19 ਅਗਸਤ 1847 ਈਸਵੀ />
ਦੂਸਰੇ ਪਾਸੇ ਮਹਾਰਾਣੀ ਨੂੰ ਆਪਣੇ ਪੁਤਰ ਮਹਾਰਾਜਾ ਦਲੀਪ ਸਿੰਘ ਦੀ ਜਾਨ ਸਬੰਧੀ ਵੀ ਖਤਰਾ ਜਾਪ ਰਿਹਾ ਸੀ। ਜਿਸ ਦਾ ਜ਼ਿਕਰ ਉਸ ਨੇ ਆਪਣੇ ਖ਼ਤ ਵਿਚ ਕੀਤਾ ਕਿ ਕਿਵੇਂ ਮਹਾਰਾਜੇ ਨੂੰ ਬਾਲਕ ਸਮਝ ਕੇ ਡਰਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਮਹਾਰਾਣੀ ਨੇ ਅੰਗਰੇਜ਼ ਰੈਜੀਡੈਂਟ ਨੂੰ ਤਾਅਨਾ ਮਾਰਦਿਆਂ ਆਖਿਆ ਕਿ ਤੁਸੀਂ ਪੰਜਾਬ ਤੇ ਕਬਜ਼ਾ ਕਰਨਾ ਹੈ ਤਾਂ ਮਕਾਰੀ ਦਾ ਨਕਾਬ ਉਤਾਰ ਕੇ ਨੰਗੇ ਚਿੱਟੇ ਹੋਕੇ ਆਓ , ਚਾਲਬਾਜ਼ੀਆਂ ਕਾਅਦੇ ਲਈ ਖੇਡ ਰਹੇ ਹੋ?
ਜਦੋਂ ਮਹਾਰਾਜਾ ਦਲੀਪ ਸਿੰਘ ਨੇ ਮਿਸਰ ਤੇਜਾ ਸਿੰਘ ਨੂੰ ਭਰੀ ਸਭਾ ਵਿਚ ਰਾਜਾ ਦੀ ਉਪਾਧੀ ਦਾ ਤਿਲਕ ਲਾਉਣ ਤੋਂ ਇਨਕਾਰ ਕਰ ਦਿੱਤਾ ; ਤਾਂ ਅੰਗ੍ਰੇਜ਼ ਰੈਜ਼ੀਡੈਂਟ ਹੈਨਰੀ ਲਾਰੰਸ ਦੰਦ ਕਰੀਚ ਕੇ ਰਹਿ ਗਿਆ। ਉਹ ਇਸ ਸਭ ਕਾਸੇ ਲਈ ਮਹਾਰਾਣੀ ਜਿੰਦ ਕੌਰ ਨੂੰ ਜ਼ਿੰਮੇਵਾਰ ਸਮਝਦਾ ਸੀ। ਮਹਾਰਾਣੀ ਜਿੰਦ ਕੌਰ ਨੂੰ ਇਸ ਗੱਲ ਦਾ ਪਤਾ ਸੀ ਕਿ ਮਿਸਰ ਤੇਜਾ ਸਿੰਘ ਨੂੰ ਰਾਜਾ ਦੀ ਉਪਾਧੀ ਪੰਜਾਬ ਦੇਸ਼ ਨਾਲ ਗੱਦਾਰੀ ਕਰਨ ਕਰਕੇ ਅੰਗਰੇਜ਼ਾਂ ਦੁਆਰਾ ਦਿੱਤੀ ਜਾ ਰਹੀ ਹੈ; ਏਸ ਕਰਕੇ ਉਹ ਆਪਣੇ ਪੁੱਤਰ ਨੂੰ ਜਿਸ ਦੇ ਰਾਜ ਨਾਲ ਤੇਜਾ ਸਿਓਂ ਨੇ ਗੱਦਾਰੀ ਕੀਤੀ ਸੀ , ਉਸ ਗੱਦਾਰ ਦੇ ਮੱਥੇ ਤੇ ਤਿਲਕ ਲਾਉਣ ਦੀ ਆਗਿਆ ਨਹੀਂ ਸੀ ਦੇ ਸਕਦੀ। ਹੈਨਰੀ ਲਾਰੰਸ ਨੇ ਮਹਾਰਾਜਾ ਦਲੀਪ ਸਿੰਘ ਦੀ ਨਾਂਹ ਨੂੰ ਅੰਗਰੇਜ਼ੀ ਸਰਕਾਰ ਦਾ ਅਪਮਾਨ ਬਣਾ ਕੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਇਆ , ਸਭ ਅਖਿਲਾਕੀ ਪਹਿਲੂ ਦਰ ਕਿਨਾਰ ਕਰਦਿਆਂ , ਸੀਨਾਜ਼ੋਰੀ ਦਾ ਦਿਖਾਵਾ ਕਰਦਿਆਂ, ਮਹਾਰਾਣੀ ਜਿੰਦ ਕੌਰ ਨੂੰ ਝਟਪਟ ਸੰਮਣ ਬੁਰਜ ਵਿੱਚ ਕੈਦ ਕਰ ਦਿੱਤਾ ।
ਸੰਮਣ ਬੁਰਜ ਵਿੱਚੋਂ ਮਹਾਰਾਣੀ ਜਿੰਦ ਕੌਰ ਨੇ ਹੈਨਰੀ ਲਾਰੰਸ ਦੇ ਨਾਮ ਇੱਕ ਚਿੱਠੀ ਲਿਖੀ ਸੀ, ਉਸ ਦਾ ਆਖ਼ਰੀ ਪਹਿਰਾ ਬਹੁਤ ਮਹੱਤਵਪੂਰਨ ਹੈ:-
” ਇਹ ਜਿਹੜੀਆਂ ਗੱਲਾਂ ਸਾਡੇ ਨਾਲ ਕਰਦੇ ਹੋ ਕਿਸੇ ਰਜਵਾੜੇ ਵਿੱਚ ਨਹੀਂ ਹੋਈਆਂ। ਤੁਸੀਂ ਗੁੱਝੇ ਰੂਪ ਵਿੱਚ ਰਾਜ ਉੱਤੇ ਕਿਉਂ ਕਬਜ਼ਾ ਕਰਦੇ ਹੋ , ਜ਼ਾਹਰਾ ਹੋ ਕੇ ਕਿਉਂ ਨਹੀਂ ਕਰਦੇ । ਨਾਲੇ ਵਿੱਚ ਦੋਸਤੀ ਦਾ ਹਰਫ਼ ਰੱਖਦੇ ਓ , ਨਾਲੇ ਕੈਦ ਕਰਦੇ ਓ । ਮੇਰੀ ਅਦਾਲਤ ਕਰੋ ਨਹੀਂ ਤਾਂ ਲੰਡਨ ਫਰਿਆਦ ਕਰਾਂਗੀ। ਤਿੰਨਾਂ ਚੁੰਹ ਨਮਕ ਹਰਾਮੀਆਂ ਨੂੰ ਰੱਖ ਲਓ ਹੋਰ ਸਾਰੀ ਪੰਜਾਬ ਨੂੰ ਕਤਲ ਕਰਾ ਦਿਓ ਇਨ੍ਹਾਂ ਦੇ ਆਖੇ ਲਗ ਕੇ ਤੇ।”
ਏਸ ਚਿੱਠੀ ਪੱਤਰ ਵਿੱਚ ਮਹਾਰਾਣੀ ਜਿੰਦ ਕੌਰ ਅੰਗ੍ਰੇਜ਼ ਰੈਜ਼ੀਡੈਟ ਦੀ ਨੀਅਤ ਉਤੇ ਸ਼ੱਕ ਕਰਦਿਆਂ ਆਖਦੀ ਹੈ ਕਿ ਬਿਨਾਂ ਕਿਸੇ ਪੜਤਾਲ ਦੇ ਉਸ ਵਿਰੁੱਧ ਕਿਸੇ ਲਿਖਤੀ ਸਬੂਤ ਦੱਸਣ ਜਾਂ ਕੋਈ ਊਜ ਸਾਬਤ ਕਰਨ ਦੇ , ਕੈਦ ਕਰਨਾ ਅਤੇ ਲੋਕਾਂ ਵਿਚ ਬੇ ਆਬਰੂ ਕਰਨਾ ਪਰਲੇ ਦਰਜੇ ਦਾ ਜ਼ੁਲਮ ਹੈ। ਮਹਾਰਾਣੀ ਖੁੱਲ੍ਹੀ ਪੜਤਾਲ ਦੀ ਮੰਗ ਕਰਦੀ ਹੈ ਅਤੇ ਨਾਲ ਹੀ ਆਖਦੀ ਹੈ ਕਿ ਭਰੋਵਾਲ ਦੇ ਅਹਿਦਨਾਮੇ ਮੁਤਾਬਕ ਪੈਨਸ਼ਨ ਵੀ ਉਸ ਨੂੰ ਨਹੀਂ ਦਿੱਤੀ ਜਾ ਰਹੀ ਅਤੇ ਉਸ ਨੂੰ ਆਪਣੇ ਖਰਚਿਆਂ ਨੂੰ ਪੂਰਾ ਕਰਨ ਲਈ ਗਹਿਣੇ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਓਸ ਨੂੰ ਇਸ ਹੱਦ ਤੱਕ ਤੰਗ ਕੀਤਾ ਜਾ ਰਿਹਾ ਸੀ ਕਿ ਉਹ ਰੋਟੀ ਪਾਣੀ ਤੋਂ ਵੀ ਤੰਗ ਹੋ ਗਈ ਸੀ। ਇਹ ਹਕੀਕਤ ਹੈ ਅੰਗਰੇਜ਼ਾਂ ਨੇ ਮੋਏ ਯਾਰ ਦੀ ਯਾਰੀ ਦੀ ਵੀ ਲਾਜ ਨਹੀਂ ਰੱਖੀ ਸੀ ; ਉਹਨਾਂ ਯਾਰ ਮਾਰ ਕੀਤੀ।
ਮਹਾਰਾਣੀ ਦੀ ਇਸ ਚਿੱਠੀ ਨੇ ਹੈਨਰੀ ਲਾਰੰਸ ਨੂੰ ਹੋਰ ਗੁੱਸਾ ਚੜ੍ਹਾ ਦਿੱਤਾ । ਉਹ ਇਹ ਗੱਲ ਸਹਿਣ ਕਰਨ ਲਈ ਤਿਆਰ ਨਹੀਂ ਸੀ ਕਿ ਮਾਹਰਾਣੀ ਲਾਹੌਰ ਦੇ ਕਿਲੇ ਵਿਚ ਹੀ ਕੈਦ ਰਹੇ। ਲੋਕਾਂ ਦਾ ਮਹਾਰਾਣੀ ਲਈ ਪਿਆਰ ਸਤਿਕਾਰ , ਮਹਾਰਾਣੀ ਦੀ ਰਾਜਸੀ
ਸੂਝ ਬੂਝ, ਆਪਣੀ ਗੱਲ ਰੱਖਣ ਦੀ ਜ਼ੁਰਅਤ ਅਤੇ ਸਭ ਤੋਂ ਵੱਧ ਕੇ ਦੇਸ਼ ਪੰਜਾਬ ਪ੍ਰਤੀ ਪ੍ਰੇਮ ਅੰਗਰੇਜ਼ਾਂ ਨੂੰ ਭੈ ਭੀਤ ਕਰ ਰਹੇ ਸਨ। ਲਾਰੰਸ ਹੈਨਰੀ ਤੇ ਅੰਗਰੇਜ਼ ਸਰਕਾਰ ਇਹ ਸਮਝਦੀ ਸੀ ਕਿ ਜਿਤਨਾ ਸਮਾਂ ਮਹਾਰਾਣੀ ਲਾਹੌਰ ਵਿਚ ਰਹੇਗੀ ਅੰਗਰੇਜ਼ਾਂ ਲਈ ਖਤਰਾ ਬਣੀ ਰਹੇਗੀ।