5 ਨਵੰਬਰ ਵਾਲੇ ਦਿਨ ਕੰਵਰ ਨੌਨਿਹਾਲ ਸਿੰਘ ਨੂੰ ਧਿਆਨ ਸਿੰਘ ਡੋਗਰੇ ਨੇ ਸਿਰ ਵਿੱਚ ਪੱਥਰ ਮਾਰ ਮਾਰ ਕੇ ਸ਼ਹੀਦ ਕਰ ਦਿੱਤਾ ਸੀ ਆਉ ਸੰਖੇਪ ਝਾਤ ਮਾਰੀਏ ਇਤਿਹਾਸ ਤੇ ਜੀ ।
ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਅਤੇ ਮਹਾਰਾਜਾ ਖੜਕ ਸਿੰਘ ਦੇ ਪੁੱਤਰ ਕੰਵਰ ਨੌਨਿਹਾਲ ਸਿੰਘ ਦਾ ਜਨਮ 23 ਫਰਵਰੀ 1821 ਈ . ( ਮਹਾਨਕੋਸ਼ਕਾਰ ਅਨੁਸਾਰ 11 ਫਰਵਰੀ 1820 ਈ . ) ਨੂੰ ਕਨ੍ਹੀਆ ਮਿਸਲ ਦੇ ਸ . ਜੈਮਲ ਸਿੰਘ ਦੀ ਪੁੱਤਰੀ ਰਾਣੀ ਚੰਦ ਕੌਰ ਦੀ ਕੁੱਖੋਂ ਹੋਇਆ । ਇਸ ਨੂੰ ਮਹਾਰਾਜਾ ਰਣਜੀਤ ਸਿੰਘ ਬਹੁਤ ਪਿਆਰ ਕਰਦਾ ਸੀ ਅਤੇ ਬਚਪਨ ਤੋਂ ਹੀ ਇਸ ਦੇ ਵਿਅਕਤਿਤਵ ਦੀ ਉਸਾਰੀ ਵਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਸੀ । ਇਸ ਨੂੰ ਸਿੱਖ ਧਰਮ ਦੀ ਮਰਯਾਦਾ ਤੋਂ ਜਾਣੂ ਕਰਾਉਣ ਲਈ ਗਿਆਨੀ ਸੰਤ ਸਿੰਘ ਨੂੰ ਨਿਯੁਕਤ ਕੀਤਾ ਗਿਆ ਅਤੇ ਸ਼ਸਤ੍ਰਾਂ ਤੇ ਸੈਨਿਕ ਕਾਰਵਾਈਆਂ ਦੀ ਸਿਖਿਆ ਲਈ ਸ . ਹਰੀ ਸਿੰਘ ਨਲਵਾ , ਸ . ਲਹਿਣਾ ਸਿੰਘ ਮਜੀਠੀਆ ਅਤੇ ਜਨਰਲ ਵੈਂਤੂਰਾ ਨੂੰ ਲਗਾਇਆ ਗਿਆ । ਇਸ ਨੂੰ ਛੋਟੀ ਉਮਰ ਵਿਚ ਹੀ ਮੁਹਿੰਮਾਂ ਉਤੇ ਭੇਜਣਾ ਸ਼ੁਰੂ ਕਰ ਦਿੱਤਾ ਗਿਆ । ਸੰਨ 1834 ਈ . ਵਿਚ ਜਦੋਂ ਇਹ ਅਜੇ 13 ਸਾਲਾਂ ਦਾ ਸੀ , ਤਾਂ ਇਸ ਨੂੰ ਪਿਸ਼ਾਵਰ ਦੀ ਲੜਾਈ ਵਿਚ ਹਿੱਸਾ ਲੈਣ ਲਈ ਭੇਜਿਆ ਗਿਆ । ਉਸੇ ਸਾਲ ਇਸ ਨੂੰ ਅਟਕ ਖੇਤਰ ਅਤੇ ਪਿਸ਼ਾਵਰ ਦਾ ਪ੍ਰਬੰਧਕ ਲਗਾਇਆ ਗਿਆ । ਇਸ ਨੇ ਸੰਨ 1835 ਈ . ਵਿਚ ਡੇਰਾਜਾਤ ਅਤੇ ਟਾਂਕ ਵਿਚ ਕੀਤੀਆਂ ਗਈਆਂ ਬਗ਼ਾਵਤਾਂ ਨੂੰ ਦਬਾਇਆ ਅਤੇ ਇਸ ਤਰ੍ਹਾਂ ਦੀਆਂ ਹੋਰ ਜ਼ਿੰਮੇਵਾਰੀਆਂ ਵੀ ਇਸ ਨੂੰ ਸੌਂਪੀਆਂ ਗਈਆਂ ਜਿਨ੍ਹਾਂ ਨੂੰ ਇਸ ਨੇ ਬੜੀ ਕਾਮਯਾਬੀ ਨਾਲ ਸਿਰੇ ਚੜ੍ਹਾਇਆ । ਮਾਰਚ 1837 ਈ . ਵਿਚ ਇਸ ਦਾ ਵਿਆਹ ਸ . ਸ਼ਾਮ ਸਿੰਘ ਅਟਾਰੀ ਵਾਲੇ ਦੀ ਪੁੱਤਰੀ ਬੀਬੀ ਨਾਨਕੀ ਨਾਲ ਬੜੀ ਧੂਮ – ਧਾਮ ਨਾਲ ਕੀਤਾ ਗਿਆ । ਮਹਾਰਾਜਾ ਰਣਜੀਤ ਸਿੰਘ ਦੇ ਦੇਹਾਂਤ ( 27 ਜੂਨ 1839 ਈ . ) ਵੇਲੇ ਇਹ ਪਿਸ਼ਾਵਰ ਵਿਚ ਸੀ । ਉਦੋਂ ਇਸ ਦਾ ਪਿਤਾ ਕੰਵਰ ਖੜਕ ਸਿੰਘ ਗੱਦੀ ਉਤੇ ਬੈਠਾ । ਖੜਕ ਸਿੰਘ ਦੇ ਮਹਾਰਾਜਾ ਬਣਨ ਨਾਲ ਲਾਹੌਰ ਦਰਬਾਰ ਵਿਚ ਧੜੇਬੰਦੀ ਸ਼ੁਰੂ ਹੋ ਗਈ । ਡੋਗਰਾ ਭਰਾਵਾਂ ਨੇ ਕੰਵਰ ਨੂੰ ਆਪਣੇ ਹੱਥ ਚੜ੍ਹਾ ਲਿਆ ਅਤੇ ਉਸ ਦਾ ਮਨ ਪਿਤਾ ਵਿਰੁੱਧ ਭਰਮਾ ਦਿੱਤਾ ਕਿ ਉਹ ਚੇਤ ਸਿੰਘ...
ਦੀ ਸਲਾਹ ਨਾਲ ਲਾਹੌਰ ਦਰਬਾਰ ਨੂੰ ਅੰਗ੍ਰੇਜ਼ਾਂ ਦੇ ਹਵਾਲੇ ਕਰਨ ਦੀ ਜੁਗਤ ਬਣਾ ਰਿਹਾ ਹੈ । 9 ਅਕਤੂਬਰ 1839 ਈ . ਨੂੰ ਤਿੰਨੋ ਡੋਗਰੇ ਭਰਾਵਾਂ ( ਧਿਆਨ ਸਿੰਘ , ਗੁਲਾਬ ਸਿੰਘ ਅਤੇ ਸੁਚੇਤ ਸਿੰਘ ) ਨੇ ਕੰਵਰ ਨੂੰ ਨਾਲ ਲੈ ਕੇ ਮਹਾਰਾਜਾ ਖੜਕ ਸਿੰਘ ਦੇ ਨਿਵਾਸ ਵਿਚ ਪ੍ਰਵੇਸ਼ ਕੀਤਾ ਅਤੇ ਧਿਆਨ ਸਿੰਘ ਨੇ ਚਤੇ ਸਿੰਘ ਨੂੰ ਕਤਲ ਕਰ ਦਿੱਤਾ । ਫਿਰ ਕੰਵਰ ਨੂੰ ਸਮਝਾ ਕੇ ਖੜਕ ਸਿੰਘ ਨੂੰ ਇਕ ਪ੍ਰਕਾਰ ਨਾਲ ਨਜ਼ਰਬੰਦ ਕਰ ਦਿੱਤਾ ਅਤੇ ਰਾਜ ਦਾ ਪ੍ਰਬੰਧ ਕੰਵਰ ਨੇ ਆਪਣੇ ਹੱਥ ਵਿਚ ਲੈ ਲਿਆ । 