖਰੀ ਭਾਗ ਪੜੀਏ ਜੀ ।
ਭਾਗ ਪੰਜਵਾਂ
ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ
ਬੰਦਾ ਬਹਾਦਰ ਨੂੰ ਸੰਗਲਾਂ ਵਿਚ ਜਕੜ ਕੇ ਲੋਹੇ ਦੇ ਪਿੰਜਰੇ ਵਿਚ ਰਖਕੇ, ਉਤੇ ਨੰਗੀਆਂ ਤਲਵਾਰਾ ਵਾਲਾ ਪਹਿਰੇਦਾਰ, ਤਕਰੀਬਨ 200 ਸਿਖਾਂ ਦੇ ਸਿਰ ਨੇਜਿਆਂ ਤੇ ਟੰਗ ਕੇ ਲਾਹੌਰ ਲਿਜਾਏ ਗਏ। , ਜਕਰੀਆ ਖਾਨ ਦਾ ਹੁਕਮ ਹੋਇਆ ਕੀ ਇਨਾ ਸਿਖਾਂ ਦੀ ਦਿੱਲੀ ਸ਼ਹਿਰਾਂ ਤੇ ਬਾਜ਼ਾਰਾਂ ਵਿਚ ਨੁਮਾਈਸ਼ ਲਗਾਈ ਜਾਏ। ਜਕਰੀਆ ਖਾਨ ਦਿਲੀ ਦੀ ਨੁਮਾਇਸ਼ ਵਾਸਤੇ ਇਹ 200 ਸਿਰ ਬਹੁਤ ਥੋੜੇ ਲਗੇ। ਕਤਲੇਆਮ ਦਾ ਦੌਰ ਫਿਰ ਸ਼ੁਰੂ ਹੋਇਆ। ਇਸ ਲਈ ਹੋਰ ਹਜਾਰਾਂ ਬੇਗੁਨਾਹ ਸਿਖਾਂ ਨੂੰ ਫੜ ਕੇ ਕਤਲ ਕੀਤਾ ਗਿਆ। ਵਢੇ ਹੋਏ ਸਿਰਾਂ ਨੂੰ ਗਡਿਆ ਵਿਚ ਭਰ ਕੇ ਜਕਰੀਆ ਖਾਨ ਤੇ ਕਮਰੂਦੀਨ ਦੀ ਅਗਵਾਈ ਹੇਠ ਦਿਲੀ ਨੂੰ ਤੁਰ ਪਏ।
27 ਫਰਵਰੀ 1716 ਨੂੰ 740 ਅਨੁਆਈ, 26 ਨਿਕਟਵਰਤੀ ਸਿਖ ਤੇ 3000 ਸ਼ਹੀਦ ਸਿਖ ਦਿੱਲੀ ਪਹੁੰਚੇ। ਦਿੱਲੀ ਤੋ ਬਾਹਰ ਅਗਰਾਬਾਦ ਤੋ ਸ਼ਾਹੀ ਮਹਲ ਤਕ ਜਲੂਸ ਦੀ ਸ਼ਕਲ ਵਿਚ ਲਿਆਂਦਾ ਗਿਆ ਜਿਸਦੀ ਜਿਮੇਵਾਰੀ ਇਤਮਾਦੂ-ਦੋਲਾ-ਮੁਹੰਮਦ ਅਮੀਨ ਖਾਨ ਨੂੰ ਦਿਤੀ ਗਈ। ਇਸਨੇ ਬੜੇ ਬੇਹੁਦਾ ਢੰਗ ਨਾਲ ਬਾਬਾ ਬੰਦਾ ਤੇ ਉਸਦੇ ਸਾਥਿਆ ਨੂੰ ਦਿਲੀ ਸ਼ਾਹੀ ਮਹਲ ਤਕ ਜਲੂਸ ਦੀ ਸ਼ਕਲ ਵਿਚ ਲਿਆਂਦਾ। ਸਭ ਤੋ ਅਗੇ 3000 ਸਿਖਾਂ ਦੇ ਸਿਰ ਜਿਨਾ ਦੇ ਕੇਸ ਹਵਾ ਵਿਚ ਲਹਿਰਾ ਰਹੇ ਸੀ, ਨੇਜਿਆਂ ਤੇ ਟੰਗੇ ਹੋਏ ਸੀ ਤੇ ਇਕ ਮਰੀ ਹੋਈ ਬਿਲੀ ਬਾਂਸ ਤੇ। ਇਸਦੇ ਪਿਛੇ ਬੰਦਾ ਬਹਾਦਰ ਇਕ ਲੋਹੇ ਦੇ ਪਿੰਜਰੇ ਵਿਚ ਡਕ ਕੇ ਹਾਥੀ ਤੇ ਬਿਠਾਇਆ ਹੋਇਆ ਸੀ। ਮਹੌਲ ਨੂੰ ਹਾਸੋ ਹੀਣਾ ਕਰਨ ਲਈ ਉਸਦੇ ਦੇ ਸਿਰ ਤੇ ਸੁਨਹਿਰੀ ਤਾਜ ਵਾਲੀ ਤਿਲੇ ਨਾਲ ਮੜੀ ਹੋਈ ਪਗ ਪਵਾਈ ਹੋਈ ਸੀ। , ਪਿਛੇ ਮੁਹੰਮਦ ਖਾਨ ਦਾ ਇਕ ਤੁਰਕੀ ਅਫਸਰ ਸੰਜੋਆ ਪਾਕੇ ਨੰਗੀ ਤਲਵਾਰ ਪਕੜ ਕੇ ਖੜਾ ਸੀ। ਪਿਛੇ ਸਾਰੇ ਸਿਖ ਦੋ ਦੋ ਇਕੱਠੇ ਜਕੜ ਇਕ ਦੂਜੇ ਵਲ ਪਿਠ ਕਰਕੇ ਊਠਾਂ ਤੇ ਲਦੇ ਹੋਏ ਸੀ। ਉਨਾਂ ਉਤੇ ਵੀ ਬੜੀਆਂ ਅਨੋਖੀਆਂ ਪੱਗਾ ਪੁਆਈਆਂ ਹੋਈਆਂ ਸੀ। ਸੜਕਾਂ ਦੇ ਦੋਹੀਂ ਤਰਫ਼ ਮੁਗਲ ਸਿਪਾਹੀ ਤੇ ਦਿਲੀ ਨਿਵਾਸੀ ਖੜੇ ਹੋਏ ਸਨ। ਕੋਈ ਹਸਦਾ, ਕੋਈ ਮਖੌਲ ਕਰਦਾ ਤੇ ਕੋਈ ਪਥਰ ਵੀ ਮਾਰਦਾ ਪਰ ਸਿਖ ਅਡੋਲ ਤੇ ਸ਼ਾਂਤ ਸਨ। ਇਕ ਮੁਗਲ ਸਰਦਾਰ ਬੰਦਾ ਸਿੰਘ ਦੇ ਮੂੰਹ ਦਾ ਜਲਾਲ ਦੇਖਕੇ ਇਹ ਕਹਿਣੋ ਰਹਿ ਨਾ ਸਕਿਆ, ‘ ਸੁਭਾਨ ਅੱਲਾ। ਕੈਸਾ ਦੀਦਾਰ ਔਰ ਇਤਨੇ ਅਤਿਆਚਾਰ : ਬੰਦੇ ਨੇ ਸੁਣਿਆ ਤੇ ਬੜੇ ਠਰੰਮੇ ਨਾਲ ਉੱਤਰ ਦਿਤਾ, ” ਜਦੋਂ ਜੁਲਮਾਂ ਤੇ ਸਿਤੰਮਾਂ ਦੀ ਅਤ ਹੋ ਜਾਏ, ਹਾਕਮ ਬਘਿਆੜ ਬਣ ਜਾਣ ਤਾਂ ਰਬ ਮੇਰੇ ਜਿਹਾਂ ਨੂ ਜਾਲਮਾਂ ਦੀਆ ਜੜਾ ਪੁਟਣ ਨੂੰ ਭੇਜਦਾ ਹੈ। ਤੇ ਜੱਦੋਂ ਕੰਮ ਪੂਰਾ ਹੋ ਜਾਏ ਤਾ ਓਹ ਤੁਹਾਡੇ ਜਿਹਾਂ ਨੂੰ ਭੇਜਦਾ ਹੈ ਜਾਮ-ਏ- ਸ਼ਹਾਦਤ ਪਿਲਾਣ ਲਈ। ਤਾਕਿ ਸ਼ਹੀਦ ਦਾ ਨਾਮ ਰਹਿੰਦੀ ਦੁਨਿਆ ਤਕ ਕਾਇਮ ਰਹੇ।
ਦਿੱਲੀ ਦੇ ਮੁਸਲਮਾਨਾ ਵਾਸਤੇ ਇਹ ਬੜਾ ਮਨੋਰੰਜਕ ਨਜ਼ਾਰਾ ਸੀ। ਦਿੱਲੀ ਦੀਆਂ ਗਲੀਆਂ ਬਾਜ਼ਾਰਾਂ ਵਿਚ ਇਤਨਾ ਵਡਾ ਜਲੂਸ ਕਦੀ ਕਿਸੀ ਨੇ ਨਹੀ ਦੇਖਿਆ। ਸਿਖ ਵੀ ਚੜਦੀ ਕਲਾ ਵਿਚ ਸਨ। ਉਨਾਂ ਦੇ ਚੇਹਰਿਆਂ ਤੇ ਦੀਨਤਾ, ਉਦਾਸੀ, ਜਾ ਸ਼ਰਮਿੰਦਗੀ ਦਾ ਨਾਮੋ ਨਿਸ਼ਾਨ ਤਕ ਨਹੀ ਸੀ। ਸ਼ਾਂਤ ਤੇ ਅਡੋਲ ਵਾਹਿਗੁਰੂ ਦਾ ਜਾਪ ਕਰਦੇ ਜਾ ਰਹੇ ਸਨ। ਬੰਦਾ ਬਹਾਦਰ ਤੇ ਉਸਦੇ 27 ਨਿਕਟਵਰਤੀਆਂ ਨੂੰ ਮੀਰ-ਅਓਸ਼ -ਇਬਰਾਹਿਮ -ਓ -ਦੀਨ ਖਾਨ ਦੇ ਹਵਾਲੇ ਕਰ ਦਿਤਾ। ਬਾਕੀ ਦੇ ਸਿਖ ਕਤਲ ਕਰਨ ਲਈ ਦਿਲੀ ਦੇ ਕੋਤਵਾਲ ਸਰਬਰਾ ਖਾਨ ਦੇ ਹਵਾਲੇ ਕਰ ਦਿਤੇ ਗਏ। ਬੰਦੀ ਬਣਾਏ ਸਿਖਾਂ ਤੇ ਅਕਿਹ ਤੇ ਅਸਹਿ ਜ਼ੁਲਮ ਕੀਤੇ ਗਏ, ਉਨਾਂ ਨੂੰ ਲਗਾ ਸ਼ਾਇਦ ਇਤਨੇ ਤਸੀਹੇ ਦੇਖ ਕੇ ਓਹ ਕੰਬ ਜਾਣ, ਈਨ ਮਨ ਲੈਣ, ਆਪਣਾ ਧਰਮ ਬਦਲ ਲੈਣ, ਪਰ ਓਹ ਸਫਲ ਨਾ ਹੋ ਸਕੇ। ਬੰਦਾ ਬਹਾਦੁਰ ਤੇ ਹੋਰ ਮੁਖੀ ਸਰਦਾਰਾਂ ਨੂੰ ਉਸਨੇ ਤਿੰਨ ਮਹੀਨੇ ਕੈਦ ਵਿਚ ਰਖਿਆ। ਕੇਹੜਾ ਜੁਲਮ ਉਨ੍ਹਾ ਤੇ ਨਹੀਂ ਕੀਤਾ ਹੋਵੇਗਾ। ਸੁਸ਼ੀਲ ਕੌਰ ਜੋ ਕੀ ਬਹੁਤ ਖੂਬਸੂਰਤ ਸੀ, ਬਾਦਸ਼ਾਹ ਦੀ ਉਸਤੇ ਨਜਰ ਸੀ ਜਿਸ ਲਈ ਉਸ ਨੂੰ ਹੈਰਮ ਦੀ ਸ਼ਾਨੋ ਸ਼ੌਕਤ ਮਾਹੋਲ ਵਿਚ ਰਖਿਆ ਗਿਆ। ਸੁਸ਼ੀਲ ਕੌਰ ਨੂੰ ਹਰ ਤਰਹ ਦੇ ਲਾਲਚ ਦਿਤੇ ਗਏ ਕਈ ਪੈਂਤਰੇ ਬਦਲੇ ਪਰ ਕੋਈ ਕੰਮ ਨਹੀਂ ਆਇਆ।
ਇਸਦੇ ਨਾਲ ਨਾਲ ਸਿਖਾਂ ਦਾ ਕਤਲੇਆਮ ਵੀ ਸ਼ੁਰੂ ਹੋ ਗਿਆ। 1716 ਤੋਂ 7 ਦਿਨ ਰੋਜ਼ 100 -100 ਸਿੰਘਾ ਨੂੰ ਲਾਲਚ ਦੇਣ ਤੋ ਬਾਅਦ ਸ਼ਹੀਦ ਕੀਤਾ ਜਾਂਦਾ ਅੰਗਰੇਜ਼ ਸਰਕਾਰ ਦੇ ਰਿਕਾਰਡ ਵਿਚ ਮਿਸਟਰ ਸਰਮਨ ਲਿਖਦੇ ਹਨ ਕੀ ਹਰ ਸਿਖ ਨੂੰ ਕਤਲ ਕਰਨ ਲਈ ਕੋਤਵਾਲੀ ਦੇ ਚਬੂਤਰੇ ਵਿਚ ਲਿਆਣ ਤੋਂ ਪਹਿਲੇ ਪੇਸ਼ਕਸ ਕੀਤੀ ਜਾਂਦੀ, ਜਾਨ ਬਖਸ਼ੀ, ਦੋਲਤ ਤੇ ਅਹੁਦਿਆਂ ਦੀ, ਪਰ ਇਕ ਸਿਖ ਵੀ ਲਾਲਚ ਵਿਚ ਨਹੀ ਆਇਆ। ਹਰ ਸਿਖ ਇਕ ਦੂਜੇ ਤੋਂ ਪਹਿਲੇ ਸ਼ਹੀਦ ਹੋਣ ਲਈ ਆਪਸ ਵਿਚ ਲੜਦੇ ।
ਇਕ ਬਜੁਰਗ ਮਾਂ ਆਪਣੇ ਬਚੇ ਲਈ ਫਰਿਆਦ ਕਰਣ ਆਈ ਕਿ ਇਹ ਸਿਖ ਨਹੀਂ ਹੈ ਗਲਤੀ ਨਾਲ ਪਕੜਿਆ ਗਿਆ ਹੈ ਇਸਦੀ ਜਾਨ ਬਖਸ਼ ਦਿਓ। ਬਾਦਸ਼ਾਹ ਨੇ ਬਚੇ ਨੂੰ ਛਡਣ ਦਾ ਪਰਵਾਨਾ ਲਿਖ ਦਿਤਾ। ਮਾਂ ਖੁਸ਼ੀ ਖੁਸ਼ੀ ਪਰਵਾਨਾ ਲੈਕੇ ਕੋਤਵਾਲੀ ਪਹੁੰਚੀ ਤੇ ਸਰਬਰਾ ਖਾਨ ਨੂੰ ਬਾਦਸ਼ਾਹ ਦਾ ਲਿਖਿਆ ਪਰਵਾਨਾ ਵਿਖਾਇਆ ਉਸ ਵਕਤ ਬਚੇ ਦੀ ਵਾਰੀ ਸੀ ਕਤਲ ਹੋਣ ਦੀ, ਓਹ ਕੋਤਵਾਲੀ ਦੇ ਚਬੂਤਰੇ ਤੇ ਖੜਾ ਸੀ, ਜਲਾਦ ਉਸਦਾ ਸਿਰ ਕਲਮ ਕਰਨ ਲਈ ਤਿਆਰ ਸੀ, ਸਰਬਰਾ ਖਾਨ ਨੇ ਇਕਦਮ ਜਲਾਦ ਨੂੰ ਰੋਕਿਆ ਤੇ ਕਹਿਣ ਲਗਾ ਕਿ ਇਸ ਬਚੇ ਨੂੰ ਕਤਲ ਨਾ ਕਰੋ ਇਹ ਸਿਖ ਨਹੀ ਹੈ। ਬਚਾ ਥਲੇ ਉਤਰਿਆ ਮਾਂ ਨੂੰ ਦੇਖਿਆ ਤੇ ਦੌੜ ਕੇ ਵਾਪਸ ਕੋਤਵਾਲੀ ਦੀ ਛਤ ਤੇ ਚੜ ਗਿਆ ਕੀ ਮੇਰੀ ਮਾਂ ਝੂਠ ਬੋਲਦੀ ਹੈ। ਮੈਂ ਗੁਰੂ ਗੋਬਿੰਦ ਸਿੰਘ ਦਾ ਸਿਖ ਹਾਂ ਪਰ ਇਹ ਮੇਰੀ ਮਾਂ ਨਹੀਂ ਹੋ ਸਕਦੀ। ਇਕ ਸਿਖ ਵੀ ਆਪਣੇ ਧਰਮ ਤੋਂ ਡੋਲਿਆ ਨਹੀਂ।
ਤੀਸਰੇ ਦਿਨ ਫ੍ਰ੍ਕ੍ਸੀਅਰ ਨੇ ਪੁਛਿਆ ਕੀ ਕਿਤਨੇ ਸਿਖ ਕਤਲ ਕੀਤੇ ਜਾ ਚੁਕੇ ਹਨ ਤਾਂ ਸਰਬਰਾ ਖਾਨ ਨੇ ਕਿਹਾ ਕੀ 300 ਫਰਖਸੀਅਰ ਨੇ ਕਿਹਾ ਕੀ ਕਿਤਨਿਆਂ ਨੇ ਇਸਲਾਮ ਕਬੂਲ ਕੀਤਾ ਹੈ ਤਾਂ ਉਸਨੇ ਜਵਾਬ ਦਿਤਾ ਕਿਸੇ ਇਕ ਨੇ ਵੀ ਨਹੀਂ। ਬੜਾ ਹੈਰਾਨ ਹੋਇਆ ਕਹਿਣ ਲਗਾ ਕਿ ਮੇਰਾ ਮਕਸਦ ਉਨ੍ਹਾ ਨੂੰ ਕਤਲ ਕਰਨਾ ਨਹੀਂ ਝੁਕਾਣਾ ਹੈ। ਇਨਾ ਦੀ ਰੋਟੀ ਬੰਦ ਕਰ ਦਿਓ। ਤਿਨ ਦਿਨ ਭੁਖਿਆਂ ਰਖ ਕੇ ਚੌਥੇ ਦਿਨ ਜਕਰੀਆਂ ਖਾਨ ਆਪ ਤ੍ਰਿਪੋਲੀਆ ਦੀ ਜੈਲ ਵਿਚ ਗਿਆ ਰੋਟੀਆਂ ਲੈਕੇ। ਪਹਿਲਾ ਇਕ ਬਜੂਰਗ ਦੇ ਹਥ ਵਿਚ ਰੋਟੀ ਦਿਤੀ। ਬਜੁਰਗ ਨੇ ਰੋਟੀ ਵਲ ਦੇਖ਼ਿਆ ਨਾਲ ਨੌਜਵਾਨ ਬੈਠਾ ਸੀ ਉਸਨੂੰ ਕਹਿਣ ਲਗਾ ਇਹ ਰੋਟੀ ਤੂੰ ਖਾ ਲੈ, ਮੇਰੀ ਤਾਂ ਉਮਰ ਹੋ ਚੁਕੀ ਹੈ। ਜਵਾਨ ਦੇ ਨਾਲ ਇਕ ਛੋਟੀ ਉਮਰ ਦਾ ਬਚਾ ਬੈਠਾ ਸੀ ਉਸਨੂੰ ਕਹਿਣ ਲਗਾ ਕੀ ਮੈਂ ਤਾਂ ਜਵਾਨ ਹਾਂ ਇਕ ਦੋ ਦਿਨ ਹੋਰ ਭੁਖਾ ਰਹਿ ਸਕਦਾ ਹਾਂ ਇਹ ਰੋਟੀ ਤੂੰ ਖਾ ਲੈ। ਇਸਤਰਾਂ ਇਹ ਰੋਟੀ ਘੁਮਦੀ ਘੁਮਾਦੀ ਓਸੇ ਬਜੂਰਗ ਕੋਲ ਵਾਪਸ ਆ ਗਈ। ਉਸਨੇ ਜਕਰੀਆਂ ਖਾਨ ਦੇ ਸਾਮਣੇ ਰੋਟੀ ਵਗਾਹ ਮਾਰੀ, ’ਫੜ ਆਪਣੀ ਰੋਟੀ ਜਿਸ ਗੁਰੂ ਨੇ ਆਪਣੇ ਬਚੇ ਕਟਵਾਕੇ ਸਿਖ ਪੰਥ ਦੀ ਝੋਲੀ ਵਿਚ ਪਾਏ ਹਨ ਓਹ ਕੌਮ ਤੇਰੀ ਰੋਟੀ ਅਗੇ ਝੁਕ ਜਾਏਗੀ ? ਫਰਖਸਿਅਰ ਨੇ ਜਮੀਨ ਤੇ ਹਥ ਲਗਾ ਕੇ ਕੰਨਾ ਨੂੰ ਹਥ ਲਗਾਇਆ। ਬਾਕੀ ਦੇ ਚਾਰ ਸੋ ਸਿਖ ਚਾਰ ਦਿਨਾਂ ਵਿਚ ਕਤਲ ਕਰ ਦਿਤੇ ਗਏ। ਇਕ ਅੰਗਰੇਜ਼ ਲ੍ਹਿਖਾਰੀ ਲਾਵਰੇਨ੍ਸ ਹੇਨਰੀ ਲਿਖਦਾ ਹੈ ਜੋ ਉਸ ਵਕਤ ਮੌਕੇ ਵਾਰਦਾਤ ਤੇ ਸੀ ਕੀ ਇੰਜ ਲਗ ਰਿਹਾ ਹੈ ਜਿਵੈਂ ਹਰ ਕਰਾਈਸਟ ਆਪਣੇ ਧਰਮ ਦੀ ਖਤਿਰ ਸੂਲੀ ਤੇ ਚੜ ਰਿਹਾ ਹੋਵੇ”।
25 ਜੂਨ 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਤੇ ਉਸਦੇ ਮੁਖੀਆਂ ਦੀ ਵਾਰੀ ਆਈ। ਇਨਾਂ ਨੂੰ ਕੁਤੁਬ ਮੀਨਾਰ ਦੇ ਨੇੜੇ ਕੁਤਬੂਦੀਨ ਬ੍ਖਤੀਆਰ ਕਾਕੀ ਦੀ ਦਰਗਾਹ ਵਿਚ ਲਿਆਂਦਾ ਗਿਆ। ਬੰਦਾ ਸਿੰਘ ਨੂੰ ਕੋਤਵਾਲੀ ਕਿਓਂ ਨਹੀ ਕਤਲ ਕੀਤਾ, ਬ੍ਖਤੀਅਰ ਕਾਕੀ ਦੀ ਦਰਗਾਹ ਹੀ ਕਿਓਂ ਚੁਣੀ ਗਈ, ਇਸਦਾ ਵੀ ਇਕ ਕਾਰਨ ਸੀ। ਦਰਬਾਰੇ ਕਾਜੀ, ਦਾ ਮਾਨਨਾ ਸੀ ਕੀ ਬਹਾਦਰ ਸ਼ਾਹ ਦੀ ਮੌਤ ਕਿਓਂਕਿ ਬੰਦਾ ਬਹਾਦਰ ਦੇ ਡਰ ਤੇ ਸਹਿਮ ਤੋਂ ਹੋਈ ਹੈ, ਇਸਦੀ ਰੂਹ ਨੂੰ ਤਾ ਹੀ ਸਕੂਨ ਮਿਲ ਸਕਦਾ ਹੈ ਜੇਕਰ ਬੰਦਾ ਬਹਾਦਰ ਨੂੰ ਇਸਦੀ ਕਬਰ ਦੇ ਸਾਮਣੇ ਕਤਲ ਕੀਤਾ ਜਾਏ।
ਕਾਕੀ ਬ੍ਖਤੀਅਰ ਦੀ ਦਰਗਾਹ ਵਿਚ ਸਾਰੇ ਕੈਦੀਆਂ ਨੂੰ ਬਿਠਾਇਆ ਗਿਆ, ਬੰਦਾ ਬਹਾਦੁਰ ਵਿਚਕਾਰ ਬੈਠਾ ਸੀ ਸਾਮਣੇ ਬਾਦਸ਼ਾਹ...

ਫਰਖਸੀਅਰ ਤਖਤ ਤੇ ਬੈਠਾ ਸੀ। ਬਾਦਸ਼ਾਹ ਪੁਛਣ ਲਗਾ ਕੀ ਤੁਹਾਡੇ ਵਿਚੋਂ ਬਾਜ ਸਿੰਘ ਕੌਣ ਹੈ। ਮੈਨੂੰ ਬਾਜ ਸਿੰਘ ਕਹਿੰਦੇ ਹਨ। ਸੁਣਿਆ ਤੂੰ ਬਹੁਤ ਦਲੇਰ ਜਰਨੈਲ ਹੈਂ, ਹੁਣ ਤੇਰੀ ਦਲੇਰੀ ਕਿਥੇ ਗਈ ? ਬਾਜ ਸਿੰਘ ਨੇ ਕਿਹਾ ਕਿ ਮੇਰੀਆਂ ਪੈਰਾਂ ਵਿਚ ਬੇੜੀਆਂ ਤੇ ਹਥ ਵਿਚ ਹਥ ਕੜੀਆਂ ਹਨ ਜੇ ਤੂੰ ਮੇਰੀ ਦਲੇਰੀ ਦੇਖਣਾ ਚਾਹੰਦਾ ਹੈਂ ਤਾਂ ਮੇਰੇ ਪੈਰਾਂ ਦੀ ਇਕ ਬੇੜੀ ਜਾਂ ਇਕ ਹਥਕੜੀ ਖੋਲ ਦੇ। ਬਾਦਸ਼ਾਹ ਨੇ ਸੋਚਿਆ ਕੀ ਮੇਰੇ 1300 ਅੰਗ ਰ੍ਖਸ਼ਕ ਮੇਰੇ ਨਾਲ ਹਨ 26000 ਹਜ਼ਾਰ ਦੀ ਫੌਜ਼ ਆਸ-ਪਾਸ ਖੜੀ ਹੈ ਇਹ ਮਹੀਨੇ ਤੋਂ ਭੁਖਾ, ਬਿਨਾ ਕਿਸੇ ਹਥਿਆਰ ਤੋਂ ਕੀ ਕਰ ਲਵੇਗਾ,? ਸਿਪਾਹੀ ਨੂੰ ਹੁਕਮ ਕੀਤਾ ਇਸਦੀ ਇਕ ਹਥਕੜੀ ਖੋਲ ਦਿਓ। ਜੀਓੰ ਹੀ ਸਿਪਾਹੀ ਨੇ ਹਥਕੜੀ ਖੋਲੀ ਬਾਜ ਸਿੰਘ ਨੇ ਜੋਰ ਦੇ ਝਟਕੇ ਨਾਲ ਸਿਪਾਹੀ ਦੀ ਤਲਵਾਰ ਖੋਹ ਕੇ ਬੇਮਿਆਨ ਕੀਤਾ ਤੇ ਸਿਪਾਹੀ ਦਾ ਸਿਰ ਕਲਮ ਕਰ ਦਿਤਾ 13 ਸਿਪਾਹੀ ਹੋਰ ਕਤਲ ਕਰ ਦਿਤੇ। ਫ੍ਕ੍ਸੀਅਰ ਇਤਨਾ ਡਰ ਗਿਆ ਕੀ ਤਖਤ ਛਡ ਕੇ ਨਸ ਉਠਿਆ। ਸਿਪਾਹੀਆਂ ਨੇ ਬਾਜ ਸਿੰਘ ਨੂੰ ਬੜੀ ਮੁਸ਼ਕਲ ਨਾਲ ਕਾਬੂ ਕੀਤਾ।
ਕਤਲ ਕਰਨ ਤੋ ਪਹਿਲਾਂ ਇਕ ਵਾਰੀ ਫਿਰ ਦੀਨ-ਏ -ਇਸਲਾਮ ਕਬੂਲ ਕਰਨ ਦੀ ਸ਼ਰਤ ਰਖੀ ਪਰ ਇਹ ਖਾਹਿਸ਼ ਉਨਾਂ ਦੀ ਦਿਲ ਵਿਚ ਹੀ ਰਹਿ ਗਈ। ਪਹਿਲਾਂ ਬਾਬਾ ਬਿਨੋਦ ਸਿੰਘ, ਬਾਬਾ ਬਾਜ ਸਿੰਘ, ਬਾਬਾ ਫਤਹਿ ਤੇ ਬਾਬਾ ਆਲੀ ਸਿੰਘ ਸ਼ਹੀਦ ਕੀਤਾ। ਬਾਬਾ ਬੰਦਾ ਸਿੰਘ ਨੇ ਆਖਾਂ ਬੰਦ ਕਰ ਲਈਆਂ ਤਾ ਫਰਖਸਿਅਰ ਨੇ ਕਿਹਾ, ਕੀ ਗਲ ਸਾਥੀਆਂ ਦੀ ਮੌਤ ਨਹੀਂ ਦੇਖੀ ਜਾ ਰਹੀ ਤਾਂ ਬੰਦੇ ਨੇ ਕਿਹਾ ਕੀ ਮੈਂ ਤਾਂ ਅਕਾਲ ਪੁਰਖ ਅਗੇ ਅਰਦਾਸ ਕਰ ਰਿਹਾ ਸੀ ਕੇ ਜੇਹੜੇ ਮੇਰੇ ਤੋਂ ਪਿਛੋ ਆਏ ਹਨ ਓਹ ਤੇਰੀ ਗੋਦ ਵਿਚ ਪਹਿਲੇ ਚਲੇ ਗਏ, ਮੇਰੇ ਤੋ ਐਸੀ ਕੀ ਭੁਲ ਹੋ ਗਈ ਹੈ ਕੀ ਮੈਂ ਅਜੇ ਇਥੇ ਬੈਠਾਂ ਹਾਂ।
