More Gurudwara Wiki  Posts
ਗੁਰੂ ਗੋਬਿੰਦ ਸਿੰਘ ਜੀ – ਭਾਗ ਤੀਸਰਾ


ਭਾਗ ਤੀਸਰਾ

ਗੁਰੂ ਸਾਹਿਬ ਦਾ ਤੇਜ਼ ਪ੍ਰਤਾਪ, ਅਣਖ, ਦਲੇਰੀ ਤੇ ਚੜਦੀ ਕਲਾ –

ਜਦ ਤਕ ਗੁਰੂ ਸਾਹਿਬ ਨੇ ਰਾਜਸੀ ਸ਼ਾਨੋ ਸ਼ੌਕਤ ਸ਼ੁਰੂ ਨਹੀਂ ਸੀ ਕੀਤੀ ਉਨ੍ਹਾ ਦੇ ਪਹਾੜੀ ਰਾਜਿਆਂ ਨਾਲ ਸਬੰਧ ਚੰਗੇ ਰਹੇ ਪਰ ਜਦ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਤੋਂ ਬਾਅਦ 1682 ਵਿਚ ਉਨਾਂ ਰਣਜੀਤ ਨਗਾਰਾ ਵਜਾਣਾ , ਸ਼ਿਕਾਰ ਖੇਡਣਾ, ਘੋੜਿਆ ਤੇ ਚੜਨਾ, ਕਲਗੀ ਲਗਾਣੀ ਸ਼ੁਰੂ ਕੀਤੀ, ਕੁਝ ਅਸਧਾਰਨ ਚੜਾਵੇ , ਸ਼ਸ਼ਤਰ, ਘੋੜੇ ਹਾਥੀ ਆਦਿ ਨਾਲ ਉਨ੍ਹਾ ਦੀ ਸ਼ਾਨੋ ਸ਼ੌਕਤ ਰਾਜਿਆ ਨਾਲੋਂ ਵੀ ਵਧ ਗਈ, ਰਾਜੇ ਈਰਖਾ ਕਰਨਾ ਸ਼ੁਰੂ ਹੋ ਗਏ ਖਾਸ ਕਰਕੇ ਭੀਮ ਚੰਦ ਜਿਸਦੇ ਇਲਾਕੇ ਵਿਚ ਗੁਰੂ ਸਾਹਿਬ ਦਾ ਦਰਬਾਰ ਲਗਦਾ ਸੀ।

ਰਣਜੀਤ ਨਗਾਰਾ :- ਕਹਿੰਦੇ ਹਨ ਕੀ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਪਿਛੋ ਜਦੋਂ ਨੀਲਾ ਨਿਸ਼ਾਨ ਝੁਲਾਕੇ ਫੌਜੀ ਤੇ ਜੰਗੀ ਸਿਖਲਾਈ ਦੇਣ ਲਗੇ ਤਾਂ ਸਾਮਣੇ ਖੜੇ ਨੰਦ ਲਾਲ ਨੇ ਮਾਮਾ ਕਿਰਪਾਲ ਜੀ ਨੂੰ ਦੇਖ ਕੇ ਕਿਹਾ। ਛੇਵੇਂ ਪਾਤਸ਼ਾਹ ਦਾ ਬਖਸ਼ਿਆ ਨਿਸ਼ਾਨ ਸਾਹਿਬ ਤੇ ਇਨ੍ਹਾ ਕੋਲ ਹੈ ਬਸ ਇਕ ਨਗਾਰੇ ਦੀ ਘਾਟ ਹੈ। ਅਗਲੇ ਦਿਨ ਹੀ ਇਕ ਸੁੰਦਰ ਨਗਾਰਾ ਤਿਆਰ ਕਰਵਾ ਦਿਤਾ ਜਿਸਦਾ ਨਾ ਰਣਜੀਤ ਨਗਾਰਾ ਰਖਿਆ ਗਿਆ, ਜਿਸ ਨੂੰ ਵਜਾਣ ਦੀ ਪਰਮ੍ਪਰਾ 1682 ਵਿਚ ਸ਼ੁਰੂ ਹੋਈ। 2 ਅਪ੍ਰੈਲ 1678 ਵਿਚ ਰਤਨ ਰਾਇ ਦੇ ਹੁੰਦਿਆ ਇਹ ਨਗਾਰਾ ਸਥਾਪਿਤ ਕੀਤਾ ਗਿਆ।

