More Gurudwara Wiki  Posts
ਜਫ਼ਰ ਜੰਗ ਰਾਣੀ ਸਾਹਿਬ ਕੌਰ – ਜਾਣੋ ਇਤਿਹਾਸ


ਬੀਬੀ ਸਾਹਿਬ ਕੌਰ ਦਾ ਜਨਮ ਮਹਾਰਾਜਾ ਅਮਰ ਸਿੰਘ ਦੇ ਘਰ ਸੰਨ ੧੭੬੪ ਦੇ ਲਗਭਗ ਹੋਇਆ । ਮਹਾਰਾਜਾ ਸਾਹਿਬ ਸਿੰਘ ਦੀ ਵੱਡੀ ਭੈਣ ਸੀ । ਬਚਪਨ ਵਿਚ ਹੀ ਬੱੜੀ ਸੁੰਦਰ , ਸਿਹਤਮੰਦ , ਸਿਆਣੀ , ਸੋਚ ਵਿਚਾਰ ਵਿਚ ਤੇਜ , ਚਲਾਕ , ਨਿਰਭੈ ਤੇ ਧਾਰਮਿਕ ਸਿੱਖਿਆ ਨਾਲ ਸ਼ਸਤ੍ਰ ਅਸ ਚਲਾਉਣ ਤੇ ਰਾਜ ਪ੍ਰਬੰਧ ਦੇ ਕੰਮ ਵਿਚ ਦਿਲਚਸਪੀ ਲੈਣ ਲੱਗ ਪਈ । ਤੇਰਾਂ ਸਾਲ ਦੀ ਉਮਰ ਵਿਚ ਆਪ ਦੀ ਸ਼ਾਦੀ ਸ . ਜੈਮਲ ਸਿੰਘ ਰਈਸ ਫਤਹਿਗੜ੍ਹ ( ਅੰਮ੍ਰਿਤਸਰ ) ਨਾਲ ਕਰ ਦਿੱਤੀ । ਸ : ਅਮਰ ਸਿੰਘ ਬੜਾ ਸੂਰਬੀਰ ਤੇ ਨਿਡਰ ਸੀ । ਇਸ ਨੇ ਆਪਣੇ ਰਾਜ ਨੂੰ ਜਮਨਾ ਤੋਂ ਸਤਲੁਜ ਤੱਕ ਵਧਾ ਕੇ ਚੰਗਾ ਰਾਜ ਪ੍ਰਬੰਧ ਤੇ ਰਿਆਸਤ ‘ ਚ ਖੁਸ਼ਹਾਲੀ ਲਿਆਂਦੀ । ਆਪ ਨੇ ਇਕ ਵਾਰੀ ਜਰਵਾਨਿਆਂ ਪਾਸੋਂ ੨੦ , ੦੦੦ ਹਿੰਦੂ ਅਬਲਾਵਾਂ ਗੁਲਾਮ ਕਰ ਲਈ ਜਾਂਦਿਆਂ ਪਾਸੋਂ ਮੁਕਤ ਕਰਾ ਉਨਾਂ ਦੇ ਘਰੀ ਪੁਚਾਇਆ । ਆਪ ਦੀ ਇਸ ਨੇਕ ਤੇ ਮਹਾਨ ਕਾਰਨਾਮੇ ਨਾਲ ਬੜੀ ਇੱਜ਼ਤ ਤੇ ਪ੍ਰਸਿੱਧੀ ਵਧੀ ਆਪ ਨੂੰ ਬੰਦੀ ਛੋੜ ‘ ਦੀ ਪਦਵੀ ਦਿੱਤੀ ਗਈ । ਸ . ਅਮਰ ਸਿੰਘ ੩੩ ਸਾਲ ਦੀ ਜੁਆਨ ਅਵਸਥਾ ਵਿਚ ਚਲਾਣਾ ਕਰ ਗਿਆ । ਸਾਹਿਬ ਸਿੰਘ ਕੇਵਲ ੭ ਸਾਲ ਦਾ ਸੀ । ਬੀਬੀ ਸਾਹਿਬ ਕੌਰ ਦੇ ੨੭-੨੮ ਸਾਲ ਦੀ ਉਮਰ ਤੱਕ ਇਕ ਲੜਕੀ ਜਨਮੀ ਉਹ ਵੀ ਮਰ ਗਈ । ਫਿਰ ਕੋਈ ਔਲਾਦ ਨਾ ਹੋਣ ਕਰਕੇ ਬੀਬੀ ਸਾਹਿਬ ਕੌਰ ਨੇ ਆਪਣੇ ਪਤੀ ਜੈਮਲ ਸਿੰਘ ਦਾ ਦੂਜਾ ਵਿਆਹ ਆਪਣੀ ਹੱਥੀਂ ਕੀਤਾ । ਸ ਜੈਮਲ ਸਿੰਘ ਦੇ ਦੂਜੇ ਵਿਆਹ ਤੋਂ ਇਕ ਲੜਕੀ ਚੰਦ ਕੌਰ ਨਾਮੀ ਹੋਈ ਜਿਸ ਦਾ ਵਿਆਹ ਮਹਾਰਾਜੇ ਰਣਜੀਤ ਸਿੰਘ ਦੇ ਲੜਕੇ ਸ਼ਾਹਜ਼ਾਦਾ ਖੜਕ ਸਿੰਘ ਨਾਲ ਕੀਤਾ । ਇਸ ਕਰਕੇ ਇਹ ਆਪਣੇ ਪਤੀ ਦੀ ਆਗਿਆ ਅਨੁਸਾਰ ਭਾਵੇਂ ਪਟਿਆਲੇ ਰਹਿੰਦੀ ਭਾਵੇਂ ਸੌਹਰਾ ਘਰ । ਪਿਤਾ ਦੇ ਸੁਰਗਵਾਸ ਹੋਣ ਉਪਰੰਤ ਆਲਾ ਦੁਆਲਾ ਸਾਰਾ ਵੈਰੀ ਬਣ ਗਿਆ । ਉਸ ਵੇਲੇ ਜਿਸ ਦੀ ਲਾਠੀ ਉਸ ਦੀ ਭੈਸ ਦਾ ਰਿਵਾਜ਼ ਸੀ।ਧੀਗੋਜੋਰੀ ਦਾ ਰਿਵਾਜ਼ ਤਗੜਾ ਮਾੜੇ ਦਾ ਰਾਜ ਹੜਪ ਕਰ ਜਾਂਦਾ ਸੀ । ਵਜ਼ੀਰ ਵੀ ਲਾਲਚ ਵਿਚ ਆ ਧੋਹ ਕਮਾ ਜਾਂਦੇ ਸਨ । ਇਸ ਤਰ੍ਹਾਂ ਇਨ੍ਹਾਂ ਦਾ ਵਜ਼ੀਰ ਨਾਨੂੰ ਮੱਲ ਵੀ ਧਰੋਹੀ ਹੋ ਗਿਆ । ਇਸ ਨੇ ਆਪਣੇ ਰਿਸ਼ਤੇਦਾਰ ਵੀ ਰੱਖੇ ਹੋਏ ਸਨ ਜਿਨਾਂ ਨੂੰ ਚੰਗੇ ਅਹੁਦੇ ਦਿੱਤੇ ਹੋਏ ਸਨ । ਇਹ ਸਾਰੇ ਇਕ ਮਿਥੀ ਚਾਲ ਅਨੁਸਾਰ ਰਾਜ ਨੂੰ ਮਰਹੱਟਿਆਂ ਦੇ ਤਹਿਤ ਕਰਨਾ ਚਾਹੁੰਦੇ ਸਨ । ਜਾ ਕੇ ਮਰਹੱਟਿਆਂ ਨੂੰ ਦੱਸਿਆ ਕਿ ਹੁਣ ਪਟਿਆਲੇ ਰਾਜ ਵਿਚ ਕੋਈ ਯੋਗ ਤੇ ਸਿਆਣਾ ਪੁਰਸ਼ ਨਹੀਂ ਹੈ । ਰਾਜਾ ਆਪ ਅਜੇ ਅਲੜ ਹੈ ਰਾਜ ਪ੍ਰਬੰਧ ਦੇ ਤਜ਼ਰਬੇ ਤੋਂ ਨਾਵਾਕਿਫ ਤੇ ਕੋਰਾ ਹੈ । ਇਸ ਨੂੰ ਸਰ ਕਰਨਾ ਬਹੁਤ ਸਹਿਲ ਹੈ । ਇਹੋ ਜਿਹੀਆਂ ਗੱਲਾਂ ਜਾ ਕੇ ਕਰਦਾ ਤਾਂ ਇਸ ਨਾਨੂੰ ਮੱਲ ਤੇ ਇਸ ਦੇ ਸਾਥੀਆਂ ਨੂੰ ਰਾਜ ਦਰਬਾਰ ਵਿਚੋਂ ਕੱਢ ਦਿੱਤਾ ਤਾਂ ਇਹ ਸਿੱਧੇ ਮਰਹੱਟਿਆਂ ਨਾਲ ਜਾ ਰਲੇ । ਕਵੀ ਲਿਖਦਾ ਹੈ : ਵੀਰਾਂ ਦਾ ਦੁਖ ਭੈਣ ਤੋਂ ਮੂਲ ਨਾ ਵੇਖਿਆ ਜਾਏ । ਤਨ , ਧਨ , ਦੀ ਸੁਧ ਨਾ ਹੇ ਮਨ ਨਹੀ ਧੀਰ ਧਰਾਏ ਬੀਬੀ ਸਾਹਿਬ ਕੌਰ ਨੇ ਆਪਣੇ ਛੋਟੇ ਵੀਰ ਦੇ ਰਾਜ ਕਾਜ ਦੀ ਬਿਖੜੀ ਤੇ ਭੈੜੀ ਹਾਲਤ ਵੇਖ ਆਪਣੇ ਪਤੀ ਪਾਸੋਂ ਆਗਿਆ ਪਾ ਕੇ ਪਟਿਆਲੇ ਆ ਡੇਰਾ ਲਾਇਆ । ਬੀਬੀ ਜੀ ਨੇ ਆਉਂਦਿਆਂ ਇਕ ਆਮ ਦਰਬਾਰ ਕਰਨ ਲਈ ਹੁਕਮ ਦਿੱਤਾ ਜਿਸ ਵਿਚ ਰਿਆਸਤ ਦੇ ਵਜ਼ੀਰ , ਰਈਸ , ਤੇ ਸ਼ੁਭ ਚਿੰਤਕ ਸੱਦੇ ਗਏ । ਬੀਬੀ ਭਰੇ ਦਰਬਾਰ ਵਿਚ ਉਠ ਇਉਂ ਸੰਬੋਧਨ ਕੀਤਾ , ‘ ਵੀਰੋ । ਤੁਸੀਂ ਆਸੇ ਪਾਸੇ ਵੇਖੋ ਤੁਹਾਨੂੰ ਪਤਾ ਲੱਗ ਜਾਏਗਾ ਕਿ ਨਾਨੂੰ ਮੱਲ ਦੀ ਵਜ਼ੀਰੀ ਦੇ ਦਿਨ ਤੋਂ ਰਿਆਸਤ ਅਧੋਗਤੀ ਵਲ ਗਈ । ਵੱਢੀਆਂ ਦਾ ਜ਼ੋਰ , ਪੱਖਪਾਤ , ਰਿਸ਼ਤੇਦਾਰੀ ਦਾ ਖਿਆਲ ਜ਼ਮੀਨਾਂ ਦਾ ਮਾਮਲਾ ਰਿਆਸਤ ਦੇ ਖਰਚੇ ਪੂਰੇ ਨਹੀਂ ਕਰਦਾ । ਪਰਜਾ ਲੁੱਟੀ ਜਾ ਰਹੀ ਹੈ । ਇਕ ਪਾਸੇ ਮਰਹੱਟੇ , ਦੂਜੇ ਪਾਸੇ ਭੱਟੀ , ਤੀਜੇ ਪਾਸੇ ਰਾਜਪੂਤ , ਚੌਥੇ ਪਾਸੇ ਰਿਆਸਤ ਦੇ ਨਿਕੰਮੇ , ਹਰਾਮੀ , ਕਰਮਚਾਰੀ । ‘ ‘ ਵੀਰੋ ! ਭਾਵੇਂ ਹਾਲਾਤ ਭਿਆਨਕ ਹਨ ਫਿਰ ਵੀ ਵਜ਼ੀਰੀ ਦਾ ਕੰਮ ਗੁਰੂ ਜੀ ਦੇ ਭਰੋਸੇ ਤੇ ਤੁਹਾਡੇ ਵਲੋਂ ਸਹਾਇਤਾ ਦੇ ਵਿਸ਼ਵਾਸ ਸਦਕਾ ਆਪਣੇ ਹੱਥ ਵਿਚ ਲੈ ਲਿਆ ਹੈ । ਜੇ ਤੁਸੀਂ ਸਾਰੇ । ਗੁਰੂ ਦੇ ਸਿੱਖ ਇਕ ਦਿਲ ਤੇ ਇਕ ਜ਼ਬਾਨ ਹੋ ਕੇ ਸਾਂਝੇ ਕਾਰਜ ਲਈ ਕੁਰਬਾਨੀ ਕਰਕੇ ਰਿਆਸਤ ਦੀ ਭਲਾਈ ਦਾ ਪ੍ਰਨ ਕਰ ਲਓ ਤਾਂ ਇਸ ਨਾਲ ਆਪਣੇ ਆਪ ਨੂੰ ਹੀ ਸ਼ਰਮਿੰਦਗੀ ਤੇ ਤਬਾਹੀ ਤੋਂ ਨਹੀਂ ਬਚਾਉਣਗੇ ਸਗੋਂ ਰਿਆਸਤ ਪਟਿਆਲੇ ‘ ਜਿਸ ਨੂੰ ਗੁਰੂ ਜੀ ਨੇ ਤੇਰਾ ਘਰ ਮੇਰਾ ਐਸੇ ‘ ਦਾ ਵਰਦਾਨ ਦਿੱਤਾ ਹੋਇਆ ਹੈ , ਦੀ ਸ਼ਾਨ ਨੂੰ ਵਧਾਉਗੇ । ਬੀਬੀ ਜੀ ਦੇ ਸਾਹਸ ਨੇ ਸਾਰੇ ਸਰਦਾਰਾਂ ਤੇ ਸ਼ੁਭਚਿੰਤਕ ਆਪਣਾ ਮਨ , ਤਨ ਧਨ ਰਿਆਸਤ ਤੋਂ ਵਾਰਨ ਦਾ ਬਚਨ ਦਿੱਤਾ । ਹੁਣ ਬੀਬੀ ਜੀ ਨੇ ਸਭ ਤੋਂ ਪਹਿਲਾਂ ਰਿਆਸਤ ਦਾ ਅੰਦਰੂਨੀ ਪ੍ਰਬੰਧ ਸੁਧਾਰਨ ਵੱਲ ਧਿਆਨ ਦੇ ਸ੍ਰ ਭਾਗ ਸਿੰਘ ਨੂੰ ਸਲਾਹਕਾਰ ਬਣਾਇਆ । ਨਾਨੂੰ ਮੱਲ ਦੀ ਨਮਕ ਹਰਾਮੀ ਦੀ ਪ੍ਰਵਾਹ ਨਾ ਕਰਦਿਆਂ ਉਸ ਦੇ ਭਤੀਜੇ ਦੀਵਾਨ ਸਿੰਘ ਨੂੰ ਦੀਵਾਨ ਬਣਾਇਆ । ਇਸ ਨੇ ਪਹਿਲੀਆਂ ਭੈੜੀਆਂ ਵਾਦੀਆਂ ਨਾ ਛੱੜੀਆਂ । ਫਿਰ ਇਸ ਦੀ ਥਾਂ ਗੁਰਦਿਆਲ ਸਿੰਘ ਦੀਵਾਨ ਬਣਾਇਆ । ਇਸ ਤਰ੍ਹਾਂ ਹੋਰ ਵੀ ਤਬਦੀਲੀਆਂ ਕਰ ਰਾਜ ਪ੍ਰਬੰਧ ਠੀਕ ਕੀਤਾ ਤੇ ਆਪਣੀ ਸਿਆਣਪ ਤੇ ਦੂਰ ਅੰਦੇਸ਼ੀ ਨਾਲ ਰਿਆਸਤ ਵਿਚ ਤਾਂ ਅਮਨ ਲੈ ਆਂਦਾ । ਇਨ੍ਹਾਂ ਦਿਨਾਂ ਵਿਚ ਇਕ ਸੂਚਨਾ ਮਿਲੀ ਕਿ ਰਾਣੀ ਸਾਹਿਬ ਕੌਰ ਦੇ ਪਤੀ , ਜੈਮਲ ਸਿੰਘ ਨੂੰ ਉਸ ਦੇ ਚਚੇਰੇ ਭਰਾ ਕੈਦ ਵਿਚ ਪਾ ਉਸ ਦੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦਾ ਹੈ । ਇਹ ਸੂਚਨਾ ਸੁਣ ਰਾਣੀ ਬੜੀ ਕ੍ਰੋਧ ਵਿਚ ਆਈ ਤੋਂ ਆਪਣੇ ਪਤੀ ਨੂੰ ਫਤਹਿ ਸਿੰਘ ਦੀ ਕੈਦ ਚੋਂ ਛੁਡਾਉਣ ਲਈ ਸ . ਜੋਧ ਸਿੰਘ ਨੂੰ ਨਾਲ ਲੈ ਗੜੀ ਫੌਜ ਨਾਲ ਉਥੇ , ਚੜਾਈ ਕਰ ਦਿੱਤੀ । ਕੁਝ ਦਿਨਾਂ ਵਿਚ ਜਿੱਤ ਪ੍ਰਾਪਤ ਕਰਕੇ ਆਪਣੇ ਪਤੀ ਨੂੰ ਛੁਡਾ ਕੇ ਸਾਰਾ ਨਵੇਂ ਸਿਰਿਓ ਪ੍ਰਬੰਧ ਕਰਕੇ ਵਾਪਸ ਆਈ । ਸਾਹਿਬ ਕੌਰ ਦਾ ਮਰਹੱਟਿਆਂ ਨਾਲ ਯੁੱਧ : ਸੰਨ ੧੭੬੬ ਈ : ਵਿਚ ਲਛਮੀ ਰਾਓ ਅੰਦਾ ਰਾਓ ਨੇ ਦਿੱਲੀ ਵਲੋਂ ਪੰਜਾਬ ਵੱਲ ਚੜਾਈ ਕਰ ਦਿੱਤੀ । ਰਾਹ ਵਿਚ ਸਾਰੇ ਛੋਟੇ ਮੋਟੇ ਰਈਸਾਂ ਨੇ ਉਸ ਦੀ ਸਵਾਧੀਨਤਾ ਕਬੂਲ ਕਰ ਲਈ । ਇਥੋਂ ਤੱਕ ਕਿ ਜੀਂਦ ਤੇ ਕੈਥਲ ਦੇ ਰਾਜੇ ਵੀ ਹੱਥ ਖੜ੍ਹੇ ਕਰ ਗਏ । ਕਿਉਂ ਕਿ ਮਰਹੱਟਿਆਂ ਦੀ ਸੈਨਾ ਵੀ ਲੱਖਾਂ ਵਿਚ ਸੀ । ਉਸ ਨੂੰ ਨਾਨੂੰ ਮੱਲ ਹੋਰਾਂ ਸਭ ਕੁਝ ਦੱਸ ਦਿੱਤਾ ਕਿ ਰਾਜਾ ਅਜੇ ਅਲੜ ਹੈ ਅਧੀਨਗੀ ਮੰਨ ਲਵੇਗਾ । ਨਾਲੇ ਪਟਿਆਲੇ ਦੇ ਰਾਜੇ ਨੂੰ ਨਜ਼ਰਾਨਾ ਭੇਟ ਕਰਨ ਲਈ ਇਉਂ ਇਕ ਚਿੱਠੀ ਲਿਖ ਕੇ ਭੇਜੀ : ਹੈ ਸ਼ੀਰਖੋਰੂ ਰਾਜੇ ! ਤੁਹਾਨੂੰ ਪਤਾ ਹੀ ਹੈ ਕਿ ਤੁਹਾਡੇ ਆਲੇ ਦੁਆਲੇ ਤੁਹਾਡੇ ਮਿੱਤਰ ਨਹੀਂ ਹਨ । ਅਸੀਂ ਚਾਹੁੰਦੇ ਹਾਂ ਤੁਸੀਂ ਸਾਡੀ ਅਧੀਨਗੀ ਮੰਨ ਲਓ । ਅਸੀਂ ਤੁਹਾਡੀ ਹਰ ਤਰ੍ਹਾਂ ਰੱਖਿਆ ਆਦਿ ਲਈ ਸਹਾਇਤਾ ਕਰਾਂਗੇ । ਜੀਂਦ ਤੇ ਕੈਥਲ ਦੇ ਰਾਜਿਆਂ ਸਾਡੀ ਸਰਦਾਰੀ ਕਬੂਲ ਕਰ ਲਈ ਹੈ । ਤੁਸੀਂ ਵੀ ਏਨਾ ਖੂਨ ਖਰਾਬਾ ਕਰਾਉਣ ਤੋਂ ਪਟਿਆਲੇ ਦੀ ਧਰਤੀ ਨੂੰ ਬਚਾ ਲਓ । ਤੇ ਜੁਆਨਾਂ ਦਾ ਘਾਣ ਹੋਣ ਤੋਂ ਬਿਨਾਂ ਹਥਿਆਰ ਸੁੱਟ ਦਿਓ । ਸਾਡੀ ਲੱਖਾਂ ਦੀ ਗਿਣਤੀ ਦੀ ਫੌਜ ਅੱਗੇ ਤੇਰੀ ਫੌਜ ਦਾ ਟਿਕਣਾ ਅਸੰਭਵ ਹੈ । ਰਾਣੀ ਸਾਹਿਬ ਕੌਰ ਨੂੰ ਇਹ ਚਿੱਠੀ ਮਿਲੀ ਦਿਲ ਨਹੀਂ ਛੱਡਿਆ ਹੌਸਲਾ ਨਹੀਂ ਹਾਰਿਆ । ਆਪ ਦੀ ਸਿਆਣਪ , ਦੂਰ ਅੰਦੇਸ਼ੀ , ਦਲੇਰੀ ਤੇ ਜੁਰਅਤ ਦਾ ਕੋਈ ਸਾਨੀ ਨਹੀਂ ਸੀ । ਬੈਰਗਾ ਸਿੰਘ ਥਾਨੇਸਰ ਬੀਰ ਸਿੰਘ , ਦੀਪ ਸਿੰਘ ਭਦੌੜੀ ਏਹ ਭਰਾ , ਭਾਗ ਸਿੰਘ ਯੋਭਾ , ਜੋਧ ਸਿੰਘ ਕਲਗੀਆਂ , ਆਦਿ ਸਰਦਾਰ ਇਕੱਠੇ ਕਰ ਪਹਿਲਾਂ ਅੰਬਾਲੇ ਵੱਲ ਕੂਚ ਕੀਤਾ । ਅੰਬਾਲੇ ਤੋਂ ਪਹਿਲਾਂ ਮਰਹੱਟਿਆਂ ਦਾ ਟਿੱਡੀ ਦਲ ਦਿਸ ਪਿਆ ਸਭ ਤੋਂ ਪਹਿਲਾਂ ਉਪ੍ਰੋਕਤ ਚਿੱਠੀ ਦਾ ਉਤਰ ਲਿਖ ਕੇ ਭੇਜਿਆ ਇਹੋ ਜਿਹਾ ਉਤਰ ਕੋਈ ਬਹਾਦਰ , ਦਲੇਰ ਤੇ ਨਿਰਭੈ ਜਰਨੈਲ ਹੀ ਦੇ ਸਕਦਾ ਹੈ । ਬਹਾਦਰ ਮਰਹੱਟੇ ਵੀਰੇ ! ਮੈਨੂੰ ਪਤਾ ਹੈ ਕਿ ਤੁਹਾਨੂੰ ਤੁਹਾਡੇ ਲੱਖਾਂ ਦੀ ਆਧੁਨਿਕ ਫੌਜ ਤੇ ਗੋਲਾ ਬਾਰੂਦ ਤੇ ਮਾਨ ਹੈ । ਇਧਰ ਅਸੀਂ ਕਲਗੀਆਂ ਵਾਲੇ ਦੇ ਪੁੱਤਰ ਹਾਂ । ਪਹਿਲਾਂ ਕਦੇ ਕਿਸੇ ਤੇ ਹਮਲਾ ਕੀਤਾ ਨਹੀਂ ਹੈ । ਪਰ ਜ਼ਾਲਮਾਂ ਦੇ ਹਮਲਿਆਂ ਦੇ ਵਿਰੁੱਧ ਡੱਟ ਜਾਂਦੇ ਹਾਂ । ਅਜੇ ਕੱਲ ਮੇਰੇ ਪਿਤਾ ਮਹਾਰਾਜਾ ਅਮਰ ਸਿੰਘ ਜੀ ਨੇ ਤੁਹਾਡੀਆਂ ਬਹੂ ਬੇਟੀਆਂ ਤੇ ਸਰਦਾਰਾਂ ਨੂੰ ਜਰਵਾਨਿਆਂ ਤੋਂ ਬਚਾਇਆ ਹੈ । ਤੇ ਤੁਹਾਡੀ ਘਰੀਂ ਭੇਜਿਆ ਹੈ । ਅਕ੍ਰਿਤਘਣੇ ਉਦੋਂ...