ਬਾਬਾ ਬੰਦਾ ਸਿੰਘ ਦਾ ਪੁਤਰ ਉਸਦੀ ਝੋਲੀ ਵਿਚ ਪਾਕੇ ਸ਼ਹੀਦ ਕਰਨ ਨੂੰ ਕਿਹਾ। ਬੰਦਾ ਸਿੰਘ ਨੇ ਕਿਹਾ, ” ਸਾਡੇ ਗੁਰੂ ਸਾਹਿਬ ਦਾ ਹੁਕਮ ਹੈ ਕੀ ਮਾਸੂਮਾ ਤੇ ਮਜਲੂਮਾ ਤੇ ਵਾਰ ਨਹੀ ਕਰਨਾ ਅਗਰ ਮੇਰੇ ਪੁਤਰ ਦੀ ਜਗਹ ਤੇਰਾ ਪੁਤਰ ਵੀ ਮੇਰੀ ਝੋਲੀ ਵਿਚ ਹੁੰਦਾ ਤਾ ਉਸਦਾ ਵੀ ਮੈਂ ਕਤਲ ਨਾਂ ਕਰਦਾ। ਬਾਬਾ ਅਜੈ ਸਿੰਘ ਨੂੰ ਨੇਜੇ ਉਪਰੋਂ ਉਛਾਲ ਕੇ ਦੋ ਟੋਟੇ ਕਰਵਾ ਦਿਤੇ, ਉਸ ਮਾਸੂਮ ਦਾ ਧੜਕਦਾ ਕਲੇਜਾ ਕਢ ਕੇ ਬੰਦਾ ਸਿੰਘ ਦੇ ਮੂੰਹ ਵਿਚ ਤੁਨਿ ਆ. ਉਸਦੇ ਜਿਸਮ ਦਾ ਖੂਨ ਬੰਦੇ ਸਿੰਘ ਦੇ ਮੂੰਹ ਤੇ ਮਲਿਆ। ਬੰਦਾ ਸਿੰਘ ਦੀਆਂ ਅਖਾਂ ਫਿਰ ਬੰਦ ਸਨ। ਫਿਰ ਫਰਖਸੀਅਰ ਨੇ ਪੁਛਿਆ ਕੀ ਪੁਤਰ ਦੀ ਮੌਤ ਨਹੀ ਦੇਖੀ ਜਾ ਰਹੀ ਤਾਂ ਬੰਦੇ ਬਹਾਦਰ ਨੇ ਕਿਹਾ ਕੀ ਹੁਣ ਮੈਂ ਕਲਗੀਧਰ ਪਾਤਸ਼ਾਹ ਅਗੇ ਤੇਰਾ ਸ਼ੁਕਰਾਨਾ ਕਰ ਰਿਹਾਂ ਹਾਂ ਕੀ ਜਿਸ ਗੁਰੂ ਨੇ ਚਾਰ ਪੁਤਰ ਖਾਲਸੇ ਦੀ ਝੋਲੀ ਵਿਚ ਪਾਏ ਹਨ ਅਜ ਤੇਰੀ ਖਾਤਿਰ ਮੈਂ ਆਪਣੇ ਪੁਤਰ ਨੂੰ ਝੋਲੀ ਵਿਚ ਪਾਕੇ ਉਸਦੀ ਗੋਦ ਵਿਚ ਜਾ ਰਿਹਾਂ ਹਾਂ। ਧੰਨ ਜਿਗਰਾ ਓਹ ਫਿਰ ਵੀ ਸ਼ਾਂਤ ਤੇ ਅਡੋਲ ਰਹੇ। ਜਕਰੀਆਂ ਖਾਨ ਨੇ ਪੁਛਿਆ ਕੀ ਹੁਣ ਤੈਨੂੰ ਕਿਸ ਤਰਹ ਦੀ ਮੌਤ ਚਾਹੀਦੀ ਹੈ ਤਾਂ ਬੰਦਾ ਸਿੰਘ ਨੇ ਕਿਹਾ ਕੀ ਜੇ ਤੂ ਮੇਰਾ ਸਬਰ ਪਰਖਣਾ ਹੈ ਤਾਂ ਤੂੰ ਆਪਣੇ ਜੁਲਮ ਦੀ ਹਦ ਪਰਖ ਲੈ। ਅਖੀਰ ਇਕ ਇਕ ਕਰਕੇ ਬੰਦੇ ਦੀਆਂ ਅਖਾਂ ਕਢੀਆਂ, ਫਿਰ ਲਤਾਂ ਤੇ ਬਾਹਾਂ ਵਡੀਆਂ, ਸਰੀਰ ਦਾ ਮਾਸ ਤਪਦੇ ਨਾਸੂਰਾਂ ਨਾਲ ਨੋਚਿਆ। ਪਰ ਓਹ ਅਕਾਲ ਪੁਰਖ ਦਾ ਸਿਮਰਨ ਕਰਦੇ ਰਹੇ। ਬੰਦਾ ਸਿੰਘ ਬਹਾਦਰ ਦੁਨੀਆਂ ਦਾ ਪਹਿਲਾ ਬਾਦਸ਼ਾਹ ਤੇ ਫੌਜੀ ਜਰਨੈਲ ਸੀ ਜਿਸਨੇ ਆਪਣੇ ਪੁਤਰ ਦੇ ਕਲੇਜੇ ਦਾ ਸਵਾਦ ਚਖਿਆ ਸੀ। ਬੰਦਾ ਸਿੰਘ ਬਹਾਦਰ ਇਕ ਮਹਾਨ ਕੌਮੀ ਜਰਨੈਲ ਹੋਣ ਦੇ ਨਾਲ ਨਾਲ ਪੂਰਨ ਗੁਰਸਿੱਖ ਸਨ ਜਿਨਾਂ ਨੇ ਯੁਧ ਕਰਦਿਆਂ ਤੇ ਜਿੱਤਾ ਹਾਸਲ ਕਰਨ ਉਪਰੰਤ, ਸ਼ਹੀਦ ਹੋਣ ਤਕ ਵੀ ਸਿਖੀ ਆਦਰਸ਼ਾਂ ਤੋਂ ਮੂੰਹ ਨਹੀ ਮੋੜਿਆ ਅਤੇ ਖਾਲਸਾ ਪੰਥ ਦੇ ਲੰਬੇ ਇਤਿਹਾਸ ਇਕ ਹੋਰ ਸੁਨਿਹਿਰੀ ਪੰਨਾ ਜੋੜ ਦਿਤਾ। ਭਗਤ ਕਬੀਰ ਜੀ ਦਾ ਸਲੋਕ ਇਥੇ ਕਿਤਨਾ ਢੁਕਦਾ ਹੈ।
ਸੂਰਾ ਸੋ ਪਹਿਚਾਨਿਐ ਜੁ ਲਰੈ ਦਿਨ ਕੇ ਹੇਤ
ਪੁਰਜਾ ਪੁਰਜਾ ਕਟ ਮਰੈ ਕਬਹੂ ਨ ਛਾਡੈ ਖੇਤੁ ।।
