More Gurudwara Wiki  Posts
ਗੁਰੂ ਤੇਗ ਬਹਾਦਰ ਸਾਹਿਬ ਜੀ – ਭਾਗ ਦੂਜਾ


ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਅਵਤਾਰ ਦਿਹਾੜੈ ਨੂੰ ਸਮਰਪਿਤ ਗੁਰੂ ਜੀ ਦੀ ਜੀਵਨੀ ਦਾ ਭਾਗ ਦੂਸਰਾ ਪੜੋ ਜੀ ।
ਭਾਗ ਦੂਜਾ
ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਬਾਣੀ ਰਾਹੀਂ ਦਰਸਾਏ ਪਹਿਲੇ ਗੁਰੂ ਜਾਮਿਆਂ ਦੇ ਸਮੁੱਚੇ ਫਲਸਫ਼ੇ ਨੂੰ ਚੰਗੀ ਤਰ੍ਹਾਂ ਸਮਝਦੇ ਸਨ। ਉਹ ਸਨਿਆਸੀਆਂ ,ਜੋਗੀਆਂ, ਵਾਲੇ ਏਕਾਂਤੀ ਜੀਵਨ ਦੇ ਕਾਇਲ ਨਹੀਂ ਸਨ ।
ਗੁਰੂ ਤੇਗ ਬਹਾਦਰ ਜੀ ਦੁਆਰਾ ਗੁਰਬਾਣੀ ਅਭਿਆਸ ,ਗੁਰਬਾਣੀ ਵਿਚਾਰ ਤੇ ਭਜਨ ਬੰਦਗੀ ਲਈ ਬਣਾਏ ਗਏ ਸਥਾਨਾਂ ਨੂੰ ਲੋਕਾਂ ਨੇ ‘ਭੋਰਾ’ ਦਾ ਨਾਮ ਦੇ ਦਿੱਤਾ ਹੈ ਅਤੇ ਨਾਲ ਹੀ ਵੀਹ ਛੱਬੀ ਸਾਲ ਉਥੇ ਬੈਠ ਕੇ ਤਪ ਸਾਧਣ ਅਤੇ ਗੁਰਮਤਿ ਵਿਰੋਧੀ ਗੱਲਾਂ ਨੂੰ ਵੀ ਉਨ੍ਹਾਂ ਦੇ ਜੀਵਨ ਨਾਲ ਜੋੜ ਦਿੱਤਾ ਗਿਆ ਹੈ।ਜਿਹੜਾ ਕਿ ਬਿਲਕੁਲ ਨਿਰਮੂਲ ਹੈ।
ਬਕਾਲੇ ਵਿਖੇ ਹੀ ਸ੍ਰੀ ਤੇਗ ਬਹਾਦਰ ਜੀ ਦੇ ਸਾਲੇ ਕਿਰਪਾਲ ਚੰਦ ਕਈ ਵਾਰੀ ਆਪਣੀ ਭੈਣ ਗੁਜਰੀ ਜੀ ਨੂੰ ਮਿਲਣ ਲਈ ਕੀਰਤਪੁਰ ਸਾਹਿਬ ਤੋਂ ਬਕਾਲੇ ਆ ਜਾਂਦੇ ਸਨ ਅਤੇ ਕਈ ਵਾਰ(ਗੁਰੂ) ਤੇਗ ਬਹਾਦਰ ਸਾਹਿਬ ਜੀ ਵੀ ਕਿਰਪਾਲ ਚੰਦ ਨੂੰ ਮਿਲਣ ਲਈ ਕੀਰਤਪੁਰ ਸਾਹਿਬ ਚਲੇ ਜਾਂਦੇ ਸਨ ।
ਕਿਰਪਾਲ ਚੰਦ ਗੁਰੂ ਹਰ ਰਾਇ ਸਾਹਿਬ ਜੀ ਦੇ 2200 ਘੋੜ ਸਵਾਰਾਂ ਦੀ ਫੌਜੀ ਟੁਕੜੀ ਵਿਚ ਤਾਇਨਾਤ ਸਨ।
ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਕੀਰਤਪੁਰ ਕ੍ਰਿਪਾਲ ਚੰਦ ਨੂੰ ਮਿਲਣ ਲਈ ਜਾਂਦੇ ਤਾਂ ਉਹ ਲਾਜ਼ਮੀ ਤੌਰ ਤੇ ਗੁਰੂ ਹਰ ਰਾਏ ਸਾਹਿਬ ਦੇ ਦਰਬਾਰ ਵਿਚ ਹਾਜ਼ਰੀ ਵੀ ਭਰਦੇ ਸਨ। ਗੁਰੂ ਹਰਿਰਾਏ ਸਾਹਿਬ ਜੀ (ਗੁਰੂ) ਤੇਗ ਬਹਾਦਰ ਜੀ ਦੇ ਭਤੀਜੇ ਸਨ ।
6 ਅਕਤੂਬਰ,1661 ਨੂੰ ਗੁਰੂ ਹਰਿ ਰਾਇ ਸਾਹਿਬ ਜੀ ਜੋਤੀ ਜੋਤ ਸਮਾਏ ਸਨ।ਆਪ ਜੀ ਦੇ ਦੋ ਸਾਹਿਬਜ਼ਾਦੇ ਸਨ।ਵੱਡੇ ਸਾਹਿਬਜ਼ਾਦੇ ਰਾਮ ਰਾਇ ਨੂੰ ਗੁਰਗੱਦੀ ਦੇ ਯੋਗ ਨਾ ਸਮਝਿਆ ਗਿਆ ਕਿਉਂਕਿ ਉਸਨੇ ਦਿਲੀ ਦੇ ਦਰਬਾਰ ਵਿਚ ਸਿਖ ਮੱਤ ਦੀ ਵਿਆਖਿਆ ਕਰਨ ਸਮੇਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿਚੋਂ ” ਮਿਟੀ ਮੁਸਲਮਾਨ ਕੀ: ਦੀ ਜਗ੍ਹਾ “ਮਿਟੀ ਬੇਈਮਾਨ ਕੀ ” ਕਰ ਦਿੱਤਾ ਸੀ।
ਇਸਤੇ ਗੁਰੂ ਹਰਿ ਰਾਇ ਸਾਹਿਬ ਜੀ ਨੇ ਇਤਰਾਜ਼ ਜਤਾਉਦਿਆਂ ਹੋਇਆ ਉਸਨੂੰ ਜੀਵਨ ਭਰ ਮੱਥੇ ਨਾ ਲੱਗਣ ਦਾ ਹੁਕਮ ਕਰ ਦਿੱਤਾ ਸੀ।
ਗੁਰੂ ਹਰਿ ਰਾਇ ਸਾਹਿਬ ਜੀ ਨੇ ਅੰਤਲੇ ਸਮੇਂ ਗੁਰਤਾ ਗੱਦੀ ਦੀ ਜਿੰਮੇਵਾਰੀ ਆਪਣੇ ਛੋਟੇ ਸਾਹਿਬਜ਼ਾਦੇ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਸੌਂਪ ਦਿਤੀ ਸੀ।6 ਅਕਤੂਬਰ 1661 ਈ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਤਾ ਗੱਦੀ ਮਿਲੀ ਸੀ।
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਤਿੰਨ ਸਾਲ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲੀ ।ਭਾਵੇਂ ਉਮਰ ਛੋਟੀ ਸੀ ਪਰ ਸਿਆਣਪ ਅਤੇ ਜੁਰਅਤ ਨਾਲ ਜ਼ਿੰਮੇਵਾਰੀਆਂ ਸੰਭਾਲਿਆ ।ਆਪ ਜੀ ਨੇ ਰਾਮ ਰਾਏ ਦੀਆਂ ਧਮਕੀਆਂ ਦੀ ਪ੍ਰਵਾਹ ਨਾ ਕੀਤੀ ਤੇ ਨਾ ਹੀ ਔਰੰਗਜ਼ੇਬ ਦੇ ਰੋਹਬ ਥੱਲੇ ਆਏ ।ਧਰਮ ਦਾ ਪ੍ਰਚਾਰ ਆਪ ਜੀ ਨੇ ਉਸੇ ਤਰ੍ਹਾਂ ਹੀ ਜਾਰੀ ਰੱਖਿਆ।
ਸਭ ਤੋਂ ਅਮੀਰ ਤੇ ਸਭ ਤੋਂ ਵਿਸ਼ੇਸ਼ ਗੁਰੂ ਦੀ ਚੋਣ ਠੀਕ ਦੇ ਯੋਗ ਕਰ ਜਾਣਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਵੱਡੀ ਸ਼ਖਸੀਅਤ ਬਾਰੇ ਦਰਸਾਉਣਾ ਕਾਫੀ ਹੈ ।
ਰਾਮ ਰਾਏ ਤੇ ਧੀਰ ਮੱਲ ਜੀ ਦਾ ਖਿਆਲ ਸੀ ਕਿ ਹੁਣ ਉਨ੍ਹਾਂ ਨੂੰ ਗੁਰੂ ਅਖਵਾਉਣ ਤੋਂ ਕੋਈ ਨਹੀ ਰੋਕ ਸਕਦਾ ਪਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ‘ ਬਾਬਾ,,,ਬਕਾਲੇ’ ਕਹਿ ਕੇ ਉਨ੍ਹਾਂ ਦੀਆਂ ਉਮੀਦਾਂ ਉਤੇ ਇਕ ਵਾਰੀ ਫਿਰ ਪਾਣੀ ਫੇਰ ਦਿੱਤਾ ਸੀ।