ਉਹ ਆਪਣੇ ਮਨਸੂਬਿਆਂ ਵਿੱਚ ਕਦੇ ਸਫਲ ਨਹੀਂ ਹੋ ਸਕਣਗੇ। ਅੰਗਰੇਜ ਉਸ ਨੂੰ (ਮਹਾਰਾਣੀ)ਲਾਹੌਰੋਂ ਬਾਹਰ ਭੇਜਣ ਲਈ ਬਹਾਨੇ ਢੂੰਡ ਰਹੇ ਸਨ, ਤੇ ਫਿਰ ਆਖ਼ਰ ਮਹਾਰਾਣੀ ਉੱਤੇ ਝੂਠਾ ਦੋਸ਼ ਲਾਇਆ ਗਿਆ ਕਿ (ਗ਼ਦਾਰ) ਤੇਜਾ ਸਿੰਘ ਨੂੰ ਮਾਰਨ ਦੀ ਗੋਂਦ ਦਾ ਉਸ ਨੂੰ ਪਤਾ ਸੀ । ਬਿਨਾਂ ਕਿਸੇ ਸਬੂਤ ਦੇ ਗਵਰਨਰ ਜਨਰਲ ਨੇ ਮਹਾਰਾਣੀ ਖਿਲਾਫ ਕੋਈ ਹੋਰ ਸਖਤ ਕਾਰਵਾਈ ਕਰਨੀ ਤਾਂ ਉਚਿਤ ਨਹੀਂ ਸਮਝੀ ਪਰ ਰਾਜਸੀ ਕਾਰਨਾਂ ਦੀ ਆੜ ਹੇਠਾਂ ਮਹਾਰਾਣੀ ਨੂੰ ਲਾਹੌਰ ਤੋਂ ਬਾਹਰ ਕੀਤੇ ਕੈਦ ਕੀਤੇ ਜਾਣ ਦਾ ਹੁਕਮ ਦਿੱਤਾ।
19 ਅਗਸਤ 1847 ਈਸਵੀ ਦੀ ਸਵੇਰੇ ਮਹਾਰਾਜਾ ਦਲੀਪ ਸਿੰਘ ਨੂੰ ਲਹੌਰ ਦੇ ਕਿਲੇ ਵਿਚਲੇ ਸ਼ਾਹੀ ਮਹਲ ਤੋਂ ਸ਼ਾਲਾਮਾਰ ਬਾਗ ਭੇਜ ਦਿੱਤਾ ਗਿਆ ਅਤੇ ਰਾਤ ਦੇ ਅੱਠ ਨੌਂ ਵਜੇ ਦੇ ਦਰਮਿਆਨ ਫੌਜੀ ਪਹਿਰੇ ਹੇਠਾਂ ਮਹਾਰਾਣੀ ਨੂੰ ਲਾਹੌਰ ਤੋਂ ਸ਼ੇਖੂਪੁਰੇ ਦੇ ਕਿਲ੍ਹੇ ਵਿੱਚ ਭੇਜ ਦਿੱਤਾ ਗਿਆ ਉਹ 20 ਅਗਸਤ ਨੂੰ ਤੜਕੇ ਪੁਜੀ ।ਜ਼ਾਲਮ ਅੰਗਰੇਜ਼ ਨੇ ਮਾਂ ਪੁਤ ਦਾ ਵਿਛੋੜੇ ਦੀ ਲੰਮੀ ਇਬਾਰਤ ਦਾ ਮੁੱਢ 19 ਅਗਸਤ ਨੂੰ ਬੰਨਿਆ ; ਇਸ ਤੋਂ ਵੱਡਾ ਜੁਲਮ ਅੰਗਰੇਜ਼ ਸਰਕਾਰ ਨੇ ਸਮੁੱਚੇ ਹਿੰਦੁਸਤਾਨ ਦੀਆਂ ਰਿਆਸਤਾਂ ਨੂੰ ਆਪਣੇ ਅਧੀਨ ਕਰਨ ਲਈ ਨਹੀਂ ਕੀਤਾ ; ਜਿਨ੍ਹਾਂ ਪੰਜਾਬ ਦੇਸ਼ ਦੇ ਆਪਣੇ ਮੋਏ ਯਾਰ ਦੇ ਪਰਿਵਾਰ ਨਾਲ ਕੀਤਾ । ਇਸ ਲਈ ਇਹਨਾਂ ਨੂੰ ਕਦੇ ਮੁਆਫ਼ ਨਹੀਂ ਕੀਤਾ ਜਾਵੇਗਾ।
ਬਲਦੀਪ ਸਿੰਘ ਰਾਮੂੰਵਾਲੀਆ
ਮਹਾਰਾਣੀ ਜਿੰਦ ਕੌਰ – 19 ਅਗਸਤ 1847