ਮੁਗਲ ਹਕੂਮਤ ਨੂੰ ਹਰਗਿਜ਼ ਮਨਜ਼ੂਰ ਨਹੀਂ ਸੀ ਸਿਖਾਂ ਦੀਆਂ ਸਰਗਰਮੀਆਂ ਜਿਨ੍ਹਾ ਨੇ ਉਨਾਂ ਦਾ ਰਾਜਸੀ ਤਾਣਾ -ਬਾਣਾ ਹਿਲਾਕੇ ਰਖ ਦਿਤਾ ਸੀ। ਕਹਿੰਦੇ ਹਨ ਜਦੋਂ ਔਰੰਗਜ਼ੇਬ ਦਾ ਪੁਤਰ ਕਾਬਲ ਦੇ ਤਖ਼ਤ ਤੇ ਬੈਠਾ, ਬੈਠਣ ਤੋ ਪਹਿਲਾਂ ਉਸਨੇ 4 ਨਗਾਰੇ ਵਜਵਾਏ , ਜਦ ਔਰੰਗਜ਼ੇਬ ਨੂੰ ਪਤਾ ਲਗਾ ਤਾਂ ਓਹ ਬਹੁਤ ਗੁਸਾ ਹੋਇਆ। ਪੁਤਰ ਨੂੰ ਲਿਖ ਭੇਜਿਆ ਕਿ ਨਗਾਰੇ ਵਜਾਣ ਦਾ ਹਕ਼ ਸਿਰਫ ਦਿੱਲੀ ਦੇ ਸਹਿਨ੍ਸ਼ਾਹ ਨੂੰ ਹੈ। ਜਦੋਂ ਤੈਨੂੰ ਦਿੱਲੀ ਦੇ ਤਖਤ ਤੇ ਅੱਲਾ -ਪਾਕ ਗਦੀ ਨਸ਼ੀਨ ਕਰੇਗਾ ਤਾਂ ਜਿਤਨੇ ਮਰਜ਼ੀ ਇਸ ਹਕ਼ ਦੀ ਵਰਤੋਂ ਕਰ ਲਈ। ਜੋ ਆਪਣੇ ਪੁਤਰ ਦੇ ਨਗਾਰੇ ਬਰਦਾਸ਼ ਨਹੀਂ ਕਰ ਸਕਿਆ, ਓਹ ਗੁਰੂ ਸਾਹਿਬ ਦੇ ਰਣਜੀਤ ਨਗਾਰੇ ਕਿਵੇਂ ਬਰਦਾਸ਼ ਕਰ ਲੈਂਦਾ। ਇਸਦੀ ਗੂੰਜਦੀ ਅਵਾਜ਼ ਨੂੰ ਬੰਦ ਕਰਨ ਲਈ ਪਹਿਲੇ ਸਰਹੰਦ ਦੇ ਨਵਾਬ, ਫਿਰ ਹੁਸੈਨ ਖਾਨ ਤੇ ਫਿਰ ਆਪਣੇ ਪੁਤਰ ਨੂੰ ਭੇਜਿਆ।

ਮਸੰਦ – ਜਿਨ੍ਹਾ ਦੀ ਹਸਤੀ ਗੁਰੂ ਸਾਹਿਬ ਨੇ ਮਿਟਾ ਕੇ ਰਖ ਦਿਤੀ ਸੀ ਕਿਓਂਕਿ ਓਹ ਇਖ੍ਲਾਖ ਤੋਂ ਗਿਰ ਚੁਕੇ ਸਨ। ਸੰਗਤ ਤੇ ਗੁਰੂ ਸਾਹਿਬ ਦੇ ਸਿਧੇ ਸੰਬੰਧ ਉਨਾ ਤੋ ਬਰਦਾਸ਼ਤ ਨਹੀਂ ਹੋਏ। ਉਨ੍ਹਾ ਦੀ ਪੁਛ ਪੜਤਾਲ ਮੁਕ ਗਈ ਨਾਲੇ ਬੇਈਮਾਨੀ ਦਾ ਪੈਸਾ ਵੀ। ਓਹ ਗੁਰੂ ਸਾਹਿਬ ਦੇ ਖਿਲਾਫ਼ ਹੋ ਗਏ।

ਹਿੰਦੂ ਰਾਜੇ :- ਰਾਜੇ ਮਹਾਰਾਜਿਆਂ ਤੇ ਉਚ ਜਾਤੀਆਂ ਨੂੰ ਗਲਤਫਹਿਮੀ ਹੋ ਗਈ ਕਿ ਜੇਕਰ ਸਿਖੀ ਫੈਲ ਗਈ ਤਾਂ ਸਾਡੀਆਂ ਪਦਵੀਆਂ, ਅਧਿਕਾਰਾਂ, ਤੇ ਅਖਤਿਆਰਾਂ ਦਾ ਕੀ ਬਣੇਗਾ? ਸਾਡੇ ਆਰਾਮ, ਸੁਖ, ਚੈਨ ਤੇ ਐਸ਼ਪ੍ਰਸਤੀ ਦਾ ਕੀ ਹੋਵੇਗਾ ਜੋ ਓਹ ਨੀਵੀਆਂ ਜਾਤੀਆਂ ਦੇ ਦਮ ਤੇ ਕਰ ਰਹੇ ਸਨ ? ਸੋ ਉਨਾ ਨੇ ਆਪਣੀ ਗੰਡ- ਤੁਪ ਹਕੂਮਤ ਨਾਲ ਜੋੜਨੀ ਠੀਕ ਸਮਝੀ। ਬ੍ਰਾਹਮਣ ਜੋ ਜਨਤਾ ਨੂੰ ਵਹਿਮਾਂ-ਭਰਮਾਂ ਪਾਖੰਡਾ ਤੇ ਬੇਲੋੜੀਆਂ ਰਸਮਾਂ ਵਿਚ ਪਾਕੇ ਲੁਟ ਖਸੁਟ ਕਰ ਰਹੇ ਸੀ ਓਹ ਵੀ ਉਨ੍ਹਾ ਨਾਲ ਜੁੜ ਗਏ।

ਸਾਰੇ ਹਾਲਾਤਾਂ ਦਾ ਨਤੀਜਾ ਇਹ ਹੋਇਆ ਰਾਜਾ, ਮਹਾਰਾਜਿਆਂ ਤੇ ਮੁਗਲ ਹਕੂਮਤ ਨੇ ਆਪਸ ਵਿਚ ਹਥ ਮਿਲਾ ਲਿਆ ਤੇ ਤੇਜੀ ਨਾਲ ਉਚਰ ਰਹੀ ਖਾਲਸਾ ਲਹਿਰ ਨੂੰ ਨੇਸਤੋਨਬੂਤ ਕਰਨ ਦਾ ਫੈਸਲਾ ਕਰ ਲਿਆ।