ਸਹੀਦ ਕੀਤੇ ਸਿੰਘਾਂ ਦਾ ਮਾਸ ਕੂੜਿਆਂ ਦੇ ਢੇਰ ਵਿਚ ਸੁਟ ਦਿਤਾ। ਕਟੇ ਸਿਰਾਂ ਵਿਚ ਭੂਸਾ ਭਰ ਕੇ ਦਰਖਤਾਂ ਤੇ ਲਟਕਾ ਦਿਤੇ ਜਾਂ ਦਰਵਾਜਿਆਂ ਤੇ ਟੰਗ ਦਿਤੇ। ਇਤਨੀ ਦਹਸ਼ਤ ਫੈਲਾਈ ਕੀ ਮੁੜ ਕੇ ਕੋਈ ਹਕੂਮਤ ਦੀ ਹੁਕਮ ਅਦੂਲੀ ਨਾ ਕਰ ਸਕੇ। ਇਥੇ ਹੀ ਬਸ ਨਹੀਂ ਹੋਈ , ਇਸ ਤੋ ਬਾਦ ਵੀ ਸਿੰਘਾਂ ਦੀਆ ਬੇਇਨਤਹਾ ਸ਼ਹੀਦੀਆਂ ਹੋਈਆਂ, ਛੋਟੇ ਤੇ ਵਡੇ ਘਲੂਕਾਰੇ, ਸਮੇ ਦੀਆਂ ਹਕੂਮਤਾਂ ਵਲੋਂ ਸਿਖਾਂ ਦਾ ਖ਼ੁਰਾ ਖੋਜ ਮਿਟਾਣ ਲਈ ਮੁਹਿਮਾਂ ਚਲਾਈਆਂ ਗਈਆਂ ਪਰ ਸਿਖ ਹਮੇਸ਼ਾਂ ਚੜਦੀ ਕਲਾ ਵਿਚ ਰਹੇ ਤੇ ਡਟ ਕੇ ਮੁਕਾਬਲਾ ਕਰਦੇ ਰਹੇ।
ਬਾਬਾ ਬੰਦਾ ਸਿੰਘ ਦੇ ਕਾਰਨਾਮਿਆਂ ਤੋਂ ਸਿਖ ਜਗਤ ਨੂੰ ਬੜੀਆਂ ਉਮੀਦਾਂ ਸਨ, ਪਰ ਸਮੇ ਨੇ ਸਾਥ ਨਹੀਂ ਦਿਤਾ, ਉਨ੍ਹਾ ਦਾ ਜੀਵਨ ਵਿਚੇ ਹੀ ਟੁਟ ਗਿਆ ਜਿਸਦੇ ਮੁਖ ਕਾਰਨ ਸੀ ਰਾਜੇ ਰਜਵਾੜਿਆਂ ਨੇ ਉਨਾ ਦਾ ਸਾਥ ਨਾਂ ਦੇਣਾ ਤੇ ਬਾਬਾ ਵਿਨੋਦ ਸਿੰਘ ਨਾਲ ਆਪਸੀ ਮਤ -ਭੇਦ। ਚਾਹੇ ਬੰਦਾ ਬਹਾਦੁਰ ਆਪਣੇ ਮਿਸ਼ਨ ਵਿਚ ਪੂਰੀ ਤਰਹ ਸਫਲ ਨਹੀਂ ਹੋਏ, ਪਰ ਜੋ ਸੁਤੰਤ੍ਰਤਾ ਦੀ ਚਿੰਗਿਆੜੀ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਸੁਲਗਾਈ ਸੀ, ਉਹ ਨੂੰ ਹਵਾ ਬੰਦਾ ਬਹਾਦਰ ਨੇ ਦਿਤੀ ਜਿਸਦਾ ਭਾਬੜ ਕਈ ਸਾਲਾਂ ਬਾਅਦ ਮਚਿਆ ਤੇ ਪੰਜਾਬ ਨੂੰ ਮੁਗਲਾਂ ਤੋ ਅਜਾਦ ਕਰਵਾਕੇ ਠੰਡਾ ਹੋਇਆ।
ਪ੍ਰੋ ਹਰੀ ਰਾਮ ਗੁਪਤਾ ਲਿਖਦੇ ਹਨ ਕੀ ਦੁਨੀਆਂ ਦੇ ਇਤਿਹਾਸ ਵਿਚ ਬੰਦਾ ਸਿੰਘ ਬਹਾਦਰ ਦਾ ਸਥਾਨ ਸਿਕੰਦਰ ਤੇ ਨੇਪੋਲੀਅਨ ਚਰਚਿਲ ਨਾਲੋਂ ਘਟ ਨਹੀ ਬਲਕਿ ਬਹੁਤ ਅਗੇ ਸੀ । ਕਿਓਕੀ ਇਨ੍ਹਾਂ ਕੋਲ ਮੁਲਕ ਦੀ ਮੁਕੰਬਲ ਜਨ ਸ਼ਕਤੀ ਧੰਨ ਸ਼ਕਤੀ ਤੇ ਰਾਜ ਸ਼ਕਤੀ ਸੀ, ਵਡੀਆਂ ਵਡੀਆਂ ਜੰਗਜੂ ਤੇ ਯੁਧ ਵਿਦਿਆ ਵਿਚ ਪੂਰੀ ਤਰਹਿ ਨਿਪੁੰਨ ਸੀ। ਓਹ ਮੁਲਕ ਦੇ ਬਾਦਸ਼ਾਹ ਜਾ ਰਾਜਨੀਤਕ ਨੇਤਾ ਸਨ, ਉਨਾ ਕੋਲ ਆਧੁਨਿਕ ਹਥਿਆਰ ਸੀ ਤੇ ਪੂਰਾ ਦੇਸ਼ ਉਨਾ ਦੇ ਨਾਲ ਸੀ। ਬੰਦਾ ਸਿੰਘ ਬਹਾਦਰ ਕੋਲ ਸਿਰਫ ਹਿੰਮਤ, ਦਲੇਰੀ, ਮਕਸਦ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਆਸ਼ੀਰਵਾਦ ਸੀ ਜਿਸ ਨਾਲ 18 ਵੀ ਸਦੀ ਦੇ ਮੁਢਲੇ ਦੌਰ ਦੇ ਇਸ ਮਹਾਨ ਯੋਧੇ ਨੇ 700 ਸਾਲ ਦੀ ਗੁਲਾਮੀ ਮਗਰੋਂ ਪਹਿਲੀ ਵਾਰੀ ਆਜ਼ਾਦੀ ਦਾ ਦੀਵਾ ਬਾਲਕੇ ਇਤਿਹਾਸ ਨੂੰ ਰੋਸ਼ਨ ਕੀਤਾ।