ਇਹਨਾਂ ਸ਼ਬਦਾਂ ਦਾ ਭਾਵ ਆਪਣੇ ਆਪ ਵਿੱਚ ਬਿਲਕੁਲ ਸਪਸ਼ਟ ਸੀ।ਸ੍ਰੀ ਗੁਰੂ ਤੇਗ ਬਹਾਦਰ ਜੀ ਉਸ ਸਮੇਂ ਪਿੰਡ ਬਕਾਲਾ ਵਿਖੇ ਹੀ ਨਿਵਾਸ ਕਰਦੇ ਸਨ ਤੇ ਰਿਸ਼ਤੇ ਵਲੋਂ ਉਹ ਆਪ ਜੀ ਦੇ ਬਾਬਾ ਲਗਦੇ ਸਨ।+ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਬਾਬਾ ਸ਼ਬਦ ਗੁਰੂ ਲਈ ਹੀ ਵਰਤਿਆ ਹੈ।ਗੁਰੂ ਤੇਗ ਬਹਾਦਰ ਸਾਹਿਬ ਜੀ ਰਿਸ਼ਤੇ ਵਜੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਾਦਾ ਜੀ ਹੀ ਲਗਦੇ ਸਨ। ਇਸ ਲਈ ਆਪ ਜੀ ਦੇ ਬਚਨਾਂ ਦਾ ਸਾਫ ਮਤਲਬ ਇਹੀ ਸੀ ਕਿ ਪਿੰਡ ਬਕਾਲਾ ਵਿਖੇ ਸਾਡੇ ਬਾਬਾ ਰਹਿੰਦੇ ਹਨ , ਸਾਡੇ ਮਗਰੋਂ ਉਹੀ ਗੁਰਗੱਦੀ ਦੀ ਜਿੰਮੇਵਾਰੀ ਸੰਭਾਲਣਗੇ।
ਪਰ ਧੀਰ ਮੱਲ ਤੇ ਰਾਮਰਾਇ ਜਿਹੇ ਗੁਰੂ ਘਰ ਨਾਲ ਸੰਬੰਧ ਰੱਖਣ ਵਾਲੇ ਹੋਰ ਲੋਕ ਵੀ ਗੁਰਗੱਦੀ ਤੇ ਕਬਜਾ ਜਮਾਉਣ ਦੇ ਚਾਹਵਾਨ ਸਨ।
ਹੁਣ ਜਦੋਂ ਅੱਠਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਆਪਣੇ ਹੱਥੀਂ ਗੁਰਿਆਈ ਦਿੱਤੇ ਬਿਨਾਂ ਜੋਤੀ ਜੋਤ ਸਮਾ ਗਏ ਅਤੇ ਉਨ੍ਹਾਂ ਨੇ ਸਪੱਸ਼ਟ ਰੂਪ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਨਾਂ ਵੀ ਨਾ ਲਿਆ ਤਾਂ ਇਸ ਦੀ ਗੁਰਗੱਦੀ ਦੇ ਦਾਅਵੇਦਾਰਾਂ ਨੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਕਹੇ ਸ਼ਬਦ ‘ ਬਾਬਾ ਬਕਾਲੇ’ ਨੂੰ ਆਪਣੇ ਨਾਲ ਜੋੜ ਲਿਆ ਤੇ ਹਰੇਕ ਨੇ ਆਪਣੇ ਆਪ ਨੂੰ ਗੁਰੂ ਕਹਾਉਣਾ ਸ਼ੁਰੂ ਕਰ ਦਿਤਾ।
ਬਕਾਲੇ ਵਿਖੇ ਬਾਈ ਮੰਜੀਆਂ ਕਾਇਮ ਹੋ ਗਈਆ ਤੇ ਬਾਈ ਗੁਰੂ ਹੀ ਪ੍ਰਗਟ ਹੋ ਗਏ।
ਸਿੱਖਾਂ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਹੁਕਮਾਂ ਉੱਤੇ ਚਲਦੇ ਹੋਏ ਬਕਾਲੇ ਵੱਲ ਨੂੰ ਜਾਣਾ ਸ਼ੁਰੂ ਕਰ ਦਿਤਾ ਪਰ ਉਥੇ ਬਾਬਾ ਕੋਈ ਨਾ ਮਿਲਿਆ। ਸੰਗਤਾਂ ਪਾਖੰਡੀਆਂ ਦੇ ਵੱਸ ਪੈ ਗਈਆਂ ਤੇ ਕਈ ਮਾਯੂਸ ਹੋ ਕੇ ਮੁੜਨ ਲੱਗ ਪਏ।ਧੀਰ ਮੱਲ ਦੀ ਦੁਕਾਨ ਚੰਗੀ ਚੱਲ ਪਈ।ਇੱਕ ਤਾਂ ਇਹ ਸੀ ਕਿ ਉਹ ਗੁਰੂ ਜੀ ਦੀ ਸੰਤਾਨ ਸੀ ਤੇ ਦੂਜਾ ਉਸ ਕੋਲ ਉਹ ਬੀੜ ਵੀ ਸੀ ਜਿਸ ਨੂੰ ਗੁਰੂ ਅਰਜਨ ਸਾਹਿਬ ਜੀ ਨੇ ਸੰਪਾਦਤ ਕੀਤਾ ਸੀ ,ਇਥੇ ਭੁਲੇਖਾ ਪੈ ਜਾਣਾ ਕੁਦਰਤੀ ਗੱਲ ਸੀ। ਕੁਝ ਸਮਾਂ ਸੰਗਤਾਂ ਗੁਰੂ ਤੋਂ ਬਗੈਰ ਹੀ ਭਟਕਦੀਆਂ ਰਹੀਆਂ ।