1.ਭੰਗਾਣੀ ਦਾ ਯੁਧ

1688 ਵਿਚ ਪਉਟਾ ਸਾਹਿਬ ਤੋਂ ਕੋਈ 6 ਮੀਲ ਦੀ ਦੂਰੀ ਤੇ ਫ਼ਤਿਹ ਸ਼ਾਹ ਤੇ ਉਸਦੇ ਸਾਥੀਆਂ ਨੇ ਬਿਨਾਂ ਕਾਰਨ ਗੁਰੂ ਸਾਹਿਬ ਤੇ ਹਮਲਾ ਕਰ ਦਿਤਾ। 22 ਸਾਲ ਦੇ ਗੁਰੂ ਸਾਹਿਬ ਨੂੰ ਪਹਿਲੀ ਵਾਰੀ ਫੌਜ਼ ਦੀ ਕਮਾਂਡ ਕਰਦਿਆਂ ਤੇ ਜੂਝਦਿਆਂ ਵੇਖਿਆ। ਜਦੋਂ ਪਠਾਣਾ ਨੇ ਤੇ ਉਦਾਸੀਆਂ ਨੇ ਰਾਜਿਆਂ ਦੀ ਇਤਨੀ ਲੰਬੀ ਚੌੜੀ ਫੌਜ਼ ਦੇਖੀ ਤਾਂ ਘਬਰਾ ਗਏ। ਕੁਝ ਵੈਰੀਆਂ ਨਾਲ ਮਿਲ ਗਏ ਤੇ ਕਈਆਂ ਨੇ ਹਥਿਆਰ ਸੁਟ ਦਿਤੇ। ਇਹ ਸਭ ਦੇਖਕੇ ਬਾਕੀ ਫੌਜ਼ ਦੇ ਹੋਂਸਲੇ ਵੀ ਪਸਤ ਹੋ ਗਏ। ਗੁਰੂ ਸਾਹਿਬ ਨੇ ਦੇਖਿਆ, ਓਹ ਘਾਬਰੇ ਨਹੀ ਧਿੜਕੇ ਨਹੀਂ ਨਾ ਹੀ ਹਿੰਮਤ ਹਾਰੀ। ਅਗੇ ਵਧ ਕੇ ਆਪਣੀ ਫੌਜ਼ ਨੂੰ ਧੀਰਜ ਦਿੰਦਿਆਂ ਕਿਹਾ :
“ਸਾਥੀਓ ਚਿੰਤਾ ਕਾਹਦੀ, ਘਾਬਰੇ ਕਿਓਂ ਹੋ, ਬੰਦਿਆਂ ਦੇ ਆਸਰੇ ਤਾਂ ਅਸਾਂ ਨੇ ਪਹਿਲੇ ਵੀ ਨਹੀ ਸੀ ਲੜਨਾ, ਅਸਾਂ ਨੇ ਤੇ ਰਬ ਦੇ ਆਸਰੇ ਜੂਝਣਾ ਸੀ। ਓਹ ਰਬ ਅਜ ਵੀ ਸਾਡੇ ਨਾਲ ਹੈ ਇਸ ਲਈ ਸਾਡੀ ਜਿਤ ਯਕੀਨੀ ਹੈ ਜੇ ਕਿਸੇ ਨੂੰ ਵੀ ਉਸਦੇ ਅੰਗ ਸੰਗ ਸਹਾਈ ਹੋਣ ਦਾ ਨਿਸਚਾ ਨਾ ਹੋਵੇ, ਜਿਸ ਕਿਸੇ ਨੇ ਵੀ ਮਗਰੋਂ ਪਿਠ ਦਿਖਾ ਦੇਣੀ ਹੈ, ਜੋ ਕਾਇਰ ਹੈ ਕਮਜ਼ੋਰ ਹੈ, ਓਹ ਹੁਣੇ ਇਥੋਂ ਨਿਸੰਗ ਹੋਕੇ ਚਲਾ ਜਾਏ ਅਸਾਂ ਤੇ ਪੈਰ ਹੁਣ ਪਿਛੇ ਨਹੀਂ ਪਾਣਾ। ਇਸ ਜਬਰ ਤੇ ਅਨਿਆਂ ਦਾ ਡਟ ਕੇ ਮੁਕਾਬਲਾ ਕਰਨਾ ਹੈ, ਆਖਰੀ ਦਮ ਤਕ ਕਰਨਾ ਹੈ। ਉਸ ਰਬ ਦੇ ਆਸਰੇ ਪੂਰਨ ਬੇਨਤੀ ਕਰਕੇ ਅਸਾਂ ਨੇ ਕਮਰਕਸਾ ਕੀਤਾ ਹੈ “।
ਕਹਿੰਦੇ ਹਨ ਗੁਰੂ ਸਾਹਿਬ ਦੇ ਇਸ ਐਲਾਨ ਤੇ ਇਕਰਾਰ ਨੇ ਜਾਦੁਈ ਅਸਰ ਕੀਤਾ। ਨਿਰਾਸ਼ੇ ਦਿਲਾਂ ਵਿਚ ਨਾ ਕੇਵਲ ਆਸ ਦੀ ਜੋਤ ਜਗਾਈ ਸਗੋਂ ਅਥਾਹ ਜੋਸ਼ ਭਰ ਦਿਤਾ, ਹਰ ਇਕ ਦੇ ਦਿਲ ਵਿਚ ਜੂਝਣ ਦਾ ਚਾਅ ਪੈਦਾ ਹੋ ਗਿਆ , ਹਰ ਕੋਈ ਲੜਨ ਮਰਨ ਨੂੰ ਤਿਆਰ ਹੋ ਗਿਆ, ਤਲਵਾਰਾਂ ਚਮਕਣ ਤੇ ਖੜਕਣ ਲਗ ਪਈਆਂ, ਜਵਾਨ ਉਠੇ ਤੇ ਤੇਗਾਂ ਤੇ ਕਮਾਨਾ ਸੂਤ ਕੇ ਡਟ ਗਏ। ਇਨੇ ਨੂੰ ਪੀਰ ਬੁਧੂ ਸ਼ਾਹ ਆਪਣੇ ਦੋ ਭਰਾਵਾਂ 4 ਪੁਤਰਾ ਤੇ 700 ਮੁਰੀਦਾਂ ਨੂੰ ਲੈਕੇ ਮੈਦਾਨ ਵਿਚ ਆ ਗਏ। ਬੜੀ ਗਹਿਗਚ ਲੜਾਈ ਹੋਈ। ਮਹੰਤ ਕਿਰਪਾਲ ਤੇ ਲਾਲ ਚੰਦ ਹਲਵਾਈ ਤੇ ਕਈ ਇਹੋ ਜਹੇ ਸਨ ਜਿਨ੍ਹਾ ਨੇ ਨੰਗੀ ਕਰਦ ਕਦੀ ਹਥ ਵਿਚ ਨਹੀ ਸੀ ਪਕੜੀ, ਯੁਧ ਦਾ ਨਾਂ ਨਹੀਂ ਸੀ ਸੁਣਿਆ, ਤਲਵਾਰ ਨੂੰ ਕਦੇ ਹਥ ਨਹੀ ਸੀ ਲਗਾਇਆ, ਵੈਰੀਆਂ ਦੇ ਅਜਿਹੇ ਆਹੂ ਲਾਹੇ ਕਿ ਪਠਾਨ ਤੇ ਰਾਜਪੂਤ ਹੈਰਾਨ ਰਹਿ ਗਏ। ਪੀਰ ਬੁਧੂ ਸ਼ਾਹ ਦੇ ਪੁਤਰਾਂ ਨੇ ਐਸੀ ਤਲਵਾਰ ਚਲਾਈ ਕਿ ਵੇਖਣ ਵਾਲੇ ਦੰਗ ਰਹਿ ਗਏ। ਪੀਰ ਬੁਧੂ ਸ਼ਾਹ ਆਉਦਿਆਂ ਸਾਰ ਵੈਰੀਆਂ ਤੇ ਟੁਟ ਪਏ। ਮਹੰਤ ਕਿਰਪਾਲ ਚੰਦ ਦਾ ਵੀ ਜੋਸ਼ ਅੰਤਾਂ ਦਾ ਸੀ। ਪੀਰ ਬੁਧੂ ਸ਼ਾਹ ਦੇ ਦੋ ਪੁਤਰ ਸ਼ਹੀਦ ਹੋ ਗਏ ਪਰ ਓਹ ਰੁਕੇ ਨਹੀਂ। ਗੁਰੂ ਸਾਹਿਬ ਨੇ ਖੁਦ ਵੀ ਰਾਜਾ ਹਰੀ ਚੰਦ ਨੂੰ ਤਿੰਨ ਮੌਕੇ ਦੇਕੇ ਇਕ ਤੀਰ ਨਾਲ ਢਿਹ ਢੇਰੀ ਕਰ ਦਿਤਾ। ਦੁਸ਼ਮਣ ਨੇ ਹਾਰ ਮੰਨ ਲਈ।
ਗੁਰੂ ਸਾਹਿਬ ਦੀ ਇਹ ਲੜਾਈ ਕੋਈ ਜਰ ਜ਼ੋਰੂ ਜਾ ਜਮੀਨ ਲਈ ਨਹੀਂ ਸੀ। ਇਹ ਧਰਮ ਤੇ ਨਿਆਂ ਦੀ ਲੜਾਈ ਸੀ। ਜਿੱਤ ਗੁਰੂ ਸਾਹਿਬ ਦੀ ਹੋਈ ਪਰ ਉਨਾਂ ਨੇ ਨਾ ਕੋਈ ਈਨ ਮਨਵਾਈ, ਨਾ ਇਲਾਕਾ ਮਲਿਆ, ਨਾ ਬੰਦੇ ਫੜੇ, ਨਾ ਅੰਗ ਵਢੇ, ਨਾ ਸੂਲੀ ਚਾੜੇ, ਨਾ ਰਾਜਨੀਤਿਕ ਤੇ ਨਾ ਕੋਈ ਨਿਜੀ ਲਾਭ ਉਠਾਇਆ। ਲੜਾਈ ਖਤਮ ਹੋਣ ਤੋ ਬਾਅਦ ਗੁਰੂ ਸਾਹਿਬ ਖੇਮੇ ਵਿਚ ਬਖਸ਼ਿਸ਼ਾਂ ਵੰਡਣ ਗਏ। ਗੁਰੂ ਸਾਹਿਬ ਖੁਸ਼ ਸਨ ਪੀਰ ਬੁਧੂ ਸ਼ਾਹ ਤੇ ਮਹੰਤ ਕਿਰਪਾਲ ਨੇ ਵਕ਼ਤ ਨੂੰ ਸੰਭਾਲ ਲਿਆ। ਗੁਰੂ ਸਾਹਿਬ ਕੰਘਾ ਕਰ ਰਹੇ ਸਨ, ਜਦ ਪੀਰ ਬੁਧੂ ਸ਼ਾਹ ਤੇ ਮਹੰਤ ਕਿਰਪਾਲ ਅੰਦਰ ਆਏ। ਜਦ ਗੁਰੂ ਸਾਹਿਬ ਨੇ ਕੁਝ ਮੰਗਣ ਵਾਸਤੇ...

ਕਿਹਾ ਤੇ ਪੀਰ ਬੁਧੂ ਸ਼ਾਹ ਨੇ ਕੇਸਾਂ ਵਾਲੇ ਕੰਘੇ ਦੀ ਮੰਗ ਕੀਤੀ। ਗੁਰੂ ਸਾਹਿਬ ਨੇ ਕੇਸਾ ਵਾਲਾ ਕੰਘਾ ਪੀਰ ਬੁਧੂ ਸ਼ਾਹ ਨੂੰ ਤੇ ਦੋਨੋ ਨੂੰ ਅਧੀ ਅਧੀ ਦਸਤਾਰ, ਛੋਟੀ ਕਿਰਪਾਨ ਤੇ ਹੁਕਮ ਨਾਮੇ ਦੇਕੇ ਵਿਦਾ ਕੀਤਾ।
ਭੰਗਾਣੀ ਦਾ ਯੁਧ ਧਰਮ ਯੁਧ ਸੀ ਤੇ ਮਹਾਨ ਜਿੱਤ ਵੀ, ਜਿਸਨੇ ਗੁਰੂ ਸਾਹਿਬ ਦੇ ਆਦਰਸ਼ਾਂ ਨੂੰ ਦ੍ਰਿੜਤਾ ਬਖਸ਼ੀ ਤੇ ਕੌਮ ਉਸਾਰੀ ਦੇ ਮਕਸਦ ਨੂੰ ਤਾਕਤ। ਇਹ ਜਿਤ ਸਿਰਫ ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ ਸੀ ਬਲਿਕ ਅਕਾਲ ਪੁਰਖ ਦੀ ਫਤਿਹ ਸੀ ਜਿਸ ਨੂੰ ਜਿਤਣ ਲਈ ਓਨ੍ਹਾ ਦੇ ਸੇਵਕਾਂ, ਸਿਖ, ਹਿੰਦੂ, ਤੇ ਮੁਸਲ੍ਮਾਨਾਂ ਨੇ ਸਾਂਝਾ ਖੂਨ ਡੋਲਿਆ ਸੀ। ਇਸ ਪਵਿਤਰ ਉਦੇਸ਼ ਸਦਕਾ ਉਨ੍ਹਾ ਦਾ ਜਸ ਦੂਰ ਦੂਰ ਫੈਲ ਗਿਆ। ਦੂਰੋਂ ਦੂਰੋਂ ਬਹੁਤ ਸਾਰੇ ਜਵਾਨ ਜਿਨ੍ਹਾ ਦੀ ਮੰਗ ਸਿਰਫ ਦੋ ਵਕਤ ਦੀ ਰੋਟੀ ਤੇ 6 ਮਹੀਨਾ ਬਾਅਦ ਇਕ ਜੋੜਾ ਸੀ, ਇਸ ਧਰਮ ਯੁਧ ਵਿਚ ਸ਼ਾਮਲ ਹੋਣ ਨੂੰ ਆ ਗਏ। ਇਕ ਨਵਾਂ ਦੌਰ ਸ਼ੁਰੂ ਹੋ ਗਿਆ ਜਿਸ ਵਿਚ ਫ਼ੌਜ਼ ਭਰਤੀ, ਸੈਨਿਕ ਸਿਖਲਾਈ ਦੇ ਨਾਲ ਨਾਲ ਆਪਣੀ ਫੌਜ ਲਈ ਸਾਧਨ ਪ੍ਰਾਪਤੀ ਤੇ ਕਿਲੇਬੰਦੀ ਵੀ ਸ਼ਾਮਲ ਹੋ ਗਏ।
ਗੁਰੂ ਸਾਹਿਬ ਨੂੰ ਇਹ ਤਾਂ ਸਮਝ ਸੀ ਕਿ ਇਹ ਪਹਿਲੀ ਲੜਾਈ ਹੈ ਪਰ ਆਖਿਰੀ ਨਹੀਂ। ਭੰਗਾਣੀ ਦੇ ਯੁਧ ਤੋ ਬਾਅਦ ਗੁਰੂ ਸਾਹਿਬ ਨੂੰ ਕਈ ਜੰਗਾਂ ਸਿਲਸਿਲੇ ਵਾਰ ਲੜਨੀਆ ਪਈਆਂ ਕਦੇ ਪਹਾੜੀ ਰਾਜਿਆਂ ਨਾਲ, ਕਦੇ ਪੂਰੀ ਮੁਗਲ ਹਕੂਮਤ ਨਾਲ ਤੇ ਕਦੇ ਸਰਹੰਦ ਦੇ ਨਵਾਬ ਨਾਲ। ਗੁਰੂ ਸਾਹਿਬ ਨੇ ਫੈਸਲਾ ਕੀਤਾ ਕਿ ਪਉਟਾ ਸਾਹਿਬ ਉਨ੍ਹਾ ਦੇ ਸਿਖਾਂ ਲਈ ਸੁਰਖਿਅਤ ਨਹੀ ਹੈ। ਉਨ੍ਹਾ ਨੇ ਵਾਪਸ ਆਨੰਦਪੁਰ ਜਾਣ ਦੀ ਤਿਆਰੀ ਕਰ ਲਈ। ਪਹਾੜੀ ਰਾਜੇ ਮੁਗਲ ਹਕੂਮਤ ਨੂੰ ਖੁਸ਼ ਕਰਨ ਵਿਚ ਲਗ ਗਏ। ਗੁਰੂ ਸਾਹਿਬ ਨੇ ਆਪਣਾ ਸਾਰਾ ਧਿਆਨ ਆਨੰਦਪੁਰ ਦੀ ਸੁਰਖਿਆ ਤੇ ਵਿਕਸਤ ਕਰਨ ਵਿਚ ਲਗਾ ਦਿਤਾ। ਉਨ੍ਹਾ ਨੇ ਸਿਖਾਂ ਦੀ ਫੌਜ਼ ਨੂੰ ਬਕਾਇਦਾ ਜਥੇਬੰਦ ਕੀਤਾ ਤੇ ਸੁਰਖਿਆ ਲਈ ਪੰਜ ਕਿਲੇ ਬਣਵਾਏ।

