More Gurudwara Wiki  Posts
ਮਾਛੀਵਾੜਾ ਭਾਗ 15


ਮਾਛੀਵਾੜਾ ਭਾਗ 15
ਮਾਛੀਵਾੜੇ ਤੋਂ ਚਲੇ ਗੁਰੂ , ਪਹੁੰਚੇ ਗ੍ਰਾਮ ਕਨੇਚ ॥ ਫਤੇ ਪੈਂਚ ਮਸੰਦ ਨੇ , ਕੀਨੋ ਗੁਰ ਸੈ ਪੇਚ ।। ( ਪੰਥ ਪ੍ਰਕਾਸ਼ , ੨੭੮ )
ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿਚ ਲਿਖਦੇ ਹਨ ਕਿ ਮਾਛੀਵਾੜੇ ਤੋਂ ਪੈਦਲ ਚੱਲ ਕੇ ਸਤਿਗੁਰੂ ਜੀ ਕਨੇਚ ਪਿੰਡ ਵਿਚ ਪਹੁੰਚੇ । ਉਹਨਾਂ ਦੇ ਨਾਲ ਭਾਈ ਦਇਆ ਸਿੰਘ , ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਸਨ । ਕਨੇਚ ਵਿਚ ਫਤੇ ਪੈਂਚ ਮਸੰਦ ਸੀ । ਉਹ ਬੜੀਆਂ ਡੀਂਗਾਂ ਮਾਰਿਆ ਕਰਦਾ ਸੀ ਕਿ ਉਹ ਗੁਰੂ ਘਰ ਦਾ ਬਹੁਤ ਸ਼ਰਧਾਲੂ ਹੈ । ਅਨੰਦਪੁਰ ਦੇ ਬਿਪਤ – ਕਾਲ ਤੋਂ ਪਹਿਲਾਂ ਹੀ ਉਹ ਆਪਣੇ ਪਿੰਡ ਆ ਗਿਆ ਸੀ । ਸਤਿਗੁਰੂ ਜੀ ਨੇ ਉਸ ਨੂੰ ਬਾਹਰ ਸੱਦਿਆ । ਉਹ ਆਇਆ , ਪਹਿਲਾਂ ਤਾਂ ਸਤਿਗੁਰੂ ਜੀ ਦਾ ਆਉਣਾ ਸੁਣ ਕੇ ਹੀ ਡਰ ਗਿਆ ਸੀ , ਖ਼ੈਰ ਆਇਆ । ਉਪਰਲੇ ਮਨੋਂ ਉਸ ਨੇ ਸਤਿਗੁਰੂ ਜੀ ਦੇ ਚਰਨੀਂ ਹੱਥ ਲਾਇਆ ਤੇ ਜ਼ਬਾਨੋਂ ਆਖਿਆ , “ ਮੇਰੇ ਧੰਨ ਭਾਗ ! ਆਪ ਦਰਸ਼ਨ ਕੀਤੇ । ਮੈਂ ਸੇਵਾ ਬਹੁਤ ਕਰਦਾ , ਪਰ ਸਮਾਂ ਐਸਾ ਹੈ । ਘਰ ਦੇ ਬੂਹੇ ਅੱਗੇ ਮੁਗ਼ਲ ਬੈਠੇ ਹਨ । ਕੱਲ ਮੈਨੂੰ ਵੀ ਪੁੱਛਦੇ ਸੀ । ਆਪ ਬਾਹਰ ਬਾਹਰ ਅੱਗੇ ਨਿਕਲ ਜਾਉ । ਉਹ ਵੀ ਬਹੁਤ ਛੇਤੀ । ” ਇਹ ਸੁਣ ਕੇ ਸਤਿਗੁਰੂ ਜੀ ਮੁਸਕਰਾ ਪਏ । ਉਹਨਾਂ ਬਚਨ ਕੀਤਾ , “ ਤੁਸਾਂ ਕੋਲ ਦੋ ਘੋੜੀਆਂ ਹਨ , ਜੇ ਇਕ ਘੋੜੀ ਦਿਉ ਤਾਂ ਅਸੀਂ ਅੱਗੇ ਚਲੇ ਜਾਈਏ ! ” ਉਸ ਵੇਲੇ ਭਾਈ ਦਇਆ ਸਿੰਘ ਨੇ ਰਤਾ ਵਿਸ਼ੇਸ਼ ਖੋਲ੍ਹ ਕੇ ਦੱਸਿਆ , “ ਮਹਾਰਾਜ ਨੰਗੇ ਚਰਨ ਚੱਲਦੇ ਰਹੇ । ਚਰਨਾਂ ਦੇ ਹੇਠਾਂ ਜ਼ਖ਼ਮ ਹੋ ਗਏ । ਹੁਣ । ਜੋੜੇ ਨਾਲ ਚੱਲਣਾ ਵੀ ਔਖਾ ਹੈ । ਘੋੜੀ ਦਿਉ ਤਾਂ ਸੌਖੇ ਚੱਲ ਸਕਣਗੇ । ਮੁੜ ਘੋੜੀ ਭੇਜ ਦਿੱਤੀ ਜਾਏਗੀ । ’ ’ ਇਹ ਸੁਣ ਕੇ ਫਤੇ ਮਸੰਦ ਦਾ ਸਾਹ ਉਪਰ ਦਾ ਉਪਰ ਤੇ ਹੇਠਲਾ ਹੇਠਾਂ ਰਿਹਾ । ਪਰ ਹੁਸ਼ਿਆਰ ਬੜਾ ਸੀ । ਉਹ ਆਖਣ ਲੱਗਾ , “ ਮਹਾਰਾਜ ! ਮੇਰੇ ਬੜੇ ਧੰਨ ਭਾਗ ਹੁੰਦੇ , ਜੇ ਮੈਂ ਇਹ ਸੇਵਾ ਕਰ ਸਕਦਾ ਪਰ ਅਫ਼ਸੋਸ ਕਿ ਇਕ ਘੋੜੀ ਬਾਹਰ ਗਈ ਹੈ ਅਜੇ ਮੁੜੀ ਨਹੀਂ , ਸ਼ਾਇਦ ਪਰਸੋਂ ਤਕ ਮੁੜੇ ਤੇ ਦੂਸਰੀ ਬੀਮਾਰ ਹੈ । ਆਪ ਜਾਣਦੇ ਹੋ , ਹੋਰ ਕਿਸੇ ਨੇ ਘੋੜੀ ਮੰਗਵੀਂ ਨਹੀਂ ਦੇਣੀ । ਮੁਗ਼ਲਾਂ ਦਾ ਐਸਾ ਹੁਕਮ ਹੈ । ਮਾਰੇ ਮਾਰੇ ਫਿਰ ਰਹੇ ਤੇ ਆਪ ਨੂੰ ਲੱਭ ਰਹੇ ਹਨ । ਕੱਲ ਢੋਲ ਵਜਾਇਆ ਗਿਆ ਸੀ । ” ਭਾਈ ਧਰਮ ਸਿੰਘ ਨੇ ਕੁਝ ਆਖਣਾ ਚਾਹਿਆ , ਪਰ ਸਤਿਗੁਰੂ ਜੀ ਨੇ ਉਹਨਾਂ ਨੂੰ ਚੁੱਪ ਰਹਿਣ ਲਈ ਇਸ਼ਾਰਾ ਕੀਤਾ । ਕਿਉਂਕਿ ਗ਼ੁੱਸੇ ਹੋਣ ਦਾ ਸਮਾਂ ਨਹੀਂ ਸੀ । “ ਚੰਗਾ ਗੁਰਮੁਖਾ ! ਜੇ ਘੋੜੀ ਬੀਮਾਰ ਹੈ ਤੇ ਦੂਸਰੀ ਬਾਹਰ ਗਈ ਹੈ । ਹੋਰ ਮਿਲ ਨਹੀਂ ਸਕਦੀ ਤਾਂ ਅਸੀਂ ਪੈਦਲ ਚਲੇ ਜਾਂਦੇ ਹਾਂ । ਜੋ ਅਕਾਲ ਪੁਰਖ ਦੀ ਇੱਛਾ ….. ! ਜਿਵੇਂ ਤੁਸਾਂ ਦੀ ਨੀਤ ਹੈ ਤਿਵੇਂ ਫਲ ਮਿਲੇ । ” ਮਹਾਰਾਜ ਅੱਗੇ ਚੱਲ ਪਏ । ਆਖਦੇ ਹਨ ਫਤੇ ਪੈਂਚ ਮਸੰਦ ਦੀ ਇਕ ਘੋੜੀ ਮਰ ਗਈ ਤੇ ਦੂਸਰੀ ਗਵਾਚ ਗਈ , ਹੱਥ ਨਾ ਆਈ । ਐਸਾ ਭਾਣਾ ਵਰਤਿਆ ਸਤਿਗੁਰੂ ਜੀ ਕਨੇਚ ਦੀ ਸੀਮਾ ਪਾਰ ਕਰ ਕੇ ਹੇਹਰ ਪਿੰਡ ਦੀ ਹੱਦ ਵਿਚ = ਗਏ । ਹੇਹਰ ਪਿੰਡ ਵਿਚ ਕ੍ਰਿਪਾਲ ਉਦਾਸੀ ਦਾ ਡੇਰਾ ਸੀ । ਉਹ ਵੀ ਆਪਣੇ ਆਪ ਨੂੰ ਗੁਰੂ ਘਰ ਦਾ ਸੇਵਕ ਅਖਵਾ ਕੇ ਪੈਸੇ ਬਟੋਰਿਆ ਕਰਦਾ ਸੀ । ਬੜਾ ਵੱਡਾ ਡੇਰਾ ਪਾ ਲਿਆ ਸੀ । ਆਪਣੇ ਸਿੰਘਾਂ ਸਮੇਤ ਸਤਿਗੁਰੂ ਜੀ ਉਸ ਦੇ ਡੇਰੇ ਪਹੁੰਚੇ । ਉਸ ਨੂੰ ਜਦੋਂ ਪਤਾ ਲੱਗਾ – ਦਰਸ਼ਨ ਕੀਤੇ ਤਾਂ ਉਸ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ । ਉਸ ਨੇ ਨਾ ਸਤਿਕਾਰ ਕੀਤਾ , ਨਾ ਸੁੱਖ – ਸਾਂਦ ਪੁੱਛੀ , ਇਕ ਦਮ ਹੀ ਆਖ ਦਿੱਤਾ , “ ਆਪ ਮੇਰੇ ਡੇਰੇ ਵਿਚ ਕਿਉਂ ਆਏ ? ਆਪ ਬਾਦਸ਼ਾਹ ਦੇ ਚੋਰ ਤੇ ਬਾਗ਼ੀ ਹੋ , ਬਾਦਸ਼ਾਹੀ ਫ਼ੌਜ ਲੱਭਦੀ ਫਿਰਦੀ ਹੈ । ” ਉਸ ਦਾ ਚਿਹਰਾ ਵੀ ਲਾਲ ਹੋ ਗਿਆ ਤੇ ਅੱਖਾਂ ਦਾ ਰੰਗ ਵੀ ਬਦਲ ਗਿਆ । ਉਹ ਅੰਦਰੋਂ ਬਹੁਤ ਘਬਰਾ ਗਿਆ ਸੀ ਇਸ ਕਰਕੇ ਕਿ ਉਹਨੇ ਜਿਹੜਾ ਸਿੱਧਾ ਉੱਤਰ ਦਿੱਤਾ , ਉਹ ਦੇਣਾ ਨਹੀਂ ਸੀ ਚਾਹੀਦਾ । ਉਹ ਜਾਣਦਾ ਸੀ ਕਿ ਸਤਿਗੁਰੂ ਜੀ ਰਿਧੀਆਂ ਸਿਧੀਆਂ ਦੇ ਮਾਲਕ ਹਨ । ਉਹਨਾਂ ਨੂੰ ਕਿਸੇ ਗੱਲ ਦਾ ਘਾਟਾ ਨਹੀਂ । ਭਾਣਾ ਜਿਹੜਾ ਵਰਤਿਆ ਸੀ । ਉਹ ਤਾਂ ਅਕਾਲ ਪੁਰਖ ਦੀ ਕੋਈ ਖੇਡ ਸੀ । ਭਾਈ ਦਇਆ ਸਿੰਘ ਨੇ ਕ੍ਰਿਪਾਲ ਨੂੰ ਆਖਿਆ , “ ਐਸਾ ਨਹੀਂ ਕਰਨਾ ਚਾਹੀਦਾ । ਆਖ਼ਰ ਗੁਰੂ ਘਰ ਵਿਚ ਰਿਹਾ ਤੇ ਗੁਰੂਕਿਆਂ ਦੇ ਨਾਮ ਉੱਤੇ ਖਾਂਦਾ ਹੈਂ । ” ਉਹ ਅੱਗੋਂ ਹੋਰ ਅੱਖਾਂ ਲਾਲ ਕਰ ਕੇ ਬੋਲਿਆ , “ ਉਪਦੇਸ਼ ਕਰਨ ਦਾ ਵੇਲਾ ਨਹੀਂ , ਜਾਉ ਤੁਰੇ ਜਾਉ । ਮੈਂ ਤੁਸਾਂ ਨੂੰ ਆਸਰਾ ਦੇ ਕੇ ਫਾਹੇ ਲੱਗਾਂ । ਬੰਦੇ ਨੂੰ ਵੇਲਾ ਵਿਚਾਰਨਾ ਚਾਹੀਦਾ ਹੈ । ਜਾਉ , ਨਹੀਂ ਤੇ ਮੈਨੂੰ ਆਪ ਖ਼ਬਰ ਦੇਣੀ ਪਵੇਗੀ । ” ਕ੍ਰਿਪਾਲ ਉਦਾਸੀ ਦਾ ਐਸਾ ਕਰੜਾ ਸੁਭਾਅ ਤੇ ਮੰਦ – ਕਲਾਮੀ ਦੇਖ ਸੁਣ ਭਾਈ ਮਾਨ ਸਿੰਘ ਤਾਂ ਜੋਸ਼ ਵਿਚ ਆ ਗਏ । ਉਹਨਾਂ ਨੇ ਉਸ ਨੂੰ ਪਾਰ ਬੁਲਾਉਣ ਵਾਸਤੇ ਆਪ ਸ੍ਰੀ ਸਾਹਿਬ ਖਿੱਚੀ ਤਾਂ ਭਾਈ ਦਇਆ ਸਿੰਘ ਨੇ ਹੱਥ ਫੜ ਕੇ ਰੋਕ ਲਿਆ । “ ਸਿੰਘ ਜੀ ! ਐਸਾ ਨਹੀਂ ਕਰਨਾ , ਸ਼ਾਂਤੀ ! ਆਉ ਚੱਲੀਏ । ਜੋ ਅਕਾਲ ਪੁਰਖ ਦਾ ਹੁਕਮ ਹੈ , ਉਹੋ ਹੀ ਹੋਏਗਾ । ” ਸਤਿਗੁਰੂ ਜੀ ਸ਼ਾਂਤ – ਚਿੱਤ ਖਲੋਤੇ ਮੁਸਕਰਾਉਂਦੇ ਰਹੇ । ਉਹਨਾਂ ਨੇ ਸਿੰਘਾਂ ਨੂੰ ਅੱਗੇ ਚੱਲਣ ਲਈ ਇਸ਼ਾਰਾ ਕੀਤਾ । ਕ੍ਰਿਪਾਲ ਉਦਾਸੀ ਦੇ ਡੇਰੇ ਤੋਂ ਪੈਦਲ ਚੱਲ ਕੇ ਪਿੰਡ ਦੇ ਦੂਸਰੇ ਪਾਸੇ ਹੋਏ ਤਾਂ ਅੱਗੋਂ ਪਿੰਡ ਦਾ ਚੌਧਰੀ ਮਿਲਿਆ । ਉਸ ਨੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਹੋਏ ਸਨ । ਉਹ ਹੈ ਤਾਂ ਸਹਿਜਧਾਰੀ ਸੀ , ਪਰ ਗੁਰੂ ਘਰ ਦਾ ਸ਼ਰਧਾਲੂ ਸੀ । ਉਸ ਨੇ ਨੱਠ ਕੇ ਸਤਿਗੁਰੂ ਜੀ ਦੇ ਚਰਨਾਂ ਉੱਤੇ ਸਿਰ ਰੱਖਿਆ । ਚਰਨ – ਧੂੜ ਲੈ ਕੇ ਮਸਤਕ ਨਾਲ ਲਾਈ ਤੇ ਹੱਥ ਜੋੜ ਕੇ ਬੋਲਿਆ : “ ਮਹਾਰਾਜ ! ਮੇਰੇ ਧੰਨ ਭਾਗ , ਆਪ ਦੇ ਦਰਸ਼ਨ ਹੋਏ , ਪਰ ਗੱਲ ਨਾ ਕਰ ਸਕਿਆ । , ਪਰ …. ! ’ ਉਹ ਪੂਰੀ ਭਾਈ ਦਇਆ ਸਿੰਘ ਨੇ ਆਖਿਆ , “ ਚੌਧਰੀ ਜੀ ! ਗੁਰੂ ਮਹਾਰਾਜ ਜੀ ਨੂੰ ਆਪਣੀ ਹਵੇਲੀ ਵਿਚ ਲੈ ਚੱਲੋ , ਫਿਰ ਬਚਨ – ਬਿਲਾਸ ਕਰਨੇ । ” “ ਚਲੋ ! ਮੇਰੇ ਧੰਨ ਭਾਗ , ਜੇ ਗ਼ਰੀਬ ਦੀ ਹਵੇਲੀ ਵਿਚ ਗੁਰੂ ਮਹਾਰਾਜ ਜੀ ਚਰਨ ਪਾਉਣ ! ਇਸ ਤੋਂ ਵੱਧ ਕੀ ਖ਼ੁਸ਼ੀ ਹੋ ਸਕਦੀ ਹੈ । ਆਉ ! ” ਇਹ ਆਖ ਕੇ ਉਹ ਚੱਲ...