ਤੁਸੀਂ ਕਿਥੇ ਗਏ ਹੋਏ ਸੋ ? ਉਸ ਸ਼ੇਰ ਦੀ ਸ਼ਹਿਣੀ ਪੁੱਤਰੀ ਨੂੰ ਵੰਗਾਰਦੇ ਹੋ । ਮੈਂ ਵਗਾਂ ਨਹੀਂ ਪਾਉਂਦੀ । ਆਓ ਹਮਲਾ ਕਰੋ ਮੈਂ ਸੱਦਾ ਦੇਂਦੀ ਹਾਂ ਨਿਰਭੈ ਹੋ ਕੇ ਕਹਿੰਦੇ ਹਾਂ ਕਿ ਪੰਜਾਬ ਦੇ ਸੂਰਬੀਰ ਅਣਖੀਲੇ ਯੋਧੇ ਆਪਣੇ ਪੰਜਾਬ ਦੀ ਧਰਤੀ ਦੀ ਰਾਖੀ ਲਈ ਡੱਟ ਗਏ ਹਨ । ਦਸਮੇਸ਼ ਪਿਤਾ ਦੇ ਪੁੱਤਰ ਹਾਰਨਾ ਨਹੀਂ ਜਾਣਦਾ ਇਨਾਂ ਲਈ ਦੋ ਹੀ ਰਾਹ ਹਨ ਜਾਂ ਜਿੱਤ ਜਾਂ ਫਿਰ ਮੌਤ । ਇਹ ਮੈਦਾਨੇ ਜੰਗ ਹੀ ਦੱਸੇਗਾ । ‘ ‘ ਇਹ ਚਿੱਠੀ ਲਿਖ ਕੇ ਭਿਜਵਾ ਦਿੱਤੀ ਗਈ । ਰਾਣੀ ਨੇ ਮਰਦਾਵਾਂ ਸਦ ਲਿਬਾਸ ਪਹਿਨ ਘੋੜੇ ਤੇ ਅਸਵਾਰ ਹੋ ਕੇ ਨੰਗੀ ਤਲਵਾਰ ਹੱਥ ਵਿਚ ਲੈ ਕੇ ਹਵਾ ਵਿਚ ਲਹਿਰਾਉਂਦੇ ਆਪਣੇ ਜੁਆਨਾਂ ਨੂੰ ਇਵੇਂ ਲਲਕਾਰਿਆ “ ਮੇਰੇ ਬਹਾਦਰ ਤੇ ਸੂਰਬੀਰ ਅਣਖੀਲੇ ਵੀਰੇ । ਬਹਾਦਰ ਦਾ ਕੰਮ ਹੈ ਯੁੱਧ ਵਿਚ ਜੂਝਣਾ ਲੜਾਈ ਵੇਖ ਕੇ ਚਾਅ ਚੜ੍ਹਨਾ , ਮੈਨੂੰ ਪਤਾ ਹੈ ਤੁਸੀਂ ਦਸਮੇਸ਼ ਪਿਤਾ ਦੇ ਸਪੂਤ ਹੈ । ਕੀ ਤੁਹਾਡੀ ਅਣਖ ਤੇ ਸੂਰਮਤਾਈ ਇਸ ਗੱਲ ਦੀ ਆਗਿਆ ਦੇਵੇਗੀ ਕਿ ਤੁਹਾਡੀ ਭੈਣ ਵੈਰੀਆਂ ਦੇ ਹੱਥ ਆ ਜਾਵੇ ਤੇ ਤੁਸੀਂ ਆਪਣੀਆਂ ਜਾਨਾਂ ਪਿਆਰੀਆਂ ਕਰਕੇ ਘਰੀਂ ਜਾ ਵੜੋ । ਜੇ ਤੁਹਾਡੀ ਇਹ ਮਰਜੀ ਹੈ ਤਾਂ ਜੀ ਸਦਕੇ ਜਾਓ । ਪਰ ਮੇਰੇ ਵਿਚ ਜਿਨ੍ਹਾਂ ਚਿਰ ਪਰਾਨ ਹਨ ਪਿਛੇ ਨਹੀਂ ਹਟਾਂਗੀ । ਧਰਮ ਖਾਤਰ ਸ਼ਹੀਦੀ ਜਾਮ ਪੀ ਕੇ ਕਲਗੀਆਂ ਵਾਲੇ ਦੇ ਚਰਨ ਪਕੜਾਂਗੀ । ‘ ‘ ਬੀਬੀ ਜੀ ਦੇ ਇਹ ਜੋਸ਼ੀਲੇ ਸ਼ਬਦ ਸੁਣ ਸਿੱਖ ਭੁੱਖੇ ਬਾਜ਼ਾਂ ਵਾਂਗ ਚਿੜੀਆਂ ਤੇ ਝਪਟ ਪਏ । ਉਪਰੋਂ ਤੋਪਾਂ ਦੇ ਗੋਲੇ ਡਿੱਗ ਰਹੇ ਹਨ ਹਜ਼ਾਰਾਂ ਸਿੱਖ ਤੋਪਾਂ ਦੀ ਭੇਟ ਚੜ੍ਹ ਗਏ ਹਨ । ਉਧਰ ਲੱਖਾਂ ਦੀ ਗਿਣਤੀ ਇਧਰ ਸੈਂਕੜਿਆਂ ਦੀ ਰਾਣੀ ਨੇ ਸਾਰੇ ਸਰਦਾਰਾਂ ਨੂੰ ਵਿਉਂਤਬੱਧ ਯੋਜਨਾ ਨਾਲ ਹਮਲਾ ਕਰਾਇਆ । ਜਿਵੇਂ ਭੁੱਖਾ ਸ਼ੇਰ ਭੇਡਾਂ ਦੇ ਵਾੜੇ ਵਿਚ ਵੜ ਕੇ ਤੜਥੱਲੀ ਮਚਾਉਂਦੇ ਹਨ । ਸਿੱਖਾਂ ਨੇ ਮਰਹੱਟਿਆਂ ਵਿੱਚ ਭਾਜੜਾਂ ਪਾ ਦਿੱਤੀਆਂ । ਆਪ ਘੋੜੇ ਤੇ ਚੜ੍ਹ ਵੈਰੀ ਨਾਲ ਲੋਹਾ ਲੈਂਦੀ ਲਹੂ ਨਾਲ ਭਿੱਜੀ ਤਲਵਾਰ ਹਵਾ ਵਿਚ ਲਹਿਰਾ ਕੇ ਹੱਲਾਸ਼ੇਰੀ ਦੇ ਰਹੀ ਹੈ । ਸਿੱਖ ਕਣਕ ਦੀ ਵਾਢੀ ਵਾਂਗ ਵੈਰੀ ਦੀਆਂ ਸਫਾ ਵਿਛਾਈ ਜਾਂਦੇ ਹਨ । ਲੋਹੇ ਨਾਲ ਲੋਹਾ ਖੜਕ ਰਿਹਾ । ਮਰਹੱਟਿਆਂ ਦਾ ਅੱਜ ਸੂਰਮਿਆਂ ਨਾਲ ਵਾਹ ਪਿਆ ਹੈ ਨਾਨੀ ਚੇਤੇ ਆਂ ਗਈ ਹੈ । ਦੋਹਾਂ ਧਿਰਾਂ ਦੇ ਖੂਨ ਨੇ ਧਰਤੀ ਤੇ ਸੂਹੇ ਲਾਲ ਰੰਗ ਦੀ ਚਾਦਰ ਵਿਛਾ ਦਿੱਤੀ ਹੈ । ਨੁਕਸਾਨ ਮਰਹੱਟਿਆਂ ਦਾ ਵੀ ਬਹੁਤ ਹੋਇਆ ਹੈ । ਪਰ ਫੌਜ ਕਈ ਗੁਣਾਂ ਹੋਣ ਕਰਕੇ ਉਸ ਦਾ ਪਲੜਾ ਭਾਰੀ ਰਿਹਾ । ਹੁਣ ਮਰਹੱਟੇ ਪਟਿਆਲੇ ਵਿਚ ਦਾਖਲ ਹੋਣ ਦੇ ਸੁਪਣੇ ਲੈਣ ਲੱਗੇ । ਉਪਰੋਂ ਸੂਰਜ ਵੀ ਏਨਾ ਖੂਨ ਵੇਖ ਸ਼ਰਮਾ ਕੇ ਲੁਕ ਗਿਆ ਹੈ ਰਾਤ ਪੈ ਗਈ ਹੈ । ਦੋਹਾਂ ਪਸਿਆਂ ਸੁਖ ਦਾ ਸਾਹ ਲਿਆ । ਮਰਹੱਟੇ ਜਿੱਤ ਦੀ ਖੁਸ਼ੀ ਵਿਚ ਸਾਰੀ ਰਾਤ ਗਾਉਂਦੇ ਵਜਾਉਦੇ ਰਹੇ ਨੱਚ ਟੱਪ ਘੂਕ ਸੌਂ ਗਏ ॥ ਹੁਣ ਰਾਣੀ ਸਾਹਿਬ ਕੌਰ ਨੇ ਆਪਣੇ ਮੁਖੀ ਸਰਦਾਰਾਂ ਨੂੰ ਇਕੱਠਾ ਕਰ ਦਿਨ ਵਾਲੀ ਲੜਾਈ ਦਾ ਲੇਖਾ ਜੋਖਾ ਕੀਤਾ । ਸਾਰੇ ਸਿੱਖਾਂ ਦਾ ਏਨਾ ਨੁਕਸਾਨ ਹੋਇਆ ਵੇਖ ਘਾਬਰ ਜਿਹੇ ਗਏ ਹਨ । ਪਰ ਰਾਣੀ ਆਖਰੀ ਦਮਾਂ ਤੱਕ ਲੜਨ ਲਈ ਤਿਆਰ ਸੀ । ਸਰਦਾਰਾਂ ਲੱਖਾਂ ਦੀ ਗਿਣਤੀ ਨਾਲ ਟਾਕਰਾ ਲੈਣ ਦੀ ਥਾਂ ਰਾਤੋਂ ਰਾਤ ਪਿਛੋਂ ਪਟਿਆਲੇ ਪਰਤ ਜਾਣ ਦੀ ਰਾਣੀ ਨੂੰ ਸਲਾਹ ਦਿੱਤੀ । ਉਹ ਜਾਣਦੀ ਸੀ ਕਿ ਇਨ੍ਹਾਂ ਦੀ ਘਬਰਾਹਟ ਜਾਇਜ਼ ਸੀ । ਬਹਾਦਰ ਤੇ ਦਲੇਰ ਪਿਓ ਰਾਜਾ ਅਮਰ ਸਿੰਘ ਦਾ ਖੂਨ ਇਸ ਦੀਆਂ ਰਗਾਂ ਵਿਚ ਖੋਲ ਰਿਹਾ ਸੀ । ਸਾਰੀ ਫੌਜ ਤੇ ਮੁਖੀ ਸਰਦਾਰਾਂ ਨੂੰ ਇਕੱਤਰ ਕਰ ਇਓ ਸੰਬੋਧਨ ਕਰਨ ਲੱਗੇ , “ ਸੂਰਮੇ ਵੀਰੋ ! ਮੈਦਾਨੇ ਜੰਗ ਵਿਚ ਹਰ ਪਾਸੇ ਤੁਹਾਡੇ ਵੀਰਾਂ ਦੀ ਲੋਥਾਂ ਹੀ ਲੋਥਾਂ ਦਿਸ ਰਹੀਆਂ ਹਨ । ਇਨਾਂ ਸੂਰਮਿਆਂ ਨੇ ਆਪਣੀ ਅਣਖ ਤੇ ਇੱਜ਼ਤ ਲਈ ਜਾਨਾਂ ਵਾਰੀਆਂ ਹਨ । ਕੀ ਇਨਾਂ ਨੂੰ ਇਸੇ ਤਰ੍ਹਾਂ ਕਾਵਾਂ ਕੁੱਤਿਆਂ ਲਈ ਛੱਡ ਤੁਸੀਂ ਆਪਣੀਆਂ ਜਾਨਾਂ ਪਿਆਰੀਆਂ ਕਰ ਨੱਸਣਾ ਚਾਹੁੰਦੇ ਹੋ । “ ਵੀਰੇ ! ਤੁਸੀਂ ਬੜੀ ਅਣਖ ਨਾਲ ਡੱਟ ਕੇ ਲੜੇ ਹੋ ! ਆਪਣੀ ਆਣ ਨੂੰ ਵੱਟਾ ਨਹੀਂ ਲੱਗਣ ਦਿੱਤਾ । ਤੁਹਾਡੀ ਸੂਰਮਤਾ ਦੇ ਕਾਰਨਾਮੇਂ ਸੰਸਾਰ ਪ੍ਰਸਿੱਧ ਹਨ । ਤੁਹਾਡੇ ਬਾਜ਼ਾਂ ਵਾਲੇ ਪਿਤਾ ਨੇ ਚਾਲੀ ਸਿੱਖਾਂ ਨਾਲ ਦਸ ਲੱਖ ਦਾ ਟਾਕਰਾ ਕੀਤਾ ਸੀ । ਅੱਜ ਜੇ ਅਸਾਂ ਦੁਸ਼ਮਣ ਨੂੰ ਪਿੱਠ ਵਿਖਾਈ ਤਾਂ ਆਣ ਵਾਲੀ ਪੀੜੀ ਸਾਨੂੰ ਲਾਹਣਤਾਂ ਪਾਵੇਗੀ । ਮਰਹੱਟੇ ਜਿੱਤ ਦੇ ਨਸ਼ੇ ਵਿਚ ਘੂਕ ਸੁੱਤੇ ਪਏ ਹਨ । ਪੰਜਾਬ ਦੇ ਸ਼ੇਰੋ ! ਅੱਜ ਭੇਡਾਂ ਦੇ ਵਾੜੇ ਵਿਚ ਵੜ ਕੇ ਇਨ੍ਹਾਂ ਦਿੱਲੀ ਦਾ ਰਾਹ ਭੁਲਾ ਦਿਓ । ਅੱਜ ਜੇ ਅਸੀਂ ਅਵੇਸਲੇ ਹੋ ਗਏ ਤਾਂ ਕਲ ਨੂੰ ਤੁਹਾਡੇ ਪਟਿਆਲੇ ਦੀ ਧਰਤੀ ਨਹੀਂ ਸਾਰੇ ਪੰਜਾਬ ਦੀ ਧਰਤੀ ਤੁਹਾਡੇ ਪੈਰਾਂ ਹੇਠੋਂ ਨਿਕਲ ਮਰਹੱਟਿਆਂ ਦੇ ਪੈਰਾਂ ਹੇਠ ਹੋਵੇਗੀ । ਸੋ ਸੂਰਮਿਓ ! ਬਲ ‘ ਤੇ ਹੌਸਲਾ ਧਾਰੋ । ਅਕਾਲ ਪੁਰਖ ਦਾ ਨਾਂ ਲੈ ਆਪਣੀਆਂ ਭਗਾਉਤੀਆਂ ਸੂਤ ਕੇ ਵੈਰੀ ਦੇ ਟਿੱਡੀ ਦਲ ਤੇ ਟੁੱਟ ਪਉ।ਜਿੱਤ ਬਾਜਾਂ ਵਾਲੇ ਦੀ ਹੋਵੇਗੀ । ‘ ‘ ਸਿੰਘਾਂ ਦੇ ਜੰਮੇ ਠੰਢੇ ਲਹੂ ਨੂੰ ਇਨ੍ਹਾਂ ਸ਼ਬਦਾਂ ਨੇ ਉਬਾਲਾ ਦਿੱਤਾ । ਰਾਣੀ ਚੰਡੀ ਬਣ ਨੰਗੀ ਤਲਵਾਰ ਫੜ ਅੱਗੇ ਲੱਗ ਤੁਰੀ । ਪਿਛੇ ਹੀ ਸਿੱਖਾਂ ਨੇ ਵਹੀਰਾਂ ਘੱਤ ਲਈਆਂ । ਅੱਧੀ ਰਾਤ ਦਾ ਸਮਾਂ ਨਗਾਰੇ ਤੋਂ ਚੋਟ ਮਾਰੀ ਗਈ ਲੜਾਈ ਦਾ ਮੈਦਾਨ ਰਾਤ ਗੂੰਜ ਉਠਿਆ , ਉਧਰ ਸਿੰਘ ਬੋਲੇ ਸੌ ਨਿਹਾਲ ਦੇ ਜੈਕਾਰਿਆਂ ਨੇ ਬਦਲ ਦੀ ਗਰਜ ਵਰਗੀ ਧੁਨੀ ਪੈਦਾ ਕੀਤੀ । ਤਲਵਾਰਾਂ ਬਿਜਲੀ ਵਾਂਗ ਚਮਕੀਆਂ , ਸਾਹਿਬ ਕੌਰ ਦੀ ਫੌਜ ਪਾਣੀ ਤੇ ਹੜ ਵਾਂਗ ਅੱਗੇ ਵਧੀ । ਵੈਰੀ ਦਲ ਨੂੰ ਹੱਥਾਂ ਪੈਰਾਂ ਦੀ ਪੈ ਗਈ । ਹੱਥ ਪੈਰ ਕੰਬਣ ਲੱਗੇ । ਹਿੰਮਤ ਦੇ ਤੋਤੇ ਉਡ ਗਏ । ਹੱਥ ਵਿਚ ਕੋਈ ਸ਼ਸਤਰ ਨਾ ਆਵੇ ਹਫੜਾ ਦਫੜੀ ਮੱਚ ਗਈ । ਅੱਗੇ ਵਧੇ ਤਾਂ ਖਾਲਸੇ ਦੀ ਸ੍ਰੀ ਸਾਹਿਬ ਦੇ ਸ਼ਿਕਾਰ ਹੁੰਦੇ ਗਏ ਪਿਛੇ ਮੁੜਨ ਨੇਜੇ ਬਰਛੇ ਵਿੰਨ੍ਹੀ ਜਾਣ । ਅੱਧੀ ਰਾਤ ਤੋਂ ਵਾਢੀ ਸ਼ੁਰੂ ਹੋਈ ਦਿਨ ਚੜ੍ਹ ਗਿਆ । ਹੁਣ ਇਕ ਪਾਸੇ ਅੰਟਾ ਰਾਓ ਆਪਣੀ ਫੌਜ ਨੂੰ ਹੱਲਾ ਸ਼ੇਰੀ ਦੇ ਰਿਹਾ ਦੂਜੇ ਪਾਸੇ ਲਛਮੀ ਰਾਓ ਹੱਲਾਸ਼ੇਰੀ ਦੇ ਰਿਹਾ ਹੈ । ਪਰ ਸ਼ੀਹਣੀ ਸਾਹਿਬ ਕੌਰ ਦੀ ਫੌਜ ਦੀ ਜਿੱਤ ਹੋਈ । ਮਰਦਾਪੁਰ ਦੀ ਇਸ ਫਹਿਤ ਨੇ ਪਟਿਆਲੇ ਨੂੰ ਹੀ ਨਹੀਂ ਪੰਜਾਬ ਨੂੰ ਮਰਹੱਟਿਆਂ ਦੀ ਗੁਲਾਮੀ ਤੋਂ ਬਚਾ ਲਿਆ । ਮਰਹੱਟਿਆਂ ਫਿਰ ਏਧਰ ਅੱਖ ਚੁੱਕ ਕੇ ਨਾ ਵੇਖਿਆ ਤੇ ਦਿੱਲੀ ਤਕ ਸਿੱਖਾਂ ਦੀ ਧਾਂਕ ਬੈਠ ਗਈ ਤੇ ਇੱਜ਼ਤ ਮਾਨ ਵਧਿਆ । ਭੈਣ ਭਰਾ ਵਿਚ ਅਨਬਣ : ਮਹਾਰਾਜਾ ਸਾਹਿਬ ਸਿੰਘ ਦੇ ਕੁਝ ਕਰਮਚਾਰੀ ਭੈੜੇ ਆਚਾਰ ਦੇ ਸਨ , ਬੀਬੀ ਨੇ ਉਨਾਂ ਨੂੰ ਤਾੜ ਲਿਆ । ਹੁਣ ਉਨਾਂ ਰਾਜੇ ਦੇ ਆਪਣੀ ਭੈਣ ਵਿਰੁੱਧ ਕੰਨ ਭਰਨੇ ਸ਼ੁਰੂ ਕਰ ਦਿੱਤੇ । ਉਧਰ ਰਾਜੇ ਦੀ ਪਤਨੀ ਆਸ ਕੌਰ ਬੀਬੀ ਸਾਹਿਬ ਕੌਰ ਵਾਲੇ ਸਾਰੇ ਅਧਿਕਾਰ ਲੈਣਾ ਚਾਹੁੰਦੀ ਸੀ । ਉਸ ਨੇ ਘਰਵਾਲੇ ਨੂੰ ਚੁਕਿਆ ਭਰਾ ਨੇ ਭੈਣ ਦੇ ਸਾਰੇ ਅਹਿਸਾਨ ਛਿਕੇ ਤੇ ਟੰਗ ਸਗੋਂ ਉਸ ਤੇ ਦੂਸ਼ਨ ਮੁੜਣੇ ਸ਼ੁਰੂ ਕਰ ਦਿੱਤੇ । ਭੈਣ ਆਪਣੇ ਸੌਹਰੇ ਘਰ ਦੀ ਥਾਂ ਆਪਣੀ ਜਾਗੀਰ ਕਿਲ੍ਹੇ ਭਰੀਆਂ ਜਾ ਬੈਠੀ । ਭਰਾ ਨੇ ਸੁਨੇਹਾ ਭੇਜਿਆ ਕਿ ਉਹ ਇਹ ਜਾਗੀਰ ਛੱਡ ਕੇ ਆਪਣੇ ਸੋਹਰੇ ਘਰ ਚਲੀ ਜਾਵੇ । ਉਹ ਵਿਚਾਰੀ ਅਜੇ ਸੋਚਾਂ ਵਿਚਾਰਾਂ ਵਿਚ ਗਲਤਾਨ ਸੀ ਕਿ ਭਰਾ ਕਿਲ੍ਹੇ ਭੇਰੀਆਂ ਨੂੰ ਤੋਪਾਂ ਨਾਲ ਘੇਰਾ ਪਾ ਲਿਆ । ਹਾਰ ਕੇ ਬੀਬੀ ਨੂੰ ਭਰਾ ਵਿਰੁੱਧ ਹਥਿਆਰ ਚੁੱਕਣੇ ਪਏ । ਤਿੰਨ ਦਿਨ ਲੜਾਈ ਹੁੰਦੀ ਰਹੀ । ਰਾਜੇ ਦੀ ਸਾਰੀ ਫੌਜ ਤਬਾਹ ਹੋ ਗਈ । ਲਾਲ ਸਿੰਘ ਤੇ ਜੋਧ ਸਿੰਘ ਕਲਸੀਆਂ ਨੇ ਵਿਚ ਪੈ ਕੇ ਭੈਣ ਭਰਾ ਦੀ ਸੁਲਾਹ ਕਰਾ ਦਿੱਤੀ । ਤਾਂ ਭਰਾ ਦੇ ਕਹੇ ਭੈਣ ਪਟਿਆਲੇ ਚਲੀ ਗਈ । ਪਰ ਅਕ੍ਰਿਤਘਣ ਤੇ ਕਮੀਨੇ ਭਰਾ ਨੇ ਉਸ ਦੇ ਕੀਤੇ ਪਰਉਪਕਾਰ ਭੂਲਾ ਉਸ ਨੂੰ ਭਵਾਨੀਗੜ੍ਹ ਕਿਲ੍ਹੇ ਵਿਚ ਕੈਦ ਕਰ ਦਿੱਤਾ । ਪਰ ਇਥੋਂ ਕੁਝ ਚਿਰ ਬਾਦ ਭੇਸ ਬਦਲ ਕੇ ਨਿਕਲ ਫਿਰ ਆਪਣੀ ਜਾਗੀਰ ਕਿਲੇ ਭੌਰੀਆਂ ਵਿਚ ਜਾ ਟਿਕੀ । ਆਪਣੇ ਭਰਾ ਨਾਲ ਅਨਬਣ ਹੋ ਜਾਣ ਦੇ ਸਦਮੇ ਕਾਰਨ ੧੭੯੯ ਨੂੰ ਪੰਜਾਬ ਦੀ ਬਹਾਦਰ , ਸੂਰਬੀਰ , ਨਿਰਭੈ , ਅਣਖੀਲੀ , ਦੂਰ ਦ੍ਰਿਸ਼ਟ , ਦਇਆਵਾਨ ਨੀਤੀਵਾਨ ਤੇ ਸਿੱਖਾਂ ਸਲਾਰ ਜਫਰਜੰਗ ਬੀਬੀ ਜਿਸ ਦੀ ਉਦਾਹਰਨ ਸੰਸਾਰ ਦੇ ਇਤਿਹਾਸ ਵਿਚ ਮਿਲਣੀ ਅਸੰਭਵ ਹੈ , ਸਦਾ ਹੀ ਨੀਂਦ ਸੌਂ ਗਈ ।
ਜੋਰਾਵਰ ਸਿੰਘ ਤਰਸਿੱਕਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)