ਕਿਹਾ ਜਾਂਦਾ ਹੈ ਕਿ ਆਪਣੇ ਆਪ ਨੂੰ ਗੁਰੂ ਕਹਾਉਣ ਵਾਲਿਆ ਵਿੱਚੋਂ ਹਰੇਕ ਦੇ ਦੁਆਲੇ ਸੁਆਰਥੀ ਚੇਲਿਆਂ ਤੇ ਉਪਾਸ਼ਕਾਂ ਦੀਆਂ ਭੀੜਾਂ ਜੁੜ ਗਈਆਂ । ਇਹ ਚੇਲੇ ਭੋਲੇ ਭਾਲੇ ਸਿੱਖਾਂ ਨੂੰ ਭੇਚਲ ਕੇ ਆਪਣੇ ਗੁਰੂ ਦੀ ਹਜ਼ੂਰੀ ਵਿੱਚ ਖਿੱਚ ਕੇ ਲੈ ਜਾਂਦੇ ।
ਉਨਾਂ ਕੋਲੋ ਕਾਰ ਭੇਟਾ ਵਸੂਲ ਕਦੇ ਅਤੇ ਉਨ੍ਹਾਂ ਨੂੰ ਯਕੀਨ ਦਵਾਉਦੇ ਕਿ ਕੇਵਲ ਸਾਡਾ ਗੁਰੂ ਹੀ ਅਸਲੀ ਗੁਰੂ ਹੈ, ਤੇ ਦੂਜੇ ਐਵੇਂ ਝੂਠੇ ਗੁਰੂ ਬਣ ਬੈਠੇ ਹਨ।ਉਹਨਾ ਦੇ ਜਾਲ ਵਿੱਚ ਨਾ ਫਸੋ।
ਭੋਲੀਆਂ ਸੰਗਤਾਂ ਨੂੰ ਆਪਣੇ ਆਪਣੇ ਵੱਲ ਖਿੱਚਣ ਲਈ ਕਈ ਵਾਰ ਇਨ੍ਹਾਂ ਚੇਲਿਆਂ ਦਾ ਆਪਸੀ ਲੜਾਈ ਝਗੜਾ ਵੀ ਹੋ ਜਾਂਦਾ ਸੀ।
ਸੰਗਤਾਂ ਇਹ ਵੇਖ ਵੇਖ ਕੇ ਹੈਰਾਨ ਹੁੰਦੀਆ ।ਉਨ੍ਹਾਂ ਨੂੰ ਸਮਝ ਨਹੀਂ ਸੀ ਲਗਦੀ ਕਿ ਅਸਲੀ ਗੁਰੂ ਕੌਣ ਹੈ ਤੇ ਨਕਲੀ ਕਿਹੜਾ ਹੈ ?
ਜਿਹੜੇ ਗੁਰੂ ਕੋਲ ਵੀ ਸੰਗਤਾਂ ਜਾਂਦੀਆਂ ਉਹ ਉਨ੍ਹਾਂ ਦੀ ਗੱਠੜੀ ਵੱਲ ਹੀ ਨਜ਼ਰਾਂ ਮਾਰਦੇ , ਕਿਸੇ ਦੇ ਬਚਨਾਂ ਤੋਂ ਸੰਗਤਾਂ ਨੂੰ ਆਤਮਿਕ ਸ਼ਾਤੀ ਤੇ ਰਸ ਪ੍ਰਾਪਤ ਨਾ ਹੁੰਦਾ। ਸੰਗਤਾਂ ਨੂੰ ਠੱਗੇ ਠੱਗੇ ਜਾਣ ਦਾ ਅਹਿਸਾਸ ਹੀ ਹੁੰਦਾ ਰਹਿੰਦਾ ਸੀ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਸਭ ਕੁਝ ਸੁਣਦੇ ਸਨ ਤੇ ਦੁਖੀ ਵੀ ਹੁੰਦੇ ਸਨ।ਪਰ ਉਹ ਕਿਸੇ ਝਗੜੇ ਵਿਚ ਨਹੀ ਸੀ ਪੈਣਾ ਚਾਹੁੰਦੇ ।
ਝੂਠੇ ਗੁਰੂਆਂ ਦੀ ਝੂਠੀ ਦੁਕਾਨਦਾਰੀ ਚਲਦਿਆ ਤਕਰੀਬਨ ਸਾਲ ਹੋ ਗਿਆ ਸੀ।ਉਨ੍ਹਾਂ ਦੇ ਝਗੜੇ ਹੰਗਾਮੇ ਵਧਦੇ ਗਏ। ਹਰ ਕੋਈ ਦੂਜਿਆਂ ਦੀ ਨਿੰਦਿਆ ਕਰਦਾ ਹੋਇਆ ਆਪਣੇ ਆਪ ਨੂੰ ਸੱਚਾ ਪਾਤਸ਼ਾਹ ਕਹੇ ,ਕੋਸ਼ਿਸ਼ ਸਾਰਿਆ ਦੀ ਇਹੀ ਹੁੰਦੀ ਕਿ ਲੋਕਾਂ ਕੋਲੋ ਵੱਧ ਤੋਂ ਵੱਧ ਕਾਰ ਭੇਟਾ ਠੱਗੀ ਜਾਵੇ।
ਲੋਕਾਂ ਵਿੱਚ ਬੇਮੁੱਖਤਾ ਆਉਣ ਲੱਗੀ ਤੇ ਸ਼ਰਧਾ ਘਟਣ ਲੱਗ ਪਈ ਸੀ । ਸੰਮਤ 1722 ਦੀ ਵਿਸਾਖੀ ਦੇ ਆਉਣ ਕਾਰਨ ਗੁਰੂ ਜੀ ਦੀ ਹਜੂਰੀ ਵਿੱਚ ਭਾਰੀ ਗਿਣਤੀ ਵਿਚ ਸੰਗਤਾਂ ਨੇ ਆਉਣਾ ਸ਼ੁਰੂ ਕੀਤਾ।
ਗੁਰਿਆਈ ਦੇ ਭਰਮ ਭੁਲੇਖਿਆਂ ਦੇ ਹੁੰਦਿਆ ਹੋਇਆ ਵੀ ਸੰਗਤਾਂ ਬਕਾਲਾ ਵਿਖੇ ਆਈਆਂ ਹੋਈਆਂ ਸਨ।ਇਨ੍ਹਾਂ...