ਪਿਆ ਤੇ ਸਤਿਗੁਰੂ ਜੀ ਨੂੰ ਆਪਣੀ ਹਵੇਲੀ ਵਿਚ ਲੈ ਗਿਆ ਤੇ ਮੰਜੇ ਡਾਹ ਦਿੱਤੇ । ਕੁਝ ਦੁੱਧ ਲਿਆਵਾਂ ? ‘ ‘ ਆਖ ਕੇ ਘਰ ਗਿਆ ਤੇ ਅੱਧੇ ਘੰਟੇ ਪਿੱਛੋਂ ਦੁੱਧ ਦੀ ਵਲਟੋਹੀ ਗਰਮ ਗਰਮ ਲੈ ਕੇ ਆ ਪੁੱਜਾ । ਸਤਿਗੁਰੂ ਮਹਾਰਾਜ ਸਮੇਤ ਸਾਰਿਆਂ ਨੂੰ ਦੁੱਧ ਛਕਾਇਆ ਤੇ ਖ਼ੁਸ਼ੀਆਂ ਪ੍ਰਾਪਤ ਕੀਤੀਆਂ । ” ਉਸ ਨੇ ਗਲ ਵਿਚ ਪੱਲੂ ਪਾ ਕੇ ਬੇਨਤੀ ਕੀਤੀ । ਸਤਿਗੁਰੂ ਜੀ ਪ੍ਰਸਾਦਿ ਤਿਆਰ ਕਰਾ ਜੀ “ ਨਿਹਾਲ ! ਚੌਧਰੀ , ਅਸੀਂ ਨਿਹਾਲ ਹੋ ਗਏ ! ਅਕਾਲ ਪੁਰਖ ਤੇਰੇ ਅੰਗ ਸੰਗ ਰਹੇਗਾ । ਅਸੀਂ ਅੱਗੇ ਚੱਲਦੇ ਹਾਂ । ਜਿਥੇ ਅਕਾਲ ਦਾ ਹੁਕਮ ਹੋਏਗਾ , ਉਥੇ ਦਾ ਮਿਲ ਜਾਏਗਾ । ਤੇਰੀ ਸੇਵਾ ਪ੍ਰਵਾਨ ਹੋਈ । ” ਇਹ ਆਖ ਕੇ ਸਤਿਗੁਰੂ ਜੀ ਚੱਲ ਪਏ । ਪਿੰਡ ਦੀ ਸੀਮਾ ਤਕ ਚੌਧਰੀ ਤੋਰਨ ਆਇਆ । ਅਨੰਦਪੁਰ ਦੇ ਉਜਾੜੇ ਦੀ ਕਥਾ ਸੁਣ ਕੇ ਬਹੁਤ ਬਿਹਬਲ ਹੋਇਆ । ਸਤਿਗੁਰੂ ਜੀ ਦੇ ਚਰਨਾਂ ਦੀ ਧੂੜੀ ਲੈ ਕੇ ਉਹ ਵਾਪਸ ਮੁੜਨ ਲੱਗਾ ਤਾਂ ਉਸ ਨੇ ਸਤਿਗੁਰੂ ਜੀ ਅੱਗੇ ਬੇਨਤੀ ਕੀਤੀ , “ ਮਹਾਰਾਜ ! ਇਕ ਤਾਂ ਆਪ ਦੇ ਚਰਨ ਅਜੇ ਸਾਫ਼ ਨਹੀਂ , ਠੰਡ ਤੇ ਕੰਡਿਆਂ ਦੀ ਸੋਜ ਹੈ । ਦੂਸਰਾ ਥਕੇਵਾਂ , ਤੀਸਰਾ ਮੇਰੀ ਇੱਛਾ ਹੈ । ” “ ਕੀ ? ” “ ਆਪ ਮੁੜ ਚੱਲੋ …… ਇਕ ਦਿਨ ਤੇ ਰਾਤ ਤਾਂ ਸੇਵਾ ਕਰਨ ਦਾ ਮੌਕਾ ਦਿਉ । ਆਪ ਦੀ ਕ੍ਰਿਪਾ ਹੋਏਗੀ । ਕੋਈ ਆਪ ਦੀ ਵਾ ਵੱਲ ਨਹੀਂ ਦੇਖੇਗਾ । ਸਾਰਾ ਪਿੰਡ ਮੇਰੀ ਮਦਦ ਕਰੇਗਾ । ਆਉ ! ਮੇਰੀ ਆਤਮਾ ਤਾਂ ਹੀ ਪ੍ਰਸੰਨ ਹੋਏਗੀ । “ ਚੰਗਾ ਭਾਈ , ਜੇ ਤੇਰੀ ਐਸੀ ਇੱਛਾ ਹੈ ਤਾਂ ਚੱਲ । ” ਇਹ ਬਚਨ ਕਰ ਕੇ ਸਤਿਗੁਰੂ ਜੀ ਵਾਪਸ ਮੁੜ ਪਏ ਤੇ ਚੌਧਰੀ ਦੀ ਹਵੇਲੀ ਵਿਚ ਆ ਟਿਕੇ । ਅਗਲੀ ਸਵੇਰ ਹੋਈ ਤਾਂ ਅੱਗੇ ਤੁਰਨ ਲਈ ਤਿਆਰ ਹੋਏ । ਚੌਧਰੀ ਦੇ ਪਰਿਵਾਰ ਨੇ ਗੁਰ – ਚਰਨਾਂ ‘ ਤੇ ਨਿਮਸ਼ਕਾਰ ਕੀਤੀ । ਸਿੰਘਾਂ ਸਮੇਤ ਸਤਿਗੁਰੂ ਜੀ ਤੁਰੇ ਜਾ ਰਹੇ ਸਨ । ਰਾਹ ਦੇ ਦੋਹੀਂ ਪਾਸੀਂ ਹਰੇ ਹਰੇ ਖੇਤ ਲਹਿਰਾ ਰਹੇ ਸੀ ਤੇ ਆਜ਼ਾਦ ਪੰਛੀ ਵਾਤਾਵਰਨ ਵਿਚ ਉਡਾਰੀਆਂ ਲੈ ਰਹੇ ਸਨ । ਰਾਹ ਵਿਚ ਚੌਰਾਹਿਆ ਆਇਆ । ਉਸ ਚੌਰਾਹੇ ਉੱਤੇ ਖੂਹੀ ਸੀ ਤੇ ਇਕ ਬੋਹੜ । ਬੋਹੜ ਦੇ ਹੇਠਾਂ ਘੋੜਿਆਂ ਦਾ ਸੌਦਾਗਰ ਭਾਈ ਨਗਾਹੀਆ ਡੇਰਾ ਲਾਈ ਬੈਠਾ ਸੀ । ਉਹ ਭਾਈ ਮਨੀ ਸਿੰਘ ਦਾ ਭਰਾ ਸੀ । ਗੁਰੂ ਘਰ ਦਾ ਪ੍ਰੇਮੀ ਸੀ । ਉਹ ਚਾਰ ਵਧੀਆ ਘੋੜੇ ਲੈ ਕੇ ਕਿਤੇ ਵੇਚਣ ਜਾ ਰਿਹਾ ਸੀ । ਜਦੋਂ ਉਸ ਨੇ ਸਤਿਗੁਰੂ ਜੀ ਮਹਾਰਾਜ ਨੂੰ ਪੈਦਲ ਤੁਰਦਿਆਂ ਤੱਕਿਆ ਤਾਂ ਹੱਥ ਜੋੜ ਕੇ ਬੇਨਤੀ ਕੀਤੀ : “ ਮਹਾਰਾਜ ! ਜੇ ਸੇਵਾ ਪਰਵਾਨ ਕਰੋ ਤਾਂ ਸੇਵਕ ਸੇਵਾ ਕਰਨਾ ਚਾਹੁੰਦਾ ਹੈ ? ” ‘ ਕਰ ਲੈ ਸੇਵਾ , ਸਿੱਖਾ ! ਗੁਰੂ ਘਰ ਵਿਚ ਸੇਵਾ ਤੇ ਭਜਨ ਨੂੰ ਹੀ ਤਾਂ ਸਤਿਕਾਰ ਹੈ । ” “ ਮੇਰੀ ਇੱਛਾ ਹੈ ਕਿ ਆਪ ਇਹਨਾਂ ਘੋੜਿਆਂ ਵਿਚੋਂ ਇਕ ਚੁਣ ਲਉ , ਜਿਹੜਾ ਆਪ ਨੂੰ ਚੰਗਾ ਲੱਗਦਾ ਹੈ । ਮੇਰੀ ਸੇਵਾ ਪ੍ਰਵਾਨ ਹੋ ਜਾਏਗੀ ਤੇ ਆਪ ਲੰਮੇਰਾ ਪੰਧ ਸੌਖਾ ਕੱਟ ਲਉਗੇ । ” ਭਾਈ ਨਿਗਾਹੀਆ ਸਿੰਘ ਦੀ ਬੇਨਤੀ ਸੁਣ ਕੇ ਸਤਿਗੁਰੂ ਜੀ ਬਹੁਤ ਪ੍ਰਸੰਨ ਹੋਏ ਤੇ ਅਕਾਲ ਪੁਰਖ ਦਾ ਧੰਨਵਾਦ ਕਰਨ ਲੱਗੇ , ਜਿਨ੍ਹਾਂ ਨੇ ਸਿੱਖ ਦੇ ਹਿਰਦੇ ਵਿਚ ਐਸੀ ਪ੍ਰੇਰਨਾ ਲਿਆਂਦੀ । । ਭਾਈ ਮਾਨ ਸਿੰਘ , ਦਇਆ ਸਿੰਘ , ਧਰਮ ਸਿੰਘ ਸੁਣ ਕੇ ਖ਼ੁਸ਼ ਹੋਏ । ਭਾਈ ਨਿਗਾਹੀਆ ਸਿੰਘ ਦੀ ਉਸਤਤਿ ਕਰਨ ਲੱਗੇ , “ ਧੰਨ ਸਿੱਖ ਤੇ ਧੰਨ ਸਤਿਗੁਰੂ ਮਹਾਰਾਜ ਦੀ ਸਿੱਖੀ । ’ ’ ਭਾਈ ਨਿਗਾਹੀਆ ਸਿੰਘ ਨੇ ਸਭ ਤੋਂ ਚੰਗਾ ਘੋੜਾ ਸਤਿਗੁਰੂ ਨੂੰ ਭੇਟਾ ਕੀਤਾ । ਸਤਿਗੁਰੂ ਜੀ ਚਮਕੌਰ ਦੇ ਪਿੱਛੋਂ ਉਸ ਘੋੜੇ ਉੱਤੇ ਸਵਾਰ ਹੋ ਕੇ ਅੱਗੇ ਨੂੰ ਚੱਲ ਪਏ । ਜੱਟ ਪੁਰੇ ਲੰਮੇ ਅੱਪੜੇ , ਉਥੇ ਵੈਰੀਆਂ ਦਾ ਨਾਮ ਨਿਸ਼ਾਨ ਨਹੀਂ ਸੀ , ਲੋਕਾਂ ਨੂੰ ਨਹੀਂ ਸੀ ਪਤਾ ਕਿ ਸਤਿਗੁਰੂ ਜੀ ਦੀ ਭਾਲ ਵਿਚ ਮੁਗ਼ਲ ਲਸ਼ਕਰ ਚੜ੍ਹਿਆ ਸੀ ਜਾਂ ਸਤਿਗੁਰੂ ਜੀ ਚਮਕੌਰ ਤੋਂ ਪੈਦਲ ਚੱਲ ਕੇ ਮਾਛੀਵਾੜੇ ਅੱਪੜੇ ਸਨ । ਪਿੰਡ ਦੇ ਲੋਕਾਂ ਨੇ ਸੇਵਾ ਕੀਤੀ , ਦਰਸ਼ਨ ਕਰ ਕੇ ਨਿਹਾਲ ਹੋਏ । ਜੱਟ ਪੁਰੇ ਲੰਮੇ ਤੋਂ ਚੱਲ ਕੇ ਸਤਿਗੁਰੂ ਜੀ ਰਾਏ ਕੋਟ ਆ ਪੁੱਜੇ । ਗੁਰੂ ਜੀ ਦਾ ਸ਼ਰਧਾਲੂ ਪਿੰਡ ਦਾ ਮਾਲਕ ਰਾਏ ਕੱਲਾ ਸੀ । ਉਸ ਨੂੰ ਜਦੋਂ ਪਤਾ ਲੱਗਾ ਕਿ ਉਸ ਦੇ ਨਗਰ ਸਤਿਗੁਰੂ ਜੀ ਅੱਪੜ ਗਏ ਹਨ ਤਾਂ ਸਤਿਗੁਰੂ ਜੀ ਪਾਸ ਆਇਆ । ਹੱਥ ਜੋੜ ਕੇ ਨਿਮਸ਼ਕਾਰ ਕੀਤੀ । “ ਮੇਰੇ ਧੰਨ ਭਾਗ , ਕੋਈ ਸੇਵਾ ਬਖ਼ਸ਼ੋ । ” ਸਤਿਗੁਰੂ ਜੀ ਮੁਸਕਰਾ ਪਏ । ਅੰਤਰਜਾਮੀ ਮਹਾਰਾਜ ਨੇ ਉਸ ਦੇ ਮਨ ਦੀ ਦਸ਼ਾ ਨੂੰ ਜਾਣ ਲਿਆ , ਉਸ ਨੇ ਸ਼ਰਧਾ ਤੇ ਸੱਚੇ ਹਿਰਦੇ ਨਾਲ ਸੇਵਾ ਦੀ ਮੰਗ ਕੀਤੀ ਹੈ । “ ਗੁਰਮੁਖਾ । ” ਸਤਿਗੁਰੂ ਜੀ ਨੇ ਬਚਨ ਕੀਤਾ , “ ਸਰਸਾ ਨਦੀ ਤੋਂ ਛੋਟੇ ਬਾਬੇ ਤੇ ਮਾਤਾ ਜੀ ਸਰਹਿੰਦ ਨੂੰ ਗਏ , ਸੁਣਿਆ ਗਿਆ ਹੈ । ਉਹਨਾਂ ਦਾ ਪਤਾ ਕਰਨਾ ਹੈ । ” “ ਸਤਿ ਬਚਨ ! ਮਹਾਰਾਜ । ਮੈਂ ਹੁਣੇ ਘੋੜ ਸਵਾਰ ਨੂੰ ਭੇਜਦਾ ਹਾਂ । ਮੇਰਾ ਵਕੀਲ ਸਰਹਿੰਦ ਹੈ , ਉਸ ਕੋਲੋਂ ਸਾਰੇ ਹਾਲ ਲਿਖਵਾ ਕੇ ਲੈ ਆਏਗਾ । ਰਾਏ ਕੱਲੇ ਨੇ ਉੱਤਰ ਦਿੱਤਾ । ਉਸ ਵੇਲੇ ਉਸ ਨੇ ਆਪਣੇ ਮੁਸਲਮਾਨ ਕਰਿੰਦੇ ਨੂਰੇ ਨੂੰ ਸਰਹਿੰਦ ਭੇਜਿਆ । ਉਸ ਨੂੰ ਪੱਕੀ ਕੀਤੀ ਕਿ ਉਹ ਸਾਰੇ ਹਾਲਾਤ ਦਾ ਪਤਾ ਕਰ ਕੇ ਹਵਾ ਵਾਂਗ ਵਾਪਸ ਆ ਜਾਏ । ਨੂਰਾ ਮਾਹੀ ਨੌਜਵਾਨ ਵਫ਼ਾਦਾਰ ਮੁਸਲਮਾਨ ਸੀ । ਸਰਹਿੰਦ ਪੁੱਜਿਆ ਤੇ ਤੀਸਰੇ ਦਿਨ ਵਾਪਸ ਆ ਗਿਆ । ਉਸ ਨੇ ਆ ਕੇ ਦੱਸਿਆ , “ ਮਹਾਰਾਜ ! ਹਨੇਰ ਪਿਆ ਹੈ ਸਰਹਿੰਦ ਵਿਚ । ਹਾਹਾਕਾਰ ਹੋ ਰਹੀ ਹੈ । ਛੋਟੇ ਸਾਹਿਬਜ਼ਾਦਿਆਂ ਨੂੰ ਕੰਧ ਵਿਚ ਚਿਣਵਾ ਦਿੱਤਾ । ਬਾਬਿਆਂ ਨੇ ਧਰਮ ਦੀ ਪਾਲਣਾ ਕੀਤੀ । ਸੂਚਾ ਨੰਦ ਨੇ ਪਾਪ ਕਮਾਇਆ । ਮਲੇਰ ਕੋਟਲੇ ਨਵਾਬ ਤੋਂ ਬਿਨਾਂ ਕਿਸੇ ਨੇ ਆਹ ਦਾ ਨਾਹਰਾ ਨਹੀਂ ਮਾਰਿਆ । ਕੇਵਲ ਉਹਨਾਂ ਨੇ ਆਹ ਦਾ ਨਾਹਰਾ ਮਾਰਿਆ । ਮਾਤਾ ਜੀ ਵੀ ਬੁਰਜ ਵਿਚ ਹੀ ਅਕਾਲ ਚਲਾਣਾ ਕਰ ਗਏ ਹਨ । ” ਸਤਿਗੁਰੂ ਜੀ ਚੁੱਪ ਚਾਪ ਬਿਰਾਜੇ ਹੋਏ ਸੁਣਦੇ ਰਹੇ । ਸੁਣਦੇ ਸੁਣਦੇ ਤੀਰ ਨਾਲ ਕਾਹੀ ਦਾ ਬੂਟਾ ਪੁੱਟਿਆ ਤੇ ਬਚਨ ਕੀਤਾ , “ ਮੁਗ਼ਲਾਂ ਦੇ ਰਾਜ ਦਾ ਬੂਟਾ ਪੁੱਟਿਆ ਗਿਆ । ਨੀਂਹ ਖੋਖਲੀ ਹੋ ਗਈ । ਸਰਹਿੰਦ ਦੀ ਇੱਟ ਨਾਲ ਇੱਟ ਖੜਕੇਗੀ । ” ਸਤਿਗੁਰੂ ਜੀ ਦੇ ਬਚਨ ਕੋਲ ਬੈਠੇ ਪਿਆਰੇ ਸਾਰੇ ਸੁਣਦੇ ਰਹੇ ।
( ਚਲਦਾ )

...
...Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)