More Gurudwara Wiki  Posts
ਮਾਛੀਵਾੜਾ ਭਾਗ 5


ਮਾਛੀਵਾੜਾ ਭਾਗ 5
ਪੂਰਨ ਮਸੰਦ ਦੇ ਘਰੋਂ ਚੱਲ ਕੇ ਭਾਈ ਜੀਊਣੇ ਦੇ ਰਾਹ ਦੱਸਣ ‘ ਤੇ ਗੁਰੂ ਜੀ ਜੰਗਲ ਨੂੰ ਹੋਏ । ਉਸ ਵੇਲੇ ਦਿਨ ਚੜ੍ਹ ਰਿਹਾ ਸੀ ਉਹ ਪਿੰਡੋਂ ਬਾਹਰ ਹੋਣ ਲੱਗੇ ਤਾਂ ਬੱਕਰੀਆਂ ਦੇ ਮਿਆਂਕਣ ਦੀ ਆਵਾਜ਼ ਸੁਣੀ।ਪਹਿਲਾਂ ਤਾਂ ਖ਼ਿਆਲ ਕੀਤਾ , ਬੱਕਰੀਆਂ ਦੇ ਅਯਾਲੀ ਪਾਸੋਂ ਦੁੱਧ ਲੈਣ । ਪਰ ਨਾ ਖਲੋਤੇ । ਅੱਗੇ ਨਿਕਲੇ । ਜੰਗਲ ਵਿਚ ਪੁੱਜੇ । ਸੰਘਣੇ ਜੰਗਲ ਵਿਚ ਇਕ ਜੰਡ ਆਇਆ । ਉਸ ਜੰਡ ਦੇ ਹੇਠਾਂ – ਥਾਂ ਸਾਫ਼ ਸੀ । ਇਕ ਉਭਰੀ ਜੜ੍ਹ ਉੱਤੇ ਸਿਰ ਰੱਖ ਕੇ ਲੇਟ ਗਏ । * ਜੰਡ ਦੇ ਹੇਠਾਂ ਸੌਂ ਗਏ । ਨੀਂਦ ਆ ਗਈ । ਕ੍ਰਿਪਾਨ ਨੂੰ ਹੱਥ ਵਿਚ ਰੱਖ ਲਿਆ । ਫ਼ਰੀਦ ਜੀ ਦੇ ਕਥਨ ਅਨੁਸਾਰ , “ ਇਟ ਸਰਹਾਣੇ ਭੋਏਂ ਸਵਣ ਕੀਤਾ । ਮਖ਼ਮਲੀ ਸੇਜਾਂ ‘ ਤੇ ਆਰਾਮ ਕਰਨ ਵਾਲੇ ਧਰਤੀ ‘ ਤੇ ਲੇਟੇ — ਸਮਾਂ ਵੀ ਉਹ ਜਦੋਂ ਕਿ ਵੈਰੀ ਕਈ ਲੱਖ ਦੀ ਗਿਣਤੀ ਵਿਚ ਭਾਲ ਕਰ ਰਿਹਾ ਸੀ । ਝਾੜੀ ਝਾੜੀ ਵਿਚੋਂ ਆਵਾਜ਼ ਆ ਰਹੀ ਸੀ , “ ਦੱਸੋ ਕਿਤੇ ਸਿੱਖ ਪੀਰ ਦੇਖਿਆ | ਗੁਰੂ ਜੀ ਦੀ ਜੰਡ ਹੇਠਾਂ ਅੱਖ ਲੱਗ ਗਈ । ਵਾਹਵਾ ਚਿਰ ਆਰਾਮ ਕਰ ਲਿਆ ਤਾਂ ਅੱਖ ਖੁੱਲ੍ਹਣ ਦੇ ਨਾਲ ਹੀ ਮਨੁੱਖੀ ਆਵਾਜ਼ਾਂ ਸੁਣਾਈ ਦਿੱਤੀਆਂ , ਉੱਠ ਕੇ ਖਲੋ ਗਏ ਤੇ ਵੌੜ ਲਈ । “ ਦੇਖੋ ! ਔਹ ਜਾਂਦੇ ਜੇ ? … ਰਹੀਮ ਬਖ਼ਸ਼ – ਔਧਰ ਹੋ । ” ਇਉਂ ਭਾਂਤ ਭਾਂਤ ਦੀਆਂ ਆਵਾਜ਼ਾਂ ਕੱਸੀਆਂ ਜਾਂਦੀਆਂ ਸੁਣਾਈ ਦਿੱਤੀਆਂ । ਦੀਨ ਦੁਨੀ ਦੇ ਮਾਲਕ , ਜਿਨ੍ਹਾਂ ਨੇ ਭਾਰਤ ਦੀ ਗ਼ੁਲਾਮੀ ਦੇ ਸੰਗਲ ਕੱਟਣ ਲਈ ਇਕ ਸ਼ਕਤੀ ਪੈਦਾ ਕੀਤੀ , ਮਹਾਨ ਇਨਕਲਾਬ ਲਿਆਂਦਾ । ਜਿਹੜੇ ਤਲਵਾਰ ਕੋਲੋਂ ਡਰਦੇ ਸਨ , ਜਿਨ੍ਹਾਂ ਨੇ ਰਾਤ ਬਾਹਰ ਨਿਕਲ ਕੇ ਨਹੀਂ ਸੀ ਤੱਕਿਆ , ਉਹਨਾਂ ਨੂੰ ਤੀਰ ਕਮਾਨ ਕ੍ਰਿਪਾਨ ਫੜਾ ਦਿੱਤੀ । ਘੋੜ – ਸਵਾਰੀ ਸਿਖਾਈ ਤੇ ਜੰਗਜੂ ਬਣਾਇਆ । ਖ਼ਾਲਸਾ ਸਾਜਿਆ , ਘਸੀਟੇ ਦਾ ਨਾਂ ਬਦਲ ਕੇ ਪਹਾੜ ਸਿੰਘ ਰੱਖਿਆ ਤੇ ਆਜ਼ਾਦੀ ਦੀ ਜੰਗ ਆਰੰਭ ਕੀਤੀ । ਧਰਮ ਤੇ ਕੌਮ ਤੋਂ ਕੁਝ ਵੀ ਲੁਕਾ ਕੇ ਨਾ ਰੱਖਿਆ । ਰੌਲਾ ਮਿਟਿਆ । ਲੱਭਣ ਵਾਲੇ ਪਰੇ ਨੂੰ ਚਲੇ ਗਏ ਤਾਂ ਪੂਰਬ ਦੱਖਣ ਦਿਸ਼ਾ ਵੱਲ ਚਲੇ ਗਏ । ਪੈਰਾਂ ਵਿਚ ਛਾਲੇ ਪੈ ਗਏ ਸੀ । ਗੁਲਾਬੀ ਰੰਗ ਦੀਆਂ ਪੈਰਾਂ ਦੀਆਂ ਤਲੀਆਂ ਲਹੂ ਨਾਲ ਲਾਲ ਹੋ ਗਈਆਂ । ਭਲ ਪੈ ਗਈ । ਤੁਰਨਾ ਕਠਨ ਸੀ । ਭਾਈ ਜੀਊਣੇ ਦੀ ਦਿੱਤੀ ਟਿੰਡ ਤੇ ਉਸ ਵਿਚਲੀ ਅੱਗ ਨਾਲ ਹੋਰ ਅੱਗ ਬਾਲ ਕੇ ਸੇਕੀ । ਸਰੀਰ ਨੂੰ ਗਰਮ ਕੀਤਾ ਸੀ , ਚਰਨਾਂ ਨੂੰ ਵੀ ਸੇਕਿਆ ਸੀ , ਚਰਨਾਂ ਦੀ ਸੋਜ ਮੱਠੀ ਨਾ ਹੋਈ । ਪੂਰਬ ਦੱਖਣ ਵੱਲ ਮਾਹੀ ਚੱਲ ਪਿਆ । ਜੰਗਲ ਸੰਘਣਾ ਸੀ । ਕਰੀਰ ਮਲ੍ਹੇ , ਕਿੱਕਰ ਦੇ ਕਬੂਟੇ ਕੰਡਿਆਂ ਵਾਲੇ , ਲੰਘਣਾ ਔਖਾ ਸੀ , ਫਿਰ ਵੀ ਤੁਰੇ ਗਏ , ਜਾਮਾ ਕੰਡਿਆਂ ਨਾਲ ਅੜਦਾ , ਕਿਤੇ ਬਚਾ ਲੈਂਦੇ ਤੇ ਕਿਤੇ ਖਿੱਚ ਕੇ ਅੱਗੇ ਵਧਦੇ ਤਾਂ ਉਸ ਦੀ ਲੀਰ ਲੱਥ ਜਾਂਦੀ । ਆ ਗਏ ਦੂਰ — ਬਲੋਲ ਪੁਰ ਤੇ ਕਿੜੀ ਤੋਂ ਦੂਰ । ਆਪਣੀ ਵੱਲੋਂ ਤਾਂ ਪੈਂਡਾ ਬਹੁਤ ਕੀਤਾ – ਪਰ ਜੰਗਲ ਹੋਣ ਕਰਕੇ ਬਹੁਤ ਦੂਰ ਨਾ ਜਾ ਸਕੇ । ਕਰੀਰਾਂ ਤੇ ਬੇਰੀਆਂ ਦਾ ਝਾੜ ਆਇਆ , ਭਾਰੀ ਝਾੜ । ਉਸ ਝਾੜ ਵਿਚ ਮੁੜ ਆਸਣ ਲਾਇਆ । * ਉਸ ਝਾੜ ਵਿਚ ਅੱਕ ਲੱਗਾ , ਅੱਕ ਵੀ ਖੇੜੇ ਉੱਤੇ ਸੀ , ਫੁੱਲ ਲੱਗੇ ਸਨ । ਅੱਕ ਦੇ ਫੁੱਲਾਂ ਨੂੰ ਤੋੜਿਆ । ਕਮਰਕੱਸਾ ਖੋਲ੍ਹ ਕੇ ਉਹਨਾਂ ਨੂੰ ਸਾਫ਼ ਕੀਤਾ ਤੇ ਅਕਾਲ ਪੁਰਖ ਦਾ ਨਾਮ ਲੈ ਕੇ ਛਕ ਗਏ । ਅੱਕਾਂ ਦੇ ਫੁੱਲ ਗਰਮ ਹੁੰਦੇ ਹਨ । ਸਿਆਲ ਦੇ ਵਿਚ ਗਰਮੀ ਪਹੁੰਚਾਉਂਦੇ ਤੇ ਸਰੀਰ ਦੀ ਭੁੱਖ ਨੂੰ ਘਟਾਉਂਦੇ ਤੇ ਸ਼ਕਤੀ ਦਿੰਦੇ ਹਨ । ਭਾਈ ਗੁਰਦਾਸ ਜੀ ਨੇ ਜੋ ਸਤਿਗੁਰੂ ਨਾਨਕ ਦੇਵ ਜੀ ਦੇ ਬਾਬਤ ਉਚਾਰਿਆ ਹੈ : ਰੇਤ ਅੱਕ ਆਹਾਰੁ ਕਰਿ , ਰੋੜਾ ਕੀ ਗੁਰ ਕਰੀ ਵਿਛਾਈ । ਭਾਰੀ ਕਰੀ ਤਪਸਿਆ , ਬਡੇ ਭਾਗੁ ਹਰਿ ਸਿਉ ਬਣਿ ਆਈ । ( ਵਾਰ ੧ , ਪਉੜੀ ੨੪ ) ਉਹਨਾਂ ਨੇ ਭਾਰੀ ਤਪਸਿਆ ਕੀਤੀ – ਅੰਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਵੀ ਐਸਾ ਹੀ ਆਹਾਰ ਕਰਨਾ ਪਿਆ । ਹੇਠਾਂ ਧਰਤੀ ਕਰੜੀ ਸੀ । ਘਾਹ ਨਹੀਂ ਸੀ , ਕਰੀਰਾਂ ਦੀ ਛਾਂ ਕਰ ਕੇ ਰੋੜਾਂ ਵਾਲੀ ਪੱਕੀ ਥੋੜ੍ਹੀ ਸੀ । ਘੱਟਾ ਮੀਂਹ ਨਾਲ ਬੈਠ ਗਿਆ ਸੀ । ਦਾਤਾ ਬਾਂਹ ਸਿਰਹਾਣੇ ਰੱਖ ਕੇ ਲੇਟ ਗਿਆ । ਹਨੇਰੇ ਦੀ ਉਡੀਕ ਕਰਨੀ ਸੀ । ਕਿਉਂਕਿ ਦਿਨੇ ਚੱਲਣਾ ਔਖਾ ਸੀ । ਫ਼ੌਜ ਫਿਰਦੀ ਸੀ । ਰੋਪੜ ਤੋਂ ਸਮਰਾਲੇ ਤਕ ਮੁਗ਼ਲ ਲਸ਼ਕਰ ਪਾਗ਼ਲ ਹੋਇਆ ਫਿਰਦਾ ਸੀ । ਕਿਉਂਕਿ ਚਮਕੌਰ ਵਿਚ ਭਾਈ ਸੰਗਤ ਸਿੰਘ ਜੀ ਨੂੰ ਦੇਖ ਕੇ ਮੁਗ਼ਲਾਂ ਨੂੰ ਭਰੋਸਾ ਹੋ ਗਿਆ ਸੀ ਕਿ ਗੁਰੂ ਜੀ ਅੱਗੇ ਚਲੇ ਗਏ । ‘ ਅੱਗੇ ਕਿਥੇ ਕੁ ਜਾਣਗੇ ? ਉਹਨਾਂ ਦੇ ਕਿਆਸ ਸਨ । ਉਹ ਭਾਲਦੇ ਫਿਰਦੇ ਸੀ । ਧਰਮ ਤੇ ਦੇਸ਼ ਬਦਲੇ ਅਸਾਡੇ ਵੱਡਿਆਂ ਨੂੰ ਕਿੰਨੇ ਕਸ਼ਟ ਉਠਾਉਣੇ ਪਏ ? ਦੇਖੋ ਮਖ਼ਮਲੀ ਸੇਜ ਉੱਤੇ ਲੇਟਣ ਵਾਲੇ ਕਰੜੀ ਧਰਤੀ ਉੱਤੇ ਲੇਟ ਗਏ , ਸੱਪ ‘ ਤੇ ਬਿੱਛੂ ਦੂਰ ਖਲੋ ਗਏ । ਕੀੜੇ – ਮਕੌੜੇ ਤੇ ਪੰਛੀ ਚੁੱਪ ਹੋ ਗਏ । ਉਹ ਵੀ ਹੈਰਾਨ ਸਨ । ਦੀਨ – ਦੁਨੀ ਦਾ ਮਾਲਕ ਉਹਨਾਂ ਕੋਲ ਚੱਲ ਕੇ ਆਇਆ । ਧਰਤੀ ਨੂੰ ਭਾਗ ਲਾਉਣ । ਜੁਗਾਂ ਤੋਂ ਚਲੀ ਆ ਰਹੀ ਅਨ – ਸਤਿਕਾਰੀ ਧਰਤੀ । ਦਾਤੇ ਦੇ ਚਰਨ ਪੈਣ ਨਾਲ ਭਾਗਾਂ ਵਾਲੀ ਬਣ ਗਈ । ਉਥੇ ਲੇਟਿਆਂ ਹੋਇਆਂ ਸਤਿਗੁਰੂ ਜੀ ਨੇ ਅਨੰਦਪੁਰ ਤੇ ਅਨੰਦਪੁਰ ਤੋਂ ਚੱਲ ਕੇ ਝਾੜ ਤਕ ਪਹੁੰਚਣ ਦੇ ਸਾਰੇ ਹਾਲਾਤ ਉੱਤੇ ਵੀਚਾਰ ਕੀਤੀ — ਇਕ ਫ਼ਿਲਮ ਬਣ ਕੇ ਸਾਰੇ ਹਾਲਾਤ ਨੇਤਰਾਂ ਅੱਗੋਂ ਦੀ ਲੰਘੇ । – “ ਮਾਤਾ ਜੀ ! ” ਉਹਨਾਂ ਨੇ ਖ਼ਿਆਲ ਕੀਤਾ , “ ਬਿਰਧ ਮਾਤਾ ਜੀ ਤੇ ਛੋਟੇ ਬਾਬੇ ( ਸਾਹਿਬਜ਼ਾਦੇ ) ਕਿਧਰ ਗਏ ਹੋਣਗੇ ? ਕਿਤੇ ਸਰਸਾ ਦੀ ਭੇਟ ਨਾ ਹੋ ਗਏ ਹੋਣ । ਆਤਮਾ ਦੀ ਉਡਾਰੀ ਹੋਰ ਉੱਚੀ ਹੋਈ — ਅੱਗੇ ਵਧੀ । ਧਨ , ਮਾਲ , ਡੰਗਰ , ਅਨੰਦਪੁਰ , ਸਿੱਖ ਸੇਵਕ , ਆਪਣੇ ਮਹਿਲ , ਮਾਤਾ ਜੀ , ਸਾਹਿਬਜ਼ਾਦੇ , ਸਾਰੇ ਹੀ ਨੇਤਰਾਂ ਅੱਗੇ ਆਏ ਤੇ ਇਹੋ ਆਖੀ ਗਏ , “ ਤੇਰਾ ਭਾਣਾ ਮੀਠਾ ਲਾਗੇ । ” ਗੁਰੂ ਜੀ ਦੀ ਸੁਰਤਿ ਅਕਾਲ ਪੁਰਖ ਦੇ ਚਰਨਾਂ ਨਾਲ ਜੁੜ ਗਈ । ਸੰਸਾਰਕ ਤੇ ਧਰਤੀ ਦੇ ਜੀਵਨ ਨੂੰ ਭੁੱਲ ਗਏ , ਸੁਰਤਿ ਜੁੜੀ ਤਾਂ ਅਕਾਲ ਉਸਤਤ ਕਰਨ ਨਮਸਤੰ ਅਕਰਮੰ ॥ ਨਮਸਤੰ ਅਧਰਮੰ ॥ ਨਮਸਤੰ ਅਨਾਮੰ ॥ ਨਮਸਤੰ ਅਧਾਮੰ ॥ —– ***** —– ***** ਜਲੇ ਹਰੀ ॥ ਥਲੇ ਹਰੀ ॥ ਉਰੇ ਹਰੀ । ਬਨੇ ਹਰੀ ॥੧॥੫੧ ॥ ਗਿਰੇ ਹਰੀ ॥ ਗੁਫੇ ਹਰੀ ॥ ਛਿਤੇ ਹਰੀ ॥ ਨਭੈ ਹਰੀ...

॥੨॥੫੨ ॥ ਈਹਾਂ ਹਰੀ ॥ ਊਹਾਂ ਹਰੀ ॥ ਜਿਮੀ ਹਰੀ ॥ ਜਮਾਂ ਹਰੀ ॥੩॥੫੩ ॥ ਸੁਰਤਿ ਹੋਰ ਜੁੜ ਗਈ , ਐਨੀ ਜੁੜੀ ਕਿ ਹਰੀ ਤੋਂ ਬਿਨਾਂ ਕੁਝ ਵੀ ਨਜ਼ਰ ਨਾ ਆਉਣ ਲੱਗਾ । ਸੁਰਤੀ ਹਰੀ ( ਅਕਾਲ ਪੁਰਖ ) ਨੂੰ ਸੰਬੋਧਨ ਕਰ ਕੇ ਜਿਵੇਂ ਦਾਤੇ ਦੇ ਕੋਲ ਹਰੀ ਆ ਗਿਆ ਸੀ- “ ਤੂਹੀ ਤੂੰ ” ਦਾ ਜਪਨ ਕਰਨ ਲੱਗ ਪਏ । ਜਲਸ ਤੁਹੀ ॥ ਥਲਸ ਤੁਹੀ ॥ ਨਦਿਸ ਤੂਹੀ ਨਦਸੁ ਤੂਹੀ ਬ੍ਰਿਛਸ ਤੁਹੀ । ਪਤਸ ਤੁਹੀ ॥ ਛਿਤਸ ਤੁਹੀ ॥ ਉਰਧਸ ਤੁਹੀ ॥ ਭਜਮ ਤੁਅੰ ॥ ਭਜਸ ਤੁਅੰ ॥ ਰਟਸ ਤੁਅੰ । ਨਤਮ ਤੁਅੰ ॥੧੫॥੬੫ ॥ ਜਿਮੀ ਤੁਹੀ ॥ ਜਮਾ ਤੁਹੀ ॥ ਮਕੀ ਤੁਹੀ ॥ ਮਕਾ ਤੁਹੀ ॥੧੬॥੬੬ ॥ ਅਭੂ ਤੂਹੀ ॥ ਅਛੈ ਤੁਹੀ ॥ ਅਛੂ ਤੁਹੀ ॥ ਅਛੇ ਤੁਹੀ ॥ ਜਤਸ ਤੁਹੀ ॥ ਬ੍ਰਤਸ ਤੁਹੀ ॥ ਗਤਸ ਤੂਹੀ ॥ ਮਤਸ ਤੂਹੀ ॥੧੮॥੬੮ ॥ ਸੂਰਤ ਐਸੀ ਵਜਦ ਵਿਚ ਆਈ , ਇਕ ਦਮ ਆਪਾ ਭੁੱਲ ਕੇ ਉਹ ਤੁਹੀ ਤੁਹੀ ॥ ਤੁਹੀ ਤੁਹੀ ॥ ਤੂਹੀ ਤੂਹੀ ॥ ਤੁਹੀ ਤੁਹੀ ਤੁਹੀ ਤੁਹੀ ॥ ਤੁਹੀ ਤੁਹੀ ॥ ਤੁਹੀ ਤੁਹੀ ॥ ਤੁਹੀ ਤੁਹੀ ॥ ( ਅਕਾਲ ਉਸਤਤਿ , ੨੦-੭੦ ) ਉਸ ਦਾ ਸਿਮਰਨ ਕਰਨ ਲੱਗ ਪਈ । ਐਸਾ ਸਿਮਰਨ ਕਰਦਿਆਂ ਹੋਇਆਂ ਸਰੀਰ ਨੂੰ ਨਿੰਦਰਾ ਨੇ ਅਹੱਲ ਕਰ ਦਿੱਤਾ , ਆਪ ਦੀ ਅੱਖ ਲੱਗ ਗਈ । ਜਦੋਂ ਸ੍ਰੀ ਕਲਗੀਧਰ ਪਿਤਾ ਨੀਂਦਰਾਂ ਵਿਚ ਆਰਾਮ ਕਰਨ ਲੱਗੇ ਤੇ ਸੂਰਤ ਨੇ ਹਰੀ ਪਰਮਾਤਮਾ ਦਾ ਜਾਪ ਕੀਤਾ ਤਾਂ ਹਰੀ ਨੇ ਆਪਣੀਆਂ ਉਤਪੰਨ ਕੀਤੀਆਂ , ਨਾਨਾ ਰੂਪ ਜੀਵ – ਜੰਤੂ ਨੂੰ ਹੁਕਮ ਕੀਤਾ , ‘ ‘ ਮੇਰੇ ਬੇਟੇ ਦੀ ਰਾਖੀ ਕਰੋ ਬੇਟਾ ਹੀ ਨਹੀਂ ਸਗੋਂ ਦਾਸ …… ਮੈਂ ਹੋਂ ਪਰਮ ਪੁਰਖ ਕੋ ਦਾਸਾ ॥ ਦੇਖਨਿ ਆਇਓ ਜਗਤ ਤਮਾਸਾ ॥ “ ਸੇਵਕ ਹੈ , ਸੱਚਾ ਸੇਵਕ , ਜਿਸ ਨੂੰ ਮੈਂ ਭੇਜਿਆ , ਕਰੋ ਰਾਖੀ , ਸੁੱਤੇ ਨੂੰ ਕੋਈ ਨਾ ਜਗਾਏ । ਕੋਈ ਕੋਲ ਨਾ ਜਾਏ । ਘੜੀ ਆਰਾਮ ਕਰ ਲਵੇ । ” ਹਰੀ ਪਰਮਾਤਮਾ ਹੁਕਮ ਦਿੰਦਾ ਵੀ ਕਿਉਂ ਨਾ , ਸਤਿਗੁਰੂ ਜੀ ਤਾਂ ਆਪਣੇ ਆਪ ਨੂੰ ਹਰੀ ਪਰਮਾਤਮਾ ਦੇ ਹੀ ਸਭ ਕੁਝ ਸਮਝਦੇ ਸਨ ਸਰਬ ਕਾਲ ਹੈ ਪਿਤਾ ਅਪਾਰਾ ॥ ਦੇਬਿ ਕਾਲਕਾ ਮਾਤ ਹਮਾਰਾ ॥ ਮਨੂਆ ਗੁਰ ਮੁਰਿ ਮਮਸਾ ਮਾਈ ॥ ਜਿਨ ਮੋ ਕੋ ਸਭ ਕਿਰਆ ਪੜਾਈ ॥ ( ਬਚਿੱਤ੍ਰ ਨਾਟਕ ) ਮਨੁੱਖ ਮਾਰੂ ਮਹਾਨ ਸ਼ਕਤੀਆਂ ਪ੍ਰਗਟ ਹੋ ਗਈਆਂ । ਦੂਰ ਤਕ ਜੰਗਲ ਵਿਚ ਸ਼ੇਰ ਫਿਰਨ ਲੱਗੇ , ਇਕ ਸ਼ੇਰ ਗੁਰੂ ਜੀ ਦੇ ਚਰਨਾਂ ਕੋਲ ਬੈਠ ਗਿਆ । ਨਾਗ ਰਾਖੀ ਕਰਨ ਲੱਗੇ । ਗੁਰੂ ਜੀ ਜਿਸ ਝਾੜ ਵਿਚ ਬਿਰਾਜੇ ਸਨ , ਉਥੇ ਕੋਈ ਪੰਜ ਕੋਹ ਤਕ ਕਿਸੇ ਨੂੰ ਹੌਸਲਾ ਨਾ ਪਿਆ ਦੇਖਣ ਜਾਣ । ਸੂਰਜ ਚੜ੍ਹਨ ਤੋਂ ਸੂਰਜ ਅਸਤ ਹੋਣ ਤਕ ਭਾਲ ਕੀਤੀ ਜਾਂਦੀ ਸੀ । ਜਨਾਬ ! ਅੱਗੇ ਨਾ ਜਾਣਾ । ਸ਼ੇਰ ਗਰਜ ਰਿਹਾ ਹੈ , ਸੁਣ ਆਵਾਜ਼ ‘ ਇਕ ਪਠਾਨ ਨੇ ਫ਼ੌਜਦਾਰ ਨੂੰ ਅੱਗੇ ਵਧਣੋ ਰੋਕਿਆ । ਉਹ ਚਾਲੀ ਬੰਦੇ ਲੈ ਕੇ ਇਨਾਮ ਪ੍ਰਾਪਤ ਕਰਨ ਲਈ ਮਾਰ ਮਾਰ ਕਰਦਾ ਫਿਰਦਾ ਸੀ । ਬਲੋਲਪੁਰ ਵਾਲੇ ਪਾਸੇ ਵਲੋਂ ਵਧਿਆ । ਉਸ ਨੂੰ ਰੋਕਿਆ ਉਸ ਥਾਂ ਗਿਆ , ਜਿਥੇ ਅੱਜ ਕਲ ਨਹਿਰ ਦਾ ਪੁਲ ਤੇ ਹੱਟੀਆਂ ਹਨ । ਉਥੋਂ ਗੁਰੂ ਜੀ ਇਕ ਮੀਲ ਉੱਤੇ ਸਨ । ਸ਼ੇਰਾਂ ਦੇ ਬੁੱਕਣ ਦੀ ਆਵਾਜ਼ ਇਉਂ ਆਉਂਦੀ ਸੀ , ਜਿਵੇਂ ਬੱਦਲ ਗੱਜਦਾ ਹੈ । “ ਤੂੰ ਗੁਰੂ ਦਾ ਚੇਲਾ ਤਾਂ ਨਹੀਂ ? ” ਫ਼ੌਜਦਾਰ ਦਾ ਦਿਮਾਗ ਖ਼ਰਾਬ ਸੀ । ਉਸ ਨੂੰ ਜੇ ਕੋਈ ਸਿੱਧੀ ਗੱਲ ਆਖਦਾ ਤਾਂ ਉਹ ਪੁੱਠੀ ਸਮਝਦਾ । “ ਸ਼ੇਰਾਂ ਤੇ ਰਿੱਛਾਂ ਕੋਲੋਂ ਡਰਦੇ ਹੋਏ ਬਾਗ਼ੀ ਗੁਰੂ ਨੂੰ ਨਾ ਲੱਭੀਏ ਤਾਂ ਬਾਦਸ਼ਾਹ ਦੀ ਕਰੋਪੀ ਦਾ ਸ਼ਿਕਾਰ ਹੋਈਏ ? ” “ ਦੇਖ ਲਉਂ ….. ਮੈਂ ਤਾਂ ਅਕਲ ਦੀ ਗੱਲ ਦੱਸੀ ਹੈ । ਖ਼ਤਰੇ ਤੋਂ ਜਾਣੂ ਕਰਾਇਆ ਹੈ । ” “ ਚੱਲ ਹੁਣ ਪਿੱਛੇ ! ਤੇਰੇ ਵਰਗੇ ਕਾਇਰਾਂ ਕਾਰਨ ਤਾਂ ਅਸੀਂ ਜੰਗਲਾਂ ਵਿਚ ਖੱਜਲ ਹੁੰਦੇ ਫਿਰਦੇ ਹਾਂ । ” “ ਜਾਉ । ਪੈੜ ਵੀ ਦੱਸਦੀ ਹੈ , ਹਿੰਦੂਆਂ ਦਾ ਪੀਰ ਏਧਰੇ ਗਿਆ ਹੈ — ਮੇਰਾ ਮਾਲਕ ਤਾਂ ਮਾਰਿਆ ਗਿਆ । ਇਕ ਪਾਸੇ ਸ਼ੇਰ ਨੇ ਹਮਲਾ ਕੀਤਾ , ਪਿੱਛੇ ਹਟਣ ਲੱਗਾ ਤਾਂ ਸੱਪ ਨੇ ਡੰਗ ਮਾਰਿਆ …..। ” “ ਕੌਣ ਸੀ ? ” ਜ਼ਾਫ਼ਰ ਅਲੀ ਰੁਹੇਲਾ । ” “ ਕਿਥੇ ਪਿਆ ਹੈ ? ” ਰਤਾ ਕੁ ਅੱਗੇ ਹੋਵੋ । ” “ ਮੈਂ ਤਾਂ ਉਸ ਦੇ ਘਰ ਦੱਸਣ ਜਾ ਰਿਹਾ ਹਾਂ । ’ ’ ਹੰਕਾਰ ਤੇ ਲਾਲਚ ਮਨੁੱਖ ਨੂੰ ਅੰਨ੍ਹਿਆਂ ਕਰ ਦਿੰਦਾ ਹੈ । ਉਸ ਫ਼ੌਜਦਾਰ ਨੇ ਕੋਈ ਗੱਲ ਨਾ ਸੁਣੀ । ਬੱਸ ਏਹੋ ਸੁਣਿਆ ਹਿੰਦੂਆਂ ਦਾ ਪੀਰ ‘ ਅੱਗੇ ਗਿਆ ਹੈ — ਨੰਗੇ ਪੈਰਾਂ ਦਾ ਪੈੜ ਹੈ । ਉਹ ਅੱਗੇ ਵਧਿਆ । ਘੋੜੇ ਉੱਤੇ ਸਵਾਰ ਸੀ । ਉਹ ਅਜੇ ਸੌ ਗਜ਼ ਹੀ ਗਿਆ ਸੀ ਕਿ ਵੱਡੇ ਰੁੱਖ ਤੋਂ ਇਕ ਰਿੱਛ ਨੇ ਉਸ ਦੇ ਉਪਰ ਛਾਲ ਮਾਰੀ ਤੇ ਉਸ ਨੂੰ ਹੇਠਾਂ ਸੁੱਟ ਲਿਆ । ਬੰਦਿਆਂ ਨੂੰ ਸੁਰਤ ਵੀ ਨਾ ਲੈਣ ਦਿੱਤੀ । ਅਚਾਨਕ ਆਫ਼ਤ ਆਈ ਦੇਖ ਕੇ ਬੰਦੇ ਡਰ ਗਏ । ਉਹਨਾਂ ਵਿਚੋਂ ਦੋਂਹਾਂ ਨੇ ਰਿੱਛ ਉੱਤੇ ਹਮਲਾ ਕੀਤਾ , ਤਲਵਾਰਾਂ ਦੇ ਵਾਰ ਕੀਤੇ , ਪਰ ਬਣਿਆ ਕੁਝ ਨਾ । ਉਨੇ ਨੂੰ ਸ਼ੇਰ ਬੁੱਕਦੇ ਆ ਗਏ । ਉਹ ਘੋੜੇ ਨਠਾ ਕੇ ਚਲੇ ਗਏ । ਫ਼ੌਜਦਾਰ ਦੀ ਲਾਸ਼ ਵੀ ਨਾ ਚੁੱਕੀ । ਉਸ ਦੇ ਪਿੱਛੋਂ ਉਸ ਜੰਗਲ ਵੱਲ ਕੋਈ ਮੁਗ਼ਲ ਪਠਾਣ ਨਾ ਵਧਿਆ । ਉਹ ਪਰੇ ਪਰੇ ਨਿਕਲ ਗਏ । ਗੁਰੂ ਜੀ ਆਰਾਮ ਕਰਦੇ ਰਹੇ । ਪਿਛਲੇ ਪਹਿਰ ਜਾਗੇ । ਉਠੇ ਤਾਂ ਸਾਰੇ ਚੌਗਿਰਦੇ ਨੂੰ ਸ਼ਾਂਤ ਪਾਇਆ । ਆਪਣੇ ਕਮਰਕੱਸੇ ਨਾਲੋਂ ਕੁਝ ਕੱਪੜਾ ਪਾੜ ਕੇ ਝਾੜੀ ਉੱਤੇ ਸੁੱਟ ਦਿੱਤਾ , ਜਿਥੇ ਬੈਠੇ ਸਨ । ਸ਼ਾਇਦ ਨਿਸ਼ਾਨੀ ਰੱਖੀ ਸੀ ਆਪਣੇ ਵਿਛੜੇ ਸਾਥੀਆਂ ਨੂੰ ਸੇਧ ਦੇਣ ਲਈ । ਉਹਨਾਂ ਦੇ ਸਾਥੀ ਭਾਈ ਧਰਮ ਸਿੰਘ , ਭਾਈ ਦਇਆ ਸਿੰਘ ਤੇ ਮਾਨ ਸਿੰਘ ਜਿਹੜੇ ਨਾਲ ਤੁਰੇ ਸਨ , ਪਰ ਚਮਕੌਰ ਤੋਂ ਬਾਹਰ ਹਨੇਰੇ ਵਿਚ ਵਿੱਛੜ ਗਏ ਸਨ । ਮੁੜ ਮੇਲ ਨਹੀਂ ਸੀ ਹੋਇਆ । ਸ਼ਾਮ ਤਕ ਉਥੇ ਰਹੇ । ਜਦੋਂ ਹਨੇਰਾ ਹੋਇਆ ਤਾਂ ਤਾਰਿਆਂ ਦੀ ਸੇਧ ਰੱਖ ਕੇ ਮੁੜ ਚੱਲ ਪਏ । ਇਕੱਲੇ ਭੁੱਖੇ ਤੇ ਹਨੇਰੇ ਵਿਚ ਨੰਗੀ ਪੈਰੀਂ , ਬੱਸ ਇਕ ਅਕਾਲ ਪੁਰਖ ਦਾ ਆਸਰਾ , ਜਿਵੇਂ ਆਪ ਜੀ ਦਾ ਹੁਕਮ ਹੈ : ਪ੍ਰਾਨ ਕੇ ਬਚਯਾ , ਦੂਧ ਪੂਤ ਕੇ ਦਿਵਯਾ , ਰੋਗ ਸੋਗ ਕੋ ਮਿਟਯਾ , ਕਿਧੌ ਮਾਨੀ ਮਹਾ ਮਾਨ ਹੌ ॥
( ਚਲਦਾ )

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)