ਵਿਚ ਹੀ ਮੱਖਣ ਸ਼ਾਹ ਲੁਬਾਣਾ ਵੀ ਸੀ। ਇਥੇ ਮੱਖਣ ਸ਼ਾਹ ਲੁਬਾਣਾ ਬਾਰੇ ਵੀ ਜਾਣਨਾ ਜਰੂਰੀ ਹੈ।ਭਾਈ ਮੱਖਣ ਸ਼ਾਹ ਲੁਬਾਣਾ ਕੌਣ ਸੀ?
ਭਾਈ ਕਾਹਨ ਸਿੰਘ ਨਾਭਾ ਮਹਾਨ ਕੋਸ਼ ਵਿੱਚ ਲਿਖਦੇ ਹਨ ਕਿ ਜ਼ਿਲਾ ਜੇਹਲਮ ਦੇ ਟਾਂਡਾ ਪਿੰਡ ਦਾ ਵਸਨੀਕ ਇਹ ਲੁਬਾਣਾ ਵਪਾਰੀ ਸੀ।
ਮੱਖਣ ਸ਼ਾਹ ਤਕੜਾ ਵਪਾਰੀ ਸੀ ।
ਕਿਹਾ ਜਾਂਦਾ ਹੈ ਇਕ ਵਾਰੀ ਇਸਦਾ ਸਮਾਨ ਨਾਲ ਭਰਿਆ ਸਮੁੰਦਰੀ ਜਹਾਜ਼ ਕਿਸੇ ਸੰਕਟ ਵਿਚ ਫਸ ਗਿਆ ਤੇ ਇਸਨੇ ਅਰਦਾਸ ਕੀਤੀ ਕਿ ਉਸਦਾ ਜਹਾਜ਼ ਬਿਨਾ ਨੁਕਸਾਨੇ ਕਿਨਾਰੇ ਲੱਗ ਜਾਏ ਤਾਂ ਉਹ ਇਕੱਠੀ ਕੀਤੀ ਹੋਰ ਭੇਟਾ ਦੇ ਨਾਲ 500 ਮੋਹਰਾਂ ਗੁਰੂ ਨਾਨਕ ਘਰ ਦੇ ਗੱਦੀ ਧਾਰੀ ਦੇ ਅਗੇ ਚੜਾਏਗਾ।ਗੁਰੂ ਕਿਰਪਾ ਨਾਲ ਜਹਾਜ਼ ਠੀਕ ਠਾਕ ਟਿਕਾਣੇ ਤੇ ਪਹੁੰਚ ਗਿਆ ।ਆਪਣੀ ਭੇਟਾ ਚੜਾਉਣ ਲਈ ਉਹ ਪੰਜਾਬ ਆਇਆ ।ਸੰਗਤਾਂ ਦੇ ਦੱਸਣ ਤੇ ਉਹ ‘ ਬਕਾਲੇ”ਪਹੁੰਚ ਗਿਆ । ਪਰ ਬਕਾਲੇ ਆ ਕੇ ਉਸ ਨੇ ਅਨੋਖੀ ਹੀ ਝਾਕੀ ਵੇਖੀ।
ਉਸ ਨੇ ਦੇਖਿਆ ਕਿ ਗੁਰੂ ਕੁੱਲ ਦੇ ਬਾਈ ਸੋਢੀ ,ਬਾਈ ਮੰਜੀਆਂ ਡਾਹ ਕੇ ਗੁਰੂ ਬਣੇ ਬੈਠੇ ਹਨ, ਸਭਨਾਂ ਦੇ ਦੁਆਲੇ ਚੇਲੇ ਚਾਂਟੇ ਜੁੜੇ ਹੋਏ ਸਨ ਤੇ ਉਹ ਸੰਗਤਾਂ ਨੂੰ ਵਾਜਾ ਮਾਰ ਮਾਰ ਕੇ ਆਪਣੇ ਆਪਣੇ ਗੁਰੂ ਵੱਲ ਲਿਜਾਣ ਦਾ ਯਤਨ ਕਰਦੇ ਸਨ, ਜਿਵੇਂ ਮੇਲਿਆਂ ਵਿੱਚ ਸੌਦਾ ਵੇਚਣ ਵਾਲੇ ਕਰਿਆ ਕਰਦੇ ਹਨ ।
ਹਾਂ ਇਹ ਝੂਠ ਦਾ ਸੌਦਾ ਵੇਚਣ ਵਾਲੇ ਹੀ ਗੁਰੂ ਸਨ। ਜਿਹੜੇ ਕਿ ਅੰਦਰੋਂ ਈਰਖਾ ਅਤੇ ਦਵੈਤ ਨਾਲ ਭੁੱਜ ਰਹੇ ਸਨ ਤੇ ਉੱਤੋਂ ਉੱਤੋਂ ਸਤਿਨਾਮ ਦਾ ਜਾਪ ਕਰਦੇ ਤੇ ਚਰਨੀ ਪੈਂਦੀਆਂ ਸੰਗਤਾਂ ਨੂੰ ਨਾਮ ਦਾਨ ਦੀਆਂ ਬਖਸ਼ਿਸ਼ਾਂ ਕਰ ਰਹੇ ਸਨ। ਮੱਖਣ ਸ਼ਾਹ ਨੇ ਸਾਰੇ ਗੁਰੂ ਵੇਖੇ ਤੇ ਅਸਚਰਜ ਵਿਚ ਪੈ ਗਿਆ ।ਉਸਦੀ ਅਕਲ ਕੰਮ ਨਾ ਕਰੇ ਕਿ ਕਿਹੜਾ ਇਹਨਾਂ ਵਿਚੋਂ ਅਸਲੀ ਗੁਰੂ ਹੈ ਤੇ ਕਿਹੜਾ ਪਖੰਡੀ।
ਉਸ ਦੇ ਅੰਦਰੋਂ ਅਰਦਾਸ ਨਿਕਲੀ ਇਹ ਸੱਚੇ ਪਾਤਸ਼ਾਹ ਮੇਰੀ ਬੁੱਧੀ ਚਕਰਾ ਗਈ ਹੈ ਆਪ ਪ੍ਰਗਟ ਹੋ ਕੇ ਅਥਵਾ ਮੂੰਹੋਂ ਮੰਗ ਕੇ ਆਪਣੀ ਅਮਾਨਤ ਲੈ ਲਵੋ ਜਿਸ ਨਾਲ ਮੇਰੇ ਮਨ ਨੂੰ ਧੀਰਜ ਹੋਵੇ। ਇਸ ਤਰ੍ਹਾਂ ਅਰਦਾਸ ਕਰਕੇ ਉਹ ਅੱਗੇ ਹੋਇਆ ਅਤੇ ਹਰੇਕ ਗੁਰੂ ਅੱਗੇ ਪੰਜ ਪੰਜ ਮੋਹਰਾਂ ਰਖ ਕੇ ਮੱਥਾ ਟੇਕਣ ਲਗਿਆ ।
ਸੋਨੇ ਦੀਆਂ ਮੋਹਰਾਂ ਤੱਕ ਹਰੇਕ ਗੁਰੂ ਖ਼ੁਸ਼ ਹੋ ਜਾਂਦਾ ਅਤੇ ਲੁਬਾਣੇ ਵਪਾਰੀ ਨੂੰ ਆਸ਼ੀਰਵਾਦ ਦਿੰਦਾ। ਪਰ ਕਿਸੇ ਨੇ ਵੀ ਉਸ ਨੂੰ ਲਿਆਂਦੀ ਕਾਰ ਭੇਟਾ ਦੀ ਅਸਲੀ ਰਕਮ ਦੀ ਗੱਲ ਨਾ ਕੀਤੀ ।ਹਰ ਕੋਈ ਆਪਣੇ ਸੱਚੇ ਗੁਰੂ ਹੋਣ ਦਾ ਦਾਅਵਾ ਬੰਨ੍ਹ ਕੇ ਤੇ ਦੂਜਿਆਂ ਨੂੰ ਪਖੰਡੀ ਕਹਿੰਦੇ ।
ਮੱਖਣ ਸ਼ਾਹ ਬਾਈ ਦੇ ਬਾਈ ਗੁਰੂਆਂ ਦੇ ਦਰਸ਼ਨ ਕਰ ਗਿਆ। ਪਰ ਉਸ ਨੂੰ ਸੱਚਾ ਗੁਰੂ ਨਾ ਲੱਭਿਆ ।ਉਹ ਬੜਾ ਨਿਰਾਸ਼ ਹੋਇਆ। ਅਖੀਰ ਉਸ ਨੇ ਪਿੰਡ ਦੇ ਸਾਧਾਰਨ ਲੋਕਾਂ ਤੋਂ ਪੁੱਛਿਆ ,’ਕਿਉਂ ਜੀ, ਇੱਥੇ ਕੋਈ ਹੋਰ ਵੀ ਸੋਢੀ ਰਹਿੰਦਾ ਹੈ?
ਇਕ ਬਿਰਧ ਕਿਸਾਨ ਨੇ ਦਸਿਆ, ‘ਹਾ, ਤੇਗ ਬਹਾਦਰ ਨਾਮ ਦਾ ਇਕ ਸ਼ਾਂਤ ਸੁਭਾਅ ਦਾ ਸੋਢੀ ਔਹ ਸਾਹਮਣੇ ਕਮਰੇ ਵਿਚ ਰਹਿੰਦਾ ਹੈ।ਉਹ ਕਿਸੇ ਨੂੰ ਮਿਲਦੇ ਜੁਲਦੇ ਘੱਟ ਹੀ ਹਨ ਤੇ ਨਾ ਹੀ ਉਹ ਗੁਰੂ ਬਣਨ ਦੇ ਚਾਹਵਾਨ ਹਨ।
ਮੱਖਣ ਸ਼ਾਹ ਉਸ ਬਜੁਰਗ ਕਿਸਾਨ ਦੁਆਰਾ ਦੱਸੇ ਕੋਠੇ ਨੇ ਅੰਦਰ ਗਿਆ ।
ਪਹਿਲਾਂ ਦੀ ਤਰ੍ਹਾਂ ਹੀ ਉਸਨੇ ਪੰਜ ਮੋਹਰਾਂ ਰੱਖ ਕੇ ਮੱਥਾ ਟੇਕਿਆ।
ਆਪ ਜੀ ਨੇ ਮੱਖਣ ਸ਼ਾਹ ਵੱਲ ਤੱਕ ਕੇ ਕਿਹਾ ‘ ਭਾਈ ਪੁਰਖਾ! ਗੁਰੂ ਦੀ ਅਮਾਨਤ ਪੂਰੀ ਦਿਤਿਆ ਹੀ ਭਲਾਂ ਹੁੰਦਾ ਹੈ।ਤੂੰ ਪੰਜ ਸੌ ਦੇ ਵਿਚੋਂ ਕੇਵਲ ਪੰਜ ਹੀ ਦੇ ਰਿਹਾ ਹੈ ਇਹ ਕਿਉਂ?
ਇਹ ਬਚਨ ਸੁਣਦਿਆਂ ਹੀ ਮੱਖਣ ਸ਼ਾਹ ਨੂੰ ਸੁੱਧ ਬੁਧ ਭੁਲ ਗਈ ,ਉਹ ਇਕ ਦਮ ਗੁਰੂ ਜੀ ਦੇ ਚਰਨਾਂ ਉਤੇ ਲਿਪਟ ਗਿਆ ਅਤੇ ਉਨ੍ਹਾਂ ਤੋਂ ਪੰਜ ਸੌ ਮੋਹਰਾਂ ਲਿਆਉਣ ਲਈ ਆਗਿਆ ਲਈ।
ਉਹ ਬਾਹਰ ਆਉਦਿਆ ਹੀ ਕੋਠੇ ਉਤੇ ਚੜ੍ਹ ਗਿਆ, ਜ਼ੋਰ ਨਾਲ ਪੱਲਾ ਫੇਰਿਆ ਅਤੇ ਉਚੀ ਉਚੀ ਪੁਕਾਰਨ ਲਗਿਆ “ਗੁਰੂ ਲਾਧੋ ਰੇ’,ਗੁਰੂ ਲਾਧੋ ਰੇ’।
ਲੋਕਾਂ ਨੇ ਭਾਈ ਮੱਖਣ ਸ਼ਾਹ ਦਾ ਹੋਕਾ ਸੁਣਿਆ ।ਆਸ ਤੇ ਵਿਲਾਸ ਵਿਚਕਾਰ ਲਟਕਦੇ ਉਨ੍ਹਾਂ ਦੇ ਚਿਹਰਿਆਂ ਉਤੇ ਰੌਣਕ ਆ ਗਈ।
ਪਲਾਂ ਛਿਨਾਂ ਵਿਚ ਹੀ ਇਹ ਖਬਰ ਸਾਰੇ ਪਾਸੇ ਫੈਲ ਗਈ।
ਵੇਖਦਿਆਂ ਵੇਖਦਿਆਂ ਹੀ ਗੁਰੂ ਜੀ ਦੇ ਕੋਠੇ ਦੁਆਲੇ ਅਥਾਹ ਭੀੜ ਜੁੜ ਗਈ।ਚਾਰੇ ਪਾਸੇ ਸਿਖਾਂ ਦਾ ਇਕੱਠ ਨਜਰ ਆਉਣ ਲਗਿਆ।ਸੰਗਤਾਂ ਦੀ ਬੇਨਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਹਰ ਆ ਕੇ ਦਰਸ਼ਨ ਦਿਤੇ।
ਉਸ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਮਰ ਲਗਭਗ 43 ਸਾਲ ਦੀ ਹੀ ਸੀ।
ਸੱਚੇ ਗੁਰੂ ਦੇ ਮਿਲ ਜਾਣ ਨਾਲ ਝੂਠ ਦੀਆਂ ਦੁਕਾਨਾਂ ਖੋਲ੍ਹ ਕੇ ਬੈਠੇ ਨਕਲੀ ਗੁਰੂਆਂ ਵਿਚ ਖਲਬਲੀ ਮਚ ਗਈ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਗੱਦੀ ਉਤੇ ਬਿਰਾਜੇ।ਸੰਗਤਾਂ ਦੀ ਭਟਕਣਾ ਖਤਮ ਹੋ ਗਈ।
ਸਿਖਾਂ ਨੇ ਨਕਲੀ ਗੁਰੂਆਂ ਦੇ ਭਰਮ ਦੇ ਜਾਲ ਵਿੱਚੋਂ ਨਿਕਲ ਕੇ ਉਨ੍ਹਾਂ ਸਾਰਿਆਂ ਵੱਲੋਂ ਧਿਆਨ ਹਟਾ ਕੇ ਗੁਰੂ ਚਰਨਾ ਨਾਲ ਜੁੜਨਾ ਸ਼ੁਰੂ ਕਰ ਦਿਤਾ।
ਸੰਗਤਾਂ ਦੂਰ ਦੂਰ ਤੋਂ ਦਰਸ਼ਨ ਕਰਨ ਲਈ ਪੁਜਣ ਲਗੀਆਂ ।ਕਾਰ ਭੇਟਾ ਦੀ ਚੜ੍ਹਤ ਦਾ ਵੀ ਕੋਈ ਅੰਤ ਸ਼ੁਮਾਰ ਨਾ ਰਿਹਾ।
ਇਹ ਸਭ ਵੇਖ ਕੇ ਗੁਰੂ ਘਰ ਦਾ ਸਭ ਤੋਂ ਵੱਡਾ ਦੋਖੀ ਧੀਰ ਮੱਲ ਈਰਖਾ ਨਾਲ ਸੜ ਬਲ ਗਿਆ ।ਉਹ ਸਮਝਦਾ ਸੀ ਕਿ ਗੁਰੂ ਤੇਗ ਬਹਾਦਰ ਸੰਸਾਰ ਵਲੋਂ ਵਿਰਕਤ ਹਨ।
ਮੰਜੀਆਂ ਵਾਲੇ ਗੁਰੂਆਂ ਵਿਚੋਂ ਮੈ ਹੀ ਸਭ ਤੋ ਵੱਡਾ ਹਾਂ ਤੇ ਹੁਣ ਗੁਰਗੱਦੀ ਤੇ ਮੇਰਾ ਦਾਅ ਲਗ ਜਾਵੇਗਾ।
ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਅਕਾਲ ਪੁਰਖ ਵਲੋਂ ਸੌਂਪੀ ਗਈ ਜਿੰਮੇਵਾਰੀ ਨੂੰ ਪੂਰਾ ਕਰਨ ਲਈ ਤੇ ਨਾਜ਼ਕ ਸਮਿਆਂ ਵਿਚ ਗੁਰਸਿੱਖਾਂ ਦੀ ਅਗਵਾਈ ਕਰਨ ਲਈ ਇਕਾਂਤ ਵਿਚੋਂ ਨਿਕਲ ਆਏ।
ਇਸ ਨਾਲ ਧੀਰ ਮਲ ਦੀਆਂ ਸਾਰੀਆਂ ਆਸਾਂ ਤੇ ਪਾਣੀ ਫਿਰ ਗਿਆ ।ਉਸਨੂੰ ਆਪਣੀ ਸੁਆਰਥ ਸਿਧੀ ਦਾ ਹੁਣ ਇਕੋ ਢੰਗ ਹੀ ਨਜ਼ਰ ਆਉਂਦਾ ਸੀ ਕਿ ਕਿਸੇ ਤਰ੍ਹਾਂ ਗੁਰੂ ਜੀ ਦੇ ਜੀਵਨ ਦਾ ਅੰਤ ਕੀਤਾ ਜਾਵੇ । ਗੁਰੂ ਨਾ ਰਹਿਣਗੇ ਤਾਂ ਗੁਰਗੱਦੀ ਤੇ ਕਬਜ਼ਾ ਜਮਾਉਣਾ ਸੌਖਾ ਹੋ ਜਾਵੇਗਾ ।
ਉਸਨੇ ਆਪਣੇ ਮਸੰਦਾਂ ਤੇ ਚੇਲਿਆਂ ਨਾਲ ਸਲਾਹ ਕੀਤੀ।
ਇਕ ਮਸੰਦ ਸ਼ੀਹੇ ਨੇ ਗੁਰੂ ਜੀ ਨੂੰ ਮਾਰ ਮੁਕਾਉਣ ਦੀ ਜਿੰਮੇਵਾਰੀ ਲੈ ਲਈ।ਧੀਰ ਮੱਲ ਨੇ ਉਸਨੂੰ ਭਾਰੀ ਇਨਾਮ ਦੇਣ ਦਾ ਇਕਰਾਰ ਕੀਤਾ।
ਸ਼ੀਹੇ ਨੇ ਵੀਹ ਦੇ ਕਰੀਬ ਬੰਦੇ ਇਕਠੇ ਕੀਤੇ ਤੇ ਇਕ ਦਿਨ ਮੌਕਾ ਵੇਖ ਕੇ ਸ਼ੀਹੇ ਮਸੰਦ ਨੇ ਗੁਰੂ ਜੀ ਦਾ ਨਿਸ਼ਾਨਾ ਬੰਨ ਕੇ ਗੋਲੀ ਚਲਾਈ ਤੇ ਹਮਲਾ ਕਰ ਦਿੱਤਾ ।ਗੋਲੀ ਲੱਗਣ ਗੁਰੂ ਜੀ ਜਖਮੀ ਵੀ ਹੋ ਗਏ ਸੀ। ਪਰ ਆਪ ਜੀ ਸ਼ਾਂਤ ਤੇ ਅਡੋਲ ਰਹੇ।
ਹਮਲਾ ਕਰਨ ਉਪਰੰਤ ਉਹ ਗੁਰੂ ਘਰ ਦਾ ਸਾਰਾ ਸਮਾਨ ਲੁਟ ਕੇ ਲੈ ਗਏ।
ਗੁਰੂ ਜੀ ਸ਼ਾਂਤ ਤੇ ਅਡੋਲ ਰਹੇ ਕਿਉਂਕਿ ਉਨ੍ਹਾਂ ਨੂੰ ਸੰਸਾਰਿਕ ਪਦਾਰਥਾਂ ਨਾਲ ਮੋਹ ਨਹੀ ਸੀ।
ਧੀਰਮੱਲ ਦੀ ਇਸ ਨੀਚ ਹਰਕਤ ਬਾਰੇ ਜਦੋਂ ਮੱਖਣ ਸ਼ਾਹ ਤੇ ਦੂਜੇ ਸਿਖਾਂ ਨੂੰ ਪਤਾ ਲੱਗਿਆ ਤਾਂ ਉਹ ਬੜੇ ਰੋਹ ਵਿਚ ਆਏ। ਉਨਾ ਮਸੰਦਾਂ ਤੇ ਧੀਰ ਮੱਲ ਨੂੰ ਸਬਕ ਸਿਖਾਉਣ ਲਈ ਉਨ੍ਹਾਂ ਤੇ ਹੱਲਾ ਬੋਲ ਦਿਤਾ।ਧੀਰ ਮੱਲ ਦਾ ਸਾਰਾ ਘਰ ਬਾਰ ਲੁੱਟ ਲਿਆ ਗਿਆ ਤੇ ਬੀੜ ਦੇ ਆਸਰੇ ਉਹ ਗੁਰੂ ਬਣੀ ਬੈਠਾ ਸੀ ,ਉਹ ਵੀ ਖੋਹ ਲਈ।
( ਚਲਦਾ )

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)