5 ਨਵੰਬਰ, 1840 ਦੇ ਦਿਨ ਜਦ ਸਾਰੇ ਜਣੇ ਖੜਕ ਸਿੰਘ ਦਾ ਸਸਕਾਰ ਕਰ ਕੇ ਵਾਪਸ ਕਿਲ੍ਹੇ ਨੂੰ ਜਾ ਰਹੇ ਸਨ ਤਾਂ, ਪਹਿਲਾਂ ਘੜੀ ਸਾਜ਼ਸ਼ ਮੁਤਾਬਕ, ਧਿਆਨ ਸਿੰਘ ਨੇ ਰੋਸ਼ਨੀ ਗੇਟ ਦਾ ਛੱਜਾ ਸੁਟਵਾ ਕੇ ਨੌਨਿਹਾਲ ਸਿੰਘ ਨੂੰ ਮਾਰਨ ਦੀ ਕੋਸ਼ਿਸ਼ ਕੀਤੀ | ਇਸ ਵੇਲੇ ਨੌਨਿਹਾਲ ਸਿੰਘ ਨੇ ਗੁਲਾਬ ਸਿੰਘ ਡੋਗਰੇ ਦੇ ਪੁੱਤਰ ਮੀਆਂ ਊਧਮ ਸਿੰਘ ਦਾ ਹੱਥ ਫੜਿਆ ਹੋਇਆ ਸੀ | ਗੇਟ ਦਾ ਛੱਜਾ ਸਿਰ ਉੱਤੇ ਡਿੱਗਣ ਨਾਲ ਗੁਲਾਬ ਸਿੰਘ ਡੋਗਰੇ ਦਾ ਪੁੱਤਰ ਮੀਆਂ ਊਧਮ ਸਿੰਘ ਉਸੇ ਵੇਲੇ ਮਰ ਗਿਆ ਪਰ ਨੌਨਿਹਾਲ ਸਿੰਘ ਨੂੰ ਐਵੇਂ ਥੋੜੀਆਂ ਜਹੀਆਂ ਝਰੀਟਾਂ ਹੀ ਆਈਆਂ ਸਨ, ਪਰ ਪਹਿਲਾਂ ਤੋਂ ਹੀ ਕੀਤੀ ਤਿਆਰੀ ਮੁਤਾਬਕ, ਨੌਨਿਹਾਲ ਸਿੰਘ ਨੂੰ ਇੱਕ ਦੰਮ ਜਬਰੀ ਇੱਕ ਪਾਲਕੀ ਵਿੱਚ ਪਾ ਲਿਆ ਗਿਆ (ਸਾਜ਼ਸ਼ ਮੁਤਾਬਕ ਪਾਲਕੀ ਵੀ ਪਹਿਲਾਂ ਹੀ ਉਥੇ ਮੌਜੂਦ ਸੀ) ਤੇ ਧਿਆਨ ਸਿੰਘ ਡੋਗਰਾ ਪਾਲਕੀ ਲੈ ਕੇ ਬੜੀ ਤੇਜ਼ੀ ਨਾਲ ਕਿਲ੍ਹੇ ਵਲ ਚਲਾ ਗਿਆ | ਲਹਿਣਾ ਸਿੰਘ ਮਜੀਠੀਆ ਨੇ ਉਸ ਦੇ ਨਾਲ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਰੋਕ ਦਿਤਾ ਗਿਆ | ਹੋਰ ਤਾਂ ਹੋਰ, ਨੌਨਿਹਾਲ ਸਿੰਘ ਦੀ ਮਾਂ ਰਾਣੀ ਚੰਦ ਕੌਰ ਨੂੰ ਵੀ ਉਸ ਦੇ ਨੇੜੇ ਜਾਣ ਦੀ ਇਜਾਜ਼ਤ ਨਾ ਦਿਤੀ ਗਈ | ਉਹ ਵਿਚਾਰੀ ਕਿਲ੍ਹੇ ਦਾ ਦਰਵਾਜ਼ਾ ਖੁਲਵਾਉਣ ਵਾਸਤੇ ਕਿੰਨਾ ਚਿਰ ਹੀ ਦਰਵਾਜ਼ੇ ਉੱਤੇ ਹੱਥ ਮਾਰ-ਮਾਰ ਕੇ ਪਿਟਦੀ ਰਹੀ | ਉਧਰ ਧਿਆਨ ਸਿੰਘ ਨੇ ਸਿਰ ਵਿੱਚ ਪੱਥਰ ਮਰਵਾ-ਮਰਵਾ ਕੇ ਨੌਨਿਹਾਲ ਸਿੰਘ ਨੂੰ ਖ਼ਤਮ ਕਰਵਾ ਦਿਤਾ |