ਆਨੰਦ ਗੜ

ਲੋਹ ਗੜ

ਫਤਿਹ ਗੜ

ਹੋਲ ਗੜ

ਕੇਸ ਗੜ

ਆਨੰਦਪੁਰ ਵਾਸੀਆਂ ਨੂੰ ਮਜਬੂਤ ਕਰਨ ਲਈ ਕਵੀਆਂ ਪਾਸੋਂ ਗ੍ਰੰਥ ਸਾਹਿਬ ਦੇ ਅਨੁਵਾਦ ਕਰਾਏ, ਢਾਡੀਆਂ ਪਾਸੋਂ ਪੁਰਾਤਨ ਜੰਗਾ ਦੇ ਕਾਰਨਾਮੇ ਤੇ ਦੇਸ਼ ਸੇਵਾ ਲਈ ਮਰ ਮਿਟਣ ਦੇ ਬੋਲ ਲਿਖਵਾਏ। ਕਿਰਤ ਕਮਾਈ, ਵੰਡ ਛਕਣ ਤੇ ਸਿਮਰਨ ਕਰਨ ਤੇ ਪੰਥਕ ਜਥੇਬੰਦੀ ਦੇ ਮੁਢਲੇ ਅਸੂਲ ਕਾਇਮ ਕੀਤੇ। ਇਸ ਤਰਹ ਫੌਜ਼ ਨੂੰ ਵੈਰੀਆਂ ਦੇ ਟਾਕਰੇ, ਧਰਮ ਯੁਧ ਲਈ ਪੂਰੀ ਤਰਹ ਤਿਆਰ ਕੀਤਾ।
1670 ਵਿਚ ਔਰੰਗਜ਼ੇਬ ਜੋ ਪਿਛਲੇ 8 ਸਾਲਾਂ ਤੋ ਦੱਖਣ ਵਿਚ ਮਰਹਟਿਆਂ ਨਾਲ ਲੜ ਰਿਹਾ ਸੀ, ਇਨੀ ਵਡੀ ਫੌਜ਼ ਲਈ ਅੰਨ ਤੇ ਧੰਨ ਦੀ ਜਰੂਰਤ ਪੈ ਗਈ। ਜਿਸਦੀ ਪੂਰਤੀ ਉਤਰੀ ਪੂਰਬੀ ਸੂਬਿਆਂ ਤੇ ਭਾਰੀ ਟੈਕ੍ਸ ਲਗਾ ਕੇ ਕੀਤੀ ਜਾਂਦੀ ਸੀ ਉਸਨੇ ਸਭ ਸੂਬਿਆਂ ਵਿਚ ਹੁਕਮ ਭੇਜਿਆ ਕੀ ਜਲਦੀ ਤੋਂ ਜਲਦੀ ਮੈਨੂੰ ਲਗਾਨ ਇਕਠਾ ਕਰਕੇ ਭੇਜੋ। ਪਹਾੜੀ ਰਾਜੇ ਲਗਾਨ ਨਹੀਂ ਸੀ ਦੇਣਾ ਚਾਹੁੰਦੇ, ਗੁਰੂ ਸਾਹਿਬ ਵੀ ਇਸ ਲਗਾਨ ਜੋ ਸਿਰਫ ਹਿੰਦੂਆਂ ਤੇ ਲਗਾਇਆ ਜਾਂਦਾ ਸੀ ਦੇ ਵਿਰੁੱਧ ਸੀ। ਪਹਾੜੀ ਰਾਜਿਆਂ ਨੇ ਸੋਚਿਆ ਕਿ ਕਿਓਂ ਨਾ ਗੁਰੂ ਸਾਹਿਬ ਆਪਣੇ ਨਾਲ ਮਿਲਾ ਲਿਆ ਜਾਏ । ਉਨਾਂ ਨੇ ਗੁਰੂ ਸਾਹਿਬ ਤੋਂ ਮਾਫੀਆਂ ਮੰਗੀਆਂ ਤੇ ਸਹਾਇਤਾ ਦੇਣ ਲਈ ਬੇਨਤੀ ਕੀਤੀ।

2.ਨਾਦੌਣ ਦਾ ਯੁਧ

ਇਥੇ ਗੁਰੂ ਸਾਹਿਬ ਤੇ ਰਾਜਿਆਂ ਦੀ ਮਿਲਵੀਂ ਫੌਜ਼ ਨਾਲ ਅਲਫ ਖਾਨ ਦੀ ਫੌਜ਼ ਨਾਲ, ਜੋ ਖਿਰਾਜ਼ ਇਕਠਾ ਕਰਨ ਆਇਆ ਸੀ ਜੋਰਦਾਰ ਟਕਰ ਹੋਈ। ਅਲਫ ਖਾਨ ਮੈਦਾਨ ਛਡ ਕੇ ਨਸ ਗਿਆ। ਜਿੱਤ ਦੀ ਖੁਸ਼ੀ ਵਿਚ ਰਾਜਾ ਭੀਮ ਚੰਦ ਬਹੁਤ ਸਾਰੀਆਂ ਅਣਮੁਲੀਆਂ ਭੇਟਾਵਾਂ ਲੈ ਕੇ ਗੁਰੂ ਸਾਹਿਬ ਕੋਲ ਆਇਆ।