ਰਬਿੰਦਰ ਨਾਥ ਟੈਗੋਰ ਨੇ ਬੰਦਾ ਬਹਾਦਰ ਦੀ ਮਹਾਨ ਸ਼ਹਾਦਤ ਬਾਰੇ ਕਵਿਤਾ ਲਿਖੀ ਹੈ, ਬੰਦੀ- ਮੀਰ ਜੇ ਬੰਗਾਲ ਦੇ ਸਕੂਲਾਂ ਵਿਚ ਅਜ ਵੀ ਪੜਾਈ ਜਾਂਦੀ ਹੈ।
ਪਰ ਬਹੁਤ ਸਾਰੇ ਮੁਸਲਮਾਨ ਇਤਿਹਾਸ ਕਾਰਾਂ ਨੇ ਇਨਾਂ ਨਾਲ ਇਨਸਾਫ਼ ਨਹੀਂ ਕੀਤਾ। ਸਮਕਾਲੀ ਇਤਿਹਾਸਕਾਰ ਖਾਫ਼ੀ ਖਾਨ ਤੇ ਮੁਹਮੰਦ ਲਤੀਫ ਵਰਗਿਆਂ ਨੇ ਇਨ੍ਹਾ ਨੂੰ, ਨਿਰਦੇਈ ਜਾਲਮ, ਵਹਿਸ਼ੀ, ਮਨੁਖਤਾ ਤੋ ਗਿਰਿਆ ਹੋਇਆ, ਲਹੂ ਪੀਣਾ, ਮਜਹਬੀ ਮੁਤਸਬੀ ਤੇ ਇਨਸਾਨੀ ਰੂਪ ਵਿਚ ਸ਼ੈਤਾਨ ਕਰ ਕੇ ਲਿਖਿਆ ਹੈ ਇਨ੍ਹਾ ਨੇ ਇਥੋਂ ਤਕ ਲਿਖ ਦਿਤਾ ਹੈ ਕੀ ਬੰਦੇ ਬਹਾਦੁਰ ਦਾ ਮਕਸਦ ਮੁਸਲਮਾਨਾ ਨੂੰ ਨੇਸਤੋਨਬੂਤ ਕਰਨ ਦਾ ਸੀ। ਕੁਝ ਅਧ ਪੜੇ ਭਾਰਤੀ ਇਤਿਹਾਸਕਾਰਾਂ ਨੇ ਵੀ ਇਨ੍ਹਾ ਤੇ ਮਜਹਬੀ, ਮੁਤਸਬੀ ਤੇ ਗੁਰੂ ਸਹਿਬ ਦੇ ਹੁਕਮਾ ਤੋਂ ਬਾਗੀ ਹੋਣ ਦੇ ਦੋਸ਼ ਲਗਾਏ ਹਨ, ਪਰ ਇਹ ਸਚ ਨਹੀਂ ਹੈ। ਹਾਂ ਇਹ ਸਚ ਹੈ ਕੀ ਗੁਰੂ ਸਾਹਿਬ ਨੇ ਉਸ ਨੂੰ ਬਦਲਾ ਲੈਣ ਲਈ ਨਹੀ ਸੀ ਭੇਜਿਆ, ਬਲਿਕ ਜਾਲਮ ਨੂੰ ਸੋਧਣ ਤੇ ਜੁਲਮ ਦਾ ਨਾਸ ਕਰਨ ਲਈ ਤੋਰਿਆ ਸੀ। ਪਰ ਓਹ ਇਕ ਇਨਸਾਨ ਸੀ, ਗੁਰੂ ਸਾਹਿਬ ਨੂੰ ਬਹੁਤ ਪਿਆਰ ਤੇ ਸਤਕਾਰ ਕਰਦਾ ਸੀ, ਗੁਰੂ ਸਾਹਿਬ ਦੇ ਬਚਿਆਂ ਨਾਲ ਮੁਗਲ ਹਕੂਮਤ ਤਰਫੋਂ ਕੀਤੀਆਂ ਵਹਿਸ਼ੀਆਨਾ ਜਿਆਦਤੀਆਂ ਲਈ ਰੋਹ ਤੇ ਰੋਸ ਉਸਦੇ ਅੰਦਰ ਸੀ ਜਿਸ ਕਰਕੇ ਉਸ ਕੋਲੋਂ ਇਹ ਗਲਤੀ ਹੋਈ। ਇਸ ਗਲਤੀ ਲਈ ਉਸਨੇ ਅਰਦਾਸ ਕਰਕੇ ਗੁਰੂ ਸਾਹਿਬ ਤੋ ਭੁਲ ਵੀ ਬਖਸ਼ਾਈ। ਪਰ ਜੋ ਤਰੀਕਾ ਜੁਲਮ ਕਰਨ ਦਾ ਜਾਲਮਾ ਨੇ ਅਪਣਾਇਆ ਹੋਇਆ ਸੀ, ਉਸ ਨੂੰ ਅਗਰ ਇਕ ਇਨਸਾਨ ਦੀ ਨਜਰ ਤੋਂ ਦੇਖੀਏ ਤਾਂ ਬਿਲਕੁਲ ਸਹੀ ਸੀ।
ਜੋਰਾਵਰ ਸਿੰਘ ਤਰਸਿੱਕਾ ।
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

...
...



Related Posts

Leave a Reply

Your email address will not be published. Required fields are marked *

One Comment on “ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ – ਆਖ਼ਿਰੀ ਭਾਗ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)