3. ਰੁਸਤਮ ਖਾਨ ਨਾਲ ਯੁਧ

ਜਦੋਂ ਲਾਹੌਰ ਦੇ ਸੂਬੇ ਨੂੰ ਅਲਫ ਖਾਨ ਦੀ ਹਾਰ ਦੀ ਖਬਰ ਮਿਲੀ ਤਾਂ ਉਸਨੇ ਆਪਣੇ ਪੁਤਰ ਨੂੰ ਗੁਰੂ ਸਾਹਿਬ ਤੇ ਚੜਾਈ ਕਰਨ ਲਈ ਭੇਜਿਆ। ਜਦੋਂ ਪਠਾਣਾ ਦਾ ਦਲ ਨਦੀ ਪਾਰ ਪਹੁੰਚਿਆ ਤਾਂ ਗੁਰੂ ਸਾਹਿਬ ਦੀਆਂ ਫੌਜਾਂ ਤਿਆਰ ਹੋ ਗਈਆਂ। ਜੈਕਰਾ ਛਡਿਆ, ਬੰਦੂਕਾਂ ਚਲੀਆਂ। ਪਠਾਨ ਇਨਾਂ ਜੈਕਾਰਿਆਂ ਦੀ ਅਵਾਜ਼ ਸੁਣ ਕੇ ਇਤਨਾ ਡਰ ਗਏ ਕਿ ਮੈਦਾਨ ਛਡ ਕੇ ਦੌੜਨ ਵਿਚ ਹੀ ਉਨ੍ਹਾ ਨੇ ਆਪਣੀ ਖੈਰੀਅਤ ਸਮਝੀ।

4. ਹੁਸੈਨੀ ਦੀ ਜੰਗ

ਹੁਸੈਨੀ, ਦਲਾਵਰ ਖਾਨ ਦਾ ਪੁਤਰ ਫੌਜਾਂ ਲੈਕੇ ਆਨੰਦਪੁਰ ਸਾਹਿਬ ਗੁਰੂ ਸਾਹਿਬ ਤੇ ਹਮਲਾ ਕਰਨ ਲਈ ਆਇਆ। ਰਸਤੇ ਵਿਚ ਉਨ੍ਹਾ ਨੇ ਪਹਾੜੀਆਂ ਰਾਜਿਆਂ ਤੇ ਚੜਾਈ ਕਰ ਦਿਤੀ। ਖੂਬ ਲੁਟਿਆ ਕੁਟਿਆ ਜਿਸਤੋਂ ਡਰ ਕੇ ਪਹਾੜੀ ਰਾਜੇ ਹੁਸੈਨੀ ਨਾਲ ਮਿਲ ਗਏ। ਪਰ ਲਗਾਨ ਪਿਛੇ ਉਨ੍ਹਾ ਦਾ ਆਪਸ ਵਿਚ ਮਤ-ਭੇਦ ਹੋ ਗਿਆ ਜਿਸ ਵਿਚ ਕਿਰਪਾਲ ਉਸਦੇ ਸਾਥੀ ਤੇ ਹੁਸੈਨੀ ਸਭ ਮਾਰੇ ਗਏ। ਲੜਾਈ ਤੋਂ ਪਹਿਲਾਂ ਹੀ ਲੜਾਈ ਖਤਮ ਹੋ ਗਈ। ਜਦੋਂ ਹੁਸੈਨੀ ਦਾ ਮਰਨਾ ਦਿਲਾਵਰ ਖਾਨ ਨੇ ਸੁਣਿਆ ਤਾਂ ਬੜੇ ਕ੍ਰੋਧ ਵਿਚ ਆਕੇ ਇਕ ਫੌਜੀ ਸਰਦਾਰ ਜੁਝਾਰ ਸਿੰਘ ਰਾਜਪੂਤ ਨੂੰ ਫੌਜ਼ ਦੇਕੇ ਭੇਜਿਆ। ਓਹ ਵੀ ਲੜਾਈ ਵਿਚ ਮਾਰਿਆ ਗਿਆ ਤੇ ਸ਼ਾਹੀ ਸੈਨਾ ਲਾਹੌਰ ਨੂੰ ਭਜ ਗਈ।
ਗੁਰੂ ਸਾਹਿਬ ਆਪਣੀਆਂ ਫੌਜਾਂ ਦਾ ਸੰਗਠਨ ਕਰਨ ਵਿਚ ਲਗ ਗਏ। ਯੁਧ ਦੇ ਰੰਗਾਂ ਢੰਗਾਂ ਦੀ ਸਿਖਲਾਈ, ਸ਼ਸ਼ਤਰ ਤਿਆਰ ਕਰਨਾ, ਦਰਬਾਰ ਲਗਾਣਾ, ਬਾਣੀ ਦੀ ਰਚਨਾ ਤੇ ਉਨਾ ਦੇ ਅਨੁਵਾਦ ਆਦਿ। ਗੁਰੂ ਸਾਹਿਬ ਦੇ ਦਰਬਾਰ ਵਿਚ ਇਕ ਪੰਡਿਤ ਕਥਾ ਕਰਦਾ ਸੀ ਉਸ ਨੂੰ ਸਿਖਾਂ ਨੂੰ ਸੰਸਕ੍ਰਿਤ ਪੜਾਓਣ ਵਾਸਤੇ ਕਿਹਾ। ਉਸਦਾ ਜਵਾਬ ਸੀ ਆਪ ਜੀ ਦੇ ਸਿੰਘ ਨੀਵੀਆਂ ਜਾਤਾਂ ਵਿਚੋ ਹਨ ਉਨ੍ਹਾ ਨੂੰ ਆਗਿਆ ਨਹੀ ਸੰਸਕ੍ਰਿਤ ਪੜਾਓਣ ਦੀ। ਸੰਸਕ੍ਰਿਤ ਪੜਨਾ ਸਿਰਫ ਬ੍ਰਾਹਮਣਾ ਦਾ ਹਕ ਹੈ। ਗੁਰੂ ਸਾਹਿਬ ਨੇ ਜਵਾਬ ਦਿਤਾ, ” ਪੰਡਤ ਜੀ ਓਹ ਸਮਾ ਆਓਣ ਵਾਲਾ ਹੈ ਕੀ ਸਾਡੇ ਸਿਖ ਇਸ ਵਿਦਿਆ ਨੂੰ ਪੜਕੇ ਵਿਦਵਾਨ ਬਣਨਗੇ, ਬ੍ਰਾਹਮਣ ਲੋਕ ਇਨ੍ਹਾ ਦੇ ਪੈਰਾਂ ਵਿਚ ਬੈਠ ਕੇ ਇਨ੍ਹਾ ਤੋ ਵਿਦਿਆ ਪੜਨਗੇ। ਉਨ੍ਹਾ ਨੇ ਪੰਜ ਸਿਖਾਂ ਨੂੰ ਸੰਸਕ੍ਰਿਤ ਪੜਨ ਲਈ ਕਾਂਸ਼ੀ ਤੇ ਬਨਾਰਸ ਭੇਜਿਆ ਇਹ ਲੋਕ ਯੁਧਾਂ ਤੇ ਨਹੀਂ ਸੀ ਜਾਂਦੇ ਸਿਰਫ ਪੜਾਓਣ ਦਾ ਕੰਮ ਕਰਦੇ ਸੀ ਇਨ੍ਹਾ ਨੂੰ ਨਿਰਮਲੇ ਸੰਤ ਕਿਹਾ ਜਾਂਦਾ ਸੀ।
ਨਾਦੌਣ ਦੇ ਯੁਧ ਵਿਚ ਅਲਫ ਖਾਨ ਅਤੇ ਦਿਲਾਵਰ ਖਾਨ ਦੀਆਂ ਹਾਰਾ, ਹੁਸੈਨੀ ਦਾ ਮਾਰਿਆ ਜਾਣਾ ਸਭ ਖਬਰਾਂ ਜਦ ਔਰੰਗਜ਼ੇਬ ਨੂੰ ਮਿਲੀਆਂ, ਉਸ ਨੂੰ ਬੜੀ ਚਿੰਤਾ ਹੋਈ। ਉਸਨੇ ਆਪਣੇ ਪੁਤਰ ਮੁਆਜਮ ਨੂੰ ਪੰਜਾਬ ਵਿਚ ਫੈਲੀ ਬਦਅਮਨੀ ਨੂੰ ਦਬਾਓਣ ਵਾਸਤੇ ਭੇਜਿਆ ਪਰ ਉਸ ਵਕਤ ਤਕ ਗੁਰੂ ਸਾਹਿਬ ਦੀ ਤਾਕਤ ਇਤਨੀ ਵਧ ਚੁਕੀ ਸੀ। ਉਹ ਗੁਰੂ ਸਾਹਿਬ ਦੀ ਕਦਰ ਵੀ ਕਰਦਾ ਸੀ ਜਿਸ ਕਰਕੇ ਉਸਨੇ ਸੁਲਹ -ਸਫਾਈ ਵਿਚ ਬੇਹਤਰੀ ਸਮਝੀ।
ਲਾਹੌਰ ਬੈਠਕੇ ਜਦ ਔਰੰਗਜ਼ੇਬ ਨੂੰ ਸਾਰੇ ਹਾਲਤਾਂ ਦਾ ਪਤਾ ਚਲਿਆ, ਕੀ ਕਈ ਸਾਲਾਂ ਦਾ ਲਗਾਨ ਪਹਾੜੀ ਰਾਜਿਆਂ ਵਲ ਰਹਿੰਦਾ ਹੈ। ਜਦ ਵੀ ਕੋਈ ਅਫਸਰ ਮਾਮਲੇ ਨੂੰ ਲੈਣ ਲਈ ਭੇਜਿਆ ਜਾਂਦਾ ਤਾਂ ਉਸ ਨਾਲ ਲੜਾਈ ਕਰਕੇ ਜਾਨ-ਮਾਲ ਦਾ ਬਹੁਤ ਵਡਾ ਨੁਕਸਾਨ ਕਰ ਦਿੰਦੇ ਸਨ। ਉਸਨੇ ਮਿਰਜਾ ਬੇਗ ਨੂੰ ਬਹੁਤ ਵਡੀ ਫੌਜ਼ ਦੇਕੇ ਇਨਾਂ ਪਹਾੜੀ ਰਾਜਿਆਂ ਤੋਂ ਮਾਮਲਾ ਉਗਰਾਹਣ ਲਈ ਭੇਜਿਆ। ਸਭ ਰਾਜਿਆਂ ਨੇ ਹਥ ਜੋੜ ਕੇ ਮਾਫੀਆਂ ਮੰਗੀਆਂ ਤੇ ਸਾਰਾ ਮਾਮਲਾ ਵੀ ਤਾਰ ਦਿਤਾ। ਪੰਜ ਛੇ ਸਾਲ ਅਮਨ ਅਮਾਨ ਨਾਲ ਲੰਘੇ।
( ਚਲਦਾ )

...
...



Related Posts

Leave a Reply

Your email address will not be published. Required fields are marked *

One Comment on “ਗੁਰੂ ਗੋਬਿੰਦ ਸਿੰਘ ਜੀ – ਭਾਗ ਤੀਸਰਾ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)